ਭਾਰਤ ’ਚ ਅਜੇ ਲੌਕਡਾਊਨ ਦੀ ਲੋੜ ਨਹੀਂ, 11 ਤੋਂ 14 ਅਪ੍ਰੈਲ ਵਿਚਾਲੇ ਹੋਵੇਗਾ ਟੀਕਾ ਉਤਸਵ: ਮੋਦੀ- ਅਹਿਮ ਖ਼ਬਰਾਂ

ਤਸਵੀਰ ਸਰੋਤ, ANI
ਇਸ ਪੰਨੇ ਰਾਹੀਂ ਅਸੀਂ ਤੁਹਾਡੇ ਤੱਕ ਅੱਜ ਦੀਆਂ ਵੱਡੀਆਂ ਤੇ ਅਹਿਮ ਖ਼ਬਰਾਂ ਪਹੁੰਚਾ ਰਹੇ ਹਾਂ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਉੱਚ-ਪੱਧਰੀ ਕਮੇਟੀ ਦੀ ਬੈਠਕ ਹੋਈ।
ਨਰਿਦੰਰ ਮੋਦੀ ਨੇ ਦੇਸ ਵਿੱਚ ਕੋਵਿਡ ਦੇ ਹਾਲਾਤ ਬਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਕੀਤੀ।
ਮਾਓਵਾਦੀਆਂ ਦੀ ਗ੍ਰਿਫ਼ਤ ਤੋਂ ਸੀਆਰਪੀਐੱਫ਼ ਜਵਾਨ ਰਾਕੇਸ਼ਵਰ ਸਿੰਘ ਰਿਹਾਅ ਹੋ ਗਏ ਹਨ।
ਕੋਵਿਡ-19 ਦੇ ਮੱਦੇਨਜ਼ਰ ਮੱਧ ਪ੍ਰਦੇਸ਼ ਦੇ ਸ਼ਹਿਰੀ ਇਲਾਕਿਆਂ ਵਿੱਚ ਰਾਤ ਦਾ ਲੌਕਡਾਊਨ ਅਤੇ ਫਿਰ ਨਿਊਜ਼ੀਲੈਂਡ ਵੱਲੋਂ ਭਾਰਤ ਤੋਂ ਆਉਣ ਵਾਲਿਆਂ ਦੇ ਦੇਸ਼ ਵਿੱਚ ਦਾਖ਼ਲ ਹੋਣ ’ਤੇ ਪਾਬੰਦੀ।
ਇਹ ਵੀ ਪੜ੍ਹੋ:
11 ਤੋਂ 14 ਤੱਕ ਟੀਕਾ ਉਤਸਵ-ਨਰਿੰਦਰ ਮੋਦੀ
ਕੋਰੋਨਾਵਾਇਰਸ 'ਤੇ ਮੁੱਖ ਮੰਤਰੀਆਂ ਨਾਲ ਵੀਰਵਾਰ ਨੂੰ ਹੋਈ ਮੀਟਿੰਗ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ ਨੂੰ ਸੰਬੋਧਨ ਕੀਤਾ।
ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਕੋਰੋਨਾ ਦੀ ਮੌਜੂਦਾ ਦੂਜੀ ਲਹਿਰ ਵੇਲੇ ਲੋਕ ਜ਼ਿਆਦਾ ਲਾਪਰਵਾਹ ਹੋ ਗਏ ਹਨ। ਪ੍ਰਸ਼ਾਸਨ ਵੀ ਲਾਪਰਵਾਹ ਹੋ ਗਿਆ ਹੈ। ਇਹ ਚਿੰਤਾ ਦੀ ਗੱਲ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਨਾਲ ਨਜਿੱਠਣ ਲਈ ਤਿੰਨ 'ਟੀ' ਯਾਨੀ ਟੈਸਟ, ਟ੍ਰੈਕ ਅਤੇ ਟ੍ਰੀਟ ਦੇ ਨਾਲ ਲੋਕਾਂ ਦੇ ਸਹੀ ਵਤੀਰੇ ਤੇ ਪ੍ਰਬੰਧਨ ਨੂੰ ਇਸ ਸੰਕਟ ਨਾਲ ਲੜਨ ਦਾ ਮੂਲ ਮੰਤਰ ਦੱਸਿਆ ਹੈ।
ਮੁੜ ਲੌਕਡਾਊਨ ਨੂੰ ਨਹੀਂ
ਹਾਲਾਂਕਿ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਦੇਸ ਵਿੱਚ ਹੁਣ ਲੌਕਡਾਊਨ ਲਗਾਉਣ ਦੀ ਲੋੜ ਨਹੀਂ ਹੈ। ਪੂਰੀ ਦੁਨੀਆਂ ਨੇ ਰਾਤ ਦੇ ਕਰਫਿਊ ਨੂੰ ਸਵੀਕਾਰ ਕੀਤਾ ਹੈ। ਉਨ੍ਹਾਂ ਕਿਹਾ ਹੁਣ ਸਾਨੂੰ ਵੀ ਇਸ ਨੂੰ ਕੋਰੋਨਾ ਕਰਫਿਊ ਦੇ ਨਾਮ ਨਾਲ ਯਾਦ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਇੱਕ ਵਾਰ ਫਿਰ 'ਦਵਾਈ ਵੀ ਤੇ ਸਖ਼ਤਾਈ ਵੀ' ਦੀ ਗੱਲ ਕੀਤੀ ਹੈ।
ਵੀਰਵਾਰ ਦੀ ਮੀਟਿੰਗ ਦੌਰਾਨ ਨਰਿੰਦਰ ਮੋਦੀ ਨੇ ਕੋਰੋਨਾ ਤੋਂ ਬਚਾਅ ਲਈ ਵੀ ਸੁਝਾਅ ਮੰਗੇ। ਉਨ੍ਹਾਂ ਨੇ ਕਿਹਾ ਕਿ ਦੇਸ ਦੇ ਸੂਬਿਆਂ ਵਿੱਚ ਹਾਲਾਤ ਇੱਕ ਵਾਰ ਮੁੜ ਚੁਣੌਤੀਪੂਰਨ ਹੋ ਗਏ ਹਨ। ਉਨ੍ਹਾਂ ਨੇ ਮਾਈਕਰੋ ਕੰਟੇਨਮੈਂਟ ਜ਼ੋਨ ਬਣਾਉਣ ਉੱਤੇ ਧਿਆਨ ਕੇਂਦਰਿਤ ਕਰਨ ਨੂੰ ਕਿਹਾ।
ਨਰਿੰਦਰ ਮੋਦੀ ਨੇ ਇਸ ਮੌਕੇ 'ਤੇ ਕਿਹਾ, "ਜਯੋਤਿਬਾ ਫੁਲੇ ਦੀ ਜਯੰਤੀ 11 ਅਪ੍ਰੈਲ ਅਤੇ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਦੀ ਜਯੰਤੀ 14 ਅਪ੍ਰੈਲ ਦੇ ਵਿਚਾਲੇ 'ਟੀਕਾ ਉਤਸਵ ਮਨਾਇਆ ਜਾਵੇਗਾ। ਇਸ ਦੌਰਾਨ ਵੱਧ ਤੋਂ ਵੱਧ ਲੋਕਾਂ ਨੂੰ ਟੀਕਾ ਲਗਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਉਨ੍ਹਾਂ ਕਿਹਾ, "ਮੈਂ ਨੌਜਵਾਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੇ ਆਲੇ-ਦੁਆਲੇ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਟੀਕਾ ਲਗਾਉਣ ਵਿੱਚ ਹਰ ਸੰਭਵ ਮਦਦ ਕਰਨ।"
ਫ਼ਸਲਾਂ ਦੀ ਸਿੱਧੀ ਅਦਾਇਗੀ ਦੇ ਮੁੱਦੇ 'ਤੇ ਬੈਠਕ 'ਚ ਕੀ ਹੋਇਆ
ਪੰਜਾਬ ਦੇ ਚਾਰ ਕੈਬਨਿਟ ਮੰਤਰੀਆਂ ਨੇ ਕੇਂਦਰੀ ਮੰਤਰੀ ਪੀਯੂਸ਼ ਗੋਇਲ ਨਾਲ ਫ਼ਸਲਾਂ ਦੀ ਸਿੱਧੀ ਅਦਾਇਗੀ ਦੇ ਮੁੱਦੇ 'ਤੇ ਬੈਠਕ ਕੀਤੀ।
ਬੈਠਕ ਤੋਂ ਬਾਅਦ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ, "ਕਣਕ ਦੀ ਪ੍ਰੋਕਿਊਰਮੈਂਟ ਦਾ ਮਾਮਲਾ ਲੰਮੇ ਸਮੇਂ ਤੋਂ ਲਟਕ ਰਿਹਾ ਸੀ। ਕੇਂਦਰੀ ਮੰਤਰੀ ਨਾਲ ਸਾਡੀ ਇੱਕ-ਡੇਢ ਘੰਟਾ ਬੈਠਕ ਹੋਈ। ਪੰਜਾਬ ਦੀ ਲਾਈਫ਼ਲਾਈਨ ਫੂਡ ਸਕਿਉਰਿਟੀ ਆਫ਼ ਇੰਡੀਆ ਤੇ ਕਿਸਾਨ ਹਨ।"

ਤਸਵੀਰ ਸਰੋਤ, ANI
"ਸਭ ਤੋਂ ਵੱਡਾ ਮੁੱਦਾ ਸੀ- ਫਸਲ ਦੀ ਸਿੱਧੀ ਅਦਾਇਗੀ ਦਾ। ਅਸੀਂ ਸਰਕਾਰ ਨੂੰ ਕਿਹਾ ਸੀ ਕਿ ਥੋੜ੍ਹਾ ਸਮਾਂ ਦੇ ਦਿਓ, ਪੰਜਾਬ ਵਿੱਚ ਆੜ੍ਹਤ ਦਾ ਸਿਸਟਮ ਹੈ। ਪਰ ਸਰਕਾਰ ਨੇ ਇਸ ਨੂੰ ਸਿਰੇ ਤੋਂ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਜਾਂ ਤਾਂ ਪੰਜਾਬ ਸਰਕਾਰ ਖੁਦ ਹੀ ਫ਼ਸਲ ਪ੍ਰੋਕਿਊਰ ਕਰ ਲਏ ਅਤੇ ਖੁਦ ਲਾਗੂ ਕਰੇ। ਵਰਨਾ ਫੂਡ ਸਟਾਕ ਸਾਡਾ ਹੈ, ਇਸ ਦੇ ਪੈਸੇ ਅਸੀਂ ਦੇ ਰਹੇ ਹਾਂ, ਆੜ੍ਹਤੀਏ ਨੂੰ ਅਸੀਂ ਪੈਸੇ ਨਹੀਂ ਦੇਵਾਂਗੇ। ਮੁੱਖ ਮੰਤਰੀ ਨੇ ਕੇਂਦਰ ਨੂੰ ਕਈ ਚਿੱਠੀਆਂ ਲਿਖੀਆਂ ਸੀ। ਪਰ ਸਰਕਾਰ ਨਹੀਂ ਮੰਨੀ।"
ਸੀਆਰਪੀਐੱਫ਼ ਜਵਾਨ ਨੂੰ ਮਾਓਵਾਦੀਆਂ ਨੇ ਰਿਹਾ ਕੀਤਾ
ਬਸਤਰ ਵਿੱਚ ਸ਼ੱਕੀ ਮਾਓਵਾਦੀਆਂ ਨੇ ਪਿਛਲੇ ਪੰਜ ਦਿਨਾਂ ਤੋਂ ਬੰਦੀ ਬਣਾ ਕੇ ਰੱਖੇ ਗਏ ਸੀਆਰਪੀਐੱਫ਼ ਦੇ ਜਵਾਨ ਰਾਕੇਸ਼ਵਰ ਸਿੰਘ ਮਨਹਾਸ ਨੂੰ ਰਿਹਾ ਕਰ ਦਿੱਤਾ ਹੈ। ਉਹ ਵੀਰਵਾਰ ਨੂੰ ਦੋ ਵਿਚੋਲੀਆਂ ਅਤੇ ਕੁਝ ਸਥਾਨਕ ਲੋਕਾਂ ਨਾਲ ਬਾਂਸਾਗੁੜਾ ਥਾਣੇ ਪਹੁੰਚੇ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਬੀਬੀਸੀ ਨੂੰ ਇਸ ਦੀ ਪੁਸ਼ਟੀ ਕੀਤੀ ਹੈ।

ਤਸਵੀਰ ਸਰੋਤ, ANI
ਰਾਕੇਸ਼ਵਰ ਸਿੰਘ ਮਨਹਾਸ ਨੂੰ ਸਿਹਤ ਜਾਂਚ ਅਤੇ ਪੁੱਛਗਿੱਛ ਦੀ ਰਸਮੀ ਕਾਰਵਾਈ ਤੋਂ ਬਾਅਦ ਹੈਲੀਕਾਪਟਰ ਰਾਹੀਂ ਰਾਏਪੁਰ ਭੇਜਿਆ ਜਾਵੇਗਾ। ਖ਼ਬਰ ਹੈ ਕਿ ਬਸਤਰ ਦੀ ਮਾਤਾ ਰੁਕਮਣੀ ਸੇਵਾ ਸੰਸਥਾ ਦੇ ਮੁਖੀ ਪਦਮਸ਼੍ਰੀ ਧਰਮਪਾਲ ਸੈਣੀ ਅਤੇ ਇੱਕ ਕਬਾਇਲੀ ਆਗੂ, ਤੇਲਮ ਬੌਰਈਆ ਨੇ ਵਿਚੋਲਗੀ ਦਾ ਕੰਮ ਕੀਤਾ ਅਤੇ ਬੁੱਧਵਾਰ ਨੂੰ ਮਾਓਵਾਦੀਆਂ ਨਾਲ ਸੰਪਰਕ ਕੀਤਾ ਸੀ।
ਹਾਲਾਂਕਿ ਜਵਾਨ ਦੀ ਰਿਹਾਈ ਕਿਹੜੀਆਂ ਸ਼ਰਤਾਂ 'ਤੇ ਕੀਤੀ ਗਈ, ਇਸ ਨਾਲ ਜੁੜੀ ਜਾਣਕਾਰੀ ਜਨਤਕ ਨਹੀਂ ਕੀਤੀ ਗਈ ਹੈ।

ਤਸਵੀਰ ਸਰੋਤ, Ganesh/BBC
ਸੀਆਰਪੀਐੱਫ਼ ਰਾਕੇਸ਼ਵਰ ਸਿੰਘ ਦੀ ਪਤਨੀ ਮੀਨੂ ਨੇ ਕਿਹਾ, "ਜ਼ਿੰਦਗੀ ਦੇ ਸਭ ਤੋਂ ਗੰਦੇ ਦਿਨ ਸੀ, ਬਹੁਤ ਮੁਸ਼ਕਿਲ ਨਾਲ ਗੁਜ਼ਾਰੇ। ਪਰ ਮੈਂ ਹਿੰਮਤ ਨਹੀਂ ਹਾਰੀ, ਸੰਜਮ ਰੱਖਿਆ ਕਿ ਉਹ ਜਲਦੀ ਵਾਪਸ ਆ ਜਾਣਗੇ। ਜਿਸ ਦਿਨ ਹਿੰਟ ਮਿਲਿਆ ਕਿ ਉਹ ਹਿਰਾਸਤ ਵਿੱਚ ਹਨ ਮੈਨੂੰ ਉਮੀਦ ਉਸੇ ਦਿਨ ਤੋਂ ਸੀ ਕਿ ਉਹ ਵਾਪਸ ਆਉਣਗੇ ਪਰ ਇਹ ਨਹੀਂ ਪਤਾ ਸੀ ਕਿ ਕਿਸ ਦਿਨ।"
"ਸਰਕਾਰ 'ਤੇ ਭਰੋਸੀ ਸੀ ਪਰ ਸਰਕਾਰ ਕੁਝ ਬੋਲ ਨਹੀਂ ਰਹੀ ਸੀ, ਕੋਈ ਬਿਆਨ ਨਹੀਂ ਆ ਰਿਹਾ ਸੀ, ਇਸ ਲਈ ਪਰੇਸ਼ਾਨ ਸੀ। ਮੈਂ ਸਮਝਦੀ ਹਾਂ ਕਿ ਕੁਝ ਗੁਪਤ ਗੱਲਾਂ ਹੋਣਗੀਆਂ ਜੋ ਉਹ ਮੀਡੀਆ ਜਾਂ ਸਾਡੇ ਨਾਲ ਸਾਂਝਾ ਨਹੀਂ ਕਰ ਸਕਦੇ। ਮੈਂ ਸਰਕਾਰ ਦੀ ਧੰਨਵਾਦੀ ਹਾਂ। ਉਨ੍ਹਾਂ ਦੀ ਕੋਸ਼ਿਸ਼ ਸਦਕਾ ਹੀ ਮੇਰੇ ਪਤੀ ਵਾਪਸ ਮਿਲੇ ਹਨ। ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਖੁਸ਼ੀ ਦਾ ਦਿਨ ਹੈ।"
ਸਚਿਨ ਤੇਂਦੁਲਕਰ ਨੂੰ ਮਿਲੀ ਹਸਪਤਾਲ ਤੋਂ ਛੁੱਟੀ
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਸਚਿਨ ਤੇਂਦੁਲਕਰ ਨੂੰ ਕੋਵਿਡ-19 ਤੋਂ ਠੀਕ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਉਹ ਕੁਝ ਦਿਨਾਂ ਲਈ ਘਰ ਵਿੱਚ ਹੀ ਕੁਆਰੰਟੀਨ ਰਹਿਣਗੇ।
ਉਨ੍ਹਾਂ ਦੀ ਕੋਵਿਡ ਟੈਸਟ ਰਿਪੋਰਟ 27 ਮਾਰਚ ਨੂੰ ਪੌਜ਼ਿਟਿਵ ਆਈ ਸੀ।

ਤਸਵੀਰ ਸਰੋਤ, ANI
ਗੁਰੂ ਤੇਗ ਬਹਾਦਰ ਦੇ 400ਵੇਂ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਲਈ ਬੈਠਕ
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਲਈ ਹੋਈ ਬੈਠਕ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਇਹ ਮੌਕਾ ਅਧਾਤਮਿਕ ਖੁਸ਼ਕਸਮਤੀ ਦਾ ਵੀ ਹੈ ਤੇ ਕੌਮੀ ਜ਼ਿੰਮੇਵਾਰੀ ਦਾ ਵੀ। ਇਸ ਵਿੱਚ ਅਸੀਂ ਯੋਗਦਾਨ ਪਾ ਸਕੀਏ, ਇਹ ਗੁਰੂ ਕ੍ਰਿਪਾ ਸਾਡੇ ਸਭ 'ਤੇ ਹੋਈ ਹੈ। ਮੈਨੂੰ ਖੁਸ਼ੀ ਹੈ ਕਿ ਅਸੀਂ ਸਾਰੇ ਦੇਸ ਦੇ ਸਾਰੇ ਨਾਗਰਿਕਾਂ ਨੂੰ ਨਾਲ ਲੈ ਕੇ ਆਪਣੀਆਂ ਕੋਸ਼ਿਸ਼ਾਂ ਨੂੰ ਅੱਗੇ ਵਧਾ ਰਹੇ ਹਾਂ।"

ਤਸਵੀਰ ਸਰੋਤ, ANI
ਉਨ੍ਹਾਂ ਦੱਸਿਆ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨੈਸ਼ਨਲ ਇੰਪਲੀਮੈਂਟੇਸ਼ਨ ਕਮੇਟੀ ਦੇ ਮੁਖੀ ਦੇ ਤੌਰ 'ਤੇ ਕਮੇਟੀ ਦੇ ਵਿਚਾਰਾਂ ਨੂੰ ਪੇਸ਼ ਕੀਤਾ, ਸੁਝਾਅ ਰੱਖੇ। ਇਸ ਵਿੱਚ ਪੂਰੇ ਸਾਲ ਦੇ ਪ੍ਰੋਗਰਾਮਾਂ ਦੀ ਰੂਪਰੇਖਾ ਸੀ ਜਿਸ ਵਿੱਚ ਸੁਧਾਰ ਦੀ ਸੰਭਾਵਨਾ ਹੈ।
ਉਨ੍ਹਾਂ ਨੇ ਬੈਠਕ ਵਿੱਚ ਮੌਜੂਦ ਸਭ ਤੋਂ ਲਿਖਤ ਰੂਪ ਵਿੱਚ ਸੁਝਾਅ ਮੰਗੇ।

ਤਸਵੀਰ ਸਰੋਤ, ANI
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਪਿਛਲੇ ਚਾਰ ਦਹਾਕਿਆਂ 'ਚ ਭਾਰਤ ਦਾ ਕੋਈ ਵੀ ਕਾਲ ਖੰਡ, ਕੋਈ ਵੀ ਦੌਰ ਅਜਿਹਾ ਨਹੀਂ ਰਿਹਾ ਜਿਸ ਦੀ ਕਲਪਨਾ ਅਸੀਂ ਗੁਰੂ ਤੇਗ ਬਹਾਦਰ ਜੀ ਦੇ ਪ੍ਰਭਾਵ ਬਿਨਾਂ ਕਰ ਸਕੀਏ। 9ਵੇਂ ਗੁਰੂ ਤੋਂ ਅਸੀਂ ਪ੍ਰੇਰਣਾ ਲੈਂਦੇ ਹਾਂ। ਤੁਸੀਂ ਇਸ ਬਾਰੇ ਜਾਣਦੇ ਹੋ ਪਰ ਦੇਸ ਦੀ ਨਵੀਂ ਪੀੜ੍ਹੀ ਨੂੰ ਇਸ ਬਾਰੇ ਜਾਣਨਾ, ਸਮਝਣਾ ਜ਼ਰੂਰੀ ਹੈ।"
"ਗੁਰੂ ਨਾਨਕ ਦੇਵ ਜੀ ਤੋਂ ਗੁਰੂ ਤੇਗ ਬਹਾਦਰ ਤੇ ਗੁਰੂ ਗੋਬਿੰਗ ਸਿੰਘ ਤੱਕ ਸਾਡੀ ਸਿੱਖ ਪਰੰਪਰਾ ਆਪਣੇ ਆਪ ਵਿੱਚ ਇੱਕ ਸੰਪੂਰਨ ਜੀਵਨ ਦਰਸ਼ਨ ਰਹੀ ਹੈ। ਇਹ ਖੁਸ਼ਕਿਸਮਤੀ ਹੈ ਕਿ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ, ਗੁਰੂ ਤੇਗ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਪੁਰਬ ਤੇ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਦਿਹਾੜਾ ਮਨਾਉਣ ਦਾ ਮੌਕਾ ਸਾਡੀ ਸਰਕਾਰ ਨੂੰ ਮਿਲਿਆ।"
ਕੈਪਟਨ ਅਮਰਿੰਦਰ ਸਿੰਘ ਨੇ ਗੁਰੂ ਤੇਗ ਬਹਾਦਰ ਦੇ ਪ੍ਰਕਾਸ਼ ਦਿਹਾੜੇ ਲਈ ਇਹ ਅਪੀਲ ਕੀਤੀ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਗੁਰੂ ਤੇਗ ਬਹਾਦਰ ਦੇ 400ਵੇਂ ਪ੍ਰਕਾਸ਼ ਦਿਹਾੜੇ ਮੌਕੇ ਸ਼ਰਧਾਂਜਲੀ ਦੇਣ ਲਈ 937 ਕਰੋੜ ਰੁਪਏ ਦੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਜਾਵੇ।
ਉਨ੍ਹਾਂ ਕਿਹਾ ਇਸ ਵਿੱਚ ਸ੍ਰੀ ਅਨੰਦਪੁਰ ਸਾਹਿਬ ਨੂੰ ਸਮਾਰਟ ਸਿਟੀ ਬਣਾਉਣ ਦਾ ਪ੍ਰੋਜੈਕਟ ਵੀ ਸ਼ਾਮਲ ਹੈ।

ਤਸਵੀਰ ਸਰੋਤ, Capt. Amarinder Singh/Twitter
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਹੋਈ ਉੱਚ-ਪੱਧਰੀ ਬੈਠਕ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, "ਸਾਡੀ ਸਭ ਦੀ ਖੁਸ਼ਕਿਸਮਤੀ ਹੈ ਕਿ ਸਾਨੂੰ ਇਹ ਸਮਾਗਮ ਮਨਾਉਣ ਦਾ ਮੌਕਾ ਮਿਲ ਰਿਹਾ ਹੈ। ਮੈਂ ਪੀਐੱਮ ਮੋਦੀ ਨੂੰ ਬੇਨਤੀ ਕਰਦਾ ਹਾਂ ਕਿ ਇਹ ਇਤਿਹਾਸਕ ਸਮਾਗਮ ਨਾ ਸਿਰਫ਼ ਕੌਮੀ ਸਗੋਂ ਕੌਮਾਂਤਰੀ ਪੱਧਰ 'ਤੇ ਵੀ ਮਨਾਇਆ ਜਾਵੇ।"
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਗੁਰੂ ਤੇਗ ਬਹਾਦਰ ਨਾਲ ਜੁੜੇ ਹੋਏ ਪਿੰਡਾਂ ਤੇ ਕਸਬਿਆਂ ਨੂੰ ਅਪਗ੍ਰੇਡ ਕਰਨਾ ਚਾਹੁੰਦੀ ਹੈ। ਅੰਮ੍ਰਿਤਸਰ ਤੋਂ ਇਲਾਵਾ ਸ੍ਰੀ ਆਨੰਦਪੁਰ ਸਾਹਿਬ ਤੇ ਬਾਬਾ ਬਕਾਲਾ ਦੀ ਕਾਫ਼ੀ ਅਹਿਮੀਅਤ ਹੈ। ਇਸ ਤੋਂ ਇਲਾਵਾ 78 ਪਿੰਡ ਗੁਰੂ ਤੇਗ ਬਹਾਦਰ ਨਾਲ ਸਬੰਧਤ ਹਨ।
ਰੋਹਿੰਗਿਆ ਨੂੰ ਡਿਪੋਰਟ ਕਰਨ ਸਬੰਧੀ ਸੀਜੇਆਈ ਨੇ ਕੀ ਕਿਹਾ
ਚੀਫ਼ ਜਸਟਿਸ ਆਫ਼ ਇੰਡੀਆ ਨੇ ਕਿਹਾ ਕਿ ਰੋਹਿੰਗਿਆ ਨੂੰ ਡਿਪੋਰਟ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਅਜਿਹੀ ਡਿਪੋਰਟ ਕਰਨ ਦੀ ਪ੍ਰਕ੍ਰਿਆ ਦੀ ਪਾਲਣਾ ਨਹੀਂ ਕੀਤੀ ਜਾਂਦੀ। ਸੀਜੇਆਈ ਨੇ ਇਸ ਕੇਸ ਵਿੱਚ ਦਾਇਰ ਅਪੀਲਾਂ ਦਾ ਵੀ ਨਿਪਟਾਰਾ ਕਰ ਦਿੱਤਾ।
ਸੁਪਰੀਮ ਕੋਰਟ ਪਿਛਲੇ ਮਹੀਨੇ ਜੰਮੂ ਵਿਖੇ ਲਗਭਗ 170 ਰੋਹਿੰਗਿਆਂ ਦੀ ਹਿਰਾਸਤ ਅਤੇ ਉਨ੍ਹਾਂ ਨੂੰ ਆਪਣੇ ਦੇਸ ਭੇਜਣ ਵਿਰੁੱਧ ਪਟੀਸ਼ਨ ਉੱਤੇ ਫੈਸਲਾ ਸੁਣਾ ਰਿਹਾ ਸੀ।
ਸੀਜੇਆਈ ਨੇ ਇਸ ਕੇਸ ਵਿੱਚ ਦਾਇਰ ਅਪੀਲਾਂ ਦਾ ਵੀ ਨਿਪਟਾਰਾ ਕਰ ਦਿੱਤਾ।
ਮੱਧ ਪ੍ਰਦੇਸ਼ ਦੇ ਸਾਰੇ ਸ਼ਹਿਰਾਂ ਵਿੱਚ ਲੌਕਡਾਊਨ
ਮੱਧ ਪ੍ਰਦੇਸ਼ ਸਰਕਾਰ ਨੇ ਸੂਬੇ ਵਿੱਚ ਕੋਰੋਨਾ ਦੀ ਵਧਦੀ ਲਾਗ ਨੂੰ ਦੇਖਦੇ ਹੋਏ ਸਾਰੇ ਸ਼ਹਿਰੀ ਇਲਾਕਿਆਂ ਵਿੱਚ ਸ਼ੁੱਕਰਵਾਰ, ਸ਼ਨਿੱਚਰਵਾਰ ਤੇ ਐਤਵਾਰ ਨੂੰ ਸ਼ਾਮ ਛੇ ਵਜੇ ਤੋਂ ਸਵੇਰੇ ਛੇ ਵਜੇ ਤੱਕ ਲੌਕਡਾਊਨ ਲਗਾਉਣ ਦਾ ਐਲਾਨ ਕੀਤਾ ਹੈ।

ਤਸਵੀਰ ਸਰੋਤ, Ani
ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਦੱਸਿਆ ਹੈ ਕਿ ਇਸ ਦੇ ਨਾਲ ਹੀ ਵੱਡੇ ਸ਼ਹਿਰਾਂ ਵਿੱਚ ਕੰਟੇਨਮੈਂਟ ਜ਼ੋਨ ਵੀ ਬਣਾਏ ਜਾ ਰਹੇ ਹਨ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਕੋਰੋਨਾਵਾਇਰਸ: ਨਿਊਜ਼ੀਲੈਂਡ ਵੱਲੋਂ ਭਾਰਤ ਤੋਂ ਆਉਣ ਵਾਲਿਆਂ ਦੇ ਦੇਸ਼ ਦਾਖ਼ਲੇ 'ਤੇ ਪਾਬੰਦੀ
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਇੱਕ ਐਲਾਨ ਰਾਹੀਂ ਵੀਰਵਾਰ ਨੂੰ ਭਾਰਤ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਦੇ ਦਾਖ਼ਲੇ ਉੱਪਰ ਪਾਬੰਦੀ ਲਗਾ ਦਿੱਤੀ ਹੈ।
ਖ਼ਬਰ ਚੈਨਲ ਐੱਨਡੀਟੀਵੀ ਦੀ ਵੈਬਸਾਈਟ ਮੁਤਾਬਕ ਇਸ ਪਾਬੰਦੀ ਵਿੱਚ ਨਿਊਜ਼ੀਲੈਂਡ ਦੇ ਆਪਣੇ ਨਾਗਰਿਕ ਵੀ ਸ਼ਾਮਲ ਹਨ ਅਤੇ ਇਹ ਹਦਾਇਤਾਂ ਦੋ ਹਫ਼ਤੇ ਤੱਕ ਜਾਰੀ ਰਹਿਣਗੀਆਂ। ਇਹ ਕਦਮ ਦੇਸ ਦੇ ਦੱਖਣ-ਏਸ਼ੀਆਈ ਭਾਈਚਾਰੇ ਵਿੱਚ ਵਧ ਰਹੀ ਲਾਗ਼ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ।
ਇਹ ਵੀ ਪੜ੍ਹੋ:
ਵੀਰਵਾਰ ਨੂੰ ਨਿਊਜ਼ੀਲੈਂਡ ਵਿੱਚ ਕੋਰੋਨਾਵਾਇਰਸ ਦੇ 23 ਨਵੇਂ ਮਾਮਲੇ ਦਰਜ ਕੀਤੇ ਗਏ ਜਿਨ੍ਹਾਂ ਵਿੱਚ 17 ਜਣੇ ਭਾਰਤ ਤੋਂ ਗਏ ਸਨ।
ਸਥਾਨਕ ਸਮੇਂ ਮੁਤਾਬਕ ਇਹ ਮਨਾਹੀ 11 ਅਪ੍ਰੈਲ ਨੂੰ ਸਥਾਨਕ ਸਮੇਂ ਮੁਤਾਬਕ ਸ਼ਾਮ ਚਾਰ ਵਜੇ ਤੋਂ ਲਾਗੂ ਹੋਵੇਗੀ ਅਤੇ 28 ਅਪ੍ਰੈਲ ਤੱਕ ਜਾਰੀ ਰਹੇਗੀ।

ਤਸਵੀਰ ਸਰੋਤ, Getty Images
ਇਸ ਅਰਸੇ ਦੌਰਾਨ ਸਰਕਾਰ ਸਫ਼ਰ ਮੁੜ ਬਹਾਲ ਕਰਨ ਤੋਂ ਪਹਿਲਾਂ ਸਥਿਤੀ ਦਾ ਜਾਇਜ਼ਾ ਲਵੇਗੀ।
ਨਿਊਜ਼ੀਲੈਂਡ ਨੇ ਆਪਣੀ ਹਦੂਦ ਅੰਦਰ ਕੋਰੋਨਾਵਾਇਰਸ ਇੱਕ ਤਰ੍ਹਾਂ ਨਾਲ ਖ਼ਤਮ ਕਰ ਦਿੱਤਾ ਸੀ ਅਤੇ ਪਿਛਲੇ 40 ਦਿਨਾਂ ਤੋਂ ਉੱਥੇ ਕੋਰੋਨਾਵਾਇਰਸ ਦਾ ਇੱਕ ਵੀ ਕੇਸ ਸਾਹਮਣੇ ਨਹੀਂ ਆਇਆ ਸੀ।
ਨਿਊਜ਼ੀਲੈਂਡ ਨੂੰ ਵਿਦੇਸ਼ੀਆਂ ਦੇ ਦੇਸ ਵਿੱਚ ਦਾਖ਼ਲੇ ਉੱਪਰ ਨੀਤੀ ਦੀ ਨਜ਼ਰਸਾਨੀ ਇਸ ਲਈ ਵੀ ਕਰਨੀ ਪਈ ਹੈ ਕਿਉਂਕਿ ਜ਼ਿਆਦਾਤਰ ਮਾਮਲੇ ਭਾਰਤ ਤੋਂ ਜਾਣ ਵਾਲਿਆਂ ਵਿੱਚ ਸਾਹਮਣੇ ਆ ਰਹੇ ਸਨ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












