ਕੋਰੋਨਾਵਾਇਰਸ : ਮੋਦੀ ਦੀ ਵਾਰਾਣਸੀ - ਇਲਾਜ ਲਈ ਦਰ ਦਰ ਭਟਕਦੀ ਮਾਂ ਦੇ ਪੁੱਤ ਨੇ ਰਿਕਸ਼ੇ 'ਚ ਹੀ ਦਮ ਤੋੜਿਆ

ਕੋਰੋਨਾ

ਤਸਵੀਰ ਸਰੋਤ, Aditya bharadwaj

ਤਸਵੀਰ ਕੈਪਸ਼ਨ, ਚੰਦਰਕਲਾ ਸਿੰਘ ਵਾਰਾਣਸੀ ਨਾਲ ਲੱਗਦੇ ਜੌਨਪੁਰ ਦੇ ਅਹਿਰੌਲੀ (ਸ਼ੀਤਲਗੰਜ) ਦੀ ਰਹਿਣ ਵਾਲੇ ਹਨ
    • ਲੇਖਕ, ਪ੍ਰਦੀਪ ਕੁਮਾਰ
    • ਰੋਲ, ਬੀਬੀਸੀ ਪੱਤਰਕਾਰ

ਸੋਸ਼ਲ ਮੀਡੀਆ 'ਤੇ ਪਿਛਲੇ ਦੋ ਦਿਨਾਂ ਤੋਂ ਵਾਰਾਣਸੀ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿੱਚ ਈ-ਰਿਕਸ਼ਾ ਵਿੱਚ ਬੈਠੀ ਇੱਕ ਬੌਖਲਾਈ ਹੋਈ ਮਾਂ ਹੈ ਅਤੇ ਉਸ ਦੇ ਪੈਰਾਂ 'ਚ ਉਸਦਾ ਪੁੱਤ ਪਿਆ ਹੈ, ਜਿਸ ਦੇ ਸਾਹ ਰੁਕ ਚੁੱਕੇ ਹਨ।

ਇੱਕ ਤਾਂ ਤਸਵੀਰ ਸੱਚੀਂ ਦਿਲ ਦਹਿਲਾਉਣ ਵਾਲੀ ਹੈ, ਦੂਜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਲਕੇ ਦਾ ਮਾਮਲਾ ਹੈ, ਇਸ ਲਈ ਸੋਸ਼ਲ ਮੀਡੀਆ 'ਤੇ ਇਸ ਦੇ ਵਾਇਰਲ ਹੋਣ ਵਿੱਚ ਦੇਰੀ ਨਾ ਲੱਗੀ।

ਉਨ੍ਹਾਂ ਦੀ ਹੀ ਇੱਕ ਹੋਰ ਤਸਵੀਰ ਵੀ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਜਾ ਰਹੀ ਹੈ, ਜਿਸ ਵਿੱਚ ਮਾਂ ਮਦਦ ਲੈਣ ਦੀ ਕੋਸ਼ਿਸ਼ ਵਿੱਚ ਆਪਣੇ ਮਰੇ ਹੋਏ ਬੇਟੇ ਦੇ ਸਮਾਰਟਫ਼ੋਨ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰਦੀ ਨਜ਼ਰ ਆ ਰਹੀ ਹੈ।

ਇਹ ਵੀ ਪੜ੍ਹੋ

ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਬੇਵਸ ਮਾਂ ਦੇ ਪੈਰਾਂ 'ਚ ਜਵਾਨ ਪੁੱਤ ਦੀ ਲਾਸ਼, ਕੀ ਹੈ ਪੂਰਾ ਮਾਮਲਾ

ਅਸਲ 'ਚ, ਇਹ ਔਰਤ ਵਾਰਾਣਸੀ ਨਾਲ ਲੱਗਦੇ ਜੌਨਪੁਰ ਦੇ ਅਹਿਰੌਲੀ (ਸ਼ੀਤਲਗੰਜ) ਦੀ ਰਹਿਣ ਵਾਲੀ ਹੈ, ਚੰਦਰਕਲਾ ਸਿੰਘ। ਸੋਮਵਾਰ ਨੂੰ ਉਹ ਆਪਣੇ 29 ਸਾਲ ਦੇ ਬੇਟੇ ਵਿਨੀਤ ਸਿੰਧ ਦਾ ਇਲਾਜ ਕਰਵਾਉਣ ਲਈ ਬਨਾਰਸ ਹਿੰਦੂ ਯੂਨੀਵਰਸਿਟੀ (ਬੀਐੱਚਯੂ) ਦੇ ਹਸਪਤਾਲ ਪਹੁੰਚੀ ਸੀ।

ਵਿਨੀਤ ਮੁੰਬਈ ਵਿੱਚ ਇੱਕ ਦਵਾਈਆਂ ਦੀ ਦੁਕਾਨ 'ਤੇ ਮਾਮੂਲੀ ਨੌਕਰੀ ਕਰਦੇ ਸਨ, ਕੋਰੋਨਾ ਮਹਾਂਮਾਰੀ ਤੋਂ ਬਾਅਦ ਉਨ੍ਹਾਂ ਦੀ ਨੌਕਰੀ ਚਲੀ ਗਈ ਸੀ, ਜਿਸ ਕਾਰਨ ਉਹ ਆਪਣੇ ਪਿੰਡ ਪਰਤ ਆਏ ਸਨ।

ਬੀਐੱਚਯੂ ਦੇ ਹਸਪਤਾਲ ਵਿੱਚ ਉਨ੍ਹਾਂ ਨੂੰ ਦਾਖ਼ਲ ਨਾ ਕੀਤਾ ਗਿਆ ਅਤੇ ਇਸ ਤੋਂ ਬਾਅਦ ਈ-ਰਿਕਸ਼ਾ ਵਿੱਚ ਉਨ੍ਹਾਂ ਨੇ ਕੁਝ ਨਿੱਜੀ ਹਸਪਤਾਲਾਂ ਵਿੱਚ ਵੀ ਬੇਟੇ ਨੂੰ ਭਰਤੀ ਕਰਵਾਉਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੂੰ ਕੋਈ ਕਾਮਯਾਬੀ ਨਾ ਮਿਲੀ।

ਕੁਝ ਹੀ ਘੰਟਿਆਂ ਅੰਦਰ ਈ-ਰਿਕਸ਼ਾ 'ਤੇ ਹੀ ਮਾਂ ਦੀਆਂ ਅੱਖਾਂ ਦੇ ਸਾਹਮਣੇ ਵਿਨੀਤ ਨੇ ਤੜਫ਼ਦਿਆਂ ਦਮ ਤੋੜ ਦਿੱਤਾ।

ਆਪਣੇ ਜਵਾਨ ਪੁੱਤ ਦੀ ਬੇਵਕਤੀ ਮੌਤ ਦੇ ਸਦਮੇ ਤੋਂ ਜ਼ਿਆਦਾ ਦੁੱਖ ਚੰਦਰਕਲਾ ਸਿੰਘ ਨੂੰ ਆਪਣੇ ਬੇਟੇ ਦੀ ਮਦਦ ਨਾ ਕਰ ਸਕਣ ਦਾ ਹੈ।

ਕੋਰੋਨਾ

ਤਸਵੀਰ ਸਰੋਤ, Aditya bharadwaj

ਤਸਵੀਰ ਕੈਪਸ਼ਨ, ਚੰਦਰਕਲਾ ਸਿੰਘ ਦੇ ਜੀਵਨ ਵਿੱਚ ਦੁੱਖ ਪਹਿਲਾਂ ਹੀ ਥੋੜ੍ਹੇ ਨਹੀਂ ਸਨ, ਦਸ ਸਾਲ ਪਹਿਲਾਂ ਉਨ੍ਹਾਂ ਦੇ ਪਤੀ ਦੀ ਮੌਤ ਹੋ ਗਈ ਅਤੇ ਪਿਛਲੇ ਸਾਲ ਵਿਨੀਤ ਦੇ ਵੱਡੇ ਭਰਾ ਦੀ ਮੌਤ ਹੋ ਗਈ ਸੀ

"ਚੰਦਰਕਲਾ ਸਿੰਘ ਨੇ ਇਸ ਪੂਰੇ ਹਾਦਸੇ ਬਾਰੇ ਦੱਸਿਆ, "ਅਸੀਂ ਬੀਐੱਚਯੂ ਹਸਪਤਾਲ ਗਏ ਸੀ, ਉਥੇ ਸਾਨੂੰ ਕਿਹਾ ਗਿਆ ਕਿ ਡਾਕਟਰ ਨਹੀਂ ਆਏ, ਤੁਸੀਂ ਉਥੇ (ਟਰੌਮਾ ਸੈਂਟਰ) ਜਾਓ, ਟਰੌਮਾ ਸੈਂਟਰ ਵਿੱਚ ਹੀ ਬੇਟੇ ਦੀ ਹਾਲਤ ਵਿਗੜਨ ਲੱਗੀ ਸੀ ਅਤੇ ਉਹ ਉਤੇ ਪੌੜੀਆਂ ਦੇ ਕੋਲ ਹੀ ਜ਼ਮੀਨ 'ਤੇ ਲੰਬਾ ਪੈ ਗਿਆ ਸੀ। ਪਰ ਉਨ੍ਹਾਂ ਲੋਕਾਂ ਨੇ ਕਿਹਾ ਕਿ ਇਥੋਂ ਲੈ ਜਾਓ, ਲੈ ਜਾਓ। ਕੋਰੋਨਾ ਹੈ, ਕੋਰੋਨਾ ਹੈ…ਕਹਿਣ ਲੱਗੇ।"

ਚੰਦਰਕਲਾ ਸਿੰਘ ਦੱਸਦੇ ਹਨ, "ਮੇਰੇ ਬੱਚੇ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਣ ਲੱਗੀ ਸੀ, ਅਸੀਂ ਉਥੇ ਆਕਸੀਜਨ ਮੰਗੀ, ਐਂਬੂਲੈਂਸ ਵੀ ਮੰਗੀ, ਪਰ ਕੋਈ ਸੁਣਵਾਈ ਨਾ ਹੋਈ। ਫ਼ਿਰ ਮੈਂ ਕਿਸੇ ਤਰ੍ਹਾਂ ਈ-ਰਿਕਸ਼ਾ 'ਤੇ ਉਸ ਨੂੰ ਲੰਮਾ ਪਾ ਕੇ ਇੱਕ ਹੋਰ ਹਸਪਤਾਲ ਵਿੱਚ ਗਈ। ਉਥੇ ਵੀ ਭਰਤੀ ਕਰਨ ਤੋਂ ਮਨ੍ਹਾਂ ਕਰ ਦਿੱਤਾ ਗਿਆ। ਫ਼ਿਰ ਕਿਸੇ ਹੋਰ ਹਸਪਤਾਲ ਨੂੰ ਜਾ ਹੀ ਰਹੇ ਸੀ ਕਿ ਇੰਨੇ ਨੂੰ ਹੀ ਮੇਰਾ ਬੱਚਾ ਨਾ ਰਿਹਾ, ਉਹ ਤੜਫ਼-ਤੜਫ਼ ਕੇ ਮਰ ਚੁੱਕਿਆ ਸੀ।"

ਚੰਦਰਕਲਾ ਸਿੰਘ ਦੇ ਜੀਵਨ ਵਿੱਚ ਦੁੱਖ ਪਹਿਲਾਂ ਹੀ ਥੋੜ੍ਹੇ ਨਹੀਂ ਸਨ, ਦਸ ਸਾਲ ਪਹਿਲਾਂ ਉਨ੍ਹਾਂ ਦੇ ਪਤੀ ਦੀ ਮੌਤ ਹੋ ਗਈ ਅਤੇ ਪਿਛਲੇ ਸਾਲ ਵਿਨੀਤ ਦੇ ਵੱਡੇ ਭਰਾ ਦੀ ਮੌਤ ਹੋ ਗਈ ਸੀ।

ਲਗਾਤਾਰ ਦੋ ਸਾਲਾਂ ਵਿੱਚ ਦੋ ਜਵਾਨ ਪੁੱਤਾਂ ਦੀ ਮੌਤ ਦਾ ਦੁੱਖ ਸੌਖਿਆਂ ਨਹੀਂ ਜਾਵੇਗਾ। ਹਾਲਾਂਕਿ ਉਨ੍ਹਾਂ ਦੇ ਦੋ ਬੇਟੇ ਹਨ ਪਰ ਚੰਦਰਕਲਾ ਕਹਿੰਦੇ ਹਨ, "ਮੇਰਾ ਤਾਂ ਸਹਾਰਾ ਹੀ ਚਲਿਆ ਗਿਆ। ਦੇਖਭਾਲ ਕਰਨ ਵਾਲਾ ਨਹੀਂ ਰਿਹਾ।"

ਕੋਰੋਨਾ

ਤਸਵੀਰ ਸਰੋਤ, UGC

ਤਸਵੀਰ ਕੈਪਸ਼ਨ, ਚੰਦਰਕਲਾ ਅਤੇ ਉਨ੍ਹਾਂ ਦੇ ਬੇਟੇ ਦੀ ਦੇਹ ਦੀਆਂ ਤਸਵੀਰਾਂ ਨਾਲ ਲੋਕ ਪੀਐਮ ਮੋਦੀ ਤੋਂ ਸੋਸ਼ਲ ਮੀਡੀਆ 'ਤੇ ਸਵਾਲ ਪੁੱਛ ਰਹੇ ਹਨ ਕਿਉਂਕਿ ਇਹ ਉਨ੍ਹਾਂ ਦਾ ਚੁਣਾਵੀ ਹਲਕਾ ਹੈ

ਮੌਤ ਦਾ ਕਾਰਨ

ਵਿਨੀਤ ਸਿੰਘ ਨੂੰ ਕੋਰੋਨਾ ਲਾਗ਼ ਲੱਗਣ ਦੀ ਪੁਸ਼ਟੀ ਨਹੀਂ ਹੈ। ਪਰਿਵਾਰ ਵਾਲਿਆਂ ਮੁਤਾਬਕ ਨਾ ਹੀ ਪਿਛਲੇ ਦਿਨਾਂ ਵਿੱਚ ਉਨ੍ਹਾਂ ਨੂੰ ਬੁਖ਼ਾਰ, ਜੁਕਾਮ ਵਰਗੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਸੀ।

ਵਿਨੀਤ ਦੇ ਚਾਚਾ ਜੈ ਸਿੰਘ ਕਹਿੰਦੇ ਹਨ, "ਕੋਰੋਨਾ ਦਾ ਕੋਈ ਲੱਛਣ ਉਸ ਵਿੱਚ ਨਹੀਂ ਸੀ। ਨਾ ਹੀ ਉਸ ਨੂੰ ਕੋਈ ਬੁਖ਼ਾਰ ਸੀ। ਇਹ ਜ਼ਰੂਰ ਹੈ ਕਿ ਉਸ ਨੂੰ ਕਿਡਨੀ ਸਬੰਧੀ ਸਮੱਸਿਆ ਸੀ ਜਿਸਦਾ ਇਲਾਜ ਚੱਲ ਰਿਹਾ ਸੀ। ਉਹ ਮੁੰਬਈ ਵਿੱਚ ਕੰਮ ਕਰਦਾ ਸੀ ਤਾਂ ਉਥੇ ਉਸਦਾ ਇਲਾਜ ਕਰਵਾ ਰਿਹਾ ਸੀ। ਇਸੇ ਇਲਾਜ ਦੇ ਸਿਲਸਿਲੇ ਵਿੱਚ ਉਹ ਇੰਨਾਂ ਦਿਨਾਂ ਵਿੱਚ ਬੀਐੱਚਯੂ ਦੇ ਚੱਕਰ ਕੱਢ ਰਿਹਾ ਸੀ।"

ਜੈ ਸਿੰਘ ਦਾਅਵਾ ਕਰਦੇ ਹਨ, "ਬੱਚੇ ਦਾ ਸਾਹ ਫੁੱਲ ਰਿਹਾ ਸੀ, ਉਸ ਨੂੰ 19 ਅਪ੍ਰੈਲ ਨੂੰ ਡਾ. ਸਮੀਰ ਤ੍ਰਿਵੇਦੀ ਦਾ ਆਨਲਾਈਨ ਸਮਾਂ ਮਿਲਿਆ ਸੀ, ਪਰ ਉਸ ਨੂੰ ਉਥੇ ਕੋਈ ਇਲਾਜ ਨਾ ਮਿਲਿਆ। ਟਰੌਮਾ ਸੈਂਟਰ ਤੇ ਕੋਈ ਮਦਦ ਨਾ ਮਿਲੀ। ਨਿੱਜੀ ਹਸਪਤਾਲ ਵਿੱਚ ਵੀ ਬਾਹਰੋਂ ਹੀ ਕਿਹਾ ਗਿਆ ਕਿ ਜਗ੍ਹਾ ਨਹੀਂ ਹੈ।

ਇਹ ਵੀ ਕਿਹਾ ਗਿਆ ਕਿ ਕੋਰੋਨਾ ਦਾ ਮਾਮਲਾ ਹੈ। ਉਸ ਨੂੰ ਕਿਡਨੀ ਦੀ ਸਮੱਸਿਆ ਜ਼ਰੂਰ ਸੀ ਪਰ ਇਲਾਜ ਮਿਲ ਗਿਆ ਹੁੰਦਾ, ਆਕਸੀਜਨ ਮਿਲ ਗਈ ਹੁੰਦੀ ਤਾਂ ਉਸ ਦੀ ਮੌਤ ਨਾ ਹੁੰਦੀ। ਹਸਪਤਾਲ ਵਿੱਚ ਲਾਪਰਵਾਹੀ ਦੇ ਚਲਦਿਆਂ ਉਸ ਦੀ ਮੌਤ ਹੋਈ।"

ਇਹ ਵੀ ਪੜ੍ਹੋ

ਜੈ ਸਿੰਘ ਦੱਸਦੇ ਹਨ, "ਇਸ ਤੋਂ ਵੱਡੀ ਲਾਪਰਵਾਹੀ ਕੀ ਹੋਵੇਗੀ ਕਿ ਕਿਸੇ ਦੀ ਜਾਨ ਚਲੀ ਗਈ। ਸਿਸਟਮ ਅਜਿਹਾ ਹੋ ਗਿਆ ਹੈ ਕਿ ਕਿਤੇ ਕਿਸੇ ਗ਼ਰੀਬ ਦੀ ਸੁਣਵਾਈ ਨਹੀਂ ਹੈ। ਜਿਸ ਤਰ੍ਹਾਂ ਦੀ ਵਿਵਸਥਾ ਹੈ ਉਸ ਵਿੱਚ ਲਾਪਰਵਾਹੀ ਨਾਲ ਲੋਕਾਂ ਦੀ ਜਾਨ ਜਾ ਸਕਦੀ ਹੈ।"

ਚੰਦਰਕਲਾ ਸਿੰਘ ਅਤੇ ਉਨ੍ਹਾਂ ਦੇ ਬੇਟੇ ਦੀ ਬੇਬਸੀ ਦੀ ਇਸ ਕਹਾਣੀ ਬਾਰੇ ਦੁਨੀਆਂ ਨੂੰ ਸਭ ਤੋਂ ਪਹਿਲਾਂ ਪਤਾ ਲੱਗਿਆ "ਦੈਨਿਕ ਜਾਗਰਣ" ਵਿੱਚ ਛਪੀ ਖ਼ਬਰ ਤੋਂ। ਇਸ ਖ਼ਬਰ ਨੂੰ ਪੱਤਰਕਾਰ ਸ਼ਰਵਣ ਭਾਰਦਵਾਜ ਨੇ ਲਿਖਿਆ ਹੈ।

ਉਨ੍ਹਾਂ ਨੇ ਦੱਸਿਆ, "ਸਵੇਰੇ ਦਸ ਵਜੇ ਦੇ ਨੇੜੇ ਤੇੜੇ ਮੈਨੂੰ ਖ਼ਬਰ ਮਿਲੀ ਕਿ ਚਕਰਮੱਤਾ ਮਹਿਮੂਰਗੰਜ ਮਾਰਗ 'ਤੇ ਕਿਸੇ ਦੀ ਮੌਤ ਹੋ ਗਈ ਹੈ ਅਤੇ ਰੌਲਾ ਪੈ ਰਿਹਾ ਹੈ। ਮੈਂ ਤੁਰੰਤ ਉਥੇ ਗਿਆ ਇਹ ਦਿਲ ਦਹਿਲਾਉਣ ਵਾਲਾ ਦ੍ਰਿਸ਼ ਦੇਖਣ ਨੂੰ ਮਿਲਿਆ। ਮੈਂ ਮਾਤਾ ਜੀ ਤੋਂ ਪੂਰੀ ਜਾਣਕਾਰੀ ਲਈ ਅਤੇ ਖ਼ਬਰ ਲਿਖੀ।"

ਸ਼ਰਵਣ ਭਾਰਦਵਾਜ ਕਹਿੰਦੇ ਹਨ ਕਿ ਕੋਰੋਨਾ ਦੇ ਚਲਦਿਆਂ ਹਸਪਤਾਲਾਂ ਦੀ ਸਥਿਤੀ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਿਸ ਸੜਕ 'ਤੇ ਵਿਨੀਤ ਸਿੰਘ ਦੀ ਮੌਤ ਹੋਈ, ਉਸ ਰਸਤੇ 'ਤੇ ਬੀਐੱਚਯੂ ਤੋਂ ਇਲਾਵਾ ਦਰਜਨਾਂ ਨਿੱਜੀ ਹਸਪਤਾਲ ਖੁੱਲ੍ਹੇ ਹੋਏ ਹਨ।

ਕੋਰੋਨਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਵਾਇਰਲ ਤਸਵੀਰ ਕਿਸਨੇ ਖਿੱਚੀ

ਚੰਦਰਕਾਲ ਸਿੰਘ ਅਤੇ ਉਨ੍ਹਾਂ ਦੇ ਬੇਟੇ ਦੀ ਜਿਹੜੀ ਤਸਵੀਰ ਵਾਇਰਲ ਹੋ ਰਹੀ ਹੈ, ਉਹ ਤਸਵੀਰ ਕਿਸ ਨੇ ਲਈ ਹੈ ਉਸ ਦਾ ਫ਼ੋਟੋਗ੍ਰਾਫ਼ ਕੌਣ ਹੈ।

ਇਸ ਬਾਰੇ ਸ਼ਰਵਣ ਭਾਰਦਵਾਜ ਕਹਿੰਦੇ ਹਨ, "ਮੈਂ ਉਥੇ ਆਪਣੇ ਇੱਕ ਮਿੱਤਰ ਦੇ ਨਾਲ ਪਹੁੰਚਿਆ ਸੀ। ਤਾਂ ਮੈਂ ਉਨ੍ਹਾਂ ਨੂੰ ਕਿਹਾ ਤੁਸੀਂ ਤਸਵੀਰ ਲੈ ਲਓ। ਉਹ ਸਰਕਾਰੀ ਕਰਮਚਾਰੀ ਹਨ, ਇਸ ਕਰਕੇ ਉਨ੍ਹਾਂ ਦਾ ਨਾਮ ਅਸੀਂ ਲੋਕਾਂ ਨੇ ਜਨਤਕ ਨਹੀਂ ਕੀਤਾ।"

ਫ਼ੋਟੋ ਲੈਣ ਵਾਲੇ ਸਰਕਾਰੀ ਕਰਮਚਾਰੀ ਦਾ ਕਹਿਣਾ ਹੈ ਕਿ "ਅਸੀਂ ਸ਼ਰਵਣ ਜੀ ਦੇ ਕਹਿਣ ਤੇ ਫ਼ੋਟੋ ਖਿੱਚੀ ਸੀ ਅਤੇ ਫ਼ੋਟੋ ਸ਼ਰਵਣ ਜੀ ਨੂੰ ਉਸੇ ਸਮੇਂ ਦੇ ਦਿੱਤੀ ਸੀ।"

ਵਿਨੀਤ ਸਿੰਘ ਦੇ ਮੁਤਾਬਕ ਉਨ੍ਹਾਂ ਦੇ ਬੇਟੇ ਦੀ ਮੌਤ ਨੌਂ ਵਜੇ ਦੇ ਕਰੀਬ ਹੋ ਗਈ ਸੀ ਅਤੇ ਸ਼ਰਵਣ ਮੁਤਾਬਕ ਜਦੋਂ ਸਾਢੇ ਦੱਸ ਵਜੇ ਦੇ ਕਰੀਬ ਪਹੁੰਚੇ ਤਾਂ ਉਥੇ ਬਹੁਤ ਲੋਕ ਖੜੇ ਸਨ ਅਤੇ ਹੋ ਸਕਦਾ ਹੈ ਕਿ ਅਜਿਹੀ ਤਸਵੀਰ ਕਈ ਹੋਰ ਲੋਕਾਂ ਨੇ ਵੀ ਮੋਬਾਈਲ ਨਾਲ ਖਿੱਚੀ ਹੋਵੇ, ਪਰ ਜੋ ਖ਼ਬਰ ਮੀਡੀਆ ਵਿੱਚ ਵਾਇਰਲ ਹੋ ਰਹੀ ਹੈ, ਉਹ ਤਸਵੀਰ ਉਨ੍ਹਾਂ ਦੀ ਹੀ ਲਈ ਹੋਈ ਹੈ।

ਜਿਸ ਸਮੇਂ ਚੰਦਰਕਲਾ ਸਿੰਘ ਆਪਣੇ ਬੇਟੇ ਦੀ ਦੇਹ ਨਾਲ ਮਦਦ ਦੀ ਆਸ ਵਿੱਚ ਸੀ, ਉਸ ਸਮੇਂ ਉਥੇ ਸਾਬਕਾ ਸਥਾਨਕ ਕੌਂਸਲਰ ਵਿਕਾਸ ਚੰਦਰ ਵੀ ਪਹੁੰਚੇ। ਉਨ੍ਹਾਂ ਨੇ 112 ਨੰਬਰ 'ਤੇ ਡਾਇਲ ਕਰਕੇ ਸਥਾਨਕ ਪੁਲਿਸ ਨੂੰ ਮਦਦ ਲਈ ਸੱਦਿਆ।

ਸਥਾਨਕ ਪੁਲਿਸ ਚੌਕੀ ਦੇ ਇੰਚਾਰਜ ਅਨੁਜ ਕੁਮਾਰ ਤਿਵਾੜੀ ਦੇ ਮੁਤਾਬਕ, ਲੜਕੇ ਦੀ ਮੌਤ ਹੋ ਚੁੱਕੀ ਸੀ, ਪਰ ਮਾਂ ਦੀ ਹਾਲਤ ਨੂੰ ਵੇਖਦਿਆਂ ਅਸੀਂ ਦੋ ਜਵਾਨਾਂ ਨੂੰ ਮੌਕੇ 'ਤੇ ਤਾਇਨਾਤ ਕਰ ਦਿੱਤਾ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਮੌਤ ਤੋਂ ਬਾਅਦ ਐਂਬੂਲੈਂਸ ਮਿਲਣ ਵਿੱਚ ਔਖਿਆਈ

ਵਿਨੀਤ ਸਿੰਘ ਦੀ ਮੌਤ ਤੋਂ ਬਾਅਦ ਵੀ ਉਨ੍ਹਾਂ ਦੀ ਮਾਂ ਨੂੰ ਐਂਬੂਲੈਂਸ ਮਿਲਣ ਵਿੱਚ ਕਾਫ਼ੀ ਦਿੱਕਤ ਹੋਈ। ਸਵੇਰੇ ਵਾਰਾਣਸੀ ਦੇ ਮਹੂਆਡੀਹ ਸਟੇਸ਼ਨ 'ਤੇ ਉਨ੍ਹਾਂ ਨੂੰ ਛੱਡਣ ਵਾਲੇ ਦਿਉਰ ਜੈ ਸਿੰਘ ਨੇ ਦੱਸਿਆ, "ਮੈਂ ਆਪਣੀ ਬੇਟੀ ਨੂੰ ਸਟੇਸ਼ਨ ਤੋਂ ਲੈਣਾ ਸੀ, ਤਾਂ ਇਹ ਲੋਕ ਸਾਡੇ ਨਾਲ ਹੀ ਗਏ ਸਨ।"

"ਅਸੀਂ ਇਨ੍ਹਾਂ ਨੂੰ ਮਹੂਆਡੀਹ ਦੇ ਨੇੜੇ ਈ-ਰਿਕਸ਼ਾ ਵਿੱਚ ਬਿਠਾ ਦਿੱਤਾ ਸੀ, ਕਿਹਾ ਸੀ ਕਿ ਡਾਕਟਰ ਨੂੰ ਦਿਖਾ ਲਓ ਉਸ ਸਮੇਂ ਤੱਕ ਮੈਂ ਦਿੱਲੀ ਤੋਂ ਆ ਰਹੀ ਬੇਟੀ ਨੂੰ ਲੈ ਲੈਂਦੇ ਹਾਂ। ਫ਼ਿਰ ਸਾਢੇ 9 ਵਜੇ ਦੇ ਕਰੀਬ ਉਨ੍ਹਾਂ ਦਾ ਫ਼ੋਨ ਆਇਆ ਤਾਂ ਮੈਂ ਉਥੇ ਪਹੁੰਚਿਆ।"

ਜੈ ਸਿੰਘ ਦੱਸਦੇ ਹਨ, "ਜਦੋਂ ਉਥੇ ਪਹੁੰਚੇ ਤਾਂ ਦੇਖਿਆ ਕਿ ਭੀੜ ਲੱਗੀ ਹੋਈ ਹੈ ਅਤੇ ਬੱਚੇ ਦੀ ਦੇਹ ਧੁੱਪ ਵਿੱਚ ਪਈ ਹੋਈ ਹੈ। ਅਸੀਂ ਉਸ ਨੂੰ ਕਿਹਾ ਕਿ ਛਾਵੇਂ ਲੈ ਚੱਲੋ। ਮਾਂ ਰੋ-ਵਿਲਕ ਰਹੀ ਸੀ। ਫ਼ਿਰ ਐਂਬੂਲੈਂਸ ਲਈ ਕੋਸ਼ਿਸ਼ ਸ਼ੁਰੂ ਹੋਈ। ਕਈ ਲੋਕਾਂ ਨੂੰ ਫ਼ੋਨ ਕਰਨਾ ਪਿਆ। ਇੱਕ ਨੇ ਤਾਂ 22 ਹਜ਼ਾਰ ਰੁਪਏ ਮੰਗੇ। ਆਖ਼ਰ 60 ਕਿਲੋਮੀਟਰ ਦੀ ਦੂਰੀ ਲਈ ਪੰਜ ਹਜ਼ਾਰ ਰੁਪਏ ਵਿੱਚ ਐਂਬੂਲੈਂਸ ਮਿਲਿਆ। ਤਾਂ ਵਿਨੀਤ ਦੀ ਮ੍ਰਿਤਕ ਦੇਹ ਲੈ ਕੇ ਘਰ ਪਹੁੰਚੇ।"

ਕੀ ਕਹਿੰਦਾ ਹੈ ਬੀਐੱਚਯੂ ਪ੍ਰਸ਼ਾਸਨ

ਵਾਰਾਣਸੀ ਦੇ ਬੀਐੱਚਯੂ ਹਸਪਤਾਲ 'ਤੇ ਕੋਰੋਨਾ ਸੰਕਟ ਦੇ ਦੌਰ ਵਿੱਚ ਦਬਾਅ ਕਾਫ਼ੀ ਵੱਧ ਗਿਆ ਹੈ। ਪੂਰਵਾਂਚਲ ਦੇ ਚਾਲੀ ਜ਼ਿਲ੍ਹਿਆਂ ਦੇ ਮਰੀਜ਼ਾਂ ਲਈ ਬੀਐੱਚਯੂ ਆਸ ਅਤੇ ਭਰੋਸੇ ਦਾ ਨਾਮ ਹੈ ਪਰ ਮੌਜੂਦਾ ਦਬਾਅ ਦੇ ਸਾਹਮਣੇ ਹਸਪਤਲਾ ਦੇ ਪ੍ਰਬੰਧ ਘੱਟ ਪੈ ਰਹੇ ਹਨ।

ਬੀਐੱਚਯੂ ਦੇ ਸਰ ਸੁੰਦਰਲਾਲ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਸ਼ੜਦ ਮਾਥੁਰ ਨੇ ਦੱਸਿਆ, "ਬਹੁਤ ਦਬਾਅ ਹੈ। ਐਮਰਜੈਂਸੀ ਵਿਭਾਗ ਵਿੱਚ ਰੋਗੀਆਂ ਨੂੰ ਦੇਖਿਆ ਜਾ ਰਿਹਾ ਹੈ। ਬਹੁਤ ਗੰਭੀਰ ਸਥਿਤੀ ਵਿੱਚ ਵੀ ਮਰੀਜ਼ ਆ ਰਹੇ ਹਨ, ਪਰ ਅਸੀ ਸਾਰੇ ਮਰੀਜ਼ਾਂ ਨੂੰ ਬਚਾ ਵੀ ਨਹੀਂ ਸਕਦੇ।"

ਵਿਨੀਤ ਸਿੰਘ ਨੂੰ ਹਸਪਤਾਲ ਵਿੱਚ ਕਿਉਂ ਨਹੀਂ ਦੇਖਿਆ ਗਿਆ, ਇਸ ਦੇ ਜਵਾਬ ਵਿੱਚ ਸ਼ਰਦ ਮਾਥੁਰ ਨੇ ਕਿਹਾ, "ਕੋਰੋਨਾ ਦੇ ਚਲਦਿਆਂ ਫ਼ਿਜੀਕਲ ਕੰਸਲਟੈਂਸੀ ਬੰਦ ਹੈ ਪਰ ਅਸੀਂ ਲੋਕਾਂ ਨੇ ਆਨਲਾਈਨ ਕੰਸਲਟੈਂਸੀ ਜਾਰੀ ਰੱਖੀ ਹੈ। ਹੋ ਸਕਦਾ ਹੈ ਕਿ ਉਨ੍ਹਾਂ ਕੋਲ ਇਸ ਦੀ ਜਾਣਕਾਰੀ ਨਾ ਹੋਵੇ।''''

''ਇਹ ਵੀ ਹੋ ਸਕਦਾ ਹੈ ਕਿ ਉਹ ਪਹਿਲਾਂ ਤੋਂ ਹੀ ਬੀਮਾਰ ਹੋਣ ਅਤੇ ਗੰਭੀਰ ਹੋਣ 'ਤੇ ਇਥੇ ਆਏ ਹੋਣ। ਪਰ ਫ਼ਿਜ਼ੀਕਲ ਕੰਸਲਟੈਂਸੀ ਬੰਦ ਹੋਣ ਦੇ ਚਲਦਿਆਂ ਉਨ੍ਹਾਂ ਨੂੰ ਇਥੇ ਡਾਕਟਰ ਨਾ ਮਿਲੇ ਹੋਣ। ਪਰ ਐਮਰਜੈਂਸੀ ਵਿਭਾਗ ਵਿੱਚ ਰੋਗੀਆਂ ਨੂੰ ਦੇਖਿਆ ਜਾ ਰਿਹਾ ਹੈ।"

ਸਮੱਸਿਆਵਾਂ ਬਾਰੇ ਉਹ ਕਹਿੰਦੇ ਹਨ, "ਮੈਨਪਾਵਰ ਦੀ ਬਹੁਤ ਘਾਟ ਹੈ ਅਤੇ ਜਿੰਨੇ ਲੋਕ ਹਨ ਸਿਸਟਮ ਵਿੱਚ ਉਨ੍ਹਾਂ ਸਾਰਿਆਂ ਨੂੰ ਅਸੀਂ ਡਿਊਟੀ 'ਤੇ ਤਾਇਨਾਤ ਕੀਤਾ ਹੋਇਆ ਹੈ। ਹਰ ਰੋਜ਼ ਅਸੀਂ ਸੈਂਕੜੇ ਲੋਕਾਂ ਦੀ ਜਾਨ ਬਚਾ ਰਹੇ ਹਾਂ।''

''ਪਰ ਲੋਕ ਵੀ ਇੱਕਦਮ ਗੰਭੀਰ ਸਥਿਤੀ ਹੋਣ ਤੇ ਹਸਪਤਾਲ ਆ ਰਹੇ ਹਨ ਅਤੇ ਕੋਰੋਨਾ ਸੰਕਟ ਤਾਂ ਅਲੱਗ ਹੈ ਹੀ।"

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਸੋਸ਼ਲ ਮੀਡੀਆ 'ਤੇ ਸਵਾਲ

ਹਾਲਾਂਕਿ ਚੰਦਰਕਲਾ ਸਿੰਘ ਅਤੇ ਉਨ੍ਹਾਂ ਦੇ ਬੇਟੇ ਦੀ ਦੇਹ ਦੀਆਂ ਤਸਵੀਰਾਂ ਨਾਲ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸੋਸ਼ਲ ਮੀਡੀਆ 'ਤੇ ਸਵਾਲ ਪੁੱਛ ਰਹੇ ਹਨ ਕਿਉਂਕਿ ਇਹ ਉਨ੍ਹਾਂ ਦਾ ਚੁਣਾਵੀ ਹਲਕਾ ਹੈ।

ਇਹ ਹੀ ਵਜ੍ਹਾ ਹੈ ਕਿ ਜ਼ਿਲ੍ਹਾ ਅਧਿਕਾਰੀ ਨੇ ਇਸ ਮਾਮਲੇ ਵਿੱਚ ਤੁਰੰਤ ਨੋਟਿਸ ਲਿਆ ਹੈ ਅਤੇ ਬੀਐੱਚਯੂ ਹਸਪਤਾਲ ਪ੍ਰੰਬਧਨ ਤੋਂ ਇਸ ਬਾਰੇ ਜਾਣਕਾਰੀ ਮੰਗੀ ਹੈ ਕਿ ਐਮਰਜੈਂਸੀ ਵਿੱਚ ਵਿਨੀਤ ਸਿੰਘ ਨੂੰ ਦਾਖ਼ਲ ਕਿਉਂ ਨਹੀਂ ਕੀਤਾ ਗਿਆ।

ਜਿਸ ਸਬੰਧ ਵਿੱਚ ਬੀਐੱਚਯੂ ਪ੍ਰਬੰਧਨ ਕਮੇਟੀ ਦੀ ਬੁੱਧਵਾਰ ਨੂੰ ਇੱਕ ਮੀਟਿੰਗ ਵੀ ਹੋਈ ਹੈ।

ਪਰ ਇਸ ਮਾਮਲੇ ਵਿੱਚ ਸਮਾਜਿਕ ਬੇਰਹਿਮੀ ਵੱਲ ਵੀ ਧਿਆਨ ਖਿੱਚਿਆ ਹੈ, ਜਦੋਂ ਬੇਬੱਸ ਮਾਂ ਆਪਣੇ ਜਵਾਨ ਬੇਟੇ ਦੀ ਦੇਹ ਘਰ ਲੈ ਜਾਣ ਲਈ ਮਦਦ ਦੀ ਗੁਹਾਰ ਲਾ ਰਹੀ ਸੀ ਉਸ ਸਮੇਂ ਭੀੜ ਵਿੱਚ ਕਿਸੇ ਨੇ ਉਨ੍ਹਾਂ ਦਾ ਝੋਲਾ ਚੋਰੀ ਕਰ ਲਿਆ, ਜਿਸ ਵਿੱਚ ਵਿਨੀਤ ਦੇ ਇਲਾਜ ਦੇ ਕਾਗਜ਼ ਅਤੇ ਮੁਬਾਈਲ ਫ਼ੋਨ ਸੀ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)