ਅਫ਼ਗਾਨਿਸਤਾਨ 'ਚ ਆਸਟਰੇਲੀਆਈ ਫੌਜਾਂ ’ਤੇ ਆਮ ਲੋਕਾਂ ਦੇ ਕਤਲ ਦੇ ਇਲਜ਼ਾਮ ਲੱਗੇ, ਕਿਵੇਂ ਹੋਈ ਜਾਂਚ

ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਰਿਪੋਰਟ ਵਿੱਚ ਇਸ ਗੱਲ ਦੇ ਭਰੋਸੇਯੋਗ ਸਬੂਤ ਹਨ ਕਿ ਆਸਟਰੇਲੀਅਨ ਏਲੀਟ ਸੈਨਿਕਾਂ ਨੇ ਅਫ਼ਗਾਨ ਜੰਗ ਦੌਰਾਨ 39 ਲੋਕਾਂ ਦੀ ਗ਼ੈਰ-ਕਾਨੂੰਨੀ ਢੰਗ ਨਾਲ ਹੱਤਿਆ ਕਰ ਦਿੱਤੀ ਸੀ।

ਆਸਟਰੇਲੀਅਨ ਡਿਫ਼ੈਂਸ ਫ਼ੋਰਸ (ਏਡੀਐਫ਼) ਨੇ ਫੌਜ ਵੱਲੋਂ ਕੀਤੇ ਗਏ ਦੁਰਵਿਵਹਾਰ ਸਬੰਧੀ ਚਾਰ ਸਾਲਾਂ ਤੱਕ ਚੱਲੀ ਇੱਕ ਜਾਂਚ ਦੇ ਨਤੀਜੇ ਜਾਰੀ ਕੀਤੇ ਹਨ।

ਇਸ ਵਿੱਚ ਕਿਹਾ ਗਿਆ ਹੈ ਕਿ, ਸਾਲ 2009 ਤੋਂ 2013 ਦਰਮਿਆਨ, ਕੈਦੀਆਂ, ਕਿਸਾਨਾਂ ਅਤੇ ਨਾਗਰਿਕਾਂ ਦੇ ਕਤਲ ਮਾਮਲੇ ਵਿੱਚ, ਪੁਲਿਸ ਦੁਆਰਾ 19 ਮੌਜੂਦਾ ਅਤੇ ਸਾਬਕਾ ਸਪੈਸ਼ਲ ਫ਼ੋਰਸਿਜ਼ ਦੇ ਫੌਜੀਆਂ ਤੋਂ ਪੁੱਛਗਿੱਛ ਕੀਤੀ ਜਾਣੀ ਚਾਹੀਦੀ ਹੈ।

ਇਹ ਵੀ ਪੜ੍ਹੋ

ਏਡੀਐਫ਼ ਨੇ ਕੁਝ ਸੈਨਿਕਾਂ ਦੇ ਨਿਗਰਾਨੀ ਰਹਿਤ “ਜੰਗੀ ਸੱਭਿਆਚਾਰ” ਤਹਿਤ ਅਪਰਾਧ ਕਰਨ ਦੇ ਇਲਜ਼ਾਮ ਲਾਏ ਹਨ।

ਇਹ ਜਾਂਚ ਮੇਜਰ ਜਨਰਲ ਜਸਟਿਸ ਪੌਲ ਬ੍ਰੇਰਟਨ ਦੁਆਰਾ ਕੀਤੀ ਗਈ। ਇਸ ਵਿੱਚ 400 ਤੋਂ ਵੱਧ ਗਵਾਹਾਂ ਦੀਆਂ ਇੰਟਰਵਿਊਜ਼ ਕੀਤੀਆਂ ਗਈਆਂ।

ਇਸ ਵਿੱਚ ਹੋਰ ਵੀ ਸਬੂਤ ਮਿਲੇ ਹਨ ਜਿਵੇਂ:

-ਜੂਨੀਅਰ ਫ਼ੌਜੀਆਂ ਨੂੰ ਕੈਦੀਆਂ ਨੂੰ ਗੋਲੀ ਮਾਰ ਕੇ ਮਾਰਨ ਲਈ ਕਿਹਾ ਜਾਂਦਾ ਸੀ, ਇਹ ਅਭਿਆਸ 'ਬਲੱਡਿੰਗ' ਵਜੋਂ ਜਾਣਿਆ ਜਾਂਦਾ ਸੀ।

-ਜ਼ੁਰਮ ਨੂੰ ਲੁਕਾਉਣ ਲਈ ਮ੍ਰਿਤਕ ਦੇਹਾਂ ਨੇੜੇ ਹਥਿਆਰ ਅਤੇ ਹੋਰ ਸਾਮਾਨ ਰੱਖਿਆ ਜਾਂਦਾ ਸੀ।

-ਦੋ ਘਟਨਾਵਾਂ ਜੰਗੀ ਅਪਰਾਧ ਦੇ ‘ਬੇਰਹਿਮ ਵਿਵਹਾਰ’ ਨੂੰ ਬਿਆਨ ਕਰ ਸਕਦੀਆਂ ਹਨ।

ਅਫ਼ਗਾਨਿਸਤਾਨ ਨੇ ਕਿਹਾ ਹੈ ਕਿ ਆਸਟਰੇਲੀਆ ਵੱਲੋਂ ਭਰੋਸਾ ਦੁਆਇਆ ਗਿਆ ਸੀ ਕਿ ਉਹ ਨਿਆਂ ਇਨਸਾਫ਼ ਨੂੰ ਬਣਾਉਣ ਲਈ ਵਚਨਬੱਧ ਹੈ।

ਸਮਾਨਥਾ ਕ੍ਰੋਮਪਵੇਟਸ, ਜਿਸਨੇ ਇਸ ਮਾਮਲੇ ਵਿੱਚ ਮੁੱਢਲੀ ਜਾਂਚ ਕੀਤੀ, ਨੇ ਬੀਬੀਸੀ ਨੂੰ ਦੱਸਿਆ, "ਇਹ ਜਾਣਬੁੱਝ ਕੇ, ਵਾਰ-ਵਾਰ ਅਤੇ ਮਿੱਥ ਕੇ ਕੀਤੇ ਜੰਗੀ ਅਪਰਾਧ ਹਨ।"

ਉਨ੍ਹਾਂ ਨੇ ਕਿਹਾ ਕਿ ਉਹ ਇਸ ਰਿਪੋਰਟ ਨੂੰ ਸਹੀ ਮੰਨਦੇ ਹਨ।

ਅਮਰੀਕੀ ਅਗਵਾਈ ਵਾਲੇ ਗੱਠਜੋੜ ਦੇ ਹਿੱਸੇ ਵਜੋਂ ਤਾਲਿਬਾਨ ਦੇ ਖ਼ਤਮ ਹੋਣ ਦੇ ਬਾਅਦ ਤੋਂ ਆਸਟਰੇਲੀਆਂ ਦੀਆਂ ਫ਼ੌਜਾਂ 2002 ਤੋਂ ਅਫ਼ਗਾਨਿਸਤਾਨ ਵਿੱਚ ਹਨ।

ਸ਼ੁਰੂ ਵਿੱਚ ਅੰਤਰਰਾਸ਼ਟਰੀ ਫ਼ੌਜਾਂ ਦੀ ਭੂਮਿਕਾ ਅਫ਼ਗਾਨੀ ਫ਼ੌਜਾਂ ਨੂੰ ਸਿਖਲਾਈ ਦੇਣ ਦੀ ਸੀ ਪਰ ਉਨ੍ਹਾਂ ਨੇ ਵਿਦਰੋਹੀਆਂ ਨਾਲ ਲੜਾਈਆਂ ਵਿੱਚ ਵੱਧ ਚੱੜ੍ਹ ਕੇ ਹਿੱਸਾ ਲਿਆ।

ਰਿਪੋਰਟ ਵਿੱਚ ਕੀ ਮਿਲਿਆ?

ਇਸ ਰਿਪੋਰਟ ਮੁਤਾਬਿਕ 25 ਸਪੈਸ਼ਲ ਫ਼ੋਰਸਿਜ਼ ਸੈਨਿਕਾਂ ਨੇ ਗ਼ੈਰਕਾਨੂੰਨੀ ਹੱਤਿਆਂਵਾਂ ਦੇ 23 ਵੱਖ-ਵੱਖ ਮਾਮਲਿਆਂ ਵਿੱਚ ਸਿੱਧੇ ਤੌਰ 'ਤੇ ਜਾਂ ਅਸਿੱਧੇ ਤੌਰ 'ਤੇ ਸਹਾਇਕ ਵਜੋਂ ਹਿੱਸਾ ਲਿਆ।

ਇਸ ਵਿੱਚ ਸਿਫ਼ਾਰਿਸ਼ ਕੀਤੀ ਗਈ ਹੈ ਕਿ ਕੁੱਲ ਮਿਲਾ ਕੇ 36 ਮਾਮਲਿਆਂ ਦੀ ਫ਼ੈਡਰਲ ਪੁਲਿਸ ਵਲੋਂ ਜਾਂਚ ਕੀਤੀ ਜਾਵੇ।

ਏਡੀਐਫ਼ ਮੁੱਖੀ ਜਨਰਲ ਐਂਗਸ ਕੈਂਪਬੈਲ ਕਹਿੰਦੇ ਹਨ ਇੰਨਾਂ ਵਿਚੋਂ ਕਿਸੇ ਵੀ ਮਾਮਲੇ ਨੂੰ ਜੰਗ ਦੇ ਹਿੱਸੇ ਵੱਜੋਂ ਨਹੀਂ ਦਰਸਾਇਆ ਜਾ ਸਕਦਾ।

ਉਨ੍ਹਾਂ ਨੇ ਪੱਤਰਕਾਰਾਂ ਨੂੰ ਦੱਸਿਆ, "ਕਿਸੇ ਵੀ ਮਾਮਲੇ ਵਿੱਚ ਇਹ ਇਲਜ਼ਾਮ ਨਹੀਂ ਲਾਇਆ ਗਿਆ ਸੀ ਕਿ ਘਟਨਾ ਅਸਪੱਸ਼ਟਤਾ, ਭੁਲੇਖੇ ਜਾਂ ਗ਼ਲਤੀ ਭਰੇ ਹਾਲਾਤ ਵਿੱਚ ਵਾਪਰੀ।"

ਜਨਰਲ ਕੈਂਪਬੈਲ ਨੇ ਕਿਹਾ ਕਿ ਇਸ ਗੱਲ ਦੇ ਸਬੂਤ ਹਨ ਕਿ ਕੁਝ ਸਪੈਸ਼ਲ ਏਅਰ ਸ਼ਰਵਿਸਿਜ਼ (ਐਸਏਐਸ) ਦੇ ਸੈਨਿਕਾਂ ਨੇ ਕਾਨੂੰਨ ਆਪਣੇ ਹੱਥਾਂ ਵਿੱਚ ਲਿਆ।

ਉਨ੍ਹਾਂ ਕਿਹਾ, "ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਮਾੜਾ ਕਲਚਰ ਕੁਝ ਨਾਨ-ਕਮਿਸ਼ਨਡ ਤਜ਼ਰਬੇਕਾਰ, ਕ੍ਰਿਸ਼ਮਈ ਅਤੇ ਪ੍ਰਭਾਵਸ਼ਾਲੀ ਅਫ਼ਸਰਾਂ ਅਤੇ ਉਨ੍ਹਾਂ ਦੇ ਅਧੀਨ ਸਿਖਲਾਈ ਲੈਣ ਵਾਲਿਆਂ ਦੁਆਰਾ ਅਪਣਾਇਆ ਅਤੇ ਫ਼ੈਲਾਇਆ ਗਿਆ। ਜਿਨ੍ਹਾਂ ਨੇ ਮਿਲਟਰੀ ਦੀ ਉੱਤਮਤਾ ਨੂੰ ਹਊਮੈ, ਕੁਲੀਨਤਾ ਅਤੇ ਅਧਿਕਾਰਿਤ ਅਹੁਦੇ ਨਾਲ ਮਿਲਾਉਣ ਦੀ ਕੋਸ਼ਿਸ਼ ਕੀਤੀ।"

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਪਰਾਧ ਪੈਟਰੋਲ ਕਮਾਂਡਰ ਦੇ ਪੱਧਰ 'ਤੇ ਸ਼ੁਰੂ ਹੋਏ।

ਡਾਕਟਰ ਕ੍ਰੋਮਪਵੇਟਸ ਕਹਿੰਦੇ ਹਨ, "ਕੁਝ ਮਾਮਲਿਆਂ ਵਿੱਚ ਬਹੁਤ ਹੀ ਪ੍ਰਭਾਵਸ਼ਾਲੀ ਨਾਨ-ਕਮਿਸ਼ਨਡ ਅਫ਼ਸਰ ਸ਼ਾਮਿਲ ਸਨ।"

ਉਨ੍ਹਾਂ ਨੇ ਬੀਬੀਸੀ ਵਰਲਡ ਸਰਵਿਸ ਦੇ ਨਿਊਜ਼ ਡੇ ਪ੍ਰੋਗਰਾਮ ਵਿੱਚ ਦੱਸਿਆ, "ਪਲਟਨ ਦੇ ਕਮਾਂਡਰ ਜੂਨੀਅਰ ਸੈਨਿਕਾਂ ਨੂੰ ਪਹਿਲੀ ਹੱਤਿਆ ਕਰਨ ਵਿੱਚ ਕਾਮਯਾਬੀ ਹਾਸਿਲ ਕਰਨ ਲਈ ਉਤਸ਼ਾਹਿਤ ਕਰਦੇ ਸਨ ਜਾਂ ਉਨ੍ਹਾਂ 'ਤੇ ਦਬਾਅ ਪਾਉਂਦੇ ਸਨ। ਇਸ ਤਰ੍ਹਾਂ ਇਹ ਜੂਨੀਅਰ ਸੈਨਿਕਾਂ ਨੂੰ ਪਲਟਨ ਵਿੱਚ ਲਿਆਉਣ ਜਾਂ ਉਨ੍ਹਾਂ ਨੂੰ ਤਿਆਰ ਕਰਨ ਦਾ ਢੰਗ ਸੀ, ਇਹ ਬਹੁਤ ਪਰੇਸ਼ਾਨ ਕਰਨ ਵਾਲਾ ਸੀ।''

ਜਾਂਚ ਬੰਦ ਦਰਵਾਜ਼ਿਆਂ ਵਿੱਚ ਹੋਈ, ਜਿਸਦਾ ਅਰਥ ਹੈ ਹੁਣ ਤੱਕ ਥੋੜ੍ਹੇ ਵੇਰਵੇ ਹੀ ਰਿਪੋਰਟ ਕੀਤੇ ਗਏ ਹਨ।

ਪ੍ਰਤੀਕਰਮ ਕੀ ਹੈ?

ਪਿਛਲੇ ਹਫ਼ਤੇ ਮੌਰੀਸਨ ਨੇ ਚੇਤਾਵਨੀ ਦਿੱਤੀ ਸੀ ਕਿ ਸਪੈਸ਼ਲ ਫ਼ੋਰਸਿਜ਼ ਨਾਲ ਸੰਬੰਧਿਤ ਰਿਪੋਰਟ ਵਿੱਚ ਆਸਟਰੇਲੀਆਈ ਫੌਜੀਆਂ ਲਈ ਮੁਸ਼ਕਿਲ ਅਤੇ ਸਖ਼ਤ ਖ਼ਬਰ ਹੈ।

ਉਨ੍ਹਾਂ ਨੇ ਕਿਹਾ, "ਇਹ ਏਡੀਐਫ਼ ਅੰਦਰਲਾ ਵਾਤਾਵਰਣ ਹੈ, ਪਿਛੋਕੜ ਹੈ,ਨਿਯਮ, ਸੱਭਿਆਚਾਰ ਅਤੇ ਹੁਕਮ ਹਨ ਜੋ ਇੰਨਾਂ ਚੀਜ਼ਾਂ ਲਈ ਜ਼ਿੰਮੇਵਾਰ ਹਨ। ਜੇ ਅਸੀਂ ਇਸ ਨਾਲ ਸੱਚਾਈ ਨਾਲ ਨਜਿੱਠਣਾ ਚਾਹੁੰਦੇ ਹਾਂ ਤਾਂ ਸਾਨੂੰ ਉਸ ਸਭ ਦੀ ਸੱਚਾਈ ਨਾਲ ਨਜਿੱਠਣਾ ਪਵੇਗਾ।"

ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗ਼ਨੀ ਨੇ ਕਿਹਾ ਕਿ ਮੌਰੀਸਨ ਦੀ ਰਿਪੋਰਟ ਵਿੱਚ ਜੋ ਪਾਇਆ ਗਿਆ ਉਸ ਉੱਤੇ ਡੂੰਘਾ ਦੁੱਖ ਹੈ।

ਖ਼ਬਰ ਏਜੰਸੀ ਏਐਫ਼ਪੀ ਦੇ ਹਵਾਲੇ ਨਾਲ ਦੇਸ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਰਿਪੋਰਟ ਵਿੱਚ ਜ਼ਿਕਰ ਕੀਤੀਆਂ ਗਈਆਂ ਘਟਨਾਵਾਂ ਨਾਮੁਆਫ਼ੀਯੋਗ ਹਨ ਪਰ ਇਸ ਰਿਪੋਰਟ ਦਾ ਛਪਣਾ, ਨਿਆਂ ਵੱਲ ਇੱਕ ਮਹੱਤਵਪੂਰਣ ਕਦਮ ਹੈ।

ਅਫ਼ਗਾਨਿਸਤਾਨ ਇੰਡੀਪੈਂਡੈਂਟ ਹਿਊਮਨ ਰਾਈਟਸ ਕਮਿਸ਼ਨ ਨੇ ਇਸ ਰਿਪੋਰਟ ਦਾ ਸੁਆਗਤ ਕੀਤਾ ਹੈ ਪਰ ਨਾਲ ਹੀ ਕਿਹਾ ਹੈ ਕਿ ਰਿਪੋਰਟ ਵਿੱਚ ਅਪਰਾਧਿਕ ਮੁਕੱਦਮਾ ਯਕੀਨੀ ਬਣਾਉਣ ਲਈ ਲੋੜੀਂਦੇ ਸਬੂਤ ਨਹੀਂ ਦਿੱਤੇ ਹਨ। ਕਮਿਸ਼ਨ ਨੇ ਇਹ ਚਾਹਿਆ ਕਿ ਬਿਨ੍ਹਾਂ ਦੇਰੀ ਦੇ ਢੁੱਕਵਾਂ ਮੁਆਵਜ਼ਾ ਮੁਹੱਈਆ ਕਰਵਾਇਆ ਜਾਣਾ ਮਹੱਤਵਪੂਰਣ ਹੈ।

ਇਸ ਵਿੱਚ ਕਿਹਾ ਗਿਆ ਹੈ ਕਿ, ਸਿਰਫ਼ ਨਿਰਪੱਖ ਜਾਂਚਾਂ ਦੀ ਲੜੀ ਰਾਹੀਂ ਹੀ ਅਫ਼ਗਾਨ ਜੀਵਨ ਪ੍ਰਤੀ ਅਨਾਦਰ ਦੇ ਸੱਚ ਤੋਂ ਪਰਦਾ ਚੁੱਕ ਸਕਾਂਗੇ, ਜਿਸ ਵਿੱਚ ਹੱਤਿਆ ਕਰਨਾ ਸਧਾਰਨ ਬਣਾ ਦਿੱਤਾ ਗਿਆ ਅਤੇ ਨਤੀਜੇ ਵੱਜੋਂ ਜੰਗੀ ਅਪਰਾਧ ਹੋਏ।"

ਹਿਊਮਨ ਰਾਈਟਜ਼ ਵਾਚ ਤੋਂ ਏਲੇਨ ਪੀਅਰਸਨ ਨੇ ਬੀਬੀਸੀ ਨੂੰ ਦੱਸਿਆ, "ਇਹ ਸਪੱਸ਼ਟ ਹੋ ਗਿਆ ਹੈ, ਅਤੇ ਇਹ ਇੰਨਾਂ ਅਪਰਾਧਾਂ ਦੇ ਵਾਪਰਨ ਦੀ ਤਸਦੀਕ ਕਰਦਾ ਹੈ।"

ਡਾਕਟਰ ਕ੍ਰੋਮਪਵੇਟਸ ਨੇ ਕਿਹਾ ਕਿ ਉਸਨੂੰ ਵੱਡੇ ਪੱਧਰ 'ਤੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਜਦੋਂ ਉਸ ਦੀ ਮੁੱਢਲੀ ਰਿਪੋਰਟ ਲੀਕ ਹੋਈ ਸੀ ਪਰ ਹੁਣ ਇਹ ਸਹੀ ਸਾਬਤ ਹੋ ਚੁੱਕੀ ਹੈ।

ਉਨ੍ਹਾਂ ਕਿਹਾ, "ਮੇਰੀ ਜ਼ਾਹਰ ਤੌਰ 'ਤੇ ਇੱਕ ਔਰਤ, ਇੱਕ ਨਾਗਰਿਕ, ਇੱਕ ਨਾਰੀਵਾਦੀ ਹੋਣ ਕਰਕੇ ਅਲੋਚਣਾ ਕੀਤੀ ਗਈ ਕਿ ਮੈਂ ਕਿਸੇ ਤਰੀਕੇ ਨਾਲ ਸੁਰੱਖਿਆ ਨੂੰ ਨਾਰੀਵਾਦੀ ਰੰਗਤ ਦੇਣ ਦੀ ਕੋਸ਼ਿਸ਼ ਕਰ ਰਹੀ ਸੀ।"

ਉਨ੍ਹਾਂ ਅੱਗੇ ਕਿਹਾ, "ਇਹ ਨਹੀਂ ਸੀ ਕਿ ਮੈਨੂੰ ਇਸ ਦੀ ਸਮਝ ਨਹੀਂ ਸੀ ਕਿ ਜੰਗ ਸਮੇਂ ਕੀ ਹੁੰਦਾ ਹੈ। ਇਹ ਪੂਰੀ ਤਰ੍ਹਾਂ ਜ਼ਾਹਰ ਸੀ ਕਿ ਕੁਝ ਬੁਨਿਆਦੀ ਚੀਜ਼ਾਂ ਸਨ ਜੋ ਗ਼ਲਤ ਸਨ।"

ਜਨਰਲ ਕੈਂਪਬੈਲ ਦੇ ਸੰਬੋਧਨ ਵਿੱਚ ਇੱਕ ਪਲ ਵੱਖਰਾ ਸੀ, ਜਦੋਂ ਉਸਨੇ ਦੱਸਿਆ ਕਿਸ ਤਰ੍ਹਾਂ ਕੁਝ ਜੂਨੀਅਰ ਸੈਨਿਕਾਂ ਨੂੰ ਕਥਿਤ ਤੌਰ 'ਤੇ ਉਨ੍ਹਾਂ ਵਲੋਂ ਪਹਿਲਾਂ ਕਤਲ ਕਰਨ ਲਈ ਨਿਹੱਥੇ ਨਾਗਰਿਕਾਂ ਨੂੰ ਗੋਲੀ ਮਾਰਨ ਲਈ ਮਜ਼ਬੂਰ ਕੀਤਾ ਗਿਆ, ਇੱਕ ਕਾਰੇ ਨੂੰ 'ਬਲੱਡਿੰਗ' ਕਰਕੇ ਜਾਣਿਆਂ ਜਾਂਦਾ ਸੀ।

ਉਸਨੇ ਕਿਹਾ ਕਿ ਪੀੜਤਾਂ ਨੂੰ ਕਾਰਵਾਈ ਵਿੱਚ ਮਾਰੇ ਗਏ ਦੁਸ਼ਮਣ ਦਿਖਾਉਣ ਦੇ ਦਾਅਵੇ ਦੇ ਸਮਰਥਣ ਲਈ ਕਥਿਤ ਤੌਰ 'ਤੇ ਹਥਿਆਰਾਂ ਅਤੇ ਰੇਡੀਓ ਨੂੰ ਪਲਾਂਟ ਕੀਤਾ ਗਿਆ।

ਰਿਪੋਰਟ ਦਾ ਜਨਤਕ ਸੰਸਕਰਣ ਬਹੁਤ ਹੀ ਸੰਪਾਦਿਤ ਹੈ ਸਾਨੂੰ ਵਿਸ਼ੇਸ਼ ਘਟਨਾਵਾਂ ਅਤੇ ਵਿਅਕਤੀਆਂ ਦੇ ਵੇਰਵੇ ਨਹੀਂ ਪਤਾ।

ਪਰ ਇਹ ਰਿਪੋਰਟ ਨੂੰ ਆਸਟਰੇਲੀਅਨ ਲੋਕਾਂ, ਸਰਕਾਰ ਅਤੇ ਮਿਲਟਰੀ ਦੇ ਪੜ੍ਹਨ ਲਈ ਅਸੁਖਾਂਵਾ ਬਣਾਉਣ ਲਈ ਕਾਫ਼ੀ ਸੀ।

ਅੱਗੇ ਕੀ ਵਾਪਰਿਆ?

ਪਿਛਲੇ ਹਫ਼ਤੇ ਮੌਰੀਸਨ ਨੇ ਕਿਹਾ ਕਿ ਰਿਪੋਰਟ ਤੋਂ ਪ੍ਰਾਪਤ ਜਾਣਕਾਰੀ ਸੰਬੰਧੀ ਕਾਰਵਾਈ ਨੂੰ ਵਿਚਾਰਣ ਲਈ ਵਿਸ਼ੇਸ਼ ਜਾਂਚਕਰਤਾ ਨਿਯੁਕਤ ਕੀਤਾ ਜਾਵੇਗਾ।

ਆਸਟਰੇਲੀਅਨ ਮੀਡੀਆ ਮੁਤਾਬਿਕ ਪੁਲਿਸ ਜਾਂਚ ਵਿੱਚ ਸੰਭਾਵਿਤ ਤੌਰ 'ਤੇ ਸਾਲਾਂ ਦਾ ਸਮਾਂ ਲੱਗੇਗਾ।

ਜਨਰਲ ਕੈਂਪਬੈਲ ਨੇ ਕਿਹਾ ਇੱਕ ਐਸਏਐਸ ਪਲਟਨ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਇਹ ਏਡੀਐਫ਼ ਦੀ ਜ਼ਿੰਮੇਵਾਰੀ ਹੈ ਕਿ ਉਹ ਚੀਜ਼ਾਂ ਨੂੰ ਦਰੁਸਤ ਕਰੇ।

ਸਰਕਾਰ ਨੇ ਕਿਹਾ ਹੈ ਇਹ ਜੁਆਬਦੇਹੀ ਅਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਉਹ ਆਜ਼ਾਦ ਨਿਗਰਾਨੀ ਦੇ ਉਦੇਸ਼ ਨਾਲ ਇੱਕ ਪੈਨਲ ਬਣਾਏਗੀ, ਜਿਹੜਾ ਕਿ ਏਡੀਐਫ਼ ਦੇ ਅਧਿਕਾਰਿਤ ਦਾਇਰੇ ਤੋਂ ਬਾਹਰ ਹੋਵੇਗਾ।

ਆਸਟਰਲੀਆ ਵਲੋਂ ਅਮਰੀਕਾ ਅਤੇ ਹੋਰ ਭਾਈਵਾਲਾਂ ਨਾਲ ਮਿਲਕੇ ਅਫ਼ਗਾਨਿਸਤਾਨ ਵਿੱਚ ਸ਼ਾਂਤੀ ਲਈ ਕੀਤੇ ਜਾ ਰਹੇ ਯਤਨਾਂ ਦੇ ਹਿੱਸੇ ਵਜੋਂ ਤਕਰੀਬਨ 400 ਸੈਨਿਕਾਂ ਦਾ ਅਭਿਆਨ ਚਲਾਇਆ ਜਾ ਰਿਹਾ ਹੈ।

ਕੀ ਹੋਰ ਦੇਸਾਂ ਨੂੰ ਵੀ ਇਲਜ਼ਾਮਾਂ ਦਾ ਸਾਹਮਣਾ ਕਰਨਾ ਪਿਆ?

ਇਸ ਸਾਲ ਦੇ ਸ਼ੁਰੂ ਵਿੱਚ, ਇੰਟਰਨੈਸ਼ਨਲ ਕਰੀਮੀਨਲ ਕੋਰਟ (ਆਈਸੀਸੀ) ਨੇ ਅਫ਼ਗਾਨਿਸਤਾਨ ਵਿੱਚ ਅਮਰੀਕਾ ਅਤੇ ਹੋਰਨਾਂ ਦੇਸਾਂ ਵਲੋਂ ਕਥਿਤ ਜੰਗੀ ਅਪਰਾਧਾਂ ਬਾਰੇ ਜਾਂਚ ਸ਼ੁਰੂ ਕੀਤੀ ਸੀ।

ਮਈ 2003 ਤੋਂ ਤਾਲਿਬਾਨ ਦੀਆਂ ਕਾਰਵਾਈਆਂ, ਅਫ਼ਗਾਨ ਸਰਕਾਰ ਅਤੇ ਅਮਰੀਕੀ ਸੈਨਿਕਾਂ ਦੀ ਪੜਤਾਲ ਦੀ ਵੀ ਉਮੀਦ ਕੀਤੀ ਜਾ ਰਹੀ ਹੈ।

ਆਈਸੀਸੀ ਦੀ 2016 ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸੀਆਈਏ ਦੁਆਰਾ ਗੁਪਤ ਰੂਪ ਵਿੱਚ ਡੀਟੈਂਸ਼ਨ ਥਾਵਾਂ 'ਤੇ ਅਮਰੀਕੀ ਮਿਲਟਰੀ ਵਲੋਂ ਤਸ਼ੱਦਦ ਕੀਤੇ ਜਾਣ 'ਤੇ ਯਕੀਨ ਲਈ ਤਰਕਪੂਰਣ ਅਧਾਰ ਹੈ।

ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਹ ਮੰਨਣਾ ਤਰਕਪੂਰਣ ਹੈ ਕਿ ਅਫ਼ਗਾਨ ਸਰਕਾਰ ਵਲੋਂ ਕੈਦੀਆਂ 'ਤੇ ਤਸ਼ੱਦਦ ਕੀਤੇ ਗਏ ਅਤੇ ਤਾਲਿਬਾਨ ਵਲੋਂ ਵੱਡੀ ਪੱਧਰ 'ਤੇ ਨਾਗਰਿਕਾਂ ਦੇ ਸਮੂਹਿਕ ਕਤਲ ਵਰਗੇ ਜੰਗੀ ਅਪਰਾਧ ਕੀਤੇ ਗਏ।

ਯੂਕੇ ਵਲੋਂ ਵੀ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਯੂਕੇ ਦੀਆਂ ਸਪੈਸ਼ਲ ਫ਼ੋਰਸਿਜ਼ ਵਲੋਂ ਗ਼ੈਰ-ਕਾਨੂੰਨੀ ਹੱਤਿਆਂਵਾਂ ਦੇ ਇਲਜ਼ਾਮਾਂ ਦੀ ਜਾਂਚ ਸਹੀ ਤਰੀਕੇ ਨਾਲ ਹੋਈ ਹੈ ਜਾਂ ਨਹੀਂ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)