ਸੁਸ਼ੀਲ ਕੁਮਾਰ: ਓਲੰਪੀਅਨ ਜਿਸ ਨੇ ਮੈਡਲ ਜਿੱਤਣ ਤੋਂ ਪਹਿਲਾਂ ਨਾ ਕਦੇ ਜੀਨਸ ਪਾਈ ਸੀ ਤੇ ਨਾ ਗੱਡੀ ਚਲਾਈ ਸੀ

ਤਸਵੀਰ ਸਰੋਤ, BBC/Saurabh Duggal
- ਲੇਖਕ, ਸੌਰਭ ਦੁੱਗਲ
- ਰੋਲ, ਖੇਡ ਪੱਤਰਕਾਰ, ਬੀਬੀਸੀ ਲਈ
ਬੀਜਿੰਗ ਅਤੇ ਲੰਡਨ ਓਲੰਪਿਕਸ ਨੇ ਦੁਨੀਆਂ ਦਾ ਭਾਰਤੀ ਖੇਡਾਂ ਪ੍ਰਤੀ ਨਜ਼ਰੀਆ ਬਦਲਿਆ ਹੈ।
2008 ਦੀਆਂ ਓਲੰਪਿਕਸ ਖੇਡਾਂ ਇੱਕ ਗੇਮ ਚੇਂਜਰ ਸਾਬਤ ਹੋਈਆਂ ਸਨ - ਭਾਰਤ ਨੇ 1952 ਦੀਆਂ ਹੇਲਸਿੰਕੀ ਓਲੰਪਿਕਸ ਖੇਡਾਂ ਵਿੱਚ ਹਾਕੀ 'ਚ ਸੋਨ ਤਗਮਾ ਅਤੇ ਕੇਡੀ ਜਾਧਵ ਵੱਲੋਂ ਲਿਆਂਦੇ ਗੋਲਡ ਮੈਡਲ ਦੇ ਨਾਲ ਹੀ ਪਿਛਲੀ ਸਰਬੋਤਮ ਮੈਡਲ ਟੈਲੀ ਨੂੰ ਪਛਾੜ ਦਿੱਤਾ, ਜਦੋਂ ਦੇਸ਼ ਨੂੰ ਦੋ ਤਗਮੇ ਮਿਲੇ ਸਨ।
ਮੈਡਲ ਟੈਲੀ ਨੂੰ ਦੋ ਤੋਂ ਤਿੰਨ 'ਤੇ ਲਿਆਉਣ ਲਈ (ਸਾਰੇ ਵਿਅਕਤੀਗਤ ਖੇਡਾਂ ਵਿੱਚ) 56 ਸਾਲ ਅਤੇ 14 ਐਡੀਸ਼ਨ ਲੱਗ ਗਏ - ਸ਼ੂਟਿੰਗ ਵਿੱਚ ਗੋਲਡ, ਕੁਸ਼ਤੀ ਅਤੇ ਮੁੱਕੇਬਾਜ਼ੀ ਵਿੱਚ ਹਰੇਕ ਨੂੰ ਕਾਂਸੀ ਦਾ ਤਮਗਾ ਮਿਲਿਆ।
ਇਹ ਵੀ ਪੜ੍ਹੋ:
ਚਾਰ ਸਾਲਾਂ ਬਾਅਦ ਲੰਡਨ ਵਿੱਚ ਇਹ ਛੇ ਮੈਡਲ ਹੋ ਗਏ ਸਨ। ਨਿਸ਼ਾਨੇਬਾਜ਼ੀ ਵਿੱਚ ਚਾਂਦੀ ਅਤੇ ਕਾਂਸੀ, ਕੁਸ਼ਤੀ ਵਿੱਚ ਚਾਂਦੀ ਅਤੇ ਕਾਂਸੀ ਅਤੇ ਮੁੱਕੇਬਾਜ਼ੀ ਤੇ ਬੈਡਮਿੰਟਨ ਵਿੱਚ ਵੀ ਕਾਂਸੀ ਦਾ ਤਮਗਾ।
ਬੀਜਿੰਗ ਤੇ ਲੰਡਨ ਖੇਡਾਂ ਵਿੱਚ ਬਿਹਤਰੀਨ ਪੇਸ਼ਕਾਰੀ ਦੇ ਕੇਂਦਰ ਵਿੱਚ ਇੱਕੋ-ਇੱਕ ਚੀਜ਼ ਸੀ ਪਹਿਲਵਾਨ ਸੁਸ਼ੀਲ ਕੁਮਾਰ।
ਸੁਸ਼ੀਲ ਕੁਮਾਰ ਦੇ ਇੱਕ ਤੋਂ ਬਾਅਦ ਇੱਕ ਓਲੰਪਿਕ ਮੈਡਲਾਂ ਨੇ ਉਨ੍ਹਾਂ ਨੂੰ ਭਾਰਤੀ ਖੇਡਾਂ ਵਿੱਚ ਲੈਜੇਂਡ ਬਣਾ ਦਿੱਤਾ ਸੀ - ਹੁਣ ਤੱਕ ਵਿਅਕਤੀਗਤ ਖੇਡ ਕੈਟੇਗਰੀ ਵਿੱਚ ਕੋਈ ਵੀ ਖਿਡਾਰੀ ਦੋ ਓਲੰਪਿਕ ਮੈਡਲ ਨਹੀਂ ਜਿੱਤ ਸਕਿਆ ਹੈ।
'ਲੈਜੇਂਡ' ਸੁਸ਼ੀਲ ਕੁਮਾਰ ਹੁਣ 'ਮੋਸਟ ਵਾਂਟੇਡ' ਹੈ। ਕੁਸ਼ਤੀ ਦਾ ਅਖਾੜਾ ਜੁਰਮ ਦੀ ਗੁਫ਼ਾ ਵਿੱਚ ਤਬਦੀਲ ਹੋ ਗਿਆ ਹੈ। ਓਲੰਪਿਕ ਵਿੱਚ ਮੈਡਲ ਜਿੱਤਣ ਵਾਲੇ ਪਹਿਲਵਾਨ ਸੁਸ਼ੀਲ ਕੁਮਾਰ 'ਤੇ ਕਤਲ ਦਾ ਇਲਜ਼ਾਮ ਹੈ।
ਦੋ ਵਾਰ ਓਲੰਪਿਕ ਮੈਡਲ ਜਿੱਤਣ ਵਾਲੇ ਸੁਸ਼ੀਲ ਕੁਮਾਰ ਇਸ ਵੇਲੇ ਦਿੱਲੀ ਦੀ ਮੰਡੋਲੀ ਜੇਲ੍ਹ ਵਿੱਚ ਬੰਦ ਹਨ। ਉਨ੍ਹਾਂ ਉੱਤੇ ਇਲਜ਼ਾਮ ਸਾਬਕਾ ਜੂਨੀਅਰ ਰੈਸਲਿੰਗ ਚੈਂਪੀਅਮ ਸਾਗਰ ਧਨਖੜ ਦੇ ਕਤਲ ਦਾ ਹੈ। ਸਾਗਰ ਦਾ ਕਤਲ ਛਤਰਸਲ ਸਟੇਡੀਅਮ ਵਿਖੇ ਹੋਇਆ ਸੀ। ਇਹ ਸਟੇਡੀਅਮ ਭਾਰਤੀ ਕੁਸ਼ਤੀ ਦੇ ਮੁੱਖ ਕੇਂਦਰਾਂ ਵਿੱਚੋਂ ਇੱਕ ਹਨ।
4 ਅਤੇ 5 ਮਈ 2021 ਦੀ ਦਰਮਿਆਨੀ ਰਾਤ ਨੂੰ ਸਾਗਰ ਦਾ ਕਥਿਤ ਤੌਰ 'ਤੇ ਕਤਲ ਹੋਇਆ ਸੀ।

ਤਸਵੀਰ ਸਰੋਤ, Anand singh, sonipat
ਦਿੱਲੀ ਪੁਲਿਸ ਵੱਲੋਂ ਦਿੱਲੀ ਦੇ ਹੀ ਮੁੰਡਕਾ ਇਲਾਕੇ ਤੋਂ ਸੁਸ਼ੀਲ ਕੁਮਾਰ ਨੂੰ ਕਤਲ ਦੇ 18 ਦਿਨਾਂ ਬਾਅਦ ਗ੍ਰਿਫ਼ਤਾਰ ਕੀਤਾ ਸੀ।
ਇਸ ਤੋਂ ਪਹਿਲਾਂ ਪੁਲਿਸ ਵੱਲੋਂ ਸੁਸ਼ੀਲ ਕੁਮਾਰ ਨੂੰ ਫੜਨ ਲਈ ਲੁੱਕ-ਆਊਟ ਨੋਟਿਸ ਵੀ ਜਾਰੀ ਕੀਤਾ ਗਿਆ ਸੀ, ਜਦੋਂ ਉਹ ਭਗੌੜਾ ਸੀ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਸੁਸ਼ੀਲ ਕੁਮਾਰ ਵੱਲੋਂ 2012 ਦੀਆਂ ਲੰਡਨ ਓਲੰਪਿਕਸ ਵਿੱਚ ਚਾਂਦੀ ਦਾ ਤਮਗਾ ਜਿੱਤਣ ਤੋਂ ਬਾਅਦ ਉਸ ਵੇਲੇ ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦਿਕਸ਼ਿਤ ਨੇ ਵਿਸ਼ੇਸ਼ ਕੈਬਨਿਟ ਮੀਟਿੰਗ ਵਿੱਚ ਓਲੰਪਿਕ ਮੈਡਲ ਜੇਤੂ ਪਹਿਲਵਾਨ ਲਈ ਨਕਦ ਇਨਾਮ ਦੁੱਗਣਾ ਕਰਦਿਆਂ ਰਾਸ਼ੀ 2 ਕਰੋੜ ਰੁਪਏ ਕਰ ਦਿੱਤੀ ਸੀ।
ਪਿਛਲੇ ਮਹੀਨੇ ਜਦੋਂ ਸੁਸ਼ੀਲ ਪੁਲਿਸ ਦੇ ਡਰ ਤੋਂ ਭੱਜਦੇ ਫ਼ਿਰਦੇ ਸਨ ਤਾਂ ਦਿੱਲੀ ਪੁਲਿਸ ਨੇ ਸੁਸ਼ੀਲ ਦੀ ਜਾਣਕਾਰੀ ਦੇਣ ਵਾਲੇ ਲਈ 1 ਲੱਖ ਰੁਪਏ ਦੀ ਨਕਦ ਰਾਸ਼ੀ ਦਾ ਇਨਾਮ ਰੱਖਿਆ ਸੀ।
ਬਦਕਿਸਮਤੀ ਨਾਲ ਇਸ 'ਲੈਜੇਂਡ' ਭਾਰਤੀ ਪਹਿਲਵਾਨ ਦੀ ਗ੍ਰਿਫ਼ਤਾਰੀ ਵਿਸ਼ਵ ਕੁਸ਼ਤੀ ਦਿਹਾੜੇ (23 ਮਈ) ਮੌਕੇ ਹੁੰਦੀ ਹੈ।
ਪਿਛਲੇ ਸਾਲ ਵਿਸ਼ਵ ਵਿੱਚ ਖੇਡਾਂ ਦੀ ਸਰਕਾਰੀ ਸੰਸਥਾ ਯੂਨਾਈਟਿਡ ਵਰਲਡ ਰੈਸਲਿੰਗ (UWW) ਨੇ 23 ਮਈ ਨੂੰ ਵਿਸ਼ਵ ਰੈਸਲਿੰਗ ਦਿਹਾੜੇ ਨੂੰ ਧਿਆਨ ਵਿੱਚ ਰੱਖਦਿਆਂ #ThisIsWrestling ਨਾਮ ਹੇਠਾਂ ਇੱਕ ਸੋਸ਼ਲ ਮੀਡੀਆ ਮੁਹਿੰਮ ਸ਼ੁਰੂ ਕੀਤੀ।

ਤਸਵੀਰ ਸਰੋਤ, BBC/Saurabh Duggal
ਇਸ ਦਿਨ ਦੁਨੀਆਂ ਭਰ ਵਿੱਚ ਰੈਸਲਿੰਗ ਨਾਲ ਜੁੜੇ ਲੋਕਾਂ...ਪਹਿਲਵਾਨ, ਕੋਚ, ਅਧਿਕਾਰੀਆਂ ਅਤੇ ਪ੍ਰਸ਼ੰਸਕਾਂ ਨੇ ਇਸ ਖੇਡ ਨਾਲ ਜੁੜੀ ਆਪਣੀ ਪਸੰਦੀਦਾ ਤਸਵੀਰ ਸਾਂਝੀ ਕੀਤੀ। ਇਸ ਦੌਰਾਨ ਰੈਸਲਿੰਗ ਨਾਲ ਜੁੜੀਆਂ ਤਸਵੀਰਾਂ ਵਿੱਚੋਂ ਸਭ ਤੋਂ ਪਸੰਦ ਕੀਤੀ ਗਈ ਤਸਵੀਰ ਸੁਸ਼ੀਲ ਕੁਮਾਰ ਦੀ ਸੀ।
ਸੁਸ਼ੀਲ ਕੁਮਾਰ ਨੇ 2012 ਲੰਡਨ ਓਲੰਪਿਕਸ ਦੇ ਸੈਮੀ-ਫ਼ਾਈਨਲ ਦੀ 66 ਕਿੱਲੋਗ੍ਰਾਮ ਕੈਟੇਗਰੀ ਦੀ ਤਸਵੀਰ ਸਾਂਝੀ ਕੀਤੀ ਸੀ। ਇਹ ਸੈਮੀ ਫ਼ਾਈਨਲ ਸੁਸ਼ੀਲ ਨੇ ਕਜ਼ਾਕੀਸਤਾਨ ਦੇ ਪਹਿਲਵਾਨ ਅਕਜ਼ੁਰੇਕ ਤਾਨਤਰੋਵ ਨਾਲ ਖੇਡਿਆ ਸੀ।
ਸੁਸ਼ੀਲ ਨੇ ਤਾਨਤਰੋਵ ਨੂੰ ਹਰਾ ਕੇ ਫ਼ਾਈਨਲ ਵਿੱਚ ਥਾਂ ਬਣਾਈ ਤੇ ਅਖ਼ੀਰ ਸਿਲਵਰ ਮੈਡਲ ਜਿੱਤਿਆ - ਰੈਸਲਿੰਗ ਵਿੱਚ ਇਸ ਨੂੰ ਭਾਰਤ ਦਾ ਹੁਣ ਤੱਕ ਦਾ ਬਿਹਤਰੀਨ ਓਲੰਪਿਕ ਮੈਡਲ ਮੰਨਿਆ ਜਾਂਦਾ ਹੈ।
ਤਾਨਤਰੋਵ ਨੇ ਰੇਪਚੇਜ ਰਾਊਡ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਸੀ।
ਇਹ ਵੀ ਪੜ੍ਹੋ:
ਇਸ ਸਾਲ 23 ਮਈ ਨੂੰ ਵਰਲਡ ਰੈਸਲਿੰਗ ਡੇਅ ਮੌਕੇ ਰੈਸਲਿੰਗ ਦੀ ਸਭ ਤੋਂ ਜ਼ਿਆਦਾ ਚਰਚਾ ਵਾਲੀ ਤਸਵੀਰ ਸੁਸ਼ੀਲ ਕੁਮਾਰ ਦੀ ਹੀ ਰਹੀ, ਪਰ ਇਸ ਵਾਰ ਉਨ੍ਹਾਂ ਦਾ ਚਿਹਰਾ ਤੌਲੀਏ ਨਾਲ ਢਕਿਆ ਸੀ।
ਕੰਮ ਪ੍ਰਤੀ ਜੁਨੂਨ
ਜਦੋਂ ਵੀ ਮੈਂ ਪੁੱਛਦਾ ਹੁੰਦਾ ਸੀ ਕਿ ਸਮਾਜਿਕ-ਆਰਥਿਕ ਤਬਦੀਲੀ ਤੋਂ ਇਲਾਵਾ, ਬੀਜਿੰਗ ਤੋਂ ਬਾਅਦ ਉਨ੍ਹਾਂ ਦੇ ਜੀਵਨ ਵਿੱਚ ਕੀ ਤਬਦੀਲੀ ਆਈ ਹੈ ਤਾਂ ਉਨ੍ਹਾਂ ਦਾ ਜਵਾਬ ਹੁੰਦਾ ਸੀ:
"ਹੁਣ ਮੈਂ ਆਪਣੇ ਪ੍ਰੋਗਰਾਮ ਦੀ ਯੋਜਨਾ ਆਪ ਬਣਾਉਂਦਾ ਹਾਂ ਅਤੇ ਲੈਪਟਾਪ 'ਤੇ ਆਪਣੇ ਵਿਰੋਧੀਆਂ ਬਾਰੇ ਧਿਆਨ ਨਾਲ ਜਾਣਦਾ ਹਾਂ।"
ਲੰਡਨ ਓਲੰਪਿਕ ਤੋਂ ਪਹਿਲਾਂ, ਜਦੋਂ ਵੀ ਸੁਸ਼ੀਲ ਨੂੰ ਟ੍ਰੇਨਿੰਗ ਦਾ ਸਮਾਂ ਮਿਲਦਾ ਸੀ, ਉਹ ਲੈਪਟਾਪ 'ਤੇ ਆਪਣੇ ਵਿਰੋਧੀਆਂ ਦੇ ਮੁਕਾਬਲੇ ਵੇਖਦਾ ਸਨ।
ਉਹ ਕਹਿੰਦੇ ਸਨ, "ਇਹ ਮੇਰੇ ਲਈ ਸਿੱਖਿਆ ਵਾਂਗ ਹੈ। ਮੈਂ ਹਰ ਉਸ ਵਿਰੋਧੀ ਦਾ ਵਿਸ਼ਲੇਸ਼ਣ ਕੀਤਾ ਜਿਸ ਦਾ ਲੰਡਨ ਵਿੱਚ ਸਾਹਮਣਾ ਕਰਨਾ ਪੈ ਸਕਦਾ ਸੀ। ਲੈਪਟਾਪ ਨੇ ਮੈਨੂੰ ਆਪਣੀ ਖੇਡ ਦੇ ਹਰ ਨਵੇਂ ਵਿਕਾਸ ਬਾਰੇ ਜਾਣਕਾਰੀ ਦਿੱਤੀ। "
"ਪਰ ਲੈਪਟਾਪ ਨਾਲ ਜਾਣੂ ਹੋਣਾ ਨਵੀਂ ਕੁਸ਼ਤੀ ਦੀ ਤਕਨੀਕ ਦਾ ਸਨਮਾਨ ਕਰਨ ਨਾਲੋਂ ਵਧੇਰੇ ਮੁਸ਼ਕਲ ਸੀ। ਸ਼ੁਰੂਆਤ ਵਿਚ ਨੈੱਟ ਸਰਫਿੰਗ ਕਰਨੀ ਮੁਸ਼ਕਲ ਸੀ ਅਤੇ ਮੈਨੂੰ ਕਾਫ਼ੀ ਸਮਾਂ ਲੱਗ ਗਿਆ। ਪਰ ਹੁਣ ਮੈਂ ਇਸ ਨਾਲ ਕਮਫਰਟੇਬਲ ਹਾਂ।"
ਸੋਨੀਪਤ ਦੇ ਸਾਈ ਸੈਂਟਰ ਵਿਖੇ ਕੈਂਪਾਂ ਦੌਰਾਨ, ਸੁਸ਼ੀਲ ਉਦੋਂ ਤੋਂ ਹੋਸਟਲ ਦੇ ਕਮਰਾ ਨੰਬਰ 113 ਵਿੱਚ ਰਹਿੰਦੇ ਸਨ ਜਦੋਂ ਤੋਂ ਉਹ ਬੀਜਿੰਗ ਤੋਂ ਬਾਅਦ ਐਨਆਈਐਸ ਪਟਿਆਲਾ ਤੋਂ ਸੋਨੀਪਤ ਸ਼ਿਫਟ ਹੋਏ ਸਨ।
ਉਨ੍ਹਾਂ ਨੂੰ 'ਬਦਕਿਸਮਤ 13' ਦੀ ਯਾਦ ਦਿਵਾਓ ਅਤੇ ਉਨ੍ਹਾਂ ਦਾ ਤੁਰੰਤ ਜਵਾਬ ਹੁੰਦਾ ਸੀ, "ਇਹ ਸਾਰੇ ਸਾਲਾਂ ਵਿੱਚ ਇਹ ਕਦੇ ਮਾੜਾ ਸ਼ਗਨ ਨਹੀਂ ਲਿਆਇਆ। ਇਹ ਖੁਸ਼ਕਿਸਮਤ ਰਿਹਾ ਅਤੇ ਮੇਰੇ ਲਈ ਹਮੇਸ਼ਾਂ ਖੁਸ਼ਕਿਸਮਤ ਰਹੇਗਾ।"
ਇੱਕ ਪੁਰਾਣੇ ਇੰਟਰਵਿਊ ਦੌਰਾਨ ਸੁਸ਼ੀਲ ਨੇ ਦੱਸਿਆ ਸੀ, "2008 ਬੀਜਿੰਗ ਓਲੰਪਿਕ ਤਮਗਾ ਜਿੱਤਣ ਤੋਂ ਬਾਅਦ, ਮੈਂ ਮੁੰਬਈ ਵਿੱਚ ਇੱਕ ਸਮਾਗਮ ਵਿੱਚ ਸ਼ਾਮਲ ਹੋਇਆ ਸੀ ਅਤੇ ਉਥੇ ਮੀਡੀਆ ਨੇ ਮੈਨੂੰ ਇੱਕ ਪ੍ਰਸ਼ਨ ਪੁੱਛਿਆ ਕਿ ਮੈਂ ਕਿਹੜੀ ਬਾਲੀਵੁੱਡ ਅਭਿਨੇਤਰੀ ਨੂੰ ਸਭ ਤੋਂ ਵੱਧ ਪਸੰਦ ਕਰਦਾ ਹਾਂ।"
"ਪ੍ਰਸ਼ਨ ਨੇ ਸੱਚਮੁੱਚ ਮੈਨੂੰ ਬੇਚੈਨ ਕਰ ਦਿੱਤਾ, ਕਿਉਂਕਿ ਉਨ੍ਹਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਮੈਂ ਇੱਕ ਪਹਿਲਵਾਨ ਹਾਂ ਅਤੇ ਮੇਰਾ ਧਿਆਨ ਸਿਰਫ ਕੁਸ਼ਤੀ ਤੱਕ ਸੀਮਤ ਹੈ ਅਤੇ ਮੇਰਾ ਕਿਸੇ ਵੀ ਬਾਲੀਵੁੱਡ ਅਭਿਨੇਤਰੀ ਪ੍ਰਤੀ ਝੁਕਾਅ ਨਹੀਂ ਹੈ।"
ਸਮਰਪਿਤ ਪਹਿਲਵਾਨ ਤੋਂ ਭਟਕਣ ਵੱਲ
ਸੁਸ਼ੀਲ ਕੁਮਾਰ ਸੀਨੀਅਰ-ਜੂਨੀਅਰ ਅਤੇ ਗੁਰੂ-ਸ਼ਿਸ਼ਿਆ ਰਵਾਇਤਾਂ ਵਿੱਚ ਵੱਡੇ ਹੋਏ ਹਨ ਅਤੇ ਉਨ੍ਹਾਂ ਦੀ ਜ਼ਿੰਦਗੀ ਕੁਸ਼ਤੀ ਤੱਕ ਹੀ ਸੀਮਤ ਸੀ।
ਸੁਸ਼ੀਲ ਦੇ ਕੋਚਾਂ ਅਤੇ ਸਾਥੀ ਪਹਿਲਵਾਨਾਂ ਨੂੰ ਪੁੱਛੋ ਤਾਂ ਤੁਹਾਨੂੰ ਦੱਸਣਗੇ ਕਿ ਕਿਵੇਂ ਆਪਣੀਆਂ ਕੁਸ਼ਲਤਾਵਾਂ ਨੂੰ ਬਿਹਤਰ ਕਰਨ ਲਈ ਮੀਂਹ, ਠੰਢ ਜਾਂ ਅੱਤ ਦੀ ਗਰਮੀ ਦੇ ਬਾਵਜੂਦ ਉਹ ਸੂਰਜ ਚੜ੍ਹਣ ਤੋਂ ਪਹਿਲਾਂ ਹੀ ਛਤਰਸਲ ਸਟੇਡੀਅਮ ਵਿੱਚ ਬਣੇ ਚਿੱਕੜ ਦੇ ਮੈਦਾਨ ਜਾਂ ਜਿੰਮ ਵਿੱਚ ਹੁੰਦੇ ਸੀ।

ਤਸਵੀਰ ਸਰੋਤ, FB/Sushil Kumar
ਸੁਸ਼ੀਲ ਅਭਿਆਸ ਲਈ ਇੰਨੇ ਪੱਕੇ ਸਨ ਕਿ ਜੇ ਕਿਤੇ ਉਨ੍ਹਾਂ ਕਿਸੇ ਦਿਨ ਅਭਿਆਸ ਨਾ ਕੀਤਾ ਤਾਂ ਉਹ ਅਗਲੇ ਦਿਨ ਨਿਸ਼ਚਿਤ ਤੌਰ 'ਤੇ ਆਪਣੇ ਆਪ ਨੂੰ ਸਮਰੱਥਾਂ ਤੋਂ ਜ਼ਿਆਦਾ ਧੱਕਣਗੇ।
2007 ਵਿੱਚ ਸੁਸ਼ੀਲ ਦੇ ਦਾਦਾ ਜੀ ਨਹੀਂ ਰਹੇ, ਉਨ੍ਹਾਂ ਦਾ ਹੀ ਸੁਪਨਾ ਸੀ ਸੁਸ਼ੀਲ ਨੂੰ ਓਲੰਪਿਕ ਚੈਂਪੀਅਨ ਬਣਾਉਣ ਦਾ।
ਸੁਸ਼ੀਲ ਦੇ ਇੱਕ ਸਾਥੀ ਪਹਿਲਵਾਨ ਦੱਸਦੇ ਹਨ, ''ਜਦੋਂ ਸੁਸ਼ੀਲ ਨੂੰ ਦਾਦਾ ਜੀ ਦੀ ਮੌਤ ਬਾਰੇ ਖ਼ਬਰ ਮਿਲੀ ਤਾਂ ਬਹੁਤ ਪਰੇਸ਼ਾਨ ਸੀ। ਦਾਦਾ ਜੀ ਦੇ ਸਸਕਾਰ ਤੋਂ ਬਾਅਦ ਸੁਸ਼ੀਲ ਸਟੇਡੀਅਮ ਵਿੱਚ ਸੀ। ਅਗਲੇ ਦਿਨ ਸਵੇਰੇ ਉਹ ਮੈਟ ਉੱਤੇ ਟ੍ਰੇਨਿੰਗ ਕਰ ਰਿਹਾ ਸੀ।"
''ਇੱਥੋਂ ਤੱਕ ਕਿ ਓਲੰਪਿਕ ਵਿੱਚ ਮੈਡਲ ਲਿਆਉਣ ਤੋਂ ਬਾਅਦ ਸੁਸ਼ੀਲ ਕਈ ਪ੍ਰੋਗਰਾਮਾਂ ਵਿੱਚ ਮਸਰੂਫ਼ ਸੀ ਤੇ ਉਦੋਂ ਵੀ ਉਸ ਨੇ ਇੱਕ ਦਿਨ ਵੀ ਟ੍ਰੇਨਿੰਗ ਨਹੀਂ ਛੱਡੀ।''
ਇੱਕ ਸਾਦੇ ਜਿਹੇ ਪਿਛੋਕੜ ਤੋਂ ਆਉਣ ਵਾਲੇ ਸੁਸ਼ੀਲ, ਇੱਕ ਬੱਸ ਡਰਾਈਵਰ ਪਿਤਾ ਦੇ ਪੁੱਤਰ ਹਨ। 2008 ਵਿੱਚ ਬੀਜਿੰਗ ਓਲੰਪਿਕਸ ਵਿੱਚ ਕਾਂਸੀ ਦਾ ਤਮਗਾ ਲਿਆਉਣ ਦੇ ਨਾਲ ਹੀ ਉਹ ਪੂਰੇ ਭਾਰਤ ਵਿੱਚ ਰਾਤੋ-ਰਾਤ ਸਟਾਰ ਬਣ ਗਏ।
ਬੀਜਿੰਗ ਤੋਂ ਪਹਿਲਾਂ ਉਨ੍ਹਾਂ ਕਦੇ ਵੀ ਜੀਨਸ ਨਹੀਂ ਪਾਈ ਸੀ ਤੇ ਨਾ ਹੀ ਕਾਰ ਜਾਂ ਮੋਟਰ ਸਾਈਕਲ ਤੇ ਸਾਈਕਲ ਚਲਾਈ ਸੀ। ਬੀਜਿੰਗ ਵਿੱਚ ਹੋਈ ਜਿੱਤ ਨੇ ਸੁਸ਼ੀਲ ਤੇ ਉਨ੍ਹਾਂ ਦੇ ਪਰਿਵਾਰ ਦਾ ਸਮਾਜਿਕ ਤੇ ਆਰਥਿਕ ਤਾਣਾ ਬਾਣਾ ਬਦਲ ਦਿੱਤਾ।
ਸੁਸ਼ੀਲ ਨੂੰ ਉਹ ਸਭ ਮਿਲਿਆ, ਜਿਸ ਦਾ ਸ਼ਾਇਦ ਉਨ੍ਹਾਂ ਕਦੇ ਸੁਪਨਾ ਵੀ ਨਹੀਂ ਲਿਆ ਸੀ। ਓਲੰਪਿਕ ਮੈਡਲ ਤੋਂ ਬਾਅਦ ਸੁਸ਼ੀਲ ਦੇ ਲਾਈਫ਼ ਸਟਾਈਲ ਵਿੱਚ ਬਦਲਾਅ ਆ ਗਿਆ।
ਬੀਜਿੰਗ ਓਲੰਪਿਕ ਤੋਂ ਬਾਅਦ ਸੁਸ਼ੀਲ ਨੇ ਨਵੇਂ-ਨਵੇਂ ਅਗਰੇਜ਼ੀ ਸ਼ਬਦ ਸਿੱਖਣੇ ਸ਼ੁਰੂ ਕੀਤੇ ਤੇ ਨਾਲੇ ਲੈਪਟਾਪ ਚਲਾਉਣਾ ਸਿੱਖਿਆ।
ਸੁਸ਼ੀਲ ਨੇ ਵੱਡੀਆਂ ਗੱਡੀਆਂ (SUVs) ਲੈ ਲਈਆਂ ਅਤੇ ਇਸ ਦੇ ਨਾਲ ਕਈ ਮਸ਼ਹੂਰੀਆਂ ਵਿੱਚ ਆਉਣ ਲੱਗ ਗਏ। ਸੁਸ਼ੀਲ ਦੇ ਸਗਾਈ ਸਮਾਗਮ ਵਿੱਚ ਰਾਹੁਲ ਗਾਂਧੀ ਸਣੇ ਕਈ ਹੋਰ ਵੱਡੇ ਸਿਆਸੀ ਨਾਮ ਸ਼ਾਮਲ ਹੋਏ।
ਉਨ੍ਹਾਂ ਦੇ ਵਿਆਹ ਸਮਾਗਮ ਵਿੱਚ ਸਿਆਸੀ ਮਹਿਮਾਨਾਂ ਤੋਂ ਇਲਾਵਾ ਬੌਲੀਵੁੱਡ ਸਿਤਾਰਿਆਂ ਨੇ ਵੀ ਸ਼ਿਰਕਤ ਕੀਤੀ। ਜੈਕੀ ਸ਼ਰੋਫ਼ ਤਾਂ ਵਿਆਹ ਤੋਂ ਪਹਿਲਾਂ ਦੇ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੁਸ਼ੀਲ ਦੇ ਜੱਦੀ ਪਿੰਡ ਵੀ ਪਹੁੰਚੇ ਸਨ।
ਬੀਜਿੰਗ ਓਲੰਪਿਕਸ ਤੋਂ ਬਾਅਦ ਮਿਲਣ ਵਾਲੀ ਸ਼ੌਹਰਤ ਦੇ ਬਾਵਜੂਦ ਉਹ ਨਿਮਰਤਾ ਵਾਲੇ ਸੁਭਾਅ 'ਚ ਹੀ ਰਹੇ ਤੇ ਇਹੀ ਸੁਭਾਅ ਉਨ੍ਹਾਂ ਦੀ ਲੰਡਨ ਵਿੱਚ ਸਫ਼ਲਤਕਾ ਦੀ ਕੁੰਜੀ ਸੀ।

ਤਸਵੀਰ ਸਰੋਤ, BBC/Saurabh Duggal
ਬੀਜਿੰਗ ਓਲੰਪਿਕ ਜਿੱਤ ਦੇ ਇੱਕ ਹਫ਼ਤੇ ਦੇ ਅੰਦਰ-ਅੰਦਰ ਹੀ ਸੁਸ਼ੀਲ ਨੇ ਇੱਕ ਪਾਕਿਸਤਾਨੀ ਪਹਿਲਵਾਨ ਨਾਲ ਦਿੱਲੀ ਵਿੱਚ ਇੱਕ ਐਗਜ਼ੀਬੀਸ਼ਨ (ਪ੍ਰਦਰਸ਼ਨੀ) ਮੈਚ ਲੜਿਆ ਅਤੇ ਮੁਕਾਬਲੇ ਤੋਂ ਐਨ ਪਹਿਲਾਂ ਇੱਕ ਛੋਟੀ ਜਿਹੀ ਕੁੜੀ ਸੁਸ਼ੀਲ ਕੋਲ ਆਟੋਗ੍ਰਾਫ਼ ਲੈਣ ਲਈ ਆਈ।
ਮੁਕਾਬਲਾ ਸ਼ੁਰੂ ਹੋਣ ਹੀ ਵਾਲਾ ਸੀ ਤੇ ਸੁਸ਼ੀਲ ਨੇ ਉਸ ਕੁੜੀ ਨੂੰ ਮੁਕਾਬਲੇ ਤੋਂ ਬਾਅਦ ਮਿਲਣ ਦੀ ਗੱਲ ਕਹੀ ਤੇ ਕਿਹਾ ਕਿ ਮੁਕਾਬਲੇ ਤੋਂ ਬਾਅਦ ਉਹ ਆਟੋਗ੍ਰਾਫ਼ ਜ਼ਰੂਰ ਦੇਣਗੇ।
ਸੁਸ਼ੀਲ ਨੇ ਪਾਕਿਸਤਾਨੀ ਪਹਿਲਵਾਨ ਨੂੰ ਹਰਾਇਆ ਅਤੇ ਉਸ ਤੋਂ ਬਾਅਦ ਆਟੋਗ੍ਰਾਫ਼ ਮੰਗਣ ਵਾਲੀ ਕੁੜੀ ਨੂੰ 10-15 ਮਿੰਟ ਤੱਕ ਲੱਭਦੇ ਰਹੇ, ਪਰ ਉਹ ਨਾ ਮਿਲੀ। ਸੁਸ਼ੀਲ ਇਸ ਗੱਲ ਤੋਂ ਪਰੇਸ਼ਾਨ ਰਹੇ ਕਿ ਉਨ੍ਹਾਂ ਉਸ ਕੁੜੀ ਨੂੰ ਆਟੋਗ੍ਰਾਫ਼ ਦੇਣ ਲਈ ਨਾਂਹ ਕੀਤੀ।
ਪਹਿਲਵਾਨੀ ਪ੍ਰਤੀ ਸੁਸ਼ੀਲ ਦੀ ਸ਼ਿੱਦਤ ਲੰਡਨ ਓਲੰਪਿਕਸ ਤੱਕ ਮੁਕੰਮਲ ਤੌਰ 'ਤੇ ਰਹੀ।
ਲੰਡਨ ਓਲੰਪਿਕਸ ਤੋਂ ਇੱਕ ਸਾਲ ਪਹਿਲਾਂ, 2011 ਵਿੱਚ ਉਨ੍ਹਾਂ ਦਾ ਵਿਆਹ ਹੋਇਆ ਅਤੇ ਉਨ੍ਹਾਂ ਦੇ ਆਲੋਚਕਾਂ ਨੇ ਇਹ ਭਵਿੱਖਬਾਣੀ ਕੀਤੀ ਕਿ ਵਿਆਹ ਉਨ੍ਹਾਂ ਦੇ ਕਰੀਅਰ ਦਾ ਅੰਤ ਹੋ ਸਕਦਾ ਹੈ।
ਇਹ ਗੱਲਾਂ ਉਦੋਂ ਹੋਰ ਮਜ਼ਬੂਤ ਹੋ ਗਈਆਂ ਜਦੋਂ ਸੁਸ਼ੀਲ ਏਸ਼ੀਅਨ ਕੁਆਲੀਫ਼ਾਇਰਜ਼ ਦੇ ਤੌਰ 'ਤੇ ਓਲੰਪਿਕ 'ਚ ਹਿੱਸਾ ਲੈਣ ਵਿੱਚ ਅਸਫ਼ਲ ਰਹੇ।
ਸੁਸ਼ੀਲ ਨੇ ਆਖਰੀ ਕੁਆਲੀਫ਼ਾਇਰਜ਼ ਵਿੱਚ ਅਪ੍ਰੈਲ 'ਚ ਕੋਟਾ ਪ੍ਰਾਪਤ ਕੀਤਾ। ਉਸ ਤੋਂ ਬਾਅਦ ਅਗਲੇ ਤਿੰਨ-ਚਾਰ ਮਹੀਨਿਆਂ ਓਲੰਪਿਕਸ ਤੱਕ ਸੁਸ਼ੀਲ ਨਮੇ ਆਪਣੀ ਪਤਨੀ ਨਾਲ ਮੁਲਾਕਾਤ ਨਹੀਂ ਕੀਤੀ।
ਇਸ ਦੌਰਾਨ ਇੱਕ ਵਾਰ ਕੁਝ ਘੰਟਿਆਂ ਲਈ ਹੀ ਸੁਸ਼ੀਲ ਆਪਣੇ ਘਰ ਕੁਝ ਜ਼ਰੂਰੀ ਦਸਤਾਵੇਜ਼ਾਂ ਉੱਤੇ ਦਸਤਖ਼ਤ ਕਰਵਾਉਣ ਲਈ ਆਏ ਸਨ।
ਸੁਸ਼ੀਲ ਨੇ ਬੀਜਿੰਗ ਵਿੱਚ ਤੀਜੀ ਥਾਂ 'ਤੇ ਆਉਣ ਤੋਂ ਬਾਅਦ ਲੰਡਨ ਓਲੰਪਿਕਸ ਵਿੱਚ ਦੂਜੇ ਸਥਾਨ 'ਤੇ ਆ ਕੇ ਆਪਣੇ ਆਲੋਚਕਾਂ ਨੂੰ 'ਮੂੰਹ ਤੋੜ' ਜਵਾਬ ਦਿੱਤਾ।
ਪਰ ਪਹਿਲਵਾਨੀ ਸਦਕਾ ਮਿਲੀ ਦੌਲਤ ਤੇ ਸ਼ੌਹਰਤ ਨੇ ਕੁਝ ਸਮੇਂ ਬਾਅਦ ਸੁਸ਼ੀਲ ਨੂੰ ਭਟਕਾ ਦਿੱਤਾ ਤੇ ਮੈਦਾਨ ਤੋਂ ਪਰੇ ਉਸ ਦੇ ਕੰਮ ਉਸ ਦੀ ਮੌਜੂਦਾ ਸ਼ਖ਼ਸੀਅਤ ਲਈ ਜ਼ਿੰਮੇਵਾਰ ਹਨ।
ਲੰਘੇ ਕੁਝ ਸਾਲਾਂ ਤੋਂ ਸੁਸ਼ੀਲ ਦੀ ਜ਼ਿੰਦਗੀ ਵਿੱਚ ਨਿਘਾਰ ਸ਼ੁਰੂ ਹੋ ਗਿਆ। ਪਰੇਸ਼ਾਨ ਕਰਦੇ ਦ੍ਰਿਸ਼ ਤਾਂ ਇਹ ਦੇਖਣ ਨੂੰ ਮਿਲੇ ਕਿ ਕਈ ਸਮਾਜਿਕ ਸਮਾਗਮਾਂ ਦੌਰਾਨ ਇਸ ਓਲੰਪਿਕ ਮੈਡਲ ਜੇਤੂ ਖਿਡਾਰੀ ਦੇ ਆਲੇ-ਦੁਆਲੇ ਦਰਜਨਾਂ ਲੋਕ (ਬਾਊਂਸਰ) ਹੱਥਾਂ ਵਿੱਚ ਹਥਿਆਰ ਫੜੀ ਦਿਖਾਈ ਦੇਣ ਲੱਗੇ, ਇੰਝ ਲੱਗਦਾ ਸੀ ਜਿਵੇਂ ਇਹ ਸੁਰੱਖਿਆ ਗਾਰਡ ਹੋਣ।
ਸੁਸ਼ੀਲ ਨੂੰ ਪਿਛਲੇ 15 ਸਾਲ ਤੋਂ ਜਾਣਨ ਵਾਲੇ ਉਨ੍ਹਾਂ ਦੇ ਇੱਕ ਨਜ਼ਦੀਕੀ ਰੈਸਲਿੰਗ ਕੋਚ ਦੱਸਦੇ ਹਨ, ''ਬਾਹੁਬਲੀ ਵਾਲੇ ਅਹਿਸਾਸ ਨੇ ਸੁਸ਼ੀਲ ਨੂੰ ਪਹਿਲਾਂ ਪੈਸਾ ਅਤੇ ਜਾਇਦਾਦ ਦੇ ਮਸਲਿਆਂ ਵਿੱਚ ਸ਼ਾਂਤੀਦੂਤ ਬਣਾਇਆ ਅਤੇ ਫ਼ਿਰ ਹੌਲੀ-ਹੌਲੀ ਉਹ ਖ਼ੁਦ ਜਾਇਦਾਦ ਨਾਲ ਜੁੜੇ ਕੇਸਾਂ ਵਿੱਚ ਸ਼ਮੂਲੀਅਤ ਦਿਖਾਉਣ ਲੱਗੇ।''
''ਅਣਚਾਹੇ ਲੋਕਾਂ ਨਾਲ ਆਪਣੀ ਵਧਦੀ ਸ਼ਮੂਲੀਅਤ ਦੇ ਬਾਵਜੂਦ, ਸੁਸ਼ੀਲ ਗੁਰੂ-ਸ਼ਿਸ਼ਿਆ ਪਰੰਪਰਾ ਦਾ ਪਾਲਣ ਕਰਦੇ ਰਹੇ। ਜਦੋਂ ਮੈਂ ਉਨ੍ਹਾਂ ਨੂੰ ਇਸ ਸਾਲ ਉੱਤਰ ਪ੍ਰਦੇਸ਼ ਵਿੱਚ ਹੋਈ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਦੌਰਾਨ ਆਖਰੀ ਵਾਰ ਮਿਲਿਆ ਤਾਂ ਉਹ ਬਹੁਤ ਸਤਿਕਾਰ ਨਾਲ ਮਿਲੇ, ਨਾ ਸਿਰਫ਼ ਮੈਨੂੰ ਮਾਣ-ਸਤਿਕਾਰ ਨਾਲ ਮਿਲੇ ਸਗੋਂ ਹੋਰ ਕੋਚਾਂ ਅਤੇ ਅਧਿਕਾਰੀਆਂ ਨੂੰ ਵੀ।''

ਤਸਵੀਰ ਸਰੋਤ, FB/Sushil Kumar
''ਇਹੀ ਨਹੀਂ ਉਹ ਨੌਜਵਾਨ ਪਹਿਲਵਾਨਾਂ ਨੂੰ ਇਸੇ ਭਾਵ ਨਾਲ ਮਿਲੇ ਅਤੇ ਜੋ ਲੋਕ ਆਟੋਗ੍ਰਾਫ਼ ਜਾਂ ਤਸਵੀਰ ਚਾਹੁੰਦੇ ਸਨ, ਸਭ ਦਾ ਖ਼ਿਆਲ ਰੱਖਿਆ। ਪਹਿਲਵਾਨੀ ਹਲਕੇ ਵਿੱਚ ਇਹ ਅਜੇ ਵੀ ਨਾ ਵਿਸ਼ਵਾਸ ਕਰਨ ਯੋਗ ਗੱਲ ਹੈ ਕਿ ਸੁਸ਼ੀਲ ਕਤਲ ਦੇ ਕੇਸ ਵਿੱਚ ਜੇਲ੍ਹ ਅੰਦਰ ਹੈ।''
ਸਾਗਰ ਕਤਲ ਕੇਸ ਵਿੱਚ ਸੁਸ਼ੀਲ ਦੀ ਕਥਿਤ ਸ਼ਮੂਲੀਅਤ ਨੇ ਕੁਸ਼ਤੀ ਦਾ ਅਕਸ ਖ਼ਰਾਬ ਕਰ ਦਿੱਤਾ ਹੈ। ਇਹ ਉਸ ਦੌਰ ਵਿੱਚ ਹੈ ਜਦੋਂ ਕੁਸ਼ਤੀ ਨੂੰ 2021 ਟੌਕੀਓ ਓਲੰਪਿਕਸ ਵਿੱਚ ਬਿਹਤਰੀਨ ਮੈਡਲ ਲਿਆਉਣ ਵਾਲੀਆਂ ਖੇਡਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
ਓਲੰਪਿਕਸ ਮੈਡਲਾਂ ਦਾ ਦੌਰ ਜਾਰੀ ਰਹੇਗਾ, ਪਰ ਇੱਕ 'ਲੈਜੇਂਡ' ਦੀ ਸ਼ਖ਼ਸੀਅਤ ਉੱਤੇ ਸਵਾਲ ਹੁਣ ਤੋਂ ਸ਼ੁਰੂ ਹਨ!
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2














