ਨਰਿੰਦਰ ਮੋਦੀ ਦੇ ਭਰਾ ਦਾ ਸਵਾਲ- ਅਮਿਤ ਸ਼ਾਹ ਦੇ ਮੁੰਡੇ ਨੂੰ ਕਿਉਂ ਮਿਲੀ ਕ੍ਰਿਕਟ ਬੋਰਡ ਦੀ ਜ਼ਿੰਮੇਵਾਰੀ

ਤਸਵੀਰ ਸਰੋਤ, Valery Sharifulin\TASS via Getty Images
- ਲੇਖਕ, ਤੇਜਸ ਵੈਦਿਆ
- ਰੋਲ, ਬੀਬੀਸੀ ਪੱਤਰਕਾਰ
ਗੁਜਰਾਤ ਦੀਆਂ ਨਗਰ ਨਿਗਮ ਚੋਣਾਂ ਛੇਤੀ ਹੀ ਹੋਣ ਜਾ ਰਹੀਆਂ ਹਨ। ਚੋਣਾਂ ਭਾਵੇਂ ਕੋਈ ਵੀ ਹੋਣ ਪਰ ਚੋਣ ਨਤੀਜਿਆਂ ਬਾਰੇ ਉਤਸੁਕਤਾ ਹਮੇਸ਼ਾ ਹੀ ਬਣੀ ਰਹਿੰਦੀ ਹੈ।
ਪਰ ਇਸ ਵਾਰ ਗੁਜਰਾਤ ਦੀਆਂ ਨਗਰ ਨਿਗਮ ਚੋਣਾਂ ਕਈ ਮਾਅਨਿਆਂ ਵਿੱਚ ਬਹੁਤ ਮਹੱਤਵਪੂਰਨ ਮੰਨੀਆ ਜਾ ਰਹੀਆਂ ਹਨ।
ਗੁਜਰਾਤ ਵਿੱਚ ਦੋ ਗੇੜ੍ਹਾਂ 'ਚ ਸਥਾਨਕ ਚੋਣਾਂ ਦਾ ਆਯੋਜਨ ਹੋਵੇਗਾ। 21 ਫਰਵਰੀ ਅਤੇ 28 ਫਰਵਰੀ ਨੂੰ ਵੋਟਿੰਗ ਹੋਵੇਗੀ।
ਇੱਕ ਪਾਸੇ ਕਾਂਗਰਸ ਨੇ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ, ਉੱਥੇ ਹੀ ਦੂਜੇ ਭਾਜਪਾ ਨੇ ਵੀ ਚੋਣਾਂ ਲਈ ਆਪਣੀ ਕਮਰ ਕੱਸ ਲਈ ਹੈ।
ਇਹ ਵੀ ਪੜ੍ਹੋ-
ਗੁਜਰਾਤ ਭਾਜਪਾ ਦੇ ਮੁਖੀ ਸੀਆਰ ਪਾਟਿਲ ਨੇ ਹਾਲ ਹੀ ਵਿੱਚ ਉਮੀਦਵਾਰਾਂ ਲਈ ਲੋੜੀਂਦੇ ਮਾਪਦੰਡਾਂ ਦਾ ਐਲਾਨ ਕੀਤਾ ਹੈ।
ਉਨ੍ਹਾਂ ਨੇ ਆਪਣੇ ਐਲਾਨ ਵਿੱਚ ਕਿਹਾ ਹੈ ਕਿ 60 ਸਾਲ ਤੋਂ ਵੱਧ ਉਮਰ ਦੇ ਲੋਕਾਂ, ਆਗੂਆਂ ਦੇ ਰਿਸ਼ਤੇਦਾਰਾਂ ਅਤੇ ਜੋ ਲੋਕ ਪਹਿਲਾਂ ਹੀ ਨਿਗਮ ਵਿੱਚ ਤਿੰਨ ਕਾਰਜਕਾਲ ਮੁਕੰਮਲ ਕਰ ਚੁੱਕੇ ਹਨ, ਉਨ੍ਹਾਂ ਨੂੰ ਇਸ ਵਾਰ ਟਿਕਟ ਨਹੀਂ ਦਿੱਤੀ ਜਾਵੇਗੀ।
ਪਾਟਿਲ ਵੱਲੋਂ ਕੀਤੇ ਐਲਾਨ ਤੋਂ ਬਾਅਦ ਹੀ ਸੂਬੇ ਵਿੱਚ ਭਾਜਪਾ ਵਰਕਰਾਂ ਅਤੇ ਆਗੂਆਂ ਵਿੱਚ ਹਲਚਲ ਦਾ ਮਾਹੌਲ ਬਣਿਆ ਹੋਇਆ ਹੈ। ਪੀਐਮ ਮੋਦੀ ਦੇ ਵੱਡੇ ਭਰਾ ਪ੍ਰਹਿਲਾਦ ਮੋਦੀ ਨੇ ਵੀ ਇਸ ਸਬੰਧ ਵਿੱਚ ਟਿੱਪਣੀ ਕੀਤੀ ਹੈ।
ਬੀਬੀਸੀ ਨਾਲ ਗੱਲਬਾਤ ਕਰਦਿਆਂ ਪ੍ਰਹਿਲਾਦ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਧੀ ਸੋਨਲ ਮੋਦੀ ਅਹਿਮਦਾਬਾਦ ਦੇ ਬੋਦਕਦੇਵ ਇਲਾਕੇ ਤੋਂ ਚੋਣ ਮੈਦਾਨ ਵਿੱਚ ਉਤਰਨਾ ਚਾਹੁੰਦੀ ਸੀ।
ਪਰ ਜਦੋਂ ਇਸ ਤਰ੍ਹਾਂ ਦੇ ਮਾਪਦੰਡ ਤੈਅ ਕੀਤੇ ਗਏ ਹਨ ਤਾਂ ਇਸ ਤੋਂ ਸਾਫ਼ ਹੋ ਜਾਂਦਾ ਹੈ ਕਿ ਉਹ ਚੋਣ ਨਹੀਂ ਲੜ ਸਕੇਗੀ, ਕਿਉਂਕਿ ਉਹ ਤਾਂ ਸਿੱਧੇ ਤੌਰ 'ਤੇ ਪੀਐਮ ਮੋਦੀ ਦੇ ਪਰਿਵਾਰ ਨਾਲ ਸਬੰਧ ਰੱਖਦੀ ਹੈ।

ਤਸਵੀਰ ਸਰੋਤ, Qamar Sibtain/The India Today Group via Getty Imag
ਬੀਬੀਸੀ ਨੇ ਪ੍ਰਹਿਲਾਦ ਮੋਦੀ ਨਾਲ ਸਥਾਨਕ ਚੋਣਾਂ ਸਮੇਤ ਹੋਰ ਕਈ ਮੁੱਦਿਆਂ 'ਤੇ ਵੀ ਵਿਸਥਾਰ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਪੀਐਮ ਮੋਦੀ ਨਾਲ ਆਪਣੇ ਸਬੰਧਾਂ ਬਾਰੇ ਵੀ ਖੁੱਲ੍ਹ ਕੇ ਗੱਲ ਕੀਤੀ।
ਸਵਾਲ: ਕੀ ਤੁਹਾਡੀ ਧੀ ਚੋਣ ਲੜਨਾ ਚਾਹੁੰਦੀ ਹੈ?
ਜਵਾਬ: ਹਾਂ, ਮੇਰੀ ਧੀ ਅਹਿਮਦਾਬਾਦ ਦੇ ਬੋਦਕਦੇਵ ਦੀ ਓਬੀਸੀ ਸੀਟ ਤੋਂ ਚੋਣ ਲੜਨਾ ਚਾਹੁੰਦੀ ਹੈ।
ਸਵਾਲ: ਗੁਜਰਾਤ ਭਾਜਪਾ ਦੇ ਮੁਖੀ ਸੀਆਰ ਪਾਟਿਲ ਨੇ ਤਾਂ ਐਲਾਨ ਕੀਤਾ ਹੈ ਕਿ ਭਾਜਪਾ ਆਗੂਆਂ ਦੇ ਰਿਸ਼ਤੇਦਾਰ ਤੇ ਪਰਿਵਾਰਕ ਮੈਂਬਰਾਂ ਨੂੰ ਇਸ ਚੋਣ ਵਿੱਚ ਟਿਕਟ ਨਹੀਂ ਦਿੱਤੀ ਜਾਵੇਗੀ ?
ਜਵਾਬ: ਅਸੀਂ ਕਦੇ ਵੀ ਨਹੀਂ ਸੋਚਿਆ ਸੀ ਕਿ ਅਜਿਹਾ ਕੁਝ ਤੈਅ ਹੋਵੇਗਾ। ਅਸੀਂ ਪੀਐਮ ਮੋਦੀ ਦੀ ਤਸਵੀਰ ਦੀ ਵਰਤੋਂ ਕਰਕੇ ਆਪਣੀ ਜ਼ਿੰਦਗੀ ਦੀ ਗੱਡੀ ਨੂੰ ਅੱਗੇ ਨਹੀਂ ਤੋਰਦੇ ਹਾਂ।
ਸਾਡੇ ਪਰਿਵਾਰ ਦੇ ਸਾਰੇ ਹੀ ਮੈਂਬਰ ਸਖ਼ਤ ਮਿਹਨਤ ਕਰਦੇ ਹਨ, ਕਮਾਉਂਦੇ ਹਨ ਅਤੇ ਉਸ ਨਾਲ ਹੀ ਆਪਣਾ ਖਰਚਾ ਚਲਾਉਂਦੇ ਹਨ। ਮੈਂ ਰਾਸ਼ਨ ਦੀ ਦੁਕਾਨ ਚਲਾਉਂਦਾ ਹਾਂ।
ਭਾਜਪਾ ਵਿੱਚ ਸਾਡੇ ਪਰਿਵਾਰ ਵੱਲੋਂ ਕੋਈ ਭਾਈ-ਭਤੀਜਾਵਾਦ ਨਹੀਂ ਹੈ। ਨਰਿੰਦਰ ਮੋਦੀ ਨੇ ਸਾਲ 1970 ਵਿੱਚ ਘਰ ਛੱਡ ਦਿੱਤਾ ਸੀ ਅਤੇ ਪੂਰੇ ਭਾਰਤ ਨੂੰ ਹੀ ਆਪਣਾ ਘਰ ਬਣਾ ਲਿਆ ਸੀ।
ਇਸ ਲਈ ਭਾਰਤ ਦਾ ਹਰ ਨਾਗਰਿਕ ਉਨ੍ਹਾਂ ਦਾ ਰਿਸ਼ਤੇਦਾਰ ਹੈ। ਉਹ ਆਪ ਵੀ ਇਹੀ ਕਹਿੰਦੇ ਰਹੇ ਹਨ।
ਉਨ੍ਹਾਂ ਸਾਡੇ ਪਰਿਵਾਰ ਵਿੱਚ ਜਨਮ ਜ਼ਰੂਰ ਲਿਆ ਹੈ ਪਰ ਉਹ ਭਾਰਤ ਦੇ ਪੁੱਤਰ ਹਨ। ਅਜਿਹੇ ਵਿੱਚ ਤਾਂ ਕੋਈ ਵੀ ਚੋਣ ਲੜਨ ਦੇ ਯੋਗ ਨਹੀਂ ਹੋਵੇਗਾ। ਸਾਰੇ ਉਨ੍ਹਾਂ ਦੇ ਭੈਣ-ਭਰਾ ਹੋਣਗੇ।
ਨਰਿੰਦਰ ਮੋਦੀ ਨੇ ਤਾਂ ਖੁਦ ਵੀ ਇਹੀ ਗੱਲ ਕਹੀ ਹੈ ਕਿ ਉਹ ਕਿਸੇ ਇੱਕ ਨਾਲ ਨਹੀਂ ਜੁੜੇ ਹੋਏ ਹਨ। ਭਾਰਤ ਦੇ ਸਾਰੇ ਲੋਕ ਉਨ੍ਹਾਂ ਦੇ ਭੈਣ-ਭਰਾ ਹਨ, ਫਿਰ ਅਜਿਹੇ ਵਿੱਚ ਇਹ ਨਿਯਮ ਸਾਡੇ 'ਤੇ ਕਿਵੇਂ ਲਾਗੂ ਹੁੰਦਾ ਹੈ?
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਸਵਾਲ: ਫਿਰ ਕੀ ਨਰਿੰਦਰ ਮੋਦੀ ਤੁਹਾਡੇ ਪਰਿਵਾਰ ਦੇ ਮੈਂਬਰ ਨਹੀਂ ਹਨ?
ਜਵਾਬ: ਭਾਰਤ ਸਰਕਾਰ ਨੇ ਪਰਿਵਾਰ ਦੀ ਇੱਕ ਪਰਿਭਾਸ਼ਾ ਤੈਅ ਕੀਤੀ ਹੋਈ ਹੈ। ਜਿਨ੍ਹਾਂ ਲੋਕਾਂ ਦੇ ਨਾਮ ਰਾਸ਼ਨ ਕਾਰਡ ਵਿੱਚ ਦਰਜ ਹਨ, ਉਹ ਸਾਰੇ ਲੋਕ ਇੱਕ ਹੀ ਪਰਿਵਾਰ ਦੇ ਜੀਅ ਹਨ।
ਸਾਡੇ ਪਰਿਵਾਰ ਦੇ ਰਾਸ਼ਨ ਕਾਰਡ ਵਿੱਚ ਨਰਿੰਦਰ ਦਾਮੋਦਰਦਾਸ ਮੋਦੀ ਦਾ ਨਾਮ ਹੀ ਸ਼ਾਮਲ ਨਹੀਂ ਹੈ, ਤਾਂ ਫਿਰ ਕੀ ਉਹ ਮੇਰੇ ਪਰਿਵਾਰ ਦਾ ਅੰਗ ਹਨ?
ਮੈਂ ਇਹ ਸਵਾਲ ਤੁਹਾਡੇ ਅਤੇ ਦੂਜੇ ਲੋਕਾਂ ਤੋਂ ਪੁੱਛ ਰਿਹਾ ਹਾਂ। ਜਿਸ ਰਾਸ਼ਨ ਕਾਰਡ ਵਿੱਚ ਨਰਿੰਦਰ ਦਾ ਨਾਮ ਹੈ, ਉਹ ਅਹਿਮਦਾਬਾਦ ਦੇ ਰਾਣੀ ਦਾ ਹੈ। ਇਸ ਤਰ੍ਹਾਂ ਫਿਰ ਰਾਣੀ ਦੇ ਲੋਕ ਉਨ੍ਹਾਂ ਦਾ ਅਸਲ ਪਰਿਵਾਰ ਹੋਏ।
ਸਵਾਲ: ਰਾਸ਼ਨ ਕਾਰਡ ਵਿੱਚ ਨਾਮ ਦਰਜ ਨਾ ਹੋਣਾ… ਇਸ ਦਾ ਤੁਹਾਡੇ ਲਈ ਕੀ ਅਰਥ ਹੈ ?
ਜਵਾਬ: ਮੈਨੂੰ ਲੱਗਦਾ ਹੈ ਕਿ ਰਾਸ਼ਨ ਕਾਰਡ ਵਿੱਚ ਪਰਿਵਾਰ ਦੇ ਸਾਰੇ ਜੀਆਂ ਦਾ ਨਾਮ ਦਰਜ ਹੋਣ ਦਾ ਨੇਮ ਸਰਕਾਰ ਵੱਲੋਂ ਬਣਾਇਆ ਗਿਆ ਹੈ ਅਤੇ ਇਸ ਦੀ ਪਾਲਣਾ ਹੋਣੀ ਚਾਹੀਦੀ ਹੈ। ਪਾਰਟੀ ਨੂੰ ਵੀ ਇਸ ਨਿਯਮ ਦੀ ਪਾਲਣਾ ਕਰਨੀ ਚਾਹੀਦੀ ਹੈ।
ਸਵਾਲ: ਜੇਕਰ ਸੋਨਲ ਮੋਦੀ ਚੋਣ ਲੜਦੀ ਹੈ ਤਾਂ ਲੋਕ ਤਾਂ ਕਹਿਣਗੇ ਕਿ ਉਹ ਪ੍ਰਧਾਨ ਮੰਤਰੀ ਮੋਦੀ ਦੀ ਭਤੀਜੀ ਹੈ।
ਜਵਾਬ: ਬਹੁਤ ਸਾਰੇ ਲੋਕ ਪਹਿਲਾਂ ਹੀ ਕਹਿੰਦੇ ਹਨ ਕਿ ਅਸੀਂ ਭਗਵਾਨ ਰਾਮ ਦੇ ਵੰਸ਼ਜ ਹਾਂ। ਕੀ ਅਸੀਂ ਉਨ੍ਹਾਂ ਨੂੰ ਰੋਕ ਸਕਦੇ ਹਾਂ? ਇਹ ਰਿਸ਼ਤਾ ਸੱਚਾ ਹੈ।

ਤਸਵੀਰ ਸਰੋਤ, INDRANIL MUKHERJEE/AFP via Getty Images
ਅਸੀਂ ਇਸ ਨੂੰ ਖ਼ਤਮ ਨਹੀਂ ਕਰ ਸਕਦੇ ਹਾਂ। ਪਰ ਜੇਕਰ ਤੁਸੀਂ ਇਹ ਜਾਣਨ ਦੀ ਕੋਸ਼ਿਸ਼ ਕਰੋ, ਕੀ ਸੋਨਲ ਕਦੇ ਵੀ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ 'ਤੇ ਗਈ ਹੈ ਤਾਂ ਉਸ ਸਮੇਂ ਤੁਹਾਨੂੰ ਪਤਾ ਲੱਗੇਗਾ ਕਿ ਇਹ ਰਿਸ਼ਤਾ ਕਿੰਨਾ ਕੁ ਮਜ਼ਬੂਤ ਹੈ।
ਸਵਾਲ: ਸੋਨਲ ਨੇ ਪੀਐਮ ਮੋਦੀ ਨਾਲ ਕਦੋਂ ਮੁਲਾਕਾਤ ਕੀਤੀ ਸੀ ?
ਜਵਾਬ: ਨਰਿੰਦਰ ਭਰਾ ਜੀ ਜਦੋਂ ਦੇ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਹਨ, ਮੈਨੂੰ ਨਹੀਂ ਪਤਾ ਕਿ ਉਨ੍ਹਾਂ ਦੇ ਘਰ ਦਾ ਦਰਵਾਜ਼ਾ ਕਿਸ ਤਰ੍ਹਾਂ ਦਾ ਨਜ਼ਰ ਆਉਂਦਾ ਹੈ। ਜੇ ਮੈਨੂੰ ਹੀ ਨਹੀਂ ਪਤਾ ਤਾਂ ਮੇਰੇ ਬੱਚਿਆਂ ਨੂੰ ਕਿਵੇਂ ਪਤਾ ਹੋਵੇਗਾ।
ਸਵਾਲ: ਉਨ੍ਹਾਂ ਨੂੰ ਮਿਲਣ ਦਾ ਕਦੇ ਮਨ ਨਹੀਂ ਕੀਤਾ ?
ਜਵਾਬ: ਮੇਰਾ ਮੰਨਣਾ ਹੈ ਕਿ ਉਨ੍ਹਾਂ ਨੇ ਘਰਬਾਰ ਛੱਡ ਦਿੱਤਾ ਹੈ ਅਤੇ ਭਾਰਤ ਦੇਸ਼ ਨੂੰ ਹੀ ਆਪਣਾ ਸਭ ਕੁਝ ਚੁਣ ਲਿਆ ਹੈ।
ਰਿਸ਼ਤੇ ਵਿੱਚ ਭਾਵੇਂ ਹੀ ਅਸੀਂ ਉਨ੍ਹਾਂ ਦਾ ਪਰਿਵਾਰ ਹਾਂ ਪਰ ਅਸੀਂ ਉਨ੍ਹਾਂ ਨੂੰ ਉਦੋਂ ਹੀ ਮਿਲ ਸਕਦੇ ਹਾਂ ਜਦੋਂ ਉਹ ਸਾਨੂੰ ਆਪ ਸੱਦਾ ਦੇਣ।
ਸਵਾਲ: ਜਦੋਂ ਵੀ ਪੀਐੱਮ ਮੋਦੀ ਅਹਿਮਦਾਬਾਦ / ਗਾਂਧੀਨਗਰ ਜਾਂਦੇ ਹਨ ਤਾਂ ਉਹ ਆਪਣੀ ਮਾਂ ਹੀਰਾ ਬਾ ਨੂੰ ਮਿਲਣ ਜ਼ਰੂਰ ਜਾਂਦੇ ਹਨ?
ਜਵਾਬ: ਉਹ ਬਾ (ਮਾਂ) ਨੂੰ ਮਿਲਦੇ ਹਨ, ਪਰ ਇਸ ਬਾਰੇ ਵੀ ਸਪੱਸ਼ਟ ਨਿਰਦੇਸ਼ ਹੁੰਦੇ ਹਨ ਕਿ ਪਰਿਵਾਰ ਦੇ ਬਾਕੀ ਮੈਂਬਰ ਦੂਰੀ ਬਣਾ ਕੇ ਹੀ ਰੱਖਣ।
ਆਪਣੇ ਸ਼ੁਰੂਆਤੀ ਦੌਰਿਆਂ ਦੌਰਾਨ ਜਦੋਂ ਵੀ ਉਹ ਮਾਂ ਨੂੰ ਮਿਲਣ ਆਉਂਦੇ ਸਨ, ਤਾਂ ਤੁਸੀਂ ਵੀ ਵੇਖਿਆ ਹੋਵੇਗਾ ਕਿ ਛੋਟੇ ਭਰਾ ਦਾ ਵੀ ਪਰਿਵਾਰ ਨੇੜੇ ਵਿਖਾਈ ਦਿੰਦਾ ਸੀ, ਪਰ ਹੁਣ ਅਜਿਹਾ ਨਹੀਂ ਹੈ।
ਜੇਕਰ ਤੁਸੀਂ ਪਿਛਲੇ ਕੁਝ ਸਾਲਾਂ ਦੀਆਂ ਤਸਵੀਰਾਂ ਵੇਖੋਗੇ ਤਾਂ ਮਾਂ ਦੇ ਇਲਾਵਾ ਹੋਰ ਕੋਈ ਵੀ ਨਜ਼ਰ ਨਹੀਂ ਆਉਂਦਾ ਹੈ। ਜੇਕਰ ਪਾਰਟੀ ਸਾਨੂੰ ਵੀ ਉਨ੍ਹਾਂ ਦਾ ਪਰਿਵਾਰ ਸਮਝਦੀ ਹੈ ਅਤੇ ਸਾਨੂੰ ਟਿਕਟ ਨਹੀਂ ਦਿੰਦੀ ਹੈ ਤਾਂ ਇਹ ਪਾਰਟੀ ਦਾ ਆਪਣਾ ਸਟੈਂਡ ਹੈ।
ਸਵਾਲ: ਕੀ ਤੁਹਾਨੂੰ ਲੱਗਦਾ ਹੈ ਕਿ ਇਹ ਤੁਹਾਡੇ ਨਾਲ ਬੇਇਨਸਾਫੀ ਹੈ ?
ਜਵਾਬ: ਜਦੋਂ ਨਰਿੰਦਰ ਮੋਦੀ ਮਾਂ ਨੂੰ ਮਿਲਣ ਲਈ ਆਉਂਦੇ ਹਨ ਤਾਂ ਉਸ ਸਮੇਂ ਤੁਹਾਨੂੰ ਪਰਿਵਾਰ ਦਾ ਇੱਕ ਵੀ ਬੱਚਾ ਵਿਖਾਈ ਨਹੀਂ ਦੇਵੇਗਾ। ਫਿਰ ਕੀ ਇਹ ਬੇਇਨਸਾਫੀ ਨਹੀਂ ਹੈ?

ਤਸਵੀਰ ਸਰੋਤ, RAVEENDRAN/AFP via Getty Images
ਉਹ ਪੰਕਜ ਦੇ ਘਰ ਜਾਂਦੇ ਹਨ, ਕਿਉਂਕਿ ਮਾਂ ਉਨ੍ਹਾਂ ਦੇ ਨਾਲ ਹੀ ਰਹਿੰਦੀ ਹੈ। ਪਰ ਇਸ ਦਾ ਕੀ ਮਤਲਬ ਹੈ ਕਿ ਜਿਵੇਂ ਹੀ ਉਹ ਘਰ ਪਹੁੰਚਦੇ ਹਨ, ਉਸ ਸਮੇਂ ਪਰਿਵਾਰ ਦਾ ਕੋਈ ਵੀ ਮੈਂਬਰ ਉੱਥੇ ਨਹੀਂ ਹੋ ਸਕਦਾ ਹੈ ?
ਸਿਰਫ ਨਰਿੰਦਰ ਹੀ ਮਾਂ ਨਾਲ ਬੈਠ ਸਕਦੇ ਹਨ। ਮੈਨੂੰ ਲੱਗਦਾ ਹੈ ਕਿ ਅਜਿਹਾ ਇਸ ਲਈ ਹੁੰਦਾ ਹੋਵੇਗਾ ਤਾਂ ਕਿ ਤਸਵੀਰਾਂ ਵਧੇਰੇ ਸਾਫ਼ ਮਿਲਣ।
ਜਾਂ ਫਿਰ ਹੋ ਸਕਦਾ ਹੈ ਕਿ ਨਰਿੰਦਰ ਭਰਾ ਨੂੰ ਲੱਗਦਾ ਹੋਵੇ ਕਿ ਉਨ੍ਹਾਂ ਨੇ ਘਰ ਛੱਡ ਦਿੱਤਾ ਹੈ, ਇਸ ਲਈ ਪਰਿਵਾਰ ਦੀ ਵੀ ਜ਼ਰੂਰਤ ਨਹੀਂ ਹੈ।
ਇਸ ਲਈ ਤਸਵੀਰ ਵਿੱਚ ਵੀ ਪਰਿਵਾਰ ਦਾ ਕੋਈ ਵੀ ਜੀਅ ਨਹੀਂ ਆਉਣਾ ਚਾਹੀਦਾ ਹੈ। ਇਹ ਸਭ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਨਰਿੰਦਰ ਭਰਾ ਜੀ ਕੀ ਸੋਚਦੇ ਹਨ।
ਅਸੀਂ ਕਿਰਤੀ ਵਰਗ ਦੇ ਲੋਕ ਹਾਂ। ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸਾਡਾ ਭਰਾ ਦੇਸ਼ ਦਾ ਪ੍ਰਧਾਨ ਮੰਤਰੀ ਹੈ। ਪਰ ਅਸੀਂ ਕਦੇ ਵੀ ਉਨ੍ਹਾਂ ਦੀ ਤਸਵੀਰ ਦੀ ਵਰਤੋਂ ਆਪਣੇ ਨਿੱਜੀ ਫਾਇਦੇ ਲਈ ਨਹੀਂ ਕੀਤੀ ਹੈ ਅਤੇ ਭਵਿੱਖ ਵਿੱਚ ਵੀ ਨਹੀਂ ਕਰਾਂਗੇ।
ਸਵਾਲ: ਇੱਕ ਰੋਜ਼ਾਨਾ ਅਖ਼ਬਾਰ ਨੇ ਤੁਹਾਡੇ ਬਿਆਨ ਨੂੰ ਪ੍ਰਕਾਸ਼ਤ ਕੀਤਾ ਹੈ ਕਿ ਜਿਸ ਤਰ੍ਹਾਂ ਮੇਰੀ ਧੀ ਨਾਲ ਵਿਵਹਾਰ ਕੀਤਾ ਜਾਵੇਗਾ, ਉਸ ਤੋਂ ਹੀ ਸਪੱਸ਼ਟ ਹੋ ਜਾਵੇਗਾ ਕਿ ਸੰਸਦੀ ਬੋਰਡ ਪ੍ਰਧਾਨ ਮੰਤਰੀ ਮੋਦੀ ਦਾ ਕਿੰਨਾ ਆਦਰ ਸਤਿਕਾਰ ਕਰਦਾ ਹੈ।
ਜਵਾਬ: ਅਜਿਹਾ ਬਿਆਨ ਦੇਣ ਪਿੱਛੇ ਇੱਕ ਖਾਸ ਕਾਰਨ ਹੈ। ਪਾਰਟੀ ਜੋ ਵੀ ਨਿਯਮ ਬਣਾਉਂਦੀ ਹੈ, ਉਹ ਦੇਸ਼ ਭਰ ਵਿੱਚ ਪਾਰਟੀ ਦੇ ਸਾਰੇ ਵਰਕਰਾਂ ਅਤੇ ਆਗੂਆਂ 'ਤੇ ਲਾਗੂ ਹੁੰਦੇ ਹਨ।
ਜੇਕਰ ਰਾਜਨਾਥ ਸਿੰਘ ਦਾ ਬੇਟਾ ਸੰਸਦ ਮੈਂਬਰ ਬਣ ਸਕਦਾ ਹੈ, ਜੇਕਰ ਮੱਧ ਪ੍ਰਦੇਸ਼ ਤੋਂ ਵਰਗੀਸ ਦਾ ਬੇਟਾ ਵਿਧਾਇਕ ਹੋ ਸਕਦਾ ਹੈ ਅਤੇ ਜੇਕਰ ਗ੍ਰਹਿ ਮੰਤਰੀ ਦਾ ਪੁੱਤਰ ਜੈ, ਜਿਨ੍ਹਾਂ ਦਾ ਕਿ ਕ੍ਰਿਕਟ ਵਿੱਚ ਕੋਈ ਖਾਸਾ ਯੋਗਦਾਨ ਵੀ ਨਹੀਂ ਹੈ (ਘੱਟੋ-ਘੱਟ ਮੇਰੀ ਜਾਣਕਾਰੀ ਵਿੱਚ) ਅਤੇ ਨਾ ਹੀ ਮੈਂ ਇਸ ਖੇਤਰ ਵਿੱਚ ਉਨ੍ਹਾਂ ਦੀ ਕੋਈ ਉਪਲਬਧੀ ਬਾਰੇ ਪੜਿਆ-ਸੁਣਿਆ ਹੈ, ਇਸ ਦੇ ਬਾਵਜੂਦ ਉਨ੍ਹਾਂ ਨੂੰ ਕ੍ਰਿਕਟ ਕੰਟਰੋਲ ਬੋਰਡ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਉਨ੍ਹਾਂ ਕੋਲ ਕੀ ਕੋਈ ਡਿਗਰੀ ਹੈ ਕਿ ਉਹ ਸਰਕਾਰ ਲਈ ਲਾਭਕਾਰੀ ਹੈ? ਇਸ ਦੇ ਨਾਲ ਹੀ ਭਾਜਪਾ ਸਮੇਤ ਦੂਜੇ ਧਿਰਾਂ ਵਿੱਚ ਉਨ੍ਹਾਂ ਨੂੰ ਲਗਾਤਾਰ ਸਮਰਥਨ ਵੀ ਮਿਲ ਰਿਹਾ ਹੈ।
ਅਜਿਹੇ ਵਿੱਚ ਜੇਕਰ ਉਹ ਕ੍ਰਿਕਟ ਬੋਰਡ ਦੇ ਸਕੱਤਰ ਬਣ ਸਕਦੇ ਹਨ ਤਾਂ ਪਾਰਟੀ ਦੋ ਵੱਖ-ਵੱਖ ਤਰੀਕਿਆਂ ਨਾਲ ਕੰਮ ਕਰ ਰਹੀ ਹੈ।
ਅਮਿਤ ਸ਼ਾਹ ਦੇ ਬੇਟੇ ਜੈ ਸ਼ਾਹ ਬੀਸੀਸੀਆਈ ਦੇ ਸਕੱਤਰ ਹਨ ਅਤੇ ਹਾਲ ਵਿੱਚ ਹੀ ਉਨ੍ਹਾਂ ਨੂੰ ਏਸ਼ੀਆਈ ਕ੍ਰਿਕਟ ਕੌਂਸਲ ਦਾ ਪ੍ਰਧਾਨ ਵੀ ਚੁਣਿਆ ਗਿਆ ਹੈ।
ਜੋ ਉਨ੍ਹਾਂ ਦੀ ਹਾਂ ਵਿੱਚ ਹਾਂ ਮਿਲਾਉਂਦੇ ਹਨ, ਉਨ੍ਹਾਂ ਨੂੰ ਹੀ ਅਹੁਦਿਆਂ ਨਾਲ ਨਵਾਜ਼ਿਆ ਜਾਂਦਾ ਹੈ। ਇਹ ਸਾਫ਼ ਤੇ ਸਪੱਸ਼ਟ ਹੈ।
ਮੈਂ ਸਾਫ਼ ਕਹਿ ਰਿਹਾ ਹਾਂ ਕਿ ਉਹ ਇੱਕ ਕਾਬਿਲ ਆਗੂ ਹੈ ਅਤੇ ਜਿੱਤਣ ਦੇ ਟੀਚੇ ਨਾਲ ਅੱਗੇ ਵੱਧ ਰਹੀ ਹੈ ਤਾਂ ਸੰਸਦੀ ਬੋਰਡ ਨੂੰ ਉਸ ਨੂੰ (ਧੀ) ਨੂੰ ਟਿਕਟ ਦੇਣਾ ਹੀ ਚਾਹੀਦਾ ਹੈ, ਨਾ ਕਿ ਇਸ ਲਈ ਕਿ ਉਹ ਪੀਐੱਮ ਮੋਦੀ ਦੀ ਭਤੀਜੀ ਹੈ।
ਮੈਨੂੰ ਅਤੇ ਮੇਰੀ ਧੀ ਨੂੰ ਪੀਐਮ ਦੇ ਰਿਸ਼ਤੇਦਾਰ ਹੋਣ ਨਾਤੇ ਕੋਈ ਵੀ ਕਿਰਪਾ ਕਬੂਲ ਨਹੀਂ ਹੈ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












