ਕੀ ਮਮਤਾ ਬੈਨਰਜੀ ਹਿੰਦੂ-ਮੁਸਲਿਮ ਸਿਆਸਤ 'ਚ ਫ਼ਸ ਚੁੱਕੇ ਹਨ

ਮਮਤਾ ਬੈਨਰਜੀ

ਤਸਵੀਰ ਸਰੋਤ, Getty Images

    • ਲੇਖਕ, ਭੂਮਿਕਾ ਰਾਏ
    • ਰੋਲ, ਬੀਬੀਸੀ ਪੱਤਰਕਾਰ, ਕੋਲਕਾਤਾ ਪੱਛਮੀ ਬੰਗਾਲ ਤੋਂ

ਚੋਣ ਪੋਸਟਰਾਂ ਅਤੇ ਪਾਰਟੀ ਦੇ ਝੰਡਿਆਂ ਨਾਲ ਭਰੇ ਬੰਗਾਲ ਲਈ ਮੋਜੂਦਾ ਵਿਧਾਨ ਸਭਾ ਚੋਣਾਂ ਵਿੱਚ ਧਾਰਮਿਕ ਨਾਅਰਿਆਂ ਦੀ ਸਿਆਸਤ ਕੁਝ ਨਵੀਂ ਜਿਹੀ ਹੈ।

ਸੂਬੇ ਦੀ ਰਾਜਨੀਤੀ 'ਤੇ ਨਜ਼ਰ ਰੱਖਣ ਵਾਲੇ ਮੰਨਦੇ ਹਨ ਕਿ ਜਿਸ ਹਮਲਾਵਰ ਤਰੀਕੇ ਨਾਲ ਭਾਜਪਾ ਚੋਣਾਂ ਵਿੱਚ ਉੱਤਰੀ ਹੈ, ਉਸ ਨਾਲ ਕਿਤੇ ਨਾ ਕਿਤੇ ਇਹ ਚੋਣਾਂ ਜੈ ਸ਼੍ਰੀਰਾਮ ਵਰਗੇ ਨਾਅਰਿਆਂ, ਹਿੰਦੂ ਧਰੁਵੀਕਰਨ ਅਤੇ ਮੁਸਲਮਾਨਾਂ ਨੂੰ ਖ਼ੁਸ਼ ਕਰਨ ਵਰਗੇ ਮੁੱਦਿਆਂ ਦੇ ਆਲੇ-ਦੁਆਲੇ ਸਿਮਟ ਕੇ ਰਹਿ ਗਈਆਂ ਹਨ।

ਇੱਕ ਪਾਸੇ ਜਿੱਥੇ ਭਾਜਪਾ ਸੂਬੇ ਵਿੱਚ ਆਪਣੀ ਹਰ ਰੈਲੀ ਵਿੱਚ ਅਤੇ ਹਰ ਸਭਾ ਵਿੱਚ ਜੈ ਸ਼੍ਰੀ ਰਾਮ ਦੇ ਨਾਅਰੇ 'ਤੇ ਹੋਏ ਵਿਵਾਦ ਨੂੰ ਮੁੱਦਾ ਬਣਾਕੇ ਪੇਸ਼ ਕਰ ਰਹੀ ਹੈ, ਉਥੇ ਹੀ ਟੀਐੱਮਸੀ ਵੀ ਇਸ ਤੋਂ ਬਚੀ ਨਹੀਂ ਰਹੀ, ਪਹਿਲਾਂ ਚੰਡੀ ਪਾਠ, ਫ਼ਿਰ ਜਨਤਕ ਮੰਚ ਤੋਂ ਗੋਤ ਦੱਸਣਾ ਅਤੇ ਬੀਤੇ ਸ਼ਨਿਚਰਵਾਰ ਪੁਰਸੁਰਾ ਵਿੱਚ ਹਰੇ-ਕ੍ਰਿਸ਼ਨ-ਹਰੇ-ਹਰੇ ਦਾ ਨਾਅਰਾ ਲਾਉਣਾ।

ਇਹ ਵੀ ਪੜ੍ਹੋ:

ਫ਼ਰਕ ਸਿਰਫ਼ ਇੰਨਾਂ ਹੈ ਕਿ ਇੱਕ ਪਾਸੇ ਜਿੱਥੇ ਭਾਜਪਾ ਦਾ ਤਕਰੀਬਨ ਹਰ ਆਗੂ ਆਪਣੀ ਚੋਣ ਰੈਲੀ ਵਿੱਚ ਅਜਿਹਾ ਕਰ ਰਿਹਾ ਹੈ, ਉਥੇ ਟੀਐੱਮਸੀ ਵਲੋਂ 'ਧਾਰਮਿਕ ਨਾਅਰੇ' ਜਾਂ 'ਪਛਾਣ-ਵਿਸ਼ੇਸ਼' ਨਾਲ ਜੁੜੇ ਬਹੁਤੇ ਬਿਆਨ ਮੁੱਖ ਮੰਤਰੀ ਮਮਤਾ ਬੈਨਰਜ਼ੀ ਵਲੋਂ ਆਏ ਹਨ।

ਖਿਦਿਰਪੁਰ ਇਲਾਕੇ ਵਿੱਚ ਪਾਨ ਦਾ ਖੋਖਾ ਲਾਉਣ ਵਾਲੇ ਇਮਰਾਨ ਕਹਿੰਦੇ ਹਨ, ''ਸਾਨੂੰ ਬਹੁਤ ਦੁੱਖ ਹੈ ਕਿ ਦੀਦੀ ਲਈ ਅਜਿਹਾ ਸੁਣਨ ਨੂੰ ਮਿਲ ਰਿਹਾ ਹੈ। ਦੀਦੀ ਮਾਂ-ਮਿੱਟੀ-ਮਨੁੱਖ ਵਾਲੀ ਹੈ। ਉਨ੍ਹਾਂ ਲਈ ਤਾਂ ਅਜਿਹਾ ਬੋਲਣਾ ਵੀ ਨਹੀਂ ਹੈ। ਇਹ ਸਭ ਬਾਹਰੀ ਲੋਕਾਂ ਦੀ ਕੋਸ਼ਿਸ਼ ਹੈ ਕਿ ਬੰਗਾਲ ਵਿੱਚ ਹਿੰਦੂ-ਮੁਸਲਮਾਨ ਨੂੰ ਅਲੱਗ ਕਰ ਦੇਣ। ਦੀਦੀ ਤਾਂ ਦੱਸ ਰਹੀ ਹੈ ਕਿ ਉਹ ਸਭ ਦੀ ਹੈ।''

ਨਿਊ ਟਾਊਨ ਇਲਾਕੇ ਵਿੱਚ ਰਹਿਣ ਵਾਲੇ ਪੁਲੁ ਦਾ ਕਹਿਣਾ ਹੈ ਕਿ, ''ਦੇਖੋ ਦੀਦੀ ਨੂੰ ਤਾਂ ਕਹਿਣ ਦੀ ਲੋੜ ਨਹੀਂ ਹੈ ਕਿ ਉਹ ਹਿੰਦੂ ਹੈ।''

ਉਹ ਕਹਿੰਦੇ ਹਨ ਕਿ, ''ਬੰਗਾਲ ਦੇ ਲੋਕ ਇਹ ਜਾਣਦੇ ਹਨ ਕਿ ਦੀਦੀ ਕਿੰਨੀ ਵੱਡੀ ਦੁਰਗਾ ਭਗਤ ਹੈ ਪਰ ਭਾਜਪਾ ਦੇ ਕਾਰਨ ਦੀਦੀ ਨੂੰ ਇਹ ਕਰਨਾ ਪੈ ਰਿਹਾ ਹੈ। ਕਰੇਗੀ ਨਹੀਂ ਤਾਂ ਭਾਜਪਾ ਵਾਲੇ ਉਸ ਨੂੰ ਮੁਸਲਮਾਨ-ਮੁਸਲਮਾਨ ਦਾ ਦੱਸਣ ਲੱਗਣਗੇ, ਜਦੋਂਕਿ ਦੀਦੀ ਸਾਰਿਆਂ ਨੂੰ ਲੈ ਕੇ ਚਲਣ ਵਾਲੀ ਹੈ।''

ਪੱਛਮੀ ਬੰਗਾਲ ਲਈ ਨਵਾਂ ਹੈ ਸਿਆਸਤ ਦਾ ਇਹ ਰੂਪ

ਪੱਛਮੀ ਬੰਗਾਲ ਦਾ ਇੱਕ ਵੱਡਾ ਤਬਕਾ ਇਹ ਮੰਨਦਾ ਹੈ ਕਿ ਸੂਬੇ ਵਿੱਚ ਸਿਆਸਤ ਦਾ ਜਿਹੜਾ ਨਵਾਂ ਰੂਪ ਦੇਖਣ ਨੂੰ ਮਿਲ ਰਿਹਾ ਹੈ,ਉਹ ਸਿਰਫ਼ ਭਾਜਪਾ ਕਾਰਨ ਹੀ ਹੈ।

ਹਾਲਾਂਕਿ ਇਸ ਰਾਇ ਦਾ ਖੰਡਨ ਕਰਨ ਵਾਲੇ ਵੀ ਮੌਜੂਦ ਹਨ।

ਮਮਤਾ ਬੈਨਰਜੀ

ਕੋਲਕਾਤਾ ਦੇ ਬੇਨਿਆਪੁਕੁਰ ਇਲਾਕੇ ਵਿੱਚ ਚਾਹ ਦੀ ਦੁਕਾਨ ਚਲਾਉਣ ਵਾਲੇ ਬਾਪੀ ਕਹਿੰਦੇ ਹਨ, ''ਚੋਣਾਂ ਵਿੱਚ ਸਭ ਕੁਝ ਸਾਫ਼ ਹੋ ਜਾਂਦਾ ਹੈ। ਮਮਤਾ ਬੰਦੋਪਾਧਿਆਏ (ਬੈਨਰਜੀ ਦਾ ਗੋਤ, ਜੋ ਉਨ੍ਹਾਂ ਨੇ ਇੱਕ ਜਲਸੇ ਦੌਰਾਨ ਦੱਸਿਆ) ਜਿਸ ਤਰ੍ਹਾਂ ਕਰ ਰਹੀ ਹੈ, ਉਹ ਸਹੀ ਨਹੀਂ ਹੈ। ਭਾਜਪਾ ਨੂੰ ਲਿਆਉਣ ਵਾਲੀ ਵੀ ਉਹ ਹੀ ਹੈ ਅਤੇ ਹੁਣ ਉਸ ਨੂੰ ਇੰਨਾਂ ਭੈਅ ਹੋ ਗਿਆ ਹੈ ਕਿ ਉਹ ਹੀ ਕਰ ਰਹੀ ਹੈ, ਜਿਸ ਨੂੰ ਉਹ ਪਹਿਲਾਂ ਗ਼ਲਤ ਕਹਿੰਦੀ ਸੀ।''

ਆਲੀਆ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਕਹਿੰਦੇ ਹਨ, ''ਭਾਜਪਾ ਨੇ ਜੋ ਜ਼ਮੀਨ ਤਿਆਰ ਕੀਤੀ ਸੀ ਮਮਤਾ ਉਸ ਵਿੱਚ ਫ਼ਸ ਚੁੱਕੀ ਹੈ। ਨਹੀਂ ਤਾਂ ਜਿਸ ਸੂਬੇ ਨੇ ਉਨ੍ਹਾਂ ਨੂੰ ਦੋ ਵਾਰ ਚੁਣਿਆ, ਉਹ ਵੀ ਲੈਫ਼ਟ ਨੂੰ ਕਿਨਾਰੇ ਕਰਕੇ, ਉਥੇ ਉਨ੍ਹਾਂ ਨੂੰ ਅਜਿਹਾ ਕਰਨ ਦੀ ਲੋੜ ਨਹੀਂ ਸੀ।

ਉਹ ਕਹਿੰਦੇ ਹਨ, ''ਭਾਜਪਾ ਨੇ ਉਨ੍ਹਾਂ ਨੂੰ ਸਿਆਸੀ ਤੌਰ 'ਤੇ ਅਜਿਹਾ ਕਰਨ ਲਈ ਮਜਬੂਰ ਕਰ ਦਿੱਤਾ ਹੈ। ਪਰ ਅਜਿਹਾ ਹੋ ਰਿਹਾ ਹੈ, ਇਸ ਲਈ ਜ਼ਿੰਮੇਵਾਰ ਵੀ ਉਹ ਹੀ ਹਨ।''

ਹਾਲਾਂਕਿ ਖ਼ੁਦ ਟੀਐੱਮਸੀ ਇੰਨ੍ਹਾਂ ਇਲਜ਼ਾਮਾਂ ਨੂੰ ਖ਼ਾਰਜ ਕਰਦੀ ਹੈ।

ਵੀਡੀਓ ਕੈਪਸ਼ਨ, ਕਿਹੜੇ ਸਿਆਸੀ ਸੰਘਰਸ਼ਾਂ ’ਚੋਂ ਗੁਜ਼ਰਿਆ ਮਮਤਾ ਬੈਨਰਜੀ ਦਾ ਸਫ਼ਰ

ਪਾਰਟੀਆਂ ਦੀਆਂ ਆਪੋ-ਆਪਣੀਆਂ ਦਲੀਲਾਂ

ਟੀਐੱਮਸੀ ਆਗੂ ਸਿੱਦੀਕੁਲਾਹ ਚੌਧਰੀ ਤੋਂ ਅਸੀਂ ਪੁੱਛਿਆ ਕਿ ਕੀ ਮਾਂ-ਮਿੱਟੀ-ਮਨੁੱਖ ਦੇ ਵਿਚਾਰ ਨਾਲ ਸੱਤਾ ਵਿੱਚ ਆਈ ਟੀਐੱਮਸੀ ਹੁਣ ਹਿੰਦੂ-ਮੁਸਲਮਾਨ ਵਾਲੇ ਚਕੱਰਵਿਊ ਵਿੱਚ ਉਲਝ ਗਈ ਹੈ?

ਜਵਾਬ ਵਿੱਚ ਉਨ੍ਹਾਂ ਨੇ ਕਿਹਾ, ''ਇਹ ਸਭ ਭਾਜਪਾ ਦਾ ਫ਼ੈਲਾਇਆ ਹੋਇਆ ਹੈ। ਇਹ ਚੋਣਾਂ ਦੀ ਰਣਨੀਤੀ ਹੈ ਹੋਰ ਕੁਝ ਵੀ ਨਹੀਂ ਹੈ। ਉਹ ਹੀ ਹਨ, ਜੋ ਇਸ ਨੂੰ ਉਭਾਰ ਰਹੇ ਹਨ। ਟੀਐੱਮਸੀ ਦੀ ਆਪਣੀ ਰਣਨੀਤੀ ਹੈ ਅਤੇ ਉਹ ਬਿਲਕੁਲ ਠੀਕ ਹੈ।''

ਉਹ ਕਹਿੰਦੇ ਹਨ ਕਿ ''ਟੀਐੱਮਸੀ ਤਰੱਕੀ ਦੀ ਗੱਲ ਕਰਦੀ ਹੈ, ਬੰਗਾਲ ਦੇ ਲੋਕਾਂ ਦੀ ਸ਼ਾਂਤੀ ਦੀ ਗੱਲ ਕਰਦੀ ਹੈ ਅਤੇ ਬੰਗਾਲ ਵਿੱਚ ਉਸ ਨੇ 10 ਸਾਲ ਜੋ ਕੰਮ ਕੀਤਾ ਹੈ, ਉਸੇ ਨੂੰ ਲੈ ਕੇ ਚੋਣਾਂ ਵਿੱਚ ਖੜੀ ਹੋਈ ਹੈ।''

ਫ਼ਿਰ ਮਮਤਾ ਬੈਨਰਜੀ ਨੂੰ ਮੰਚ ਤੋਂ ਆਪਣਾ ਗੋਤ ਦੱਸਣ ਦੀ ਕੀ ਲੋੜ ਪੈ ਗਈ ਸੀ?

ਇਸ ਪ੍ਰਸ਼ਨ ਦੇ ਜਵਾਬ ਵਿੱਚ ਚੌਧਰੀ ਕਹਿੰਦੇ ਹਨ, ''ਇਹ ਚੋਣਾਂ ਦੀ ਰਣਨੀਤੀ ਹੈ ਪਰ ਬੰਗਾਲ ਦੀ ਸਥਿਤੀ ਚੰਗੀ ਹੈ। ਇਥੇ ਅਜਿਹਾ ਹਿੰਦੂ-ਮੂਸਲਮਾਨ ਵਰਗਾ ਕੁਝ ਨਹੀਂ ਹੈ।''

ਉੱਥੇ ਹੀ, ਜਿਸ ਭਾਜਪਾ 'ਤੇ ਅਕਸਰ ਧਰਮ ਆਧਾਰਿਤ ਅਤੇ ਪਛਾਣ ਆਧਾਰਿਤ ਰਾਜਨੀਤੀ ਦਾ ਇਲਜ਼ਾਮ ਲੱਗਦਾ ਹੈ ਉਸ ਦਾ ਕਹਿਣਾ ਹੈ ਕਿ ਬੰਗਾਲ ਵਿੱਚ ਮਮਤਾ ਦੀ ਸਿਆਸਤ ਧਰਮ ਤੋਂ ਪ੍ਰੇਰਿਤ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਭਾਜਪਾ ਆਗੂ ਸੌਰਭ ਸਿਕਦਰ ਕਹਿੰਦੇ ਹਨ, ''ਸਭ ਤੋਂ ਪਹਿਲੀ ਅਤੇ ਮੂਲ ਗੱਲ ਇਹ ਹੈ ਕਿ 10 ਸਾਲ ਬਤੌਰ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੋਈ ਕੰਮ ਨਹੀਂ ਕੀਤਾ। ਖ਼ਾਸਤੌਰ 'ਤੇ ਮੁਸਲਮਾਨਾਂ ਨੂੰ ਉਨ੍ਹਾਂ ਨੇ ਸਿਰਫ਼ ਵੋਟ ਬੈਂਕ ਦੀ ਤਰ੍ਹਾਂ ਦੇਖਿਆ ਅਤੇ ਵਰਤਿਆ।''

''ਜਦੋਂ ਕਿਸੇ ਇੱਕ ਸੂਬੇ ਦਾ ਵਿਕਾਸ ਨਹੀਂ ਹੁੰਦਾ ਤਾਂ ਇਸ ਨਾਲ ਨੁਕਸਾਨ ਕਿਸੇ ਇੱਕ ਧਰਮ ਜਾਂ ਭਾਈਚਾਰੇ ਦੇ ਲੋਕਾਂ ਦਾ ਨਹੀਂ ਹੁੰਦਾ ਬਲਕਿ ਸਾਰਿਆ ਦਾ ਹੁੰਦਾ ਹੈ ਅਤੇ ਹੁਣ ਆਪਣੀਆਂ ਨਾਕਾਮੀਆਂ ਨੂੰ ਢੱਕਣ ਲਈ ਉਹ ਕਦੀ ਖ਼ੁਸ਼ ਕਰਨ ਦਾ ਸਹਾਰਾ ਲੈ ਰਹੀ ਹੈ ਤਾਂ ਕਦੀ ਧਰਮ ਆਧਾਰਿਤ ਸਿਆਸਤ ਦਾ।''

ਸੌਰਵ ਕਹਿੰਦੇ ਹਨ, ''ਹੁਣ ਮਮਤਾ ਇਹ ਬਿਆਨ ਦਿੰਦੀ ਹੈ ਕਿ ਜੋ ਗਾਂ ਦੁੱਧ ਦਿੰਦੀ ਹੈ ਉਹ ਉਸ ਦੀ ਲੱਤ ਖਾਣ ਲਈ ਵੀ ਤਿਆਰ ਹਨ ਤਾਂ ਤੁਸੀਂ ਸਮਝ ਸਕਦੇ ਹੋ ਕਿ ਉਹ ਕਿਸ ਤਰ੍ਹਾਂ ਦੀ ਸਿਆਸਤ ਕਰ ਰਹੀ ਹੈ।"

ਸੌਰਭ ਸਿਕਦਰ ਮੰਨਦੇ ਹਨ ਕਿ ਮਮਤਾ ਨੂੰ ਸਮਝ ਆ ਰਿਹਾ ਹੈ ਕਿ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਰਹੀ ਹੈ ਇਸ ਲਈ ਉਹ ਹੁਣ ਹਿੰਦੂ ਵੋਟ ਹਾਸਿਲ ਕਰਨ ਲਈ ਅਜਿਹੇ ਬਿਆਨ ਦੇ ਰਹੀ ਹੈ।

ਹਾਲਾਂਕਿ ਉਹ ਇਹ ਦਾਅਵਾ ਵੀ ਕਰਦੇ ਹਨ ਕਿ 'ਭਾਜਪਾ ਧਰਮ-ਆਧਾਰਿਤ ਸਿਆਸਤ ਕਰਦੀ ਹੈ', ਇਹ ਇੱਕ ਥੋਪਿਆ ਹੋਇਆ ਇਲਜ਼ਾਮ ਹੈ।

ਮਮਤਾ ਬੈਨਰਜੀ

ਤਸਵੀਰ ਸਰੋਤ, Getty Images

ਕੀ ਭਾਜਪਾ ਨੇ ਮਮਤਾ ਨੂੰ ਮਜ਼ਬੂਰ ਕਰ ਦਿੱਤਾ ਹੈ?

ਪੱਛਮੀ ਬੰਗਾਲ ਵਿੱਚ ਕੁਝ ਸਥਾਨਕ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਤਾਂ ਬਹੁਤੇ ਇਹ ਹੀ ਕਹਿੰਦੇ ਮਿਲੇ ਕਿ ਕਿਤੇ ਨਾ ਕਿਤੇ ਭਾਜਪਾ ਨੇ ਮਮਤਾ ਨੂੰ ਉਸ ਦੀ ਪਿੱਚ 'ਤੇ ਬੈਟਿੰਗ ਕਰਨ ਲਈ ਮਜਬੂਰ ਕਰ ਲਿਆ ਹੈ।

ਇੱਕ ਸਥਾਨਕ ਪੱਤਰਕਾਰ ਨੇ ਨਾਮ ਜ਼ਾਹਿਰ ਨਾ ਕਰਨ ਦੀ ਸ਼ਰਤ 'ਤੇ ਕਿਹਾ ਕਿ ਭਾਜਪਾ ਲਈ ਹਿੰਦੂ ਧਰੁਵੀਕਰਨ ਦਾ ਮੁੱਦਾ ਹਮੇਸ਼ਾ ਕਾਰਗਰ ਸਾਬਤ ਹੋਇਆ ਹੈ ਅਤੇ ਜਦੋਂ ਉਹ ਇੱਥੇ ਚੋਣਾਂ ਲਈ ਆਏ ਤਾਂ ਪੂਰੀ ਤਿਆਰੀ ਨਾਲ ਆਏ।

ਉਹ ਕਹਿੰਦੇ ਹਨ, ''ਇਸ ਤਰ੍ਹਾਂ ਲੱਗ ਸਕਦਾ ਹੈ ਕਿ ਭਾਜਪਾ ਬੀਤੇ ਸਾਲ ਦੇ ਆਖ਼ਰੀ ਮਹੀਨਿਆਂ ਵਿੱਚ ਬੰਗਾਲ ਵਿੱਚ ਸਰਗਰਮ ਹੋਈ ਹੈ ਪਰ ਅਜਿਹਾ ਹੈ ਨਹੀਂ। ਲੈਫ਼ਟ ਦੇ ਜਾਣ ਦੇ ਨਾਲ ਹੀ ਭਾਜਪਾ ਨੇ ਅੰਦਰੂਨੀ ਤੌਰ 'ਤੇ ਬੰਗਾਲ ਬਾਰੇ ਤਿਆਰੀ ਸ਼ੁਰੂ ਕਰ ਦਿੱਤੀ ਸੀ। ਇਸ ਦਾ ਨਤੀਜਾ ਉਨ੍ਹਾਂ ਨੂੰ ਲੋਕ ਸਭਾ ਵਿੱਚ ਮਿਲਿਆ ਵੀ।''

''ਹੁਣ ਭਾਜਪਾ ਉਸੇ ਤਿਆਰੀ ਨੂੰ ਅੱਗੇ ਵਧਾਉਂਦਿਆਂ ਮੈਦਾਨ ਵਿੱਚ ਆਈ ਹੈ। ਵਿਧਾਨ ਸਭ ਚੋਣਾਂ ਦੀ ਇਹ ਪਿੱਚ ਭਾਜਪਾ ਨੇ ਤਿਆਰ ਕੀਤੀ ਹੈ ਅਤੇ ਮਮਤਾ ਨੂੰ ਮਜਬੂਰ ਕਰ ਦਿੱਤਾ ਹੈ ਕਿ ਉਹ ਬੈਟਿੰਗ ਲਈ ਉੱਤਰੇ। ਮਮਤਾ ਉਹ ਕਰ ਵੀ ਰਹੀ ਹੈ।''

ਮਮਤਾ ਬੈਨਰਜੀ

ਤਸਵੀਰ ਸਰੋਤ, STR/AFP VIA GETTY IMAGES

ਮਹਿਜ਼ ਸੱਤਾ ਨਹੀਂ, ਹੋਂਦ ਦੀ ਲੜਾਈ ਵੀ

ਉੱਘੇ ਪੱਤਰਕਾਰ ਨਿਰਮਲਿਆ ਮੁਖ਼ਰਜੀ ਕਹਿੰਦੇ ਹਨ, ''ਮਮਤਾ ਹਿੰਦੂ-ਮੁਸਲਮਾਨ ਅਤੇ ਧਰਮ ਆਧਾਰਿਤ ਸਿਆਸਤ ਦੇ ਜਾਲ ਵਿੱਚ ਫ਼ਸ ਚੁੱਕੀ ਹੈ। ਬੀਤੇ ਦਿਨਾਂ ਵਿੱਚ ਅਲੱਗ-ਅਲੱਗ ਰੈਲੀਆਂ ਵਿੱਚ ਉਨ੍ਹਾਂ ਨੇ ਜਿਸ ਤਰ੍ਹਾਂ ਦੇ ਬਿਆਨ ਦਿੱਤੇ ਹਨ, ਉਹ ਇਹ ਸਮਝਾਉਣ ਲਈ ਕਾਫ਼ੀ ਹਨ ਕਿ ਉਹ ਇਸ ਜਾਲ ਵਿੱਚ ਫ਼ਸ ਚੁੱਕੀ ਹੈ ਅਤੇ ਉਨ੍ਹਾਂ ਨੂੰ ਇਸ ਵਿੱਚੋਂ ਨਿਕਲਣ ਦਾ ਕੋਈ ਰਾਹ ਨਹੀਂ ਸੂਝ ਰਿਹਾ।''

ਨਿਰਮਲਾ ਮੰਨਦੇ ਹਨ ਕਿ ਮਮਤਾ ਬੈਨਰਜ਼ੀ ਨੇ 'ਜੈ ਸ਼੍ਰੀ ਰਾਮ' ਦੇ ਨਾਅਰੇ ਨੂੰ ਲੈ ਕੇ ਜਿਸ ਤਰ੍ਹਾਂ ਦਾ ਰੁਖ਼ ਅਪਣਾਇਆ ਹੁਣ ਉਹ ਹੀ ਉਨ੍ਹਾਂ ਲਈ ਪਰੇਸ਼ਾਨੀ ਅਤੇ ਭਾਜਪਾ ਲਈ ਮੌਕੇ ਦੀ ਤਰ੍ਹਾਂ ਕੰਮ ਕਰ ਰਿਹਾ ਹੈ।

ਮੁਖ਼ਰਜੀ ਮੰਨਦੇ ਹਨ ਕਿ ਮਮਤਾ ਲਈ ਸੰਕਟ ਤਾਂ ਹੈ ਪਰ ਉਹ ਇਹ ਵੀ ਕਹਿੰਦੇ ਹਨ ਕਿ ਮਮਤਾ ਦੇ ਨਾਲ ਹੀ ਇਹ ਉਨ੍ਹਾਂ ਦੀ ਪਾਰਟੀ ਟੀਐੱਮਸੀ ਲਈ ਹੋਂਦ ਦੀ ਲੜਾਈ ਹੈ। ਕਿਉਂਕਿ ਮਮਤਾ ਨਾਲ ਹੀ ਟੀਐੱਮਸੀ ਹੈ ਜੇ ਉਹ ਸਥਿਤੀ ਨਾਲ ਨਜਿੱਠਣ ਵਿੱਚ ਅਸਫ਼ਲ ਹੁੰਦੀ ਹੈ ਤਾਂ ਨਤੀਜਾ ਉਹ ਹੀ ਹੋਵੇਗਾ ਜੋ ਤਾਮਿਲ ਨਾਡੂ ਵਿੱਚ ਜੈਲਲਿਤਾ ਦੇ ਜਾਣ ਤੋਂ ਬਾਅਦ ਉਨਾਂ ਦੀ ਪਾਰਟੀ ਦਾ ਹੋਇਆ।

ਉਹ ਕਹਿੰਦੇ ਹਨ, ''ਮਮਤਾ ਦਾ ਪਿਛੋਕੜ ਕਾਂਗਰਸ ਦਾ ਰਿਹਾ ਹੈ। ਉਨ੍ਹਾਂ ਦੀ ਟਰੇਨਿੰਗ ਕਾਂਗਰਸ ਦੀ ਰਹੀ ਹੈ ਪਰ ਫ਼ਿਰ ਵੀ ਉਹ ਭਾਜਪਾ ਦੇ ਵਾਰ ਨੂੰ ਸੈਕੁਲਰ ਤਰੀਕੇ ਨਾਲ ਸੰਭਾਲਣ ਵਿੱਚ ਅਸਫ਼ਲ ਰਹੀ।''

ਮੁਖ਼ਰਜੀ ਮੁਤਾਬਕ, ''ਇੱਕ-ਦੋ ਮੌਕਿਆਂ ਨੂੰ ਛੱਡਕੇ ਕਾਂਗਰਸ ਕਦੀ ਧਰਮ ਆਧਾਰਿਤ ਸਿਆਸਤ ਵਿੱਚ ਨਹੀਂ ਫ਼ਸੀ ਪਰ ਮਮਤਾ ਬੈਨਰਜੀ ਕਾਂਗਰਸ ਦੀ ਟਰੇਨਿੰਗ ਦੇ ਬਾਅਦ ਵੀ ਇਸ ਨਾਲ ਸੈਕੁਲਰ ਤਰੀਕੇ ਨਾਲ ਨਜਿੱਠਣ ਵਿੱਚ ਅਸਫ਼ਲ ਨਜ਼ਰ ਆ ਰਹੀ ਹੈ। ਉਹ ਸੈਕੁਲਰ ਤਰੀਕੇ ਤੋਂ ਵੱਧ ਧਰਮ ਨੂੰ ਅਹਿਮੀਅਤ ਦੇ ਰਹੀ ਹੈ।''

ਉਹ ਕਹਿੰਦੇ ਹਨ, ''ਮਮਤਾ ਨੇ ਭਾਜਪਾ ਨੂੰ ਬਹੁਤ ਅਹਿਮੀਅਤ ਦੇ ਦਿੱਤੀ ਹੈ ਅਤੇ ਇਸ ਵਿੱਚ ਫ਼ਸ ਗਈ ਹੈ। ਭਾਜਪਾ ਇੱਕ ਅਜਿਹੀ ਪਾਰਟੀ ਹੈ ਜਿਸਦਾ ਆਧਾਰ ਧਰਮ ਹੈ। ਮਮਤਾ ਨੂੰ ਕੰਮ ਆਧਾਰਿਤ ਸਿਆਸਤ ਕਰਨ 'ਤੇ ਧਿਆਨ ਦੇਣਾ ਚਾਹੀਦਾ ਸੀ ਪਰ ਹੌਲੀ ਹੌਲੀ ਮਮਤਾ ਹੁਣ ਉਸੇ ਰਾਹ 'ਤੇ ਹੈ ਜਿਸ 'ਤੇ ਭਾਜਪਾ ਹੈ।''

ਮਮਤਾ ਬੈਨਰਜੀ

ਤਸਵੀਰ ਸਰੋਤ, RAVEENDRAN

ਤਸਵੀਰ ਕੈਪਸ਼ਨ, ਮਮਤਾ ਬੈਨਰਜੀ ਦੀ ਟਰੇਨਿੰਗ ਭਾਵੇਂ ਕਾਂਗਰਸ ਵਿੱਚ ਹੋਈ ਹੈ ਪਰ ਉਹ ਪ੍ਰਧਾਨ ਮੰਤਰੀ ਵਾਜਪਾਈ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਵਿੱਚ ਮੰਤਰੀ ਵੀ ਰਹੇ ਹਨ

ਕਿਥੋਂ ਹੋਈ ਸ਼ੁਰੂਆਤ?

ਪੱਛਮੀ ਬੰਗਾਲ ਦੇ ਉੱਘੇ ਪੱਤਰਕਾਰ ਸ਼ਿਆਮਲੇਂਦੂ ਮਿਤਰ ਦਾ ਮੰਨਣਾ ਹੈ ਕਿ ਬੰਗਾਲ ਵਿੱਚ ਪਹਿਲਾਂ ਅਜਿਹਾ ਹਿੰਦੂ-ਮੁਸਲਮਾਨ ਕੁਝ ਵੀ ਨਹੀਂ ਸੀ।

ਉਹ ਕਹਿੰਦੇ ਹਨ, ''ਮਮਤਾ ਸੱਤਾ ਵਿੱਚ ਆਈ ਕਿਉਂਕਿ ਜ਼ਿਆਦਾਤਕ ਮੁਸਲਮਾਨਾਂ ਅਤੇ ਵੱਡੀ ਗਿਣਤੀ ਹਿੰਦੂਆਂ ਨੇ ਵੀ ਵੋਟਾਂ ਪਾਈਆਂ। ਸਾਲ 2016 ਤੋਂ ਬਾਅਦ ਮਮਤਾ ਨੇ ਖ਼ੁਸ਼ ਕਰਨ ਦੀ ਸਿਆਸਤ ਸ਼ੁਰੂ ਕਰ ਦਿੱਤੀ।''

''ਇਸ ਦੌਰਾਨ ਉਨ੍ਹਾਂ ਨੇ ਮੁਹੱਰਮ ਦੇ ਚਲਦਿਆਂ ਦੁਰਗਾ ਵਿਸਰਜਨ ਨੂੰ ਟਾਲਣ ਵਰਗੇ ਕੁਝ ਫ਼ੈਸਲੇ ਵੀ ਦਿੱਤੇ ਜਿਸ ਤੋਂ ਬਾਅਦ ਹਿੰਦੂ ਅਦਾਲਤ ਵੀ ਗਏ। ਇਸ ਤੋਂ ਬਾਅਦ ਮਮਤਾ ਸਰਕਾਰ ਨੂੰ ਲੈ ਕੇ ਹਿੰਦੂਆਂ ਵਿੱਚ ਕੁਝ ਨਾਰਾਜ਼ਗੀ ਤਾਂ ਯਕੀਨੀ ਤੌਰ 'ਤੇ ਦੇਖਣ ਵਿੱਚ ਆਈ।''

'' ਜਿਸਦਾ ਨਤੀਜਾ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਦੇਖਣ ਨੂੰ ਵੀ ਮਿਲਿਆ ਜਦੋਂ ਭਾਜਪਾ ਨੇ 18 ਸੀਟਾਂ ਜਿੱਤੀਆਂ। ਇੱਕ ਅਜਿਹੀ ਪਾਰਟੀ ਜੋ ਸੂਬੇ ਵਿੱਚ ਹਾਸ਼ੀਏ 'ਤੇ ਸੀ, ਉਹ ਪ੍ਰਮੁੱਖ ਪਾਰਟੀ ਦੀ ਟੱਕਰ ਵਿੱਚ ਆ ਗਈ। ਇਸ ਲਈ ਨਾਲ ਹੀ ਸਥਾਨਕ ਨਗਰ ਨਿਗਮ ਚੋਣਾਂ ਵਿੱਚ ਵੀ ਮਮਤਾ ਨੂੰ ਇਸ ਦੇ ਨਤੀਜ਼ੇ ਨਜ਼ਰ ਆ ਚੁੱਕੇ ਸਨ। ਇਥੇ ਵੀ ਮਮਤਾ ਦੇ ਪ੍ਰਭਾਵ 'ਤੇ ਅਸਰ ਪਿਆ ਸੀ।''

ਸ਼ਿਆਮਲੇਂਦੂ ਮਿਤਰ ਮੁਤਾਬਕ ਸਵਾਲ ਇਹ ਹੈ ਕਿ ਜਦੋਂ ਮਮਤਾ ਕਹਿੰਦੀ ਹੈ ਕਿ ਉਨ੍ਹਾਂ ਨੇ ਆਪਣੇ ਵਿਕਾਸ ਸਬੰਧੀ ਤਕਰੀਬਨ 99 ਫ਼ੀਸਦ ਵਾਅਦੇ ਪੂਰੇ ਕੀਤੇ ਹਨ ਤਾਂ ਉਨ੍ਹਾਂ ਨੂੰ ਇੰਨਾਂ ਮੁੱਦਿਆਂ 'ਤੇ ਰਹਿ ਕੇ ਹੀ ਚੋਣਾਂ ਲੜਨੀਆਂ ਚਾਹੀਦੀਆਂ ਹਨ। ਹਿੰਦੂ-ਮੁਸਲਮਾਨ ਦਾ ਸਵਾਲ ਆਉਣਾ ਹੀ ਨਹੀਂ ਸੀ ਚਾਹੀਦਾ।

ਉਹ ਕਹਿੰਦੇ ਹਨ, ''ਮੁਸਲਮਾਨਾਂ ਨੂੰ ਖ਼ੁਸ਼ ਕਰਨ ਵਾਲੀ ਮਮਤਾ ਬੈਨਰਜੀ ਲਈ ਇੰਡੀਅਨ ਸੈਕੁਲਰ ਹੱਬ ਇੱਕ ਵੱਡੀ ਚੁਣੌਤੀ ਬਣ ਸਕਦੀ ਹੈ। ਇਹ ਡਰ ਬਿਲਕੁਲ ਹੈ ਕਿ ਜੋ 30 ਫ਼ੀਸਦ ਵੋਟ ਸ਼ੇਅਰ ਹੈ ਉਹ ਵੰਡਿਆ ਜਾ ਸਕਦਾ ਹੈ, ਇਸ ਲਈ ਹੁਣ ਮਮਤਾ ਚੋਣਾਂ ਦੇ ਸਮੇਂ ਮੁਸਲਮਾਨਾਂ ਨੂੰ ਖ਼ੁਸ਼ ਕਰਨਾ ਛੱਡ ਕੇ ਹਿੰਦੂਆਂ ਨੂੰ ਖ਼ੁਸ਼ ਕਰਦੇ ਦਿਖਾਈ ਦੇ ਰਹੀ ਹੈ।''

''ਪੁਜਾਰੀਆਂ ਨੂੰ ਭੱਤਾ ਦੇਣਾ ਹੋਵੇ ਜਾਂ ਦੁਰਗਾ ਪੰਡਾਲਾਂ ਨੂੰ ਦਿੱਤੀ ਗਈ ਰਿਆਇਤ, ਸਭ ਉਸੇ ਦਾ ਹਿੱਸਾ ਹੀ ਹੈ। ਨਾਲ ਹੀ ਉਨ੍ਹਾਂ ਦਾ ਚੋਣਾਂ ਦੌਰਾਨ ਮੰਦਰ ਜਾਣਾ, ਚੰਡੀਪਾਠ ਕਰਨਾ ਅਤੇ ਗੋਤ ਦੱਸਕੇ ਨਜ਼ਦੀਕੀ ਜ਼ਾਹਰ ਕਰਨਾ ਇਸੇ ਨਾਲ ਜੁੜਿਆ ਹੋਇਆ।''

ਸ਼ਿਆਮਲੇਂਦੂ ਮਿਤਰ ਮੁਤਾਬਕ, ''ਮਮਤਾ ਦੀ ਮੌਜੂਦਾ ਸਿਆਸਤ ਪਿੱਛੇ ਇੱਕ ਵੱਡਾ ਕਾਰਣ ਇਹ ਹੈ ਕਿ ਹੁਣ ਉਨ੍ਹਾਂ ਨੇ ਮੁਸਲਮਾਨ ਵੋਟਰਾਂ ਦੇ ਨਾਲ ਨਾਲ ਹਿੰਦੂ ਵੋਟਰਾਂ ਨੂੰ ਵੀ ਆਪਣੇ ਪੱਖ ਵਿੱਚ ਕਰਨਾ ਹੈ ਤਾਂ ਕਿ ਜੇ ਮੁਸਲਮਾਨ ਵੋਟ ਵੰਡੇ ਵੀ ਜਾਣ ਤਾਂ ਹਿੰਦੂ ਵੋਟ ਪ੍ਰਤੀਸ਼ਤ ਨਾਲ ਉਨ੍ਹਾਂ ਦੇ ਨੁਕਸਾਨ ਦੀ ਭਰਪਾਈ ਹੋ ਜਾਵੇ। ਇਸੇ ਕਾਰਨ ਹੁਣ ਉਨ੍ਹਾਂ ਕੋਲ ਕੋਈ ਰਾਹ ਨਹੀਂ ਬਚਿਆ ਸਿਵਾਇ ਇਸ ਤਰ੍ਹਾਂ ਦੀ ਸਿਆਸਤ ਦੇ।''

ਮਮਤਾ ਬੈਨਰਜੀ

ਤਸਵੀਰ ਸਰੋਤ, Sanjay das

ਬੰਗਾਲ ਵਿੱਚ ਭਾਜਪਾ ਨੂੰ ਲਿਆਉਣ ਵਾਲੀ ਮਮਤਾ

ਪੱਛਮੀ ਬੰਗਾਲ ਦੀ ਸਿਆਸਤ 'ਤੇ ਨੇੜਿਓਂ ਨਜ਼ਰ ਰੱਖਣ ਵਾਲੇ ਅਰੁੰਧਤੀ ਮੁਖ਼ਰਜ਼ੀ ਕਹਿੰਦੇ ਹਨ, ''ਜੋ ਪਾਰਟੀ ਮਾਂ-ਮਿੱਟੀ-ਮਨੁੱਖ ਦੇ ਬਿਆਨ ਨਾਲ ਕਰੀਬ 10 ਸਾਲ ਪਹਿਲਾਂ ਸੱਤਾ ਵਿੱਚ ਆਈ ਸੀ, ਉਹ ਹੁਣ ਉਸ ਤੋਂ ਭਟਕੀ ਜਿਹੀ ਲੱਗਦੀ ਹੈ।''

ਉਹ ਕਹਿੰਦੇ ਹਨ, ''ਜਿਸ ਸਾਲ ਮਮਤਾ ਬੈਨਰਜ਼ੀ ਪਹਿਲੀ ਵਾਰ ਸੱਤਾ ਵਿੱਚ ਆਈ ਸੀ, ਉਸ ਸਾਲ ਉਨ੍ਹਾਂ ਦਾ ਮੁਕਾਬਲਾ ਕਮਿਊਨਿਸਟ ਪਾਰਟੀ ਨਾਲ ਸੀ ਪਰ ਇਸ ਵਾਰ ਮੁਕਾਬਲਾ ਭਾਜਪਾ ਨਾਲ ਹੈ। ਅਜਿਹੀ ਸਥਿਤੀ ਵਿੱਚ ਰੈਲੀਆਂ ਵਿੱਚ ਮਮਤਾ ਦੇ ਦਿੱਤੇ ਗਏ ਬਿਆਨਾਂ ਨੂੰ ਇਸਦਾ ਪ੍ਰਤੀਬਿੰਬ ਮੰਨਿਆ ਜਾ ਸਕਦਾ ਹੈ।''

ਅਰੁੰਧਤੀ ਮੰਨਦੇ ਹਨ ਕਿ ''ਇਸ ਸਭ ਦੀ ਸ਼ੁਰੂਆਤ ਸਾਲ 2019 ਵਿੱਚ ਹੋਈ ਜਦੋਂ ਭਾਜਪਾ ਸੂਬੇ ਵਿੱਚ 18 ਸੀਟਾਂ ਹਾਸਲ ਕਰਨ ਵਿੱਚ ਸਫ਼ਲ ਰਹੀ। ਮਮਤਾ ਨੂੰ ਇਹ ਅੰਦਾਜ਼ਾ ਹੋ ਗਿਆ ਕਿ ਉਸ ਲਈ ਖ਼ਤਰਾ ਹੋ ਸਕਦਾ ਹੈ।''

ਇੱਕ ਪਾਸੇ ਜਿੱਥੇ ਭਾਜਪਾ ਖ਼ੁੱਲ੍ਹੇ ਤੌਰ 'ਤੇ ਹਿੰਦੂ ਰਾਸ਼ਟਰ ਅਤੇ ਹਿੰਦੂ ਦੀ ਗੱਲ ਕਰਦੀ ਹੈ ਉਥੇ ਮਮਤਾ ਨੇ ਹਾਲ ਦੀ ਮਹੀਨਿਆਂ ਵਿੱਚ ਕਈ ਅਜਿਹੇ ਕੰਮ ਕੀਤੇ ਜੋ ਮੁਸਲਮਾਨ ਭਾਈਚਾਰੇ ਨਾਲ ਜੁੜੇ ਹੋਏ ਹਨ। ਜਿਵੇਂ ਕਿ ਇਫ਼ਤਾਰ ਕਰਨਾ ਵਗੈਰਾ।

ਅਰੁੰਧਤੀ ਮੁਖ਼ਰਜੀ ਮੁਤਾਬਕ, ਇਸ ਵਿੱਚ ਕੋਈ ਦੋ ਰਾਇ ਨਹੀਂ ਹੈ ਕਿ ਪੱਛਮੀ ਬੰਗਾਲ ਵਿੱਚ ਭਾਜਪਾ ਨੂੰ ਲਿਆਉਣ ਵਾਲੀ ਮਮਤਾ ਹੀ ਹੈ।

ਉਹ ਕਹਿੰਦੇ ਹਨ, ''ਮਮਤਾ ਬੈਨਰਜ਼ੀ ਧਰਮ ਆਧਾਰਿਤ ਸਿਆਸਤ ਨੂੰ ਪਹਿਲਾਂ ਤੋਂ ਹੀ ਜਾਣਦੀ ਹੈ। ਉਨ੍ਹਾਂ ਦੇ ਅੰਦਰ ਇਹ ਪਹਿਲਾਂ ਤੋਂ ਹੀ ਰਿਹਾ ਹੈ। ਉਹ ਭਾਜਪਾ ਦੇ ਨਾਲ ਗੱਠਜੋੜ ਵਿੱਚ ਵੀ ਰਹੀ ਹੈ ਤਾਂ ਸਮਝਦੀ ਵੀ ਹੋਵੇਗੀ ਪਰ ਹੁਣ ਬਸ ਫ਼ਰਕ ਇੰਨਾਂ ਹੈ ਕਿ ਇਹ ਸਪੱਸ਼ਟ ਤੌਰ 'ਤੇ ਬਾਹਰ ਆ ਗਿਆ ਹੈ।''

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)