ਕੋਰੋਨਾਵਾਇਰਸ: ਪੈਰੀਮੈਡੀਕਸ ਅਤੇ ਡਾਕਟਰਾਂ ਦਾ ਤਜਰਬਾ, 'ਕਈ ਵਾਰੀ ਮਰੀਜ਼ ਸਾਡੇ ਨਾਲ ਉੱਚੀ ਆਵਾਜ਼ ਜਾਂ ਗਲਤ ਸ਼ਬਦਾਵਲੀ ਦਾ ਇਸਤੇਮਾਲ ਕਰਦੇ ਹਨ'

ਕੋਵਿਡ-19

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੁਹਾਲੀ ਦੇ ਸਿਹਤ ਮੁਲਾਜ਼ਮਾਂ ਨੇ ਦੱਸਿਆ ਉਨ੍ਹਾਂ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਦਰਪੇਸ਼ ਹਨ (ਸੰਕੇਤਕ ਤਸਵੀਰ)
    • ਲੇਖਕ, ਨਵਦੀਪ ਕੌਰ ਗਰਵੇਾਲ
    • ਰੋਲ, ਬੀਬੀਸੀ ਪੱਤਰਕਾਰ

ਕੋਵਿਡ-19 ਦੀ ਦੂਜੀ ਲਹਿਰ ਦੌਰਾਨ ਮੁਹਾਲੀ ਪੰਜਾਬ ਦੇ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ਵਿੱਚੋਂ ਹੈ।

ਪੰਜਾਬ ਸਰਕਾਰ ਦੀ ਤਾਜ਼ਾ ਰਿਪੋਰਟ ਮੁਤਾਬਕ, ਮੁਹਾਲੀ ਜ਼ਿਲ੍ਹੇ ਵਿੱਚ ਇਸ ਵੇਲੇ ਸਭ ਤੋਂ ਵੱਧ ਸਰਗਰਮ ਕੇਸ ਹਨ।

20 ਅਪ੍ਰੈਲ ਦੇਰ ਸ਼ਾਮ ਜਾਰੀ ਹੋਏ ਅੰਕੜਿਆਂ ਮੁਤਾਬਕ ਜ਼ਿਲ੍ਹੇ ਵਿੱਚ ਕੋਵਿਡ ਦੇ 6,555 ਮਰੀਜ਼ ਹਨ। 20 ਅਪ੍ਰੈਲ ਤੱਕ ਆਏ ਕੁੱਲ ਪੌਜ਼ੀਟਿਵ ਕੇਸਾਂ ਦੀ ਗਿਣਤੀ 37,562 ਹੈ ਜੋ ਕਿ ਲੁਧਿਆਣਾ ਅਤੇ ਜਲੰਧਰ ਤੋਂ ਬਾਅਦ ਤੀਜੇ ਨੰਬਰ 'ਤੇ ਹੈ।

ਮੁਹਾਲੀ ਜ਼ਿਲ੍ਹੇ ਵਿੱਚ ਕੋਵਿਡ ਕਰਕੇ 511 ਮੌਤਾਂ ਹੋ ਚੁੱਕੀਆਂ ਹਨ। ਮੁਹਾਲੀ ਜ਼ਿਲ੍ਹੇ ਵਿੱਚ 20 ਅਪ੍ਰੈਲ ਨੂੰ ਕੋਵਿਡ ਦੇ ਨਵੇਂ 698 ਮਰੀਜ਼ ਸਾਹਮਣੇ ਆਏ, ਜੋ ਕਿ ਲੁਧਿਆਣਾ ਦੇ ਉਸ ਦਿਨ ਸਾਹਮਣੇ ਆਏ 778 ਨਵੇਂ ਮਰੀਜ਼ਾਂ ਤੋਂ ਬਾਅਦ ਦੂਜੇ ਨੰਬਰ 'ਤੇ ਸੀ। 19 ਅਪ੍ਰੈਲ ਨੂੰ ਸਾਰੇ ਜ਼ਿਲ੍ਹਿਆਂ ਤੋਂ ਵੱਧ 792 ਨਵੇਂ ਮਰੀਜ਼ ਸਾਹਮਣੇ ਆਏ ਸੀ।

ਇਹ ਵੀ ਪੜ੍ਹੋ-

ਅਸੀਂ ਮੁਹਾਲੀ ਜ਼ਿਲ੍ਹੇ ਵਿੱਚ ਕੰਮ ਕਰਦੇ ਵੱਖ-ਵੱਖ ਸਿਹਤ ਮੁਲਾਜ਼ਮਾਂ ਨਾਲ ਗੱਲ ਕਰਕੇ ਜਾਨਣ ਦੀ ਕੋਸ਼ਿਸ਼ ਕੀਤੀ ਕਿ ਕੋਵਿਡ ਮਰੀਜ਼ਾਂ ਦੀ ਵਧੀ ਦਰ ਉਨ੍ਹਾਂ ਲਈ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਲੈ ਕੇ ਆਈ ਹੈ।

'ਕੋਵਿਡ ਦੇ ਫੈਲਾਅ ਨੂੰ ਰੋਕਣਾ'

ਮੁਹਾਲੀ ਦੇ ਜ਼ਿਲ੍ਹਾ ਹਸਪਤਾਲ ਦੀ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨਾਲ ਅਸੀਂ ਗੱਲ ਕੀਤੀ।

ਉਨ੍ਹਾਂ ਕਿਹਾ ਕਿ ਲੋਕ ਇਸ ਵਾਰ ਪਹਿਲੀ ਲਹਿਰ ਦੇ ਮੁਕਾਬਲੇ ਵਧੇਰੇ ਲਾਪਰਵਾਹ ਹੋ ਗਏ ਹਨ ਅਤੇ ਉਨ੍ਹਾਂ ਦੇ ਮਨੋਂ ਡਰ ਬਿਲਕੁਲ ਚੁੱਕਿਆ ਗਿਆ ਹੈ, ਜਿਸ ਕਾਰਨ ਲੋਕ ਕੋਵਿਡ ਪ੍ਰੋਟੋਕੋਲਾਂ ਦੀ ਪਾਲਣਾ ਨਹੀਂ ਕਰਦੇ ਅਤੇ ਕੇਸ ਵਧ ਰਹੇ ਹਨ।

ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਆਕਸੀਜਨ ਸਿਲੰਡਰਾਂ ਦੀ ਕਮੀ ਨਾਲ ਜੂਝ ਰਿਹਾ ਨਾਂਦੇੜ

ਉਨ੍ਹਾਂ ਕਿਹਾ, "ਪਿਛਲੀ ਵਾਰ ਲੌਕਡਾਊਨ ਕਾਰਨ ਲੋਕ ਘਰਾਂ ਅੰਦਰ ਰਹੇ, ਇਸ ਵਾਰ ਲੌਕਡਾਊਨ ਨਹੀਂ ਹੈ ਤਾਂ ਲੋਕਾਂ ਨੂੰ ਖੁਦ ਆਪਣੀ ਸਿਹਤ ਦਾ ਧਿਆਨ ਰਖਦਿਆਂ ਘਰਾਂ ਅੰਦਰ ਹੀ ਰਹਿਣਾ ਚਾਹੀਦਾ ਹੈ ਜਿਨ੍ਹਾਂ ਚਿਰ ਕਿਤੇ ਜਾਣਾ ਬਹੁਤ ਜ਼ਰੂਰੀ ਨਹੀਂ।"

"ਸਾਡੇ ਲਈ ਕੋਵਿਡ ਦੇ ਫੈਲਾਅ ਨੂੰ ਰੋਕਣਾ ਬਹੁਤ ਵੱਡੀ ਚੁਣੌਤੀ ਬਣਿਆ ਹੋਇਆ ਹੈ, ਜੋ ਕਿ ਸਿਰਫ ਲੋਕਾਂ ਦੇ ਸਹਿਯੋਗ ਨਾਲ ਹੀ ਸੰਭਵ ਹੈ।"

ਉਨ੍ਹਾਂ ਕਿਹਾ ਕਿ ਕਈ ਸੂਬਿਆਂ ਤੋਂ ਵੱਡੇ ਇਕੱਠਾਂ ਵਿੱਚੋਂ ਹੋ ਕੇ ਆਏ ਲੋਕਾਂ ਨੂੰ ਆਈਸੋਲੇਸ਼ਨ ਵਿੱਚ ਰਹਿਣਾ ਚਾਹੀਦਾ ਹੈ ਤਾਂ ਕਿ ਫੈਲਾਅ ਰੋਕਿਆ ਜਾ ਸਕੇ।

'ਮਰੀਜ਼ਾਂ ਨੂੰ ਟਰੈਕ ਕਰਨਾ ਅਤੇ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕਰਵਾਉਣਾ'

ਡਾ. ਆਦਰਸ਼ਪਾਲ ਕੌਰ ਨੇ ਕਿਹਾ, "ਮਰੀਜ਼ਾਂ ਨੂੰ ਟਰੈਕ ਕਰਨਾ ਸਾਡੇ ਲਈ ਬੜਾ ਔਖਾ ਹੋ ਜਾਂਦਾ ਹੈ ਜਦੋਂ ਉਹ ਸੈਂਪਲ ਦੇਣ ਵੇਲੇ ਫੋਨ ਨੰਬਰ ਜਾਂ ਘਰ ਦਾ ਪਤਾ ਜਾਂ ਦੋਵੇਂ ਗ਼ਲਤ ਲਿਖਾ ਜਾਂਦੇ ਹਨ। ਜਦੋਂ ਤੱਕ ਅਸੀਂ ਟਰੈਕ ਨਹੀਂ ਕਰਾਂਗੇ, ਨਾ ਮਰੀਜ਼ ਦਾ ਇਲਾਜ ਹੋ ਸਕੇਗਾ ਨਾ ਫੈਲਾਅ ਰੁਕ ਸਕੇਗਾ।"

ਉਨ੍ਹਾਂ ਕਿਹਾ ਕਿ ਕੁਝ ਅਜਿਹੇ ਲੋਕ ਵੀ ਹਨ, ਜੋ ਕੋਵਿਡ ਪੌਜ਼ੀਟਿਵ ਹੋਣ ਦੇ ਬਾਵਜੂਦ ਘਰਾਂ ਅੰਦਰ ਨਹੀਂ ਰਹਿੰਦੇ ਅਤੇ ਬੇਵਜ੍ਹਾ ਬਾਹਰ ਘੁੰਮ ਕੇ ਹੋਰਾਂ ਨੂੰ ਲਾਗ ਲਾਉਂਦੇ ਹਨ।

ਡਾ.ਆਦਰਸ਼ਪਾਲ ਕੌਰ

ਤਸਵੀਰ ਸਰੋਤ, Dr Adarshpal Kaur/bbc

ਤਸਵੀਰ ਕੈਪਸ਼ਨ, ਮੁਹਾਲੀ ਦੇ ਜ਼ਿਲ੍ਹਾ ਹਸਪਤਾਲ ਦੀ ਸਿਵਲ ਸਰਜਨ ਡਾ.ਆਦਰਸ਼ਪਾਲ ਕੌਰ ਨੇ ਕਿਹਾ ਲੋਕ ਪਹਿਲਾਂ ਨਾਲੋਂ ਜ਼ਿਆਦਾ ਲਾਪਰਵਾਹ ਹੋ ਗਏ ਹਨ

ਹਰ ਨਾਗਰਿਕ ਨੂੰ ਇਹ ਨਿੱਜੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਕਿ ਜੇ ਉਹ ਬਿਮਾਰ ਹੈ ਤਾਂ ਘੱਟੋ-ਘੱਟ ਆਈਸੋਲੇਸ਼ਨ ਪ੍ਰੋਟੋਕੋਲ ਤੋੜ ਕੇ ਹੋਰਾਂ ਨੂੰ ਲਾਗ ਨਾ ਲਗਾਵੇ।

ਹਸਪਤਾਲਾਂ ਵਿੱਚ ਦਾਖ਼ਲ ਮਰੀਜ਼ਾਂ ਅਤੇ ਹੋਮ ਆਈਸੋਲੇਸ਼ਨ ਦੇ ਮਰੀਜ਼ਾਂ ਦੀ ਸਾਂਭ-ਸੰਭਾਲ ਦੀਆਂ ਵੱਖਰੀਆਂ ਚੁਣੌਤੀਆਂ ਹਨ।

ਡਾ. ਆਦਰਸ਼ਪਾਲ ਕੌਰ ਨੇ ਕਿਹਾ, "ਹਸਪਤਾਲ ਵਿੱਚ ਦਾਖ਼ਲ ਮਰੀਜ਼ਾਂ ਨੂੰ ਉਨ੍ਹਾਂ ਦੀ ਸਿਹਤ ਹਾਲਾਤ ਮੁਤਾਬਕ ਆਕਸੀਜਨ, ਦਵਾਈਆਂ, ਖਾਣਾ ਵਗੈਰਾ ਦੇਣਾ ਸਾਡੀ ਜ਼ਿੰਮੇਵਾਰੀ ਹੁੰਦੀ ਹੈ। ਜਦਕਿ ਹੋਮ ਆਈਸੋਲੇਸ਼ਨ ਵਾਲੇ ਮਰੀਜ਼ਾਂ ਨੂੰ ਟਰੈਕ ਕਰਨਾ, ਹਰ ਰੋਜ਼ ਫੋਨ ਕਰਕੇ ਉਨ੍ਹਾਂ ਦਾ ਹਾਲ ਜਾਨਣਾ ਵੱਡੀ ਜ਼ਿੰਮੇਵਾਰੀ ਰਹਿੰਦੀ ਹੈ।"

"ਸਾਡੇ ਲਈ ਚੁਣੌਤੀ ਇਹ ਵੀ ਹੁੰਦੀ ਹੈ ਕਿ ਹੋਮ ਆਈਸੋਲੇਸ਼ਨ ਵਾਲਾ ਕੋਈ ਮਰੀਜ਼ ਹਸਪਤਾਲ ਆਉਣ ਦੇ ਡਰੋਂ ਆਪਣੀ ਸਹੀ ਹਾਲਤ ਸਾਡੇ ਤੋਂ ਲੁਕੋਵੇ ਨਾ।"

ਉਨ੍ਹਾਂ ਕਿਹਾ ਕਿ ਜੋ ਮਰੀਜ਼ ਹਸਪਤਾਲ ਵਿੱਚ ਦਾਖ਼ਲ ਹੁੰਦੇ ਹਨ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਨਜਿੱਠਣਾ ਵੀ ਕਈ ਵਾਰ ਮੁਸ਼ਕਿਲ ਹੋ ਜਾਂਦਾ ਹੈ।

ਉਨ੍ਹਾਂ ਕਿਹਾ, "ਅਸੀਂ ਮਰੀਜ਼ ਕੋਲ ਕਿਸੇ ਨੂੰ ਜਾਣ ਨਹੀਂ ਦੇ ਸਕਦੇ, ਪਰ ਕਈ ਵਾਰ ਜਦੋਂ ਲੋਕ ਬਹੁਤ ਜ਼ਿੱਦ ਕਰਦੇ ਹਨ ਤਾਂ ਪੀਪੀਈ ਕਿੱਟ ਪਵਾ ਕੇ, ਰਿਸਕ ਫਾਰਮ ਸਾਈਨ ਕਰਵਾ ਕੇ ਅਤੇ ਪੂਰੀ ਸਾਵਧਾਨੀ ਨਾਲ ਮਰੀਜ਼ ਕੋਲ ਕੁਝ ਸਮੇਂ ਲਈ ਲੈ ਜਾਂਦੇ ਹਾਂ।"

ਕੋਰੋਨਾ

ਤਸਵੀਰ ਸਰੋਤ, harjeet Singh/bbc

ਤਸਵੀਰ ਕੈਪਸ਼ਨ, ਸਿਹਤ ਕਰਮੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਲਈ ਕੋਵਿਡ ਦੇ ਪਾਸਾਰ ਰੋਕਣ ਚੁਣੌਤੀ ਬਣਿਆ ਹੋਇਆ ਹੈ

"ਪਰ ਅਸੀਂ ਅਪੀਲ ਇਹੀ ਕਰਦੇ ਹਾਂ ਕਿ ਅਜਿਹੇ ਵੇਲੇ ਪਰਿਵਾਰਕ ਮੈਂਬਰ ਵੀ ਸਬਰ ਤੋਂ ਕੰਮ ਲੈਣ ਅਤੇ ਖ਼ੁਦ ਇਨਫੈਕਟ ਹੋਣ ਤੋਂ ਬਚਣ।"

ਕੋਵਿਡ ਸਥਿਤੀ ਦੇ ਮੱਦੇਨਜ਼ਰ ਸਰੋਤਾਂ ਪੱਖੋਂ ਕੀ ਚੁਣੌਤੀਆਂ?

ਮੁਹਾਲੀ ਜ਼ਿਲ੍ਹੇ ਦੀ ਸਿਵਲ ਸਰਜਨ ਡਾ.ਆਦਰਸ਼ਪਾਲ ਕੌਰ ਮੁਤਾਬਕ ਸਰੋਤਾਂ ਪੱਖੋਂ ਫਿਲਹਾਲ ਉਨ੍ਹਾਂ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਿਆ।

ਉਨ੍ਹਾਂ ਕਿਹਾ, "ਸਾਡੇ ਕੋਲ ਆਕਸੀਜਨ, ਦਵਾਈਆਂ ਵਗੈਰਾ ਦੀ ਕਿੱਲਤ ਹਾਲੇ ਤੱਕ ਤਾਂ ਨਹੀਂ ਆਈ। ਵੀਹ ਬਿਸਤਰਿਆਂ ਤੋਂ ਸ਼ੁਰੂ ਹੋਇਆ ਕੋਰੋਨਾ ਵਾਰਡ ਜ਼ਿਲ੍ਹੇ ਵਿੱਚ 80 ਬਿਸਤਰਿਆਂ ਤੱਕ ਪਹੁੰਚ ਗਿਆ ਹੈ।"

"ਇਨ੍ਹਾਂ ਵਿੱਚੋਂ 60 ਬਿਸਤਰੇ ਮੁਹਾਲੀ ਦੇ ਜ਼ਿਲ੍ਹਾ ਹਸਪਤਾਲ ਵਿੱਚ ਚੱਲ ਰਹੇ ਹਨ ਅਤੇ 20 ਬਿਸਤਰੇ ਢਕੋਲੀ ਸਥਿਤ ਕਮਿਊਨਟੀ ਹੈਲਥ ਸੈਂਟਰ ਵਿੱਚ ਰਾਖਵੇਂ ਰੱਖੇ ਗਏ ਹਨ। ਜੇ ਜ਼ਿਲ੍ਹਾ ਹਸਪਤਾਲ ਵਿੱਚ ਮਰੀਜ਼ਾਂ ਦੀ ਗਿਣਤੀ ਇਸ ਤੋਂ ਵਧੀ ਤਾਂ ਢਕੋਲੀ ਭੇਜਣੇ ਸ਼ੁਰੂ ਕਰਾਂਗੇ।"

ਉਨ੍ਹਾਂ ਕਿਹਾ ਕਿ ਹੋਮ ਆਈਸੋਲੇਸ਼ਨ ਵਾਲੇ ਮਰੀਜ਼ਾਂ ਕੋਲ ਜੇ ਘਰ ਵਿੱਚ ਸਹੂਲਤਾਂ ਨਹੀਂ ਹਨ ਤਾਂ ਸਰਕਾਰ ਨੇ ਚੰਡੀਗੜ੍ਹ ਯੂਨੀਵਰਸਿਟੀ ਵਿੱਚ 100 ਬਿਸਤਰਿਆਂ ਦੀ ਸਹੂਲਤ ਦਿੱਤੀ ਹੋਈ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

'ਲੋਕਾਂ ਦੇ ਮਨਾਂ ਵਿੱਚ ਬੈਠੇ ਡਰ ਤੇ ਗ਼ਲਤਫਹਿਮੀਆਂ ਕੱਢਣਾ ਵੱਡੀ ਚੁਣੌਤੀ'

ਮੁਹਾਲੀ ਜ਼ਿਲ੍ਹੇ ਦੀ ਇੱਕ ਸਰਕਾਰੀ ਮਹਿਲਾ ਡਾਕਟਰ ਨੇ ਦੱਸਿਆ, "ਲੋਕਾਂ ਦੇ ਮਨਾਂ ਵਿੱਚ ਕੋਵਿਡ ਪ੍ਰਤੀ ਫੈਲੀਆਂ ਗ਼ਲਤਫਹਿਮੀਆਂ ਅਤੇ ਡਰ ਨਾਲ ਨਜਿੱਠਣਾ ਮੈਨੂੰ ਸਭ ਤੋਂ ਵੱਡੀ ਚੁਣੌਤੀ ਲਗਦੀ ਹੈ।"

"ਕਈ ਵਾਰ ਬਿਨ੍ਹਾਂ ਲੱਛਣਾਂ ਵਾਲੇ ਜਾਂ ਹਲਕੇ ਲੱਛਣਾਂ ਵਾਲੇ ਕੋਵਿਡ ਮਰੀਜ਼ ਵੀ ਇਹ ਸੋਚ ਕੇ ਬਹੁਤ ਚਿੰਤਾ ਵਿੱਚ ਆ ਜਾਂਦੇ ਹਨ ਕਿ ਉਨ੍ਹਾਂ ਨੂੰ ਕੋਵਿਡ ਹੋ ਗਿਆ ਹੈ।"

"ਕਈ ਕੋਵਿਡ ਮਰੀਜ਼ ਸਮਝ ਜਾਂਦੇ ਹਨ ਪਰ ਕਈ ਮਾਨਸਿਕ ਪੱਖੋਂ ਇੰਨੇ ਘਬਰਾ ਜਾਂਦੇ ਹਨ ਕਿ ਉਨ੍ਹਾਂ ਨੂੰ ਸਮਝਾਉਣਾ ਅਤੇ ਸੰਭਾਲਣਾ ਮੁਸ਼ਕਿਲ ਹੋ ਜਾਂਦਾ ਹੈ।"

ਡਾਕਟਰ ਨੇ ਅੱਗੇ ਦੱਸਿਆ, "ਅਸੀਂ ਹਸਪਤਾਲ ਵਿੱਚ ਇਲਾਜ ਅਧੀਨ ਗੰਭੀਰ ਲੱਛਣਾਂ ਵਾਲੇ ਮਰੀਜ਼ਾਂ ਨੂੰ ਵੀ ਦੇਖਣਾ ਹੈ, ਹੋਮ ਆਈਸੋਲੇਸ਼ਨ ਵਾਲੇ ਮਰੀਜ਼ਾਂ ਦਾ ਵੀ ਹਾਲ ਜਾਣਦੇ ਰਹਿਣਾ ਹੁੰਦਾ ਹੈ, ਕਦੇ ਟੀਕਾਕਰਨ ਪ੍ਰਕਿਰਿਆ ਦੀ ਡਿਊਟੀ ਅਤੇ ਕਦੇ ਸੈਂਪਲਿੰਗ ਦਾ ਕੰਮ।"

"ਕਈ ਵਾਰ ਹੋਮ ਆਈਸੋਲੇਸ਼ਨ ਵਾਲੇ ਬਿਨ੍ਹਾਂ ਲੱਛਣਾਂ ਵਾਲੇ ਮਰੀਜ਼ ਘਬਰਾ ਕੇ ਸਾਡੇ ਨਾਲ ਉੱਚੀ ਆਵਾਜ਼ ਵਿੱਚ ਜਾਂ ਗ਼ਲਤ ਸ਼ਬਦਾਵਲੀ ਦਾ ਇਸਤੇਮਾਲ ਵੀ ਕਰਦੇ ਹਨ। ਉਸ ਵੇਲੇ ਬਹੁਤ ਦੁੱਖ ਹੁੰਦਾ ਹੈ, ਪਰ ਡਾਕਟਰ ਵਜੋਂ ਸਾਨੂੰ ਉਨ੍ਹਾਂ ਨਾਲ ਨਜਿੱਠਣਾ ਹੀ ਪੈਂਦਾ ਹੈ।"

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਟਾਫ ਦਾ ਕਹਿਣਾ ਹੈ ਕਿ ਲੋਕ ਆਪਣੀ ਨੈਤਿਕ ਜ਼ਿੰਮੇਵਾਰੀ ਨਹੀਂ ਸਮਝਦੇ

ਉਨ੍ਹਾਂ ਕਿਹਾ ਕਿ ਅਚਾਨਕ ਕੇਸਾਂ ਵਿੱਚ ਹੋਏ ਵਾਧੇ ਕਾਰਨ ਇੱਕ ਵਾਰ ਤਾਂ ਪਰਿਵਾਰਕ ਜ਼ਿੰਦਗੀ ਵੀ ਪ੍ਰਭਾਵਿਤ ਹੋਈ।

ਡਾਕਟਰ ਮੁਤਾਬਕ ਉਨ੍ਹਾਂ ਦੇ ਦੋ ਛੋਟੇ ਬੱਚੇ ਹਨ, ਜਿਨ੍ਹਾਂ ਨੂੰ ਲੰਬੀ ਡਿਊਟੀ ਕਾਰਨ ਸਮਾਂ ਬਹੁਤ ਘੱਟ ਦੇ ਪਾਉਂਦੇ ਸਨ।

ਡਾਕਟਰ ਨੇ ਕਿਹਾ, "ਜਿਨ੍ਹਾਂ ਲੋਕਾਂ ਨੂੰ ਕੋਵਿਡ ਨੇ ਪ੍ਰਭਾਵਿਤ ਕੀਤਾ ਉਹ ਤਾਂ ਸਮਝਦੇ ਹਨ ਕਿ ਕੋਵਿਡ ਇੱਕ ਬਿਮਾਰੀ ਹੈ, ਪਰ ਬਿਨ੍ਹਾਂ ਲੱਛਣਾਂ ਵਾਲੇ ਕਈ ਲੋਕ ਇਹ ਵੀ ਕਹਿੰਦੇ ਹਨ ਕਿ ਕੋਵਿਡ ਕੁਝ ਨਹੀਂ ਹੈ, ਸਰਕਾਰ ਅਤੇ ਡਾਕਟਰ ਉਨ੍ਹਾਂ ਨੂੰ ਬੇਵਕੂਫ ਬਣਾ ਰਹੇ ਹਨ, ਹੁਣ ਅਜਿਹੀਆਂ ਗਲਤਫਹਿਮੀਆਂ ਦੂਰ ਕਰਨਾ ਬੜਾ ਔਖਾ ਹੁੰਦਾ ਹੈ।"

ਕੋਵਿਡ ਨਾਲ ਨਜਿੱਠਣ ਵਾਲੇ ਸਰੋਤਾਂ ਦੀ ਪੂਰਤੀ ਵੀ ਚੁਣੌਤੀ

ਡਾਕਟਰ ਨੇ ਕਿਹਾ, "ਸਾਡੇ ਕੋਲ ਹੋਮ ਆਈਸੋਲੇਸ਼ਨ ਵਾਲੇ ਮਰੀਜ਼ ਜ਼ਿਆਦਾ ਹਨ। ਕਈ ਵਾਰ ਜਦੋਂ ਨਵੇਂ ਪੌਜ਼ੀਟਿਵ ਮਰੀਜ਼ਾਂ ਦੀ ਗਿਣਤੀ ਇੱਕ ਦਮ ਵੱਧ ਜਾਂਦੀ ਹੈ, ਤਾਂ ਹੋਮ ਆਈਸੋਲੇਸ਼ਨ ਕਿੱਟ ਦੀ ਖਪਤ ਵੀ ਜ਼ਿਆਦਾ ਹੁੰਦੀ ਹੈ। ਅਜਿਹੇ ਕੇਸ ਵਿੱਚ ਸਾਡੇ ਲਈ ਚੁਣੌਤੀ ਰਹਿੰਦੀ ਹੈ ਕਿ ਘੱਟੋ-ਘੱਟ ਸਮੇਂ ਵਿੱਚ ਮਰੀਜ਼ ਨੂੰ ਕਿੱਟ ਪਹੁੰਚਾਈ ਜਾਵੇ।"

"ਕਈ ਵਾਰ ਸਬੰਧਤ ਹਸਪਤਾਲ ਕੋਲ ਕਿੱਟਾਂ ਖ਼ਤਮ ਹੋ ਜਾਣ 'ਤੇ ਫਿਰ ਹੋਰ ਮੰਗਵਾਈਆਂ ਜਾਂਦੀਆਂ ਹਨ ਅਤੇ ਮਰੀਜ਼ਾਂ ਨੂੰ ਪਹੁੰਚਾਈਆਂ ਜਾਂਦੀਆਂ ਹਨ।"

"ਕਦੇ ਬਹੁਤ ਦੇਰੀ ਤਾਂ ਨਹੀਂ ਹੋਈ, ਰਿਕੁਐਸਟ ਭੇਜਣ ਦੇ ਅਗਲੇ ਦਿਨ ਤੱਕ ਸਾਡੇ ਕੋਲ ਸਮਾਨ ਪਹੁੰਚ ਜਾਂਦਾ ਹੈ ਪਰ ਫਿਰ ਵੀ ਕਈ ਵਾਰ ਮਰੀਜ਼ਾਂ ਦੇ ਗੁੱਸੇ ਦਾ ਸਾਹਮਣਾ ਤਾਂ ਕਰਨਾ ਹੀ ਪੈਂਦਾ ਹੈ।"

ਕੋਰੋਨਾਵਾਇਰਸ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਲੰਬੀ ਡਿਊਟੀ ਹੋਣ ਕਾਰਨ ਸਟਾਫ ਆਪਣੇ ਬੱਚਿਆਂ ਨੂੰ ਘੱਟ ਸਮਾਂ ਦੇ ਰਹੇ ਹਨ

ਪੈਰਾ-ਮੈਡੀਕਲ ਸਟਾਫ਼ ਅਤੇ ਮਲਟੀਪਰਪਜ਼ ਹੈਲਥ ਕੇਅਰ ਵਰਕਰਾਂ ਨੇ ਕੀ ਕਿਹਾ?

ਅਸੀਂ ਮੁਹਾਲੀ ਜ਼ਿਲ੍ਹੇ ਦੇ ਕੁਝ ਪੈਰਾ-ਮੈਡੀਕਲ ਸਟਾਫ਼ ਮੈਂਬਰ ਅਤੇ ਮਲਟੀਪਰਪਜ਼ ਹੈਲਥ ਕੇਅਰ ਵਰਕਰਾਂ ਨਾਲ ਵੀ ਗੱਲਬਾਤ ਕੀਤੀ।

ਪੈਰਾ-ਮੈਡੀਕਲ ਸਟਾਫ਼ ਵਿੱਚੋਂ ਲੈਬ ਟੈਕਨੀਸ਼ੀਅਨ ਹਰਜੀਤ ਸਿੰਘ ਨੇ ਕਿਹਾ, "ਫਿਲਹਾਲ ਤਾਂ ਸਾਨੂੰ ਕੋਈ ਖ਼ਾਸ ਮੁਸ਼ਕਿਲ ਜਾਂ ਚੁਣੌਤੀ ਦਰਪੇਸ਼ ਨਹੀਂ ਆਈ। ਸਿਰਫ਼ ਇਹੀ ਹੈ ਕਿ ਕਈ ਵਾਰ ਡਿਊਟੀ ਦਾ ਸਮਾਂ ਵੱਧ ਜਾਂਦਾ ਹੈ, ਪਰ ਹੁਣ ਇਸ ਮੁਸ਼ਕਿਲ ਘੜੀ ਵਿੱਚ ਦਿਲੋਂ ਡਿਊਟੀ ਦੇਣਾ ਸਾਡਾ ਫਰਜ਼ ਹੈ।"

"ਮੇਰੀ ਡਿਊਟੀ ਕਈ ਥਾਈਂ ਸੈਂਪਲਿੰਗ ਲਈ ਲਗਦੀ ਹੈ। ਮੁਹਾਲੀ ਏਅਰਪੋਰਟ 'ਤੇ ਵੀ ਲੱਗੀ। ਕਈ ਵਾਰ ਫਲਾਈਟ ਦੇਰ ਹੋ ਜਾਵੇ ਤਾਂ ਸਾਨੂੰ ਵੀ ਓਨਾਂ ਸਮਾਂ ਬੈਠਣਾ ਪੈਂਦਾ ਹੈ। ਕੁਝ ਮੁਸਾਫ਼ਰ ਟੈਸਟ ਕਰਾਉਣਾ ਨਹੀਂ ਚਾਹੁੰਦੇ ਪਰ ਬਾਅਦ ਵਿੱਚ ਮੰਨ ਜਾਂਦੇ ਹਨ। ਬਾਕੀ ਸਰੋਤਾਂ ਦੇ ਲਿਹਾਜ਼ ਨਾਲ ਹਾਲੇ ਤੱਕ ਕੋਈ ਦਿੱਕਤ ਨਹੀਂ ਆਈ।"

ਮੁਹਾਲੀ ਜ਼ਿਲ੍ਹੇ ਦੇ ਹੀ ਇੱਕ ਮਲਟੀਪਰਪਜ਼ ਹੈਲਥ ਕੇਅਰ ਵਰਕਰ ਜਤਿੰਦਰ ਸਿੰਘ ਨੇ ਕਿਹਾ, "ਕੋਵਿਡ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਫਿਲਹਾਲ ਤਾਂ ਕੋਈ ਸਮੱਸਿਆ ਨਹੀਂ ਆਈ ਕਿਉਂਕਿ ਸਾਨੂੰ ਸਮਾਨ ਪੂਰਾ ਪਹੁੰਚ ਰਿਹਾ ਹੈ।"

"ਨਿੱਜੀ ਤੌਰ 'ਤੇ ਸਿਰਫ਼ ਇਸ ਗੱਲ ਦਾ ਮਲਾਲ ਰਹਿੰਦਾ ਹੈ ਕਿ ਇੰਨੀ ਸਖ਼ਤ ਡਿਊਟੀ ਦੇ ਬਾਵਜੂਦ ਸਰਕਾਰ ਸਾਡਾ ਪਰਖ ਕਾਲ ਖ਼ਤਮ ਕਰਕੇ ਪੂਰੀਆਂ ਤਨਖਾਹਾਂ ਨਹੀਂ ਦੇ ਰਹੀ।"

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)