ਗੂਗਲ ਨੂੰ ਭਾਰਤੀ ਭਾਸ਼ਾ ਨੂੰ ਲੈ ਕੇ ਲੋਕਾਂ ਤੋਂ ਮਾਫ਼ੀ ਕਿਉਂ ਮੰਗਣੀ ਪਈ - ਪ੍ਰੈੱਸ ਰਿਵੀਊ

ਗੂਗਲ ’ਤੇ ਸਭ ਤੋਂ ਭੱਦੀ ਭਾਰਤੀ ਭਾਸ਼ਾ ਪੁੱਛੇ ਜਾਣ 'ਤੇ ਨਤੀਜੇ ਵਜੋਂ ਵੀਰਵਾਰ ਨੂੰ ਭਾਰਤੀ ਭਾਸ਼ਾ ਕੰਨੜ ਦਿਖ ਰਹੀ ਸੀ।

ਇਕਨਾਮਿਕ ਟਾਈਮਜ਼ ਦੀ ਖ਼ਬਰ ਮੁਤਾਬਕ ਇਸ ਤੋਂ ਬਾਅਦ ਕੰਨੜ ਭਾਸ਼ੀਆਂ ਨੇ ਸੋਸ਼ਲ ਮੀਡੀਆ 'ਤੇ ਇਸ ਦੀ ਸਰਚ ਰਿਜ਼ਲਟ ਦੇ ਸਕਰੀਨਸ਼ਾਟ ਸ਼ੇਅਰ ਕੀਤੇ।

ਇਸਦੇ ਨਾਲ ਹੀ ਉਨ੍ਹਾਂ ਨੇ 2000 ਸਾਲ ਤੋਂ ਜ਼ਿਆਦਾ ਪੁਰਾਣੀ ਇਸ ਭਾਸ਼ਾ ਦੀ ਬੇਇੱਜ਼ਤੀ ਕਰਨ ਲਈ ਕੰਪਨੀ ਦੀ ਆਲੋਚਨਾ ਕੀਤੀ।

ਇੱਥੋਂ ਤੱਕ ਕਿ ਕਰਨਾਟਕ ਸਰਕਾਰ ਨੇ ਗੂਗਲ ਨੂੰ ਕਾਨੂੰਨੀ ਨੋਟਿਸ ਭੇਜਣ ਦੀ ਗੱਲ ਵੀ ਕਹਿ ਦਿੱਤੀ।

ਇਹ ਵੀ ਪੜ੍ਹੋ:

ਵੀਰਵਾਰ ਨੂੰ ਆਮ ਲੋਕਾਂ ਤੋਂ ਇਲਾਵਾ ਦੱਖਣੀ ਭਾਰਤ ਦੇ ਕਈ ਆਗੂਆਂ ਨੇ ਵੀ ਇਸ ਸਰਚ ਨਤੀਜੇ ਦੀ ਆਲੋਚਨਾ ਕੀਤੀ।

ਬਾਅਦ ਵਿੱਚ ਗੂਗਲ ਨੇ ਟਵਿੱਟਰ 'ਤੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਸਰਚ ਨਤੀਜੇ ਹਮੇਸ਼ਾ ਸਟੀਕ ਨਹੀਂ ਹੁੰਦੇ ਅਤੇ ਕਦੇ-ਕਦੇ ਇੰਟਰਨੈਟ 'ਤੇ ਜਿਸ ਕਿਸਮ ਦੀ ਸਮਗੱਰੀ ਤਲਾਸ਼ੀ ਜਾ ਰਹੀ ਹੁੰਦੀ ਹੈ ਉਸ ਨਾਲ ਗੈਰਸਧਾਰਣ ਸਵਾਲਾਂ ਦੇ ਹੈਰਾਨ ਕਰਨ ਵਾਲੇ ਜਵਾਬ ਮਿਲ ਸਕਦੇ ਹਨ।

"ਅਸੀਂ ਜਾਣਦੇ ਹਾਂ ਕਿ ਇਹ ਆਦਰਸ਼ ਸਥਿਤੀ ਹੈ ਪਰ ਜਦੋਂ ਸਾਨੂੰ ਅਜਿਹੇ ਕਿਸੇ ਮਾਮਲੇ ਦੀ ਜਾਣਕਾਰੀ ਮਿਲਦੀ ਹੈ ਤਾਂ ਅਸੀਂ ਫਟਾਫਟ ਉਸ ਵਿੱਚ ਸੁਧਾਰ ਕਰਨ ਵਿੱਚ ਲੱਗ ਜਾਂਦੇ ਹਾਂ ਅਤੇ ਅਸੀਂ ਆਪਣੇ ਐਲਗੋਰਿਧਮ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਕੰਮ ਕਰ ਰਹੇ ਹਾਂ।"

ਸੁਭਾਵਿਕ ਤੌਰ 'ਤੇ, ਇਹ ਗੂਗਲ ਦੀ ਰਾਇ ਨਹੀਂ ਦਰਸਾਉਂਦਾ ਹੈ ਅਤੇ ਅਸੀਂ ਗ਼ਲਤਫਹਿਮੀ ਅਤੇ ਕਿਸੇ ਦੀਆਂ ਵੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਮਾਫ਼ੀ ਚਾਹੁੰਦੇ ਹਾਂ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਨਿੱਜੀ ਹਸਪਤਾਲਾਂ ਨੂੰ ਟੀਕਾ ਵੇਚਣ 'ਤੇ ਭਾਜਪਾ ਦਾ ਕੈਪਟਨ 'ਤੇ ਹਮਲਾ

ਸ਼ੁੱਕਰਵਾਰ ਨੂੰ ਪੰਜਾਬ ਸਰਕਾਰ ਨੇ ਨਿੱਜੀ ਹਸਪਤਾਲਾਂ ਨੂੰ ਕੋਵਿਡ ਵੈਕਸੀਨ ਵੇਚਣ ਦਾ ਆਪਣਾ ਫ਼ੈਸਲਾ ਵਾਪਸ ਲੈ ਲਿਆ। ਹਾਲਾਂਕਿ, ਉਸ ਤੋਂ ਪਹਿਲਾਂ ਸਰਕਾਰ ਵਿਰੋਧੀਆਂ ਦੇ ਹਮਲਿਆਂ ਵਿੱਚ ਘਿਰੀ ਨਜ਼ਰ ਆਈ।

ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਭਾਜਪਾ ਆਗੂ ਅਤੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਲੋਕਾਂ ਦੀਆਂ ਉਮੀਦਾਂ ਦਾ ਮਾਣ ਨਾ ਰੱਖ ਕੇ ਅਤੇ ਉਨ੍ਹਾਂ ਨੂੰ ਕੋਵਿਡ-19 ਕਾਲ ਵਿੱਚ ਅਸਫ਼ਲ ਕਰ ਕੇ ਸਰਕਾਰ ਪਾਪ ਕਮਾ ਰਹੀ ਹੈ।"

ਪੰਜਾਬ ਤੋਂ ਖ਼ਤਰਨਾਕ ਰਿਪੋਰਟਾਂ ਆਈਆਂ ਹਨ ਕਿ ਸੂਬਾ ਸਰਕਾਰ ਨੇ ਕੋਵੈਕਸੀਨ ਦੀਆਂ 1,40,000 ਖ਼ੁਰਾਕਾਂ ਚਾਰ ਸੌ ਰੁਪਏ ਦੇ ਹਿਸਾਬ ਨਾਲ ਖ਼ਰੀਦੀਆਂ ਅਤੇ 20 ਨਿੱਜੀ ਹਸਪਤਾਲਾਂ ਨੂੰ 1060 ਰੁਪਏ ਦੀਆਂ ਵੇਚ ਦਿੱਤੀਆਂ।

ਉਨ੍ਹਾਂ ਨੇ ਕੇਂਦਰ ਦੀ ਕੋਵਿਡ ਟੀਕਾਕਰਨ ਨੀਤੀਆਂ ਦੀ ਲਗਾਤਾਰ ਆਲੋਚਨਾ ਕਰਦੇ ਰਹਿਣ ਵਾਲੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਵੀ ਨਿਸ਼ਾਨੇ 'ਤੇ ਲਿਆ ਅਤੇ ਕਿਹਾ ਕਿ ਕੋਵਡਿ ਟੀਕਾਕਰਨ ਨੀਤੀਆਂ ਬਾਰੇ ਦੂਜਿਆਂ ਨੂੰ ਸਲਾਹਾਂ ਦੇਣ ਤੋਂ ਪਹਿਲਾਂ ਉਹ ਆਪਣਾ ਘਰ ਠੀਕ ਕਰ ਲੈਣ।

ਪੰਜਾਬ ਸਰਕਾਰ ਨੇ 23 ਅਨਾਥ ਬੱਚਿਆਂ ਦੀ ਪਛਾਣ ਕੀਤੀ

ਪੰਜਾਬ ਦੀ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਅਰੁਣਾ ਚੌਧਰੀ ਨੇ ਕਿਹਾ ਹੈ ਕਿ ਮੁੱਖ ਮੰਤਰੀ ਦੀਆਂ ਹਦਾਇਤਾਂ ਤੋਂ ਬਾਅਦ ਵਿਭਾਗ ਨੇ ਸੂਬੇ ਵਿੱਚ 23 ਅਜਿਹੇ ਬੱਚਿਆਂ ਦੀ ਨਿਸ਼ਾਨਦੇਹੀ ਕੀਤੀ ਹੈ ਜੋ 31 ਮਾਰਚ ਤੋਂ 31 ਮਈ ਦੇ ਅਰਸੇ ਦੌਰਾਨ ਕੋਰੋਨਾਵਾਇਰਸ ਮਹਾਮਾਰੀ ਕਾਰਨ ਅਨਾਥ ਹੋਏ ਹਨ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਇਸ ਵਿੱਚ ਉਹ ਬੱਚੇ ਵੀ ਸ਼ਾਮਲ ਹਨ ਜਿਨ੍ਹਾਂ ਦੇ ਇੱਕ ਮਾਪੇ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਸੀ ਅਤੇ ਕੋਵਿਡ ਕਾਰਨ ਦੂਜੇ ਦੀ ਜਾਨ ਵੀ ਚਲੀ ਗਈ। ਉਹ ਬੱਚੇ ਵੀ ਹਨ ਜਿਨ੍ਹਾਂ ਦੇ ਦੋਵਾਂ ਮਾਪਿਆਂ ਦੀ ਜਾਨ ਕੋਵਿਡ ਕਾਰਨ ਗਈ ਹੈ।

ਮੰਤਰੀ ਨੇ ਕਿਹਾ ਕਿ ਸਾਰਿਆਂ ਮਾਮਲਿਆਂ ਵਿੱਚ ਹੀ ਸਮਾਜਿਕ ਜਾਂਚ ਕੀਤੀ ਜਾ ਰਹੀ ਹੈ, ਬੱਚਿਆਂ ਅਤੇ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਦੇ ਬਿਆਨ ਲਏ ਜਾ ਰਹੇ ਹਨ। ਫਿਰ ਹੀ ਕੋਈ ਫ਼ੈਸਲਾ ਲਿਆ ਜਾਵੇਗਾ।

ਮੰਤਰੀ ਨੇ ਇਹ ਵੀ ਦੱਸਿਆ ਕਿ ਅਨਾਥ ਹੋਏ ਬੱਚਿਆਂ ਨੂੰ ਪਹਿਲੀ ਜੁਲਾਈ 2021 ਤੋਂ 1500 ਰੁਪਏ ਸਮਾਜਿਕ ਸੁਰੱਖਿਆ ਭੱਤਾ ਅਤੇ ਗਰੈਜੂਏਸ਼ਨ ਤੱਕ ਮੁਫ਼ਤ ਪੜ੍ਹਾਈ ਮੁਹੱਈਆ ਕਰਵਾਈ ਜਾਵੇਗੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)