ਕੋਰੋਨਾਵਾਇਰਸ: ਕੀ ਬੱਚਿਆਂ ਦੀ ਵੈਕਸੀਨ ਬਾਲਗਾਂ ਨਾਲੋਂ ਵੱਖ ਹੋਵੇਗੀ ਅਤੇ ਕਦੋਂ ਆਵੇਗੀ

ਤਸਵੀਰ ਸਰੋਤ, EPA
- ਲੇਖਕ, ਅਨੰਤ ਪ੍ਰਕਾਸ਼
- ਰੋਲ, ਬੀਬੀਸੀ ਪੱਤਰਕਾਰ
ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ (AIIMS) ਵਿਖੇ ਸੋਮਵਾਰ (7 ਜੂਨ) ਤੋਂ ਬੱਚਿਆਂ ਦੇ ਲਈ ਕੋਰੋਨਾ ਵੈਕਸੀਨ 'ਕੋ-ਵੈਕਸੀਨ' ਦੇ ਕਲੀਨਿਕਲ ਟ੍ਰਾਇਲ ਦਾ ਸਕ੍ਰੀਨਿੰਗ ਪੜਾਅ ਸ਼ੂਰੂ ਹੋ ਗਿਆ ਹੈ।
ਇਸ ਪੜਾਅ ਤਹਿਤ ਏਮਜ਼ 'ਚ 12 ਤੋਂ 18 ਸਾਲ ਦੀ ਉਮਰ ਦੇ ਕੁਝ ਬੱਚਿਆਂ ਦੀ ਸਿਹਤ ਜਾਂਚ ਕੀਤੀ ਗਈ ਹੈ। ਏਮਜ਼ (ਪਟਨਾ) 'ਚ ਤਾਂ ਕਲੀਨਿਕਲ ਟ੍ਰਾਇਲ ਦੀ ਪ੍ਰਕਿਰਿਆ ਸ਼ੁਰੂ ਵੀ ਹੋ ਗਈ ਹੈ।
ਏਮਜ਼ (ਪਟਨਾ) ਦੇ ਮੈਡੀਕਲ ਸੁਪਰੀਡੈਂਟ ਪ੍ਰੋਫ਼ੈਸਰ ਸੀ ਐਮ ਸਿੰਘ ਨੇ ਦੱਸਿਆ ਕਿ ਸ਼ੁਰੂਆਤੀ ਪੜਾਅ 'ਚ ਉਨ੍ਹਾਂ ਦੇ ਹਸਪਤਾਲ 'ਚ ਕੁੱਲ ਤਿੰਨ ਬੱਚਿਆਂ ਨੂੰ ਵੈਕਸੀਨ ਦਿੱਤੀ ਗਈ ਹੈ। ਇਸ ਦੇ ਨਾਲ ਹੀ ਭਾਰਤ 'ਚ ਹੁਣ ਤੱਕ ਕੁੱਲ 25 ਬੱਚਿਆਂ ਨੂੰ ਕੋਰੋਨਾ ਵੈਕਸੀਨ ਦਿੱਤੀ ਜਾ ਚੁੱਕੀ ਹੈ ਅਤੇ ਉਨ੍ਹਾਂ ਦੀ ਸਿਹਤ 'ਤੇ ਨਜ਼ਰ ਰੱਖੀ ਜਾ ਰਹੀ ਹੈ।
ਇਹ ਵੀ ਪੜ੍ਹੋ:
ਇਹ ਸਭ ਉਸ ਸਮੇਂ ਹੋ ਰਿਹਾ ਹੈ ਜਦੋਂ ਅਮਰੀਕਾ, ਕੈਨੇਡਾ, ਬ੍ਰਿਟੇਨ, ਸਿੰਗਾਪੁਰ ਅਤੇ ਸੰਯੁਕਤ ਅਰਬ ਅਮੀਰਾਤ ਵਰਗੇ ਦੇਸ਼ਾਂ ਨੇ ਆਪਣੇ ਦੇਸ਼ ਅੰਦਰ ਬੱਚਿਆਂ ਦੀ ਵੈਕਸੀਨ ਨੂੰ ਹਰੀ ਝੰਡੀ ਦੇ ਦਿੱਤੀ ਹੈ।
ਇਸ ਸਬੰਧ 'ਚ ਤਾਜ਼ਾ ਮਾਮਲਾ ਚੀਨ ਦਾ ਹੈ, ਜਿੱਥੇ ਕੋਰੋਨਾਵੈਕ ਨੂੰ ਤਿੰਨ ਸਾਲ ਤੋਂ ਉੱਪਰ ਦੀ ਉਮਰ ਦੇ ਬੱਚਿਆਂ ਲਈ ਮਨਜ਼ੂਰੀ ਦਿੱਤੀ ਗਈ ਹੈ। ਫਾਈਜ਼ਰ ਅਤੇ ਮੌਡਰਨਾ ਵਰਗੀਆਂ ਕਈ ਕੰਪਨੀਆਂ ਵੀ ਬੱਚਿਆਂ 'ਤੇ ਆਪਣੇ ਟ੍ਰਾਇਲ ਪੂਰੇ ਕਰ ਚੁੱਕੀਆਂ ਹਨ। ਫਾਈਜ਼ਰ ਨੂੰ ਤਾਂ ਬ੍ਰਿਟੇਨ 'ਚ ਮਨਜ਼ੂਰੀ ਵੀ ਮਿਲ ਗਈ ਹੈ।
ਅਜਿਹੇ 'ਚ ਸਵਾਲ ਇਹ ਹੈ ਕਿ ਕੀ ਸਰਕਾਰ ਬੱਚਿਆਂ ਲਈ ਫਾਈਜ਼ਰ ਵੈਕਸੀਨ ਮੰਗਵਾਉਣ 'ਤੇ ਵਿਚਾਰ ਕਰ ਰਹੀ ਹੈ?
ਨੀਤੀ ਆਯੋਗ ਨਾਲ ਜੁੜੇ ਡਾ. ਵੀ ਕੇ ਪੌਲ ਨੇ ਇਸ ਮੁੱਦੇ 'ਤੇ ਕਿਹਾ ਕਿ ਭਾਰਤ 'ਚ ਬੱਚਿਆਂ ਦੇ ਟੀਕਾਕਰਨ ਲਈ ਤਕਰੀਬਨ 25-26 ਕਰੋੜ ਵੈਕਸੀਨ ਦੀ ਜ਼ਰੂਰਤ ਹੈ, ਪਰ ਅਜਿਹਾ ਸਿਸਟਮ ਸਹੀ ਨਹੀਂ ਹੋਵੇਗਾ ਕਿ ਕੁਝ ਲੋਕ ਵੈਕਸੀਨ ਲੈਣ ਦੇ ਯੋਗ ਹੋਣ ਅਤੇ ਕੁਝ ਲੋਕਾਂ ਦੀ ਪਹੁੰਚ ਤੋਂ ਬਾਹਰ ਹੋਵੇ।

ਤਸਵੀਰ ਸਰੋਤ, Getty Images
4 ਜੂਨ ਨੂੰ ਉਨ੍ਹਾਂ ਨੇ ਦੱਸਿਆ ਸੀ ਕਿ ਕੋਵੈਕਸੀਨ ਦੇ ਨਾਲ-ਨਾਲ ਜ਼ਾਇਡਸ ਨਾਂਅ ਦੀ ਵੈਕਸੀਨ ਦਾ ਪ੍ਰਯੋਗ ਵੀ ਬੱਚਿਆਂ 'ਤੇ ਕੀਤਾ ਜਾ ਰਿਹਾ ਹੈ। ਇਹ ਦੋਵੇਂ ਹੀ ਸਵਦੇਸੀ ਟੀਕੇ ਹਨ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਕੋਰੋਨਾ ਦੀ ਤੀਜੀ ਲਹਿਰ ਆਉਣ ਦੇ ਡਰ ਕਾਰਨ ਮਾਪਿਆਂ ਦੇ ਮਨਾਂ 'ਚ ਕਈ ਸਵਾਲ ਹਨ, ਜਿਵੇਂ ਕਿ ਬੱਚਿਆਂ ਦੀ ਵੈਕਸੀਨ 'ਚ ਖਾਸ ਕੀ ਹੋਵੇਗਾ, ਇਹ ਕਿੰਨ੍ਹੀ ਕੁ ਪ੍ਰਭਾਵਸ਼ਾਲੀ ਹੋਵੇਗੀ ਅਤੇ ਟ੍ਰਾਇਲ ਕਦੋਂ ਤੱਕ ਚੱਲਣਗੇ, ਆਦਿ।
ਬੀਬੀਸੀ ਨੇ ਆਈਸੀਐਮਆਰ ਦੇ ਸਾਬਕਾ ਡਾਇਰੈਕਟਰ ਜਨਰਲ ਐਨ ਕੇ ਗਾਂਗੁਲੀ ਤੋਂ ਅਜਿਹੇ ਕੁਝ ਸਵਾਲਾਂ ਦੇ ਜਵਾਬ ਜਾਣਨ ਦਾ ਯਤਨ ਕੀਤਾ ਹੈ।
ਬੱਚਿਆਂ ਦੀ ਵੈਕਸੀਨ ਵੱਡਿਆਂ ਨਾਲੋਂ ਕਿੰਨ੍ਹੀ ਵੱਖ ਹੋਵੇਗੀ?
ਪ੍ਰਧਾਨ ਮੰਤਰੀ ਮੋਦੀ ਨੇ 7 ਜੂਨ ਨੂੰ ਕਿਹਾ ਕਿ ਭਾਰਤ 'ਚ ਹੁਣ ਤੱਕ ਕੁੱਲ 23 ਕਰੋੜ ਵੈਕਸੀਨ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।
ਸਰਕਾਰ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤ 'ਚ ਦਿੱਤੀ ਜਾ ਰਹੀ ਕੋਵੈਕਸੀਨ ਅਤੇ ਕੋਵੀਸ਼ੀਲਡ ਦੋਵੇਂ ਹੀ ਬਹੁਤ ਸੁਰੱਖਿਅਤ ਵੈਕਸੀਨਜ਼ ਹਨ।
ਅਜਿਹੀ ਸਥਿਤੀ 'ਚ ਲੋਕਾਂ ਦੇ ਮਨਾਂ 'ਚ ਇੱਕ ਆਮ ਸਵਾਲ ਉੱਠ ਰਿਹਾ ਹੈ ਕਿ ਕੀ ਬੱਚਿਆਂ ਨੂੰ ਦਿੱਤੀ ਜਾਣ ਵਾਲੀ ਵੈਕਸੀਨ ਇਹੀ ਹੈ ਜਾਂ ਫਿਰ ਕੋਈ ਹੋਰ ਹੈ?

ਤਸਵੀਰ ਸਰੋਤ, Getty Images
ਆਈਸੀਐਮਆਰ ਦੇ ਸਾਬਕਾ ਡਾਇਰੈਕਟਰ ਜਨਰਲ ਗਾਂਗੁਲੀ ਦਾ ਮੰਨਣਾ ਹੈ ਕਿ ਇਹ ਉਹੀ ਟੀਕਾ ਹੈ ਜੋ ਪਹਿਲਾਂ ਵੱਡਿਆਂ ਨੂੰ ਦਿੱਤਾ ਗਿਆ ਸੀ।
ਉਹ ਕਹਿੰਦੇ ਹਨ, "ਇਹ ਕੋਈ ਵੱਖਰੀ ਵੈਕਸੀਨ ਨਹੀਂ ਹੈ। ਵੈਕਸੀਨ ਪਹਿਲਾਂ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਦਿੱਤੀ ਜਾਂਦੀ ਹੈ ਅਤੇ ਫਿਰ ਉਸ ਨੂੰ ਹੀ ਉਮਰ ਸਮੂਹ ਦੇ ਅਨੁਸਾਰ ਵੰਡ ਦਿੱਤਾ ਜਾਂਦਾ ਹੈ। ਕਿਉਂਕਿ ਵਡੇਰੀ ਉਮਰ ਦੇ ਲੋਕਾਂ 'ਚ ਰੋਗ ਪ੍ਰਤੀਰੋਧਕ ਸ਼ਕਤੀ ਜ਼ਿਆਦਾ ਨਹੀਂ ਹੁੰਦੀ ਹੈ।"
"ਇਸ ਤੋਂ ਬਾਅਦ ਜਦੋਂ ਵੈਕਸੀਨ ਦੀ ਸੁਰੱਖਿਆ ਅਤੇ ਪ੍ਰਭਾਵ ਸਬੰਧੀ ਅੰਕੜੇ ਹਾਸਲ ਹੋ ਜਾਂਦੇ ਹਨ ਤਾਂ ਉਸ ਤੋਂ ਬਾਅਦ ਇਹ ਅਤਿਸੰਵੇਦਨਸ਼ੀਲ ਆਬਾਦੀ ਜਿਵੇਂ ਕਿ ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਦਿੱਤੀ ਜਾਂਦੀ ਹੈ। ਬੱਚਿਆਂ 'ਚ ਵੀ ਸਭ ਤੋਂ ਪਹਿਲਾਂ ਅੱਲ੍ਹੜ ਉਮਰ ਦੇ ਬੱਚਿਆਂ ਨੂੰ ਵੈਕਸੀਨ ਲਗਾਈ ਜਾਂਦੀ ਹੈ ਅਤੇ ਫਿਰ ਵਾਰੀ ਆਉਂਦੀ ਹੈ ਛੋਟੇ ਬੱਚਿਆਂ ਦੀ।"
"ਦੋ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਆਮ ਤੌਰ 'ਤੇ ਵੈਕਸੀਨ ਨਹੀਂ ਦਿੱਤੀ ਜਾਂਦੀ ਕਿਉਂਕਿ ਉਨ੍ਹਾਂ ਨੂੰ ਪਲੇਸੈਂਟਾ ਅਤੇ ਮਾਂ ਦੇ ਦੁੱਧ ਤੋਂ ਇਹ ਹਾਸਲ ਹੋ ਜਾਂਦੀ ਹੈ। ਇੱਕ ਅੱਧੀ ਵਾਰ ਹੋਇਆ ਹੈ ਕਿ ਇੱਕ ਸਾਲ ਤੋਂ ਘੱਟ ਉਮਰ ਦੇ ਬੱਚਿਆਂ 'ਤੇ ਵੈਕਸੀਨ ਟ੍ਰਾਇਲ ਕੀਤਾ ਗਿਆ ਹੋਵੇ, ਪਰ ਇਹ ਆਮ ਨਹੀਂ ਹੈ।"
"ਛੋਟੀ ਉਮਰ ਦੇ ਬੱਚੇ ਆਮ ਤੌਰ 'ਤੇ ਘਰ 'ਚ ਹੀ ਰਹਿੰਦੇ ਹਨ, ਘਰ ਦਾ ਹੀ ਖਾਂਦੇ-ਪੀਂਦੇ ਹਨ, ਇਸ ਕਾਰਨ ਹੀ ਇਹ ਪ੍ਰਕਿਰਿਆ ਅਪਣਾਈ ਜਾਂਦੀ ਹੈ, ਪਰ ਵੈਕਸੀਨ ਉਹੀ ਹੁੰਦੀ ਹੈ ਜੋ ਵੱਡਿਆਂ ਨੂੰ ਦਿੱਤੀ ਜਾਂਦੀ ਹੈ।"
ਇਹ ਵੀ ਪੜ੍ਹੋ:
ਬੱਚਿਆਂ ਨੂੰ ਲਗਾਈ ਜਾਣ ਵਾਲੀ ਵੈਕਸੀਨ ਦੇ ਕਲੀਨਿਕਲ ਟ੍ਰਾਇਲ ਸਬੰਧੀ ਵੀ ਲੋਕਾਂ 'ਚ ਬਹੁਤ ਉਤਸੁਕਤਾ ਹੈ ਕਿ ਇਸ ਪ੍ਰਕਿਰਿਆ ਲਈ ਬੱਚਿਆਂ ਦੀ ਚੋਣ ਕਿਵੇਂ ਕੀਤੀ ਜਾਂਦੀ ਹੈ।
ਵੱਡਿਆਂ ਨਾਲੋਂ ਕਿਵੇਂ ਵੱਖਰਾ ਹੈ ਬੱਚਿਆਂ ਦਾ ਕਲੀਨਿਕਲ ਟ੍ਰਾਇਲ?
ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਨਾਲ ਜੁੜੇ ਡਾ. ਸੰਜੈ ਕੁਮਾਰ ਰਾਏ ਨੇ ਇੱਕ ਨਿੱਜੀ ਟੀਵੀ ਚੈਨਲ ਨਾਲ ਗੱਲਬਾਤ ਕਰਦਿਆਂ ਕਲੀਨਿਕਲ ਟ੍ਰਾਇਲ ਦੀ ਪੂਰੀ ਪ੍ਰਕਿਰਿਆ ਬਾਰੇ ਦੱਸਿਆ ਹੈ।
ਉਨ੍ਹਾਂ ਦਾ ਕਹਿਣਾ ਹੈ, "ਇਸ ਪ੍ਰਕਿਰਿਆ ਦੇ ਤਹਿਤ ਸਿਹਤਮੰਦ ਵਲੰਟੀਅਰ ਭਾਵ ਆਪਣੀ ਮਰਜ਼ੀ ਨਾਲ ਵੈਕਸੀਨ ਲੈਣ ਵਾਲੇ ਬੱਚਿਆਂ ਨੂੰ ਲਿਆ ਜਾਂਦਾ ਹੈ। ਅਸੀਂ ਇਹ ਵੇਖਦੇ ਹਾਂ ਕਿ ਜੋ ਬੱਚੇ ਸਵੈ-ਇੱਛਾ ਨਾਲ ਅੱਗੇ ਆ ਰਹੇ ਹਨ, ਉਹ ਸਿਹਤ ਪੱਖੋਂ ਤੰਦਰੁਸਤ ਤਾਂ ਹਨ। ਉਨ੍ਹਾਂ ਦੀ ਕੁਝ ਜਾਂਚ ਵੀ ਕੀਤੀ ਜਾਂਦੀ ਹੈ। ਜਾਂਚ 'ਚ ਸਭ ਕੁਝ ਸਹੀ ਪਾਏ ਜਾਣ ਤੋਂ ਬਾਅਦ ਹੀ ਬੱਚਿਆਂ ਨੂੰ ਵੈਕਸੀਨ ਦਿੱਤੀ ਜਾਂਦੀ ਹੈ।''
''ਇਸ ਪ੍ਰਕਿਰਿਆ ਦਾ ਸਕ੍ਰੀਨਿੰਗ ਪੜਾਅ ਸ਼ੁਰੂ ਹੋਇਆ ਹੈ। ਇਸ ਤੋਂ ਬਾਅਦ ਸਿਹਤਮੰਦ ਪਾਏ ਗਏ ਬੱਚਿਆਂ ਦਾ ਟੀਕਾਕਰਨ ਹੋਵੇਗਾ। ਬਾਲਗਾਂ ਲਈ ਵੀ ਇਹੀ ਪ੍ਰਕਿਰਿਆ ਹੁੰਦੀ ਹੈ। ਵੈਕਸੀਨ ਦੀ ਪ੍ਰਕਿਰਿਆ 'ਚ ਕੋਈ ਅੰਤਰ ਨਹੀਂ ਹੈ। ਹਾਲਾਂਕਿ ਸਹਿਮਤੀ ਅਤੇ ਪ੍ਰੋਸੈਸਿੰਗ 'ਚ ਅੰਤਰ ਜ਼ਰੂਰ ਹੁੰਦਾ ਹੈ।"

ਤਸਵੀਰ ਸਰੋਤ, Getty Images
ਬੱਚਿਆਂ 'ਤੇ ਕੀਤੇ ਜਾ ਰਹੇ ਕਲੀਨਿਕਲ ਟ੍ਰਾਇਲ ਦੀ ਗੰਭੀਰਤਾ ਬਾਰੇ ਗੱਲ ਕਰਦਿਆਂ ਡਾ. ਗਾਂਗੁਲੀ ਦਾ ਕਹਿਣਾ ਹੈ ਕਿ ਇਹ ਅਧਿਐਨ ਨਿਰਧਾਰਤ ਨਿਯਮਾਂ ਅਨੁਸਾਰ ਹੀ ਕੀਤਾ ਜਾਣਾ ਚਾਹੀਦਾ ਹੈ।
ਚੀਨ ਦੀ ਉਦਾਹਰਣ ਦਿੰਦਿਆਂ ਉਹ ਕਹਿੰਦੇ ਹਨ, "ਚੀਨ ਨੇ ਬਹੁਤ ਜਲਦਬਾਜ਼ੀ 'ਚ ਅਧਿਐਨ ਨੂੰ ਅੱਗੇ ਵਧਾਉਂਦਿਆਂ 2-15 ਸਾਲ ਦੇ 300-400 ਬੱਚਿਆਂ 'ਤੇ ਕਲੀਨਿਕਲ ਟ੍ਰਾਇਲ ਕਰਨਾ ਸ਼ੂਰੂ ਕਰ ਦਿੱਤਾ। ਇਹ ਦੋ ਸਮੂਹਾਂ 'ਚ ਵੀ ਨਹੀਂ ਕੀਤਾ ਗਿਆ। ਇਸ ਤਰ੍ਹਾਂ ਦਾ ਅਧਿਐਨ ਨਹੀਂ ਹੋਣਾ ਚਾਹੀਦਾ ਹੈ।"
ਪਿਛਲੇ ਸਾਲ ਭਾਰਤ 'ਚ ਬਾਲਗਾਂ ਦੀ ਆਬਾਦੀ ਨੂੰ ਵੈਕਸੀਨ ਦੇਣ ਲਈ ਨਿਯਮਾਂ 'ਚ ਕੁਝ ਤਬਦੀਲੀ ਕੀਤੀ ਗਈ ਸੀ, ਜਿਸ ਤੋਂ ਬਾਅਦ ਸਰਕਾਰ ਨੂੰ ਕਾਫ਼ੀ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ ਸੀ।
ਅਜਿਹੇ 'ਚ ਸਵਾਲ ਪੈਦਾ ਹੁੰਦਾ ਹੈ ਕਿ ਨਿਯਮਾਂ ਅਨੁਸਾਰ ਇਹ ਟ੍ਰਾਇਲ ਕਦੋਂ ਤੱਕ ਮੁਕੰਮਲ ਹੋ ਸਕਦੇ ਹਨ?
ਟ੍ਰਾਇਲ ਕਦੋਂ ਤੱਕ ਹੋਣਗੇ ਪੂਰੇ?
ਡਾ. ਸੰਜੈ ਰਾਏ ਦਾ ਮੰਨਣਾ ਹੈ ਕਿ ਕਲੀਨਿਕਲ ਟ੍ਰਾਇਲ ਦੇ ਨਤੀਜੇ ਆਉਣ 'ਚ ਅਜੇ ਕੁਝ ਮਹੀਨਿਆਂ ਦਾ ਸਮਾਂ ਲੱਗ ਸਕਦਾ ਹੈ।
ਉਹ ਕਹਿੰਦੇ ਹਨ, "ਅਜੇ ਤਾਂ 6 ਤੋਂ 9 ਮਹੀਨਿਆਂ ਤੱਕ ਇੰਨ੍ਹਾਂ ਬੱਚਿਆਂ ਦੀ ਸਿਹਤ ਦੀ ਨਿਗਰਾਨੀ ਕੀਤੀ ਜਾਵੇਗੀ। ਇਸ ਤਰ੍ਹਾਂ ਦੀ ਵੀ ਸੰਭਾਵਨਾ ਮੌਜੂਦ ਹੈ ਕਿ ਇਹ ਵੈਕਸੀਨ ਪ੍ਰਭਾਵਸ਼ਾਲੀ ਹੀ ਨਾ ਹੋਵੇ। ਇਹ ਵੀ ਹੋ ਸਕਦਾ ਹੈ ਕਿ ਇਹ ਬਹੁਤ ਪ੍ਰਭਾਵਸ਼ਾਲੀ ਨਿਕਲੇ। ਹੋ ਸਕਦਾ ਹੈ ਕਿ ਇਹ ਸੁਰੱਖਿਅਤ ਨਾ ਹੋਵੇ। ਹਾਲਾਂਕਿ ਬਾਲਗਾਂ 'ਚ ਇਹ ਵੈਕਸੀਨ ਸੁਰੱਖਿਅਤ ਰਹੀ ਹੈ।''

ਤਸਵੀਰ ਸਰੋਤ, Getty Images
''ਬੱਚਿਆਂ 'ਚ ਸੁਰੱਖਿਆ ਨੂੰ ਲੈ ਕੇ ਕੋਈ ਚਿੰਤਾ ਨਜ਼ਰ ਨਹੀਂ ਆਉਂਦੀ। ਪਰ ਜਦੋਂ ਤੱਕ ਸਬੂਤ ਨਹੀਂ ਮਿਲਦੇ, ਉਦੋਂ ਤੱਕ ਇਹ ਨਹੀਂ ਕਿਹਾ ਜਾ ਸਕਦਾ ਹੈ ਕਿ ਇਹ ਵੈਕਸੀਨ ਬੱਚਿਆਂ ਲਈ ਸੁਰੱਖਿਅਤ ਹੈ।"
"ਅਜਿਹੀ ਸਥਿਤੀ 'ਚ ਡਾਟਾ ਹਾਸਲ ਹੋਣ ਤੋਂ ਬਾਅਦ ਹੀ ਕੁਝ ਵੀ ਕਿਹਾ ਜਾ ਸਕਦਾ ਹੈ ਅਤੇ ਫਿਰ ਹੀ ਨਿਯਾਮਕ ਸੰਸਥਾਵਾਂ ਵੈਕਸੀਨ ਨੂੰ ਮਨਜ਼ੂਰੀ ਦਿੰਦਿਆਂ ਹਨ। ਜਦੋਂ ਅਸੀਂ ਇਹ ਸਾਬਤ ਕਰ ਦੇਵਾਂਗੇ ਕਿ ਇਹ ਵੈਕਸੀਨ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹੈ, ਤਾਂ ਹੀ ਅਸੀਂ ਇਸ ਨੂੰ ਨਿਯਾਮਕ ਸੰਸਥਾਵਾਂ ਅੱਗੇ ਪੇਸ਼ ਕਰਾਂਗੇ। ਫਿਰ ਜੇ ਉਨ੍ਹਾਂ ਨੂੰ ਲੱਗਦਾ ਹੈ ਕਿ ਡਾਟਾ ਸਹੀ ਹੈ ਤਾਂ ਉਹ ਉਸ ਨੂੰ ਹਰੀ ਝੰਡੀ ਦੇ ਸਕਦੇ ਹਨ।"
ਵੈਕਸੀਨ ਕਦੋਂ ਤੱਕ ਆਵੇਗੀ?
ਭਾਰਤ ਦੇ ਕਈ ਸੂਬੇ ਅਜੇ ਵੀ ਵੈਕਸੀਨ ਨਾ ਮਿਲਣ ਦੀ ਸਮੱਸਿਆ ਨਾਲ ਜੂਝ ਰਹੇ ਹਨ। ਇਸ ਬਾਰੇ ਕੇਂਦਰ ਅਤੇ ਸੂਬਿਆਂ ਦਰਮਿਆਨ ਤਣਾਅ ਦੀ ਸਥਿਤੀ ਬਣ ਰਹੀ ਹੈ।
ਵੈਕਸੀਨ ਉਪਲਬਧ ਨਾ ਹੋਣ ਕਰਕੇ ਕੇਂਦਰ ਸਰਕਾਰ ਆਮ ਜਨਤਾ ਤੋਂ ਲੈ ਕੇ ਵਿਰੋਧੀ ਧਿਰਾਂ ਵੱਲੋਂ ਪਾਏ ਜਾ ਰਹੇ ਦਬਾਅ ਦਾ ਸਾਹਮਣਾ ਕਰ ਰਹੀ ਹੈ।
ਅਜਿਹੇ 'ਚ ਸਵਾਲ ਉੱਠਦਾ ਹੈ ਕਿ ਜਦੋਂ ਬੱਚਿਆਂ ਦੇ ਟ੍ਰਾਇਲ ਦੇ ਨਤੀਜੇ ਆਉਣ 'ਚ ਕਈ ਮਹੀਨਿਆਂ ਦਾ ਸਮਾਂ ਲੱਗ ਰਿਹਾ ਹੈ ਤਾਂ ਵੈਕਸੀਨ ਉਪਲਬਧ ਹੋਣ 'ਚ ਕਿੰਨ੍ਹਾਂ ਸਮਾਂ ਲੱਗੇਗਾ।

ਤਸਵੀਰ ਸਰੋਤ, Getty Images
ਨੀਤੀ ਆਯੋਗ ਨਾਲ ਜੁੜੇ ਵੀ ਕੇ ਪੌਲ ਮੁਤਾਬਕ ਬੱਚਿਆਂ ਦੀ ਵੈਕਸੀਨ ਜਲਦੀ ਹੀ ਉਪਲਬਧ ਹੋ ਜਾਵੇਗੀ।
ਪਰ ਡਾ. ਗਾਂਗੁਲੀ ਦਾ ਮੰਨਣਾ ਹੈ ਕਿ ਬੱਚਿਆਂ ਨੂੰ ਵੈਕਸੀਨ ਦਿੱਤੇ ਜਾਣ ਦੀ ਪ੍ਰਕਿਰਿਆ 'ਚ ਕਿਸੇ ਵੀ ਤਰ੍ਹਾਂ ਦੀ ਜਲਦਬਾਜ਼ੀ ਨਹੀਂ ਹੋਣੀ ਚਾਹੀਦੀ ਹੈ।
ਉਨ੍ਹਾਂ ਦਾ ਕਹਿਣਾ ਹੈ, "ਬੱਚਿਆਂ ਦੀ ਵੈਕਸੀਨ ਦੇ ਮਾਮਲੇ 'ਚ ਕਿਸੇ ਵੀ ਤਰ੍ਹਾਂ ਦੀ ਜਲਦਬਾਜ਼ੀ ਨਹੀਂ ਕੀਤੀ ਜਾਣੀ ਚਾਹੀਦੀ ਹੈ ਅਤੇ ਜਦੋਂ ਤੱਕ ਦੇਸ਼ ਦੇ ਬੱਚਿਆਂ ਲਈ ਵੈਕਸੀਨ ਦੀਆਂ ਲੋੜੀਂਦੀਆਂ ਖੁਰਾਕਾਂ ਉਪਲਬਧ ਨਹੀਂ ਹੋ ਜਾਂਦੀਆਂ, ਉਦੋਂ ਤੱਕ ਇਸ ਪ੍ਰਕਿਰਿਆ ਨੂੰ ਸ਼ੂਰੂ ਕਰਨ ਤੋਂ ਪਰਹੇਜ਼ ਹੀ ਕੀਤਾ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












