ਸਪਰਮ ਵ੍ਹੇਲ ਦੀ ਉਲਟੀ ਇਸ ਲਈ ਵਿਕਦੀ ਹੈ ਸੋਨੇ ਤੋਂ ਵੀ ਮਹਿੰਗੀ

    • ਲੇਖਕ, ਜੈਦੀਪ ਵਸੰਤ
    • ਰੋਲ, ਬੀਬੀਸੀ ਗੁਜਰਾਤੀ

ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਕਿਸੇ ਜਾਨਵਰ ਦੀਆਂ ਉਲਟੀਆਂ ਸੋਨੇ ਤੋਂ ਵੀ ਕੀਮਤੀ ਹੋ ਸਕਦੀਆਂ ਹਨ। ਇਹ ਇੱਕ ਕਰੋੜ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੀ ਵਿਕ ਸਕਦੀ ਹੈ?

ਜੀ ਹਾਂ, ਅਜਿਹਾ ਹੋ ਸਕਦਾ ਹੈ, ਜੇਕਰ ਇਹ ਉਲਟੀ ਸਪਰਮ ਵ੍ਹੇਲ ਦੀ ਹੋਵੇ। ਅਹਿਮਦਾਬਾਦ ਦੀ ਪੁਲਿਸ ਨੇ ਹਾਲ ਹੀ ਵਿੱਚ ਸਪਰਮ ਵ੍ਹੇਲ ਦੀ ਸਾਢੇ ਪੰਜ ਕਿਲੋ ਉਲਟੀ (ਐਮਬਗਰਿਸ) ਨਾਲ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਇਸ ਦੀ ਅਨੁਮਾਨਤ ਕੀਮਤ ਲਗਭਗ ਸੱਤ ਕਰੋੜ ਰੁਪਏ ਹੈ।

ਪੁਲਿਸ ਅਤੇ ਵਣ ਵਿਭਾਗ ਨੂੰ ਉਮੀਦ ਹੈ ਕਿ ਤਿੰਨੋਂ ਗ੍ਰਿਫ਼ਤਾਰ ਮੁਲਜ਼ਮਾਂ ਦੀ ਜਾਣਕਾਰੀ ਦੇ ਆਧਾਰ 'ਤੇ ਗੁਜਰਾਤ ਵਿੱਚ ਸਮੁੰਦਰੀ ਜੀਵਾਂ ਅਤੇ ਉਨ੍ਹਾਂ ਦੇ ਅੰਗਾਂ ਦੇ ਗੈਰ ਕਾਨੂੰਨੀ ਕਾਰੋਬਾਰ ਬਾਰੇ ਹੋਰ ਜਾਣਕਾਰੀ ਸਾਹਮਣੇ ਆ ਸਕੇਗੀ।

ਇਹ ਵੀ ਪੜ੍ਹੋ:

ਗੁਜਰਾਤ ਵਿੱਚ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਪਹਿਲਾਂ ਮੁੰਬਈ ਅਤੇ ਚੇਨਈ ਵਿੱਚ ਵੱਡੀ ਮਾਤਰਾ ਵਿੱਚ ਐਮਬਗਰਿਸ ਬਰਾਮਦ ਹੋਇਆ ਸੀ। ਉੱਥੋਂ ਹੀ ਪਤਾ ਲੱਗਿਆ ਕਿ ਇਸ ਧੰਦੇ ਵਿੱਚ ਗੁਜਰਾਤ ਦੇ ਵੀ ਕੁਝ ਲੋਕ ਸ਼ਾਮਲ ਹਨ।

ਚੀਨ ਵਿੱਚ ਐਮਬੇਗ੍ਰਸ ਦੀ ਵਰਤੋਂ ਕਾਮ ਸਮਰੱਥਾਂ ਵਧਾਉਣ ਵਾਲੀਆਂ ਦਵਾਈਆਂ ਬਣਾਉਣ ਵਿੱਚ ਹੁੰਦੀ ਹੈ, ਜਦੋਂਕਿ ਅਰਬ ਦੇਸ਼ਾਂ ਵਿੱਚ ਇਸ ਨਾਲ ਆਲ੍ਹਾ ਦਰਜੇ ਦਾ (ਪਰਫਿਊਮ) ਤਿਆਰ ਕੀਤਾ ਜਾਂਦਾ ਹੈ।

ਸਪਰਮ ਵ੍ਹੇਲ ਅਤੇ ਐਮਬਗਰਿਸ

ਜਦੋਂ ਸਪਰਮ ਵ੍ਹੇਲ ਕਿਸੇ ਕਟਲਫਿਸ਼, ਔਕਟੋਪਸ ਅਤੇ ਜਾਂ ਕਿਸੇ ਦੂਜੇ ਸਮੁੰਦਰੀ ਜੀਵ ਨੂੰ ਖਾਂਦੀ ਹੈ ਤਾਂ ਇਸ ਦੇ ਪਾਚਨਤੰਤਰ ਤੋਂ ਇੱਕ ਖਾਸ ਤਰ੍ਹਾਂ ਦਾ ਰਿਸਾਅ ਹੁੰਦਾ ਹੈ ਤਾਂ ਕਿ ਸ਼ਿਕਾਰ ਦੇ ਨੋਕੀਲੇ ਅੰਗ ਅਤੇ ਦੰਦ ਉਸ ਦੇ ਸਰੀਰ ਨੂੰ ਨੁਕਸਾਨ ਨਾ ਪਹੁੰਚਾ ਸਕਣ।

ਇਸ ਦੇ ਬਾਅਦ ਸਪਰਮ ਵ੍ਹੇਲ ਇਸ ਅਣਚਾਹੇ ਰਿਸਾਅ ਨੂੰ ਉਲਟੀ ਜ਼ਰੀਏ ਆਪਣੇ ਸਰੀਰ ਤੋਂ ਬਾਹਰ ਕੱਢ ਦਿੰਦੀ ਹੈ। ਕੁਝ ਰਿਸਰਚਰਾਂ ਮੁਤਾਬਿਕ ਸਪਰਮ ਵ੍ਹੇਲ ਮਲ ਜ਼ਰੀਏ ਵੀ ਐਮਬਗਰਿਸ ਨੂੰ ਕੱਢਦੀ ਹੈ।

ਇਹੀ ਵਜ੍ਹਾ ਹੈ ਕਿ ਇਸ ਦੇ ਮਲ ਵਿੱਚ ਵ੍ਹੇਲ ਦੇ ਸ਼ਿਕਾਰ ਦੇ ਨੋਕੀਲੇ ਅੰਗ ਵੀ ਮਿਲ ਜਾਂਦੇ ਹਨ। ਵ੍ਹੇਲ ਦੇ ਸਰੀਰ ਤੋਂ ਨਿਕਲਣ ਵਾਲਾ ਇਹ ਰਿਸਾਅ ਸਮੁੰਦਰ ਦੇ ਪਾਣੀ ਵਿੱਚ ਤੈਰਦਾ ਹੈ।

ਸੂਰਜ ਦੀ ਰੌਸ਼ਨੀ ਅਤੇ ਸਮੁੰਦਰ ਦਾ ਖਾਰਾ ਮਿਲਣ ਦੇ ਬਾਅਦ ਐਮਬਗਰਿਸ ਬਣਦਾ ਹੈ। ਸੁਗੰਧਿਤ ਚੀਜ਼ਾਂ ਬਣਾਉਣ ਲਈ ਐਮਬਗਰਿਸ ਕਾਫ਼ੀ ਉਪਯੋਗੀ ਹੁੰਦਾ ਹੈ।

ਐਮਬਗਰਿਸ ਕਾਲੇ, ਸਫ਼ੈਦ ਅਤੇ ਸਲੇਟੀ ਰੰਗ ਦਾ ਤੇਲ ਵਾਲਾ ਪਦਾਰਥ ਹੁੰਦਾ ਹੈ। ਇਹ ਅੰਡਾਕਾਰ ਜਾਂ ਗੋਲਾ ਹੁੰਦਾ ਹੈ। ਸਮੁੰਦਰ ਵਿੱਚ ਤੈਰਦੇ ਰਹਿਣ ਦੌਰਾਨ ਇਹ ਇਸ ਤਰ੍ਹਾਂ ਦਾ ਆਕਾਰ ਲੈ ਲੈਂਦਾ ਹੈ। ਇਹ ਜਲਣਸ਼ੀਲ ਪਦਾਰਥ ਹੈ। ਇਸ ਦੀ ਵਰਤੋਂ ਲਈ ਅਲਕੋਹਲ ਜਾਂ ਈਥਰ ਦੀ ਜ਼ਰੂਰਤ ਹੁੰਦੀ ਹੈ।

ਸਪਰਮ ਵ੍ਹੇਲ ਇਸ ਦੁਨੀਆ ਵਿੱਚ ਦੰਦਾ ਵਾਲਾਂ ਸਭ ਤੋਂ ਵੱਡਾ ਜੀਵ ਹੈ। ਛੋਟੀ 'ਪਿੱਗੀ ਸਪਰਮ ਵ੍ਹੇਲ' ਅਤੇ ਬੇਹੱਦ ਛੋਟੀ 'ਬੌਨੀ ਸਪਰਮ ਵ੍ਹੇਲ' ਵੀ ਹੁੰਦੀ ਹੈ। ਮੰਨਿਆ ਜਾਂਦਾ ਹੈ ਕਿ ਸਪਰਮ ਵ੍ਹੇਲ ਦੇ ਸਿਰ 'ਤੇ ਇੱਕ ਅਜਿਹਾ ਅੰਗ ਹੁੰਦਾ ਹੈ ਜਿਸ ਨੂੰ ਸਪਰਮਸੇਟੀ ਕਹਿੰਦੇ ਹਨ। ਇਸ ਵਿੱਚ ਤੇਲ ਭਰਿਆ ਹੁੰਦਾ ਹੈ।

ਇਹ ਵੀ ਮੰਨਿਆ ਜਾਂਦਾ ਹੈ ਕਿ ਇਹ ਵ੍ਹੇਲ ਦਾ ਵੀਰਜ ਜਾਂ ਸਪਰਮ ਹੁੰਦਾ ਹੈ। ਇਸ ਲਈ ਇਸ ਵ੍ਹੇਲ ਨੂੰ 'ਸਪਰਮ ਵ੍ਹੇਲ' ਕਹਿੰਦੇ ਹਨ। ਇਹ ਅੰਗ ਆਵਾਜ਼ ਦੇ ਸੰਕੇਤਾਂ 'ਤੇ ਧਿਆਨ ਕੇਂਦਰਿਤ ਕਰਦਾ ਹੈ ਜੋ ਸਮੁੰਦਰ ਵਿੱਚ ਉਛਾਲ ਦੌਰਾਨ ਵ੍ਹੇਲ ਦੀ ਮਦਦ ਕਰਦਾ ਹੈ।

ਮਾਹਿਰਾਂ ਮੁਤਾਬਿਕ ਸ਼ੁਰੂਆਤ ਵਿੱਚ ਐਮਬਗਰਿਸ ਦੀ ਗੰਧ ਚੰਗੀ ਨਹੀਂ ਹੁੰਦੀ, ਪਰ ਜਿਵੇਂ-ਜਿਵੇਂ ਇਸ ਦਾ ਹਵਾ ਨਾਲ ਸੰਪਰਕ ਵਧਦਾ ਹੈ, ਇਸ ਦੀ ਗੰਧ ਮਿੱਠੀ ਹੁੰਦੀ ਜਾਂਦੀ ਹੈ। ਐਮਬਗਰਿਸ ਪਰਫਿਊਮ ਦੀ ਸੁੰਗਧ ਨੂੰ ਹਵਾ ਵਿੱਚ ਉੱਡਣ ਤੋਂ ਰੋਕਦਾ ਹੈ। ਇੱਕ ਤਰ੍ਹਾਂ ਨਾਲ ਇਹ ਸਟੈਬਲਾਈਜ਼ਰ ਦਾ ਕੰਮ ਕਰਦਾ ਹੈ ਤਾਂ ਕਿ ਗੰਧ ਹਵਾ ਵਿੱਚ ਉੱਡ ਕੇ ਖਤਮ ਨਾ ਹੋ ਜਾਵੇ।

ਐਮਬਗਰਿਸ ਦੁਰਲੱਭ ਹੈ ਅਤੇ ਇਸ ਲਈ ਇਸ ਦੀ ਕੀਮਤ ਵੀ ਬੇਹੱਦ ਉੱਚੀ ਹੁੰਦੀ ਹੈ। ਇਸ ਨੂੰ ਸਮੁੰਦਰ ਦਾ ਸੋਨਾ ਜਾਂ ਤੈਰਦਾ ਹੋਇਆ ਸੋਨਾ ਵੀ ਕਹਿੰਦੇ ਹਨ। ਇਸ ਦੀ ਕੀਮਤ ਸੋਨੇ ਤੋਂ ਵੀ ਜ਼ਿਆਦਾ ਹੁੰਦੀ ਹੈ। ਅੰਤਰਰਾਸ਼ਟਰੀ ਮਾਰਕੀਟ ਵਿੱਚ ਇਸ ਦੀ ਕੀਮਤ ਡੇਢ ਕਰੋੜ ਰੁਪਏ ਪ੍ਰਤੀ ਕਿਲੋ ਤੱਕ ਹੋ ਸਕਦੀ ਹੈ।

ਜਾਮਨਗਰ ਮਰੀਨ ਨੈਸ਼ਨਲ ਪਾਰਕ ਦੇ ਜੀਫ ਕੰਜ਼ਰਵੇਸ਼ਨ ਅਫ਼ਸਰ ਡੀ. ਟੀ. ਵਾਸਵਦਾ ਕਹਿੰਦੇ ਹਨ, ''ਵਣਜੀਵ ਸੁਰੱਖਿਆ ਕਾਨੂੰਨ ਦੇ ਪ੍ਰਾਵਧਾਨਾਂ ਤਹਿਤ ਸਪਰਮ ਵ੍ਹੇਲ ਸੁਰੱਖਿਅਤ ਜੀਵ ਹੈ।”

“ਲਿਹਾਜਾ ਇਸ ਦਾ ਸ਼ਿਕਾਰ ਜਾਂ ਵਪਾਰ ਕਰਨਾ ਅਪਰਾਧ ਹੈ। ਇਸ ਦੇ ਕਾਨੂੰਨੀ ਕਾਰੋਬਾਰ ਲਈ ਲਾਇਸੈਂਸ ਦੀ ਜ਼ਰੂਰਤ ਹੁੰਦੀ ਹੈ। ਹਾਲ ਹੀ ਵਿੱਚ ਫੜੀ ਗਈ ਐਮਬਗਰਿਸ ਦੀ ਖੇਪ ਕਿੱਥੋਂ ਆਈ ਸੀ, ਇਹ ਪਤਾ ਨਹੀਂ, ਪਰ ਅਰਬ ਦੇਸ਼ਾਂ ਵਿੱਚ ਇਸ ਦੀ ਕਾਫ਼ੀ ਮੰਗ ਰਹਿੰਦੀ ਹੈ। ਅਰਬ ਦੇਸ਼ਾਂ ਵਿੱਚ ਲੋਕ ਇਸ ਦੀ ਉੱਚੀ ਤੋਂ ਉੱਚੀ ਕੀਮਤ ਅਦਾ ਕਰਨ ਲਈ ਤਿਆਰ ਰਹਿੰਦੇ ਹਨ।''

ਹੱਡੀਆਂ, ਤੇਲ ਅਤੇ ਐਮਬਗਰਿਸ ਲਈ ਵ੍ਹੇਲ ਦਾ ਵੱਡੇ ਪੈਮਾਨੇ 'ਤੇ ਸ਼ਿਕਾਰ ਹੁੰਦਾ ਹੈ। ਇਹੀ ਵਜ੍ਹਾ ਹੈ ਕਿ 1970 ਤੋਂ ਹੀ ਯੂਰੋਪ, ਅਮਰੀਕਾ ਅਤੇ ਦੂਜੇ ਪੱਛਮੀ ਦੇਸ਼ਾਂ ਵਿੱਚ ਇਸ ਦੇ ਕਾਰੋਬਾਰ 'ਤੇ ਪਾਬੰਦੀ ਹੈ।

ਗੁਜਰਾਤ ਵਿੱਚ 1,600 ਕਿਲੋਮੀਟਰ ਲੰਬਾ ਸਮੁੰਦਰੀ ਤੱਟ ਹੈ। ਇਹ ਦੇਸ਼ ਦਾ ਸਭ ਤੋਂ ਲੰਬਾ ਸਮੁੰਦਰੀ ਤੱਟ ਹੈ। ਇਹੀ ਵਜ੍ਹਾ ਹੈ ਕਿ ਸਮੁੰਦਰੀ ਜੀਵਾਂ ਅਤੇ ਉਨ੍ਹਾਂ ਦੇ ਅੰਗਾਂ ਦਾ ਗੈਰ ਕਾਨੂੰਨੀ ਕਾਰੋਬਾਰ ਕਰਨ ਵਾਲੇ ਇਨ੍ਹਾਂ ਸਮੁੰਦਰੀ ਤੱਟਾਂ ਦੇ ਇਲਾਕਿਆਂ ਵਿੱਚ ਸਰਗਰਮ ਹਨ।

ਗੁਜਰਾਤ ਦੇ ਇਲਾਵਾ ਐਮਬਗਰਿਸ ਕਦੇ-ਕਦੇ ਉੜੀਸਾ ਅਤੇ ਕੇਰਲ ਦੇ ਸਮੁੰਦਰੀ ਤੱਟਾਂ 'ਤੇ ਵੀ ਮਿਲ ਜਾਂਦਾ ਹੈ।

ਭਾਰਤ ਵਿੱਚ ਵਣ ਸੰਭਾਲ ਕਾਨੂੰਨ ਤਹਿਤ 1986 ਤੋਂ ਹੀ ਸਪਰਮ ਵ੍ਹੇਲ ਇੱਕ ਸੁਰੱਖਿਅਤ ਜੀਵ ਹੈ। ਲਿਹਾਜਾ ਸਪਰਮ ਵ੍ਹੇਲ ਅਤੇ ਇਸ ਦੇ ਅੰਗਾਂ ਦਾ ਕਾਰੋਬਾਰ ਗੈਰ ਕਾਨੂੰਨੀ ਹੈ।

ਕਾਮ ਵਧਾਊ ਦਵਾਈ ਵਿੱਚ ਹੁੰਦਾ ਹੈ ਉਪਯੋਗ

ਐਮਬਗਰਿਸ ਸਦੀਆਂ ਤੋਂ ਨਾ ਸਿਰਫ਼ ਭਾਰਤ ਵਿੱਚ ਬਲਕਿ ਪੂਰੀ ਦੁਨੀਆ ਵਿੱਚ ਪਰਫਿਊਮ ਅਤੇ ਦਵਾਈਆਂ ਦੇ ਤੌਰ 'ਤੇ ਉਪਯੋਗ ਹੋ ਰਿਹਾ ਹੈ।

ਦੁਨੀਆ ਦੇ ਕਈ ਦੇਸ਼ਾਂ ਦੀ ਯਾਤਰਾ ਕਰਨ ਵਾਲੇ ਇਬਨ ਬਤੂਤਾ ਅਤੇ ਮਾਰਕੋ ਪੋਲੋ ਨੇ ਵੀ ਆਪਣੇ ਯਾਤਰਾ ਬਿਰਤਾਂਤਾਂ ਵਿੱਚ ਐਮਬਗਰਿਸ ਦਾ ਜ਼ਿਕਰ ਕੀਤਾ ਹੈ। ਆਯੁਰਵੇਦ ਦੇ ਇਲਾਵਾ ਯੂਨਾਨੀ ਦਵਾਈਆਂ ਵਿੱਚ ਵੀ ਐਮਬਗਰਿਸ ਦਾ ਉਪਯੋਗ ਹੁੰਦਾ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਲਖਨਊ ਸਥਿਤ ਇੰਟੀਗ੍ਰਲ ਯੂਨੀਵਰਸਿਟੀ ਵਿੱਚ ਔਸ਼ਧੀ ਵਿਗਿਆਨ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਬਦਰੂਦੀਨ ਨੇ ਬੀਬੀਸੀ ਨੂੰ ਦੱਸਿਆ, ''ਯੂਨਾਨੀ ਦਵਾਈਆਂ ਵਿੱਚ ਐਮਬਗਰਿਸ ਦੀ ਵਰਤੋਂ ਸਦੀਆਂ ਤੋਂ ਹੋ ਰਹੀ ਹੈ। ਕਈ ਜੜ੍ਹੀਆਂ ਬੂਟੀਆਂ ਨਾਲ ਮਿਲਾ ਕੇ ਇਸ ਦਾ ਉਪਯੋਗ ਸਰੀਰਿਕ, ਮਾਨਸਿਕ ਅਤੇ ਮਾਸਪੇਸ਼ੀਆਂ ਅਤੇ ਯੋਨ ਰੋਗਾਂ ਦੇ ਇਲਾਜ ਵਿੱਚ ਹੁੰਦਾ ਹੈ।''

ਉਹ ਕਹਿੰਦੇ ਹਨ, ''ਐਮਬਗਰਿਸ ਚੀਨੀ ਦੀ ਚਾਸ਼ਨੀ ਅਤੇ ਦੂਜੀਆਂ ਜੜ੍ਹੀਆਂ ਬੂਟੀਆਂ ਨਾਲ ਮਿਲਾ ਕੇ ਉਪਯੋਗ ਕੀਤਾ ਜਾਂਦਾ ਹੈ। ਇਸ ਤੋਂ ਬਣੀ ਦਵਾਈ ਨੂੰ 'ਮਾਜੁਨ ਮੁਮਸਿਕ ਮੁੱਕਾਵੀ' ਕਿਹਾ ਜਾਂਦਾ ਹੈ। ਯੋਨ ਸਮਰੱਥਾ ਘਟਣ 'ਤੇ ਇਸ ਦਾ ਪੇਸਟ ਬਣਾ ਕੇ ਦਵਾਈ ਦੇ ਤੌਰ 'ਤੇ ਦਿੱਤਾ ਜਾਂਦਾ ਹੈ। ਇਹ ਯੋਨ ਸਮਰੱਥਾ ਵਧਾਉਂਦਾ ਹੈ। ਇਸ ਦੇ ਇਲਾਵਾ 'ਹੱਬੇ ਨਿਸ਼ਾਤ' ਦਵਾਈ ਵਿੱਚ ਵੀ ਇਸ ਦੀ ਵਰਤੋਂ ਹੁੰਦੀ ਹੈ। ਇਹ ਕਈ ਮਾਨਤਾ ਪ੍ਰਾਪਤ ਫਾਰਮੇਸੀਆਂ ਦੇ ਇਲਾਵਾ ਔਨਲਾਈਨ ਮੈਡੀਕਲ ਸਟੋਰਜ਼ ਵਿੱਚ ਵੀ ਉਪਲੱਬਧ ਹੈ।”

ਡੀਟੀ ਵਾਸਵਦਾ ਕਹਿੰਦੇ ਹਨ, ''ਮੰਨਿਆ ਜਾਂਦਾ ਹੈ ਕਿ ਐਮਬਗਰਿਸ ਯੋਨ ਉਤੇਜਨਾ ਵਧਾਉਂਦਾ ਹੈ, ਪਰ ਇਸ ਦਾ ਕੋਈ ਵਿਗਿਆਨਕ ਜਾਂ ਠੋਸ ਪ੍ਰਮਾਣ ਨਹੀਂ ਹੈ।''

ਡਾ. ਬਦਰੂਦੀਨ ਅਤੇ ਉਨ੍ਹਾਂ ਦੇ ਸਹਿਕਰਮੀਆਂ ਨੇ ਨਰਵਸ ਸਿਸਟਮ 'ਤੇ ਐਮਬਗਰਿਸ ਦੇ ਅਸਰ 'ਤੇ ਇੱਕ ਰਿਸਰਚ ਪੇਪਰ ਤਿਆਰ ਕੀਤਾ ਹੈ। ਇਹ ਜਲਦੀ ਹੀ ਪ੍ਰਕਾਸ਼ਿਤ ਹੋਵੇਗਾ।

ਅਹਿਮਦਾਬਾਦ ਵਿੱਚ ਐਮਬਗਰਿਸ ਦੀ ਖੇਪ

ਅਹਿਮਦਾਬਾਦ ਜ਼ੋਨ-7 ਦੇ ਡੀਸੀਪੀ ਪ੍ਰੇਮਸੁਖ ਦੇਲੂ ਮੁਤਾਬਿਕ, ''ਅਜਿਹੀਆਂ ਖ਼ਬਰਾਂ ਸਨ ਕਿ ਕੁਝ ਲੋਕ ਐਮਬਗਰਿਸ ਦੀ ਖੇਪ ਲੈ ਕੇ ਅਹਿਮਦਾਬਾਦ ਆ ਰਹੇ ਹਨ। ਇਸ ਦਾ ਪਤਾ ਲੱਗਦੇ ਹੀ ਅਸੀਂ ਆਪਣਾ ਜਾਲ ਫੈਲਾਇਆ ਅਤੇ ਇਹ ਲੋਕ ਉਸ ਵਿੱਚ ਫਸ ਗਏ। ਸਾਨੂੰ ਪੱਕੇ ਤੌਰ 'ਤੇ ਇਹ ਪਤਾ ਨਹੀਂ ਸੀ ਕਿ ਜੋ ਲੋਕ ਐਮਬਗਰਿਸ ਲੈ ਕੇ ਆਏ ਹਨ, ਉਹ ਅਸਲ ਵਿੱਚ ਇਸ ਦਾ ਕਾਰੋਬਾਰ ਕਰ ਰਹੇ ਹਨ ਜਾਂ ਇਸ ਦੇ ਨਾਂ 'ਤੇ ਧੋਖਾਧੜੀ ਕਰ ਰਹੇ ਹਨ।''

ਉਨ੍ਹਾਂ ਨੇ ਕਿਹਾ, ''ਇਸ ਮਾਮਲੇ ਵਿੱਚ ਤਿੰਨ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਫੋਰੈਂਸਿਕ ਸਾਇੰਸ ਲੈਬੋਰਟਰੀ ਨੇ ਜ਼ਬਤ ਸਮੱਗਰੀ ਦੀ ਸ਼ੁਰੂਆਤੀ ਜਾਂਚ ਵਿੱਚ ਪਾਇਆ ਕਿ ਇਹ ਐਮਬਗਰਿਸ ਹੀ ਹੈ। ਇਸ ਦੇ ਆਧਾਰ 'ਤੇ ਵਣ ਜੀਵ ਸੁਰੱਖਿਆ ਕਾਨੂੰਨ, 1972 ਦੀਆਂ ਵਿਭਿੰਨ ਧਾਰਾਵਾਂ ਤਹਿਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।”

ਦੇਲੂ ਮੁਤਾਬਿਕ ਚੌਥਾ ਸ਼ਖ਼ਸ ਇਨ੍ਹਾਂ ਤਿੰਨੋਂ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਪ੍ਰਾਪਤ ਜਾਣਕਾਰੀ ਦੇ ਆਧਾਰ 'ਤੇ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਨ੍ਹਾਂ ਲੋਕਾਂ ਦੇ ਸਹਿਯੋਗੀ ਵੀ ਗੁਜਰਾਤ ਵਿੱਚ ਸਰਗਰਮ ਹਨ।

ਸ਼ੁੱਕਰਵਾਰ ਨੂੰ ਇਹ ਕੇਸ ਵਣ ਵਿਭਾਗ ਨੂੰ ਸੌਂਪ ਦਿੱਤਾ ਗਿਆ। ਹੁਣ ਵਣ ਵਿਭਾਗ ਅਤੇ ਪੁਲਿਸ ਮਿਲ ਕੇ ਇਸ ਨੈੱਟਵਰਕ ਨੂੰ ਖਤਮ ਕਰਨ ਦਾ ਕੰਮ ਕਰ ਰਹੀ ਹੈ।

ਦੇਲੂ ਨੇ ਦੱਸਿਆ ਕਿ ਜ਼ਬਤ ਸਮੱਗਰੀ ਦਾ ਵਜ਼ਨ ਪੰਜ ਕਿਲੋ ਸਾਢੇ ਤਿੰਨ ਸੌ ਗ੍ਰਾਮ ਸੀ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਇਸ ਦੀ ਅਨੁਮਾਨਤ ਕੀਮਤ ਸੱਤ ਕਰੋੜ ਰੁਪਏ ਹੋਵੇਗੀ। ਫੋਰੈਂਸਿਕ ਸਾਇੰਸ ਲੈਬੋਰਟਰੀ ਰਸਮੀ ਅਤੇ ਵਿਸਥਾਰਤ ਰਿਪੋਰਟ ਦੇ ਕੇ ਦੱਸੇਗੀ ਕਿ ਜ਼ਬਤ ਸਮੱਗਰੀ ਐਮਬਗਰਿਸ ਹੀ ਹੈ। ਇਹ ਰਿਪੋਰਟ ਸਬੂਤ ਦੇ ਤੌਰ 'ਤੇ ਪੇਸ਼ ਕੀਤੀ ਜਾਵੇਗੀ।

ਪੁਲਿਸ ਨੂੰ ਸ਼ੱਕ ਹੈ ਕਿ ਇਸ ਐਮਬੇਗ੍ਰਸ ਦਾ ਧੰਦਾ ਕਰਨ ਵਾਲੇ ਰੈਕੇਟ ਵਿੱਚ ਦਸ ਤੋਂ ਜ਼ਿਆਦਾ ਲੋਕ ਸ਼ਾਮਲ ਹਨ। ਉਸ ਨੇ ਇਸ ਸਿਲਸਿਲੇ ਵਿੱਚ ਜੂਨਾਗੜ੍ਹ ਤੋਂ ਦੋ ਅਤੇ ਭਾਵਨਗਰ ਅਤੇ ਉਦੇਪੁਰ (ਰਾਜਸਥਾਨ) ਤੋਂ ਇੱਕ-ਇੱਕ ਸ਼ਖ਼ਸ ਨੂੰ ਗ੍ਰਿਫ਼ਤਾਰ ਕੀਤਾ ਹੈ।

ਸੌਰਾਸ਼ਟਰ ਵਿੱਚ ਸਮੁੰਦਰੀ ਜੀਵਾਂ ਦੀ ਸੁਰੱਖਿਆ ਨਾਲ ਜੁੜੇ ਲੋਕਾਂ ਮੁਤਾਬਿਕ ਵ੍ਹੇਲ ਦੇ ਉਲਟੀ ਕਰਨ ਦੇ ਬਾਅਦ ਉਸ ਦੇ ਸਰੀਰ ਤੋਂ ਨਿਕਲੇ ਐਮਬਗਰਿਸ ਨੂੰ ਸਮੁੰਦਰੀ ਤੱਟ ਤੱਕ ਪਹੁੰਚਣ ਵਿੱਚ ਮਹੀਨਿਆਂ ਜਾਂ ਸਾਲਾਂ ਦਾ ਸਮਾਂ ਲੱਗ ਜਾਂਦਾ ਹੈ।

ਉਨ੍ਹਾਂ ਦਾ ਕਹਿਣਾ ਹੈ, ''ਐਮਬਗਰਿਸ ਇਸ ਦੌਰਾਨ ਸੈਂਕੜੇ-ਹਜ਼ਾਰਾਂ ਕਿਲੋਮੀਟਰ ਦੀ ਯਾਤਰਾ ਕਰਦਾ ਹੈ। ਸਮੁੰਦਰ ਵਿੱਚ ਆਉਣ ਵਾਲਾ ਤੂਫ਼ਾਨ ਵੀ ਇਸ ਨੂੰ ਖਿੱਚ ਕੇ ਤੱਟ ਵੱਲ ਲੈ ਜਾਂਦਾ ਹੈ। ਐਮਬਗਰਿਸ ਜਿੰਨਾ ਪੁਰਾਣਾ ਅਤੇ ਵੱਡਾ ਹੋਵੇਗਾ, ਉਸ ਦੀ ਕੀਮਤ ਵੀ ਓਨੀ ਹੀ ਜ਼ਿਆਦਾ ਹੋਵੇਗੀ।”

“ਕੁੱਤੇ ਐਮਬਗਰਿਸ ਦੀ ਸੁਗੰਧ ਵੱਲ ਆਕਰਸ਼ਿਤ ਹੁੰਦੇ ਹਨ। ਇਸ ਲਈ ਗੁਜਰਾਤ ਦੇ ਤੱਟੀ ਇਲਾਕਿਆਂ ਵਿੱਚ ਇਸ ਦਾ ਕਾਰੋਬਾਰ ਕਰਨ ਵਾਲੇ ਲੋਕ ਇਸ ਕੰਮ ਲਈ ਖ਼ਾਸ ਤੌਰ 'ਤੇ ਸਿਖਲਾਈ ਪ੍ਰਾਪਤ ਕੁੱਤਿਆਂ ਨੂੰ ਰੱਖਦੇ ਹਨ।''

ਇੱਥੋਂ ਮਿਲਿਆ ਐਮਬਗਰਿਸ ਅਹਿਮਦਾਬਾਦ ਜਾਂ ਮੁੰਬਈ ਪਹੁੰਚਾਇਆ ਜਾਂਦਾ ਹੈ, ਫਿਰ ਇਹ ਵਿਚੌਲਿਆਂ ਜ਼ਰੀਏ ਖਾੜੀ ਦੇਸ਼ਾਂ ਵਿੱਚ ਪਹੁੰਚਦਾ ਹੈ ਅਤੇ ਉੱਥੋਂ ਇਹ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ। ਕਦੇ-ਕਦੇ ਸਮੁੰਦਰ ਵਿੱਚ ਮੱਛੀ ਫੜਨ ਵਾਲੇ ਮਛੇਰਿਆਂ ਨੂੰ ਵੀ ਐਮਬਗਰਿਸ ਮਿਲ ਜਾਂਦਾ ਹੈ।

ਸਮੁੰਦਰੀ ਜੀਵਾਂ ਦੀ ਸੁਰੱਖਿਆ ਵਿੱਚ ਲੱਗੇ ਲੋਕਾਂ ਦਾ ਕਹਿਣਾ ਹੈ, ''ਕਿਉਂਕਿ ਐਮਬਗਰਿਸ ਦੀ ਵਰਤੋਂ ਇਤਰ ਦੇ ਨਾਲ ਨਾਲ ਕਾਮ ਉਤੇਜਨਾ ਅਤੇ ਸਮਰੱਥਾ ਵਧਾਉਣ ਦੀ ਦਵਾਈ ਵਿੱਚ ਹੁੰਦੀ ਹੈ, ਇਸ ਲਈ ਖਾੜੀ ਦੇਸ਼ਾਂ ਦੇ ਅਮੀਰ ਲੋਕਾਂ ਵਿਚਕਾਰ ਇਸ ਦੀ ਵੱਡੀ ਮੰਗ ਹੈ। ਫਰਾਂਸ ਵਿੱਚ ਵੀ ਇਸ ਦੀ ਕਾਫ਼ੀ ਮੰਗ ਹੈ। ਕਿਉਂਕਿ ਹੁਣ ਇਸ ਦਾ ਸਿੰਥੈਟਿਕ ਵਿਕਲਪ ਅੰਬਰੋਕਸਨ ਅਤੇ ਅੰਬ੍ਰੀਨ ਦੇ ਤੌਰ 'ਤੇ ਉਪਲੱਬਧ ਹੈ, ਇਸ ਲਈ ਪਰਫਿਊਮ ਲਈ ਐਮਬਗਰਿਸ ਦੀ ਵਰਤੋਂ ਘਟਣ ਲੱਗੀ ਹੈ।''

ਕਿਉਂਕਿ ਲੋਕ ਨਹੀਂ ਜਾਣਦੇ ਕਿ ਐਮਬਗਰਿਸ ਕਿਵੇਂ ਦਾ ਹੁੰਦਾ ਹੈ, ਇਸ ਲਈ ਇਸ ਦੇ ਨਾਂ 'ਤੇ ਠੱਗੀ ਵੀ ਹੁੰਦੀ ਹੈ। ਕੁਝ ਲੋਕ ਇਸ ਦੇ ਨਾਂ 'ਤੇ ਪੈਰਾਫਿਨ ਵੈਕਸ ਜਾਂ ਕੋਈ ਝੀਕਣੀ ਚੀਜ਼ ਵੇਚ ਦਿੰਦੇ ਹਨ। ਇਸ ਦੀ ਸ਼ਿਕਾਇਤ ਵੀ ਨਹੀਂ ਹੋ ਸਕਦੀ ਹੈ ਕਿਉਂਕਿ ਇਹ ਕਾਰੋਬਾਰ ਗੈਰ ਕਾਨੂੰਨੀ ਹੁੰਦਾ ਹੈ।''

ਸਮੁੰਦਰੀ ਜੀਵਾਂ ਦੀ ਸੁਰੱਖਿਆ ਨਾਲ ਜੁੜੇ ਕਾਰਕੁਨਾਂ ਨੇ ਕਿਹਾ, ''ਪਹਿਲਾਂ ਐਮਬਗਰਿਸ ਦੀ ਖੇਪ ਚੇਨਈ ਅਤੇ ਮੁੰਬਈ ਵਿੱਚ ਫੜੀ ਗਈ। ਇਸ ਦੇ ਬਾਅਦ ਪਤਾ ਲੱਗਿਆ ਕਿ ਗੁਜਰਾਤ ਦੇ ਕੁਝ ਲੋਕ ਇਸ ਦੇ ਗੈਰ ਕਾਨੂੰਨੀ ਕਾਰੋਬਾਰ ਵਿੱਚ ਸ਼ਾਮਲ ਹਨ। ਕੁਝ ਅਗਿਆਤ ਕਾਰਨਾਂ ਨਾਲ ਪੁਲਿਸ ਅਤੇ ਵਣ ਵਿਭਾਗ ਦੇ ਲੋਕ ਵੀ ਹੁਣ ਇਸ ਨੈੱਟਵਰਕ ਦਾ ਪਰਦਾਫਾਸ਼ ਕਰਨ ਵਿੱਚ ਨਾਕਾਮ ਸਾਬਤ ਹੋਏ ਹਨ। ਸਾਨੂੰ ਉਮੀਦ ਹੈ ਕਿ ਇਸ ਵਾਰ ਉਹ ਇਸ ਵਿੱਚ ਕਾਮਯਾਬ ਹੋਣਗੇ।''

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)