ਬਠਿੰਡਾ ਦੇ ਭਗਤਾ ਭਾਈ ਵਿੱਚ ਦੁਕਾਨਦਾਰ ਦਾ ਦਿਨਦਿਹਾੜੇ ਕਤਲ ਕਰਕੇ ਮੁਲਜ਼ਮ ਮੌਕੇ ਤੋਂ ਫਰਾਰ -ਅੱਜ ਦੀਆਂ ਅਹਿਮ ਖ਼ਬਰਾਂ

ਬਠਿੰਡਾ ਵਿੱਚ ਇੱਕ ਦੁਕਾਨਦਾਰ ਦਾ ਦੋ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਇੱਕ ਹੋਰ ਖ਼ਬਰ ਪੰਜਾਬ ਵਿੱਚ ਰੇਲਾਂ ਬੰਦ ਹੋਣ ਨਾਲ ਜੁੜੀ ਹੈ। ਰੇਲਵੇ ਨੇ ਇਸ ਨਾਲ ਹੋਏ ਨੁਕਸਾਨ ਦਾ ਵੇਰਵਾ ਜਾਰੀ ਕੀਤਾ ਹੈ।

1. ਬਠਿੰਡਾ ਵਿੱਚ ਦੁਕਾਨਦਾਰ ਦਾ ਦਿਨਦਿਹਾੜੇ ਕਤਲ

ਬਠਿੰਡਾ ਦੇ ਪਿੰਡ ਭਗਤਾ ਭਾਈ ਵਿੱਚ ਦੋ ਮੋਟਰ ਸਾਈਕਲ ਸਵਾਰ ਨੌਜਵਾਨਾਂ ਨੇ ਇੱਕ ਦੁਕਾਨਦਾਰ ਦਾ ਕਤਲ ਕਰ ਦਿੱਤਾ ਹੈ।

53 ਸਾਲਾ ਮ੍ਰਿਤਕ ਮਨੋਹਰ ਲਾਲ ਪਿੰਡ ਵਿੱਚ ਮਨੀ ਐਕਸਚੇਂਜ ਦੀ ਦੁਕਾਨ ਚਲਾਉਂਦਾ ਸੀ।

ਜਾਣਕਾਰੀ ਅਨੁਸਾਰ ਸ਼ੁੱਕਰਵਾਰ ਸ਼ਾਮ ਨੂੰ ਦੋ ਮੋਟਰ ਸਾਈਕਲ ਅਣਪਛਾਤੇ ਨੌਜਵਾਨ ਸ਼ਹਿਰ ਦੇ ਬੱਸ ਅੱਡੇ ਕੋਲ ਮ੍ਰਿਤਕ ਮਨੋਹਰ ਲਾਲ ਦੀ ਵਿਦੇਸ਼ੀ ਕਰੰਸੀ ਬਦਲਣ ਵਾਲੀ ਦੁਕਾਨ ਵਿਚ ਦਾਖਲ ਹੋ ਗਏ ਅਤੇ ਮਨੋਹਰ ਲਾਲ ’ਤੇ ਗੋਲੀਆਂ ਚਲਾ ਦਿੱਤੀਆਂ ਜੋ ਕਿ ਉਸ ਦੇ ਸਿਰ ਅਤੇ ਬਾਂਹ ਵਿਚ ਲੱਗੀਆਂ।

ਮਨੋਹਰ ਲਾਲ ਨੂੰ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਉਸ ਨੂੰ ਲਿਜਾਇਆ ਗਿਆ ਸੀ ਜਿੱਥੇ ਉਸ ਨੂੰ ਮ੍ਰਿਤ ਐਲਾਨ ਦਿੱਤਾ।

ਇਸ ਘਟਨਾ ਨਾਲ ਜੁੜੀ ਸੀਸੀਟੀਵੀ ਫੁਟੇਜ ਵੀ ਹੈ ਜਿਸ ਵਿੱਚ ਦੋ ਨੌਜਵਾਨ ਗੋਲੀਆਂ ਚਲਾਉਂਦੇ ਨਜ਼ਰ ਆ ਰਹੇ ਹਨ।

ਮ੍ਰਿਤਕ ਜਵਾਹਰ ਲਾਲ ਦੇ ਪੁੱਤਰ 'ਤੇ ਸਾਲ 2019 ਵਿੱਚ ਬਠਿੰਡਾ ਦੇ ਜਲਾਲ ਪਿੰਡ ਵਿੱਚ ਹੋਈ ਬੇਅਦਬੀ ਦੀ ਘਟਨਾ ਦੇ ਮਾਮਲੇ ਵਿੱਚ ਮੁਲਜ਼ਮ ਬਣਾਇਆ ਗਿਆ ਸੀ। ਪੁਲਿਸ ਨੇ ਉਸ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਸੀ।

ਫਿਲਹਾਲ ਉਹ ਜ਼ਮਾਨਤ 'ਤੇ ਬਾਹਰ ਹੈ।

ਜ਼ਿਲ੍ਹਾ ਬਠਿੰਡਾ ਦੇ ਐੱਸ ਐੱਸ ਪੀ ਭੁਪਿੰਦਰਜੀਤ ਸਿੰਘ ਵਿਰਕ ਨੇ ਬੀਬੀਸੀ ਪੰਜਾਬੀ ਲਈ ਸੁਰਿੰਦਰ ਮਾਨ ਨੂੰ ਦੱਸਿਆ, "ਇਸ ਮਾਮਲੇ ਦੀ ਹਾਲੇ ਜਾਂਚ ਚੱਲ ਰਹੀ ਹੈ ਤੇ ਜਾਂਚ ਮਗਰੋਂ ਹੀ ਸਾਫ਼ ਹੋ ਸਕੇਗਾ ਕਿ ਇਸ ਘਟਨਾ ਪਿੱਛੇ ਕੌਣ ਲੋਕ ਹਨ।"

ਇਹ ਵੀ ਪੜ੍ਹੋ:

2. ਰੇਲਵੇ ਨੂੰ 891 ਕਰੋੜ ਦਾ ਹੋਇਆ ਰੈਵਿਨਿਊ ਘਾਟਾ

ਭਾਰਤੀ ਰੇਲਵੇ ਨੇ ਪੰਜਾਬ ਵਿੱਚ ਬੰਦ ਪਈਆਂ ਰੇਲ ਗੱਡੀਆਂ ਕਾਰਨ 19 ਨਵੰਬਰ ਤੱਕ ਪੁੱਜੇ ਨੁਕਸਾਨ ਦੇ ਅੰਕੜੇ ਜਾਰੀ ਕੀਤੇ ਹਨ। ਰੇਲਵੇ ਨੇ ਇਸ ਜਾਣਕਾਰੀ ਵਿੱਚ ਆਪਣੇ ਘਾਟੇ ਦਾ ਮੱਦਵਾਰ ਵੇਰਵਾ ਸਾਹਮਣੇ ਰੱਖਿਆ ਹੈ।

ਰੇਲਵੇ ਅਨੁਸਾਰ 19 ਨਵੰਬਰ ਨੂੰ ਜਾਰੀ ਅੰਕੜਿਆਂ ਅਨੁਸਾਰ ਰੇਲਵੇ ਨੂੰ ਕਰੀਬ 891 ਕਰੋੜ ਦਾ ਰੈਵਿਨਿਊ ਘਾਟਾ ਹੋਇਆ ਹੈ। ਉੱਤਰੀ ਰੇਲਵੇ ਨੂੰ ਕਰੀਬ 14.85 ਕਰੋੜ ਰੁਪਏ ਦਾ ਰੋਜ਼ਾਨਾ ਦਾ ਘਾਟਾ ਹੋ ਰਿਹਾ ਹੈ।

ਰੇਲਵੇ ਨੂੰ ਪੈਸੰਜਰ ਟਰੇਨਾਂ ਨਾ ਚੱਲਣ ਨਾਲ ਕਰੀਬ 67 ਕਰੋੜ ਰੁਪਏ ਦਾ ਘਾਟਾ ਰੇਲਵੇ ਨੂੰ ਹੋਇਆ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

3. ਹਰਿਆਣਾ ਵਿੱਚ ਸਾਰੇ ਸਕੂਲ 30 ਨਵੰਬਰ ਤੱਕ ਬੰਦ

ਕੋਰੋਨਾ ਲਾਗ ਦੇ ਮੱਦੇਨਜ਼ਰ ਹਰਿਆਣਾ ਸਿੱਖਿਆ ਵਿਭਾਗ ਨੇ 30 ਨਵੰਬਰ ਤੱਕ ਸਾਰੇ ਸਰਕਾਰੀ ਅਤੇ ਨਿੱਜੀ ਸਕੂਲਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ।

ਇੱਕ ਨੋਟੀਫਿਕੇਸ਼ਨ ਜਾਰੀ ਕਰਦਿਆਂ ਕਿਹਾ ਹੈ, "ਕੋਵਿਡ-19 ਦੇ ਲਾਗ ਵਧਣ ਦੇ ਮਾਮਲਿਆਂ ਦੇ ਮੱਦੇਨਜ਼ਰ ਅਤੇ ਵਿਦਿਆਰਥੀਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ, ਹਰਿਆਣਾ ਸਰਕਾਰ ਵੱਲੋਂ ਫ਼ੈਸਲਾ ਲਿਆ ਗਿਆ ਹੈ ਕਿ ਸੂਬੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਨੂੰ 30 ਨਵੰਬਰ, 2020 ਤੱਕ ਬੰਦ ਰੱਖਿਆ ਜਾਵੇ।"

"ਇਸ ਦੌਰਾਨ ਸਕੂਲਾਂ ਨੂੰ ਲਾਗ ਮੁਕਤ ਕਰਨ ਲਈ ਚੰਗੀ ਤਰ੍ਹਾਂ ਸੈਨੇਟਾਈਜ਼ ਕੀਤਾ ਜਾਵੇ।"

ਨੋਟਿਫਿਕੇਸ਼ਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਫ਼ੈਸਲੇ ਦਾ ਉਲੰਘਣ ਹੋਣ 'ਤੇ ਸਕੂਲ ਮੁਖੀ ਦੀ ਜ਼ਿੰਮਵਾਰ ਹੋਣਗੇ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਹਰਿਆਣਾ ਦੇ ਤਿੰਨ ਜ਼ਿਲ੍ਹਿਆਂ ਵਿੱਚ ਕਰੀਬ 150 ਵਿਦਿਆਰਥੀ ਕੋਰੋਨਾ ਪੌਜ਼ੀਟਿਲ ਮਿਲੇ ਸਨ, ਜਿਨ੍ਹਾਂ ਵਿੱਚ 9 ਤੋਂ 12ਵੀਂ ਤੱਕ ਦੇ ਵਿਦਿਆਰਥੀ ਹਨ ਅਤੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਇਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ।

4. ਅਨਿਲ ਵਿੱਜ ਨੇ ਲਵਾਇਆ ਕੋਰੋਨਾ ਦਾ ਟਰਾਇਲ ਟੀਕਾ

ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿੱਜ ਨੇ ਅੰਬਾਲਾ ਕੈਂਟ ਦੇ ਸਿਵਲ ਹਸਪਤਾਲ ਵਿੱਚ ਭਾਰਤ ਵਿੱਚ ਵਿਕਸਿਤ ਕੀਤੀ ਜਾ ਰਹੀ ਕੋਰੋਨਾਵਾਇਰਸ ਦੀ ਕੋਵੈਕਸੀਨ ਦੀ ਟੀਕਾ ਲਗਵਾਇਆ।

ਵੈਕਸੀਨ ਲਗਵਾਉਣ ਤੋਂ ਬਾਅਦ ਉਨ੍ਹਾਂ ਨੇ ਕਿਹਾ, "ਇਹ ਮਾਣ ਦੀ ਗੱਲ ਹੈ ਕਿ ਭਾਰਤੀ ਕੰਪਨੀ ਭਾਰਤ ਬਾਇਓਟੈਕ ਵੱਲੋਂ ਕੋਰੋਨਾਵਾਇਰਸ ਦੀ ਵੈਕਸੀਨ ਤਿਆਰ ਕੀਤੀ ਜਾ ਰਹੀ ਹੈ ਅਤੇ ਲੋਕ ਬਿਨਾਂ ਡਰੇ ਅੱਗੇ ਆਉਣ ਤਾਂ ਜੋ ਵੈਕਸੀਨ ਜਲਦੀ ਤੋਂ ਜਲਦੀ ਲੋਕਾਂ ਲਈ ਮਾਰਕੀਟ ਵਿੱਚ ਆ ਸਕੇ।"

ਨਿੱਜੀ ਸਿਹਤ ਸੰਬੰਧੀ ਪੁੱਛੇ ਸਵਾਲਾਂ ਦੇ ਜਵਾਬ ਵਿੱਚ ਵਿੱਜ ਨੇ ਕਿਹਾ - "ਉਨ੍ਹਾਂ ਨੂੰ ਅਜਿਹੀ ਕੋਈ ਬੀਮਾਰੀ ਨਹੀਂ ਹੈ ਜੋ ਇਸ ਵਿੱਚ ਰੁਕਾਵਟ ਪੈਦਾ ਕਰਦੀ ਹੋਵੇ।"

67 ਸਾਲਾ ਆਗੂ ਨੇ ਕੋਵਿਡ-19 ਲਈ ਭਾਰਤ ਵਿੱਚ ਬਣਾਏ ਜਾ ਰਹੇ ਇਸ ਟੀਕੇ ਲਈ ਸਭ ਤੋਂ ਪਹਿਲਾਂ ਵਲੰਟੀਅਰ ਕਰਨ ਦੀ ਪੇਸ਼ਕਸ਼ ਕੀਤੀ ਸੀ।

ਉਨ੍ਹਾਂ ਨੇ ਟਵਿੱਟਰ ਉੱਪਰ ਲਿਖਿਆ ਸੀ,"ਮੈਨੂੰ ਸ਼ੁੱਕਰਵਾਰ ਨੂੰ ਗਿਆਰਾਂ ਵਜੇ ਅੰਬਾਲਾ ਕੈਂਟ ਦੇ ਸਿਵਲ ਹਸਪਤਾਲ ਵਿੱਚ ਪੀਜੀਆਈ ਰੋਹਤਕ ਅਤੇ ਸਿਹਤ ਵਿਭਾਗ ਦੇ ਮਾਹਰ ਡਾਕਟਰਾਂ ਦੀ ਟੀਮ ਦੀ ਨਿਗਰਾਨੀ ਵਿੱਚ ਭਾਰਤ ਬਾਇਓਟੈਕ ਵੱਲੋਂ ਬਣਾਈ ਜਾ ਰਹੀ ਕੋਰੋਨਾ ਵੈਕਸੀਨ ਦਾ ਟਰਾਇਲ ਡੋਜ਼ ਦਿੱਤਾ ਜਾਵੇਗਾ।"

ਉਨ੍ਹਾਂ ਨੇ ਅੱਗੇ ਲਿਖਿਆ ਸੀ, ਮੈਂ ਇਸ ਟੀਕੇ ਦਾ ਟਰਾਇਲ ਡੋਜ਼ ਲੈਣ ਲਈ ਵਲੰਟੀਅਰ ਕੀਤਾ ਹੈ।"

ਅੰਬਾਲਾ ਕੈਂਟ ਤੋਂ ਵਿਧਾਇਕ ਅਨਿਲ ਵਿੱਜ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਹਰਿਆਣਾ ਵਿੱਚ ਕੋਵੈਕਸੀਨ ਦੇ ਤੀਜੇ ਪੜਾਅ ਦਾ ਟਰਾਇਲ 20 ਨਵੰਬਰ ਤੋਂ ਸ਼ੁਰੂ ਹੋਵੇਗਾ।

ਕੀ ਹੈ ਕੋਵੈਕਸੀਨ

ਕੋਵੈਕਸੀਨ ਟੀਕਾ ਭਾਰਤ ਵਿੱਚ ਹੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਨੂੰ ਭਾਰਤ ਬਾਇਓਟੈਕ ਨਾਂਅ ਦੀ ਕੰਪਨੀ ਇੰਡੀਅਨ ਕਾਊਂਸਲ ਆਫ਼ ਮੈਡੀਕਲ ਰਿਸਰਚ ਦੇ ਸਹਿਯੋਗ ਨਾਲ ਬਣਾ ਰਹੀ ਹੈ।

ਕੰਪਨੀ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਉਸ ਵੱਲੋਂ ਪਹਿਲੇ ਅਤੇ ਦੂਜੇ ਪੜਾਅ ਦੇ ਵਿਸ਼ਲੇਸ਼ਣ ਦਾ ਕੰਮ ਪੂਰਾ ਕਰ ਲਿਆ ਗਿਆ ਹੈ ਤੇ ਹੁਣ ਉਹ ਤੀਜੇ ਪੜਾਅ ਦੇ ਟਰਾਇਲ ਅਰੰਭ ਕਰ ਰਹੀ ਹੈ।

ਕੰਪਨੀ ਨੇ ਇਸੇ ਹਫ਼ਤੇ ਦੱਸਿਆ ਸੀ ਕਿ ਤੀਜੇ ਗੇੜ ਦੇ ਟਰਾਇਲ ਵਿੱਚ ਦੇਸ਼ ਦੇ 25 ਕੇਂਦਰਾਂ ਵਿੱਚ 26,000 ਵਲੰਟੀਅਰਾਂ ਉੱਪਰ ਇਸ ਦਾ ਟਰਾਇਲ ਕੀਤਾ ਜਾਵੇਗਾ।

ਭਾਰਤ ਵਿੱਚ ਇਹ ਕਿਸੇ ਵੀ ਕੋਵਿਡ-19 ਵੈਕਸੀਨ ਦਾ ਸਭ ਤੋਂ ਵੱਡਾ ਟਰਾਇਲ ਹੈ।

ਅਨਿਲ ਵਿੱਜ ਨੇ ਇਸ ਤੋਂ ਪਹਿਲਾਂ ਦੱਸਿਆ ਸੀ ਕਿ ਮਨੁੱਖਾਂ ਉੱਪਰ ਕੋਵੈਕਸੀਨ ਦਾ ਟਰਾਇਲ ਪੀਜੀਆਈ ਹਸਪਤਾਲ ਵਿੱਚ ਜੁਲਾਈ ਵਿੱਚ ਹੀ ਸ਼ੁਰੂ ਕਰ ਦਿੱਤਾ ਗਿਆ ਸੀ।

5. ਅਗਲੇ ਸਾਲ ਆ ਸਕਦਾ ਹੈ ਵੈਕਸੀਨ

ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਉਮੀਦ ਜਤਾਈ ਹੈ ਕਿ 2021 ਦੇ ਸ਼ੁਰੂਆਤੀ ਦੋ-ਤਿੰਨ ਮਹੀਨਿਆਂ ਵਿੱਚ ਵੈਕਸੀਨ ਆ ਜਾਵੇਗੀ।

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ 'ਅਗਸਤ-ਸਤੰਬਰ ਤੱਕ ਅਸੀਂ 30 ਕਰੋੜ ਲੋਕਾਂ ਨੂੰ ਵੈਕਸੀਨ ਦੇਣ ਦੀ ਸਥਿਤੀ ਵਿੱਚ ਹੋਵਾਂਗੇ।'

ਜੌਰਜੀਆ ਉੱਪਰ ਬਾਇਡਨ ਦੀ ਜਿੱਤ-ਟੰਰਪ ਲਈ ਇੱਕ ਹੋਰ ਧੱਕਾ

ਅਮਰੀਕੀ ਦੇ ਚੋਣਾਂ ਜਿੱਤ ਚੁੱਕੇ ਰਾਸ਼ਟਰਪਤੀ ਜੋਅ ਬਾਇਡਨ ਦੀ ਜੌਰਜੀਆ ਸੂਬੇ ਵਿੱਚ ਜਿੱਤ ਦੀ ਪੁਸ਼ਟੀ- ਵੋਟਾਂ ਦੀ ਦੋਬਾਰਾ ਕੀਤੀ ਗਈ ਇੱਕ ਗਿਣਤੀ ਹੋ ਗਈ ਹੈ।

ਇਸ ਦੇ ਨਾਲ ਹੀ ਰਾਸ਼ਟਰਪਤੀ ਡੌਨਾਲਡ ਟਰੰਪ ਵੱਲੋਂ ਇਨ੍ਹਾਂ ਚੋਣਾਂ ਨੂੰ ਅਦਾਲਤੀ ਚੁਣੌਤੀ ਦੇਣ ਦੀਆਂ ਤਿੰਨ ਸੂਬਿਆਂ ਵਿੱਚ ਕੋਸ਼ਿਸ਼ਾਂ ਅਦਾਲਤਾਂ ਵੱਲੋਂ ਰੱਦ ਕਰ ਦਿੱਤੀਆਂ ਗਈਆਂ ਹਨ।

ਸੂਬੇ ਦੇ ਕਾਨੂੰਨ ਤਹਿਤ ਕਰਵਾਏ ਗਏ ਲੇਖੇ ਮੁਤਾਬਕ ਬਾਇਡਨ ਨੇ ਜੌਰਜੀਆ ਵਿੱਚ ਟਰੰਪ ਨੂੰ 12,284 ਵੋਟਾਂ ਨਾਲ ਹਰਾਇਆ।

ਜਿੱਤ ਤੋਂ ਬਾਅਦ ਬਾਇਡਨ ਨੇ ਕਿਹਾ ਕਿ ਉਨ੍ਹਾਂ ਨੂੰ ਜਿੱਤ ਦਾ ਭਰੋਸਾ ਸੀ ਅਤੇ ਟਰੰਪ ਨੇ "ਨਾ ਮੰਨਣਯੋਗ ਗੈਰ-ਜ਼ਿੰਮੇਵਾਰੀ" ਦਿਖਾਈ ਹੈ।

ਇਸ ਦੇ ਨਾਲ ਹੀ ਜੋਅ ਦੇ ਅਗਲੇ ਸਾਲ ਜਨਵਰੀ ਵਿੱਚ ਅਮਰੀਕੀ ਦਾ 46ਵਾਂ ਰਾਸ਼ਟਰਪਤੀ ਬਣਨ ਦਾ ਰਾਹ ਪੱਧਰਾ ਹੋ ਗਿਆ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)