ਭਾਰਤ-ਆਸਟਰੇਲੀਆ ਟੈਸਟ ਮੈਚ: ਅਜਿੰਕਿਆ ਰਹਾਣੇ ਦੀ ਕਪਤਾਨੀ ਨੇ ਕਿਸ ਤਰ੍ਹਾਂ ਕੀਤੀ ਕਮਾਲ

ਤਸਵੀਰ ਸਰੋਤ, ANI
- ਲੇਖਕ, ਆਦੇਸ਼ ਕੁਮਾਰ ਗੁਪਤ
- ਰੋਲ, ਉੱਘੇ ਖੇਡ ਪੱਤਰਕਾਰ, ਬੀਬੀਸੀ ਲਈ
ਭਾਰਤ ਅਤੇ ਆਸਟਰੇਲੀਆ ਦਰਮਿਆਨ ਖੇਡੀ ਜਾ ਰਹੀ ਚਾਰ ਟੈਸਟ ਮੈਚਾਂ ਦੀ ਸੀਰੀਜ਼ ਦਾ ਦੂਜਾ ਟੈਸਟ ਬੇਹੱਦ ਰੋਮਾਂਚਿਕ ਰਿਹਾ।
ਆਸਟਰੇਲੀਆ ਖਿਲਾਫ ਦੂਜੇ ਟੈਸਟ ਮੈਚ ਵਿੱਚ ਭਾਰਤ ਨੇ ਚੰਗੀ ਜਿੱਤ ਹਾਸਲ ਕੀਤੀ ਹੈ।
ਪਹਿਲੇ ਟੈਸਟ ਦੀ ਦੂਜੀ ਪਾਰੀ ਵਿੱਚ ਮਹਿਜ਼ 36 ਰਨਾਂ ਨਾਲ ਅੱਠ ਵਿਕਟਾਂ 'ਤੇ ਹਾਰਨ ਵਾਲੀ ਭਾਰਤੀ ਟੀਮ ਮੈਲਬਰਨ ਵਿੱਚ ਖੇਡੇ ਜਾ ਰਹੇ ਦੂਸਰੇ ਟੈਸਟ ਮੈਚ ਵਿੱਚ ਆਸਟਰੇਲੀਆ 'ਤੇ ਹਾਵੀ ਹੈ।
ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ, ਕਿਉਂਕਿ ਟੈਸਟ ਕ੍ਰਿਕਟ ਦੇ ਇਤਿਹਾਸ ਵਿੱਚ ਸਭ ਤੋਂ ਘੱਟ ਸਕੋਰ 'ਤੇ ਆਉਟ ਹੋਣਾ ਅਤੇ ਅਗਲੇ ਮੈਚ ਵਿੱਚ ਉਸ ਸਮੇਂ ਜਦੋਂ ਤਕਰੀਬਨ ਅੱਧੀ ਟੀਮ ਬਦਲੀ ਹੋਈ ਹੋਵੇ, ਉਹ ਵੀ ਜਿਨ੍ਹਾਂ ਵਿੱਚ ਦੋ ਖਿਡਾਰੀ ਆਪਣਾ ਪਹਿਲਾ ਟੈਸਟ ਮੈਚ ਖੇਡ ਰਹੇ ਹੋਣ ਹੋਰ ਤਾਂ ਹੋਰ ਵਿਰਾਟ ਕੋਹਲੀ ਦੀ ਜਗ੍ਹਾ ਬਤੌਰ ਕਪਤਾਨ ਵਾਗਡੋਰ ਸੰਭਾਲੀ ਹੋਵੇ ਅਤੇ ਉਹ ਵੀ ਵਿਦੇਸ਼ ਦੀ ਧਰਤੀ 'ਤੇ ਇਹ ਸੌਖਾ ਤਾਂ ਬਿਲਕੁਲ ਨਹੀਂ ਕਿਹਾ ਜਾ ਸਕਦਾ।
ਇਹ ਵੀ ਪੜ੍ਹੋ:
ਨਵੇਂ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਅਤੇ ਬਦਲੇ ਹੋਏ ਵਿਕੇਟ ਕੀਪਰ ਰਿਸ਼ਭ ਪੰਤ ਦੇ ਨਾਲ, ਸਭ ਤੋਂ ਤਜ਼ਰਬੇਕਾਰ ਗੇਂਦਬਾਜ਼ ਮੁਹੰਮਦ ਸ਼ਮੀ ਦੇ ਬਿਨ੍ਹਾਂ 'ਤੇ ਨਵੇਂ ਗੇਂਦਬਾਜ਼ ਮੁਹੰਮਦ ਸਿਰਾਜ ਦੇ ਨਾਲ ਆਪਣੇ ਕਪਤਾਨ ਵਿਰਾਟ ਕੋਹਲੀ ਦੀ ਗ਼ੈਰ-ਮੌਜੂਦਗੀ ਵਿੱਚ ਅਜਿੰਕਿਆ ਨੇ ਟੀਮ ਦੀ ਅਗਵਾਈ ਕੀਤੀ।
ਰਹਾਣੇ ਜਦੋਂ ਟੌਸ ਲਈ ਉੱਤਰੇ ਤਾਂ ਸ਼ਾਇਦ ਹੀ ਕਿਸੇ ਨੂੰ ਯਕੀਨ ਹੋ ਰਿਹਾ ਹੋਵੇ ਕਿ ਇਹ ਮੈਚ ਇਸ ਕਦਰ ਭਾਰਤੀ ਟੀਮ ਦੇ ਪੱਖ ਵਿੱਚ ਰਹੇਗਾ।
ਆਸਟਰੇਲੀਆ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਪਰ ਪਹਿਲੇ ਹੀ ਦਿਨ ਚਾਹ ਦੇ ਸਮੇਂ ਪਤਾ ਲੱਗਿਆ ਕਿ ਅਜਿੰਕਿਆ ਰਹਾਣੇ ਕਪਤਾਨ ਵਜੋਂ ਕਿਸ ਮਿੱਟੀ ਦੇ ਬਣੇ ਹਨ।
ਅਸਟਰੇਲੀਆਂ ਨੂੰ ਭਾਰਤੀ ਟੀਮ ਪਹਿਲੀ ਪਾਰੀ ਵਿੱਚ 196 ਦੌੜਾਂ 'ਤੇ ਸਿਮਟਾ ਚੁੱਕੀ ਸੀ। ਅਤੇ ਬਾਅਦ ਵਿੱਚ ਕਪਤਾਨ ਵਜੋਂ ਖੇਡਦਿਆਂ ਅਜਿੰਕਿਆ ਰਹਾਣੇ ਨੇ ਬੇਹੱਦ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਆਪਣੇ ਟੈਸਟ ਕਰੀਅਰ ਦਾ 12ਵਾਂ ਤੇ ਬਤੌਰ ਕਪਤਾਨ ਪਹਿਲਾ ਸੈਂਕੜਾ ਬਣਾਇਆ।
ਰਹਾਣੇ ਦੇ ਸੈਂਕੜੇ ਸਦਕਾ ਭਾਰਤ ਪਹਿਲੀ ਪਾਰੀ ਵਿੱਚ 326 ਦੋੜਾਂ ਬਣਾਕੇ 131 ਦੋੜਾਂ ਤੋਂ ਅੱਗੇ ਰਹਿਣ ਵਿੱਚ ਕਾਮਯਾਬ ਰਹੇ। ਰਹਾਣੇ ਨੇ ਰਨ ਆਉਟ ਹੋਣ ਤੋਂ ਪਹਿਲਾਂ 112 ਦੋੜਾਂ ਬਣਾਈਆਂ। ਵਿਰਾਟ ਕੋਹਲੀ ਨੇ ਵੀ ਰਹਾਣੇ ਦੀ ਤਾਰੀਫ਼ ਕਰਦਿਆਂ ਇਸ ਨੂੰ ਸਰਬਉੱਤਮ ਸੈਂਕੜੇ ਦੀ ਪਾਰੀ ਦੱਸਿਆ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਸਮਝਦਾਰੀ ਭਰੇ ਕਪਤਾਨ ਨਜ਼ਰ ਆਏ ਰਹਾਣੇ
ਅਜਿੰਕਿਆ ਰਹਾਣੇ ਨੇ ਜਿਸ ਤਰ੍ਹਾਂ ਆਸਟਰੇਲੀਆ ਦੇ ਬੱਲੇਬਾਜ਼ਾਂ ਨੂੰ ਆਪਣੀ ਕਪਤਾਨੀ ਦੇ ਜਾਲ ਵਿੱਚ ਫ਼ਸਾਇਆ ਉਸ ਨੂੰ ਦੇਖਕੇ ਸਾਬਕਾ ਕ੍ਰਿਕਟ ਖਿਡਾਰੀ ਅਤੇ ਚੋਣਕਾਰ ਰਹੇ ਮਦਨ ਲਾਲ ਕਹਿੰਦੇ ਹਨ ਕਿ ਰਹਾਣੇ ਨੇ ਫ਼ੀਲਡਰ ਉੱਥੇ ਖੜੇ ਕੀਤੇ ਜਿੱਥੇ ਆਸਟਰੇਲੀਆ ਦੇ ਬੱਲੇਬਾਜ਼ਾਂ ਨੇ ਕੈਚ ਦਿੱਤੇ।
ਸੁਣਨ ਵਿੱਚ ਇਹ ਗੱਲ ਚਾਹੇ ਆਮ ਲੱਗੇ ਪਰ ਹੈ ਬਹੁਤ ਅਹਿਮ। ਰਹਾਣੇ ਨੇ ਆਸਟਰੇਲੀਆ ਦੇ ਅਨੁਭਵੀ ਬੱਲੇਬਾਜ਼ ਸਟੀਵ ਸਮਿੱਥ 'ਤੇ ਅਜਿਹਾ ਦਬਾਅ ਬਣਾਇਆ ਕਿ ਉਹ ਇੱਕ ਵਾਰ ਫ਼ਿਰ ਤੋਂ ਦੋਵਾਂ ਪਾਰੀਆਂ ਵਿੱਚ ਕੁਝ ਖ਼ਾਸ ਪ੍ਰਦਰਸ਼ਨ ਨਾ ਕਰ ਸਕੇ।

ਤਸਵੀਰ ਸਰੋਤ, EPA/SCOTT BARBOUR
65 ਦੀ ਔਸਤ ਨਾਲ ਸੱਤ ਹਜ਼ਾਰ ਤੋਂ ਵੱਧ ਟੈਸਟ ਦੌੜਾਂ ਬਣਾ ਚੁੱਕੇ ਇਸ ਦਹਾਕੇ ਦੇ ਸਭ ਤੋਂ ਬਿਹਤਰ ਟੈਸਟ ਬੱਲੇਬਾਜ਼ ਚੁਣੇ ਗਏ ਸਟੀਵ ਸਮਿੱਥ ਨੂੰ ਸੀਮਿਤ ਕਰਨਾ ਸੌਖਾ ਨਹੀਂ ਹੈ।
ਪਰ ਸੀਰੀਜ਼ ਦੀਆਂ ਚਾਰ ਪਾਰੀਆਂ ਵਿੱਚ ਹੁਣ ਤੱਕ ਉਨ੍ਹਾਂ ਦਾ ਸਕੋਰ 1,1,0,8 ਰਿਹਾ। ਜੋ ਦੱਸਦਾ ਹੈ ਕਿ ਇਨ੍ਹਾਂ ਵਿਕਟਾਂ 'ਤੇ ਬੱਲੇਬਾਜ਼ੀ ਕਰਨਾ ਉਨਾਂ ਸੌਖਾ ਵੀ ਨਹੀਂ। ਖ਼ੁਦ ਰਹਾਣੇ ਦਾ ਸੈਂਕੜਾ ਦੋਵਾਂ ਟੀਮਾਂ ਦੇ ਕਿਸੇ ਵੀ ਬੱਲੇਬਾਜ਼ ਦਾ ਪਹਿਲਾਂ ਸੈਂਕੜਾ ਹੈ।
ਰਹਾਣੇ ਦੀ ਕਪਤਾਨੀ ਵਿੱਚ ਇੱਕ ਸੂਝ ਬੂਝ ਉਸ ਸਮੇਂ ਵੀ ਦੇਖਣ ਨੂੰ ਮਿਲੀ ਜਦੋਂ ਪਹਿਲੀ ਪਾਰੀ ਵਿੱਚ ਆਸਟਰੇਲੀਆ ਦੇ ਪਿਛਲੇ ਬੱਲੇਬਾਜ਼ ਤੇਜ਼ੀ ਨਾਲ ਖੇਡ ਕੇ ਦੌੜਾਂ ਬਣਾ ਰਹੇ ਸਨ।
ਉਸ ਸਮੇਂ ਉਨ੍ਹਾਂ ਨੇ ਗੇਂਦ ਸਪਿਨਰ ਰਵਿੰਦਰ ਜਡੇਜਾ ਦੇ ਹੱਥਾਂ ਵਿੱਚ ਦਿੱਤੀ ਅਤੇ ਫ਼ੀਲਡਰਾਂ ਨੂੰ ਥੋੜ੍ਹਾ ਪਿੱਛੇ ਰੱਖਿਆ ਤਾਂ ਕਿ ਉਹ ਆਸਾਨੀ ਨਾਲ ਉੱਚੇ ਸ਼ੌਟਾਂ ਨੂੰ ਕੈਚ ਵਿੱਚ ਬਦਲ ਸਕਣ।
ਇਸ ਤੋਂ ਇਲਾਵਾ ਨਵੇਂ ਗੇਂਦਬਾਜ਼ ਮੁਹੰਮਦ ਸਿਰਾਜ ਨੂੰ ਚਾਹੇ ਉਹ ਦੁਪਿਹਰ ਦੇ ਖਾਣੇ ਤੋਂ ਬਾਅਦ ਗੇਂਦਬਾਜ਼ੀ ਲਈ ਲਿਆਏ ਪਰ ਇਸ ਦੌਰਾਨ ਉਹ ਲਗਾਤਾਰ ਉਨ੍ਹਾਂ ਨਾਲ ਗੱਲਬਾਤ ਕਰਦੇ ਰਹੇ ਅਤੇ ਉਨ੍ਹਾਂ ਦਾ ਹੌਸਲਾ ਬਣਾਈ ਰੱਖਿਆ।
ਰਹਾਣੇ ਦੀ ਕਪਤਾਨੀ ਵਿੱਚ ਖੇਡ ਚੁੱਕੇ ਤੇਜ਼ ਗੇਂਦਬਾਜ਼ ਈਸ਼ਾਂਤ ਸ਼ਰਮਾਂ ਨੇ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਿਹਾ ਸੀ ਕਿ ਰਹਾਣੇ ਗੇਂਦਬਾਜ਼ਾਂ ਦੇ ਕਪਤਾਨ ਹਨ ਕਿਉਂਕਿ ਉਹ ਕਦੇ ਵੀ ਉਨ੍ਹਾਂ (ਗੇਂਦਬਾਜ਼ਾਂ ਨੂੰ) ਨੂੰ ਨਹੀਂ ਸਮਝਾਉਂਦੇ ਕਿ ਉਹ ਕੀ ਕਰਨ। ਇਸ ਕਰਕੇ ਗੇਂਦਬਾਜ਼ ਦਾ ਹੌਸਲਾਂ ਵੱਧਦਾ ਹੈ।
ਹਾਂ, ਉਹ ਗੇਂਦਬਾਜ਼ਾਂ ਨੂੰ ਇਹ ਜ਼ਰੂਰ ਪੁੱਛਦੇ ਰਹਿੰਦੇ ਹਨ ਕਿ ਉਨ੍ਹਾਂ ਨੂੰ ਫ਼ੀਲਡਰ ਕਿੱਥੇ ਚਾਹੀਦੇ ਹਨ। ਈਸ਼ਾਂਤ ਖ਼ੁਦ ਇਸ ਸੀਰੀਜ਼ ਵਿੱਚ ਖੇਡਦੇ ਦੇਖੇ ਜਾਂਦੇ ਪਰ ਉਹ ਤੰਦਰੁਸਤ ਨਹੀਂ ਹਨ। ਉਸ ਤਰ੍ਹਾਂ ਟੀਮ ਉਮੇਸ਼ ਯਾਦਵ ਦੀ ਸਿਹਤਯਾਬੀ ਨੂੰ ਲੈ ਕੇ ਵੀ ਸੋਚ ਵਿੱਚ ਹੈ।
ਮੁਸ਼ਕਿਲ ਸਥਿਤੀ ਵਿੱਚ ਮਿਲੀ ਕਪਤਾਨੀ
ਦੂਜਾ ਟੈਸਟ ਸ਼ੁਰੂ ਹੋਣ ਤੋਂ ਪਹਿਲਾਂ ਵੀ ਭਾਰਤੀ ਟੀਮ ਕਈ ਸਵਾਲਾਂ ਵਿੱਚ ਘਿਰ ਗਈ ਅਤੇ ਅਜਿਹਾ ਮਾਹੌਲ ਬਣ ਗਿਆ ਜਿਵੇਂ ਬਾਰਾਤ ਬੂਹੇ 'ਤੇ ਹੋਵੇ ਤੇ ਲਾੜੀ ਦਾ ਪਤਾ ਨਾ ਹੋਵੇ।
ਇਹ ਕੋਈ ਛੋਟੇ ਮੋਟੇ ਸਵਾਲ ਨਹੀਂ ਸਨ। ਪਹਿਲੇ ਟੈਸਟ ਦੀ ਦੂਸਰੀ ਪਾਰੀ 36 ਦੌੜਾਂ ਨਾਲ ਖ਼ਤਮ ਹੋ ਗਈ। ਟੀਮ ਕਪਤਾਨ ਵਿਰਾਟ ਕੋਹਲੀ ਪਿਤਾ ਬਣਨ ਵਾਲੇ ਹਨ ਅਤੇ ਉਹ ਭਾਰਤ ਵਾਪਸ ਆ ਗਏ। ਓਪਨਰ ਪ੍ਰਿਥਵੀ ਸ਼ਾਹ ਦੀ ਨਾਕਾਮੀ ਦਾ ਰੌਲਾ ਵੱਖਰਾ ਪਿਆ ਹੋਇਆ ਸੀ।

ਤਸਵੀਰ ਸਰੋਤ, EPA/SCOTT BARBOUR
ਸ਼ਮੀ ਦੇ ਗੁੱਟ 'ਤੇ ਫ਼ਰੈਕਚਰ ਹੋ ਗਿਆ। ਉਹ ਵੀ ਭਾਰਤ ਵਾਪਸ ਆ ਗਏ ਅਤੇ ਪੂਰੀ ਸੀਰੀਜ਼ ਤੋਂ ਬਾਹਰ ਹੋ ਗਏ। ਵਿਕੇਟਕੀਪਰ ਰਿਧੀਮਾਨ ਸਾਹਾ ਵੀ ਮਾੜੇ ਪ੍ਰਦਰਸ਼ਨ ਕਰਕੇ ਟੀਮ ਵਿੱਚ ਆਪਣੀ ਜਗ੍ਹਾ ਗੁਆ ਬੈਠੇ। ਅਜਿਹਾ ਸ਼ਾਇਦ ਭਾਰਤੀ ਟੀਮ ਦੇ ਇਤਿਹਾਸ ਵਿੱਚ ਬਹੁਚ ਸਮੇਂ ਬਾਅਦ ਹੋਇਆ।
ਕਪਤਾਨ ਅਜਿੰਕਿਆ ਰਹਾਣੇ ਗੁਨਾਹ ਦੀ ਭਾਵਨਾ ਵਿੱਚ ਸਨ ਕਿ ਸ਼ਾਇਦ ਉਨ੍ਹਾਂ ਕਰਕੇ ਭਾਰਤੀ ਟੀਮ ਨੇ ਆਪਣਾ ਪਹਿਲਾ ਟੈਸਟ ਮੈਚ ਹਾਰਿਆ ਕਿਉਂਕਿ ਵਿਰਾਟ ਕੋਹਲੀ ਦੇ ਰਨ ਆਉਟ ਹੋਣ ਤੋਂ ਬਾਅਦ ਪਹਿਲਾ ਟੈਸਟ ਆਸਟਰੇਲੀਆਂ ਦੇ ਹੱਥਾਂ ਵਿੱਚ ਆ ਗਿਆ ਸੀ।
ਇਨ੍ਹਾਂ ਹਾਲਾਤਾਂ ਨਾਲ ਦੋ ਹੱਥ ਹੁੰਦੇ ਹੋਏ ਰਹਾਣੇ ਨੇ ਵੱਡਾ ਦਿਲ ਦਿਖਾਉਂਦਿਆਂ ਪਹਿਲਾਂ ਤਾਂ ਵਿਰਾਟ ਤੋਂ ਮੁਆਫ਼ੀ ਮੰਗੀ ਅਤੇ ਫ਼ਿਰ ਕਿਹਾ ਕਿ ਚਾਹੇ ਆਸਟਰੇਲੀਆਂ ਮਾਨਸਿਕ ਖੇਡ ਖੇਡਦਾ ਹੈ ਪਰ ਉਨ੍ਹਾਂ ਦਾ ਧਿਆਨ ਆਪਣੀ ਟੀਮ 'ਤੇ ਕੇਂਦਰਿਤ ਰਹੇਗਾ।
ਇਸ ਤੋਂ ਪਹਿਲਾਂ ਆਸਟਰੇਲੀਆਂ ਦੇ ਕੋਚ ਜਸਟਿਨ ਲੈਂਗਰ ਨੇ ਕਿਹਾ ਸੀ ਕਿ ਭਾਰਤੀ ਟੀਮ ਦਬਾਅ ਵਿੱਚ ਰਹੇਗੀ ਤਾਂ ਚੰਗਾ ਹੋਵੇਗਾ।
ਤਾਂ ਹੁਣ ਸਥਿਤੀ ਇਹ ਬਣੀ ਕਿ ਨਵੇਂ ਬਦਲਾਅ, ਜਿਸ ਵਿੱਚ ਸ਼ੁਭਮਨ ਗਿੱਲ ਅਤੇ ਮੁਹੰਮਦ ਸਿਰਾਜ ਵਰਗੇ ਪਹਿਲਾ ਟੈਸਟ ਖੇਡਣ ਵਾਲੇ ਖਿਡਾਰੀਆਂ ਅਤੇ ਰਵਿੰਦਰ ਜਡੇਜਾ ਅਤੇ ਵਿਕੇਟਕੀਪਰ ਰਿਸ਼ਭ ਪੰਤ ਦੀ ਟੀਮ ਵਿੱਚ ਵਾਪਸੀ ਦੇ ਨਾਲ ਐਮਸੀਜੀ ਦੇ ਇਤਿਹਾਸਿਕ ਮੈਦਾਨ ਵਿੱਚ ਉੱਤਰਨ ਵਾਲੀ ਭਾਰਤੀ ਟੀਮ, ਅਜਿੰਕਿਆ ਰਹਾਣੇ ਦੀ ਕਪਤਾਨੀ ਵਿੱਚ ਇਤਿਹਾਸ ਸਿਰਜਣ ਵਾਲੀ ਸੀ।
ਦਾਅਪੇਚਾਂ ਦੇ ਮਾਹਰ ਕਪਤਾਨ ਰਹਾਣੇ
ਜਦੋਂ ਸਾਰਾ ਕੁਝ ਚੰਗਾ ਹੋਵੇ ਤਾਂ ਕੁਝ ਬੁਰਾ ਯਾਦ ਨਹੀਂ ਆਉਂਦਾ। ਪਰ ਅਜਿੰਕਿਆ ਰਹਾਣੇ ਲਈ ਤਾਂ ਇਹ ਸੀਰੀਜ਼ ਮੇਕ ਜਾਂ ਬਰੇਕ ਵਾਲੀ ਸੀ।
ਸੀਰੀਜ਼ ਵਿੱਚ ਪਹਿਲਾਂ ਉਨ੍ਹਾਂ ਦਾ ਬੱਲਾ ਨਾ ਸਿਰਫ਼ ਆਈਪੀਐਲ ਵਿੱਚ ਖਾਮੋਸ਼ ਰਿਹਾ ਬਲਕਿ ਪਿਛਲੀ ਟੈਸਟ ਸੀਰੀਜ਼ ਵਿੱਚ ਵੀ ਕੁਝ ਕਰਨ ਤੋਂ ਨਾਕਾਮ ਰਿਹਾ।
ਇਥੋਂ ਤੱਕ ਕਿ ਇੱਕ ਸਮੇਂ ਤਾਂ ਉਹ ਇੱਕ ਰੋਜ਼ਾ ਕ੍ਰਿਕੇਟ ਟੀਮ ਤੋਂ ਇਸ ਕਰਕੇ ਬਾਹਰ ਹੋਏ ਕਿਉਂਕਿ ਕਿਹਾ ਗਿਆ ਕਿ ਉਨ੍ਹਾਂ ਕੋਲ ਸ਼ਾਟਸ ਨਹੀਂ ਹਨ। ਇਸਦੇ ਬਾਵਜੂਦ ਉਨ੍ਹਾਂ ਨੇ ਆਪਣਾ ਆਤਮ ਵਿਸ਼ਵਾਸ ਨਹੀਂ ਗਵਾਇਆ ਅਤੇ ਮੌਕੇ ਦੀ ਉਡੀਕ ਕਰਦੇ ਰਹੇ।

ਤਸਵੀਰ ਸਰੋਤ, REUTERS
ਉਸ ਤਰ੍ਹਾਂ ਰਹਾਣੇ ਇਸ ਤੋਂ ਪਹਿਲਾਂ ਵੀ ਘਰੇਲੂ ਪਿੱਚਾਂ 'ਤੇ ਆਸਟਰੇਲੀਆਂ ਖ਼ਿਲਾਫ਼ ਸਾਲ 2017 ਵਿੱਚ ਧਰਮਸ਼ਾਲਾ 'ਚ ਅਤੇ 2018 'ਚ ਬੈਂਗਲੁਰੂ ਵਿੱਚ ਅਫ਼ਗਾਨਿਸਤਾਨ ਵਿਰੁੱਧ ਕਪਤਾਨੀ ਕਰ ਚੁੱਕੇ ਹਨ ਅਤੇ ਦੋਵਾਂ ਮੈਂਚਾਂ ਵਿੱਚ ਭਾਰਤ ਨੂੰ ਜਿੱਤ ਹਾਸਿਲ ਹੋਈ ਸੀ।
ਇਸ ਤੋਂ ਇਲਾਵਾ ਰਹਾਣੇ ਨੇ ਸਾਲ 2015 ਵਿੱਚ ਜ਼ਿੰਮਬਾਬੇ ਖ਼ਿਲਾਫ਼ ਹਰਾਰੇ ਵਿੱਚ ਖੇਡੀ ਗਈ ਇੱਕ ਰੋਜ਼ਾ ਸੀਰੀਜ਼ ਵਿੱਚ ਵੀ 3-0 ਨਾਲ ਜਿੱਤੀ ਸੀ।
ਉਸ ਸੀਰੀਜ਼ ਨੂੰ ਜਿੱਤ ਕੇ ਉਨ੍ਹਾਂ ਨੇ ਦਿਖਾਇਆ ਸੀ ਕਿ ਉਹ ਬਿਹਤਰੀਨ ਕਪਤਾਨ ਅਤੇ ਬੱਲੇਬਾਜ਼ ਹਨ। ਇਸ ਤੋਂ ਇਲਾਵਾ ਉਹ ਦੋ ਟੀ-20 ਮੈਚਾਂ ਵਿੱਚ ਵੀ ਭਾਰਤ ਦੀ ਕਪਤਾਨੀ ਕਰ ਚੁੱਕੇ ਹਨ। ਜਿਨਾਂ ਵਿੱਚੋਂ ਇੱਕ ਵਿੱਚ ਉਨ੍ਹਾਂ ਨੂੰ ਜਿੱਤ ਅਤੇ ਇੱਕ ਵਿੱਚ ਹਾਰ ਮਿਲੀ ਸੀ।
ਭਾਰਤ ਦਾ ਹੌਸਲਾ ਫ਼ਿਰ ਤੋਂ ਬਣਾਇਆ
ਰਹਾਣੇ ਵਲੋਂ ਉੱਲਟ ਹਾਲਾਤਾਂ ਵਿੱਚ ਕੀਤੀ ਗਈ ਕਪਤਾਨੀ ਨੂੰ ਲੈ ਕੇ ਕ੍ਰਿਕਟ ਸਮੀਖਿਅਕ ਅਯਾਜ਼ ਮੇਮਨ ਕਹਿੰਦੇ ਹਨ, "ਰਹਾਣੇ ਨੂੰ ਬੇਹੱਦ ਮੁਸ਼ਕਿਲ ਹਾਲਾਤ ਵਿੱਚ ਕਪਤਾਨੀ ਮਿਲੀ। ਪਹਿਲੇ ਮੈਟ ਵਿੱਚ ਟੀਮ 36 ਦੋੜਾਂ ਦੇ ਇਤਿਹਾਸਿਕ ਸਕੋਰ 'ਤੇ ਸਿਮਟ ਗਈ। ਟੀਮ ਦਾ ਮਨੋਬਲ ਅਤੇ ਮੋਢੇ ਦੋਵੇਂ ਹੀ ਝੁਕੇ ਹੋਏ ਸਨ।"
"ਪਰ ਦੂਸਰੇ ਟੈਸਟ ਮੈਚ ਵਿੱਚ ਉਨ੍ਹਾਂ ਨੇ ਆਪਣੇ ਬੱਲੇਬਾਜ਼ਾਂ ਦਾ ਹੌਸਲਾ ਵਧਾਇਆ ਅਤੇ ਬਿਹਤਰੀਨ ਫ਼ੀਲਡਿੰਗ ਸਜਾਈ ਜੋ ਦੱਸਦਾ ਹੈ ਕਿ ਬਤੌਰ ਕਪਤਾਨ ਉਨ੍ਹਾਂ ਦਾ ਤਜ਼ਰਬਾ ਕਿਸ ਤਰ੍ਹਾਂ ਦਾ ਹੈ ਅਤੇ ਟੈਸਟ ਕ੍ਰਿਕੇਟ ਦੀ ਉਨ੍ਹਾਂ ਦੀ ਆਪਣੀ ਸੋਚ ਕੀ ਹੈ। ਉਨ੍ਹਾਂ 'ਤੇ ਦਬਾਅ ਸੀ।"

ਤਸਵੀਰ ਸਰੋਤ, AAP Image/Scott Barbour
"ਟੀਮ ਵਿੱਚ ਉਨ੍ਹਾਂ ਦੀ ਜਗ੍ਹਾ ਹੈ ਵੀ ਜਾਂ ਨਹੀਂ ਇਹ ਵੀ ਪੱਕਾ ਨਜ਼ਰ ਨਹੀਂ ਆਉਂਦਾ ਸੀ ਕਿਉਂਕਿ ਉਨ੍ਹਾਂ ਲਈ ਦੌੜਾਂ ਬਣਾਉਣਾ ਲਗਾਤਾਰ ਔਖਾ ਹੋ ਰਿਹਾ ਸੀ।"
"ਇਹ ਵੀ ਚਰਚਾ ਸੀ ਕਿ ਉਨ੍ਹਾਂ ਦੀ ਜਗ੍ਹਾ ਕਿਸੇ ਨੌਜਵਾਨ ਖਿਡਾਰੀ ਨੂੰ ਮੌਕਾ ਮਿਲ ਸਕਦਾ ਹੈ। ਅਜਿਹੀ ਸਥਿਤੀ ਵਿੱਚੋਂ ਨਿਕਲ ਕੇ ਉਨ੍ਹਾਂ ਨੇ ਟੀਮ ਨੂੰ ਨਵੀਂ ਰਾਹ ਦਿਖਾਈ।"
ਮੇਮਨ ਕਹਿੰਦੇ ਹਨ, "ਰਹਾਣੇ ਲਈ ਇਹ ਚੰਗਾ ਰਿਹਾ ਕਿ ਆਸਟਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਅਤੇ ਭਾਰਤੀ ਗੇਂਦਬਾਜ਼ਾਂ ਨੇ ਪਹਿਲੀ ਹੀ ਦਿਨ ਟੀਮ ਨੂੰ ਆਲ ਆਉਟ ਕਰ ਦਿੱਤਾ।"
"ਭਾਰਤ ਲਈ ਬਹੁਤ ਜ਼ਰੂਰੀ ਸੀ ਕਿ ਉਹ ਇੱਕ ਵੱਡਾ ਫ਼ਰਕ ਬਣਾਏ ਅਤੇ ਅਜਿਹਾ ਕਰਨ ਵਿੱਚ ਖ਼ੁਦ ਰਹਾਣੇ ਦੀ ਬਹੁਤ ਵੱਡੀ ਭੂਮਿਕਾ ਰਹੀ।"
ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ’ਤੇ ਇੰਝ ਲਿਆਓ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਰਹਾਣੇ 'ਤੇ ਸਭ ਦੀ ਤਿੱਖੀ ਨਜ਼ਰ
ਰਹਾਣੇ 'ਤੇ ਬਣੇ ਦਬਾਅ ਨੂੰ ਲੈ ਕੇ ਅਯਾਜ਼ ਮੇਮਨ ਮੰਨਦੇ ਹਨ ਕਿ ਕੋਈ ਵੀ ਖੇਡ ਹੋਵੇ ਉਸ ਵਿੱਚ ਬਣੇ ਦਬਾਅ ਨਾਲ ਖਿਡਾਰੀ ਕਿਵੇਂ ਨਿਪਟਦਾ ਹੈ ਇਹ ਦੇਖਣਾ ਬੇਹੱਦ ਜ਼ਰੂਰੀ ਹੈ।
ਇੱਕ ਪੱਧਰ 'ਤੇ ਖਿਡਾਰੀ ਤਾਂ ਠੀਕ ਹੋ ਹੀ ਜਾਂਦੇ ਹਨ ਪਰ ਦਬਾਅ ਸਹਿ ਕੇ ਪ੍ਰਦਰਸ਼ਨ ਕਰਨਾ ਦੱਸਦਾ ਹੈ ਕਿ ਉਹ ਕਿਸ ਤਰ੍ਹਾਂ ਦਾ ਖਿਡਾਰੀ ਹੈ ਫ਼ਿਰ ਇਸ ਟੈਸਟ ਮੈਚ ਵਿੱਚ ਤਾਂ ਉਨ੍ਹਾਂ 'ਤੇ ਬੇਹੱਦ ਮਾਨਸਿਕ ਤਣਾਅ ਅਤੇ ਦਬਾਅ ਸੀ।
ਇਸ ਤੋਂ ਪਹਿਲਾਂ ਉਹ ਆਈਪੀਐਲ ਵਿੱਚ ਰਾਜਸਥਾਨ ਤੋਂ ਦਿੱਲੀ ਗਏ, ਉਨ੍ਹਾਂ ਦੀ ਰਾਜਸਥਾਨ ਦੀ ਕਪਤਾਨੀ ਚਲੀ ਗਈ।
ਉਹ ਪੂਰਾ ਸੀਜ਼ਨ ਵੀ ਨਾ ਖੇਡ ਸਕੇ ਕਿਉਂਕਿ ਉਨ੍ਹਾਂ ਨੂੰ ਟੀਮ ਤੋਂ ਬਾਹਰ ਰੱਖਿਆ ਗਿਆ। ਭਾਰਤ ਲਈ ਵੀ ਉਹ ਫ਼ਿਲਹਾਲ ਨਾ ਤਾਂ ਇੱਕ ਦਿਨਾਂ ਮੈਚ ਖੇਡਦੇ ਹਨ ਅਤੇ ਨਾ ਹੀ ਟੀ-20, ਜਦੋਂ ਕਿ ਸ਼ੁਰੂ ਵਿੱਚ ਉਹ ਇਹ ਸਫ਼ੇਦ ਗੇਂਦ ਦੀ ਕ੍ਰਿਕੇਟ ਖੇਡਦੇ ਸਨ।
ਸਿੱਧੀ ਸੋਚ ਰੱਖਣ ਵਾਲੇ ਕ੍ਰਿਕਟ ਖਿਡਾਰੀ
ਹੁਣ ਉਨ੍ਹਾਂ ਲਈ ਸਿਰਫ਼ ਟੈਸਟ ਕ੍ਰਿਕਟ ਬਚਿਆ ਹੈ ਅਤੇ ਉੱਥੇ ਵੀ ਸਾਰੇ ਉਨ੍ਹਾਂ 'ਤੇ ਬਹੁਤ ਨੇੜਿਓਂ ਨਜ਼ਰ ਰੱਖ ਰਹੇ ਹਨ। ਉਹ ਕਿਥੇ ਗ਼ਲਤੀ ਕਰ ਰਹੇ ਹਨ, ਉਨ੍ਹਾਂ ਦੇ ਸਟ੍ਰੋਕ ਕਿਸ ਤਰ੍ਹਾਂ ਦੇ ਲੱਗ ਰਹੇ ਹਨ? ਅਜਿਹੀ ਸਥਿਤੀ ਕਿਸੇ ਲਈ ਵੀ ਬਹੁਤ ਮੁਸ਼ਕਿਲ ਹੁੰਦੀ ਹੈ।

ਤਸਵੀਰ ਸਰੋਤ, ANI
ਮੇਮਨ ਕਹਿੰਦੇ ਹਨ ਕਿ ਮੁੰਬਈ ਦਾ ਹੀ ਹੋਣ ਦੇ ਨਾਤੇ ਉਹ ਰਹਾਣੇ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਅਤੇ ਕਈ ਵਾਰ ਉਨ੍ਹਾਂ ਨਾਲ ਗੱਲ ਵੀ ਹੋਈ ਹੈ। ਉਹ ਜ਼ਮੀਨ ਨਾਲ ਜੁੜੇ ਹੋਏ ਹਨ ਅਤੇ ਸਟਾਰ ਵਰਗੀ ਉਨ੍ਹਾਂ ਵਿੱਚ ਕੋਈ ਭਾਵਨਾ ਨਹੀਂ ਹੈ।
"ਉਹ ਕਿਸੇ ਵੀ ਸਥਿਤੀ ਵਿੱਚ ਜਲਦੀ ਢੱਲਣ ਵਾਲੇ ਖਿਡਾਰੀ ਹਨ ਅਤੇ ਉਨ੍ਹਾਂ ਕੋਲ ਹਰ ਤਰ੍ਹਾਂ ਦੇ ਸਟ੍ਰੋਕ ਹਨ। ਉਹ ਇੱਕ ਸਿੱਧੀ ਸੋਚ ਵਾਲੇ ਖਿਡਾਰੀ ਹਨ ਅਤੇ ਉਨ੍ਹਾਂ ਦਾ ਮੰਨਨਾ ਹੈ ਕਿ ਮਿਹਨਤ ਨਾਲ ਹੀ ਅੱਗੇ ਵੱਧ ਸਕਦੇ ਹਨ। ਉਨ੍ਹਾਂ ਨੂੰ ਸੈਂਕੜਾ ਬਣਾਉਂਦੇ ਦੇਖ ਕੇ ਬਹੁਤ ਖ਼ੁਸ਼ੀ ਹੋਈ।"
ਵਿਰਾਟ ਦੇ ਰਨਆਉਟ ਦੇ ਦਬਾਅ ਨੂੰ ਆਪਣੀ ਕਪਤਾਨੀ ਅਤੇ ਬੱਲੇਬਾਜ਼ੀ ਨਾਲ ਹਰਾਇਆ
ਪਹਿਲੇ ਟੈਸਟ ਮੈਚ ਵਿੱਚ ਵਿਰਾਟ ਕੋਹਲੀ ਦੇ ਰਨਆਉਟ ਹੋਣ ਤੋਂ ਬਾਅਦ ਪੈਦਾ ਹੋਏ ਗੁਨਾਹ ਦੇ ਭਾਵ ਤੋਂ ਬਣੇ ਦਬਾਅ ਨੂੰ ਲੈ ਕੇ ਅਯਾਜ਼ ਮੇਮਨ ਕਹਿੰਦੇ ਹਨ ਕਿ ਉਸ ਟੈਸਟ ਦੀ ਪਹਿਲੀ ਪਾਰੀ ਵਿੱਚ ਉਨ੍ਹਾਂ ਨੇ ਚੰਗੀ ਬੱਲੇਬਾਜ਼ੀ ਕੀਤੀ ਸੀ।
ਫ਼ਾਰਮ ਵਿੱਚ ਵੀ ਸਨ ਪਰ ਇੱਕ ਰਨਆਉਟ ਨੇ ਮੈਚ ਦਾ ਟਰਨਿੰਗ ਪੁਆਇੰਟ ਬਣਾ ਦਿੱਤਾ।

ਤਸਵੀਰ ਸਰੋਤ, ANI
"ਦੂਸਰੀ ਪਾਰੀ ਵਿੱਚ ਉਹ ਬਿਨ੍ਹਾਂ ਕੋਈ ਦੌੜ ਬਣਾਏ ਰਨ ਆਉਟ ਹੋ ਗਏ। ਬੇਹੱਦ ਸ਼ਰਮਨਾਕ ਹਾਰ ਦੇ ਬਾਅਦ ਕਪਤਾਨ ਕੋਹਲੀ ਭਾਰਤ ਵਾਪਸ ਚਲੇ ਗਏ। ਮੁਹੰਮਦ ਸ਼ਮੀ ਵੀ ਸੱਟ ਲੱਗਣ 'ਤੇ ਵਾਪਸ ਚਲੇ ਗਏ।"
"ਇਸ ਤਰ੍ਹਾਂ ਇੱਕ ਹਾਰੀ ਅਤੇ ਪਰੇਸ਼ਾਨੀ ਵਿੱਚ ਪਈ ਟੀਮ ਨੂੰ ਲੈ ਕੇ ਇਹ ਸੋਚਣਾ ਕਿ ਇਹ ਇੱਕ ਮੌਕਾ ਹੈ ਉਸ ਸਮੇਂ ਜਦੋਂ ਜੇ ਟੀਮ ਨੂੰ ਸੰਭਾਲ ਕੇ ਅੱਗੇ ਵੱਧੇ ਪਰ ਜੇ ਨਾਕਾਮ ਹੋ ਗਏ ਤਾਂ ਸਾਰੀ ਦੁਨੀਆਂ ਉਨ੍ਹਾਂ 'ਤੇ ਟੁੱਟ ਕੇ ਪੈ ਜਾਵੇਗੀ, ਉਨ੍ਹਾਂ ਨੇ ਬਿਹਤਰੀਨ ਕਪਤਾਨੀ ਕੀਤੀ।"
ਅਯਾਜ਼ ਮੇਮਨ ਕਹਿੰਦੇ ਹਨ ਕਿ ਟਿਮ ਪੇਨ ਦਾ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨਾ ਰਹਾਣੇ ਲਈ ਫ਼ਾਇਦੇਮੰਦ ਰਿਹਾ।
ਜੋ ਪੇਨ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਲਈ ਕਹਿੰਦੇ ਅਤੇ ਪਹਿਲਾ ਟੈਸਟ ਵਿੱਚ ਤਾਸ਼ ਦੇ ਪੱਤਿਆਂ ਵਾਂਗ ਢੇਰੀ ਹੋਈ ਟੀਮ ਇਥੇ ਕੁਝ ਖ਼ਾਸ ਨਾ ਕਰ ਪਾਉਂਦੀ ਤਾਂ ਰਹਾਣੇ ਦਾ ਆਤਮਵਿਸ਼ਵਾਸ ਟੁੱਟ ਜਾਂਦਾ।
ਪਰ ਇਸ ਦੇ ਉੱਲਟ ਗੇਂਦਬਾਜ਼ਾਂ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ ਅਤੇ ਉਨ੍ਹਾਂ ਦਾ ਆਤਮਵਿਸ਼ਵਾਸ ਵੱਧਦਾ ਗਿਆ। ਫ਼ਿਰ ਉਨ੍ਹਾਂ ਨੇ ਸੈਂਕੜਾ ਲਾ ਕੇ ਆਪਣੀ ਭੂਮਿਕਾ ਨੂੰ ਬਾਖ਼ੂਬੀ ਅੰਜਾਮ ਦਿੱਤਾ।
ਮਾਸਟਰ ਸਟ੍ਰੋਕ
ਪਹਿਲੇ ਟੈਸਟ ਵਿੱਚ ਜਿਥੇ ਸਾਂਝੇਦਾਰੀਆਂ ਨਾ ਬਣ ਸਕੀਆਂ ਉਥੇ ਮੈਲਬਰਨ ਵਿੱਚ ਇਹ ਸਾਂਝੇਦਾਰੀਆਂ ਬਣੀਆਂ ਅਤੇ ਟੀਮ ਦਾ ਕੰਮ ਸੌਖਾ ਹੋਇਆ।
ਚੰਗੇ ਖਿਡਾਰੀ ਦੀ ਇਹ ਹੀ ਪਹਿਚਾਣ ਹੈ ਕਿ ਉਹ ਆਪਣੇ ਦਿਮਾਗ ਨੂੰ ਬੋਝ ਤੋਂ ਦੂਰ ਰੱਖੇ। ਰਹਾਣੇ ਨੇ ਵਿਕੇਟ 'ਤੇ ਜੰਮਕੇ ਕੰਮ ਕੀਤਾ ਜੋ ਬਹੁਤ ਜ਼ਰੂਰੀ ਹੈ।
ਰਹਾਣੇ ਦਾ ਸਮਿਥ ਨੂੰ ਜਾਲ ਵਿੱਚ ਫ਼ਸਾਉਣ ਅਤੇ ਮੁਹੰਮਦ ਸਿਰਜ ਦੇ ਇਸਤੇਮਾਲ ਸੰਬੰਧੀ ਅਯਾਜ਼ ਮੇਮਨ ਕਹਿੰਦੇ ਹਨ ਕਿ ਇਥੇ ਗਿਆਰਵੇਂ ਓਵਰ ਤੋਂ ਬਾਅਦ ਅਸ਼ਵਿਨ ਨੂੰ ਗੇਂਦਬਾਜ਼ੀ ਲਈ ਲਿਆਉਣਾ ਰਹਾਣੇ ਦਾ ਮਾਸਟਰ ਸਟ੍ਰੋਕ ਸਾਬਤ ਹੋਇਆ।

ਤਸਵੀਰ ਸਰੋਤ, Reuters
ਉਸ ਸਮੇਂ ਖੱਬੂ ਬੱਲੇਬਾਜ਼ ਮੈਥਿਊ ਵੇਡ ਕ੍ਰੀਜ਼ 'ਤੇ ਸਨ ਅਤੇ ਅਸ਼ਵਿਨ ਵਰਗੇ ਆਫ਼ ਸਪਿਨਰ ਉਨ੍ਹਾਂ ਨੂੰ ਪਰੇਸ਼ਾਨ ਕਰ ਸਕਦੇ ਸਨ। ਸਮਿਥ ਤਾਂ ਇਸ ਸੀਰੀਜ਼ ਵਿੱਚ ਅਸ਼ਵਿਨ ਸਾਹਮਣੇ ਬੇਹੱਦ ਤਣਾਅ ਵਿੱਚ ਦਿਖੇ। ਇੱਕ ਤਰੀਕੇ ਨਾਲ ਅਸ਼ਵਿਨ ਉਨ੍ਹਾਂ 'ਤੇ ਹਾਵੀ ਰਿਹਾ।
ਇਹ ਵੀ ਪੜ੍ਹੋ:
ਇੱਕ ਕਪਤਾਨ ਵਜੋਂ ਚਲਾਕੀ ਦੀਆਂ ਅਜਿਹੀਆਂ ਸਥਿਤੀਆਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਕਿਸ ਗੇਂਦਬਾਜ਼ ਨੂੰ ਲਿਆਂਦਾ ਜਾਵੇ, ਉਹ ਕਿਸ ਤਰ੍ਹਾਂ ਦੀ ਗੇਂਦਬਾਜ਼ੀ ਕਰੇਗਾ, ਉਸ ਲਈ ਕਿਸ ਤਰ੍ਹਾਂ ਦੀ ਫ਼ਿਲਡਿੰਗ ਹੋਵੇ ਉਹ ਕਿਸ ਲਾਈਨ ਅਤੇ ਲੈਂਥ ਦੇ ਨਾਲ ਗੇਂਦ ਸੁੱਟੇਗਾ।
ਜੇ ਕੋਈ ਬੱਲੇਬਾਜ਼ ਸਪਿਨਰਾਂ ਦੇ ਖ਼ਿਲਾਫ ਮੁਸ਼ਕਿਲ ਵਿੱਚ ਹੈ ਤਾਂ ਉਸ ਨੂੰ ਦੋ ਚਾਰ ਓਵਰ ਲਗਾਤਾਰ ਸਪਿਨਰਾਂ ਸਾਹਮਣੇ ਰੱਖਣਾ ਇਹ ਸਭ ਸੋਚਣਾ ਕਪਤਾਨ ਦਾ ਕੰਮ ਹੈ।
ਹਰ ਓਵਰ ਤੋਂ ਬਾਅਦ ਇੱਕ ਫ਼ੈਸਲਾ ਲੈਣਾ ਪੈਂਦਾ ਹੈ ਜਿਸ ਵਿੱਚ ਰਹਾਣੇ ਨੇ ਪਰਿਪੱਕਤਾ ਦਿਖਾਈ। ਇੱਥੇ ਮੁੰਬਈ, ਆਈਪੀਐਲ ਅਤੇ ਭਾਰਤ ਲਈ ਕਪਤਾਨੀ ਦਾ ਤਜ਼ਰਬਾ ਉਨ੍ਹਾਂ ਦੇ ਕੰਮ ਆਇਆ।
ਵਿਦੇਸ਼ੀ ਧਰਤੀ 'ਤੇ ਦਮਦਾਰ ਰਹਾਣੇ
6 ਜਨਵਰੀ ਨੂੰ 33 ਸਾਲ ਦੇ ਹੋਣ ਜਾ ਰਹੇ ਰਹਾਣੇ ਦਾ ਰਿਕਾਰਡ ਦੱਸਦਾ ਹੈ ਕਿ ਵਿਦੇਸ਼ੀ ਧਰਤੀ 'ਤੇ ਉਨ੍ਹਾਂ ਦੀ ਬੱਲੇਬਾਜ਼ੀ ਨਿਖਰ ਜਾਂਦੀ ਹੈ। ਉਨ੍ਹਾਂ ਨੇ ਹੁਣ ਤੱਕ ਆਪਣੇ ਕ੍ਰਿਕਟ ਕਰੀਅਰ ਦੀਆਂ ਦੋ ਤਿਹਾਈ ਦੋੜਾਂ ਵਿਦੇਸ਼ੀ ਧਰਤੀ 'ਤੇ ਹੀ ਬਣਾਈਆਂ ਹਨ।
67 ਟੈਸਟ ਮੈਚਾਂ ਵਿੱਚ 12 ਸੈਂਕੜਿਆਂ ਸਮੇਤ ਹੁਣ ਤੱਕ 4349 ਦੋੜਾਂ ਬਣਾਉਣ ਵਾਲੇ ਰਹਾਣੇ ਨੇ 2856 ਦੋੜਾਂ 8 ਸੈਂਕੜੇ ਵਿਦੇਸ਼ੀ ਧਰਤੀ 'ਤੇ ਬਣਾਏ ਹਨ।
ਰਹਾਣੇ ਨੂੰ ਲੈ ਕੇ ਅਯਾਜ਼ ਮੇਮਨ ਬਹੁਤ ਦਿਲਚਸਪ ਗੱਲ ਦੱਸਦੇ ਹਨ ਕਿ ਅੱਜ ਇੱਕ ਦਿਨਾਂ ਅਤੇ ਟੀ-20 ਟੀਮ ਤੋਂ ਬਾਹਰ ਰਹਾਣੇ ਆਈਪੀਐਲ ਦੀ ਬਦੌਲਤ ਹੀ ਟੀਮ ਵਿੱਚ ਆਏ ਸਨ। ਬਾਅਦ ਵਿੱਚ ਉਹ ਟੈਸਟ ਕ੍ਰਿਕਟ ਵਿੱਚ ਖ਼ਾਸਕਰ ਵਿਦੇਸ਼ਾਂ ਵਿੱਚ ਚਮਕੇ।

ਤਸਵੀਰ ਸਰੋਤ, EPA/SCOTT BARBOUR
ਆਸਟਰੇਲੀਆ ਵਿੱਚ ਵੀ ਉਨ੍ਹਾਂ ਦਾ ਇਹ ਦੂਸਰਾ ਸੈਂਕੜਾ ਹੈ। ਵਿਦੇਸ਼ਾਂ ਵਿੱਚ ਅਜਿਹਾ ਪ੍ਰਦਰਸ਼ਨ ਕਰਨ ਲਈ ਕਿਸੇ ਵੀ ਖਿਡਾਰੀ ਕੋਲ ਤਕਨੀਕ ਅਤੇ ਹੌਸਲਾ ਹੋਣਾ ਚਾਹੀਦਾ ਹੈ।
ਉਨ੍ਹਾਂ ਦਾ ਇਹ ਹੌਸਲਾ ਉਸ ਸਮੇਂ ਮਾਰ ਖਾ ਗਿਆ ਜਦੋਂ ਪਿਛਲੇ ਦਿਨਾਂ ਵਿੱਚ ਉਨ੍ਹਾਂ ਤੋਂ ਘੱਟ ਦੌੜਾਂ ਬਣੀਆਂ ਅਤੇ ਉਹ ਇੱਕ ਦਿਨਾਂ ਟੀਮ ਵਿੱਚ ਆਪਣੀ ਜਗ੍ਹਾ ਗੁਆ ਬੈਠੇ।
ਰਹਾਣੇ ਦੇ ਨਾਲ ਚੰਗੀ ਗੱਲ ਇਹ ਰਹੀ ਕਿ ਉਹ ਟੈਸਟ ਟੀਮ ਵਿੱਚ ਬਣੇ ਰਹੇ। ਆਪਣੇ ਕਰੀਅਰ ਵਿੱਚ ਉਹ ਇੱਕ ਅੱਧ ਵਾਰ ਹੀ ਟੈਸਟ ਤੋਂ ਬਾਹਰ ਹੋਏ ਹਨ।
ਦੂਜੇ ਟੈਸਟ ਮੈਚ ਵਿੱਚ ਟੀਮ ਦੀ ਚੋਣ ਵਿੱਚ ਰਹਾਣੇ ਦੀ ਭੂਮਿਕਾ ਨੂੰ ਲੈ ਕੇ ਅਯਾਜ਼ ਮੇਮਨ ਮੰਨਦੇ ਹਨ ਕਿ ਇਥੇ ਤਾਂ ਸਭ ਕੁਝ ਸੁਭਾਵਿਕ ਰੂਪ ਵਿੱਚ ਹੋ ਗਿਆ।
ਵਿਰਾਟ ਕੋਹਲੀ ਅਤੇ ਸ਼ਮੀ ਦੇ ਬਦਲੇ ਖਿਡਾਰੀ ਚਾਹੀਦੇ ਸਨ। ਪ੍ਰਿਥਵੀ ਸ਼ਾਹ ਦਾ ਜਾਣਾ ਤੈਅ ਸੀ ਕਿਉਂਕਿ ਉਹ ਨਾਕਾਮ ਹੋ ਗਏ ਅਤੇ ਸ਼ੁਭਮਨ ਗਿੱਲ ਨੇ ਮੈਚ ਵਿੱਚ ਕੁਝ ਚੰਗੀਆਂ ਦੋੜਾਂ ਬਣਾਈਆਂ।
ਹਨੁਮਾਨ ਬਿਹਾਰੀ ਅਤੇ ਕੇਐਲ ਰਾਹੁਲ ਨੂੰ ਲੈ ਕੇ ਰਹਾਣੇ ਤੋਂ ਵੱਧ ਚੋਣਕਾਰਾਂ ਨੇ ਮਨ ਬਣਾ ਲਿਆ ਸੀ ਕਿ ਇੱਕ ਮੈਚ ਦਾ ਪ੍ਰਦਰਸ਼ਨ ਚੋਣ ਦਾ ਪੈਮਾਨਾ ਨਹੀਂ ਹੋ ਸਕਦਾ ਜਦੋਂ ਤੱਕ ਬਹੁਤ ਮਾੜਾ ਪ੍ਰਦਰਸ਼ਨ ਨਾ ਹੋਵੇ।
ਬਿਹਾਰੀ ਕੁਝ ਦੋੜਾਂ ਤਾਂ ਬਣਾ ਰਹੇ ਸਨ ਪਰ ਲੰਬੀ ਪਾਰੀ ਨਹੀਂ ਖੇਡ ਰਹੇ ਸਨ ਬਲਕਿ ਰਾਹੁਲ ਨੂੰ ਥੋੜੀ ਉਡੀਕ ਤਾਂ ਕਰਨੀ ਪਵੇਗੀ।
ਪਰ ਹਾਲੇ ਕਈ ਚਣੌਤੀਆਂ ਬਾਕੀ
ਬੱਲੇਬਾਜ਼ੀ ਵਿੱਚ ਹੁਣ ਤੱਕ ਦੋਵੇਂ ਹੀ ਟੀਮਾਂ ਕਮਜ਼ੋਰ ਸਾਬਿਤ ਹੋਈਆਂ ਹਨ। ਆਸਟਰੇਲੀਆ ਖ਼ਾਸ ਤੌਰ 'ਤੇ ਜ਼ਿਆਦਾ ਖਿਲ੍ਹਰੀ ਹੋਈ ਟੀਮ ਨਜ਼ਰ ਆ ਰਹੀ ਹੈ।
ਵਾਰਨਰ ਬਾਹਰ ਹਨ ਤਾਂ ਸਮਿਥ ਬੁਰੀ ਤਰ੍ਹਾਂ ਫ਼ਲਾਪ ਹੋਏ ਹਨ। ਸਲਾਮੀ ਜੋੜੀ ਵੀ ਸੁਰ ਵਿੱਚ ਨਹੀਂ ਹੈ ਜਿਸਦਾ ਫ਼ਾਇਦਾ ਭਾਰਤੀ ਗੇਂਦਬਾਜ਼ਾਂ ਨੇ ਪੂਰਾ ਚੁੱਕਿਆ।
ਪਰ ਅਯਾਜ਼ ਮੇਮਨ ਕਹਿੰਦੇ ਹਨ ਕਿ ਘਰੇਲੂ ਪਿਚਾਂ 'ਤੇ ਜੇ ਉਨ੍ਹਾਂ ਦੀ ਬੱਲੇਬਾਜ਼ੀ ਚੱਲ ਗਈ ਤਾਂ ਉਨ੍ਹਾਂ ਦੀ ਟੀਮ ਹਾਵੀ ਹੋ ਜਾਂਦੀ ਹੈ ਕਿਉਂਕਿ ਉਨ੍ਹਾਂ ਦੇ ਗੇਂਦਬਾਜ਼ ਬਹੁਤ ਵਧੀਆ ਹਨ।
ਮੇਮਨ ਕਹਿੰਦੇ ਹਨ ਕਿ ਰਹਾਣੇ ਕ੍ਰਿਕੇਟ ਦੇ ਚੰਗੇ ਵਿਦਿਆਰਥੀ ਹਨ ਪਰ ਅਗਲੇ ਮੈਚ ਵਿੱਚ ਟੀਮ ਦੀ ਚੋਣ ਨੂੰ ਲੈ ਕੇ ਪਰੇਸ਼ਾਨੀ ਹੋਵੇਗੀ ਕਿਉਂਕਿ ਰੋਹਿਤ ਸ਼ਰਮਾਂ ਨੂੰ ਟੀਮ ਵਿੱਚ ਕਿਸ ਦੀ ਥਾਂ 'ਤੇ ਰੱਖਣਗੇ।
ਰੋਹਿਤ ਨੂੰ ਸਲਾਮੀ ਬੱਲੇਬਾਜ਼ੀ ਵਜੋਂ ਰੱਖਦੇ ਹਨ ਤਾਂ ਮਅੰਕ ਅਗਰਵਾਲ ਨੂੰ ਬਾਹਰ ਕਰਨਾ ਪਵੇਗਾ ਜੋ ਪਿਛਲੀਆਂ ਸੀਰੀਜ਼ ਵਿੱਚ ਚੰਗਾ ਹੀ ਖੇਡਦੇ ਆਏ ਹਨ।
ਹਨੁਮਾਨ ਬਿਹਾਰੀ ਵੀ 30-35 ਦੋੜਾਂ ਬਣਾ ਰਹੇ ਹਨ ਪਰ ਵੱਡੀ ਪਾਰੀ ਨਹੀਂ ਖੇਡ ਰਹੇ। ਰੋਹਿਤ ਸ਼ਰਮਾ ਵੱਖਰੀ ਤਰ੍ਹਾਂ ਦੇ ਖਿਡਾਰੀ ਹਨ ਪਰ ਹੁਣ ਉਨ੍ਹਾਂ ਨੂੰ ਮਿਡਲ ਵਿੱਚ ਰੱਖਣਾ ਪਵੇਗਾ। ਗੇਂਦਬਾਜ਼ੀ ਵਿੱਚ ਕੋਈ ਦਿੱਕਤ ਨਹੀਂ ਹੈ।
ਫ਼ਿਲਹਾਲ ਆਸਟਰੇਲੀਆ ਕੋਲ ਦੂਸਰੀ ਪਾਰੀ ਵਿੱਚ ਸਿਰਫ਼ ਦੋ ਰਨ ਵੱਧ ਸਨ ਅਤੇ ਭਾਰਤ ਨੇ ਮੈਲਬਰਨ ਟੈਸਟ ਜਿੱਤ ਕੇ ਸੀਰੀਜ਼ 1-1 ਨਾਲ ਬਰਾਬਰਤਾਂ ਹਾਸਿਲ ਕਰ ਲਈ ਹੈ ਅਤੇ ਇਸ ਸਥਿਤੀ ਦਾ ਪੂਰਾ ਸਿਹਰਾ ਅਜਿੰਕਿਆ ਰਹਾਣੇ ਨੂੰ ਜਾਂਦਾ ਹੈ।
ਇੱਥੇ ਇਹ ਦੱਸਣਾ ਵੀ ਦਿਲਚਸਪ ਹੈ ਕਿ ਰਹਾਣੇ ਨੇ ਜਿਸ ਵੀ ਮੈਚ ਵਿੱਚ ਸੈਂਕੜਾ ਬਣਾਇਆ ਹੈ ਉਹ ਮੈਚ ਭਾਰਤ ਕਦੀ ਵੀ ਹਾਰਿਆ ਨਹੀਂ ਅਤੇ ਇਥੇ ਤਾਂ ਉਨ੍ਹਾਂ ਨੇ ਆਪਣੀ ਕਪਤਾਨੀ ਵਿੱਚ ਭਾਰਤ ਨੂੰ ਤੀਜੀ ਜਿੱਤ ਦੁਆਈ ਹੈ।
ਰਹਾਣੇ ਤੋਂ ਪਹਿਲਾਂ ਗੁੰਡੱਪਾ ਵਿਸ਼ਵਨਾਥਨ ਨੇ ਵੀ ਜਿਸ ਟੈਸਟ ਮੈਚ ਵਿੱਚ ਸੈਂਕੜਾ ਲਾਇਆ ਉਹ ਮੈਚ ਭਾਰਤ ਕੀ ਹਾਰਿਆ ਨਹੀਂ।
ਇਹ ਮਹਿਜ਼ ਸੰਜੋਗ ਹੈ ਪਰ ਅਜਿੰਕਿਆ ਰਹਾਣੇ ਦੀ ਕਪਤਾਨੀ ਸਹਾਰੇ ਭਾਰਤ ਦੇ ਸਿਰ 'ਤੇ ਲਟਕਦੀ ਤਲਵਾਰ ਹਾਲ ਦੀ ਘੜੀ ਹਟ ਗਈ ਹੈ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












