ਕੋਰੋਨਾਵਾਇਰਸ : ਸਰਕਾਰੀ ਅੰਕੜੇ ਨਹੀਂ, ਸੜਦੀਆਂ ਲਾਸ਼ਾਂ ਦੱਸਦੀਆਂ ਹਨ ਕੋਰੋਨਾ ਦੀ ਅਸਲ ਕਹਾਣੀ

ਤਸਵੀਰ ਸਰੋਤ, DEFODI IMAGES/GETTY
- ਲੇਖਕ, ਜ਼ੁਬੈਰ ਅਹਿਮਦ
- ਰੋਲ, ਬੀਬੀਸੀ ਪੱਤਰਕਾਰ
ਮੈਂ ਇੰਨੀ ਵੱਡੀ ਗਿਣਤੀ ਵਿੱਚ ਸੜਦੀਆਂ ਲਾਸ਼ਾਂ ਪਹਿਲੀ ਵਾਰ ਦੇਖੀਆਂ ਤੇ ਇੱਕ ਦਿਨ ਵਿੱਚ ਦਿੱਲੀ ਦੇ ਤਿੰਨ ਸ਼ਮਸ਼ਾਨ ਘਾਟਾਂ ਵਿੱਚ ਇਹ ਦੁੱਖ ਅਤੇ ਅਫ਼ਸੋਸ ਭਰਿਆ ਮੰਜ਼ਰ ਦੇਖਣ ਨੂੰ ਮਿਲਿਆ। ਸੜ ਰਹੀਆਂ ਲਾਸ਼ਾਂ, ਉਨ੍ਹਾਂ ਦੀਆਂ ਸਨ, ਜੋ ਕੋਰੋਨਾ ਵਾਇਰਸ ਦਾ ਸ਼ਿਕਾਰ ਹੋਏ।
ਸ਼ਨਿੱਚਰਵਾਰ ਨੂੰ ਮੈਂ (ਬੀਬੀਸੀ ਦੀ ਟੀਮ) ਨੇ ਦਿੱਲੀ ਦੇ ਹਸਪਤਾਲਾਂ ਵਿੱਚ ਆਕਸੀਜਨ, ਆਈਸੀਯੂ ਬੈੱਡ, ਵੈਂਟੀਲੇਟਰ ਅਤੇ ਦਵਾਈਆਂ ਨਾਲ ਜੂਝਦੇ ਲੋਕਾਂ ਨੂੰ ਦੇਖਿਆ ਸੀ। ਆਖ਼ਰੀ ਸਾਹ ਲੈਣ ਵਾਲੇ ਕਈ ਲੋਕਾਂ ਦੇ ਰਿਸ਼ਤੇਦਾਰਾਂ ਨੂੰ ਹੰਝੂ ਵਹਾਉਂਦਿਆਂ ਦੇਖਿਆ ਸੀ।
ਸੋਮਵਾਰ ਨੂੰ ਸ਼ਮਸ਼ਾਨ ਘਾਟ ਵਿੱਚ ਬਜ਼ੁਰਗਾਂ, ਨੌਜਵਾਨਾਂ ਅਤੇ ਬੱਚਿਆਂ ਨੂੰ ਇੱਕ ਦੂਜੇ ਦੇ ਗਲੇ ਲੱਗ ਕੇ ਰੋਂਦਿਆਂ ਦੇਖਿਆ। ਚਿਤਾ ਜਲਾਉਣ ਲਈ ਆਪਣੀ ਵਾਰੀ ਦੀ ਉਡੀਕ ਕਰਦੇ ਲੋਕਾਂ ਨੂੰ ਦੇਖਿਆ ਅਤੇ ਜਦੋਂ ਸ਼ਮਸ਼ਾਨ ਘਾਟ ਵੀ ਛੋਟੇ ਪੈ ਗਏ ਤਾਂ ਖੁੱਲ੍ਹੇ ਮੈਦਨ ਵਿੱਚ ਮੇਕਸ਼ਿਫ਼ਟ ਸ਼ਮਸ਼ਾਨ ਬਣਦੇ ਦੇਖਿਆ ਤਾਂ ਕਿ ਆਉਂਦੇ ਸਮੇਂ ਵਿੱਚ ਆਉਣ ਵਾਲੀਆਂ ਲਾਸ਼ਾਂ ਨੂੰ ਸਾੜੀਆਂ ਜਾ ਸਕਣ।
ਇਹ ਵੀ ਪੜ੍ਹੋ

ਤਸਵੀਰ ਸਰੋਤ, ZUBAIR AHMED/BBC
ਦਿੱਲੀ ਵਿੱਚ ਇੰਨ੍ਹਾਂ ਦਿਨਾਂ ਵਿੱਚ ਰੋਜ਼ਾਨਾ ਕੋਵਿਡ-19 ਨਾਲ ਮਰਨ ਵਾਲਿਆਂ ਦੀ ਗਿਣਤੀ ਸਰਕਾਰੀ ਤੌਰ 'ਤੇ 350 ਤੋਂ 400 ਦਰਮਿਆਨ ਦੱਸੀ ਜਾ ਰਹੀ ਹੈ। ਮੈਂ ਤਿੰਨ ਸ਼ਮਸ਼ਾਨ ਘਾਟਾਂ ਵਿੱਚ ਮਹਿਜ਼ ਕੁਝ ਘੰਟਿਆਂ ਵਿੱਚ ਹੀ 100 ਤੋਂ ਵੱਧ ਚਿਤਾਵਾਂ ਸੜਦੀਆਂ ਦੇਖੀਆਂ।
ਸਰਾਏ ਕਾਲੇ ਖਾਂ ਵਿੱਚ ਰਿੰਗ ਰੋਡ ਨਾਲ ਲੱਗਦਾ, ਟ੍ਰੈਫ਼ਿਕ ਦੀ ਭੀੜ ਤੋਂ ਦੂਰ ਇੱਕ ਇਲੈਕਟ੍ਰੀਕਲ ਸ਼ਮਸ਼ਾਨ ਘਾਟ ਹੈ। ਉਥੇ ਇੱਕ ਪਾਸੇ, ਇਕੱਠੀਆਂ ਕਈ ਚਿਤਾਵਾਂ ਸੜ ਰਹੀਆਂ ਸਨ ਅਤੇ ਦੂਜੇ ਪਾਸੇ ਆਈ ਜਾ ਰਹੀਆਂ ਮ੍ਰਿਤਕ ਦੇਹਾਂ ਦੇ ਅੰਤਿਮ ਸਸਕਾਰ ਦੀ ਤਿਆਰੀ ਚੱਲ ਰਹੀ ਸੀ। ਰਿਸ਼ਤੇਦਾਰਾਂ, ਐਂਬੂਲੈਂਸ ਵਾਲਿਆਂ ਅਤੇ ਸਮਾਜ ਸੇਵਕਾਂ ਦੀ ਇੱਕ ਭੀੜ ਲੱਗੀ ਹੋਈ ਸੀ।
ਇੱਕ ਸਮੇਂ ਵਿੱਚ ਕਰੀਬ 10 ਤੋਂ 12 ਲਾਸ਼ਾਂ ਸਾੜੀਆਂ ਜਾ ਰਹੀਆਂ ਸਨ।

ਤਸਵੀਰ ਸਰੋਤ, ZUBAIR AHMED/BBC
ਖੁੱਲ੍ਹੇ ਮੈਦਾਨ ਵਿੱਚ ਮੇਕਸ਼ਿਫ਼ਟ ਸ਼ਮਸ਼ਾਨ ਘਾਟ
ਅੰਤਿਮ ਸਸਕਾਰ ਕਰਵਾਉਣ ਲਈ ਉੱਥੇ ਇੱਕ ਹੀ ਪੰਡਤ ਮੌਜੂਦ ਸਨ ਅਤੇ ਉਹ ਇੰਨੇ ਰੁੱਝੇ ਹੋਏ ਸਨ ਕਿ ਉਨ੍ਹਾਂ ਨਾਲ ਗੱਲ ਕਰਨੀ ਔਖੀ ਸੀ। ਮੈਂ ਜਦੋਂ ਆਪਣੇ ਫ਼ੋਨ ਨਾਲ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਫ਼ੋਨ ਨੇ ਗ਼ਰਮੀ ਦੇ ਮਾਰੇ ਕੰਮ ਕਰਨਾ ਬੰਦ ਕਰ ਦਿੱਤਾ।
ਮੈਂ ਸੋਚ ਰਿਹਾ ਸੀ ਕਿ ਇੰਨਾ ਮਜ਼ਬੂਤ ਫ਼ੋਨ ਪੰਜ ਮਿੰਟ ਵਿੱਚ ਹੀ ਗ਼ਰਮ ਹੋ ਗਿਆ ਪਰ ਇਹ ਪੁਜਾਰੀ ਕਦੋਂ ਤੋਂ ਲਾਸ਼ਾਂ ਵਿੱਚ ਖੜ੍ਹ ਕੇ ਅੰਤਿਮ ਸਸਕਾਰ ਦੀਆਂ ਰਮਸਾਂ ਕਰਵਾ ਰਹੇ ਹੋਣਗੇ।
ਮੈਂ ਉਨ੍ਹਾਂ ਨੇੜੇ ਜਾ ਕੇ ਪੁੱਛਿਆ ਕਿ ਹਰ ਘੰਟੇ ਵਿੱਚ ਕਿੰਨੀਆਂ ਲਾਸ਼ਾਂ ਸੜ ਰਹੀਆਂ ਹਨ ਤਾਂ ਉਨ੍ਹਾਂ ਨੇ ਮੇਰੇ ਵੱਲ ਦੇਖੇ ਬਗ਼ੈਰ ਹੀ ਕਿਹਾ, "ਇਥੇ 24 ਘੰਟੇ ਦੇਹਾਂ ਆ ਰਹੀਆਂ ਹਨ, ਗਿਣਤੀ ਕਿਵੇਂ ਯਾਦ ਰੱਖੀਏ।"
ਹਰ ਕੁਝ ਮਿੰਟਾਂ ਵਿੱਚ ਮ੍ਰਿਤਕ ਦੇਹ ਲੈ ਕੇ ਇੱਕ ਤੋਂ ਬਾਅਦ ਦੂਜੀ, ਦੂਜੀ ਤੋਂ ਬਾਅਦ ਤੀਜੀ ਐਂਬੂਲੈਂਸ ਅੰਦਰ ਆ ਰਹੀ ਸੀ। ਮੇਰਾ ਸਿਰ ਘੁੰਮਣ ਲੱਗਿਆ, ਮੈਂ ਕੱਟੜਪੰਥੀ ਹਮਲੇ, ਕਤਲਾਂ ਅਤੇ ਘਟਨਾਵਾਂ ਨੂੰ ਕਵਰ ਕੀਤਾ ਹੈ ਪਰ ਸਮੂਹਿਕ ਅੰਤਿਮ ਸਸਕਾਰ ਪਹਿਲਾ ਕਦੀ ਨਹੀਂ ਦੇਖਿਆ।
ਇੱਕ ਤਾਂ ਚਿਤਾਵਾਂ ਤੋਂ ਨਿਕਲਣ ਵਾਲੀ ਗ਼ਰਮੀ, ਉੱਪਰੋਂ ਸੂਰਜ ਦੀ ਤਪਸ਼ ਅਤੇ ਫ਼ਿਰ ਸਿਰ ਤੋਂ ਪੈਰਾਂ ਤੱਕ ਪੀਪੀਈ ਸੁਰੱਖਿਆ ਨਾਲ ਢਕੇ ਸਰੀਰਾਂ ਕਾਰਨ ਉਥੇ ਖੜੇ ਰਹਿਣਾ ਔਖਾ ਹੋ ਰਿਹਾ ਸੀ। ਸ਼ਾਇਦ ਮੈਂ ਭਾਵੁਕ ਹੋ ਗਿਆ ਸੀ।
ਥੋੜ੍ਹੀ ਦੇਰ ਤੱਕ ਇੱਕ ਪਾਸੇ ਖੜੇ ਰਹਿਣ ਤੋਂ ਬਾਅਦ ਜਦੋਂ ਮੈਂ ਉਥੋਂ ਬਾਹਰ ਨਿਕਲਿਆ ਤਾਂ ਇੱਕ ਔਰਤ ਪੱਤਰਕਾਰ ਨੇ ਮੈਨੂੰ ਦੱਸਿਆ ਕਿ ਕੁਝ ਹੀ ਦੂਰੀ 'ਤੇ ਖੁੱਲ੍ਹੇ ਮੈਦਾਨ ਵਿੱਚ ਇੱਕ ਮੇਕਸ਼ਿਫ਼ਟ ਸ਼ਮਸ਼ਾਨ ਬਣਾਇਆ ਜਾ ਰਿਹਾ ਹੈ।

ਤਸਵੀਰ ਸਰੋਤ, ZUBAIR AHMED/BBC
ਮੈਂ ਉੱਥੇ ਗਿਆ ਤਾਂ ਦੇਖਿਆ ਕਿ ਕਈ ਮਜ਼ਦੂਰ ਖੁੱਲ੍ਹੇ ਮੈਦਾਨ ਵਿੱਚ ਚਿਤਾਵਾਂ ਲਈ 20-25 ਥੜੇ ਬਣਾ ਰਹੇ ਸਨ। ਉਥੇ ਮੌਜੂਦ ਇੱਕ ਵਿਅਕਤੀ ਨੇ ਕਿਹਾ ਇਹ ਆਉਣ ਵਾਲੇ ਦਿਨਾਂ ਦੀ ਤਿਆਰੀ ਹੈ ਜਦੋਂ ਕੋਵਿਡ ਨਾਲ ਮਰਨ ਵਾਲਿਆਂ ਦੀਆਂ ਗਿਣਤੀ ਹੋਰ ਵੀ ਜ਼ਿਆਦਾ ਵੱਧ ਜਾਵੇਗੀ।
ਲੋਧੀ ਰੋਡ ਇਲੈਕਟ੍ਰੀਕਲ ਸ਼ਮਸ਼ਾਨਘਾਟ ਵਿੱਚ ਬਹੁਤ ਜ਼ਿਆਦਾ ਭੀੜ ਸੀ। ਚਿਤਾਵਾਂ ਵੀ ਵੱਧ ਗਿਣਤੀ ਵਿੱਚ ਸੜ ਰਹੀਆਂ ਸਨ। ਉਥੇ ਕਾਫ਼ੀ ਗਿਣਤੀ ਵਿੱਚ ਮਰਨ ਵਾਲਿਆਂ ਦੇ ਪਰਿਵਾਰ ਵਾਲੇ ਮੌਜੂਦ ਸਨ। ਮੈਂ ਦੇਖਿਆ ਇੱਕ ਹੀ ਵਾਰ ਵਿੱਚ ਕਈ ਲੋਕ ਇੱਕ ਦੂਜੇ ਨੂੰ ਗਲੇ ਲਾ ਕੇ ਰੋ ਰਹੇ ਸਨ।
ਐਂਬੂਲੈਂਸ ਅੰਦਰ ਆ ਰਹੀ ਸੀ ਅਤੇ ਮ੍ਰਿਤਕ ਦੇਹਾਂ ਨੂੰ ਹੇਠਾਂ ਲਾਹਿਆ ਜਾ ਰਿਹਾ ਸੀ। ਗਿਣਤੀ ਤਾਂ ਨਹੀ ਪਰ ਮੇਰਾ ਅੰਦਾਜ਼ਾ ਹੈ ਕਿ ਇੱਕੋ ਵੇਲੇ 20 ਤੋਂ 25 ਚਿਤਾਵਾਂ ਸੜ ਰਹੀਆਂ ਸਨ। ਕਈ ਰਿਸ਼ਤੇਦਾਰ ਪੀਪੀਈ ਕਿੱਟਾਂ ਪਹਿਨਕੇ ਆਏ ਸਨ।
ਅਜਿਹੀ ਹੀ ਇੱਕ ਕਿੱਟ ਪਹਿਨੀ ਇੱਕ ਨੌਜਵਾਨ ਸਾਈਡ 'ਤੇ ਇੱਕ ਬੈਂਚ 'ਤੇ ਬੈਠਾ ਸੀ। ਗੁੰਮਸੁਮ ਜਿਹਾ। ਉਸ ਨੇ ਮੈਨੂੰ ਦੱਸਿਆ ਕਿ ਉਸਦੇ ਪਿਤਾ ਦਾ ਸੋਮਵਾਰ ਸਵੇਰੇ ਦੇਹਾਂਤ ਹੋ ਗਿਆ। ਉਹ ਕੋਵਿਡ ਪੌਜ਼ੀਟਿਵ ਸਨ। ਉਹ ਉਥੇ ਪਹਿਲਾਂ ਪਹੁੰਚ ਗਿਆ ਸੀ। ਉਸ ਦੇ ਭਰਾ ਪਿਤਾ ਦੀ ਦੇਹ ਨੂੰ ਹਸਪਤਾਲ ਤੋਂ ਲੈ ਕੇ ਆਉਣ ਵਾਲੇ ਸਨ। ਕੁਝ ਹੀ ਪਲ ਬਾਅਦ ਉਹ ਰੋ ਪਿਆ। ਉਥੇ ਮੌਜੂਦ ਕੁਝ ਲੋਕ ਉਸ ਨੂੰ ਹੌਸਲਾ ਦੇਣ ਲੱਗੇ।
ਉਥੇ ਮੌਜੂਦ ਸਾਰੇ ਲੋਕ ਆਪਣੇ ਸਕੇ-ਸਬੰਧੀਆਂ ਨੂੰ ਆਖ਼ਰੀ ਵਿਦਾਈ ਦੇਣ ਆਏ ਸਨ। ਇਸ ਲਈ ਸੁਭਾਵਿਕ ਸੀ ਕਿ ਇਸ ਨਾਜ਼ੁਕ ਮੌਕੇ ਉਹ ਇੱਕ ਦੂਜੇ ਦੇ ਦਰਦ ਨੂੰ ਸਮਝ ਰਹੇ ਸਨ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1

ਤਸਵੀਰ ਸਰੋਤ, ZUBAIR AHMED/BBC
ਸੀਮਾਪੁਰੀ ਸ਼ਮਸ਼ਾਨ ਘਾਟ ਦਾ ਦ੍ਰਿਸ਼
ਸੀਮਾਪੁਰੀ ਦਾ ਸ਼ਮਸ਼ਾਨ ਘਾਟ ਥੋੜ੍ਹਾ ਤੰਗ ਹੈ ਪਰ ਇਸਦੇ ਬਾਵਜੂਦ ਅੰਦਰ ਕਾਫ਼ੀ ਚਿਤਾਵਾਂ ਸੜਦੀਆਂ ਨਜ਼ਰ ਆ ਰਹੀਆਂ ਸਨ। ਕੁਝ ਪਲੇਟਫ਼ਾਰਮ ਪਹਿਲਾਂ ਹੀ ਮੌਜੂਦ ਸਨ, ਕੁਝ ਨਵੇਂ ਬਣਾਏ ਗਏ ਸਨ।
ਅੰਦਰ ਰਿਸ਼ਤੇਦਾਰ ਦੇਹਾਂ ਨੂੰ ਵੀ ਆਪ ਹੀ ਲਿਆ ਰਹੇ ਸਨ ਅਤੇ ਲਕੜਾਂ ਦਾ ਪ੍ਰਬੰਧ ਵੀ ਆਪ ਹੀ ਕਰ ਰਹੇ ਸਨ। ਉਥੇ ਮੈਨੂੰ ਬਜਰੰਗ ਦਲ ਦਾ ਇੱਕ ਨੌਜਵਾਨ ਮਿਲਿਆ ਜੋ ਐਂਬੂਲੈਂਸ ਦੀ ਸੇਵਾ ਨਾਲ ਜੁੜਿਆ ਹੋਇਆ ਸੀ। ਉਸ ਨੇ ਮੈਨੂੰ ਦੱਸਿਆ ਕਿ ਉਹ 10 ਦਿਨਾਂ ਤੋਂ ਲਗਾਤਾਰ ਇਥੇ ਹਸਪਤਾਲਾਂ ਤੋਂ ਮ੍ਰਿਤਕ ਦੇਹਾਂ ਲੈ ਕੇ ਆ ਰਿਹਾ ਹੈ।
ਸਿੱਖਾਂ ਦੀ ਇੱਕ ਸੰਸਥਾ ਇਥੇ ਹਰ ਤਰ੍ਹਾਂ ਦੀ ਸੁਵਿਧਾ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਲੋਕ ਕਾਫ਼ੀ ਸਨ।
ਇੱਕ ਸਰਦਾਰ ਜੀ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਹਾਲਤ ਇੰਨੀ ਖ਼ਰਾਬ ਹੋ ਗਈ ਹੈ ਕਿ ਹੁਣ ਲੋਕਾਂ ਨੂੰ ਕਹਿਣਾ ਪੈ ਰਿਹਾ ਹੈ ਕਿ ਹਰ ਸ਼ਮਸ਼ਾਨ ਘਾਟ ਵੱਲ ਜਾਣ। ਉਹ ਉਥੇ ਸੇਵਾ ਵਿੱਚ ਲੱਗੇ ਸਨ। ਉਨ੍ਹਾਂ ਦਾ ਦਾਅਵਾ ਸੀ ਕਿ ਸੀਮਾਪੁਰੀ ਸ਼ਮਸ਼ਾਨ ਘਾਟ ਵਿੱਚ ਹਰ ਰੋਜ਼ 100 ਤੋਂ ਵੱਧ ਚਿਤਾਵਾਂ ਸਾੜੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ

ਤਸਵੀਰ ਸਰੋਤ, ZUBAIR AHMED/BBC
ਮੁਸਲਮਾਨ ਕਬਰਿਸਤਾਨਾਂ ਦਾ ਹਾਲ
ਲੋਧੀ ਰੋਡ ਸ਼ਮਸ਼ਾਨ ਤੋਂ ਕੁਝ ਦੂਰ ਮੁਸਲਮਾਨਾਂ ਦਾ ਇੱਕ ਕਬਰਿਸਤਾਨ ਹੈ। ਪਰ ਉਥੇ ਸਿਰਫ਼ ਇੱਕ ਹੀ ਜਨਾਜ਼ੇ ਦੀ ਨਮਾਜ਼ ਹੋ ਰਹੀ ਸੀ। ਓਖ਼ਲਾ ਦੇ ਬਟਲਾ ਹਾਊਸ ਵਿੱਚ ਵੀ ਇੱਕ ਕਬਰਿਸਤਾਨ ਹੈ।
ਉਥੋਂ ਦੇ ਇੱਕ ਵਾਸੀ ਨਾਲ ਫ਼ੋਨ 'ਤੇ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਪਹਿਲਾਂ ਉਥੇ ਤਿੰਨ ਚਾਰ ਲੋਕਾਂ ਦੀਆਂ ਕਬਰਾਂ ਪੁੱਟੀਆਂ ਜਾਂਦੀਆਂ ਸਨ ਪਰ ਅਪ੍ਰੈਲ ਮਹੀਨੇ ਹਰ ਰੋਜ਼ 20 ਤੋਂ 25 ਕਬਰਾਂ ਪੁੱਟੀਆਂ ਜਾ ਰਹੀਆਂ ਹਨ। ਉਸ ਨੇ ਕਿਹਾ, "ਕੱਲ੍ਹ ਮੈਂ ਖ਼ੁਦ ਹੀ ਦੋ ਜਨਾਜ਼ਿਆਂ ਦੀ ਨਮਾਜ਼ ਪੜ੍ਹੀ।"
ਆਈਟੀਓ 'ਤੇ ਟਾਈਮਜ਼ ਆਫ਼ ਇੰਡੀਆ ਦੀ ਇਮਾਰਤ ਦੇ ਪਿੱਛੇ ਇੱਕ ਕਬਰਿਸਤਾਨ ਹੈ। ਇਸ ਕਬਰਿਸਤਾਨ ਵਿੱਚ ਮਰਨ ਵਾਲਿਆਂ ਨਾਲ ਵੀ ਭੇਦਭਾਵ ਦੇਖਣ ਨੂੰ ਮਿਲਿਆ। ਕਬਰ ਪੁੱਟਣ ਦਾ ਕੰਮ ਕਰਨ ਵਾਲੇ ਇੱਕ ਸ਼ਖ਼ਸ ਨੇ ਦੱਸਿਆ ਕਿ ਕੋਵਿਡ ਨਾਲ ਮਰਨ ਵਾਲਿਆਂ ਦੀਆਂ ਕਬਰਾਂ ਵੱਖਰੀਆਂ ਹਨ।

ਤਸਵੀਰ ਸਰੋਤ, ZUBAIR AHMED/BBC
ਉਹ ਮੈਨੂੰ ਕਬਰਿਸਤਾਨ ਦੇ ਇੱਕ ਦਮ ਆਖ਼ਰੀ ਕੋਨੇ ਵਿੱਚ ਲੈ ਗਿਆ। ਮੈਂ ਪੁੱਛਿਆ ਕਿ ਇਥੇ ਰੋਜ਼ ਕੋਵਿਡ ਨਾਲ ਮਰਨ ਵਾਲੇ ਕਿੰਨੇ ਲੋਕਾਂ ਨੂੰ ਦਫ਼ਨਾਇਆ ਜਾਂਦਾ ਹੈ ਤਾਂ ਉਸਨੇ ਕਿਹਾ, 20 ਤੋਂ 25 ਨੂੰ।

ਤਸਵੀਰ ਸਰੋਤ, ZUBAIR AHMED/BBC
ਪਰ ਉਸ ਸਮੇਂ ਉਥੇ ਜਨਾਜ਼ੇ ਦੀ ਕੋਈ ਨਮਾਜ਼ ਨਹੀਂ ਸੀ ਹੋ ਰਹੀ। ਉਸ ਨੇ ਕਿਹਾ ਲੋਕ ਜਾਂ ਤਾਂ ਫ਼ਜ਼ਰ (ਸਵੇਰ) ਦੀ ਨਮਾਜ਼ ਤੋਂ ਬਾਅਦ ਜਾਂ ਫ਼ਿਰ ਇਸ਼ਾ (ਸ਼ਾਮ) ਦੀ ਨਮਾਜ਼ ਤੋਂ ਬਾਅਦ ਆਪਣੇ ਪਰਿਵਾਰ ਵਾਲਿਆਂ ਨੂੰ ਦਫ਼ਨਾਉਂਦੇ ਹਨ।
ਉਥੇ ਮੌਜੂਦ ਇੱਕ ਵਿਅਕਤੀ ਨੇ ਕਿਹਾ ਉਸਦੀ ਮਾਂ ਦਾ ਕੋਵਿਡ ਨਾਲ ਸਵੇਰੇ ਦੇਹਾਂਤ ਹੋ ਗਿਆ। ਉਸ ਦੇ ਭਰਾ ਹਸਪਤਾਲ ਗਏ ਸਨ, ਦੇਹ ਲੈਣ। ਉਨ੍ਹਾਂ ਨੇ ਕਿਹਾ ਕਿ ਉਹ ਕੋਵਿਡ ਲਾਗ਼ ਲੱਗਣ ਤੋਂ 12 ਦਿਨ ਬਾਅਦ ਚੱਲ ਵਸੀ।
ਮੈਂ ਮਹਿਜ਼ ਤਿੰਨ ਸ਼ਮਸ਼ਾਨ ਘਾਟਾਂ ਵਿੱਚ ਹੀ ਗਿਆ। ਦਿੱਲੀ ਵਿੱਚ ਦਰਜਨਾਂ ਸ਼ਮਸ਼ਾਨ ਘਾਟ ਹਨ। ਕੋਵਿਡ ਮਾਮਲਿਆਂ ਵਿੱਚ ਵਾਧਾ ਅਤੇ ਉਸ ਨਾਲ ਹੋਣ ਵਾਲੀਆਂ ਮੌਤਾਂ ਦਾ ਸਹੀ ਅੰਦਾਜ਼ਾ ਇਥੇ ਆ ਕੇ ਲੱਗਦਾ ਹੈ।
ਸਰਕਾਰ ਕੋਵਿਡ ਨਾਲ ਹੋਣ ਵਾਲੀਆਂ ਮੌਤਾਂ ਨੂੰ ਬਹੁਤ ਘਟਾ ਕੇ ਦੱਸ ਰਹੀ ਹੈ, ਇਹ ਗੱਲ ਲਗਾਤਾਰ ਬਲਦੀਆਂ ਚਿਤਾਵਾਂ ਨੂੰ ਦੇਖ ਕੇ ਸਮਝ ਆਉਂਦੀ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












