You’re viewing a text-only version of this website that uses less data. View the main version of the website including all images and videos.
ਪਿਤਾ ਦਾ ਪੁਲਿਸ ਮੁਕਾਬਲਾ ਬਣਾਉਣ ਵਾਲੇ ਪੁਲਿਸ ਅਫ਼ਸਰ ਨੂੰ ਜਦੋਂ ਧੀ ਮਿਲੀ
- ਲੇਖਕ, ਲੂਸੀ ਵਾਲਿਸ
- ਰੋਲ, ਬੀਬੀਸੀ
ਜਦੋਂ ਕੈਂਡਿਸ ਮਾਮਾ ਨੌਂ ਸਾਲਾਂ ਦੀ ਸੀ ਉਸਨੇ ਚੋਰੀ ਨਾਲ ਉਸ ਕਿਤਾਬ ਦਾ ਇੱਕ ਪੰਨਾਂ ਖੋਲ੍ਹਿਆ, ਜਿਸ ਕਿਤਾਬ ਵੱਲ ਦੇਖਣ ਦੀ ਵੀ ਉਸਨੂੰ ਇਜਾਜ਼ਤ ਨਹੀਂ ਸੀ।
ਉਸ ਵਿਚਲੀ ਤਸਵੀਰ ਵਿੱਚ ਜੋ ਉਸਨੇ ਦੇਖਿਆ ਉਹ ਭਿਆਨਕ ਸੀ। ਉਸਦੇ ਮ੍ਰਿਤਕ ਪਿਤਾ ਦੀ ਦੇਹ ਪਰ ਕਈ ਸਾਲ ਬਾਅਦ ਕੈਂਡਿਸ ਉਨ੍ਹਾਂ ਦੇ ਕਾਤਲ ਨੂੰ ਮਿਲਣ ਅਤੇ ਮੁਆਫ਼ ਕਰਨ ਲਈ ਗਈ।
ਉਸ ਵਿਅਕਤੀ ਨੂੰ ਜੋ 'ਪ੍ਰਈਮ ਈਵਲ' ਵਜੋਂ ਜਾਣਿਆਂ ਜਾਂਦਾ ਸੀ, ਯੂਜੀਨ ਡੀ ਕਾੱਕ।
"ਵੇਅਰ ਡਿਡ ਦਾ ਗਰਲ ਗੋ ਫ਼ਰੌਮ ਸਵੈਟੋ, ਵੇਅਰ ਡਿਡ ਦਾ ਗਰਲ ਗੋ ਫ਼ਰੌਮ ਸਵੈਟੋ …"( ਇੱਕ ਅੰਗਰੇਜ਼ੀ ਗੀਤ ਦੇ ਬੋਲ)
ਜਦੋਂ ਵੀ ਕਲੇਰੈਂਸ ਕਾਰਟਰ ਦਾ ਗੀਤ 'ਦਿ ਗਰਲ ਫ਼ਰੌਮ ਸਵੈਟੋ' ਰੇਡੀਓ 'ਤੇ ਵਜਦਾ ਹੈ, 29 ਸਾਲਾਂ ਦੀ ਕੈਂਡਿਸ ਮਾਮਾ ਮੁਸਕਰਾਉਂਦੀ ਹੈ, ਉਹ ਜਾਣਦੀ ਹੈ ਇਹ ਉਸਦੇ ਪਿਤਾ ਦਾ ਪਸੰਦੀਦਾ ਗੀਤ ਸੀ। ਭਾਵੇਂ ਕਿ ਹੁਣ ਉਸਨੇ ਆਪਣੇ ਪਿਤਾ ਨੂੰ ਕਦੇ ਵੀ ਗਾਉਂਦੇ ਜਾਂ ਨੱਚਦੇ ਨਹੀਂ ਦੇਖਣਾ।
ਉਸਦੇ ਪਿਤਾ ਗਲੈਨੈਕ ਮਾਸੀਲੋ ਮਾਮਾ ਦੀ ਉਦੋਂ ਮੌਤ ਹੋ ਗਈ ਜਦੋਂ ਕੈਂਡਿਸ ਸਿਰਫ਼ ਅੱਠ ਮਹੀਨਿਆਂ ਦੀ ਸੀ। ਇਸ ਤਰ੍ਹਾਂ ਉਸਨੇ ਹੋਰ ਲੋਕਾਂ ਦੀਆਂ ਯਾਦਾਂ ਦੀ ਮਦਦ ਨਾਲ ਆਪਣੇ ਪਿਤਾ ਦੀ ਸ਼ਕਲ ਉਲੀਕਦਿਆਂ ਆਪਣਾ ਬਚਪਨ ਕੱਢਿਆ ਸੀ।
ਇਹ ਵੀ ਪੜ੍ਹੋ:
ਕੈਂਡਿਸ ਕਹਿੰਦੀ ਹੈ,"ਉਹ ਅਜਿਹੇ ਸਨ ਜੋ ਜ਼ਿੰਦਗੀ ਨੂੰ ਸੱਚੀ ਪਿਆਰ ਕਰਦੇ ਹੋਣ। ਉਹ ਅਜਿਹੇ ਸਨ ਜੋ ਹਰ ਪਲ ਨੂੰ ਜ਼ਿਊਂਦੇ ਸੀ। ਜੇ ਉਹ ਕੋਈ ਚੰਗਾ ਗੀਤ ਸੁਣਦੇ ਸੀ ਤਾਂ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਕਿੱਥੇ ਹਨ। ਉਹ ਉੱਠਦੇ ਅਤੇ ਨੱਚਣ ਲੱਗਦੇ।"
ਪਿਤਾ ਦੇ ਕਤਲ ਦੀ ਜਾਣਕਾਰੀ
ਕੈਂਡਿਸ ਦਾ ਜਨਮ 1991 ਵਿੱਚ ਦੱਖਣੀ ਅਫ਼ਰੀਕਾ ਵਿੱਚ ਹੋਇਆ, ਨਸਲਵਾਦੀ ਪ੍ਰਣਾਲੀ ਵਿੱਚ ਜਦੋਂ ਨਸਲੀ ਭੇਦਭਾਦ ਬਹੁਤ ਸਖ਼ਤੀ ਨਾਲ ਲਾਗੂ ਸੀ ਅਤੇ ਹੌਲੀ ਹੌਲੀ ਇਸਨੂੰ ਖ਼ਤਮ ਕਰਨ ਦੇ ਯਤਨ ਕੀਤੇ ਜਾ ਰਹੇ ਸਨ।
ਉਸਦੀ ਮਾਂ ਸੈਂਡਰਾ ਮਿਲੀ ਜੁਲੀ ਨਸਲ (ਮਿਕਸਡ ਰੇਸ) ਵਾਲੀ ਸੀ। ਗਲੈਨੈਕ ਉਨ੍ਹਾਂ ਦੇ ਪਿਤਾ ਅਫਰੀਕੀ ਮੂਲ ਦੇ ਸਨ ਅਤੇ ਪੈਨ ਅਫ਼ਰੀਕਨਿਸਟ ਕਾਂਗਰਸ ਦੇ ਮੈਂਬਰ ਸੀ, ਅਜਿਹਾ ਗਰੁੱਪ ਜੋ ਅਫ਼ੀਰਕੀ ਨੈਸ਼ਨਲ ਕਾਂਗਰਸ (ਏਐਨਸੀ) ਦੇ ਨਾਲ ਨਸਲਵਾਦ ਵਿਰੁੱਧ ਸੰਘਰਸ਼ ਕਰ ਰਿਹਾ ਸੀ ਪਰ ਏਐਨਸੀ ਦੇ ਦੱਖਣੀ ਅਫ਼ਰੀਕਾ ਵਿੱਚ ਸਾਰੀਆਂ ਕੌਮਾਂ ਦੇ ਬਰਾਬਰ ਅਧਿਕਾਰਾਂ ਦੇ ਸਿਧਾਂਤ ਦੇ ਵਿਰੁੱਧ ਸੀ।
ਕੈਂਡਿਸ ਨੂੰ ਹਮੇਸ਼ਾਂ ਤੋਂ ਪਤਾ ਸੀ ਕਿ ਉਸਦੇ ਪਿਤਾ ਦਾ ਕਤਲ ਹੋਇਆ ਸੀ। ਇੱਥੋਂ ਤੱਕ ਕਿ ਉਸਨੂੰ ਕਾਤਲ ਦਾ ਨਾਮ ਵੀ ਪਤਾ ਸੀ 'ਯੂਜੀਨ ਡੀ ਕਾੱਕ', ਵਲਾਕਪਲਾਸ ਪੁਲਿਸ ਯੂਨਿਟ ਦਾ ਇੱਕ ਬਦਨਾਮ ਕਮਾਂਡਰ। ਅਫ਼ਰੀਕੀ ਮੂਲ ਦੇ ਕਾਰਕੁਨਾਂ 'ਤੇ ਤਸ਼ੱਦਦ ਅਤੇ ਉਨ੍ਹਾਂ ਦੇ ਕਤਲ ਕਰਨ ਵਾਲੀ ਟੁਕੜੀ ਦਾ ਮੈਂਬਰ।
ਪਰ ਉਸਦੀ ਮਾਂ ਨੇ ਉਸਨੂੰ ਇਨ੍ਹਾਂ ਡਰਾਉਣੀਆਂ ਗੱਲਾਂ ਤੋਂ ਬਚਾਇਆ।
ਉਹ ਨੌਂ ਸਾਲਾਂ ਦੀ ਸੀ ,ਜਦੋਂ ਕੁਝ ਗੱਲਾਂ ਦਾ ਉਸ ਨੂੰ ਖੁਦ ਪਤਾ ਲੱਗਿਆ, ਜਦੋਂ ਉਸ ਨੇ ਇੱਕ ਕਿਤਾਬ ਜਿਸਦਾ ਨਾਮ 'ਹਰਟ ਆਫ਼ ਡਾਰਕਨੈਸ- ਕੌਨਫ਼ੈਸ਼ਨਜ਼ ਆਫ਼ ਅਪਾਰਟਹੇਡਜ਼ ਅਸੈਸਿਨਜ਼' ਦੇਖੀ, ਜਿਸ ਨੇ ਉਸਦੀ ਮਾਂ ਦੇ ਘਰ ਆਉਣ ਵਾਲੇ ਲੋਕਾਂ 'ਤੇ ਬਹੁਤ ਹੀ ਤਿੱਖਾ ਪ੍ਰਭਾਵ ਪਾਇਆ।
ਕੈਂਡਿਸ ਕਹਿੰਦੀ ਹੈ, "ਜਦੋਂ ਵੀ ਲੋਕ ਉਨ੍ਹਾਂ ਦੇ ਘਰ ਆਉਂਦੇ ਉਹ ਮੈਨੂੰ ਕਹਿੰਦੀ -ਜਾ ਅਤੇ ਉਹ ਕਿਤਾਬ ਲੈ ਕੇ ਆ ਅਤੇ ਲੋਕ ਰੋਂਦੇ। ਮੈਂ ਉਨ੍ਹਾਂ ਦੇ ਰੋਣ ਦੀ ਆਵਾਜ਼ ਸੁਣ ਸਕਦੀ ਸੀ। ਮੈਂ ਉਨ੍ਹਾਂ ਸਾਰੇ ਅਜੀਬ ਪ੍ਰਤੀਕਰਮਾਂ ਨੂੰ ਸੁਣ ਸਕਦੀ ਸੀ ਜਾਂ ਫ਼ਿਰ ਜੋ ਉਸ ਸਮੇਂ ਮੈਨੂੰ ਅਜੀਬ ਲੱਗਦੇ ਸਨ ਅਤੇ ਮੈਂ ਖੁਦ ਸੋਚਦੀ ਰਹਿੰਦੀ ਕਿ ਮੈਨੂੰ ਪਤਾ ਹੈ ਮੇਰੇ ਪਿਤਾ ਇਸ ਕਿਤਾਬ ਵਿੱਚ ਹਨ ਪਰ ਮੈਂ ਜਾਣਨਾ ਚਾਹੁੰਦੀ ਸੀ ਉਹ ਅਜਿਹੇ ਪ੍ਰਤੀਕਰਮ ਕਿਉਂ ਦਿੰਦੇ ਹਨ?"
ਇੱਕ ਦਿਨ ਉਸਨੇ ਉਸ ਪੰਨੇ ਦੀ ਲਿਖਤ ਨੂੰ ਸੁਣਿਆ।
"ਤਾਂ ਮੈਂ ਖੁਦ ਨੂੰ ਕਿਹਾ, 'ਠੀਕ ਹੈ ਜਦੋਂ ਵੀ ਮੈਨੂੰ ਮੌਕਾ ਮਿਲਿਆ ਮੈਂ ਇਸ ਪੰਨੇ ਨੂੰ ਦੇਖਾਂਗੀ।"
ਕਿਤਾਬ ਵਿੱਚ ਕੀ ਦੇਖਿਆ
ਤਕਰੀਬਨ ਇੱਕ ਹਫ਼ਤਾ ਬਾਅਦ ਜਦੋਂ ਉਸਦੀ ਮਾਂ ਕੁਝ ਖਰੀਦਣ ਗਈ, ਕੈਂਡਿਸ ਇੱਕ ਕੁਰਸੀ 'ਤੇ ਚੜ੍ਹੀ ਅਤੇ ਆਪਣੀ ਮਾਂ ਦੇ ਕਮਰੇ ਵਿੱਚ ਅਲਮਾਰੀ ਦੇ ਸਭ ਤੋਂ ਉੱਪਰ ਰੱਖੀ ਕਿਤਾਬ ਲੈਣ ਗਈ।
ਉਸਨੇ ਉਸ ਪੰਨੇ ਨੂੰ ਖੋਲ੍ਹਿਆ ਜਿਸ ਬਾਰੇ ਉਸਨੇ ਸੁਣਿਆ ਸੀ ਅਤੇ ਇੱਕ ਸੜੇ ਹੋਏ ਸਰੀਰ ਦੀ ਭਿਆਨਕ ਤਸਵੀਰ ਦੇਖੀ- ਉਸਦਾ ਪਿਤਾ- ਜਿਸ ਨੇ ਕਾਰ ਦੇ ਸਟੇਰਿੰਗ ਵ੍ਹੀਲ ਨੂੰ ਫ਼ੜ੍ਹਿਆ ਹੋਇਆ ਸੀ।
"ਮੈਂ ਆਪਣੇ ਮਨ ਵਿੱਚ ਇੱਕਦਮ ਸੋਚਿਆ ਇਹ ਮੇਰੇ ਪਿਤਾ ਹਨ, ਇਸ ਤਰ੍ਹਾਂ ਉਨ੍ਹਾਂ ਦੀ ਮੌਤ ਹੋਈ ਸੀ, ਇਹ (ਯੂਜੀਨ ਡੀ ਕਾੱਕ) ਉਹੀ ਵਿਅਕਤੀ ਸਨ ਜਿਨ੍ਹਾਂ ਨੇ ਇਹ ਸਭ ਕੀਤਾ ਸੀ, ਅਤੇ ਕਿਉਂਕਿ ਮੈਨੂੰ ਪਤਾ ਸੀ ਜੋ ਮੈਂ ਕੀਤਾ ਹੈ ਉਹ ਗਲਤ ਸੀ, ਮੈਨੂੰ ਇਹ ਕਿਤਾਬ ਖੋਲ੍ਹਣ ਦੀ ਇਜਾਜ਼ਤ ਨਹੀਂ ਸੀ, ਮੈਂ ਇਹ ਕਿਤਾਬ ਆਪਣੇ ਨਾਲ ਹੀ ਰੱਖ ਲਈ।"
ਕੈਂਡਿਸ ਦੱਸਦੀ ਹੈ, "ਮੈਂ ਆਪਣੀ ਮਾਂ ਨੂੰ ਕੁਝ ਵੀ ਨਹੀਂ ਕਿਹਾ ਪਰ ਉਸਦੇ ਅੰਦਰ ਬਦਲੇ ਦੀ ਭਾਵਨਾਂ ਵੱਧਣ ਲੱਗੀ ਅਤੇ ਕੁਝ ਹੋਰ ਹੀ ਬਣ ਗਈ।" ਪਰ ਪਿਤਾ ਬਾਰੇ ਹੋਰ ਜਾਣਨ ਦੀ ਉਸਦੀ ਇੱਛਾ ਹੋਰ ਵੱਧ ਗਈ।
ਕੈਂਡਿਸ ਨੇ ਕਿਹਾ, "ਮੈਨੂੰ ਉਨ੍ਹਾਂ ਦੀ ਇੱਕ ਤਸਵੀਰਾਂ ਵਾਲੀ ਐਲਬਮ ਮਿਲੀ। ਮੈਂ ਉਨ੍ਹਾਂ ਦੀ ਤਸਵੀਰ ਦੇਖੀ ਅਤੇ ਉਨ੍ਹਾਂ ਦੇ ਵਿਚਾਰ ਪੜ੍ਹੇ। ਉਹ ਬਹੁਤ ਸਮਝਦਾਰ ਜਾਪੇ, ਖ਼ਾਸਕਰ ਉਸ ਸਥਿਤੀ ਵਿੱਚ ਜਿਸ ਵਿੱਚ ਉਹ ਜੀਅ ਰਹੇ ਸੀ।"
"ਇੱਕ ਗੱਲ ਜੋ ਉਹ ਕਿਹਾ ਕਰਦਾ ਸੀ ਕਿ ਸਿਰਫ਼ ਇਸ ਕਰਕੇ ਕਿ ਤੁਸੀਂ ਅਫ਼ਰੀਕੀ ਹੋ ਤੁਸੀਂ ਜ਼ਿੰਦਗੀ ਵਿੱਚ ਪਿੱਛੇ ਨਹੀਂ ਰਹਿ ਸਕਦੇ। ਮੈਨੂੰ ਇਸ ਗੱਲ ਨੇ ਬਹੁਤ ਪ੍ਰਭਾਵਿਤ ਕੀਤਾ ਅਤੇ ਅਹਿਸਾਸ ਕਰਵਾਇਆ ਕਿ ਇਸ ਵਿਅਕਤੀ ਨੂੰ 25 ਸਾਲ ਦੀ ਉਮਰ ਵਿੱਚ ਕਿੰਨਾ ਗਿਆਨ ਸੀ ਅਤੇ ਮੈਂ ਦੇਖਣਾ ਚਾਹੁੰਦੀ ਸੀ ਉਹ ਕੀ ਬਣ ਸਕਦੇ ਸੀ।"
ਪਰ ਦਰਦ ਅਤੇ ਗੁੱਸਾ ਜਿਸ ਨੂੰ ਕੈਂਡਿਸ ਆਪਣੇ ਅੰਦਰ ਲਈ ਬੈਠੀ ਸੀ, ਨੇ ਉਸਦੀ ਸਿਹਤ 'ਤੇ ਅਸਰ ਪਾਉਣਾ ਸ਼ੁਰੂ ਕਰ ਦਿੱਤਾ।
ਇੱਕ ਰਾਤ 16 ਸਾਲ ਦੀ ਉਮਰ ਵਿੱਚ ਉਸਨੂੰ ਛਾਤੀ ਵਿੱਚ ਤੇਜ਼ ਦਰਦ ਕਰਕੇ ਹਸਪਤਾਲ ਲਿਜਾਇਆ ਗਿਆ. ਇਹ ਡਰ ਸੀ ਕਿ ਉਸਨੂੰ ਦਿਲ ਦਾ ਦੌਰਾ ਪੈ ਗਿਆ ਹੈ।
ਕੈਂਡਿਸ ਨੇ ਕਿਹਾ, "ਅਗਲੇ ਦਿਨ ਡਾਕਟਰ ਮੇਰੇ ਅਤੇ ਮੇਰੀ ਮਾਂ ਨਾਲ ਬੈਠੇ। ਉਨ੍ਹਾਂ ਨੇ ਕਿਹਾ, 'ਤੈਨੂੰ ਪਤਾ ਹੈ ਤੈਨੂੰ ਦਿਲ ਦਾ ਦੌਰਾ ਨਹੀਂ ਪਿਆ ਪਰ ਮੈਂ ਆਪਣੇ 20 ਸਾਲਾਂ ਦੇ ਤਜ਼ਰਬੇ ਵਿੱਚ ਤੇਰੀ ਉਮਰ ਵਿੱਚ ਤਣਾਅ ਦੇ ਅਜਿਹੇ ਗੰਭੀਰ ਲੱਛਣ ਕਿਸੇ ਵਿੱਚ ਵੀ ਨਹੀਂ ਦੇਖੇ।"
"ਉਸ ਨੇ ਉਨ੍ਹਾਂ ਸਾਰੀਆਂ ਵੱਖ ਵੱਖ ਚੀਜ਼ਾਂ ਬਾਰੇ ਗੱਲ ਕਰਨੀ ਸ਼ੁਰੂ ਕਰ ਦਿੱਤੀ ਜਿਹੜੀਆਂ ਮੇਰੇ ਸਰੀਰ ਵਿੱਚ ਪੈਦਾ ਹੋ ਰਹੀਆਂ ਸਨ, ਉਹ ਸਾਰੇ ਅਸਲਰ (ਅੰਦਰੂਨੀ ਜਖ਼ਮ) ਅਤੇ ਬਾਕੀ ਸਾਰੇ ਲੱਛਣ।
ਉਸਨੇ ਕਿਹਾ, "ਮੈਨੂੰ ਨਹੀਂ ਪਤਾ ਮੈਂ ਤੁਹਾਨੂੰ ਕਿਵੇਂ ਕਹਾਂ ਪਰ ਤੁਹਾਡਾ ਸਰੀਰ ਤੁਹਾਨੂੰ ਮਾਰ ਰਿਹਾ ਹੈ ਅਤੇ ਜੇ ਤੁਸੀਂ ਕੁਝ ਨਾ ਬਦਲਿਆ ਤਾਂ ਮੇਰਾ ਖਿਆਲ ਹੈ ਤੁਸੀਂ ਸੱਚੀਂ ਮਰ ਜਾਓਗੇ।"
ਕੈਂਡਿਸ ਨੇ ਮੰਨਿਆ ਕਿ ਕੋਈ ਸਮੱਸਿਆ ਹੈ। ਉਸਨੇ ਕਿਹਾ, " ਮੈਂ ਖ਼ੁਸ਼ ਨਹੀਂ ਹਾਂ, ਤੰਦਰੁਸਤ ਨਹੀਂ ਹਾਂ, ਇਮਾਨਦਾਰੀ ਨਾਲ ਕਹਾਂ ਤਾਂ ਜਿਉਂ ਵੀ ਨਹੀਂ ਰਹੀ।"
ਉਸਨੇ ਖੁਦ ਨੂੰ ਠੀਕ ਕਰਨ ਦੇ ਤਰੀਕੇ ਲੱਭਣੇ ਸ਼ੁਰੂ ਕਰ ਦਿੱਤੇ ਅਤੇ ਉਸ ਤਸਵੀਰ ਤੱਕ ਪਹੁੰਚੀ ਜਿਸਨੇ ਉਸਨੂੰ ਦੱਸਿਆ ਸੀ ਕਿ ਉਸਦੇ ਪਿਤਾ ਨਾਲ ਕੀ ਹੋਇਆ ਸੀ।
ਉਸਨੂੰ ਇਹ ਮੰਨਣਾ ਪੈਣਾ ਸੀ ਅਤੇ ਘੱਟ ਜ਼ਹਿਰੀਲਾ ਬਣਨਾ ਪੈਣਾ ਸੀ। ਉਸਨੇ ਆਪਣੇ ਪਿਤਾ ਦੇ ਕਾਤਲ ਬਾਰੇ ਹੋਰ ਜਾਣਕਾਰੀ ਲੱਭਣੀ ਸ਼ੁਰੂ ਕਰ ਦਿੱਤੀ।
ਸਾਲ 1995 ਵਿੱਚ ਦੱਖਣੀ ਅਫ਼ਰੀਕਾ ਦੀਆਂ ਪਹਿਲੀਆਂ ਲੋਕਤੰਤੀ ਚੋਣਾਂ ਤੋਂ ਬਾਅਦ ਜਿਸ ਨੇ ਏਐੱਨਸੀ ਅਤੇ ਇਸ ਦੇ ਆਗੂ ਨੈਲਸਨ ਮੰਨਡੇਲਾ ਨੂੰ ਸੱਤਾ ਵਿੱਚ ਲਿਆਂਦਾ ਤੋਂ ਬਾਅਦ ਏ ਟਰੂਥ ਐਂਡ ਰਿਕੰਸਾਈਲੇਸ਼ਨ ਕਮਿਸ਼ਨ ਬਣਾਇਆ ਗਿਆ ।
ਉਨ੍ਹਾਂ ਲੋਕਾਂ ਦੀ ਗਵਾਹੀ ਸੁਣਨ ਲਈ ਜਿਨ੍ਹਾਂ ਨੇ ਨਸਲੀ ਵਿਤਕਰਾ ਕਰਦਿਆਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਸੀ। ਸਾਰੀਆਂ ਹੀ ਲਿਖ਼ਤਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਆਨਲਾਈਨ ਪਾ ਦਿੱਤਾ ਗਿਆ। ਇਸ ਤਰ੍ਹਾਂ ਕੈਂਡਿਸ ਨੇ ਯੂਜੀਨ ਡੀ ਕਾੱਕ ਦਾ ਨਾਮ ਟਾਈਪ ਕੀਤਾ ਅਤੇ ਉਸ ਬਾਰੇ ਜਿੰਨੇ ਵੀ ਦਸਤਾਂਵੇਜ਼ਾਂ ਵਿੱਚ ਜਾਣਕਾਰੀ ਸੀ ਉਹ ਪੜ੍ਹੇ।
ਇੱਕ ਸੁਣਵਾਈ ਜਿਸ ਨੂੰ ਨੈਲਸਪਰੂਟ ਐਮਨੈਸਟੀ ਕਿਹਾ ਜਾਂਦਾ ਸੀ, ਉਸ ਵਿੱਚ ਡੀ ਕਾੱਕ ਨੇ ਕੈਂਡਿਸ ਦੇ ਪਿਤਾ ਦੇ ਕਤਲ ਬਾਰੇ ਵਿਸਥਾਰ ਬਾਰੇ ਗੱਲ ਕੀਤੀ।
ਦਸਤਾਵੇਜ਼ ਮਿਲਣ 'ਤੇ ਉਸ ਨੇ ਮਹਿਸੂਸ ਕੀਤਾ 'ਜਿਵੇਂ ਢਿੱਡ ਵਿੱਚ ਟੋਏ ਪੈ ਰਹੇ ਹੋਣ।' ਜਿਵੇਂ ਹੀ ਉਸਨੇ ਉਹ ਸਭ ਪੜ੍ਹਿਆ ਉਹ ਗੁੱਸੇ ਨਾਲ ਕੰਬਣ ਲੱਗੀ, ਉਸਨੇ ਕਿਹਾ, "ਮੈਂ ਸਮਝ ਨਹੀਂ ਸਕੀ ਕੋਈ ਵਿਅਕਤੀ ਇਸ ਤਰੀਕੇ ਦਾ ਵਿਵਹਾਰ ਕਿਵੇਂ ਕਰ ਸਕਦਾ ਹੈ।"
ਬਹੁਤੀ ਦੇਰ ਹੋਣ ਤੋਂ ਪਹਿਲਾਂ ਉਸ ਨੇ ਸੋਚਿਆ ਉਸਨੂੰ ਉਹ ਕਰਨ ਦੀ ਲੋੜ ਹੈ ਜੋ ਕਈਆਂ ਲਈ ਸੋਚਣਾ ਔਖਾ ਸੀ। ਉਸ ਵਿਅਕਤੀ ਨੂੰ ਮੁਆਫ਼ ਕਰਨਾ ਪਵੇਗਾ ਜਿਸਨੇ ਉਸ ਤੋਂ ਉਸਦਾ ਪਿਤਾ ਖੋਹਿਆ ਸੀ।
ਕੈਂਡਿਸ ਨੇ ਕਿਹਾ, " ਇਹ ਕਈ ਤਰੀਕਿਆਂ ਨਾਲ ਬਦਲੇ ਦੀ ਭਾਵਨਾ ਨਾਲ ਹੀ ਸ਼ੁਰੂ ਹੋਇਆ ਸੀ ਕਿਉਂਕਿ ਮੈਂ ਸੋਚਿਆਂ, ਹਰ ਵਾਰ ਜਦੋਂ ਵੀ ਉਸ ਆਦਮੀ ਬਾਰੇ ਸੋਚਦੀ ਹਾਂ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਉਹ ਮੈਨੂੰ ਕਾਬੂ ਕਰ ਰਿਹਾ ਹੋਵੇ, ਮੈਨੂੰ ਪੈਨਿਕ ਅਟੈਕ ਆਉਂਦੇ ਨੇ। ਇਹ ਇਸ ਤਰ੍ਹਾਂ ਹੈ ਜਿਵੇਂ ਮੈਂ ਆਪਣੀਆਂ ਭਾਵਨਾਵਾਂ ਦੇ ਵਸ ਵਿੱਚ ਨਾ ਹੋਵਾਂ। ਮੈਨੂੰ ਲੱਗਿਆ, ਉਸਨੇ ਪਹਿਲਾਂ ਹੀ ਮੇਰੇ ਪਿਤਾ ਨੂੰ ਮਾਰਿਆ ਹੈ ਤੇ ਹੁਣ ਉਹ ਮੈਨੂੰ ਵੀ ਮਾਰ ਰਿਹਾ ਹੈ। ਇਸ ਤਰ੍ਹਾਂ ਮੁਆਫ਼ ਕਰਨਾ ਮੇਰੇ ਲਈ ਕੁਝ ਅਜਿਹਾ ਨਹੀਂ ਸੀ ਜੋ ਕਰਨ ਬਾਰੇ ਮੈਂ ਸਿਰਫ਼ ਸੋਚ ਰਹੀ ਸੀ, ਇਹ ਕੁਝ ਅਜਿਹਾ ਸੀ ਜੋ ਮੇਰੇ ਲਈ ਜ਼ਰੂਰੀ ਸੀ।"
ਬੀਬੀਸੀ ਨਿਊਜ਼ ਪੰਜਾਬੀ ਨੂੰ ਆਪਣੇ ਫੋਨ ਦੀ ਹੋਮ ਸਕ੍ਰੀਨ 'ਤੇ ਇੰਝ ਲਿਆਓ
ਉਹ ਹਾਲੇ ਵੀ ਅਲੱੜ ਉਮਰ ਦੀ ਸੀ ਪਰ ਉਸਨੇ ਆਪਣੀਆਂ ਭਾਵਨਾਵਾਂ ਨੂੰ ਆਪਣੇ ਵਸ ਵਿੱਚ ਕਰਨਾ ਸ਼ੁਰੂ ਕਰ ਦਿੱਤਾ।
"ਜਦੋਂ ਮੈਂ ਫ਼ੈਸਲਾ ਕੀਤਾ ਕਿ ਮੈਂ ਯੂਜੀਨ ਨਾਲ ਅਤੇ ਉਸ ਹਾਦਸੇ ਨਾਲ ਆਪਣੀ ਭਾਵਨਾਤਮਕ ਸਾਂਝ ਖ਼ਤਮ ਕਰ ਦੇਵਾਂਗੀ, ਮੈਨੂੰ ਅਹਿਸਾਸ ਹੋਣਾ ਸ਼ੁਰੂ ਹੋਇਆ, 'ਠੀਕ ਹੈ, ਮੈਂ ਇਸ ਆਦਮੀ ਨੂੰ ਮੁਆਫ਼ ਕਰ ਰਹੀ ਹਾਂ।' ਤੇ ਮੇਰੇ ਲਈ ਮੁਆਫ਼ੀ ਲਈ ਕਿਸੇ ਸਦਮੇ ਨੂੰ ਭਾਵੁਕ ਹੁਲਾਰਾ ਨਾ ਦੇਣਾ ਬਣ ਗਈ।"
ਮੁਆਫ਼ੀ ਦੇ ਅਹਿਸਾਸ ਨਾਲ ਕੀ ਬਦਲਿਆ
ਉਸਨੇ ਇਸ ਨਾਲ ਬਹੁਤ ਜ਼ਿਆਦਾ ਆਜ਼ਾਦੀ ਮਹਿਸੂਸ ਕੀਤੀ।
"ਮੈਨੂੰ ਇਸ ਤਰ੍ਹਾਂ ਲੱਗਿਆ, ਵਾਹ, ਮੈਂ ਰੌਸ਼ਨੀ ਮਹਿਸੂਸ ਕਰ ਸਕਦੀਂ ਹਾਂ, ਚਾਅ ਮਹਿਸੂਸ ਕਰ ਸਕਦੀ ਹਾਂ ਤੇ ਖੁਸ਼ੀ ਮਾਣ ਸਕਦੀ ਹਾਂ। ਇਹ ਉਹ ਚੀਜ਼ਾਂ ਸਨ ਜਿੰਨਾਂ ਨੂੰ ਕਿਸੇ ਕਦਮ 'ਤੇ ਬਿਲਕੁਲ ਹੁੰਗਾਰਾ ਦੇਣਾ ਬੰਦ ਕਰ ਦਿੱਤਾ ਸੀ, ਤੇ ਤਕਲੀਫ਼ ਦੀ ਗੱਲ ਇਹ ਕਿ ਜਦੋਂ ਤੱਕ ਮੈਂ ਉਸ ਫ਼ੈਸਲੇ ਤੱਕ ਨਹੀਂ ਪਹੁੰਚੀ ਜਿਸ 'ਤੇ ਮੈਂ ਯੂਜੀਨ ਨੂੰ ਮੁਆਫ਼ ਕਰਨਾ ਸੀ ਮੈਨੂੰ ਅਸਲ ਵਿੱਚ ਪਤਾ ਹੀ ਨਹੀਂ ਸੀ ਕਿ ਮੈਨੂੰ ਵੀ ਇਹਨਾ ਚੀਜ਼ਾਂ ਦੀ ਲੋੜ ਹੈ।"
ਸਾਲ 2014 ਨੈਸ਼ਨਲ ਪ੍ਰੋਸੀਕਿਊਟਿੰਗ ਅਥਾਰਟੀ ਨੇ ਕੈਂਡਿਸ ਦੀ ਮਾਂ ਨਾਸ ਸੰਪਰਕ ਕੀਤਾ ਅਤੇ ਪੁੱਛਿਆ ਕਿ ਕੀ ਪਰਿਵਾਰ ਪੀੜਤ ਅਪਰਾਧੀ ਵਾਰਤਾਲਾਪ ਵਿੱਚ ਹਿੱਸਾ ਲੈਣਾ ਚਾਹੇਗਾ ਅਤੇ ਯੂਜੀਨ ਡੀ ਕਾੱਕ ਨੂੰ ਆਹਮੋਂ ਸਾਹਮਣੇ ਮਿਲਣਾ ਚਾਹੇਗਾ।
ਕੈਂਡਿਸ ਉਸ ਸਮੇਂ 23ਸਾਲਾਂ ਦੀ ਸੀ ਜਦੋਂ ਉਸ ਦੀ ਮਾਂ ਨੇ ਪੁੱਛਿਆ ਕੀ ਇਹ ਕੁਝ ਅਜਿਹਾ ਹੈ, ਜੋ ਉਨ੍ਹਾਂ ਨੂੰ ਕਰਨਾ ਚਾਹੀਦਾ ਹੈ ਕੈਂਡਿਸ ਨੇ ਫ਼ੌਰਨ ਜੁਆਬ ਦਿੱਤਾ।
ਕੈਂਡਿਸ ਨੇ ਦੱਸਿਆ, "ਮੈਂ ਕਿਹਾ ਹਾਂ, ਅਤੇ ਮੈਨੂੰ ਨਹੀਂ ਪਤਾ ਕਿਉਂ। ਮੈਨੂੰ ਅੰਦਰੋਂ ਪਤਾ ਸੀ ਕਿ ਜੇ ਮੈਂ ਹਾਂ ਨਹੀਂ ਕਿਹਾ ਤਾਂ ਮੈਂ ਸਾਰੀ ਉਮਰ ਆਪਣੇ ਆਪ ਨੂੰ ਇਸ ਬਾਰੇ ਪੁੱਛਦੀ ਰਹਾਂਗੀ।"
ਕੈਂਡਿਸ ਕਹਿੰਦੀ ਹੈ, ਜਿਸ ਕਮਰੇ ਵਿੱਚ ਮੁਲਾਕਾਤ ਹੋਣੀ ਸੀ ਉਸ ਵਿੱਚ ਦਾਖ਼ਲ ਹੋਣ ਦਾ ਤਜ਼ਰਬਾ ਸੁਫ਼ਨੇ ਜਿਹਾ ਸੀ।
"ਤੁਸੀਂ ਅੰਦਰ ਵੜਦੇ ਹੋ ਅਤੇ ਇਹ ਕਿਸੇ ਵੱਡੇ ਡਾਇਨਿੰਗ ਰੂਮ ਟੇਬਲ ਦੀ ਤਰ੍ਹਾਂ ਸੈਟ ਕੀਤਾ ਹੋਇਆ ਹੈ, ਅਤੇ ਇੱਕ ਕੋਨੇ ਵਿੱਚ ਕੇਕ ਪਏ ਹਨ, ਬਿਸਕੁਟ ਵੀ ਹਨ, ਤੁਹਾਨੂੰ ਲੱਗਦਾ ਹੈ ਜਿਵੇਂ ਸ਼ਹਿਰ ਵਿੱਚ ਤੁਸੀਂ ਆਪਣੀ ਅੰਟੀ ਨੂੰ ਮਿਲਣ ਗਏ ਹੋਵੋ।"
ਪਰਿਵਾਰ ਨੇ ਜੇਲ੍ਹ ਦੇ ਸੁਰੱਖਿਆ ਕਰਮਚਾਰੀਆਂ ਨਾਲ ਗੱਲ ਕਰਨੀ ਸ਼ੁਰੂ ਕੀਤੀ, ਜੇਲ ਕੌਂਸਲਰ ਅਤੇ ਇੱਕ ਪਾਦਰੀ, ਪਰ ਅਚਾਨਕ ਹੀ ਕਿਸੇ ਵੇਲੇ ਕੈਂਡਿਸ ਮੁੜੀ ਤੇ ਉਸਨੂੰ ਦੇਖਿਆ ਇਸ ਬਾਰੇ ਕੈਂਡਿਸ ਨੇ ਕਿਹਾ, ਮੈਂ ਬਸ ਉਸਨੂੰ ਦੇਖਿਆ, ਮੈਂ ਬਸ ਉਸਨੂੰ ਓਥੇ ਬੈਠੇ ਦੇਖਿਆ ਜਿਵੇਂ ਉਹ ਹਵਾ ਵਿੱਚੋਂ ਪ੍ਰਗਟ ਹੋ ਗਿਆ ਹੋਵੇ।"
ਕਿਸ ਗੱਲ ਤੋਂ ਹੋਈ ਹੈਰਾਨ
ਦੋ ਗੱਲਾਂ ਨੇ ਉਸ ਨੂੰ ਹੈਰਾਨ ਕਰ ਦਿੱਤਾ।
ਕੈਂਡਿਸ ਨੇ ਕਿਹਾ, "ਉਹ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਠੰਡਾ ਹੋ ਗਿਆ ਹੋਵੇ। ਉਹ ਵਿਅਕਤੀ ਜਿਸਨੂੰ ਮੈਂ ਬਚਪਨ ਵਿੱਚ ਤਸਵੀਰਾਂ ਵਿੱਚ ਦੇਖਿਆ ਸੀ ਅਤੇ ਜੋ ਉਥੇ ਬੈਠਾ ਸੀ, ਇਕ ਦੂਜੇ ਦੀ ਨਕਲ ਸਨ ਅਤੇ ਇਹ ਬਹੁਤ ਹੀ ਨਕਲੀ ਜਿਹਾ ਲੱਗ ਸੀ।"
ਤੇ ਨਾਲ ਹੀ ਉਹ ਸੋਚਦੀ ਸੀ 65ਸਾਲਾਂ ਦਾ ਉਹ ਵਿਅਕਤੀ ਜਿਸਨੂੰ ਪ੍ਰਈਮ ਈਵਿਲ ਵਜੋਂ ਜਾਣਿਆ ਜਾਂਦਾ ਹੈ, ਦੀ ਆਭਾ, ਔਰਾ ਵੀ ਤਾਂ ਦੁਸ਼ਟਾਂ, ਪਾਪੀਆਂ ਵਾਲਾ ਹੀ ਹੋਵੇਗਾ। ਪਰ ਉਹ ਹੈਰਾਨ ਹੋ ਗਈ ਕਿ ਇਹ ਨਹੀਂ ਸੀ। ਜਦੋਂ ਪਾਦਰੀ ਨੇ ਪਰਿਵਾਰ ਦੇ ਮੈਂਬਰਾਂ ਨੂੰ ਇੱਕ ਇੱਕ ਕਰਕੇ ਮਿਲਾਇਆ ਤਾਂ ਯੂਜੀਨ ਡੀ ਕਾੱਕ ਅੱਗੇ ਵਧਿਆ ਅਤੇ ਉਸਨੇ ਕਿਹਾ, "ਤੁਹਾਨੂੰ ਮਿਲ ਕੇ ਖ਼ੁਸ਼ੀ ਹੋਈ।"
ਕੈਂਡਿਸ ਦੀ ਮਾਂ ਨੇ ਪੁੱਛਣਾ ਸ਼ੁਰੂ ਕੀਤਾ ਕਿ ਅਸਲ ਵਿੱਚ 26 ਮਾਰਚ, 1992 ਨੂੰ ਉਸਦੇ ਪਤੀ ਨਾਲ ਕੀ ਹੋਇਆ ਸੀ, ਜਿਸ ਦਿਨ ਉਸਦੀ ਮੌਤ ਹੋਈ ਸੀ।
ਯੂਜੀਨ ਨੇ ਦੱਸਿਆ ਕਿ ਉਸਨੂੰ ਅਤੇ ਉਸਦੀ ਟੀਮ ਨੇ ਇੱਕ ਘੁਸਪੈਠੀਏ ਨੂੰ ਉਸਦੇ ਪਿਤਾ ਦੇ ਕੈਂਪ ਵਿੱਚ ਭੇਜਿਆ ਇਹ ਪਤਾ ਕਰਨ ਅਤੇ ਪਛਾਣ ਕਰਨ ਲਈ ਕਿ ਸਭ ਤੋਂ ਵੱਧ ਇਨਕਲਾਬੀ ਅਤੇ ਹੁਨਰਮੰਦ ਕਾਰਕੁਨ ਕੌਣ ਹੈ, ਪੈਨ ਅਫ਼ਰੀਕਨਿਸਟ ਕਾਂਗਰਸ ਵਿੱਚ ਸਭ ਤੋਂ ਵੱਧ ਖ਼ਤਰਨਾਕ ਲੋਕ। ਉਸਦੇ ਪਿਤਾ ਅਤੇ ਤਿੰਨ ਹੋਰ ਲੋਕਾਂ ਨੂੰ ਚੁਣਿਆ ਗਿਆ।
ਉਸ ਦਿਨ ਉਸ ਦੇ ਪਿਤਾ ਨੇ ਜੋਹਨਜ਼ਬਰਗ ਤੋਂ 350 ਕਿਲੋਮੀਟਰ ਪੂਰਬ ਵਿੱਚ ਇੱਕ ਸ਼ਹਿਰ ਨੈਲਸਪਰੂਟ (ਇਸਦਾ ਨਾਮ 2014 ਵਿੱਚ ਬਦਲ ਕੇ ਮਬੌਂਮਬੇਲਾ ਰੱਖ ਦਿੱਤਾ ਗਿਆ) ਨੂੰ ਜਾਣਾ ਸੀ।
ਇਹ ਵੀ ਪੜ੍ਹੋ:
ਕੈਂਡਿਸ ਨੇ ਕਿਹਾ, "ਉਹ ਨਹੀਂ ਸੀ ਜਾਣਦਾ ਕਿ ਯੂਜੀਨ ਡੀ ਕਾੱਕ ਅਤੇ ਉਸਦੇ ਸਾਥੀਆਂ ਦੀ ਅਚਾਨਕ ਹਮਲਾ ਕਰਨ ਦੀ ਯੋਜਨਾ ਹੈ।"
"ਇਸ ਤਰ੍ਹਾਂ ਜਦੋਂ ਮੇਰੇ ਪਿਤਾ ਨੈਲਸਪਰੂਟ ਦੇ ਪੁਲ ਹੇਠੋਂ ਨਿਕਲਣ ਲੱਗੇ ਤਾਂ ਉਨ੍ਹਾਂ ਦੀ ਮਿੰਨੀ ਬੱਸ 'ਤੇ ਗੋਲੀਬਾਰੀ ਸ਼ੁਰੂ ਹੈ ਗਈ।"
"ਜਦੋਂ ਯੂਜੀਨ ਡੀ ਕਾੱਕ ਨੂੰ ਅਹਿਸਾਸ ਹੋਇਆ ਕਿ ਕਾਰ ਰੁੱਕ ਨਹੀਂ ਰਹੀ ਤਾਂ ਉਹ ਬੰਨ੍ਹ ਤੋਂ ਹੇਠਾਂ ਭੱਜਾ ਅਤੇ ਉਸਨੇ ਆਪਣੇ ਮੈਗਜ਼ੀਨ ਦੇ ਸਾਰੇ ਕਾਰਤੂਸ ਮੇਰੇ ਪਿਤਾ 'ਤੇ ਕੱਢ ਮਾਰੇ, ਅਤੇ ਜਦੋਂ ਉਸਨੂੰ ਲੱਗਿਆ ਕਿ ਹਾਲੇ ਵੀ ਜਾਨ ਬਾਕੀ ਹੈ ਉਸਨੇ ਸਾਰਿਆਂ 'ਤੇ ਤੇਲ ਪਾਇਆ ਅਤੇ ਉਨ੍ਹਾਂ ਨੂੰ ਅੱਗ ਲਾ ਦਿੱਤੀ।"
ਕੈਂਡਿਸ ਨੇ ਕਿਹਾ ਕਿ ਅਸੀਂ ਆਪਣੇ ਆਪ ਨੂੰ ਕਿਹਾ ਕਿ ਆਮ ਮਨੁੱਖ ਅਜਿਹੇ ਅੱਤਿਆਚਾਰ ਕਰਨ ਦੇ ਕਾਬਲ ਨਹੀਂ ਹੁੰਦਾ। ਪਰ ਇਸ ਪਲ ਵਿੱਚ ਕੈਂਡਿਸ ਬਹੁਤ ਸਪਸ਼ੱਟਤਾ ਨਾਲ ਦੇਖ ਸਕਦੀ ਸੀ ਕਿ ਯੂਜੀਨ ਡੀ ਕਾੱਕ ਇੱਕ ਸਧਾਰਨ ਇਨਸਾਨ ਸੀ, ਹਾਲਾਂਕਿ ਉਸਨੇ ਹੱਦੋਂ ਵੱਧ ਭਿਆਨਕ ਕੰਮ ਕੀਤੇ ਸਨ।
"ਇਸ ਸਭ ਤੁਹਾਨੂੰ ਮਜ਼ਬੂਰ ਕਰਦਾ ਹੈ ਕਿ ਥੋੜ੍ਹਾ ਜਿਹਾ ਉਨ੍ਹਾਂ ਦੀ ਥਾਂ ਹੋ ਕੇ ਸੋਚੋ ਅਤੇ ਉਸਨੇ ਕਿਹਾ, ਪਤਾ ਹੈ ਕੀ, ਜੇ ਮੈਨੂੰ ਇੰਨਾਂ ਪੱਤਿਆ ਨਾਲ ਖੇਡਣਾ ਪੈਂਦਾ, ਜੇ ਮੈਂ ਇੱਕ ਮਿਲਟਰੀ ਪਰਿਵਾਰ ਵਿੱਚ ਪੈਦਾ ਹੋਈ ਹੁੰਦੀ, ਪੁਲਿਸ ਅਕੈਡਮੀ ਗਈ ਹੁੰਦੀ,ਅਜਿਹੇ ਮਹੌਲ ਵਿੱਚ ਰਹੀ ਹੁੰਦੀ ਜਿਸ ਵਿੱਚ ਦੱਸਿਆ ਜਾਂਦਾ ਕਿ ਇਹ ਸਾਡਾ ਦੁਸ਼ਮਨ ਹੈ, ਤੇ ਇਹ ਹੈ ਜੋ ਸਹੀ ਹੈ ਅਤੇ ਫ਼ਿਰ ਮੈਂ ਆਪਣੇ ਦੋਸਤਾਂ ਨਾਲ ਜਸ਼ਨ ਮਨਾਉਣ ਜਾਂਦੀ, ਆਪਣੇ ਸਾਥੀਆਂ ਨਾਲ ਉਹ ਕਰਦੀ ਜੋ ਮੈਂ ਬਿਹਤਰ ਕਰ ਸਕਦੀ ਹਾਂ..ਮੇਰਾ ਮਤਲਬ, ਕੀ ਇਸ ਸਭ ਨਾਲ ਕੋਈ ਫ਼ਰਕ ਪੈਣਾ ਸੀ?
"ਨਿੱਜੀ ਤੌਰ 'ਤੇ ਮੈ ਨਹੀਂ ਸੋਚਦੀ ਕਿ ਕੀ ਮੈਂ ਯੂਜੀਨ ਤੋਂ ਅਲੱਗ ਹੋ ਸਕਦੀ ਸੀ ਜਾਂ ਹੋ ਜਾਵਾਂਗੀ ।"
ਮੀਟਿੰਗ ਦੌਰਾਨ ਕੈਂਡਿਸ ਦੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਯੂਜੀਨ ਨੂੰ ਕੋਈ ਵੀ ਪ੍ਰਸ਼ਨ ਪੁੱਛਣ ਦਾ ਮੌਕਾ ਦਿੱਤਾ ਗਿਆ।
ਕੈਂਡਿਸ ਨੂੰ ਪਤਾ ਸੀ ਉਹ ਕੀ ਪੁੱਛਣਾ ਚਾਹੁੰਦੀ ਹੈ।
"ਮੈਂ ਕਿਹਾ, ਯੂਜੀਨ ਮੈਂ ਕਹਿਣਾ ਚਾਹੁੰਦੀ ਹਾਂ ਮੈਂ ਤੁਹਾਨੂੰ ਮੁਆਫ਼ ਕਰਾਂ, ਪਰ ਅਜਿਹਾ ਕਰਨ ਤੋਂ ਪਹਿਲਾਂ ਮੈਂ ਇੱਕ ਗੱਲ ਜਾਣਨਾ ਚਾਹੁੰਦੀ ਹਾਂ। ਅਤੇ ਉਸਨੇ ਕਿਹਾ, 'ਹਾਂ ਬਿਲਕੁਲ ਕੀ ਹੈ ਉਹ?'"
"ਮੈਂ ਕਿਹਾ, 'ਕੀ ਤੂੰ ਆਪਣੇ ਆਪ ਨੂੰ ਮੁਆਫ਼ ਕਰ ਸਕਦਾ ਹੈਂ?'
"ਉਸਨੇ ਸਾਰੀ ਗੱਲਬਾਤ ਵਿੱਚ ਪਹਿਲੀ ਵਾਰ ਸਾਹ ਲਿਆ ਅਤੇ ਕਿਹਾ, ਹਰ ਵਾਰ ਜਦੋਂ ਕੋਈ ਪਰਿਵਾਰ ਇਥੇ ਆਉਂਦਾ ਹੈ ਮੈਂ ਅਰਦਾਸ ਕਰਦਾਂ ਹਾਂ ਉਹ ਇਹ ਕਦੇ ਨਾ ਪੁੱਛਣ।"
"ਉਸ ਨੇ ਹੋਰ ਪਾਸੇ ਦੇਖਣਾ ਸ਼ੁਰੂ ਕਰ ਦਿੱਤਾ ਅਤੇ ਆਪਣੀ ਅੱਖ ਪੂੰਝੀ ਕਿਉਂਕਿ ਇੱਕ ਹੰਝੂ ਨਿਕਲ ਆਇਆ ਸੀ...ਤੇ ਉਸਨੇ ਵਾਪਸ ਦੇਖਿਆ ਤੇ ਕਿਹਾ, 'ਜਦੋਂ ਤੁਸੀਂ ਉਹ ਕਰੋਂ ਜੋ ਮੈਂ ਕੀਤਾਂ ਤੁਸੀਂ ਆਪਣੇ ਆਪ ਨੂੰ ਮੁਆਫ਼ ਕਿਵੇਂ ਕਰ ਸਕਦੇ ਹੋ?'"
ਕੈਂਡਿਸ ਨੇ ਰੋਣਾ ਸ਼ੁਰੂ ਕਰ ਦਿੱਤਾ, ਆਪਣੇ ਲਈ ਨਹੀਂ ਆਪਣੇ ਪਿਤਾ ਲਈ ਪਰ ਉਸਨੇ ਕਿਹਾ, ਪਰ ਕਿਉਂਕਿ ਉਸਨੂੰ ਮਹਿਸੂਸ ਹੋਇਆ ਡੀ ਕਾੱਕ ਨੂੰ ਕਦੀ ਵੀ ਸਕੂਨ ਦਾ ਪਤਾ ਨਹੀਂ ਲੱਗਣਾ।
ਉਸਨੇ ਕਿਹਾ, "ਅਸੀਂ ਦੋਵੇਂ ਟੁੱਟੇ ਹੋਏ ਲੋਕ ਸਾਂ, ਇੱਕ ਦੂਜੇ ਦੇ ਸਾਹਮਣੇ ਬੈਠੇ, ਇਸ ਤਰ੍ਹਾਂ ਇਹ ਬਹੁਤ ਹੀ ਬਦਲਾਅ ਦੇ ਪਲ ਸਨ।"
ਮੀਟਿੰਗ ਖ਼ਤਮ ਹੋਣ ਵੇਲੇ, ਕੈਂਡਿਸ ਪਹਿਲਾਂ ਖੜੀ ਹੋ ਗਈ ਅਤੇ ਯੂਜੀਨ ਡੀ ਕਾੱਕ ਵੱਲ ਗਈ ਅਤੇ ਉਸਨੂੰ ਪੁੱਛਿਆ ਕੀ ਉਹ ਉਸਨੂੰ ਜੱਫ਼ੀ ਪਾ ਸਕਦੀ ਹੈ?
"ਉਹ ਉੱਖੜ ਕੇ ਆਪਣੇ ਪੈਰਾਂ 'ਤੇ ਖੜਾ ਹੋਇਆ ਅਤੇ ਮੈਨੂੰ ਗਲ੍ਹੇ ਨਾਲ ਲਾ ਕੇ ਕਹਿਣ ਲੱਗਿਆ, ਮੈਂ ਜੋ ਕੀਤਾ ਉਸ ਲਈ ਸ਼ਰਮਿੰਦਾ ਹਾਂ, ਤੇ ਤੇਰੇ ਪਿਤਾ ਨੂੰ ਤੇਰੇ ਵਰਗੀ ਧੀ ਦਾ ਪਿਤਾ ਬਣਨ 'ਤੇ ਮਾਣ ਹੋਵੇਗਾ।"
ਸਾਲ 2015 ਵਿੱਚ ਯੂਜੀਨ ਨੂੰ ਪੇਰੋਲ ਦੀ ਆਗਿਆ ਮਿਲੀ, ਅਜਿਹੀ ਚੀਜ਼ ਜਿਸ ਦਾ ਕੈਂਡਿਸ ਕਹਿੰਦੀ ਹੈ ਕਿ ਉਸ ਨੇ ਤੇ ਉਸਦੇ ਪਰਿਵਾਰ ਨੇ ਸਮਰਥਨ ਕੀਤਾ।
ਉਹ ਜਾਣਦੀ ਸੀ ਕਿ ਉਹ ਨੈਸ਼ਨਲ ਪ੍ਰੋਸੀਕਿਊਟਿੰਗ ਅਥਾਰਟੀ ਨਾਲ ਉਨ੍ਹਾਂ ਲੋਕਾਂ ਨੂੰ ਲੱਭਣ ਲਈ ਕੰਮ ਕਰਦਾ ਸੀ ਜੋਂ ਕਈ ਸਾਲਾਂ ਤੋਂ ਗੁਆਚੇ ਹੋਏ ਸਨ ਅਤੇ ਉਨ੍ਹਾਂ ਦੀਆਂ ਦੇਹਾਂ ਲੱਭਣ ਦਾ ਕੰਮ ਕਰਦਾ ਸੀ, ਪੀੜਤ ਪਰਿਵਾਰਾਂ ਨੂੰ ਕੁਝ ਤਸੱਲੀ ਦਿਵਾਉਣ ਲਈ।
ਕੈਂਡਿਸ ਕਹਿੰਦੀ ਹੈ, "ਉਨ੍ਹਾਂ ਨੇ ਮੈਨੂੰ ਦੱਸਿਆ, 'ਅਜਿਹਾ ਕਰਦੇ ਰਹਿਣਾ ਬਹੁਤ ਮੁਸ਼ਕਿਲ ਹੈ, ਕਿਉਂਕਿ ਬਹੁਤ ਸਾਰੀਆਂ ਥਾਂਵਾਂ ਹਨ ਜਿਥੇ ਉਹ ਦੱਸਦਾ ਹੈ ਕਿ ਇਹ ਦੇਹਾਂ ਦਫ਼ਨਾਈਆਂ ਗਈਆਂ ਜਿਥੇ ਅਸੀਂ ਉਸਦੀ ਮਦਦ ਬਿਨ੍ਹਾਂ ਜਾ ਹੀ ਨਹੀਂ ਸਕਦੇ।' ਇਸ ਤਰ੍ਹਾਂ ਮੈ ਸੋਚਿਆ ਕਿ ਇਹ ਮੇਰੇ ਲਈ ਬਹੁਤ ਚੰਗਾ ਹੈ ਜੇ ਜੇਲ ਤੋਂ ਬਾਹਰ ਰਹਿ ਕੇ ਉਹ ਹੋਰ ਪਰਿਵਾਰਾਂ ਦੀ ਮਦਦ ਕਰੇ, ਬਜਾਏ ਇਸਦੇ ਕਿ ਉਹ ਜੇਲ ਵਿੱਚ ਘੁੰਮਦਾ ਰਹੇ ਅਤੇ ਪਰਿਵਾਰ ਉਨ੍ਹਾਂ ਦਾ ਸੋਗ ਮਨਾਉਂਦੇ ਰਹਿਣ ਜਿਨ੍ਹਾਂ ਨੂੰ ਉਨ੍ਹਾਂ ਨੇ ਕਦੀ ਹੱਥੀਂ ਦਫ਼ਨਾਇਆ ਨਾ ਹੋਵੇ।"
ਇਹ ਵੀ ਪੜ੍ਹੋ:
ਯੂਜੀਨ ਵਰਗੇ ਅਪਰਾਧੀਆਂ ਨੂੰ ਬਹੁਤ ਸਾਰੇ ਪੀੜਤਾਂ ਲਈ ਮੁਆਫ਼ ਕਰਨਾ ਕਦੀ ਵੀ ਸੰਭਵ ਨਹੀਂ ਹੋਵੇਗਾ। ਪਰ ਕੈਂਡਿਸ ਲਈ ਮੁਆਫ਼ੀ ਨੇ ਉਸਨੂੰ ਉਸ ਸਦਮੇ ਤੋਂ ਆਜ਼ਾਦ ਕੀਤਾ ਜੋ ਇੱਕ ਨੌਂ ਸਾਲਾਂ ਦੀ ਮਸੂਮ ਬੱਚੀ ਇੱਕ ਦਿਲ ਦਿਹਲਾ ਦੇਣ ਵਾਲੀ ਤਸਵੀਰ 'ਤੇ ਅਵਿਸ਼ਵਾਸ਼ ਦੀ ਭਾਵਨਾ ਕਰਕੇ ਸਹਿ ਰਹੀ ਸੀ।
ਕੈਂਡਿਸ ਕਹਿੰਦੀ ਹੈ, "ਤੁਸੀਂ ਬਹੁਤ ਗੰਭੀਰ ਸਦਮਾ ਮਹਿਸੂਸ ਕਰ ਸਕਦੇ ਹੋ ਅਤੇ ਇਸ ਵਿੱਚ ਤੁਹਾਡਾ ਕਸੂਰ ਨਹੀਂ ਹੈ। ਅਤੇ ਬਹੁਤ ਸਾਰੇ ਲੋਕ ਕਹਿਣਗੇ, 'ਮੈਂ ਮੁਆਫ਼ ਕਿਉਂ ਕਰਾਂ ਜਦ ਮੈਂ ਕੁਝ ਕੀਤਾ ਹੀ ਨਹੀਂ? ਪਰ ਮੈਂ ਇਸ ਲਈ ਕਹਾਂਗੀ ਕਿ, ਹਰ ਵਾਰ ਤੁਸੀਂ ਉਸ ਹਾਦਸੇ ਜਾਂ ਉਸ ਵਿਅਕਤੀ ਨੂੰ ਤਾਕਤ ਦਿੰਦੇ ਹੋ, ਤੁਸੀਂ ਆਪਣੇ ਆਪ ਦਾ ਨੁਕਸਾਨ ਕਰਦੇ ਹੋ ਅਤੇ ਕਈ ਤਰੀਕਿਆਂ ਨਾਲ ਤੁਸੀਂ ਉਸ ਵਿਅਕਤੀ ਨੂੰ ਤੁਹਾਨੂੰ ਕੰਟਰੋਲ ਕਰਨ ਦੀ ਤਾਕਤ ਵੀ ਦਿੰਦੇ ਹੋ।"
ਵੀਡੀਓ: ਪੰਜਾਬ ਸਰਕਾਰ ਨੇ ਖੇਤੀ ਬਿੱਲ ਪਾਸ ਕਰਨ ਵੇਲੇ ਕਿਹੜੀਆਂ ਗੱਲਾਂ ਦੀ ਅਣਦੇਖੀ ਕੀਤੀ