ਕੋਰੋਨਾਵਾਇਰਸ ਪੀੜਤਾਂ ਤੱਕ ਖਾਣਾ ਪਹੁੰਚਾਉਣ ਵਾਲੇ ਨੌਜਵਾਨਾਂ ਨੂੰ ਹੋ ਰਹੀਆਂ ਸਲਾਮਾਂ

- ਲੇਖਕ, ਰਾਹੁਲ ਗਾਇਕਵਾਡ
- ਰੋਲ, ਬੀਬੀਸੀ ਮਰਾਠੀ
"ਕਈ ਮਰੀਜ਼ ਪੇਂਡੂ ਇਲਾਕਿਆਂ ਤੋਂ ਆਏ ਹਨ, ਕਈ ਮਾਮਲਿਆਂ ਵਿੱਚ ਤਾਂ ਪੂਰੇ ਪਰਿਵਾਰ ਨੂੰ ਹੀ ਕੋਰੋਨਾ ਲਾਗ਼ ਲੱਗ ਗਈ। ਉਨ੍ਹਾਂ ਨੂੰ ਖਾਣਾ ਖਵਾਉਣ ਵਾਲਾ ਕੋਈ ਵੀ ਨਹੀਂ ਹੈ। ਇਸ ਲਈ ਜਦੋਂ ਅਸੀਂ ਉਨ੍ਹਾਂ ਨੂੰ ਟਿਫ਼ਿਨ ਦਿੰਦੇ ਹਾਂ, ਉਹ ਹੱਥ ਜੋੜ ਕੇ ਸਾਨੂੰ ਸ਼ੁਕਰੀਆ ਕਹਿੰਦੇ ਹਨ। ਸਾਨੂੰ ਤਸੱਲੀ ਮਿਲਦੀ ਹੈ ਕਿ ਅਸੀਂ ਸਮਾਜ ਲਈ ਕੁਝ ਚੰਗਾ ਕਰ ਰਹੇ ਹਾਂ।"
ਅਕਸ਼ੇ ਮੋਰੇ ਆਪਣੀ ਪਹਿਲ ਕਦਮੀਂ ਬਾਰੇ ਗੱਲ ਕਰਦਿਆਂ ਇਹ ਸਭ ਕਹਿੰਦੇ ਹਨ।
ਉਹ ਨਾਸਿਕ ਵਿੱਚ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਅਤੇ ਬਜ਼ੁਰਗਾਂ ਨੂੰ ਮੁਫ਼ਤ ਖਾਣਾ ਪਹੁੰਚਾਉਂਦੇ ਹਨ।
ਇਹ ਵੀ ਪੜ੍ਹੋ:
ਕੋਰੋਨਾਵਾਇਰਸ ਦੀ ਦੂਜੀ ਲਹਿਰ, ਪਹਿਲਾਂ ਨਾਲੋਂ ਵੱਧ ਖ਼ਤਰਨਾਕ ਹੈ। ਲਾਗ਼ ਪ੍ਰਭਾਵਿਤ ਲੋਕਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।
ਕੁਝ ਮਾਮਲਿਆਂ ਵਿੱਚ ਪਰਿਵਾਰ ਦੇ ਸਾਰੇ ਮੈਂਬਰ ਕੋਰੋਨਾ ਦਾ ਸ਼ਿਕਾਰ ਹਨ। ਇਸ ਲਈ ਅਕਸ਼ੇ ਸਮੇਤ ਕਈ ਨੌਜਵਾਨ ਮਹਾਰਾਸ਼ਟਰ ਦੇ ਕਈ ਇਲਾਕਿਆਂ ਵਿੱਚ ਲੋੜਵੰਦਾਂ ਨੂੰ ਮੁਫ਼ਤ ਟਿਫ਼ਿਨ ਸਰਵਿਸ ਮੁਹੱਈਆ ਕਰਵਾ ਰਹੇ ਹਨ।
ਪੂਣੇ ਵਿੱਚ ਅਕਾਂਕਸ਼ਾ ਸਾਦੇਕਰ ਅਤੇ ਮੁੰਬਈ ਵਿੱਚ ਬਾਲਚੰਦਰ ਜਾਧਵ ਨੇ ਵੀ ਅਜਿਹੀ ਹੀ ਪਹਿਲ ਸ਼ੁਰੂ ਕੀਤੀ ਹੈ।

ਅਕਸ਼ੇ, ਅਕਾਂਕਸ਼ਾ ਅਤੇ ਬਾਲਚੰਦਰ ਵੱਖ-ਵੱਖ ਸ਼ਹਿਰਾਂ ਵਿੱਚ ਕੰਮ ਕਰ ਰਹੇ ਹਨ, ਪਰ ਉਨ੍ਹਾਂ ਦੀ ਕੋਸ਼ਿਸ਼ ਇੱਕੋ ਹੀ ਹੈ, ਲੋੜਵੰਦ ਲੋਕਾਂ ਤੱਕ ਖਾਣਾ ਪਹੁੰਚਾਉਣਾ।
ਅਕਸ਼ੇ ਇੱਕ ਦਵਾਈਆਂ ਦੀ ਕੰਪਨੀ ਵਿੱਚ ਮਾਰਕੀਟਿੰਗ ਵਿਭਾਗ ਵਿੱਚ ਕੰਮ ਕਰਦੇ ਹਨ। ਨਾਸਿਕ ਵਿੱਚ ਜਦੋਂ ਕੋਰੋਨਾ ਪੀੜਤਾਂ ਦੀ ਗਿਣਤੀ ਵਧਣ ਲੱਗੀ ਤਾਂ ਕਈ ਮਰੀਜ਼ਾਂ ਲਈ ਖਾਣੇ ਦਾ ਪ੍ਰਬੰਧ ਔਖਾ ਹੋ ਗਿਆ।
ਨਾਸਿਕ ਤੋਂ ਇਲਾਵਾ ਨੇੜਲੇ ਪਿੰਡਾਂ ਤੋਂ ਵੀ ਕਈ ਮਰੀਜ਼ ਜ਼ਿਲ੍ਹਾ ਹਸਪਤਾਲ ਆਉਣ ਲੱਗੇ। ਉਨ੍ਹਾਂ ਦੇ ਰਿਸ਼ਤੇਦਾਰਾਂ ਲਈ ਉਨ੍ਹਾਂ ਤੱਕ ਖਾਣਾ ਪਹੁੰਚਦਾ ਕਰਨਾ ਔਖਾ ਹੋ ਰਿਹਾ ਸੀ। ਉਸ ਸਮੇਂ ਅਕਸ਼ੇ ਅਤੇ ਉਨ੍ਹਾਂ ਦੀ ਪਤਨੀ ਨੇ ਮਿਲਕੇ ਖਾਣਾ ਪਹੁੰਚਾਉਣ ਦਾ ਕੰਮ ਸ਼ੁਰੂ ਕੀਤਾ।
ਹੁਣ ਉਹ ਹਰ ਰੋਜ਼ 100 ਲੋਕਾਂ ਤੱਕ ਖਾਣਾ ਪਹੁੰਚਾਉਂਦੇ ਹਨ। ਸਾਰਾ ਖ਼ਰਚਾ ਅਕਸ਼ੇ ਖ਼ੁਦ ਚੁੱਕਦੇ ਹਨ। ਪਹਿਲਾਂ ਹੋਈ ਤਾਲਾਬੰਦੀ ਵਿੱਚ ਵੀ ਅਕਸ਼ੇ ਅਤੇ ਉਨ੍ਹਾਂ ਦੇ ਦੋਸਤਾਂ ਨੇ ਪਿੰਡ ਜਾ ਕੇ ਮਜ਼ਦੂਰਾਂ ਤੱਕ ਖਾਣਾ ਪਹੁੰਚਾ ਕੇ ਮਦਦ ਕੀਤੀ ਸੀ।
'ਜਦੋਂ ਤੱਕ ਸੰਭਵ ਹੋਵੇਗਾ, ਕਰਦੇ ਰਹਾਂਗੇ'
ਅਕਸ਼ੇ ਕਹਿੰਦੇ ਹਨ, "ਮਹਾਂਮਾਰੀ ਦੌਰਾਨ ਕਈ ਲੋਕਾਂ ਤੱਕ ਖਾਣਾ ਨਹੀਂ ਪਹੁੰਚ ਪਾ ਰਿਹਾ ਸੀ, ਸਾਨੂੰ ਲੱਗਿਆ ਕਿ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ। ਮੈਂ ਇਸ ਬਾਰੇ ਆਪਣੀ ਪਤਨੀ ਨਾਲ ਗੱਲ ਕੀਤੀ ਅਤੇ ਉਹ ਫ਼ੌਰਨ ਰਾਜ਼ੀ ਹੋ ਗਈ।"

ਉਹ ਅੱਗੇ ਦੱਸਦੇ ਹਨ, "ਉਸ ਤੋਂ ਬਾਅਦ ਇਸ ਸਰਵਿਸ ਦੀ ਸ਼ੁਰੂਆਤ ਕੀਤੀ। ਸਾਡੀ ਕੋਸ਼ਿਸ਼ ਹੈ, ਮਜਬੂਰੀ ਵਿੱਚ ਫਸੇ ਲੋਕਾਂ ਦੀ ਮਦਦ ਕਰਨਾ। ਹੋ ਸਕਦਾ ਹੈ ਕੱਲ੍ਹ ਮੈਂ ਕਿਸੇ ਅਜਿਹੀ ਹੀ ਮੁਸੀਬਤ ਵਿੱਚ ਫ਼ੱਸ ਜਾਵਾਂ, ਇਸ ਲਈ ਜਦੋਂ ਤੱਕ ਸੰਭਵ ਹੋਵੇਗਾ, ਮੈਂ ਇਹ ਕੰਮ ਕਰਦਾ ਰਹਾਂਗਾ।"
ਅਕਸ਼ੇ ਦੇ ਰਿਸ਼ਤੇਦਾਰ ਵੀ ਉਨ੍ਹਾਂ ਦੇ ਇਸ ਕੰਮ ਦੀ ਤਾਰੀਫ਼ ਕਰ ਰਹੇ ਹਨ।
ਲੋਕ ਪਿੰਡ ਵਿੱਚ ਰਹਿਣ ਵਾਲੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਫ਼ੋਨ ਕਰਕੇ ਦੱਸ ਰਹੇ ਹਨ ਕਿ ਉਨ੍ਹਾਂ ਦਾ ਬੇਟਾ ਸ਼ਾਨਦਾਰ ਕੰਮ ਕਰ ਰਿਹਾ ਹੈ।
ਅਕਾਂਕਸ਼ਾ ਨੇ ਆਪਣੀ ਪੜ੍ਹਾਈ ਯੂਕੇ ਤੋਂ ਕੀਤੀ ਹੈ ਅਤੇ ਪਿਛਲੇ ਪੰਜ ਸਾਲਾਂ ਤੋਂ ਭਾਰਤ ਵਿੱਚ ਰਹਿ ਰਹੇ ਹਨ।
ਉਨ੍ਹਾ ਨੇ ਆਪਣੀ ਦੋਸਤ ਰੌਨਿਕਾ ਦੇ ਨਾਲ ਮਿਲਕੇ ਛੇ ਅਪ੍ਰੈਲ ਤੋਂ ਟਿਫ਼ਿਨ ਪਹੁੰਚਾਉਣ ਦਾ ਕੰਮ ਸ਼ੁਰੂ ਕੀਤਾ ਤੇ ਹੁਣ ਤੱਕ ਉਹ 1200 ਤੋਂ ਵੱਧ ਲੋਕਾਂ ਦੀ ਮਦਦ ਕਰ ਚੁੱਕੇ ਹਨ।
ਉਹ ਕਹਿੰਦੇ ਹਨ, "ਅਸੀਂ ਉਨ੍ਹਾਂ ਨੂੰ ਟਿਫ਼ਿਨ ਪਹੁੰਚਾਉਂਦੇ ਹਾਂ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਲੋੜ ਹੈ। ਅਸੀਂ ਹਸਪਤਾਲ ਵਿੱਚ ਭਰਤੀ ਜਾਂ ਘਰ ਤੋਂ ਦੂਰ ਇਕੱਲੇ ਰਹਿ ਰਹੇ ਕੋਰੋਨਾ ਪੀੜਤਾਂ ਨੂੰ ਟਿਫ਼ਨ ਪਹੁੰਚਾਉਂਦੇ ਹਾਂ। ਅਸੀਂ ਐਂਬੂਲੈਂਸ ਡਰਾਈਵਰ ਅਤੇ ਬਸ ਸਟੈਂਡ 'ਤੇ ਰਹਿ ਰਹੇ ਲੋਕਾਂ ਨੂੰ ਵੀ ਟਿਫ਼ਿਨ ਦਿੰਦੇ ਹਾਂ।"
"ਕਈ ਦੂਜੇ ਲੋਕ ਵੀ ਟਿਫ਼ਿਨ ਦੀ ਮੰਗ ਕਰ ਰਹੇ ਹਨ। ਕਈ ਲੋਕ ਹਨ ਜੋ ਖਾਣੇ ਲਈ ਪੈਸੇ ਦੇਣ ਦੇ ਸਮਰੱਥ ਹਨ, ਅਜਿਹੇ ਲੋਕਾਂ ਨੂੰ ਅਸੀਂ ਨੇੜੇ ਤੇੜੇ ਦੇ ਮੈਸ ਦਾ ਨੰਬਰ ਦੇ ਦਿੰਦੇ ਹਾਂ।"

ਬਾਲਚੰਦਰ ਜਾਧਵ ਮੁੰਬਈ ਦੇ ਪਰੇਲ, ਸ਼ਿਵਡੀ ਅਤੇ ਵਡਾਲਾ ਇਲਾਕਿਆਂ ਵਿੱਚ ਘਰਾਂ ਵਿੱਚ ਇਕੱਲਿਆਂ ਰਹਿੰਦੇ ਕੋਰੋਨਾ ਪੀੜਤਾਂ ਤੱਕ ਖਾਣਾ ਪਹੁੰਚਾਉਂਦੇ ਹਨ।
ਉਨ੍ਹਾਂ ਨੇ ਇਹ ਕੰਮ ਉਸ ਸਮੇਂ ਸ਼ੁਰੂ ਕੀਤਾ ਸੀ ਜਦੋਂ ਪਿਛਲੇ ਸਾਲ ਤਾਲਾਬੰਦੀ ਦੌਰਾਨ ਨੁਕਸਾਨ ਚੁੱਕਣਾ ਪਿਆ ਸੀ। ਉਹ ਕਹਿੰਦੇ ਹਨ, "ਜਿੱਥੇ ਚਾਹ, ਉਥੇ ਰਾਹ ਹੈ।"
ਜਦੋਂ ਲੋਕਾਂ ਨੂੰ ਘਰਾਂ ਵਿੱਚ ਰਹਿ ਰਹੇ ਕੋਰੋਨਾ ਪੀੜਤਾਂ ਨੂੰ ਖਾਣਾ ਪਹੁੰਚਾਉਣ ਤੋਂ ਡਰ ਲੱਗ ਰਿਹਾ ਸੀ, ਉਸ ਸਮੇਂ ਬਾਲਚੰਦਰ ਨੇ ਉਨ੍ਹਾਂ ਨੂੰ ਟਿਫ਼ਿਨ ਪਹੁੰਚਾਉਣ ਦਾ ਕੰਮ ਸ਼ੁਰੂ ਕੀਤਾ। ਉਨ੍ਹਾਂ ਨੇ ਇਸ ਬਾਰੇ ਵੱਟਸਐਪ ਜ਼ਰੀਏ ਸਾਰਿਆਂ ਨੂੰ ਜਾਣਕਾਰੀ ਦਿੱਤੀ।
ਕਈ ਲੋਕ ਉਨ੍ਹਾਂ ਨੂੰ ਟਿਫ਼ਿਨ ਲਈ ਲਗਾਤਾਰ ਫ਼ੋਨ ਕਰਦੇ ਰਹਿੰਦੇ ਹਨ। ਹਾਲੇ ਉਹ ਆਪਣੀ ਟੀਮ ਦੀ ਮਦਦ ਨਾਲ 35 ਤੋਂ 40 ਮਰੀਜ਼ਾਂ ਤੱਕ ਰੋਜ਼ਾਨਾ ਦੋ ਵੇਲੇ ਦਾ ਖਾਣਾ ਪਹੁੰਚਾ ਰਹੇ ਹਨ।
ਉਹ ਕਹਿੰਦੇ ਹਨ, "ਚੰਗਾ ਲੱਗਦਾ ਹੈ ਕਿ ਅਸੀਂ ਮੁਸੀਬਤ ਵਿੱਚ ਲੋਕਾਂ ਦੀ ਮਦਦ ਕਰ ਪਾ ਰਹੇ ਹਾਂ। ਜਦੋਂ ਅਸੀਂ ਲੋਕਾਂ ਤੱਕ ਟਿਫ਼ਿਨ ਪਹੁੰਚਾਉਂਦੇ ਹਾਂ, ਤਾਂ ਉਹ ਹੱਥ ਜੋੜਕੇ ਸਾਡਾ ਸ਼ੁਕਰੀਆ ਅਦਾ ਕਰਦੇ ਹਨ। ਦੂਜੇ ਲੋਕਾਂ ਨੂੰ ਵੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ।"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












