ਜਦੋਂ 1971 ਵਿੱਚ ਭਾਰਤ ਨੂੰ ਡਰਾਉਣ ਲਈ ਅਮਰੀਕਾ ਨੇ ਆਪਣਾ ਸਮੁੰਦਰੀ ਬੇੜਾ ਭੇਜਿਆ

ਤਸਵੀਰ ਸਰੋਤ, Langevin Jacques
- ਲੇਖਕ, ਰੇਹਾਨ ਫ਼ਜ਼ਲ
- ਰੋਲ, ਬੀਬੀਸੀ ਪੱਤਰਕਾਰ
12 ਦਸੰਬਰ, 1971 ਨੂੰ ਜਦੋਂ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਮੀਟਿੰਗ ਸੱਦੀ ਗਈ ਤਾਂ ਇੰਦਰਾ ਗਾਂਧੀ ਨੇ ਪਾਕਿਸਤਾਨੀ ਵਫ਼ਦ ਦੀ ਅਗਵਾਈ ਕਰ ਰਹੇ ਜ਼ੁਲਫ਼ਿਕਾਰ ਅਲੀ ਭੁੱਟੋ ਅਤੇ ਯੂਐੱਨ ਵਿੱਚ ਅਮਰੀਕਾ ਦੇ ਨੁਮਾਇੰਦੇ ਜੌਰਜ ਬੁਸ਼ ਸੀਨੀਅਰ ਦਾ ਮੁਕਾਬਲਾ ਕਰਨ ਲਈ ਵਿਦੇਸ਼ ਮੰਤਰੀ ਸਵਰਣ ਸਿੰਘ ਨੂੰ ਭੇਜਿਆ।
ਸਵਰਣ ਸਿੰਘ ਨੇ ਪਾਕਿਸਤਾਨ 'ਤੇ ਵਿਅੰਗ ਕਰਦਿਆਂ ਕਿਹਾ, 'ਕੀ ਸ਼੍ਰੀ ਭੁੱਟੋ ਹਾਲੇ ਵੀ ਭਾਰਤ 'ਤੇ ਜਿੱਤ ਹਾਸਿਲ ਕਰਨ ਅਤੇ ਦਿੱਲੀ ਪਹੁੰਚਣ ਦਾ ਸੁਫ਼ਨਾ ਦੇਖ ਰਹੇ ਹਨ?'
ਗੈਰੀ ਬੈਸ ਆਪਣੀ ਕਿਤਾਬ 'ਦਾ ਬਲੱਡ ਟੈਲੀਗ੍ਰਾਮ' ਵਿੱਚ ਲਿਖਦੇ ਹਨ, 'ਜਦੋਂ ਬੁਸ਼ ਨੇ ਨਿਕਸਨ ਅਤੇ ਕਿਸਿੰਜਰ ਦੇ ਕਹਿਣ 'ਤੇ ਜੰਗ ਵਿੱਚ ਭਾਰਤ ਦੇ ਇਰਾਦਿਆਂ ਬਾਰੇ ਸਵਾਲ ਕੀਤਾ ਤਾਂ ਸਵਰਣ ਸਿੰਘ ਨੇ ਉਲਟਾ ਉਨ੍ਹਾਂ ਨੂੰ ਹੀ ਸਵਾਲ ਪੁੱਛ ਲਿਆ ਕਿ ਵੀਅਤਨਾਮ ਵਿੱਚ ਅਮਰੀਕਾ ਦੇ ਕੀ ਇਰਾਦੇ ਹਨ?'
ਸੋਵੀਅਤ ਯੂਨੀਅਨ ਨੇ ਤੀਜੀ ਅਤੇ ਆਖਰੀ ਵਾਰ ਸੁਰੱਖਿਆ ਪਰਿਸ਼ਦ ਦੇ ਜੰਗਬੰਦੀ ਮਤੇ 'ਤੇ ਵੀਟੋ ਕਰਕੇ ਭਾਰਤ ਨੂੰ ਬਚਾਇਆ।
ਇਹ ਵੀ ਪੜ੍ਹੋ:
ਇਸ ਨਾਲ ਕਿੰਸਿੰਜਰ ਇੰਨੇ ਨਾਰਾਜ਼ ਹੋਏ ਕਿ ਉਨ੍ਹਾਂ ਨੇ ਨਿਕਸਨ ਤੋਂ ਬਿਨਾਂ ਪੁੱਛੇ ਹੀ ਅਗਲੇ ਕੁਝ ਦਿਨਾਂ ਵਿੱਚ ਸੋਵੀਅਤ ਯੂਨੀਅਨ ਨਾਲ ਹੋਣ ਵਾਲੀ ਸਿਖ਼ਰ ਵਾਰਤਾ ਨੂੰ ਰੱਦ ਕਰਨ ਦੀ ਧਮਕੀ ਦੇ ਦਿੱਤੀ। (ਹੈਨਰੀ ਕਿਸੰਜਰ, ਵਾਈਟ ਹਾਊਸ ਈਅਰਜ਼, ਪੰਨਾ 790)
ਯੂਐਸਐਸ ਇੰਟਰਪ੍ਰਈਜ਼ ਨੂੰ ਬੰਗਾਲ ਦੀ ਖਾੜੀ ਵਿੱਚ ਭੇਜਣ ਦਾ ਫ਼ੈਸਲਾ
ਇਸ ਦਰਮਿਆਨ ਭਾਰਤ, ਪਾਕਿਸਤਾਨ ਅਤੇ ਅਮਰੀਕਾ ਦੇ ਸਿਆਸਤਦਾਨ ਇੱਕ-ਦੂਜੇ ਦੀ ਬੇਇਜ਼ਤੀ ਕਰਨ 'ਤੇ ਉਤਾਰੂ ਸਨ। ਨਿਕਸਨ ਅਤੇ ਕਿਸਿੰਜਰ ਨੇ ਤੈਅ ਕੀਤਾ ਕਿ ਉਹ ਪੂਰਬੀ ਪਾਕਿਸਤਾਨ ਤੋਂ ਅਮਰੀਕੀ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਦੇ ਬਹਾਨੇ ਅਮਰੀਕੀ ਬੇੜੇ ਯੂਐਸਐਸ ਇੰਟਰਪ੍ਰਈਜ਼ ਨੂੰ ਤੁਰੰਤ ਬੰਗਾਲ ਦੀ ਖਾੜੀ ਵੱਲ ਭੇਜਣਗੇ।
ਦਿਲਚਸਪ ਗੱਲ ਇਹ ਸੀ ਕਿ ਇੱਕ ਦਿਨ ਪਹਿਲਾਂ ਹੀ ਸਾਰੇ ਅਮਰੀਕੀ ਨਾਗਰਿਕਾਂ ਨੂੰ ਢਾਕੇ ਤੋਂ ਕੱਢਿਆ ਜਾ ਚੁੱਕਿਆ ਸੀ।

ਤਸਵੀਰ ਸਰੋਤ, C. Hurst & Co Publishers
ਅਮਰੀਕੀ ਵਿਦੇਸ਼ ਵਿਭਾਗ ਦੇ ਡੀਕਲਾਸੀਫ਼ਾਈ ਹੋਏ ਟੇਪਾਂ ਵਿੱਚ ਕਿਹਾ ਗਿਆ ਹੈ ਕਿ ਕਿਸਿੰਜਰ ਨੇ ਭੁੱਟੋ ਨੂੰ ਜਾਣਕਾਰੀ ਦਿੱਤੀ ਕਿ ਅਮਰੀਕੀ ਜੰਗੀ ਜ਼ਹਾਜ ਜਲਦ ਹੀ ਮਲੱਕਾ ਦੀ ਖਾੜੀ ਤੋਂ ਬੰਗਾਲ ਦੀ ਖਾੜੀ ਵਿੱਚ ਦਾਖ਼ਲ ਹੋਣਗੇ। ਨਿਕਸਨ ਨੇ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਉਸ ਸਮੇਂ ਤੱਕ ਭਾਰਤ ਵੱਲ ਵਧਦੇ ਜਾਓ ਜਦੋਂ ਤੱਕ ਭਾਰਤੀ ਫ਼ੌਜਾਂ ਦੀ ਵਾਪਸੀ ਬਾਰੇ ਕੋਈ ਸਹਿਮਤੀ ਨਹੀਂ ਬਣ ਜਾਂਦੀ। (FRUS VOL E 7)
ਪ੍ਰਮਾਣੂ ਸ਼ਕਤੀ ਨਾਲ ਚੱਲਣ ਵਾਲੇ ਅਮਰੀਕਾ ਦੇ ਸੱਤਵੇਂ ਬੇੜੇ ਇੰਟਰਪ੍ਰਈਜ਼ ਵਿੱਚ ਸੱਤ ਵਿਨਾਸ਼ਕਾਰਕ, ਇੱਕ ਹੈਲੀਕਾਪਟਰ ਕੈਰੀਅਰ ਯੂਐਸਐਸ ਟ੍ਰਿਪੋਲੀ ਅਤੇ ਇੱਕ ਤੇਲ ਕੈਰੀਅਰ ਸ਼ਾਮਿਲ ਸੀ।
ਇਸਦੀ ਕਮਾਂਡ ਐਡਮਿਰਲ (ਜਲ ਸੈਨਾ ਦਾ ਸੀਨੀਅਰ ਅਧਿਕਾਰੀ) ਜੌਨ ਮੇਨੇਕ ਯੂਨੀਅਰ ਦੇ ਹੱਥਾਂ ਵਿੱਚ ਸੀ ਜਿਨ੍ਹਾਂ ਦੇ ਬੇਟੇ ਜੌਨ ਮੇਨੇਕ ਤੀਜਾ ਬਾਅਦ ਵਿੱਚ ਅਰੀਜ਼ੋਨਾ ਦੇ ਸੈਨੇਟਰ ਅਤੇ ਸਾਲ 2008 ਵਿੱਚ ਰੀਪਬਲੀਕਨ ਪਾਰਟੀ ਵਲੋਂ ਰਾਸ਼ਟਰਪਤੀ ਆਹੁਦੇ ਦੇ ਉਮੀਦਵਾਰ ਬਣੇ।
'ਬਲੱਡ ਟੈਲੀਗ੍ਰਾਮ' ਦੇ ਲੇਖਕ ਗੈਰੀ ਬਾਸ ਲਿਖਦੇ ਹਨ ਕਿ 'ਭਾਰਤ ਦੇ ਸਮੁੰਦਰੀ ਫ਼ੌਜ ਦੇ ਬੇੜੇ ਦੇ ਮੁਕਾਬਲੇ ਅਮਰੀਕੀ ਬੇੜਾ ਕਿਤੇ ਵੱਡਾ ਸੀ। ਇੰਟਰਪ੍ਰਈਜ਼ ਨੇ ਮਿਜ਼ਾਈਲ ਸੰਕਟ ਦੌਰਾਨ ਕਿਊਬਾ ਦੀ ਘੇਰਾਬੰਦੀ ਕੀਤੀ ਸੀ।

ਤਸਵੀਰ ਸਰੋਤ, Consolidated News Pictures
ਉਹ ਭਾਰਤ ਦੇ ਇੱਕ ਮਾਤਰ ਹਵਾਈ ਜ਼ਹਾਜ ਕੈਰੀਅਰ ਆਈਐਨਐਸ ਵਿਕਰਾਂਤ ਦੀ ਤੁਲਨਾ ਵਿੱਚ ਘੱਟੋ ਘੱਟ ਪੰਜ ਗੁਣਾ ਵੱਡਾ ਸੀ। ਇਥੋਂ ਤੱਕ ਕਿ ਇੰਟਰਪ੍ਰਈਜ਼ ਦੇ ਬੇੜੇ ਵਿੱਚ ਸ਼ਾਮਿਲ ਇੱਕ ਬੇੜੀ ਟ੍ਰਿਪੋਲੀ ਵੀ ਵਿਕਰਾਂਤ ਨਾਲੋਂ ਵੱਡੀ ਸੀ।
ਪ੍ਰਮਾਣੂ ਊਰਜ਼ਾ ਨਾਲ ਸੰਚਾਲਿਤ ਇੰਟਰਪ੍ਰਾਈਜ਼ ਬਿਨਾਂ ਦੁਬਾਰਾ ਤੇਲ ਭਰਿਆਂ ਪੂਰੀ ਦੁਨੀਆਂ ਦਾ ਚੱਕਰ ਲਾ ਸਕਦਾ ਸੀ। ਦੂਜੇ ਪਾਸੇ ਵਿਕਰਾਂਤ ਦੇ ਬੌਇਲਰ ਵੀ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਹੇ ਸਨ।'
ਸੋਵੀਅਤ ਯੂਨੀਅਨ ਦੀ ਸਰਗਰਮੀ
ਦੂਜੇ ਪਾਸੇ ਅਮਰੀਕਾ ਦੇ ਇਸ ਕਦਮ 'ਤੇ ਸੋਵੀਅਤ ਯੂਨੀਅਨ ਵੀ ਚੁੱਪ ਨਹੀਂ ਬੈਠਾ ਸੀ।
ਐਡਮਾਇਰਲ ਐਸਐਮ ਨੰਦਾ ਆਪਣੀ ਸਵੈ-ਜੀਵਨੀ 'ਦਿ ਮੈਨ ਹੂ ਬੌਂਬਡ ਕਰਾਚੀ' ਵਿੱਚ ਲਿਖਦੇ ਹਨ, 'ਦਸੰਬਰ ਦੇ ਪਹਿਲੇ ਹਫ਼ਤੇ ਵਿੱਚ ਹੀ ਸੋਵੀਅਤ ਯੂਨੀਅਨ ਦਾ ਇੱਕ ਵਿਨਾਸ਼ਕਾਰੀ ਅਤੇ ਮਾਈਨਜ਼ਸਵੀਪਰ (ਸੁਰੰਗਾਂ ਵਿੱਚ ਕੰਮ ਕਰਨ ਵਾਲਾ ਜਹਾਜ਼) ਮਲੱਕਾ ਦੀ ਖਾੜੀ ਰਾਹੀਂ ਇਸ ਇਲਾਕੇ ਵਿੱਚ ਪਹੁੰਚ ਚੁੱਕਿਆ ਸੀ। ਸੋਵੀਅਤ ਬੇੜਾ ਉਸ ਸਮੇਂ ਤੱਕ ਅਮਰੀਕੀ ਬੇੜੇ ਦੇ ਪਿੱਛੇ ਲੱਗਾ ਰਿਹਾ ਜਦੋਂ ਤੱਕ ਜਨਵਰੀ, 1972 ਦੇ ਪਹਿਲੇ ਹਫ਼ਤੇ ਉਹ ਉਥੋਂ ਚਲੇ ਨਹੀਂ ਸੀ ਗਏ।

ਤਸਵੀਰ ਸਰੋਤ, South China Morning Post
ਬਾਅਦ ਵਿੱਚ ਇੰਟਰਪ੍ਰਾਈਜ਼ ਦੇ ਕਪਤਾਨ ਐਡਮਾਇਰਲ ਜ਼ੁਮਵਾਲਟ ਨਵੰਬਰ, 1989 ਵਿੱਚ ਯੂਨਾਈਟਿਡ ਸਰਵਿਸ ਇੰਸਟੀਚਿਊਟ ਵਿੱਚ ਭਾਸ਼ਣ ਦੇਣ ਆਏ ਸਨ।
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ 1971 ਵਿੱਚ ਸੱਤਵੇਂ ਬੇੜੇ ਨੂੰ ਹਿੰਦ ਮਹਾਂਸਾਗਰ ਵਿੱਚ ਭੇਜਣ ਦਾ ਕੀ ਮੰਤਵ ਸੀ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਸੀ ਕਿ ਉਨ੍ਹਾਂ ਨੂੰ ਇਹ ਸਪਸ਼ਟ ਨਹੀਂ ਕੀਤਾ ਗਿਆ ਸੀ ਕਿ ਉਨ੍ਹਾਂ ਦਾ ਮਿਸ਼ਨ ਕੀ ਹੈ, ਸਿਵਾਏ ਇਸ ਦੇ ਕਿ ਸ਼ਾਇਦ ਅਮਰੀਕਾ ਦੁਨੀਆਂ ਨੂੰ ਦਿਖਾਉਣਾ ਚਾਹੁੰਦਾ ਸੀ ਕਿ ਅਸੀਂ ਮੁਸੀਬਤ ਵਿੱਚ ਆਪਣੇ ਦੋਸਤਾਂ ਦੀ ਮਦਦ ਕਰਨ ਤੋਂ ਪਿੱਛੇ ਨਹੀਂ ਹੱਟਦੇ।
ਐਡਮਾਇਰਲ ਜ਼ੁਮਵਾਲਟ ਨੇ ਕਿਸਿੰਜਰ ਤੋਂ ਵੀ ਪੁੱਛਿਆ ਵੀ ਸੀ ਕਿ ਜੇ ਉਨ੍ਹਾਂ ਦਾ ਸਾਹਮਣਾ ਭਾਰਤੀ ਜਲ ਸੈਨਾ ਦੇ ਕਿਸੇ ਬੇੜੇ ਨਾਲ ਹੋ ਜਾਵੇ ਤਾਂ ਉਨ੍ਹਾਂ ਨੂੰ ਕੀ ਕਰਨਾ ਪਵੇਗਾ। ਇਸ 'ਤੇ ਕਿਸਿੰਜਰ ਦਾ ਜੁਆਬ ਸੀ ਕਿ ਇਹ ਤੁਸੀਂ ਤੈਅ ਕਰਨਾ ਹੈ।'
ਇੰਦਰਾ ਗਾਂਧੀ ਨੇ ਐਡਮਾਇਰਲ ਨੰਦਾ ਨੂੰ ਤਲਬ ਕੀਤਾ ਸੀ
ਐਡਮਾਇਰਲ ਜ਼ੁਮਵਾਲਟ ਦੇ ਭਾਸ਼ਨ ਤੋਂ ਬਾਅਦ ਐਡਮਾਇਰਲ ਨੰਦਾ ਨੇ ਉਨ੍ਹਾਂ ਨੂੰ ਆਪਣੇ ਘਰ ਡ੍ਰਿੰਕਸ ਲਈ ਸੱਦਾ ਦਿੱਤਾ।
ਉੱਥੇ ਜ਼ੁਮਵਾਲਟ ਨੇ ਉਨ੍ਹਾਂ ਨੂੰ ਪੁੱਛਿਆ ਕਿ ਜਦੋਂ ਭਾਰਤੀ ਐਡਮਾਇਰਲ ਨੂੰ ਉਨ੍ਹਾਂ ਦੇ ਬੰਗਾਲ ਦੀ ਖਾੜੀ ਵਿੱਚ ਆਉਣ ਦੀ ਖ਼ਬਰ ਮਿਲੀ ਤਾਂ ਉਨ੍ਹਾਂ ਨੇ ਇਸ ਨੂੰ ਕਿਸ ਤਰ੍ਹਾਂ ਲਿਆ।

ਤਸਵੀਰ ਸਰੋਤ, HarperCollins India
ਐਡਮਾਇਰਲ ਨੰਦਾ ਆਪਣੀ ਸਵੈ-ਜੀਵਨੀ ਵਿੱਚ ਲਿਖਦੇ ਹਨ, 'ਮੈਂ ਜ਼ੁਮਵਾਲਟ ਨੂੰ ਦੱਸਿਆ ਕਿ ਜਿਵੇਂ ਹੀ ਇਹ ਖ਼ਬਰ ਫ਼ੈਲੀ ਮੇਰੀ ਪ੍ਰਧਾਨ ਮੰਤਰੀ ਨੇ ਮੈਨੂੰ ਸੱਦਾ ਭੇਜਿਆ ਅਤੇ ਮੈਨੂੰ ਪੁੱਛਿਆ ਕਿ ਜਲ ਸੈਨਾ ਇਸ ਸੰਬੰਧੀ ਕੀ ਕਰਨ ਵਾਲੀ ਹੈ?”
“ਮੈਂ ਜਵਾਬ ਦਿੱਤਾ ਕੀ ਤੁਸੀਂ ਸੋਚਦੇ ਹੋ ਕਿ ਅਮਰੀਕਾ ਭਾਰਤ ਨਾਲ ਜੰਗ ਦਾ ਐਲਾਨ ਕਰੇਗਾ?”
“ਉਨ੍ਹਾਂ ਨੇ ਫ਼ਿਰ ਪੁੱਛਿਆ, ਤੁਸੀਂ ਅਜਿਹਾ ਕਿਉਂ ਕਹਿ ਰਹੇ ਹੋ? ਮੈਂ ਜਵਾਬ ਦਿੱਤਾ ਕਿ ਜੇ ਉਹ ਸਾਡੇ ਬੇੜ੍ਹਿਆਂ 'ਤੇ ਹਮਲਾ ਕਰਦੇ ਹਨ ਤਾਂ ਜੰਗੀ ਕਾਰਵਾਈ ਹੋਵੇਗੀ।”
“ਉਨ੍ਹਾਂ ਨੇ ਫ਼ਿਰ ਪੁੱਛਿਆ ਤੁਹਾਡੀ ਸਮਝ ਵਿੱਚ ਇਸ ਨਾਲ ਕਿਵੇਂ ਨਜਿੱਠਿਆ ਜਾਣਾ ਚਾਹੀਦਾ ਹੈ?”
“ਮੈਂ ਕਿਹਾ ਮੈਡਮ ਉਹ ਸਾਡੇ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸਾਨੂੰ ਦ੍ਰਿੜ ਰਹਿਣਾ ਚਾਹੀਦਾ ਹੈ। ਮੈਂ ਆਪਣੇ ਜਹਾਜ਼ਾਂ ਦੇ ਕਪਤਾਨਾਂ ਨੂੰ ਆਦੇਸ਼ ਦੇ ਰਿਹਾ ਹਾਂ ਕਿ ਜੇ ਉਨ੍ਹਾਂ ਦਾ ਸਾਹਮਣਾ ਕਿਸੇ ਅਮਰੀਕੀ ਬੇੜੇ ਨਾਲ ਹੋਵੇ ਤਾਂ ਉਹ ਜਾਣ-ਪਛਾਣ ਦਾ ਲੈਣ-ਦੇਣ ਕਰਨ ਅਤੇ ਉਨ੍ਹਾਂ ਦੇ ਕਪਤਾਨ ਨੂੰ ਆਪਣੇ ਨਾਲ ਡ੍ਰਿੰਕਸ ਲਈ ਸੱਦਾ ਦੇਣ। ਇਹ ਸੁਣ ਕੇ ਉਹ ਹੱਸ ਪਏ।”

ਤਸਵੀਰ ਸਰੋਤ, Bettmann
“ਮੈਂ ਆਪਣੇ ਡਿਪਟੀ ਐਡਮਾਇਰਲ ਕ੍ਰਿਸ਼ਣਨ ਨੂੰ ਨਿਰਦੇਸ਼ ਦੇ ਦਿੱਤੇ ਕਿ ਮੇਰਾ ਇਹ ਸੁਨੇਹਾ ਸਾਰੇ ਕਪਤਾਨਾਂ ਤੱਕ ਪਹੁੰਚਾ ਦਿੱਤਾ ਜਾਵੇ।”
“ਇਸ ਦਰਮਿਆਨ ਸੋਵੀਅਤ ਯੂਨੀਅਨ ਆਪਣੇ ਸੈਟੇਲਾਈਟਸ ਜ਼ਰੀਏ ਅਮਰੀਕੀ ਬੇੜਿਆਂ ਦੀ ਹਲਚਲ 'ਤੇ ਨਜ਼ਰ ਰੱਖ ਰਿਹਾ ਸੀ ਅਤੇ ਸਾਨੂੰ ਇਸ ਦੀ ਪੂਰੀ ਜਾਣਕਾਰੀ ਦੇ ਰਿਹਾ ਸੀ।”
ਅਮਰੀਕਾ ਦਾ ਭਾਰਤੀ ਜਲਸੈਨਾ ਨਾਲ ਉਲਝਣ ਦਾ ਇਰਾਦਾ ਨਹੀਂ ਸੀ
ਇਸੇ ਦਰਮਿਆਨ ਇੰਦਰਾ ਗਾਂਧੀ ਨੇ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਇੱਕ ਵਿਸ਼ਾਲ ਇਕੱਠ ਨੂੰ ਸੰਬੋਧਿਤ ਕੀਤਾ।
ਜਦੋਂ ਇੰਦਰਾ ਗਾਂਧੀ ਦਾ ਭਾਸ਼ਣ ਚੱਲ ਰਿਹਾ ਸੀ ਤਾਂ ਭਾਰਤੀ ਹਵਾਈ ਸੈਨਾ ਦੇ ਜਹਾਜ਼ ਰਾਮਲੀਲਾ ਮੈਦਾਨ ਦੇ ਉੱਪਰ ਘੁੰਮ ਰਹੇ ਸਨ ਤਾਂ ਕਿ ਪਾਕਿਸਤਾਨ ਦਾ ਕੋਈ ਜਹਾਜ਼ ਉਸ ਇਕੱਠ ਨੂੰ ਆਪਣਾ ਨਿਸ਼ਾਨਾ ਨਾ ਬਣਾ ਲਏ।

ਤਸਵੀਰ ਸਰੋਤ, Nanda Family
ਉਸ ਸਭਾ ਵਿੱਚ ਇੰਦਰਾ ਗਾਂਧੀ ਨੇ ਅਮਰੀਕਾ ਅਤੇ ਚੀਨ ਦਾ ਨਾਮ ਲਏ ਬਗ਼ੈਰ ਕਿਹਾ ਕਿ ਕੁਝ ਬਾਹਰੀ ਤਾਕਤਾਂ ਸਾਨੂੰ ਧਮਕਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਜਿਸਦਾ ਮੂੰਹ ਤੋੜ ਜਵਾਬ ਦਿੱਤਾ ਜਾਏਗਾ।
ਭਾਸ਼ਨ ਇੰਨਾਂ ਭੜਕਾਊ ਸੀ ਕਿ ਬਾਅਦ ਵਿੱਚ ਉਨ੍ਹਾਂ ਦੇ ਪ੍ਰੈਸ ਦਫ਼ਤਰ ਨੇ ਭਾਸ਼ਨ ਦੇ ਲਿਖਿਤ ਸੰਸਕਰਨ ਵਿਚੋਂ ਕੁਝ ਹਿੱਸੇ ਕੱਟ ਦਿੱਤੇ।
ਇਸ ਦੌਰਾਨ ਜਦੋਂ ਯਾਹੀਆ ਖ਼ਾਨ ਨੂੰ ਪਤਾ ਲੱਗਿਆ ਕਿ ਅਮਰੀਕੀ ਸੱਤਵਾਂ ਬੇੜਾ ਬੰਗਾਲ ਦੀ ਖਾੜੀ ਵੱਲ ਵੱਧ ਰਿਹਾ ਹੈ ਤਾਂ ਉਨ੍ਹਾਂ ਨੇ ਨਿਕਸਨ ਨੂੰ ਬੇਨਤੀ ਕੀਤੀ ਕਿ ਉਸਨੂੰ ਕਰਾਚੀ ਦੀ ਰੱਖਿਆ ਲਈ ਭੇਜ ਦਿੱਤਾ ਜਾਵੇ।

ਤਸਵੀਰ ਸਰੋਤ, Nanda Family
ਪੈਟ੍ਰਿਕ ਮੋਏਨਿਹਨ ਆਪਣੀ ਕਿਤਾਬ 'ਐਸਟ੍ਰੇਜੈਂਟ ਡੈਮੌਕਰੇਸੀਜ਼ ਇੰਡੀਆਂ ਐਂਡ ਦਿ ਯੂਨਾਈਟਿਡ ਸਟੇਟ', ਵਿੱਚ ਲਿਖਦੇ ਹਨ, “ਬਹੁਤ ਵਾਰ ਇਹ ਪ੍ਰਭਾਵ ਦੇਣ ਦੇ ਬਾਵਜੂਦ ਕਿ ਉਹ ਭਾਰਤ ਨਾਲ ਕਦੇ ਵੀ ਜੰਗ ਸ਼ੁਰੂ ਕਰ ਸਕਦੇ ਹਨ, ਨਿਕਸਨ ਦਾ ਕਿਸੇ ਵੀ ਜਲ ਸੈਨਿਕ ਲੜਾਈ ਦਾ ਕੋਈ ਇਰਾਦਾ ਨਹੀਂ ਸੀ।”
“ਇੰਟਰਪ੍ਰਈਜ਼ ਨੂੰ ਉਹ ਝਾਂਸਾ ਦੇਣ ਲਈ ਵਰਤ ਰਹੇ ਸਨ ਤਾਂ ਕਿ ਸੋਵੀਅਤ ਯੂਨੀਅਨ ਭਾਰਤ 'ਤੇ ਜੰਗਬੰਦੀ ਦਾ ਦਬਾਅ ਪਾ ਸਕੇ। ਨਿੱਜੀ ਤੌਰ 'ਤੇ ਕਿਸਿੰਜਰ ਕਹਿ ਰਹੇ ਸਨ ਕਿ ਉਨ੍ਹਾਂ ਦਾ ਇਸ ਲੜਾਈ ਵਿੱਚ ਸੈਨਿਕ ਤੌਰ 'ਤੇ ਉਲਝਣ ਦਾ ਕੋਈ ਇਰਾਦਾ ਨਹੀਂ ਹੈ।”
ਵੀਅਤਨਾਮ ਜੰਗ ਦੇ ਚਲਦਿਆਂ ਅਮਰੀਕੀ ਦਖ਼ਲਅੰਦਾਜ਼ੀ ਦੀ ਸੰਭਾਵਨਾ ਨਾ ਬਰਾਬਰ ਸੀ
ਉੱਧਰ ਨੇਵਲ ਇੰਟੈਲੀਜੈਂਸ ਦੇ ਡਾਇਰੈਕਟਰ ਐਡਮਾਇਰਲ ਮੀਹਿਰ ਰਾਏ ਨੇ ਇੰਦਰਾ ਗਾਂਧੀ ਨੂੰ ਦਿੱਤੀ ਗਈ ਜਾਣਕਾਰੀ ਵਿੱਚ ਦੱਸਿਆ ਕਿ ਹੋ ਸਕਦਾ ਹੈ ਸੱਤਵਾਂ ਬੇੜਾ ਭਾਰਤ 'ਤੇ ਹਮਲਾ ਕਰੇ ਪਰ ਵੀਅਤਨਾਮ ਜੰਗ ਜਾਰੀ ਰਹਿਣ ਕਰਕੇ ਇਸ ਦੀ ਸੰਭਾਵਨਾ ਘੱਟ ਹੀ ਹੈ।

ਤਸਵੀਰ ਸਰੋਤ, Bettmann/BBC
ਉਨ੍ਹਾਂ ਨੇ ਇਹ ਵੀ ਕਿਹਾ ਕਿ ਹੋ ਸਕਦਾ ਹੈ ਕਿ ਉਹ ਭਾਰਤੀ ਜਲ ਸੈਨਾ ਦੁਆਰਾ ਪਾਕਿਸਤਾਨ ਦੀ ਕੀਤੀ ਗਈ ਘੇਰਾਬੰਦੀ ਤੋੜਨ ਦੀ ਕੋਸ਼ਿਸ਼ ਕਰਨ।
ਭਾਰਤੀ ਜਲ ਸੈਨਾ ਦੀ ਪੂਰਬੀ ਕਮਾਂਡ ਦੇ ਮੁਖੀ ਵਾਈਨ ਐਡਮਾਇਰਲ ਐਨ ਕ੍ਰਿਸ਼ਣਨ ਆਪਣੀ ਕਿਤਾਬ 'ਨੋ ਵੇਅ ਬਟ ਸਰੈਂਡਰ' ਵਿੱਚ ਲਿਖਦੇ ਹਨ, “ਮੈਨੂੰ ਡਰ ਸੀ ਕਿ ਅਮਰੀਕੀ ਚਟਗਾਂਵ ਤੱਕ ਆ ਸਕਦੇ ਹਨ। ਅਸੀਂ ਇੱਥੋਂ ਤੱਕ ਸੋਚਿਆ ਸੀ ਕਿ ਸਾਡੀ ਇੱਕ ਪਣਡੁੱਬੀ ਇੰਟਰਪ੍ਰਈਜ਼ ਦੇ ਬੇੜੇ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦੇਵੇ ਤਾਂ ਕਿ ਉਸ ਬੇੜੇ ਦੀ ਰਫ਼ਤਾਰ ਕੁਝ ਘੱਟ ਹੋ ਜਾਵੇ।”

ਤਸਵੀਰ ਸਰੋਤ, South Asia Books
“ਬਾਅਦ ਵਿੱਚ ਅਸੀਂ ਇਸਦਾ ਇੱਕ ਹੀ ਇਲਾਜ ਕੱਢਿਆ ਕਿ ਚਟਗਾਂਵ ਅਤੇ ਕੌਕਸ ਬਜ਼ਾਰ ਵਿੱਚ ਜਲ ਸੈਨਾ ਦੇ ਹਮਲੇ ਤੇਜ਼ ਕਰ ਦਿੱਤੇ।”
ਭਾਰਤੀ ਅਗਵਾਈ ਨੂੰ ਇਸ ਗੱਲ ਦਾ ਅੰਦਾਜ਼ਾ ਲੱਗ ਚੁੱਕਿਆ ਸੀ ਕਿ ਵੀਅਤਨਾਮ ਵਿੱਚ ਫ਼ਸੇ ਅਮਰੀਕਾ ਲਈ ਭਾਰਤ ਵਿਰੁੱਧ ਲੜਾਈ ਵਿੱਚ ਆਪਣੀ ਫੌਜ ਭੇਜਣਾ ਤਕਰਬੀਨ ਨਾਮੁਮਕਿਨ ਸੀ।
ਇੰਦਰਾ ਗਾਂਧੀ ਨੇ ਬਾਅਦ ਵਿੱਚ ਇਤਾਲਵੀ ਪੱਤਰਕਾਰ ਔਰਿਆਨਾ ਫ਼ਲਾਚੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ, “ਜੇ ਅਮਰੀਕੀਆਂ ਨੇ ਇੱਕ ਵੀ ਗੋਲੀ ਚਲਾਈ ਹੁੰਦੀ ਜਾਂ ਅਮਰੀਕੀ ਬੰਗਾਲ ਦੀ ਖਾੜੀ ਵਿੱਚ ਬੈਠਨ ਤੋਂ ਬਗ਼ੈਰ ਕੁਝ ਹੋਰ ਕਰਦੇ ਤਾਂ ਹਾਂ ਤੀਸਰੀ ਵਿਸ਼ਵ ਜੰਗ ਹੋ ਸਕਦੀ ਸੀ। ਪਰ ਤੁਹਾਨੂੰ ਸੋਚ ਕੇ ਦੱਸਾਂ ਮੇਰੇ ਦਿਮਾਗ਼ ਵਿੱਚ ਇੱਕ ਵਾਰ ਵੀ ਇਹ ਡਰ ਨਹੀਂ ਆਇਆ।¨

ਤਸਵੀਰ ਸਰੋਤ, Bettmann/BBC
ਇਸਦੇ ਬਾਵਜੂਦ ਭਾਰਤ ਨੇ ਸੋਵੀਅਤ ਯੂਨੀਅਨ ਨੂੰ ਕਿਹਾ ਕਿ ਉਹ ਅਮਰੀਕਾ ਨੂੰ ਚੇਤਾਵਨੀ ਦੇਵੇ ਕਿ ਜੇ ਉਹ ਅਜਿਹਾ ਕਰਦਾ ਹੈ ਤਾਂ ਇਸਦੇ ਕਿੰਨੇ ਖਤਰਨਾਕ ਨਤੀਜੇ ਹੋਣਗੇ।
ਨਾਲ ਹੀ ਪੀਐਨ ਹਕਸਰ ਨੇ ਖ਼ਾਸ ਤੌਰ 'ਤੇ ਮਾਸਕੋ ਭੇਜੇ ਗਏ ਭਾਰਤੀ ਦੂਤ ਡੀਪੀ ਧਰ ਨੂੰ ਕਿਹਾ ਕਿ ਉਹ ਸੋਵੀਅਤ ਪ੍ਰਧਾਨ ਮੰਤਰੀ ਐਲੇਕਸੀ ਕੋਸੀਜਿਨ ਨੂੰ ਯਕੀਨ ਦਿਵਾਉਣ ਕਿ ਬੰਗਲਾਦੇਸ਼ ਅਤੇ ਪੱਛਮੀ ਪਾਕਿਸਤਾਨ ਵਿੱਚ ਭਾਰਤ ਦੀਆਂ ਕੋਈ ਖੇਤਰੀ ਇਛਾਵਾਂ ਨਹੀਂ ਹਨ।
ਨਹਿਰੂ ਮੈਮੋਰੀਅਲ ਲਾਇਬਰੇਰੀ ਵਿੱਚ ਰੱਖੇ ਹਕਸਰ ਦੇ ਕਾਗਜ਼ਾਂ ਵਿੱਚ ਲਿਖਿਆ ਹੈ, “ਭਾਰਤ ਵਿੱਚ ਸੋਵੀਅਤ ਰਾਜਦੂਤ ਨੇ ਇਹ ਯਕੀਨ ਦਿਵਾਇਆ ਸੀ ਕਿ ਸੋਵੀਅਤ ਯੂਨੀਅਨ ਅਮਰੀਕਾ ਨੂੰ ਲੜਾਈ ਵਿੱਚ ਦਖ਼ਲਅੰਦਾਜ਼ੀ ਨਹੀਂ ਕਰਨ ਦੇਵੇਗਾ।”
ਅਮਰੀਕਾ ਨੇ ਪੂਰਬੀ ਪਾਕਿਸਤਾਨ ਵਿੱਚ ਉੱਤਰਨ ਦੀ ਖ਼ਬਰ ਲੀਕ ਕਰਵਾਈ
ਇਸਦੇ ਠੀਕ ਉੱਲਟ ਅਮਰੀਕਾ ਤੋਂ ਇਹ ਖ਼ਬਰ ਲੀਕ ਕੀਤੀ ਜਾ ਰਹੀ ਸੀ ਕਿ ਪੂਰਬੀ ਪਾਕਿਸਤਾਨ ਦੇ ਸੰਮੁਦਰੀ ਕੰਢਿਆਂ ਤੋਂ ਅੰਦਰ ਜਾਣ ਲਈ ਟਾਸਕਫ਼ੋਰਸ ਬਣਾਈ ਗਈ ਹੈ ਜਿਸ ਵਿੱਚ ਤਿੰਨ ਮੈਰੀਨ ਬਟਾਲਿਅਨਾਂ ਨੂੰ ਤਿਆਰ ਰਹਿਣ ਲਈ ਕਿਹਾ ਗਿਆ ਹੈ ਅਤੇ ਨਿਕਸਨ ਨੇ ਇੰਟਰਪ੍ਰਈਜ਼ ਦੇ ਹਮਲਾਵਰਾਂ ਨੂੰ ਲੋੜ ਪੈਣ 'ਤੇ ਭਾਰਤੀ ਫ਼ੌਜ ਦੇ ਸੰਚਾਰ ਕੇਂਦਰਾਂ 'ਤੇ ਬੰਬ ਦਾਗਣ ਦੀ ਇਜਾਜ਼ਤ ਦੇ ਦਿੱਤੀ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ’ਤੇ ਇੰਝ ਲਿਆਓ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਜਦੋਂ ਭਾਰਤੀ ਰਾਜਦੂਤ ਲਕਸ਼ਮੀਕਾਂਤ ਝਾ ਨੇ ਅਮਰੀਕੀ ਵਿਦੇਸ਼ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਤੋਂ ਸਮੁੰਦਰ ਤੱਟ ਜ਼ਰੀਏ ਅਮਰੀਕੀ ਫੌਜ ਦੇ ਪੂਰਬੀ ਪਾਕਿਸਤਾਨ ਵਿੱਚ ਦਾਖ਼ਲ ਹੋਣ ਦੀ ਸੰਭਾਵਨਾ ਬਾਰੇ ਪੁੱਛਿਆ, ਤਾਂ ਉਨ੍ਹਾਂ ਨੇ ਉਸਦਾ ਸਪੱਸ਼ਟ ਤੌਰ 'ਤੇ ਖੰਡਨ ਨਾ ਕੀਤਾ।
ਭਾਰਤੀ ਰਾਜਦੂਤ ਇਸ ਘਟਨਾਕ੍ਰਮ ਤੋਂ ਇੰਨੇ ਪਰੇਸ਼ਾਨ ਹੋ ਗਏ ਕਿ ਉਨ੍ਹਾਂ ਨੇ ਅਮਰੀਕੀ ਟੈਲੀਵਿਜ਼ਨ 'ਤੇ ਜਾ ਕੇ ਨਿਕਸਨ ਪ੍ਰਸ਼ਾਸਨ ਦੇ ਇਸ ਇਰਾਦੇ ਬਾਰੇ ਬੁਰਾ ਭਲਾ ਕਿਹਾ।
ਇਹ ਵੀ ਪੜ੍ਹੋ:
ਬਾਅਦ ਵਿੱਚ ਡੀਕਲਾਸੀਫ਼ਾਈ ਹੋਏ ਵ੍ਹਾਈਟ ਹਾਊਸ ਟੇਪਸ ਵਿੱਚ ਪਤਾ ਲੱਗਿਆ ਕਿ ਨਿਕਸਨ ਅਤੇ ਕਿਸਿੰਜਰ ਦੋਵਾਂ ਨੂੰ ਭਾਰਤ ਨੂੰ ਇਸ ਤਰ੍ਹਾਂ ਪਰੇਸ਼ਾਨ ਕਰਨ ਵਿੱਚ ਬਹੁਤ ਮਜ਼ਾ ਆ ਰਿਹਾ ਸੀ।
ਕਿਸਿੰਜਰ ਨੇ ਕਿਹਾ, "ਭਾਰਤੀ ਰਾਜਦੂਤ ਦਾ ਕਹਿਣਾ ਹੈ ਕਿ ਉਸ ਕੋਲ ਇਸ ਗੱਲ ਦੇ ਸਬੂਤ ਹਨ ਕਿ ਅਸੀਂ ਬੰਗਾਲ ਦੀ ਖਾੜੀ ਵਿੱਚ ਲੈਂਡ ਕਰਨ ਦੀ ਯੋਜਨਾ ਬਣਾ ਰਹੇ ਹਾਂ। ਮੇਰੇ ਲਈ ਇਹ ਚੰਗੀ ਗੱਲ ਹੈ।"
ਨਿਕਸਨ ਨੇ ਜੋੜਿਆ, "ਹਾਂ ਇਸ ਨਾਲ ਉਹ ਲੋਕ ਡਰ ਗਏ ਹਨ, ਬੇੜਾ ਭੇਜਣ ਦਾ ਫ਼ੈਸਲਾ ਚੰਗਾ ਕਦਮ ਹੈ।"
ਇਸ ਸਭ ਦੇ ਬਾਵਜੂਦ ਅਮਰੀਕੀ ਬੇੜਾ ਚਟਗਾਂਵ ਤੋਂ ਕਰੀਬ 1000 ਕਿਲੋਮੀਟਰ ਦੀ ਦੂਰੀ 'ਤੇ ਹੀ ਰਿਹਾ।
ਪੈਂਟਾਗਨ ਨੇ ਮੰਨਿਆ ਕਿ ਉਸ ਇਲਾਕੇ ਵਿੱਚ ਚਾਰ ਜਾਂ ਪੰਜ ਸੋਵੀਅਤ ਜਹਾਜ਼ ਮੌਜੂਦ ਸਨ ਪਰ ਇੰਟਰਪ੍ਰਈਜ਼ ਦਾ ਸਾਹਮਣਾ ਨਾ ਤਾਂ ਉਨ੍ਹਾਂ ਨਾਲ ਹੋਇਆ ਨਾ ਹੀ ਕਿਸੇ ਭਾਰਤੀ ਜਾਂ ਪਾਕਿਸਤਾਨੀ ਜਹਾਜ਼ ਨਾਲ ਹੋਇਆ।

ਤਸਵੀਰ ਸਰੋਤ, Bettmann/BBC
ਰੂਸੀ ਬੇੜੇ ਵਿੱਚ ਇੱਕ ਹਮਲਾਵਰ, ਇੱਕ ਕਰੂਜ਼ ਅਤੇ ਦੋ ਹਮਲਾਵਰ ਪਣਡੁੱਬੀਆਂ ਸਨ ਅਤੇ ਇਸਦੀ ਕਮਾਂਡ ਐਡਮਾਇਰਲ ਵਲਾਦੀਮੀਰ ਕ੍ਰਗਲਿਆਕੋਲ ਨੇ ਸੰਭਾਲੀ ਹੋਈ ਸੀ।
ਬਾਅਦ ਵਿੱਚ ਸੇਬੇਸਟਿਅਨ ਰੌਬਲਿਨ ਨੇ ਆਪਣੀ ਕਿਤਾਬ 'ਵਾਰ ਇਜ਼ ਬੋਰਿੰਗ' ਵਿੱਚ ਲਿਖਿਆ ਕਿ 'ਕ੍ਰਗਲਿਆਕੋਵ ਨੇ ਰੂਸੀ ਟੈਲੀਵਿਜ਼ਨ ਨੂੰ ਦਿੱਤੇ ਗਏ ਇੰਟਰਵਿਊ ਵਿੱਚ ਕਿਹਾ ਸੀ ਕਿ ਜੇ ਅਮਰੀਕੀ ਅੱਗੇ ਵਧਦੇ ਤਾਂ ਸਾਡਾ ਇਰਾਦਾ ਉਨ੍ਹਾਂ ਨੂੰ ਘੇਰਨ ਦਾ ਸੀ।
ਉਨ੍ਹਾਂ ਲਿਖਿਆ, 'ਮੈਂ ਆਪਣੀ ਪਣਡੁੱਬੀ ਦਾ ਮਿਜ਼ਾਈਲ ਟਿਊਬ ਖੋਲ੍ਹਕੇ ਇੰਟਰਪ੍ਰਈਜ਼ ਦੇ ਸਾਹਮਣੇ ਖੜਾ ਹੋਣ ਵਾਲਾ ਸੀ, ਪਰ ਇਸ ਦੀ ਨੌਬਤ ਨਹੀਂ ਆਈ। ਬਾਅਦ ਵਿੱਚ ਦੋ ਹੋਰ ਰੂਸੀ ਜਹਾਜ਼ ਇਸ ਬੇੜੇ ਵਿੱਚ ਸ਼ਾਮਿਲ ਹੋ ਗਏ।'
ਆਤਮ ਸਮਰਪਣ ਨੇ ਇੰਟਰਪ੍ਰਈਜ਼ ਦਾ ਰੁਖ਼ ਮੋੜਿਆ
ਭਾਰਤ ਦੇ ਸਾਬਕਾ ਡਿਪਲੋਮੈਟ ਅਰੁਣਧਨੀ ਘੋਸ਼ ਨੇ ਬਾਅਦ ਵਿੱਚ ਦੱਸਿਆ ਕਿ “ਉਨ੍ਹਾਂ ਦਿਨਾਂ ਵਿੱਚ ਕਲਕੱਤਾ ਵਿੱਚ ਇਹ ਅਫ਼ਵਾਹ ਫ਼ੈਲੀ ਹੋਈ ਸੀ ਕਿ ਅਮਰੀਕੀ ਉੱਥੇ ਬੰਬ ਸੁੱਟਣਗੇ। ਅਸੀਂ ਮਜ਼ਾਕ ਵਿੱਚ ਕਹਿੰਦੇ ਸੀ, ਉਨ੍ਹਾਂ ਨੂੰ ਸੁੱਟਣ ਦਿਓ। ਸਾਨੂੰ ਇਸੇ ਬਹਾਨੇ ਕਲਕੱਤਾ ਨੂੰ ਨਵੇਂ ਸਿਰੇ ਤੋਂ ਬਣਾਉਣ ਦਾ ਮੌਕਾ ਮਿਲੇਗਾ। ਇਸ ਵਾਰ ਪਹਿਲਾਂ ਨਾਲੋਂ ਕਿਤੇ ਚੰਗਾ।”
ਜੇ ਇੰਟਰਪ੍ਰਈਜ਼ ਬਿਨਾਂ ਰੁਕੇ ਚਲਦਾ ਤਾਂ 16 ਦਸੰਬਰ ਦੀ ਸਵੇਰ ਪੂਰਬੀ ਪਾਕਿਸਤਾਨ ਦੇ ਕੰਢੇ 'ਤੇ ਪਹੁੰਚ ਸਕਦਾ ਸੀ।
ਇਹ ਵੀ ਪੜ੍ਹੋ:
ਪਰ ਇੱਕ ਦਿਨ ਪਹਿਲਾਂ ਪਾਕਿਸਤਾਨੀ ਜਨਰਲ ਨਿਆਜ਼ੀ ਨੇ ਜਨਰਲ ਮਾਨੇਕਸ਼ਾਂ ਨੂੰ ਇਹ ਸੁਨੇਹਾ ਭੇਜ ਦਿੱਤਾ ਸੀ ਕਿ ਉਹ ਜੰਗਬੰਦੀ ਚਾਹੁੰਦੇ ਹਨ।
ਭਾਰਤ ਵਿੱਚ ਇਸ ਦਾ ਮਤਲਬ ਇਹ ਕੱਢਿਆ ਗਿਆ ਕਿ ਪਾਕਿਸਤਾਨ ਆਤਮ-ਸਮਰਪਣ ਕਰਨ ਲਈ ਤਿਆਰ ਹੈ। ਜਿਵੇਂ ਹੀ ਪਾਕਿਸਤਾਨ ਨੇ ਆਤਮ-ਸਮਰਪਣ ਕੀਤਾ ਇੰਟਰਪ੍ਰਈਜ਼ ਨੇ ਆਪਣਾ ਰੁਖ਼ ਪੂਰਬੀ ਪਾਕਿਸਤਾਨ ਤੋਂ ਸ਼੍ਰੀਲੰਕਾ ਵੱਲ ਮੋੜ ਲਿਆ।
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












