ਕੋਰੋਨਾਵਾਇਰਸ ਦਾ ਕਹਿਰ ਹੁਣ ਪਿੰਡਾਂ ਵੱਲ, ਪੰਜਾਬ ਦੇ ਸ਼ਹਿਰਾਂ ਦੇ ਮੁਕਾਬਲੇ ਪੇਂਡੂ ਖੇਤਰਾਂ 'ਚ ਮੌਤ ਦਰ ਜ਼ਿਆਦਾ ਕਿਉਂ ਹੈ

ਤਸਵੀਰ ਸਰੋਤ, EPA
- ਲੇਖਕ, ਸਰਬਜੀਤ ਸਿੰਘ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
ਕੋਰੋਨਾਵਾਇਰਸ ਦੀ ਦੂਜੀ ਲਹਿਰ ਦਾ ਕਹਿਰ ਹੁਣ ਸ਼ਹਿਰਾਂ ਦੇ ਮੁਕਾਬਲੇ ਪੰਜਾਬ ਦੇ ਪਿੰਡਾਂ ਦੇ ਵਿੱਚ ਜ਼ਿਆਦਾ ਪਸਰ ਰਿਹਾ ਹੈ।
ਪੰਜਾਬ ਦੇ ਸਿਹਤ ਮਹਿਕਮੇ ਦੇ 1 ਜਨਵਰੀ 2021 ਤੋਂ 12 ਅਪਰੈਲ 2021 ਦੇ ਅੰਕੜਿਆਂ ਉੱਤੇ ਜੇਕਰ ਗ਼ੌਰ ਕੀਤਾ ਜਾਵੇ ਤਾਂ ਸੂਬੇ ਦੇ ਪੇਂਡੂ ਖੇਤਰਾਂ ਵਿੱਚ 58 ਫ਼ੀਸਦੀ ਕੋਵਿਡ ਮੌਤਾਂ ਦਰਜ ਕੀਤੀਆਂ ਗਈਆਂ ਹਨ ਜਦੋਂਕਿ ਕੋਰੋਨਾ ਪੌਜ਼ੀਟਿਵ ਕੇਸ ਦਰ 27 ਫ਼ੀਸਦੀ ਹੈ।
ਦੂਜੇ ਪਾਸੇ ਜੇਕਰ ਸ਼ਹਿਰੀ ਖੇਤਰ ਦੀ ਅਸੀਂ ਗਲ ਕਰੀਏ ਤਾਂ ਇੱਥੇ ਪੌਜ਼ੀਟਿਵ ਕੇਸ 73 ਫ਼ੀਸਦੀ ਹਨ ਅਤੇ ਮੌਤ ਦਰ 42 ਫ਼ੀਸਦੀ ਹੈ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਪਿੰਡਾਂ ਵਿੱਚ ਸ਼ਹਿਰਾਂ ਨਾਲੋਂ ਕੋਰੋਨਾ ਦੇ ਮਾਮਲੇ ਘੱਟ ਹੋਣ ਦੇ ਬਾਵਜੂਦ ਵੀ ਮੌਤਾਂ ਵਧੇਰੇ ਹੋ ਰਹੀਆਂ ਹਨ।
ਇਹ ਵੀ ਪੜ੍ਹੋ
ਪੰਜਾਬ ਦੇ ਪੇਂਡੂ ਖ਼ੇਤਰਾਂ ’ਚ ਮੌਤ ਦਰ ਵੱਧ ਕਿਉਂ

ਤਸਵੀਰ ਸਰੋਤ, Reuters
ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਸ਼ਹਿਰੀ ਖੇਤਰਾਂ ਵਿੱਚ 0.7 ਫ਼ੀਸਦੀ ਦੇ ਮੁਕਾਬਲੇ ਪੇਂਡੂ ਖੇਤਰਾਂ ਵਿੱਚ ਕੋਵਿਡ ਨਾਲ ਹੋਣ ਵਾਲੀ ਮੌਤ ਦਰ 2.8 ਫ਼ੀਸਦੀ ਹੈ। ਉਂਝ ਪੂਰੇ ਪੰਜਾਬ ਵਿੱਚ ਇਸ ਸਮੇਂ ਮੌਤ ਦਰ 2.0 ਫ਼ੀਸਦੀ ਹੈ।
ਪੰਜਾਬ ਦੇ ਪੇਂਡੂ ਖੇਤਰ ਵਿੱਚ ਕੋਰੋਨਾਵਾਇਰਸ ਕਾਰਨ ਹੋ ਰਹੀਆਂ ਮੌਤਾਂ ਦੇ ਬਾਰੇ ਬਲਬੀਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਇਸ ਦਾ ਮੁੱਖ ਕਾਰਨ ਹੈ ਕਿ ਪਿੰਡਾਂ ਵਿੱਚ ਮਰੀਜ਼ ਲੱਛਣ ਆਉਣ ਤੋਂ ਬਾਅਦ ਹਸਪਤਾਲ ਕਾਫ਼ੀ ਦੇਰੀ ਨਾਲ ਪਹੁੰਚ ਰਹੇ ਹਨ।
ਕੋਰੋਨਾਵਾਇਰਸ ਦਾ ਜਲਦੀ ਟੈੱਸਟ ਕਰਵਾਉਣ ਅਤੇ ਇਸ ਦੇ ਇਲਾਜ ਦੀ ਜ਼ਰੂਰਤ 'ਤੇ ਜ਼ੋਰ ਦਿੰਦਿਆਂ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ-19 ਦੇ ਹਲਕੇ ਲੱਛਣਾਂ ਨੂੰ ਜਾਨਲੇਵਾ ਬਿਮਾਰੀ ਵਿੱਚ ਤਬਦੀਲ ਹੋਣ ਤੋਂ ਪਹਿਲਾਂ ਸਿਹਤ ਸੰਸਥਾਵਾਂ ਵਿੱਚ ਜਾ ਕੇ ਜਾਂਚ ਕਰਵਾਉਣ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਸਮੇਂ ਦੌਰਾਨ 0 ਤੋਂ 14 ਸਾਲ ਦੇ ਉਮਰ ਵਰਗ ਵਿੱਚੋਂ ਸਿਰਫ਼ ਇੱਕ ਕੋਵਿਡ-19 ਮਰੀਜ਼ ਦੀ ਮੌਤ ਦਰਜ ਕੀਤੀ ਗਈ ਹੈ ਜਦਕਿ 15 ਤੋਂ 50 ਸਾਲ ਦੇ ਉਮਰ ਵਰਗ ਵਿੱਚ 17.5 ਫ਼ੀਸਦੀ ਮੌਤਾਂ ਦਰਜ ਕੀਤੀਆਂ ਗਈਆਂ ਹਨ ਅਤੇ 82.5 ਫ਼ੀਸਦੀ ਮੌਤਾਂ 51 ਸਾਲ ਤੋਂ ਵੱਧ ਉਮਰ ਵਰਗ ਦੀਆਂ ਹਨ।
ਪੰਜਾਬ ਸਰਕਾਰ ਦੇ ਰਿਕਾਰਡ ਮੁਤਾਬਕ 1 ਜਨਵਰੀ ਤੋਂ 12 ਅਪ੍ਰੈਲ ਤੱਕ ਪਹਿਲੀ ਵਾਰ ਸਿਹਤ ਸੰਸਥਾਵਾਂ ਵਿੱਚ ਆਉਣ ਵਾਲੇ 83.92 ਫ਼ੀਸਦ ਮਰੀਜ਼ਾਂ ਦੀ ਹਾਲਤ ਗੰਭੀਰ ਸੀ ਜਦਕਿ 0.11 ਫ਼ੀਸਦੀ ਦਰਮਿਆਨੇ ਲੱਛਣਾਂ ਵਾਲੇ ਅਤੇ ਸਿਰਫ਼ 7 ਫ਼ੀਸਦੀ ਮਰੀਜ਼ ਹਲਕੇ ਲੱਛਣਾਂ ਵਾਲੇ ਸਨ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਕੀ ਹੈ ਪੰਜਾਬ ਵਿੱਚ ਮੌਤਾਂ ਦਾ ਅੰਕੜਾ?

ਤਸਵੀਰ ਸਰੋਤ, Sagar farikar
ਕੋਰੋਨਾਵਾਇਰਸ ਦੇ ਕਾਰਨ ਪੰਜਾਬ ਵਿੱਚ ਮੌਤਾਂ ਦੀ ਗਿਣਤੀ ਵਿੱਚ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਹੈ। 28 ਅਪ੍ਰੈਲ ਦੇ ਅੰਕੜਿਆਂ ਅਨੁਸਾਰ 24 ਘੰਟਿਆਂ ਵਿੱਚ ਸੂਬੇ ’ਚ 142 ਲੋਕਾਂ ਦੀ ਮੌਤ ਹੋਈ।
ਇਸ ਵਿੱਚ ਸਭ ਤੋਂ ਜ਼ਿਆਦਾ 22 ਮੌਤਾਂ ਗੁਰਦਾਸਪੁਰ ਵਿੱਚ ਹੋਈਆਂ ਇਸ ਤੋਂ ਬਾਅਦ ਅੰਮ੍ਰਿਤਸਰ 18 ਮੌਤਾਂ ਦਰਜ ਕੀਤੀਆਂ ਗਈਆਂ।
ਸੰਗਰੂਰ ਵਿੱਚ 17 ਮੌਤਾਂ ਬੁੱਧਵਾਰ ਨੂੰ ਹੋਈਆਂ। ਕੋਰੋਨਾ ਦੀ ਦੂਜੀ ਲਹਿਰ ਦੌਰਾਨ ਪਹਿਲੀ ਵਾਰ ਗੁਰਦਾਸਪੁਰ ਅਤੇ ਸੰਗਰੂਰ ਵਿੱਚ ਵੀ ਇੰਨੀਆਂ ਮੌਤਾਂ ਦਰਜ ਕੀਤੀ ਗਈਆਂ ਹਨ। ਇਸੀ ਗੱਲ ਤੋਂ ਇਸ ਬਿਮਾਰੀ ਦੀ ਗੰਭੀਰਤਾ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਉਂਝ ਫ਼ਿਲਹਾਲ ਪੰਜਾਬ ਵਿੱਚ ਆਕਸੀਜਨ ਦੀ ਕੋਈ ਕਿੱਲਤ ਨਹੀਂ ਹੈ ਪਰ ਪੰਜਾਬ ਦੇ ਸਿਹਤ ਮਹਿਕਮੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਮੌਤਾਂ ਦਾ ਅੰਕੜਾ ਇਸੀ ਤਰੀਕੇ ਨਾਲ ਵੱਧਦਾ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਆਕਸੀਜਨ ਦੀ ਥੁੜ ਹੋ ਸਕਦੀ ਹੈ।
ਪੰਜਾਬ ਵਿੱਚ ਵੈਕਸੀਨ ਦੀ ਥੁੜ

ਤਸਵੀਰ ਸਰੋਤ, Sagar farikar
ਪੰਜਾਬ ਸਰਕਾਰ ਦੇ 28 ਅਪ੍ਰੈਲ ਦੇ ਅੰਕੜਿਆਂ ਮੁਤਾਬਕ ਉਸ ਦਿਨ ਮਹਿਜ਼ 80 ਹਜ਼ਾਰ 860 ਵਿਅਕਤੀਆਂ ਦਾ ਟੀਕਾਕਰਨ ਕੀਤਾ ਗਿਆ। ਪੰਜਾਬ ਸਰਕਾਰ ਦਾ ਰੋਜ਼ਾਨਾ ਦਾ ਟੀਚਾ ਦੋ ਲੱਖ ਲੋਕਾਂ ਨੂੰ ਟੀਕਾ ਲਗਾਉਣਾ ਹੈ ਜੋ ਵੈਕਸੀਨ ਦੀ ਘਾਟ ਦੇ ਕਾਰਨ ਪੂਰਾ ਨਹੀਂ ਹੋ ਰਿਹਾ।
ਉੱਧਰ ਦੂਜੇ ਪਾਸੇ ਹੁਣ ਪੰਜਾਬ ਵਿੱਚ 18 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ ਕੋਵਿਡ-19 ਰੋਕੂ ਟੀਕੇ ਲੱਗਣ ਵਿੱਚ ਦੇਰੀ ਹੋ ਸਕਦੀ ਹੈ ਕਿਉਂਕਿ ਰਾਜ ਕੋਲ ਟੀਕਿਆਂ ਦੀ ਘਾਟ ਹੈ।
ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੰਨਿਆ ਹੈ 18 ਤੋਂ 45 ਸਾਲ ਦੀ ਉਮਰ ਵਾਲਿਆਂ ਲਈ ਟੀਕਾ ਮੁਹਿੰਮ 1 ਮਈ ਤੋਂ ਸ਼ੁਰੂ ਕੀਤੀ ਜਾਣੀ ਸੀ ਪਰ ਰਾਜ ਨੂੰ ਲੋੜ ਮੁਤਾਬਕ ਟੀਕੇ ਨਹੀਂ ਮਿਲੇ।
ਚੰਡੀਗੜ੍ਹ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਰਾਜ ਕੋਲ ਸਟਾਫ਼ ਅਤੇ ਟੀਕਾਕਰਨ ਲਈ ਬੁਨਿਆਦੀ ਢਾਂਚਾ ਹੈ ਪਰ ਟੀਕੇ ਨਹੀਂ ਹਨ। ਇਸ ਕਰਕੇ 1 ਮਈ ਤੋਂ 18 ਸਾਲ ਤੋਂ ਵੱਧ ਉਮਰ ਦੇ ਵਰਗ ਲਈ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕਰਨੀ ਮੁਸ਼ਕਲ ਹੈ।
ਪੰਜਾਬ ਵਿੱਚ ਹੁਣ ਤੱਕ 32 ਲੱਖ 11 ਹਜ਼ਾਰ 821 ਲੋਕਾਂ ਨੂੰ ਟੀਕਾ ਲੱਗ ਚੁੱਕਿਆ ਹੈ ਜਦੋਂਕਿ ਹਰਿਆਣਾ ਵਿੱਚ ਇਹ ਅੰਕੜਾ ਜ਼ਿਆਦਾ ਹੈ। ਹਰਿਆਣਾ ਵਿੱਚ 36 ਲੱਖ 76 ਹਜ਼ਾਰ 169 ਵਿਅਕਤੀਆਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ।
ਇਹ ਵੀ ਪੜ੍ਹੋ
ਮਾਹਰਾਂ ਦਾ ਕੀ ਹੈ ਕਹਿਣਾ
ਕੋਰੋਨਾ ਦੀ ਦੂਜੀ ਲਹਿਰ ਅਤੇ ਹੋ ਰਹੀਆਂ ਮੌਤਾਂ ਬਾਰੇ ਪੀਜੀਆਈ ਦੇ ਸਾਬਕਾ ਡਾਕਟਰ ਐਚ ਕੇ ਬਾਲੀ ਨੇ ਦੱਸਿਆ ਕਿ ਅਸਲ ਵਿੱਚ ਪੇਂਡੂ ਖੇਤਰਾਂ ਵਿੱਚ ਲੋਕ ਇਸ ਬਿਮਾਰੀ ਦੀ ਗੰਭੀਰਤਾ ਨੂੰ ਨਹੀਂ ਸਮਝ ਪਾ ਰਹੇ।
ਡਾਕਟਰ ਬਾਲੀ ਮੁਤਾਬਕ ਪੰਜਾਬ ਅਤੇ ਹਰਿਆਣਾ ਦੇ ਲੋਕਾਂ ਨੂੰ ਲੱਗਦਾ ਹੈ ਕਿ ਕੋਰੋਨਾ ਕੋਈ ਸਮੱਸਿਆ ਹੀ ਨਹੀਂ ਹੈ ਬਲਕਿ ਇਹ ਤਾਂ ਮੀਡੀਆ ਵੱਲੋਂ ਤਿਆਰ ਕੀਤੀ ਗਈ ਸਥਿਤੀ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਲੋਕਾਂ 'ਚ ਬਿਮਾਰੀ ਪ੍ਰਤੀ ਜਾਗਰੂਕਤਾ ਦੀ ਘਾਟ ਹੈ, ਇਸੇ ਕਾਰਨ ਹੀ ਕੋਰੋਨਾ ਦੇ ਸ਼ੁਰੂਆਤੀ ਲੱਛਣਾਂ ਵੱਲ ਉਹ ਧਿਆਨ ਹੀ ਨਹੀਂ ਦੇ ਰਹੇ ਹਨ।
ਉਨ੍ਹਾਂ ਆਖਿਆ ਕਿ ਕੋਰੋਨਾ ਪ੍ਰਤੀ ਲੋਕਾਂ ਨੂੰ ਜੋ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ, ਉਸ ਵੱਲ ਉਹ ਧਿਆਨ ਨਹੀਂ ਦਿੰਦੇ।
ਡਾਕਟਰ ਬਾਲੀ ਨੇ ਆਖਿਆ ਕਿ ਵਾਇਰਸ ਤੋਂ ਬਚਣ ਲਈ ਇਹ ਜ਼ਰੂਰੀ ਨਹੀਂ ਕਿ ਕੋਈ ਸਰੀਰਕ ਪੱਖੋਂ ਕਿੰਨਾ ਮਜ਼ਬੂਤ ਹੈ ਬਲਕਿ ਸਾਨੂੰ ਇਸ ਗੱਲ 'ਤੇ ਜ਼ਿਆਦਾ ਜ਼ੋਰ ਦੇਣਾ ਚਾਹੀਦਾ ਹੈ ਕਿ ਹਰ ਕਿਸੇ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ।
ਉਨ੍ਹਾਂ ਨੇ ਆਖਿਆ ਕਿ ਕੋਵਿਡ ਦੇ ਟੀਕੇ ਨੂੰ ਲੈ ਕੇ ਵੀ ਲੋਕਾਂ ਦੀ ਗ਼ਲਤ ਧਾਰਨਾ ਹੈ। ਟੀਕਾ ਲਗਵਾਉਣ ਲਈ ਵੀ ਉਹ ਉਤਸ਼ਾਹ ਵੇਖਣ ਨੂੰ ਨਹੀਂ ਮਿਲ ਰਿਹਾ ਹੈ, ਜੋ ਕਿ ਜ਼ਰੂਰੀ ਸੀ। ਪੰਜਾਬ 'ਚ ਦੂਜੇ ਰਾਜਾਂ ਦੇ ਮੁਕਾਬਲੇ ਟੀਕਾਕਰਨ ਬਹੁਤ ਘੱਟ ਹੋ ਰਿਹਾ ਹੈ।
ਉਨ੍ਹਾਂ ਮੁਤਾਬਕ ਕੋਰੋਨਾਵਾਇਰਸ ਕਿਸੇ ਤ੍ਰਾਸਦੀ ਨਾਲੋਂ ਘੱਟ ਨਹੀਂ ਹੈ। ਬੱਚਿਆਂ 'ਚ ਭਾਵੇਂ ਕਿ ਗੰਭੀਰ ਲੱਛਣ ਸਾਹਮਣੇ ਨਹੀਂ ਆਉਂਦੇ ਹਨ ਪਰ ਉਹ ਪੌਜ਼ੀਟਿਵ ਹੁੰਦੇ ਹਨ।
ਇਸ ਲਈ ਕਿਸੇ ਨੂੰ ਵੀ ਇਹ ਭੁਲੇਖਾ ਨਹੀਂ ਰਹਿਣਾ ਚਾਹੀਦਾ ਹੈ ਕਿ ਉਸ ਦੀ ਉਮਰ ਘੱਟ ਹੈ, ਉਹ ਸਿਹਤਮੰਦ ਹੈ ਜਾਂ ਜਿੰਮ ਜਾਂਦਾ ਹੈ ਅਤੇ ਕਸਰਤ ਕਰਦਾ ਹੈ, ਇਸ ਲਈ ਉਸ ਨੂੰ ਨਹੀਂ ਹੋ ਸਕਦਾ।
ਉਨ੍ਹਾਂ ਆਖਿਆ ਕਿ ਲੋਕਾਂ 'ਚ ਇਹ ਜਾਗਰੂਕਤਾ ਹੋਣੀ ਚਾਹੀਦੀ ਹੈ ਕਿ ਲੱਛਣਾਂ ਦੇ ਆਉਣ 'ਤੇ ਤੁਰੰਤ ਉਹ ਆਪਣਾ ਟੈੱਸਟ ਕਰਵਾਉਣ ਅਤੇ ਰਿਪੋਰਟ ਪੌਜ਼ੀਟਿਵ ਆਉਣ 'ਤੇ ਆਪਣੇ ਆਪ ਨੂੰ ਏਕਾਂਤ ਕਰ ਲੈਣ ਅਤੇ ਬਾਕੀ ਨੇਮਾਂ ਅਨੁਸਾਰ ਵਿਵਹਾਰ ਕਰਨ।
ਸ਼ੁਰੂ 'ਚ ਹੀ ਮੈਡੀਕਲ ਮਾਹਰਾਂ ਨਾਲ ਸੰਪਰਕ ਕਰ ਲੈਣਾ ਚਾਹੀਦਾ ਹੈ ਤਾਂ ਜੋ ਕਿਸੇ ਗੰਭੀਰ ਸਥਿਤੀ ਤੋਂ ਬਚਿਆ ਜਾ ਸਕੇ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2













