ਹਿਮਾਲਿਆ ਉਹ ਤਬਾਹੀ ਲਿਆ ਸਕਦਾ ਹੈ ਜਿਸ ਵੱਲ ਕਿਸੇ ਦਾ ਧਿਆਨ ਨਹੀਂ ਹੈ

ਅਮਰਨਾਥ ਗੁਫ਼ਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗਲੋਬਲ ਵਾਰਮਿੰਗ ਦੇ ਕਾਰਨ ਲੱਖਾਂ ਹੀ ਟਨ ਬਰਫ਼ ਪਿਘਲ ਚੁੱਕੀ ਹੈ
    • ਲੇਖਕ, ਨਵੀਨ ਸਿੰਘ ਖੜਕਾ,
    • ਰੋਲ, ਵਾਤਾਵਰਣ ਪੱਤਰਕਾਰ, ਬੀਬੀਸੀ

ਵਿਗਿਆਨੀਆਂ ਨੇ ਚਿਤਾਇਆ ਹੈ ਕਿ ਹਿਮਾਲਿਆ 'ਚ ਗਲੇਸ਼ੀਆਰਾਂ ਦਾ ਪਿਘਲਨਾ ਨਾ ਸਿਰਫ਼ ਖ਼ਤਰਨਾਕ ਤੌਰ 'ਤੇ ਗਲੇਸ਼ੀਅਰ ਝੀਲਾਂ ਦੇ ਪੱਧਰ ਨੂੰ ਵਧਾ ਰਿਹਾ ਹੈ, ਬਲਕਿ ਇਸ ਦੇ ਨਾਲ ਹੀ ਹੋਰ ਕਈ ਜ਼ੋਖਮ ਵੀ ਪੈਦਾ ਹੋ ਰਹੇ ਹਨ, ਜਿਨ੍ਹਾਂ ਦੀ ਨਿਗਰਾਨੀ ਨਹੀਂ ਕੀਤੀ ਜਾ ਰਹੀ।

ਗਲੋਬਲ ਵਾਰਮਿੰਗ ਦੇ ਕਾਰਨ ਲੱਖਾਂ ਹੀ ਟਨ ਬਰਫ਼ ਪਿਘਲ ਚੁੱਕੀ ਹੈ। ਮਾਹਰਾਂ ਦਾ ਮੰਨਣਾ ਹੈ ਕਿ ਉੱਤਰਾਖੰਡ ਦੇ ਚਮੋਲੀ 'ਚ ਹਾਲ ਹੀ 'ਚ ਹੋਈ ਤਬਾਹੀ ਇਸ ਦੀ ਸਭ ਤੋਂ ਤਾਜ਼ਾ ਮਿਸਾਲ ਹੈ।

ਇਸ ਤੋਂ ਹੀ ਸਾਬਤ ਹੁੰਦਾ ਕਿ ਅਸੀਂ ਇਸ ਤਰ੍ਹਾਂ ਦੇ ਅਚਾਨਕ ਆਉਣ ਵਾਲੇ ਖ਼ਤਰਿਆਂ ਤੋਂ ਕਿੰਨੇ ਅਣਜਾਣ ਹਾਂ।

ਅਮਰੀਕਾ ਦੇ ਇੱਕ ਸੀਨੀਅਰ ਭੂ- ਵਿਗਿਆਨੀ ਅਤੇ ਹਿਮਾਲਿਆ 'ਚ ਕਈ ਆਫ਼ਤਾਂ 'ਤੇ ਖੋਜ ਕਰਨ ਵਾਲੇ ਜੈਫ਼ਰੀ ਕਾਰਜੇਲ ਦਾ ਕਹਿਣਾ ਹੈ, "ਅਜਿਹੇ ਖ਼ਤਰਿਆਂ ਦੇ ਸੰਦਰਭ 'ਚ ਅਸਲ 'ਚ ਕੀ ਹੋ ਰਿਹਾ ਹੈ, ਇਸ ਬਾਰੇ ਵਿਆਪਕ ਪੱਧਰ 'ਤੇ ਕੋਈ ਸਮਝ ਨਹੀਂ ਹੈ। ਜਦੋਂ ਵੀ ਕਿਤੇ ਉੱਤਰਾਖੰਡ ਵਰਗੀਆਂ ਘਟਨਾਵਾਂ ਵਾਪਰਦੀਆਂ ਹਨ ਤਾਂ ਅਸੀਂ ਸਾਰੇ ਚੌਕਸ ਹੋ ਜਾਂਦੇ ਹਾਂ। ਪਰ ਅਸੀਂ ਗਲੇਸ਼ੀਅਰਾਂ ਤੋਂ ਪੈਦਾ ਹੋਣ ਵਾਲੇ ਅਜਿਹੇ ਖ਼ਤਰਿਆਂ ਦੀ ਨਿਗਰਾਨੀ ਨਹੀਂ ਕਰਦੇ ਹਾਂ।"

ਇਹ ਵੀ ਪੜ੍ਹੋ:

ਗਲੇਸ਼ੀਅਰਾਂ ਦਾ ਪਿਘਲਣਾ ਖ਼ਤਰਨਾਕ

ਮਾਹਰਾਂ ਦਾ ਕਹਿਣਾ ਹੈ ਕਿ ਜਦੋਂ ਵੀ ਗਲੇਸ਼ੀਅਰ ਪਿਘਲਦੇ ਹਨ ਜਾਂ ਫਿਰ ਪਤਲੇ ਹੋ ਜਾਂਦੇ ਹਨ ਤਾਂ ਕਈ ਗਲੇਸ਼ੀਅਰ ਖ਼ਤਰਨਾਕ ਰੂਪ ਧਾਰਨ ਕਰ ਲੈਂਦੇ ਹਨ। ਇਹ ਪਹਾੜਾਂ ਦੀਆਂ ਖੜੀਆਂ, ਸਿੱਧੀਆਂ ਕੰਧਾਂ ਨਾਲ ਚਿਪਕ ਜਾਂਦੇ ਹਨ ਅਤੇ ਇੰਨ੍ਹਾਂ ਦੇ ਕਿਸੇ ਵੀ ਸਮੇਂ ਢਹਿਣ ਦਾ ਖ਼ਤਰਾ ਬਣਿਆ ਰਹਿੰਦਾ ਹੈ।

ਇਹ ਵੀ ਸੰਭਵ ਹੈ ਕਿ ਪਤਲੇ ਹੋ ਚੁੱਕੇ ਗਲੇਸ਼ੀਅਰ ਪਹਾੜ ਦੀ ਹੇਠਲੀ ਅਤੇ ਅਤੇ ਆਸ-ਪਾਸ ਦੀ ਜ਼ਮੀਨ ਨੂੰ ਅਸਥਿਰ ਕਰ ਦੇਣ। ਇਸ ਸਥਿਤੀ 'ਚ ਜ਼ਮੀਨ ਖਿਸਕਣ, ਚੱਟਾਨ ਡਿੱਗਣ ਵਰਗੀਆਂ ਘਟਨਾਵਾਂ ਵਾਪਰ ਸਲਦੀਆਂ ਹਨ। ਇਸ ਸਥਿਤੀ 'ਚ ਇਹ ਵੀ ਸੰਭਵ ਹੈ ਕਿ ਪਹਾੜ ਦੀ ਸਾਰੀ ਢਲਾਨ (ਮਾਊਂਟ ਸਲੋਪ) ਵੀ ਢਹਿ ਜਾਵੇ।

ਹਿਮਾਲਿਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਹਰਾਂ ਮੁਤਾਬਕ ਜਦੋਂ ਵੀ ਗਲੇਸ਼ੀਅਰ ਪਿਘਲਦੇ ਹਨ ਜਾਂ ਪਤਲੇ ਹੋ ਜਾਂਦੇ ਹਨ ਤਾਂ ਕਈ ਗਲੇਸ਼ੀਅਰ ਖ਼ਤਰਨਾਕ ਰੂਪ ਧਾਰਨ ਕਰ ਲੈਂਦੇ ਹਨ

ਵਿਗਿਆਨੀਆਂ ਦਾ ਕਹਿਣਾ ਹੈ ਕਿ ਅਜਿਹੀਆਂ ਘਟਨਾਵਾਂ ਦਰਿਆਵਾਂ ਅਤੇ ਨਾਲਿਆਂ 'ਚ ਵੀ ਰੁਕਾਵਟ ਦਾ ਕਾਰਨ ਬਣ ਸਕਦੀਆਂ ਹਨ ਅਤੇ ਕੁਝ ਸਮੇਂ ਬਾਅਦ ਇਹ ਨਦੀਆਂ ਕਿਸੇ ਵੱਡੀ ਤਬਾਹੀ ਦਾ ਕਾਰਨ ਬਣ ਜਾਂਦੀਆਂ ਹਨ। ਉਤਰਾਖੰਡ ਹਾਦਸੇ ਦੀਆਂ ਸ਼ੁਰੂਆਤੀ ਰਿਪੋਰਟਾਂ 'ਚ ਵੀ ਕੁਝ ਅਜਿਹਾ ਹੀ ਸਾਹਮਣੇ ਆਇਆ ਹੈ।

ਗਲੇਸ਼ੀਅਰਾਂ ਦੀ ਨਿਗਰਾਨੀ ਕਰਨਾ ਮੁਸ਼ਕਲ ਕਿਉਂ

ਹਿਮਾਲਿਆ ਦੀ ਮੁਸ਼ਕਲ ਭੂਗੋਲਿਕ ਸਥਿਤੀ ਨਿਗਰਾਨੀ ਦੇ ਕੰਮ ਨੂੰ ਬੇਹੱਦ ਚੁਣੌਤੀਪੂਰਨ ਬਣਾ ਦਿੰਦੀ ਹੈ।

ਭਾਰਤੀ ਤਕਨਾਲੋਜੀ ਸੰਸਥਾ, ਇੰਦੌਰ ਦੇ ਗਲੇਸ਼ੀਓਲੋਜਿਸਟ ਮੁਹੰਮਦ ਫ਼ਾਰੂਕ ਆਜ਼ਮ ਦਾ ਕਹਿਣਾ ਹੈ, "ਹਿਮਾਲਿਆ ਅਤੇ ਹਿੰਦੂਕੁਸ਼ ਖੇਤਰ 'ਚ 50,000 ਤੋਂ ਵੱਧ ਗਲੇਸ਼ੀਅਰ ਮੌਜੂਦ ਹਨ ਅਤੇ ਉਨ੍ਹਾਂ 'ਚੋਂ ਸਿਰਫ 30 ਦਾ ਹੀ ਸੂਖਮ ਤੌਰ 'ਤੇ ਮੁਲਾਂਕਣ ਕੀਤਾ ਜਾ ਰਿਹਾ ਹੈ। ਇਸ 'ਚ ਫੀਲਡ ਸਟੱਡੀ ਵੀ ਸ਼ਾਮਲ ਹੈ।"

ਨੇਪਾਲ ਦਾ ਇਲਾਕਾ

ਤਸਵੀਰ ਸਰੋਤ, Getty Images

"ਇੰਨ੍ਹਾਂ ਅਧਿਐਨਾਂ 'ਚੋਂ ਸਿਰਫ 15 ਅਧਿਐਨ ਹੀ ਛਪੇ ਹੋਏ ਹਨ। ਸਾਨੂੰ ਆਪਣੇ ਗਲੇਸ਼ੀਅਰਾਂ ਦੀ ਵਧੇਰੇ ਨੇੜਿਓਂ ਜਾਂਚ ਕਰਨ ਦੀ ਲੋੜ ਹੈ ਕਿਉਂਕਿ ਕਈ ਕਾਰਕਾਂ ਦੀ ਭੂਮਿਕਾ ਬਹੁਤ ਹੀ ਅਹਿਮ ਹੁੰਦੀ ਹੈ।"

ਭੂਚਾਲ ਅਤੇ ਮੌਸਮ

ਵਿਗਿਆਨੀ ਕਹਿੰਦੇ ਹਨ ਕਿ ਵਿਸ਼ਵ ਦੀ ਸਭ ਤੋਂ ਨਵੀਂ ਪਹਾੜੀ ਲੜੀ, ਹਿਮਾਲਿਆ ਦਾ ਨਿਰੰਤਰ ਵਿਸਥਾਰ ਹੋ ਰਿਹਾ ਹੈ ਅਤੇ ਭੂਚਾਲ ਅਕਸਰ ਹੀ ਪਹਾੜਾਂ ਦੀਆਂ ਢਲਾਨਾਂ ਨੂੰ ਪ੍ਰਭਾਵਿਤ ਕਰ ਦਿੰਦੇ ਹਨ। ਮੌਸਮੀ ਤਬਦੀਲੀ ਦੇ ਮੱਦੇਨਜ਼ਰ ਬਰਫ਼ਬਾਰੀ ਅਤੇ ਮੀਂਹ ਦੇ ਢੰਗ ਤਰੀਕੇ 'ਚ ਬਦਲਾਅ ਕਾਰਨ ਪਹਾੜ ਵਧੇਰੇ ਕਮਜ਼ੋਰ ਹੋ ਜਾਂਦੇ ਹਨ ਅਤੇ ਗਲੋਬਲ ਵਾਰਮਿੰਗ ਕਾਰਨ ਗਲੇਸ਼ੀਅਰਾਂ 'ਚ ਆ ਰਹੀਆਂ ਤਬਦੀਲੀਆਂ ਨੇ ਹਾਲਾਤ ਹੋਰ ਖ਼ਰਾਬ ਕਰ ਦਿੱਤੇ ਹਨ।

ਸਾਲ 2016 'ਚ ਤਿੱਬਤ ਦੇ ਅਰੂ ਪਹਾੜ 'ਤੇ ਇੱਕ ਗਲੇਸ਼ੀਅਰ ਅਚਾਨਕ ਹੀ ਢਹਿ ਗਿਆ ਸੀ, ਜਿਸ ਨਾਲ ਬਹੁਤ ਸਾਰੀ ਬਰਫ਼ ਖਿਸਕ ਗਈ ਸੀ ਅਤੇ ਇਹ 9 ਲੋਕਾਂ ਅਤੇ ਸੈਂਕੜੇ ਹੀ ਜਾਨਵਰਾਂ ਦੀ ਮੌਤ ਦਾ ਕਾਰਨ ਬਣੀ ਸੀ।

ਹਿਮਾਲਿਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਾਈਡਰੋਪਾਵਰ ਪ੍ਰੋਜੈਕਟ ਕਾਰਨ ਵਧਦਾ ਖ਼ਤਰਾ

ਕੁਝ ਹੀ ਦਿਨਾਂ ਬਾਅਦ ਉਸੇ ਪਹਾੜ 'ਤੇ ਇਕ ਹੋਰ ਗਲੇਸ਼ੀਅਰ ਅਚਾਨਕ ਹੀ ਢਹਿ ਗਿਆ ਸੀ।

ਸਾਲ 2012 'ਚ ਪਾਕਿਸਤਾਨ ਸ਼ਾਸਿਤ ਕਸ਼ਮੀਰ ਦੇ ਸਿਆਚਿਨ ਗਲੇਸ਼ੀਅਰ 'ਚ ਵਾਪਰੇ ਇਕ ਹਾਦਸੇ 'ਚ ਲਗਭਗ 140 ਲੋਕਾਂ ਦੀ ਮੌਤ ਹੋ ਗਈ ਸੀ, ਜਿਨ੍ਹਾਂ 'ਚੋਂ ਜ਼ਿਾਆਦਾਤਰ ਪਾਕਿਸਤਾਨੀ ਜਵਾਨ ਸਨ।

ਮਾਹਰਾਂ ਦਾ ਕਹਿਣਾ ਹੈ ਕਿ ਇਹ ਇੱਕ ਬਰਫੀਲੀ ਚੱਟਾਨ ਦਾ ਤੂਫਾਨ ਸੀ ਪਰ ਫਿਰ ਵੀ ਇਸ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

ਵੀਡੀਓ ਕੈਪਸ਼ਨ, ਉੱਤਰਾਖੰਡ: ਗਲੇਸ਼ੀਅਰ ਫੱਟਣ ਨਾਲ ਤਬਾਹੀ, 100 ਵੱਧ ਲੋਕਾਂ ਦੇ ਲਾਪਤਾ ਹੋਣ ਦਾ ਖਦਸ਼ਾ

'ਘੱਟ ਗਲੇਸ਼ੀਅਰ, ਵਧੇਰੇ ਜ਼ਮੀਨ ਦਾ ਖਿਸਕਣਾ'

ਪੱਛਮੀ ਹਿਮਾਲਿਆ ਸਮੇਤ ਪਾਮੀਰ, ਕਾਰਾਕੋਰਮ ਦੇ ਪੂਰਬੀ ਹਿੱਸੇ ਅਤੇ ਹਿੰਦੂਕੁਸ਼ ਪਹਾੜੀ ਲੜੀ ਦੇ ਦੱਖਣੀ ਹਿੱਸੇ ਸਮੇਤ ਏਸ਼ੀਆ ਦੇ ਕੁਝ ਉੱਚੇ ਪਹਾੜੀ ਖੇਤਰਾਂ 'ਤੇ ਹਾਲ 'ਚ ਹੀ ਕੀਤਾ ਗਿਆ ਅਧਿਐਨ ਦਰਸਾਉਂਦਾ ਹੈ ਕਿ 1999 ਤੋਂ 2018 ਦੇ ਅਰਸੇ ਦੌਰਾਨ ਵੱਧ ਰਹੇ ਜ਼ਮੀਨੀ ਖਿਸਕਾਵ ਦਾ ਪ੍ਰਮੁੱਖ ਕਾਰਨ ਗਲੇਸ਼ੀਅਰਾਂ ਦਾ ਪਿਘਲਣਾ ਹੀ ਹੈ।

ਚੀਨ ਦੀ ਵਿਗਿਆਨ ਅਕਾਦਮੀ ਦੇ ਵਿਗਿਆਨੀਆਂ ਨੇ ਅਮਰੀਕਾ ਦੇ ਭੂ- ਵਿਗਿਆਨੀ ਸਰਵੇਖਣ ਦੀਆਂ ਸੈਟੇਲਾਈਟ ਤਸਵੀਰਾਂ ਦੀ ਮਦਦ ਨਾਲ ਅਧਿਐਨ ਕੀਤਾ ਅਤੇ ਵੇਖਿਆ ਕਿ 2009 ਅਤੇ 2018 ਦੇ ਅਰਸੇ ਦੌਰਾਨ 127 ਵਾਰ ਜ਼ਮੀਨੀ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ ਹਨ।

ਹਿਮਾਲਿਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਿਮਾਲਿਆ ਦੀ ਮੁਸ਼ਕਲ ਭੂਗੋਲਿਕ ਸਥਿਤੀ ਨਿਗਰਾਨੀ ਦੇ ਕੰਮ ਨੂੰ ਬੇਹੱਦ ਚੁਣੌਤੀਪੂਰਨ ਬਣਾ ਦਿੰਦੀ ਹੈ

ਬੀਤੇ ਜਨਵਰੀ ਮਹੀਨੇ 'ਚ ਛਪੀ ਇਸ ਦੀ ਪੀਅਰ ਸਮੀਖਿਆ 'ਚ ਕਿਹਾ ਗਿਆ ਹੈ, "ਸਾਡੇ ਨਤੀਜਿਆਂ 'ਚ ਨਵੇਂ ਬਦਲਾਅ ਸਾਹਮਣੇ ਆਏ ਹਨ। ਪਿਛਲੇ ਇੱਕ ਦਹਾਕੇ 'ਚ ਵੱਡੀ ਪੱਧਰ 'ਤੇ ਜ਼ਮੀਨੀ ਖਿਸਕਾਅ ਦੀਆਂ ਘਟਨਾਵਾਂ ਵਾਪਰੀਆਂ ਹਨ। ਘੱਟ ਰਹੇ ਗਲੇਸ਼ੀਅਰ ਸਿੱਧੇ ਤੌਰ 'ਤੇ ਵੱਧ ਰਹੇ ਜ਼ਮੀਨੀ ਖਿਸਕਾਅ ਨਾਲ ਜੁੜੇ ਹੁੰਦੇ ਹਨ।"

ਇਹ ਵੀ ਪੜ੍ਹੋ:

ਨਾਸਾ ਦੀ ਹਾਈਡ੍ਰੋਲੋਜਿਕਲ ਸਾਇੰਸ ਲੈਬ ਦੀ ਮੁਖੀ, ਡਾਲੀਆ ਕਿਰਸ਼ਬਾਓਮ ਦਾ ਕਹਿਣਾ ਹੈ, "ਗਲੇਸ਼ੀਅਰਾਂ ਦੇ ਪਿਘਲਣ ਨਾਲ ਜੁੜੇ ਸੰਭਾਵੀ ਖ਼ਤਰੇ ਸਪੱਸ਼ਟ ਤੌਰ 'ਤੇ ਨਜ਼ਰ ਆ ਰਹੇ ਹਨ।"

"ਪਹਿਲਾਂ ਚੱਟਾਨਾਂ ਦੀਆਂ ਢਲਾਣਾਂ ਗਲੇਸ਼ੀਅਰਾਂ ਕਾਰਨ ਚਿਪਕੀਆਂ ਰਹਿੰਦੀਆਂ ਸਨ, ਪਰ ਹੁਣ ਜਦੋਂ ਗਲੇਸ਼ੀਅਰ ਨਹੀਂ ਰਹੇ ਹਨ ਤਾਂ ਉਹ ਹੁਣ ਸਿਰਫ਼ ਟਿਕੇ ਹੋਏ ਹਨ ਅਤੇ ਕਿਸੇ ਵੀ ਸਮੇਂ ਉਨ੍ਹਾਂ ਦੇ ਡਿੱਗਣ ਦਾ ਖ਼ਤਰਾ ਬਣਿਆ ਹੋਇਆ ਹੈ।"

ਸਾਲ 2018 'ਚ ਵਾਤਾਵਰਨ ਤਬਦੀਲੀ 'ਤੇ ਇੱਕ ਅੰਤਰ-ਸਰਕਾਰੀ ਪੈਨਲ, ਆਈਪੀਸੀਸੀ ਵੱਲੋਂ ਕ੍ਰਿਓਸਫੀਅਰ 'ਤੇ ਇੱਕ ਵਿਸ਼ੇਸ਼ ਰਿਪੋਰਟ 'ਚ ਕਿਹਾ ਗਿਆ ਹੈ, "ਗਲੇਸ਼ੀਅਰਾਂ ਦੇ ਪਿਘਲਣ ਅਤੇ ਪਮਫ੍ਰਾਸਟ (ਠੰਡੇ ਖੇਤਰਾਂ 'ਚ ਜੰਮੇ ਹੋਏ ਜ਼ਮੀਨ ਦੇ ਟੁੱਕੜੇ, ਜਿਨ੍ਹਾ 'ਚ ਪਾਣੀ ਬਰਫ਼ ਦੇ ਰੂਪ 'ਚ ਜੰਮਿਆ ਹੁੰਦਾ ਹੈ) ਦੇ ਅੰਦਰ ਜੰਮੀ ਹੋਈ ਬਰਫ਼ ਦੇ ਪਿਘਲਣ ਨਾਲ ਪਹਾੜ ਦੀ ਢਲਾਣ ਦੀ ਸਥਿਰਤਾ ਅਤੇ ਬੁਨਿਆਦ ਕਮਜ਼ੋਰ ਹੋ ਗਏ ਹਨ।"

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਗਲੇਸ਼ੀਅਰ ਝੀਲਾਂ 'ਤੇ ਧਿਆਨ ਕੇਂਦਰਤ

ਹਿਮਾਲਿਆ ਦੇ ਗਲੇਸ਼ੀਅਰਾਂ 'ਤੇ ਹੁਣ ਤੱਕ ਦੇ ਹੋਏ ਸੀਮਿਤ ਅਧਿਐਨਾਂ 'ਚ, ਸਭ ਤੋਂ ਵੱਧ ਧਿਆਨ ਉਸ ਦੇ ਤੇਜ਼ੀ ਨਾਲ ਪਿਘਲਣ 'ਤੇ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਕਾਰਨ ਖ਼ਤਰਨਾਕ ਤੌਰ 'ਤੇ ਗਲੇਸ਼ੀਅਰ ਝੀਲਾਂ ਦੇ ਭਰਨ 'ਤੇ ਵੀ ਧਿਆਨ ਕੇਂਦਰਤ ਕੀਤਾ ਗਿਆ ਹੈ।

ਪਰ ਆਲੋਚਕਾਂ ਦਾ ਕਹਿਣਾ ਹੈ ਕਿ ਗਲੇਸ਼ੀਅਰ ਝੀਲਾਂ ਨੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ, ਜਦੋਂਕਿ ਤੇਜ਼ੀ ਨਾਲ ਪਿਘਲਣ ਵਾਲੇ ਗਲੇਸ਼ੀਅਰਾਂ ਨਾਲ ਜੁੜੇ ਹੋਰ ਖ਼ਤਰਿਆਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ।

ਯੂਟਾ ਯੂਨੀਵਰਸਿਟੀ 'ਚ ਹਿਮਾਲਿਆ ਦੇ ਗਲੇਸ਼ੀਅਰਾਂ 'ਚ ਬਦਲਾਅ ਦਾ ਅਧਿਐਨ ਕਰਨ ਵਾਲੇ ਭੂਗੋਲ ਦੇ ਪ੍ਰੋਫੈਸਰ ਸਮਰ ਰੂਪਰ ਦਾ ਕਹਿਣਾ ਹੈ, "ਇਸ ਵੱਲ ਘੱਟ ਧਿਆਨ ਦਿੱਤਾ ਗਿਆ ਹੈ। ਅਜਿਹਾ ਇਸ ਲਈ ਹੋ ਸਕਦਾ ਹੈ ਕਿਉਂਕਿ ਬਰਫ਼ਬਾਰੀ ਅਤੇ ਪਹਾੜਾਂ ਤੋਂ ਬਰਫ਼ ਦੇ ਤੋਦੇ ਖਿਸਕਣ ਵਰਗੀਆਂ ਆਫਤਾਂ ਬਹੁਤ ਘੱਟ ਵਾਪਰੀਆਂ ਹਨ।

ਹਿਮਾਲਿਆ ਖੇਤਰ 'ਚ ਕਈ ਸਾਲਾਂ ਤੋਂ ਕੰਮ ਕਰ ਰਹੇ ਇੰਟਰਨੈਸ਼ਨਲ ਸੈਨੇਟਰ ਫਾਰ ਇੰਟੀਗ੍ਰੇਟੇਡ ਮਾਊਂਟੇਨ ਡਿਵਲਪਮੈਂਟ ਦੇ ਮਾਹਰਾਂ ਦਾ ਕਹਿਣਾ ਹੈ ਕਿ ਗਲੇਸ਼ੀਅਰ ਝੀਲ ਨਾਲ ਸਬੰਧਤ ਹੜ੍ਹਾਂ ਦੇ ਕਾਰਨ ਇਤਿਹਾਸਕ ਤੌਰ 'ਤੇ ਇਸ ਖਿੱਤੇ 'ਚ ਮੁਸ਼ਕਲਾਂ ਪੈਦਾ ਹੋਈਆਂ ਹਨ।

ਜੰਮੇ ਹੋਏ ਗਲੇਸ਼ੀਅਰਾਂ 'ਤੇ ਅਧਿਐਨ

ਭਾਰਤ ਦੀਆਂ ਸਰਕਾਰੀ ਏਜੰਸੀਆਂ ਵੱਲੋਂ ਦਿੱਤੀਆਂ ਚੇਤਾਵਨੀਆਂ ਵੱਲ ਪੂਰਾ ਧਿਆਨ ਨਾ ਦੇਣ ਦੀ ਅਲੋਚਨਾ ਕੀਤੀ ਗਈ ਹੈ।

ਸੀਨੀਅਰ ਗਲੇਸ਼ੀਓਲੋਜਿਸਟ ਡਾ. ਡੀਪੀ ਡੋਭਲ , ਵਾਡੀਆ ਇੰਸਟੀਚਿਊਟ ਆਫ਼ ਹਿਮਾਲਿਅਨ ਜਿਓਲੋਜੀ ਤੋਂ ਸੇਵਾ ਮੁਕਤ ਹੋਏ ਹਨ।

ਹਿਮਾਲਿਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੌਸਮੀ ਤਬਦੀਲੀ ਦੇ ਮੱਦੇਨਜ਼ਰ ਬਰਫ਼ਬਾਰੀ ਅਤੇ ਮੀਂਹ ਦੇ ਢੰਗ ਤਰੀਕੇ 'ਚ ਬਦਲਾਅ ਕਾਰਨ ਪਹਾੜ ਵਧੇਰੇ ਕਮਜ਼ੋਰ ਹੋ ਜਾਂਦੇ ਹ

ਉਨ੍ਹਾਂ ਦਾ ਕਹਿਣਾ ਹੈ, "ਅਸੀਂ ਸਾਲ 2009 'ਚ ਗਲੇਸ਼ੀਅਰਾਂ ਦੇ ਅਧਿਐਨ ਲਈ ਇੱਕ ਕੇਂਦਰ ਦੀ ਸ਼ੁਰੂਆਤ ਕੀਤੀ ਸੀ ਅਤੇ ਇਸ ਨੂੰ ਭਾਰਤ ਦੇ ਗਲੇਸ਼ੀਅਰਾਂ ਦੀ ਨੈਸ਼ਨਲ ਸੰਸਥਾ ਵਜੋਂ ਵਿਕਸਤ ਕੀਤਾ ਜਾਣਾ ਸੀ ਪਰ ਅਜਿਹਾ ਕਦੇ ਨਹੀਂ ਹੋਇਆ। ਇਸ ਦਾ ਸਿੱਟਾ ਇਹ ਨਿਕਲਿਆ ਕਿ ਗਲੇਸ਼ੀਅਰ ਨਾਲ ਸਬੰਧਤ ਅਧਿਐਨ ਪ੍ਰਭਾਵਿਤ ਹੋਇਆ ਅਤੇ ਇੱਕ ਦਰਜਨ ਗਲੇਸ਼ੀਓਲੋਜਿਸਟ, ਜਿਨ੍ਹਾਂ ਨੂੰ ਅਸੀਂ ਬਰਾਬਰ ਸਿਖਲਾਈ ਦਿੱਤੀ ਸੀ, ਉਹ ਸਾਰੇ ਹੁਣ ਬੇਰੁਜ਼ਗਾਰ ਹਨ।"

ਭਾਰਤ ਸਰਕਾਰ ਦੀ ਮੌਸਮ ਤਬਦੀਲੀ ਸਬੰਧੀ ਰਾਸ਼ਟਰੀ ਕਾਰਜ ਯੋਜਨਾ ਤਹਿਤ ਅੱਠ ਕੌਮੀ ਮਿਸ਼ਨ ਹਨ ਅਤੇ ਉਨ੍ਹਾਂ 'ਚੋਂ ਇੱਕ 'ਹਿਮਾਲਿਆ ਦੇ ਵਾਤਾਵਰਣ ਤੰਤਰ ਨੂੰ ਬਣਾਈ ਰੱਖਣ' ਲਈ ਹੈ।

ਇਸ ਦਾ ਕੰਮ ਹੈ ਇਸ ਪੂਰੀ ਸਥਿਤੀ ਨੂੰ ਸਮਝਣ ਲਈ ਨਵੇਂ ਢੰਗ ਤਰੀਕਿਆਂ ਨੂੰ ਅਪਣਾਉਣਾ ਅਤੇ ਮੌਜੂਦਾ ਸਿਹਤ ਦਾ ਜਾਇਜ਼ਾ ਲੈਣ ਹੈ।

ਕੁਝ ਮਾਹਰਾਂ ਦਾ ਕਹਿਣਾ ਹੈ ਕਿ ਭਾਰਤ ਅਤੇ ਉਸ ਦੇ ਗੁਆਂਢੀ ਦੇਸਾਂ ਵਿਚਾਲੇ ਤਣਾਅ ਜੋ ਕਿ ਹਿਮਾਲਿਆ ਦੀ ਸਰਹੱਦ ਨੂੰ ਸਾਂਝਾ ਕਰਦਾ ਹੈ, ਉਹ ਵੀ ਇੱਕ ਵੱਡੀ ਸਮੱਸਿਆ ਹੈ।

ਸਮੁੰਦਰ ਅਤੇ ਕ੍ਰਇਓਸਫੀਅਰ 'ਤੇ ਆਈਪੀਸੀਸੀ ਦੀ ਵਿਸ਼ੇਸ਼ ਰਿਪੋਰਟ ਦੇ ਮੁੱਖ ਲੇਖਕ ਅੰਜਲ ਪ੍ਰਕਾਸ਼ ਦਾ ਕਹਿਣਾ ਹੈ ਕਿ ਇੰਨ੍ਹਾਂ ਦੇਸ਼ਾਂ ਨੂੰ ਇੱਕਠੇ ਹੋ ਕੇ ਕੰਮ ਕਰਨ ਦੀ ਜ਼ਰੂਰਤ ਹੈ ਅਤੇ ਸਰਹੱਦਾਂ ਦੇ ਪਾਰ ਗਲੇਸ਼ੀਅਰਾਂ ਸਬੰਧੀ ਇੱਕ ਦੂਜੇ ਨਾਲ ਜਾਣਕਾਰੀ ਸਾਂਝੀ ਕਰਨ ਦੀ ਲੋੜ ਹੈ। ਅਜਿਹਾ ਕਰਨ ਨਾਲ ਹੀ ਅਸੀਂ ਗਲੇਸ਼ੀਅਰਾਂ ਦੇ ਪਿਘਲਣ ਨਾਲ ਜੁੜੇ ਖ਼ਤਰਿਆਂ ਦੀ ਵਿਆਪਕ ਨਿਗਰਾਨੀ ਕਰਨ 'ਚ ਸਮਰੱਥ ਹੋਵਾਂਗੇ ਅਤੇ ਅਜਿਹੀਆਂ ਆਫ਼ਤਾਂ ਨਾਲ ਨਜਿੱਠਣ ਲਈ ਖੁਦ ਨੂੰ ਤਿਆਰ ਕਰ ਪਾਵਾਂਗੇ।

ISWOTY

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)