ਨੁਸਰਤ ਜਹਾਂ ਅਤੇ ਨਿਖਿਲ ਜੈਨ: ਪਿਆਰ ਅਤੇ ਵਿਆਹ ਤੋਂ ਅਲਹਿਦਗੀ ਤੱਕ, ਪੂਰੀ ਕਹਾਣੀ

ਤਸਵੀਰ ਸਰੋਤ, Sanjay Das/BBC
ਬੰਗਾਲੀ ਫ਼ਿਲਮਾਂ ਦੀ ਉੱਘੀ ਅਦਾਕਾਰਾ ਨੁਸਰਤ ਜਹਾਂ ਦਾ ਨਾਂਅ ਦੋ ਸਾਲ ਪਹਿਲਾਂ ਸੁਰਖੀਆਂ ਵਿੱਚ ਰਿਹਾ ਸੀ।
ਇਸ ਦੀ ਵਜ੍ਹਾ ਸੀ, ਅਦਾਕਾਰੀ ਤੋਂ ਸਿਆਸਤ ਵਿੱਚ ਪੈਰ ਧਰਦੇ ਹੋਏ ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਟੀਐੱਮਸੀ ਦੀ ਟਿਕਟ 'ਤੇ ਉਨ੍ਹਾਂ ਦੀ ਬਸ਼ੀਰਹਾਟ ਹਲਕੇ ਤੋਂ ਵੱਡੇ ਫਰਕ ਨਾਲ ਜਿੱਤ ਅਤੇ ਉਸ ਤੋਂ ਇੱਕ ਮਹੀਨੇ ਦੇ ਅੰਦਰ ਹੀ ਇੱਕ ਮਾਰਵਾੜੀ ਕਾਰੋਬਾਰੀ ਨਿਖਿਲ ਜੈਨ ਨਾਲ ਤੁਰਕੀ ਵਿੱਚ ਕਰਵਾਇਆ ਗਿਆ ਵਿਆਹ।
ਉਸ ਤੋਂ ਬਾਅਦ ਕਦੇ ਦੁਰਗਾ ਪੂਜਾ ਦੇ ਮੌਕੇ 'ਤੇ ਢੋਲ ਵਜਾ ਕੇ ਅਤੇ ਕਦੇ ਆਪਣੇ ਬਿਆਨਾਂ ਰਾਹੀਂ ਉਹ ਲਗਾਤਾਰ ਖ਼ਬਰਾਂ ਵਿੱਚ ਬਣੇ ਰਹੇ।
ਇਹ ਵੀ ਪੜ੍ਹੋ:
ਉਹ ਹੁਣ ਵੀ ਖ਼ਬਰਾਂ ਵਿੱਚ ਹਨ ਪਰ ਵਜ੍ਹਾ ਹੈ ਆਪਣੇ ਪਤੀ ਨਿਖਿਲ ਜੈਨ ਉੱਪਰ ਉਨ੍ਹਾਂ ਵੱਲੋਂ ਲਗਾਏ ਗਏ ਇਲਜ਼ਾਮ ਅਤੇ ਇਹ ਕਹਿਣਾ ਕਿ ਉਨ੍ਹਾਂ ਦਾ ਵਿਆਹ ਕਾਨੂੰਨੀ ਤੌਰ ’ਤੇ ਵੈਧ ਨਹੀਂ ਸੀ।
ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ, ਇੱਕ ਫਿਲਮ ਕਹਾਣੀ ਬਣ ਚੁੱਕੀ ਹੈ, ਜਿਸ ਵਿੱਚ ਆਏ ਦਿਨ ਨਵੇਂ ਮੋੜ ਆ ਰਹੇ ਹਨ।

ਤਸਵੀਰ ਸਰੋਤ, Sanjay Das/BBC
ਲੋਕਸਭਾ ਦੀ ਵੈਬਸਾਈਟ 'ਤੇ ਪਤੀ ਦਾ ਨਾਂਅ
ਨੁਸਰਤ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਕਦੇ ਨਿਖਿਲ ਨਾਲ ਵਿਆਹ ਨਹੀਂ ਕੀਤਾ ਸੀ।
ਲੇਕਿਨ ਲੋਕ ਸਭਾ ਦੀ ਵੈਬਸਾਈਟ ਉੱਪਰ ਪੱਛਮੀ ਬੰਗਾਲ ਦੇ ਸਾਂਸਦ ਵਜੋਂ ਦਰਜ ਉਨ੍ਹਾਂ ਦੇ ਨਾਂਅ ਦੇ ਸਾਹਮਣੇ ਵਿਆਹੁਤਾ ਅਤੇ ਪਤੀ ਦਾ ਨਾਂਅ ਨਿਖਿਲ ਜੈਨ ਲਿਖਿਆ ਹੈ।
ਆਖ਼ਰ ਇਹ ਵਿਵਾਦ ਸ਼ੁਰੂ ਕਿਵੇਂ ਹੋਇਆ? ਦਰਅਸਲ, ਨੁਸਰਤ ਅਤੇ ਉਨ੍ਹਾਂ ਦੇ ਪਤੀ ਨਿਖਿਲ ਵਿੱਚ ਅਣਬਣ ਦੀਆਂ ਖ਼ਬਰਾਂ ਤਾਂ ਪਿਛਲੇ ਛੇ ਮਹੀਨਿਆਂ ਤੋਂ ਬਾਹਰ ਆ ਰਹੀਆਂ ਸਨ ਪਰ ਨੁਸਰਤ ਜਾਂ ਨਿਖਿਲ ਨੇ ਇਸ ਬਾਰੇ ਕਦੇ ਕੋਈ ਟਿੱਪਣੀ ਨਹੀਂ ਕੀਤੀ ਸੀ।

ਤਸਵੀਰ ਸਰੋਤ, Sanjay Das/BBC
ਉਸ ਤੋਂ ਬਾਅਦ ਭਾਜਪਾ ਆਗੂ ਯਸ਼ ਦਾਸਗੁਪਤਾ, ਜੋ ਪਿਛਲੀਆਂ ਚੋਣਾਂ ਵਿੱਚ ਪਾਰਟੀ ਦੇ ਉਮੀਦਵਾਰ ਸਨ ਨਾਲ ਕਰੀਬੀਆਂ ਵਧਣ ਦੀਆਂ ਖ਼ਬਰਾਂ ਆਈਆਂ ਸਨ। ਪਿਛਲੇ ਦਿਨੀਂ ਜਦੋਂ ਇਨ੍ਹਾਂ ਦੋਵਾਂ ਨੇ ਇਕੱਠਿਆਂ ਅਜਮੇਰ ਸ਼ਰੀਫ਼ ਸਮੇਤ ਕਈ ਸ਼ਹਿਰਾਂ ਦੇ ਦੌਰੇ ਵੀ ਕੀਤੇ ਸਨ।
ਤਸਲੀਮਾ ਨਸਰੀਨ ਦੀ ਫ਼ੇਸਬੁਕ ਪੋਸਟ
ਲੇਕਿਨ ਹਾਲ ਹੀ ਵਿੱਚ ਨੁਸਰਤ ਦੇ ਗਰਭਵਤੀ ਹੋਣ ਦੀਆਂ ਖ਼ਬਰਾਂ ਆਉਣ ਤੋਂ ਬਾਅਦ ਵਿਵਾਦ ਅਚਾਨਕ ਤੇਜ਼ ਹੋ ਗਿਆ। ਨੁਸਰਤ ਅਤੇ ਨਿਖਿਲ ਪਿਛਲੇ ਛੇ ਮਹੀਨਿਆਂ ਤੋਂ ਵੱਖੋ-ਵੱਖ ਰਹਿ ਰਹੇ ਹਨ। ਇਸ ਬਾਰੇ ਕਈ ਤਰ੍ਹਾਂ ਦੇ ਸਵਾਲ ਉੱਠਣ ਲੱਗੇ।
ਜਦੋਂ ਇਨ੍ਹਾਂ ਸਵਾਲਾਂ ਦੀ ਤਹਿ ਤੱਕ ਪਹੁੰਚਣ ਦੀ ਕੋਸ਼ਿਸ਼ ਹੋਈ ਤਾਂ ਜੋੜੇ ਦੀ ਜ਼ਿੰਦਗੀ ਦੀਆਂ ਤਹਿਆਂ ਵੀ ਖੁੱਲ੍ਹਣ ਲੱਗੀਆਂ ਅਤੇ ਇਸ ਦੀ ਪਹਿਲ ਵੀ ਨੁਸਰਤ ਨੇ ਆਪ ਹੀ ਕੀਤੀ।
ਪਿਛਲੇ ਪੰਜਾਂ ਦਿਨਾਂ ਤੋਂ ਇਹ ਕਿਆਸ ਵੀ ਲਾਏ ਜਾ ਰੇਹ ਹਨ ਕਿ ਨੁਸਰਤ ਦੀ ਕੁੱਖ ਵਿੱਚ ਪਲ ਰਹੇ ਬੱਚੇ ਦਾ ਪਿਤਾ ਕੈਣ ਹੈ।
ਉੱਘੀ ਲੇਖਿਕਾ ਤਸਲੀਮਾ ਨਸਰੀਨ ਨੇ ਵੀ ਆਪਣੇ ਫੇਸਬੁੱਕ ਪੋਸਟ ਵਿੱਚ ਇਸ ਮਾਮਲੇ ਬਾਰੇ ਲਿਖਿਆ ਸੀ ਕਿ ਜੇ ਅਫ਼ਵਾਹਾਂ ਸੱਚ ਹਨ ਤਾਂ ਕੀ ਨਿਖਿਲ ਅਤੇ ਨੁਸਰਤ ਦਾ ਤਲਾਕ ਹੋਣੀ ਬਿਹਤਰ ਗੱਲ ਨਹੀਂ ਹੈ?
ਉਸ ਤੋਂ ਬਾਅਦ ਨੁਸਰਤ ਨੇ ਦਾਅਵਾ ਕਰਨਾ ਸ਼ੁਰੂ ਕਰ ਦਿੱਤਾ ਕਿ ਨਿਖਿਲ ਨਾਲ ਤਾਂ ਉਨ੍ਹਾਂ ਦਾ ਵਿਆਹ ਹੀ ਨਹੀਂ ਹੋਇਆ ਸੀ।
ਉਨ੍ਹਾਂ ਦਾ ਕਹਿਣਾ ਸੀ ਕਿ ਉਹ ਵਿਆਹ ਨਹੀਂ ਸਗੋਂ ਲਿਵ-ਇਨ-ਰਿਲੇਸ਼ਨਸ਼ਿਪ ਸੀ। ਇਸ ਲਈ ਉਸ ਮਾਮਲੇ ਵਿੱਚ ਤਲਾਕ ਦਾ ਸਵਾਲ ਹੀ ਨਹੀਂ ਉਠਦਾ। ਉਨ੍ਹਾਂ ਨੇ ਕਿਹਾ ਕਿ ਉਹ ਬਹੁਤ ਪਹਿਲਾਂ ਵੱਖੋ ਹੋ ਚੁੱਕੇ ਹਨ।

ਤਸਵੀਰ ਸਰੋਤ, Sanjay Das/BBC
ਅੰਤਰ-ਧਾਰਮਿਕ ਵਿਆਹ
ਬੁੱਧਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਟੀਐੱਮਸੀ ਸਾਂਸਦ ਨੁਸਰਤ ਜਹਾਂ ਨੇ ਕਿਹਾ ਕਿ ਨਿਖਿਲ ਜੈਨ ਨਾਲ ਉਨ੍ਹਾਂ ਦਾ ਵਿਆਹ ਕਦੇ ਕਾਨੂੰਨੀ ਤੌਰ 'ਤੇ ਵੈਧ ਨਹੀਂ ਸੀ ਕਿਉਂਕਿ ਭਾਰਤ ਵਿੱਚ ਅੰਤਰ-ਧਾਰਮਿਕ ਵਿਆਹਾਂ ਨੂੰ ਵਿਸ਼ੇਸ਼ ਵਿਆਹ ਕਾਨੂੰਨ ਤਹਿਤ ਮਾਨਤਾ ਦੀ ਲੋੜ ਹੁੰਦੀ ਹੈ, ਜੋ ਉਨ੍ਹਾਂ ਦੇ ਮਾਮਲੇ ਵਿੱਚ ਕਦੇ ਹੋਇਆ ਹੀ ਨਹੀਂ ਹੈ।
ਨੁਸਰਤ ਦੀ ਦਲੀਲ ਹੈ, "ਕਿਉਂਕਿ ਵਿਆਹ ਕਾਨੂੰਨੀ, ਵੈਧ ਅਤੇ ਟਿਕਾਊ ਨਹੀਂ ਸੀ, ਇਸ ਲਈ ਤਲਾਕ ਦਾ ਕੋਈ ਸਵਾਲ ਹੀ ਨਹੀਂ ਹੈ। ਸਾਡੀ ਅਲਹਿਦਗੀ ਬਹੁਤ ਪਹਿਲਾਂ ਹੋ ਗਈ ਸੀ ਪਰ ਮੈਂ ਇਸ ਬਾਰੇ ਗੱਲ ਨਹੀਂ ਕੀਤੀ ਕਿਉਂਕਿ ਮੈਂ ਆਪਣੀ ਨਿੱਜੀ ਜ਼ਿੰਦਗੀ ਨੂੰ ਆਪਣੇ ਤੱਕ ਮਹਿਦੂਦ ਰੱਖਣਾ ਚਾਹੁੰਦੀ ਸੀ।"
ਨੁਸਰਤ ਨੇ ਜੂਨ, 2019 ਵਿੱਚ ਤੁਰਕੀ ਵਿੱਚ ਕਾਰੋਬਾਰੀ ਨਿਖਿਲ ਜੈਨ ਨਾਲ ਵਿਆਹ ਕਰਵਾਇਆ ਸੀ। ਉਨ੍ਹਾਂ ਨੇ ਉਸੇ ਸਾਲ ਲੋਕ ਸਭਾ ਚੋਣਾਂ ਜਿੱਤ ਕੇ ਸਿਆਸੀ ਜੀਵਨ ਦੀ ਸ਼ੁਰੂਆਤ ਵੀ ਕੀਤੀ ਸੀ।
ਬਾਅਦ ਵਿੱਚ ਵਿਆਹ ਦੀ ਦਾਅਵਤ ਵਿੱਚ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਵੀ ਸ਼ਾਮਲ ਹੋਏ ਸਨ।
ਵਿਆਹ ਤੋਂ ਕੁਝ ਦਿਨਾਂ ਤੱਕ ਤਾਂ ਸਭ ਕੁਝ ਠੀਕ ਰਿਹਾ ਪਰ ਬਾਅਦ ਵਿੱਚ ਰਿਸ਼ਤੇ ਤਿੜਕਣ ਦੀਆਂ ਗੱਲਾਂ ਬਾਹਰ ਆਉਣ ਲੱਗ ਪਈਆਂ। ਇਸ ਦੇ ਨਾਲ ਹੀ ਨੁਸਰਤ ਦੀਆਂ ਅਦਾਕਾਰ ਤੇ ਭਾਜਪਾ ਉਮੀਦਵਾਰ ਯਸ਼ਦਾਸ ਗੁਪਤਾ ਨਾਲ ਕਰੀਬੀਆਂ ਦੇ ਚਰਚੇ ਹੋਣ ਲੱਗ ਪਏ।

ਤਸਵੀਰ ਸਰੋਤ, Sanjay Das/BBC
ਨਿਖਲਿ ਜੈਨ ਦਾ ਕੀ ਪੱਖ ਹੈ
ਨੁਸਰਤ ਨੇ ਆਪਣੇ ਬਿਆਨ ਵਿੱਚ ਆਪਣੇ ਬੈਂਕ ਖਾਤਿਆਂ ਵਿੱਚੋਂ ਅਵੈਧ ਢੰਗ ਨਾਲ ਪੈਸੇ ਕੱਢੇ ਜਾਣ ਦੇ ਇਲਜ਼ਾਮ ਲਾਏ ਹਨ।
ਉਨ੍ਹਾਂ ਦਾ ਇਲਜ਼ਾਮ ਹੈ ਕਿ ਅਲਹਿਦਾ ਹੋਣ ਤੋਂ ਬਾਅਦ ਵੀ ਨਿਖਿਲ ਉਨ੍ਹਾਂ ਦੇ ਖਾਤੇ ਵਿੱਚੋਂ ਪੈਸੇ ਕਢਵਾ ਰਹੇ ਹਨ।
ਨਿਖਿਲ ਜੈਨ ਕੋਲਕਾਤਾ ਦੇ ਕਾਰੋਬਾਰੀ ਹਨ ਅਤੇ ਦੋਵਾਂ ਦੀ ਮੁਲਾਕਾਤ ਵਿਆਹ ਤੋਂ ਇੱਕ ਸਾਲ ਪਹਿਲਾਂ ਇੱਕ ਪ੍ਰੋਗਰਾਮ ਦੌਰਾਨ ਹੋਈ ਸੀ।
ਨੁਸਰਤ ਦੇ ਗਰਭਵਤੀ ਹੋਣ ਤੋਂ ਬਾਅਦ ਨਿਖਿਲ ਨੇ ਇੱਕ ਸਥਾਨਕ ਟੀਵੀ ਚੈਨਲ ਨੂੰ ਦੱਸਿਆ ਸੀ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਹ ਲੰਬੇ ਸਮੇਂ ਤੋਂ ਨੁਸਰਤ ਦੇ ਸੰਪਰਕ ਵਿੱਚ ਨਹੀਂ ਹਨ।
ਉਨ੍ਹਾਂ ਨੇ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਉਨ੍ਹਾਂ ਨੇ ਕੋਲਕਾਤਾ ਵਿੱਚ ਨੁਸਰਤ ਤੋਂ ਅਲਹਿਦਾ ਹੋਣ ਦੀ ਅਰਜੀ ਲਗਾਈ ਹੈ। ਮਾਮਲਾ ਅਦਾਲਤ ਵਿੱਚ ਹੋਣ ਕਾਰਨ ਉਨ੍ਹਾਂ ਨੇ ਇਸ ਬਾਰੇ ਬਹੁਤੀ ਗੱਲ ਕਰਨ ਤੋਂ ਮਨ੍ਹਾਂ ਕਰ ਦਿੱਤਾ ਸੀ।

ਤਸਵੀਰ ਸਰੋਤ, Sanjay Das/BBC
ਉਨ੍ਹਾਂ ਦਾ ਕਹਿਣਾ ਸੀ, "ਮੈਂ ਪਿਛਲੇ ਸਾਲ ਨਵੰਬਰ ਤੋਂ ਹੀ ਨੁਸਰਤ ਤੋਂ ਵੱਖ ਰਹਿ ਰਿਹਾ ਹਾਂ। ਜਿਸ ਦਿਨ ਮੈਨੂੰ ਪਤਾ ਲੱਗਿਆ ਕਿ ਨੁਸਰਤ ਕਿਸੇ ਹੋਰ ਨਾਲ ਰਹਿਣਾ ਚਾਹੁੰਦੀ ਹੈ, ਮੈਂ ਉਸੇ ਦਿਨ ਦੀਵਾਨੀ ਮਾਮਲਾ ਦਰਜ ਕੀਤਾ। ਵਿਆਹ ਰਜਿਸਟਰਡ ਨਾ ਹੋਣ ਕਾਰਨ ਮੈਂ ਵਿਆਹ ਰੱਦ ਕਰਨ ਦੀ ਅਪੀਲ ਕੀਤੀ ਹੈ। ਜੁਲਾਈ ਵਿੱਚ ਕੇਸ ਦੀ ਸੁਣਵਾਈ ਹੋਵੇਗੀ।"
ਟੌਲੀਵੁੱਡ ਦੇ ਨਾਂਅ ਨਾਲ ਮਸ਼ਹੂਰ ਬੰਗਲਾ ਫ਼ਿਲਮ ਸਨਅਤ ਦੇ ਨਾਲ ਹੀ ਸਿਆਸੀ ਹਲਕਿਆਂ ਵਿੱਚ ਵੀ ਇਸ ਵਿਵਾਦ ਨੂੰ ਹੈਰਾਨਗੀ ਨਾਲ ਦੇਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post














