ਕੀ ਕੁਤਬ ਮੀਨਾਰ ਦੀ ਥਾਂ ਪਹਿਲਾਂ ਹਿੰਦੂ ਮੰਦਿਰ ਸੀ

- ਲੇਖਕ, ਸ਼ਕੀਲ ਅਖ਼ਤਰ
- ਰੋਲ, ਬੀਬੀਸੀ ਉਰਦੂ
ਕੁਤਬ ਮੀਨਾਰ ਕੰਪਲੈਕਸ ਵਿੱਚ ਉਸਰਿਆ ਕੁਤਬ ਮੀਨਾਰ ਅਤੇ ਕੁਵਤ-ਉਲ-ਇਸਲਾਮ ਮਸਜਿਦ, ਭਾਰਤ ਵਿੱਚ ਮੁਸਲਮਾਨਾਂ ਵੱਲੋਂ ਬਣਾਈਆਂ ਮੁਢਲੀਆਂ ਇਮਾਰਤਾਂ ਵਿੱਚੋਂ ਹਨ।
ਕੁਤਬ ਮੀਨਾਰ ਅਤੇ ਉਸ ਕੋਲ ਬਣੀ ਮਸਜਿਦ ਦੀ ਉਸਾਰੀ ਵਿੱਚ ਉੱਥੇ ਮੌਜੂਦ ਦਰਜਣਾਂ ਹਿੰਦੂ ਅਤੇ ਜੈਨ ਮੰਦਰਾਂ ਦੇ ਥਮਲਿਆਂ ਅਤੇ ਪੱਥਰਾਂ ਦੀ ਵਰਤੋਂ ਕੀਤੀ ਗਈ ਹੈ।
ਕੁਝ ਹਿੰਦੂ ਸੰਗਠਨਾਂ ਦਾ ਕਹਿਣਾ ਹੈ ਕਿ ਕੁਤਬ-ਉਲ-ਇਸਲਾਮ ਮਸਜਿਦ ਅਸਲ ਵਿੱਚ ਇੱਕ ਹਿੰਦੂ ਮੰਦਰ ਹੈ ਅਤੇ ਹਿੰਦੂਆਂ ਨੂੰ ਇੱਥੇ ਪੂਜਾ ਕਰਨ ਦੀ ਆਗਿਆ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਮੰਦਰ ਦੀ ਬਹਾਲੀ ਲਈ ਅਦਾਲਤ ਵਿੱਚ ਅਪੀਲ ਵੀ ਦਾਇਰ ਕੀਤੀ ਹੈ।
ਇਹ ਵੀ ਪੜ੍ਹੋ:
ਦਿੱਲੀ ਦੇ ਮਹਿਰੌਲੀ ਇਲਾਕੇ ਵਿੱਚ ਬਣਿਆ ਕੁਤਬ ਮੀਨਾਰ ਦੁਨੀਆਂ ਦੇ ਕੁਝ ਅਜੂਬਿਆਂ ਵਿੱਚੋਂ ਇੱਕ ਰਿਹਾ ਹੈ।
ਸਦੀਆਂ ਤੋਂ ਇਸ ਨੂੰ ਦੁਨੀਆਂ ਦੀ ਸਭ ਤੋਂ ਉੱਚੀ ਇਮਾਰਤ ਹੋਣ ਤੇ ਦਰਜਾ ਹਾਸਲ ਸੀ।
ਇਸ ਮਸਜਿਦ ਵਿੱਚ ਸਦੀਆਂ ਪੁਰਾਣੇ ਮੰਦਰਾਂ ਦਾ ਵੀ ਵੱਡਾ ਹਿੱਸਾ ਸ਼ਾਮਲ ਹੈ। ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਅਤੇ ਮੰਦਰ ਦੀ ਭਵਨ ਨਿਰਮਾਣ ਕਲਾ ਅਤੇ ਵਿਹੜੇ ਦੇ ਚਾਰੇ ਪਾਸੇ ਦੇ ਥਮਲਿਆਂ ਅਤੇ ਕੰਧਾਂ ਉੱਪਰ ਸਾਫ਼ ਰੂਪ ਨਾਲ ਦਿਖਾਈ ਦਿੰਦੀ ਹੈ।
ਕੁਤਬ ਮੀਨਾਰ ਦੇ ਬੂਹੇ ਉੱਪਰ ਇੱਕ ਸ਼ਿਲਾਲੇਖ 'ਤੇ ਉੱਕਰਿਆ ਹੈ ਕਿ ਇਹ ਮਸਜਿਦ 27 ਹਿੰਦੂ ਅਤੇ ਜੈਨ ਮੰਦਰਾਂ ਦਾ ਮਲਬੇ ਵਾਲੀ ਥਾਂ 'ਤੇ ਬਣਾਈ ਗਈ ਹੈ।

ਕੀ ਹਿੰਦੂ ਮੰਦਰ ਮੌਜੂਦ ਸਨ?
ਉੱਘੇ ਇਤਿਹਾਸਕਾਰ ਇਰਫ਼ਾਨ ਹਬੀਬ ਕਹਿੰਦੇ ਹਨ,"ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਹ ਮੰਦਰਾਂ ਦਾ ਹਿੱਸਾ ਹੈ। (ਪਰ) ਇਹ ਜੋ ਮੰਦਰ ਸਨ, ਇਹ ਇੱਥੋਂ ਦੇ ਸਨ ਜਾਂ ਆਲ਼ੇ-ਦੁਆਲੇ ਦੇ ਸਨ, ਇਸ ਬਾਰੇ ਚਰਚਾ ਹੁੰਦੀ ਰਹੀ ਹੈ। ਸਾਫ਼ ਜਿਹੀ ਗੱਲ ਹੈ ਕਿ 25 ਜਾਂ 27 ਮੰਦਰ ਇੱਕੇ ਥਾਂ ਨਹੀਂ ਰਹੇ ਹੋਣੇ। ਇਸ ਲਈ ਇਨ੍ਹਾਂ ਥਮਲਿਆਂ ਨੂੰ ਇੱਧਰੋਂ-ਉਧਰੋਂ ਇਕੱਠੇ ਕਰ ਕੇ ਇੱਥੇ ਲਿਆਂਦਾ ਗਿਆ ਹੋਵੇਗਾ।"
"ਕੁਤਬ ਮੀਨਾਰ ਐਂਡ ਇਟਸ ਮੌਨਿਊਮੈਂਟਸ" ਕਿਤਾਬ ਦੇ ਲੇਖਕ ਅਤੇ ਇਤਿਹਾਸਕਾਰ ਬੀਐੱਮ ਪਾਂਡੇ ਮੰਨਦੇ ਹਨ ਕਿ ਜੋ ਮੂਲ ਮੰਦਰ ਸਨ ਉਹ ਉੱਥੇ ਹੀ ਸਨ। ਜੇ ਤੁਸੀਂ ਮਸਜਿਦ ਦੇ ਪੂਰਬ ਵਾਲੇ ਪਾਸੇ ਤੋਂ ਅੰਦਰ ਜਾਓਂ ਤਾਂ ਉੱਥੇ ਜੋ ਢਾਂਚਾ ਹੈ ਉਹ ਅਸਲੀ ਹੈ। ਮੈਨੂੰ ਲਗਦਾ ਹੈ ਕਿ ਅਸਲੀ ਮੰਦਰ ਇੱਥੇ ਹੀ ਸਨ। ਕੁਝ ਇੱਧਰ-ਉੱਧਰ ਵੀ ਰਹੇ ਹੋਣਗੇ, ਜਿੱਥੋਂ ਉਨ੍ਹਾਂ ਨੇ ਥਮਲੇ ਅਤੇ ਪੱਥਰਾਂ ਦੇ ਹੋਰ ਟੁਕੜੇ ਲਿਆ ਕੇ ਵਰਤੇ ਹੋਣਗੇ।
ਰਾਜਪੂਤ ਸ਼ਾਸਕ ਪ੍ਰਿਥਵੀ ਰਾਜ ਚੌਹਾਨ ਦੀ ਹਾਰ ਤੋਂ ਬਾਅਦ ਮੁਹੰਮਦ ਗ਼ੌਰੀ ਨੇ ਆਪਣੇ ਜਰਨੈਲ ਕੁਤਬਦੀਨ ਐਬਕ ਨੂੰ ਦਿੱਲੀ ਦਾ ਸ਼ਾਸਕ ਲਾਇਆ ਸੀ।
ਮਹਿਰੌਲੀ ਵਿੱਚ ਬਣੇ ਕੁਤਬ ਮੀਨਾਰ ਨੂੰ ਕੁਤਬਦੀਨ ਐਬਕ ਅਤੇ ਉਨ੍ਹਾਂ ਦੇ ਉਤਰਾਧਿਕਾਰੀ ਸ਼ਮਸੁਦੀਨ ਇਲਤੁਤਮਿਸ਼ ਨੇ 1200 ਈਸਵੀ ਵਿੱਚ ਬਣਵਾਇਆ ਸੀ।
ਕੁਵਤ-ਉਲ-ਇਸਲਾਮ ਮਸਜਿਦ ਐਬਕ ਦੇ ਸਮੇਂ ਦੌਰਾਨ ਬਣਾਈ ਗਈ ਅਤੇ ਬਾਅਦ ਵਿੱਚ ਇਸ ਦਾ ਫੈਲਾਅ ਹੁੰਦਾ ਰਿਹਾ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਮਸਜਿਦ ਦੇ ਕਿਬਲੇ (ਪੱਛਮੀ ਦਿਸ਼ਾ) ਵਾਲਾ ਹਿੱਸਾ ਮੁੱਢਲੀ ਇਸਲਾਮੀ ਸ਼ੈਲੀ ਵਿੱਚ ਬਣਾਇਆ ਗਿਆ ਹੈ।
ਮਹਿਰਾਬ (ਜਿੱਥੇ ਖੜ੍ਹੇ ਹੋ ਕੇ ਇਮਾਮ ਨਮਾਜ਼ ਪੜ੍ਹਾਉਂਦੇ ਹਨ) ਦੀਆਂ ਕੰਧਾਂ ਉੱਪਰ ਕੁਰਾਨ ਦੀਆਂ ਆਇਤਾਂ ਅਤੇ ਫ਼ੁੱਲਾਂ ਦੀ ਨਕਾਸ਼ੀ ਕੀਤੀ ਗਈ ਹੈ। ਜਦਕਿ ਮਸਜਿਦ ਵਿੱਚ ਹਿੰਦੂ ਮੰਦਰ ਦੇ ਅੰਸ਼ ਦੇਖੇ ਜਾ ਸਕਦੇ ਹਨ। ਕਿਤੇ-ਕਿਤੇ ਪੂਰਾ ਢਾਂਚਾ ਮੌਜੂਦ ਹੈ।
ਕੁਝ ਹਿੰਦੂ ਸੰਗਠਨ ਲੰਬੇ ਸਮੇਂ ਤੋਂ ਦਾਅਵਾ ਕਰਦੇ ਰਹੇ ਹਨ ਕਿ ਕੁਤਬ ਕੰਪਲੈਕਸ ਅਸਲ ਵਿੱਚ ਹਿੰਦੂ ਧਰਮ ਦਾ ਕੇਂਦਰ ਸੀ। ਹਿੰਦੂ ਜਾਗਰਣ ਦੇ ਕੁਝ ਕਾਰਕੁਨਾਂ ਨੇ ਅਦਾਲਤ ਵਿੱਚ ਇੱਕ ਪਟੀਸ਼ਨ ਪਾਈ ਹੈ ਅਤੇ ਪੂਜਾ ਲਈ ਕੰਪਲੈਕਸ ਨੂੰ ਬਹਾਲ ਕਰਨ ਦੀ ਮੰਗ ਰੱਖੀ ਹੈ।
ਹਿੰਦੂ ਕਾਰਕੁਨ ਅਤੇ ਵਕੀਲ, ਹਰੀ ਸ਼ੰਕਰ ਜੈਨ ਨੇ ਬੀਬੀਸੀ ਨੂੰ ਦੱਸਿਆ ਕਿ, "ਉੱਥੇ ਹਾਲੇ ਵੀ ਹਿੰਦੂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਹਨ ਜੋ ਟੁੱਟੀਆਂ ਪਈਆਂ ਹਨ। ਇਹ ਦੇਸ਼ ਲਈ ਧਰਮ ਦੀ ਗੱਲ ਹੈ। ਇਸ ਸਬੰਧ ਵਿੱਚ ਅਸੀਂ ਦਾਅਵਾ ਕੀਤਾ ਹੈ ਕਿ ਸਾਨੂੰ ਇੱਥੇ ਪੂਜਾ ਕਰਨ ਦਾ ਹੱਕ ਦਿੱਤਾ ਜਾਣਾ ਚਾਹੀਦਾ ਹੈ।"

ਅਦਾਲਤੀ ਕਾਰਵਾਈ
ਇਸ ਮਾਮਲੇ ਦੀ ਅਗਲੀ ਸੁਣਵਾਈ ਦਿੱਲੀ ਦੀ ਇੱਕ ਅਦਾਲਤ ਵਿੱਚ ਅਪਰੈਲ ਦੇ ਪਹਿਲੇ ਹਫ਼ਤੇ ਵਿੱਚ ਹੋਣੀ ਹੈ।
ਪੁਰਾਤੱਤਵ ਮਾਹਰਾਂ ਦਾ ਕਹਿਣਾ ਹੈ ਕਿ ਅਤੀਤ ਦੀਆਂ ਇਮਾਰਤਾਂ ਅਤੇ ਘਟਨਾਵਾਂ ਨੂੰ ਅਜੋਕੇ ਪ੍ਰਸੰਗ ਵਿੱਚ ਦੇਖਣਾ ਸਹੀ ਨਹੀਂ ਹੈ। ਉਨ੍ਹਾਂ ਨੂੰ ਉਸੇ ਤਰ੍ਹਾਂ ਰੱਖਣਾ ਅਹਿਮ ਹੈ।
ਪੁਰਾਤੱਤਵ ਵਿਭਾਗ ਦੇ ਸਾਬਕਾ ਮੁਖੀ ਸਯਦ ਜਮਾਲ ਹਸਨ ਨੇ ਬੀਬੀਸੀ ਨੂੰ ਕਿਹਾ,"ਆਰਟ ਅਤੇ ਆਰਕੀਟੈਕਚਰ ਨਾਲ ਜੁੜੀਆਂ ਜੋ ਵੀ ਇਮਾਰਤਾਂ ਹਨ ਭਾਵੇਂ ਉਹ ਕਿਸੇ ਵੀ ਧਰਮ ਦੀਆਂ ਹੋਣ- ਬੁੱਧ ਧਰਮ ਦੀਆਂ ਹੋਣ, ਜੈਨ ਧਰਮ ਦੀਆਂ ਹੋਣ, ਹਿੰਦੂ ਧਰਮ ਦੀਆਂ ਜਾਂ ਇਸਲਾਮ ਦੀਆਂ ਹੋਣ।"
"ਅਤੀਤ ਦੀ ਜੋ ਵੀ ਵਿਰਾਸਤ ਹੋਵੇ, ਨਿਸ਼ਾਨੀਆਂ ਹੋਣ, ਸਾਨੂੰ ਉਨ੍ਹਾਂ ਨੂੰ ਜਿਵੇਂ ਹਨ, ਉਸੇ ਤਰ੍ਹਾਂ ਹੀ ਰਹਿਣ ਦੇਣਾ ਚਾਹੀਦਾ ਹੈ', ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਇਸ ਨੂੰ ਦੇਖ ਕੇ ਸਮਝ ਸਕਣ ਕਿ ਇਹ ਕਿਸ ਦੀ ਭਵਨ ਨਿਰਮਾਣ ਕਲਾ ਹੈ। ਇਹ ਉਸਾਰੀ ਗੁਪਤ ਸ਼ੈਲੀ ਦੀ ਹੈ ਜਾਂ ਸ਼ੁੰਗ ਸ਼ੈਲੀ ਹੈ, ਇਹ ਮੌਰਿਆ ਸ਼ੈਲੀ, ਇਹ ਮੁਗ਼ਲ ਸ਼ੈਲੀ ਹੈ। ਉਸ ਸ਼ੈਲੀ ਨੂੰ ਜਿਉਂਦਿਆਂ ਰੱਖਣਾ ਸਾਡਾ ਕੰਮ ਹੈ।"

ਕਈ ਹਿੰਦੂ ਸੰਗਠਨ ਅਤੇ ਇਤਿਹਾਸਕਾਰ ਤਾਜ ਮਹਿਲ, ਪੁਰਾਣਾ ਕਿਲ੍ਹਾ, ਜਾਮਾ ਮਸਜਿਦ ਅਤੇ ਅਤੀਤ ਦੇ ਮੁਸਲਮਾਨ ਹਾਕਮਾਂ ਵੱਲੋਂ ਉਸਾਰੀਆਂ ਹੋਰ ਇਮਾਰਤਾਂ ਨੂੰ ਹਿੰਦੂ ਇਮਾਰਤਾਂ ਮੰਨਦੇ ਹਨ।
ਉਨ੍ਹਾਂ ਦਾ ਮੰਨਣਾ ਹੈ ਕਿ ਮੁਸਲਮਾਨ ਸ਼ਾਸਕਾਂ ਨੇ ਪ੍ਰਾਚੀਨ ਹਿੰਦੂ ਮੰਦਰਾਂ ਅਤੇ ਇਮਾਰਤਾਂ ਨੂੰ ਢਾਹ ਕੇ ਬਦਲ ਦਿੱਤਾ ਸੀ।
ਹਿੰਦੂ ਕਾਰਕੁਨ ਰੰਜਨ ਅਗਨੀਹੋਤਰੀ ਇੱਕ ਵਕੀਲ ਵੀ ਹਨ ਅਤੇ ਕੁਤਬ ਮੀਨਾਰ ਕੰਪੈਲਕਸ ਵਿੱਚ ਮੰਦਰ ਦੀ ਬਹਾਲੀ ਲਈ ਇੱਕ ਪਟੀਸ਼ਨਰ ਵੀ ਹਨ।
ਉਹ ਕਹਿੰਦੇ ਹਨ, “ਅਸੀਂ ਮਿਲ ਕੇ ਸਹੁੰ ਖਾਧੀ ਹੈ ਕਿ ਭਾਰਤ ਵਿੱਚ ਜਿੰਨ੍ਹੇ ਵੀ ਮੰਦਰ ਸਨ, ਜੋ ਮੁਗ਼ਲ ਹਮਲਾਵਰਾਂ ਵੱਲੋਂ ਹਿੰਦੂਆਂ ਨੂੰ ਬੇਇਜ਼ਤ ਕਰਨ ਅਤੇ ਮਸਜਿਦ ਬਣਾਉਣ ਲਈ ਢਾਹੇ ਗਏ ਸਨ, ਅਸੀਂ ਉੱਥੇ ਭਾਰਤ ਦੀ ਗ਼ਰਿਮਾ ਨੂੰ ਮੁੜ ਬਹਾਲ ਕਰਾਂਗੇ ਅਤੇ ਇਨ੍ਹਾਂ ਮੰਦਰਾਂ ਨੂੰ ਅਜ਼ਾਦ ਕਰਾਂਵਾਂਗੇ।"
ਪ੍ਰੋਫ਼ੈਸਰ ਇਰਫ਼ਾਨ ਹਬੀਬ ਕਹਿੰਦੇ ਹਨ ਕਿ ਇਸ ਤਰ੍ਹਾਂ ਦੀਆਂ ਜਿੰਨੀਆਂ ਵੀ ਗੱਲਾਂ ਹਨ ਉਹ ਭਾਰਤ ਦੀ ਵਿਰਾਸਤ ਨੂੰ ਨਸ਼ਟ ਕਰਨ ਵਾਲੀਆਂ ਹਨ। ਜੇ ਤੁਸੀਂ ਇਸ ਤਰ੍ਹਾਂ ਇਤਿਹਾਸ ਨੂੰ ਦੇਖੋਗੇ ਤਾਂ ਅਸੀਂ ਜਾਣਦੇ ਹਾਂ ਕਿ ਅਜਿਹੇ ਬੌਧ ਮੱਠ ਹਨ, ਜੋ ਮੰਦਰ ਬਣਾਏ ਗਏ ਹਨ। (ਤਾਂ) ਫਿਰ ਉਨ੍ਹਾਂ ਨੂੰ ਢਾਹ ਕੇ ਦੁਬਾਰਾ ਬਣਾਇਆ ਜਾਵੇ? ਤੁਸੀਂ ਜਾਣਦੇ ਹੋ ਕਿ ਮਹਾਂਬੌਧ ਮੰਦਰ ਵਿੱਚ ਜੋ ਮੂਰਤੀ ਹੈ, ਜਿੱਥੇ ਤੱਕ ਮੈਨੂੰ ਯਾਦ ਹੈ, ਉਹ ਸ਼ਿਵ ਦੀ ਮੂਰਤੀ ਹੈ। ਇਸ ਤਰ੍ਹਾਂ ਤਾਂ ਇਹ ਕਦੇ ਨਾ ਮੁੱਕਣ ਵਾਲਾ ਸਿਲਸਿਲਾ ਹੈ।"
ਅਤੀਤ ਵਿੱਚ ਮੁਸਲਮਾਨਾਂ ਨੇ ਇਤਿਹਾਸਕ ਧਾਰਮਿਕ ਇਮਾਰਤਾਂ ਵਿੱਚ ਪੂਜਾ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਸੀ।

ਇਤਿਹਾਸਕਾਰ ਬੀਐੱਮ ਪਾਂਡੇ ਕਹਿੰਦੇ ਹਨ ਕਿ ਧਾਰਮਿਕ ਪ੍ਰਾਚੀਨ ਇਮਾਰਤਾਂ ਉੱਪਰ ਪੁਰਾਤੱਤਵ ਵਿਭਾਗ ਦੀ ਨੀਤੀ ਬਿਲਕੁਲ ਸਪਸ਼ਟ ਹੈ।
ਉਹ ਕਹਿੰਦੇ ਹਨ,"ਜੋ ਪ੍ਰਾਚੀਨ ਇਮਾਰਤਾਂ ਪੁਰਾਤੱਤਵ ਵਿਭਾਗ ਦੇ ਅਧਿਕਾਰ ਅੰਦਰ ਲਏ ਜਾਣ ਸਮੇਂ ਧਾਰਮਿਕ ਵਰਤੋਂ ਵਿੱਚ ਨਹੀਂ ਸਨ, ਉਨ੍ਹਾਂ ਨੂੰ ਨਮਾਜ਼ ਪੜ੍ਹਨ ਜਾਂ ਪੂਜਾ ਕਰਨ ਲਈ ਬਹਾਲ ਨਹੀਂ ਕੀਤਾ ਜਾ ਸਕਦਾ ਹੈ। ਜਿਹੜੀਆਂ ਇਮਾਰਤਾਂ ਧਾਰਮਿਕ ਮੰਤਵਾਂ ਲਈ ਵਰਤੋਂ ਵਿੱਚ ਸਨ ਉੱਥੇ ਪੂਜਾ ਕਰਨ ਤੋਂ ਰੋਕਿਆ ਨਹੀਂ ਜਾ ਸਕਦਾ ਹੈ।"
ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਪੁਰਾਤੱਤਵ ਵਿਭਾਗ ਵੱਲੋਂ ਕੁਤਬ ਮੀਨਾਰ ਕੰਪਲੈਕਸ ਨੂੰ ਆਪਣੇ ਕਬਜ਼ੇ ਵਿੱਚ ਲਿਆ ਗਿਆ ਸੀ, ਉਸ ਸਮੇਂ ਉੱਥੇ ਕੋਈ ਪੂਜਾ ਨਹੀਂ ਹੋ ਰਹੀ ਸੀ। ਇਸ ਲਈ ਇੱਥੇ ਅੱਜ ਦੇ ਸਮੇਂ ਵਿੱਚ ਪੂਜਾ ਲਈ ਬਹਾਲ ਕਰਨ ਦੀ ਮੰਗ ਬਿਲਕੁਲ ਗ਼ਲਤ ਹੈ।
ਕੁਤਬ ਮੀਨਾਰ ਕੰਪਲੈਕਸ ਨੂੰ ਪੁਰਾਤੱਤਵ ਵਿਭਾਗ ਵੱਲੋਂ ਬਹੁਤ ਚੰਗੀ ਤਰ੍ਹਾਂ ਸਾਂਭਿਆ ਗਿਆ ਹੈ।
ਇਤਿਹਾਸਕ ਕੁਤਬ ਮੀਨਾਰ, ਉੱਥੋਂ ਦੇ ਮਕਬਰੇ, ਮਸਜਿਦਾਂ ਅਤੇ ਮਦਰੱਸੇ ਹਰ ਰੋਜ਼ ਹਜ਼ਾਰਾਂ ਸੈਲਾਨੀਆਂ ਨੂੰ ਆਪਣੇ ਵੱਲ ਧੂਹ ਪਾਉਂਦੇ ਹਨ।
ਕੁਤਬ ਮੀਨਾਰ ਦਾ ਇਹ ਕੰਪਲੈਕਸ ਕਈ ਸਲਤਨਤਾਂ ਦਾ ਅਹਿਮ ਕੇਂਦਰ ਰਿਹਾ ਹੈ। ਸਰਕਾਰ ਨੇ ਇਸ ਨੂੰ ਕੌਮੀ ਵਿਰਾਸਤ ਦੇ ਰੂਪ ਵਿੱਚ ਸਾਂਭਿਆ ਹੈ।
ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਇਸ ਨੂੰ ਧਰਮਿਕ ਵੰਡੀਆਂ ਵਿੱਚ ਵੰਡਣ ਦੀ ਥਾਂ ਇਤਿਹਾਸਕ ਯਾਦਗਾਰ ਦੇ ਰੂਪ ਵਿੱਚ ਹੀ ਸਾਂਭਿਆ ਗਿਆ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












