ਸੁਨੀਲ ਜਾਖੜ ਨੇ ਕਿਉਂ ਕੀਤੀ ਪੰਜਾਬ ਵਿੱਚ ਜਲਦੀ ਚੋਣਾਂ ਕਰਵਾਉਣ ਦੀ ਗੱਲ - ਪ੍ਰੈੱਸ ਰਿਵੀਊ

ਪੰਜਾਬ ਦੇ ਕਿਸਾਨਾਂ ਅਤੇ ਕੇਂਦਰ ਦਰਮਿਆਨ ਨਵੇਂ ਖੇਤੀ ਕਾਨੂੰਨਾਂ ਕਾਰਨ ਜਾਰੀ ਤਣਾਅ ਦੇ ਚਲਦਿਆਂ ਰੁਕੀਆਂ ਰੇਲਾਂ ਵਾਲੀ ਸਥਿਤੀ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਪੰਜਾਬ ਵਿੱਚ ਮੱਧਵਰਤੀ ਚੋਣਾਂ ਦੀ ਵਕਾਲਤ ਕੀਤੀ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਉਨ੍ਹਾਂ ਨੇ ਕਿਹਾ ਹੈ ਕਿ ਇਹ ਚੋਣਾਂ ਤਿੰਨ ਨਵੇਂ ਖੇਤੀ ਕਾਨੂੰਨਾਂ ਬਾਰੇ ਇੱਕ ਰਫਰੈਂਡਮ ਹੋਣਗੀਆਂ। ਉਨ੍ਹਾਂ ਨੇ ਇਨ੍ਹਾਂ ਕਾਨੂੰਨਾਂ ਨੂੰ ਇੱਕ ਮੱਠਾ ਜ਼ਹਿਰ ਦੱਸਿਆ।

ਅਖ਼ਬਾਰ ਮੁਤਾਬਕ ਉਨ੍ਹਾਂ ਨੇ ਕਿਹਾ ਇਨ੍ਹਾਂ ਚੋਣਾਂ ਦੇ ਨਤੀਜੇ ਭਾਜਪਾ ਲਈ ਇੱਕ ਝਟਕਾ ਸਾਬਤ ਹੋਣਗੇ ਜਿਸ ਨੂੰ ਪੰਜਾਬ ਵਾਸੀ ਮੁੱਢੋਂ ਹੀ ਨਕਾਰ ਦੇਣਗੇ।

ਉਨ੍ਹਾਂ ਨੇ ਕਿਹਾ ਜਿਸ ਤਰ੍ਹਾਂ ਕੇਂਦਰ ਪੰਜਾਬ ਨਾਲ ਵਤੀਰਾ ਕਰ ਰਿਹਾ ਹੈ, ਉਹ ਪਛਤਾਵੇਯੋਗ ਹੈ। ਸੂਬੇ ਦਾ ਜੀਐੱਸਟੀ ਤੇ ਪੇਂਡੂ ਵਿਕਾਸ ਫੰਡ ਅਤੇ ਅਨਾਜਾਂ ਉੱਪਰ ਖਰਚ ਰੋਕ ਕੇ ਸੂਬੇ ਨੂੰ ਯਰਗਮਾਲ ਬਣਾ ਕੇ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ:

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਪੰਜਾਬ ਦੀ ਸਨਅਤ ਦਾ ਵਧਦਾ ਘਾਟਾ

ਪੰਜਾਬ ਵਿੱਚ ਪਿਛਲੇ ਲਗਭਗ ਪੰਜਾਹ ਦਿਨਾਂ ਤੋਂ ਜਾਰੀ ਕਿਸਾਨ ਸੰਘਰਸ਼ ਅਤੇ ਰੁਕੀਆਂ ਰੇਲਾਂ ਕਾਰਨ ਸੂਬੇ ਦੀ ਸਨਅਤ ਨੂੰ 30,000 ਕਰੋੜ ਦਾ ਘਾਟਾ ਪੈ ਰਿਹਾ ਹੈ।

ਇਕਨਾਮਿਕ ਟਾਈਮਜ਼ ਦੀ ਖ਼ਬਰ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨਾਂ ਨੂੰ ਸੂਬੇ ਦੇ ਭਲੇ ਵਿੱਚ ਰੇਲ ਪਟੜੀਆਂ ਤੋਂ ਧਰਨੇ ਚੁੱਕ ਲੈਣ ਦੀ ਅਪੀਲ ਬੇਅਸਰ ਰਹੀ ਹੈ।

ਇਸ ਤੋਂ ਅੱਗੇ ਕਾਨੂੰਨ ਵਾਪਸ ਨਾ ਲਏ ਜਾਣ ਦੀ ਸੂਰਤ ਵਿੱਚ ਕਿਸਾਨ 26 ਨਵੰਬਰ ਤੋਂ ਪੰਜਾਬ ਦੇ ਸਾਰੇ ਪ੍ਰਮੁੱਖ ਹਾਈਵੇ ਸਮੇਤ ਦਿੱਲੀ ਨੂੰ ਜਾਣ ਵਾਲੇ ਰਾਹ ਦੇ ਬੰਦ ਕਰਨ ਦੀ ਤਿਆਰੀ ਕਰ ਰਹੇ ਹਨ।

ਪੰਜਾਬ ਸਰਕਾਰ ਦੇ ਆਂਕੜਿਆਂ ਮੁਤਾਬਕ ਸੂਬੇ ਦੀ ਸਨਅਤ ਨੂੰ 30,000 ਕਰੋੜ ਦਾ ਅਤੇ ਪੰਜਾਬ ਦੇ ਮੁੱਖ ਸਨਅਤੀ ਕੇਂਦਰ - ਲੁਧਿਆਣਾ ਅਤੇ ਜਲੰਧਰ ਨੂੰ 22,000 ਕਰੋੜ ਦਾ ਨੁਕਸਾਨ ਹੋਇਆ ਹੈ।

13,500 ਤੋਂ ਵਧੇਰੇ ਕੰਟੇਨਰ ਧਾਂਦਰੀ ਦੀ ਸੁੱਕੀ ਬੰਦਰਗਾਹ ਉੱਪਰ ਰੁਕੇ ਪਏ ਹਨ ਜਿਨ੍ਹਾਂ ਨੂੰ ਰੇਲਾਂ ਬੰਦ ਹੋਣ ਕਾਰਨ ਦੇਸ਼ ਦੇ ਦੂਜੇ ਹਿੱਸਿਆਂ ਵਿੱਚ ਨਹੀਂ ਭੇਜਿਆ ਜਾ ਸਕਿਆ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਮੁੱਖ ਮੰਤਰੀ ਨੇ ਐਤਵਾਰ ਨੂੰ ਕਿਸਾਨ ਆਗੂਆਂ ਨੂੰ ਗੱਲਬਾਤ ਦਾ ਸੱਦਾ ਦਿੱਤਾ ਹੈ। ਕਿਸਾਨ ਆਗੂਆਂ ਦਾ ਕਿਆਸ ਹੈ ਕਿ ਮੁੱਖ ਮੰਤਰੀ ਉਨ੍ਹਾਂ ਨੂੰ ਵੱਡੇ ਹਾਈਵਿਆਂ ਉੱਪਰ ਬਣੇ ਸ਼ੌਪਿੰਗ ਮਾਲ ਖੋਲ੍ਹਣ ਲਈ ਆਖ ਸਕਦੇ ਹਨ।

ਯੂਪੀ: 'ਲਵ ਜਿਹਾਦ' ਬਾਰੇ ਆਰਡੀਨੈਂਸ ਦੀ ਤਿਆਰੀ

ਯੂਪੀ ਦੀ ਯੋਗੀ ਆਦਿਤਿਆਨਾਥ ਸਰਕਾਰ ਹੁਣ 'ਲਵ ਜਿਹਾਦ' ਨਾਲ ਨਜਿੱਠਣ ਲਈ ਆਰਡੀਨੈਂਸ ਲਿਆਉਣ ਦੀ ਤਿਆਰੀ ਕਰ ਰਹੀ ਹੈ ਤਾਂ ਜੋ ਜ਼ਬਰਨ ਧਰਮ ਬਦਲਾਅ ਨੂੰ ਠੱਲ੍ਹ ਪਾਈ ਜਾ ਸਕੇ।

ਦਿ ਟਾਈਮਜ਼ ਆਫ਼ ਇੰਡੀਆ ਨੇ ਸੂਤਰਾਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਆਰਡੀਨੈਂਸ ਦਾ ਖਰੜਾ ਲਗਭਗ ਤਿਆਰ ਹੈ ਅਤੇ ਮੁੱਖ ਮੰਤਰੀ ਨੇ ਇਸ ਨੂੰ ਆਪਣੀ ਸਹਿਮਤੀ ਦੇ ਦਿੱਤੀ ਹੈ। ਆਰਡੀਨੈਂਸ ਦੇ ਜਲਦੀ ਆਉਣ ਦੀ ਸੰਭਾਵਨਾ ਹੈ।

ਪਿਛਲੇ ਦਿਨੀਂ ਇਲਾਹਾਬਾਦ ਹਾਈ ਕੋਰਟ ਨੇ ਆਪਣੇ ਇੱਕ ਫ਼ੈਸਲੇ ਵਿੱਚ ਕਿਹਾ ਸੀ ਕਿ ਸਿਰਫ਼ ਵਿਆਹ ਲਈ ਧਰਮ ਬਦਲਾਉਣ ਨੂੰ ਸਵੀਕਾਰਿਆ ਨਹੀਂ ਜਾ ਸਕਦਾ।

ਅਦਾਲਤ ਦੇ ਫ਼ੈਸਲੇ ਦੇ ਹਵਾਲੇ ਨਾਲ ਯੋਗੀ ਨੇ ਜੌਨਪੁਰ ਜ਼ਿਮਨੀ ਚੋਣਾਂ ਲਈ ਇੱਕ ਜਲਸੇ ਦੌਰਾਨ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਵਿਆਹ ਦੇ ਨਾਂਅ 'ਤੇ 'ਧੀਆਂ ਭੈਣਾਂ' ਦਾ ਧਰਮ ਬਦਲਣ ਦੀ ਇਜਾਜ਼ਤ ਨਹੀਂ ਦੇਵੇਗੀ।

ਦੇਸ਼ ਵਿੱਚ ਕੋਰੋਨਾ ਦੇ ਦੂਜੇ ਉਬਾਲ ਦੇ ਸੰਕੇਤ

ਭਾਰਤ ਵਿੱਚ ਕੋਰੋਨਾ ਮਹਾਂਮਾਰੀ ਦੇ ਆਂਕੜਿਆਂ ਦਾ ਗਰਾਫ਼ ਜਿਸ ਹਿਸਾਬ ਨਾਲ ਚੱਲ ਰਿਹਾ ਹੈ ਉਹ ਦਰਸਾਉਂਦਾ ਹੈ ਕਿ - ਪਹਿਲਾਂ ਇਹ ਉੱਪਰ ਵੱਲ ਚੜ੍ਹਿਆ ਫਿਰ ਹੇਠਾਂ ਆਇਆ ਅਤੇ ਹੁਣ ਸਥਿਰ ਚੱਲ ਰਿਹਾ ਹੈ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਗਰਾਫ਼ ਦੀ ਇਹ ਚਾਲ ਉਨ੍ਹਾਂ ਵੱਡੇ ਦੇਸ਼ਾਂ ਦੇ ਕੋਰੋਨਾਵਾਇਰਸ ਗਰਾਫ਼ ਨਾਲ ਮਿਲਦੀ-ਜੁਲਦੀ ਹੈ ਜਿਨ੍ਹਾਂ ਨੇ ਮਹਾਂਮਾਰੀ ਦੇ ਇੱਕ ਤੋਂ ਵੱਧ ਉਬਾਲੇ ਜਾਂ ਲਹਿਰਾਂ ਦੇਖੀਆਂ ਹਨ।

ਅਜਿਹੀ ਹੀ ਚਾਲ ਅਮਰੀਕਾ ਵਿੱਚ ਦੇਖੀ ਗਈ ਜਿੱਥੇ ਇਸ ਸਮੇਂ ਤੀਜੀ ਲਹਿਰ ਚੱਲ ਰਹੀ ਹੈ, ਜਦਕਿ ਬ੍ਰਿਟੇਨ ਆਪਣੀ ਦੂਜੀ ਲਹਿਰ ਦੇ ਸਿਖਰ ਦੇ ਨਜ਼ਦੀਕ ਖੜ੍ਹਾ ਹੈ।

ਇਸੇ ਤਰ੍ਹਾਂ ਰੂਸ ਅਤੇ ਇਟਲੀ ਵਿੱਚ ਪਹਿਲੀ ਲਹਿਰ ਦੇ ਮੁਕਾਬਾਲੇ ਕਿਤੇ ਪ੍ਰਚੰਡ ਦੂਜੀ ਲਹਿਰ ਦੇਖੀ ਜਾ ਰਹੀ ਹੈ।

ਅਮਰੀਕਾ ਤੇ ਰੂਸ ਵਿੱਚ ਦੂਜੀ ਲਹਿਰ ਉਦੋਂ ਆਈ ਜਦੋਂ ਉੱਥੇ ਪਹਿਲੀ ਲਹਿਰ ਦੇ ਮਾਮਲਿਆਂ ਵਿੱਚ ਕਮੀ ਆਉਣੋਂ ਰੁਕ ਗਈ।

ਜਦਕਿ ਇਟਲੀ ਅਤੇ ਬ੍ਰਿਟੇਨ ਵਿੱਚ ਪਹਿਲੀ ਲਹਿਰ ਅਤੇ ਦੂਜੀ ਲਹਿਰ ਵਿਚਕਾਰ ਸਮੇਂ ਦਾ ਅੰਤਰ ਕੁਝ ਵਧੇਰੇ ਦੇਖਿਆ ਗਿਆ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)