ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ ਜਥੇਬੰਦੀਆਂ ਦਾ 26 ਨਵੰਬਰ ਨੂੰ ਦਿੱਲੀ ਕੂਚ ਕਰਨ ਦਾ ਐਲਾਨ - ਅੱਜ ਦੀਆਂ ਅਹਿਮ ਖ਼ਬਰਾਂ

26 ਨਵੰਬਰ ਨੂੰ ਦੇਸ਼ ਭਰ ਤੋਂ ਕਿਸਾਨ ਖ਼ੇਤੀ ਕਾਨੂੰਨਾਂ ਦੇ ਵਿਰੋਧ ’ਚ ਦਿੱਲੀ ਪਹੁੰਚਣਗੇ। ਪਾਕਿਸਤਾਨ ਵਿੱਚ ਲਾਹੌਰ ਦੀ ਅੱਤਵਾਦ ਵਿਰੋਧੀ ਅਦਾਲਤ ਨੇ ਹਾਫਿਜ਼ ਮੁਹੰਮਦ ਸਈਦ ਨੂੰ ਦੋ ਵੱਖ-ਵੱਖ ਮਾਮਲਿਆਂ ਵਿੱਚ ਦੋਸ਼ੀ ਦੱਸਦਿਆਂ ਸਾਢੇ ਦਸ ਸਾਲ ਕੈਦ ਦੀ ਸਜਾ ਸੁਣਾਈ ਹੈ।

1. ਖੇਤੀ ਕਾਨੂੰਨਾਂ ਦਾ ਵਿਰੋਧ - 26 ਨਵੰਬਰ ਨੂੰ ਦੇਸ਼ ਭਰ ਤੋਂ ਕਿਸਾਨ ਪਹੁੰਚਣਗੇ ਦਿੱਲੀ

ਖ਼ੇਤੀ ਕਾਨੂੰਨਾਂ ਦੇ ਖ਼ਿਲਾਫ਼ ਦੇਸ਼ ਭਰ ਦੇ ਕਿਸਾਨ 'ਸੰਵਿਧਾਨ ਦਿਵਸ' ਯਾਨੀ 26 ਨਵੰਬਰ ਨੂੰ ਦਿੱਲੀ ਕੂਚ ਕਰਨਗੇ।

ਕੇਂਦਰ ਸਰਕਾਰ ਖ਼ਿਲਾਫ਼ ਦੇਸ਼ ਭਰ ਦੇ ਕਿਸਾਨ ਆਰ ਪਾਰ ਦੀ ਲੜਾਈ ਲੜਨ ਲਈ "ਦਿੱਲੀ ਚਲੋ" ਦੇ ਸੱਦੇ ਤਹਿਤ ਅਣਮਿੱਥੇ ਸੰਘਰਸ਼ ਲਈ ਰਾਸ਼ਟਰੀ ਰਾਜਧਾਨੀ ਪਹੁੰਚ ਰਹੇ ਹਨ। ਇਸ "ਸੰਯੁਕਤ ਕਿਸਾਨ ਮੋਰਚਾ" ਨੂੰ ਦੇਸ਼ ਦੀਆਂ 500 ਤੋਂ ਵੱਧ ਕਿਸਾਨ ਜੱਥੇਬੰਦੀਆਂ ਦਾ ਸਮਰਥਨ ਮਿਲਿਆ ਹੈ।

ਅੱਜ ਹੋਈ ਮੀਟਿੰਗ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਦੱਸਿਆ ਕਿ 26 ਨਵੰਬਰ ਨੂੰ ਗੁਆਂਢੀ ਰਾਜਾਂ ਦੇ ਕਿਸਾਨ ਪੰਜ ਵੱਡੇ ਰੂਟਾਂ 'ਤੋਂ ਦਿੱਲੀ ਪਹੁੰਚਣਗੇ। ਕਿਸਾਨ ਅੰਮ੍ਰਿਤਸਰ ਦਿੱਲੀ ਨੈਸ਼ਨਲ ਹਾਈਵੇ (ਕੁੰਡਲੀ ਬਾਰਡਰ), ਹਿਸਾਰ ਦਿੱਲੀ ਹਾਈਵੇ (ਬਹਾਦਰਗੜ), ਜੈਪੁਰ ਦਿੱਲੀ ਹਾਈਵੇ (ਧਾਰੂਹੇਰਾ), ਬਰੇਲੀ ਦਿੱਲੀ ਹਾਈਵੇ (ਹਾਪੁਰ), ਆਗਰਾ ਦਿੱਲੀ ਹਾਈਵੇ (ਬੱਲਭਗੜ੍ਹ) ਵਿਖੇ ਇਕੱਤਰ ਹੁੰਦੇ ਹੋਏ ਦਿੱਲੀ ਵੱਲ ਮਾਰਚ ਕਰਨਗੇ।

ਇਹ ਵੀ ਪੜ੍ਹੋ

ਕਿਸਾਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਉਨ੍ਹਾਂ ਨੂੰ ਕਿਸੇ ਜਗ੍ਹਾ 'ਤੇ ਰੋਕਿਆ ਗਿਆ ਤਾਂ ਕਿਸਾਨ ਉਥੇ ਸ਼ਾਂਤਮਈ ਧਰਨਾ ਦੇ ਕੇ ਵਿਰੋਧ ਕਰਨਗੇ। ਰੇਲ ਅਤੇ ਬੱਸ ਆਵਾਜਾਈ ਦੀ ਘਾਟ ਕਾਰਨ, ਕਿਸਾਨ ਆਪਣੀ ਟਰੈਕਟਰ ਟਰਾਲੀ ਲੈ ਕੇ ਦਿੱਲੀ ਵੱਲ ਕੂਚ ਕਰਨਗੇ।

ਇਹ ਐਲਾਨ ਸੰਯੁਕਤ ਕਿਸਾਨ ਮੋਰਚੇ ਦੇ ਨੁਮਾਇੰਦਿਆਂ ਨੇ ਅੱਜ ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

2. ਐਂਟੀ ਟੈਰਰ ਕੋਰਟ ਨੇ ਹਾਫਿਜ਼ ਸਈਦ ਨੂੰ ਸਾਢੇ 10 ਸਾਲ ਕੈਦ ਦੀ ਸਜ਼ਾ ਸੁਣਾਈ

ਪਾਕਿਸਤਾਨ ਵਿੱਚ ਲਾਹੌਰ ਦੀ ਅੱਤਵਾਦ ਵਿਰੋਧੀ ਅਦਾਲਤ ਨੇ ਪਾਬੰਦੀਸ਼ੁਦਾ ਸੰਗਠਨ ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਮੁਹੰਮਦ ਸਈਦ ਨੂੰ ਦੋ ਵੱਖ-ਵੱਖ ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ ਹੈ ਅਤੇ ਉਸ ਨੂੰ ਸਾਢੇ ਦਸ ਸਾਲ ਕੈਦ ਦੀ ਸਜਾ ਸੁਣਾਈ ਹੈ।

ਹਾਫਿਜ਼ ਸਈਦ ਨੂੰ ਮੁੰਬਈ ਹਮਲੇ (26 ਨਵੰਬਰ 2008) ਦਾ ਮਾਸਟਰ ਮਾਈਂਡ ਵੀ ਮੰਨਿਆ ਜਾਂਦਾ ਹੈ।

ਅਦਾਲਤ ਨੇ ਉਨ੍ਹਾਂ ਦੀ ਜਾਇਦਾਦ ਜ਼ਬਤ ਕਰਨ ਦੇ ਵੀ ਆਦੇਸ਼ ਦਿੱਤੇ ਹਨ।

ਇਸ ਤੋਂ ਇਲਾਵਾ ਉਨ੍ਹਾਂ 'ਤੇ ਇਕ ਲੱਖ 10 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।

ਅਦਾਲਤ ਨੇ ਇਸ ਕੇਸ ਵਿੱਚ ਤਿੰਨ ਹੋਰ ਲੋਕਾਂ ਨੂੰ ਸਜ਼ਾ ਸੁਣਾਈ ਹੈ।

ਹਾਫਿਜ਼ ਸਈਦ ਜੁਲਾਈ, 2019 ਤੋਂ ਗ੍ਰਿਫ਼ਤਾਰ ਹੈ ਅਤੇ ਹੁਣ ਤੱਕ ਉਨ੍ਹਾਂ ਦੇ ਖਿਲਾਫ਼ ਚਾਰ ਕੇਸਾਂ ਦਾ ਫੈਸਲਾ ਹੋ ਚੁੱਕਿਆ ਹੈ।

ਇਸ ਤੋਂ ਪਹਿਲਾਂ ਇਸ ਸਾਲ ਫਰਵਰੀ ਵਿਚ ਲਾਹੌਰ ਦੀ ਇਸੇ ਅਦਾਲਤ ਨੇ ਹਾਫਿਜ਼ ਸਈਦ ਨੂੰ ਦੋ ਮਾਮਲਿਆਂ ਵਿਚ 11 ਸਾਲ ਕੈਦ ਅਤੇ ਤੀਹ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਸੀ।

ਹਾਲਾਂਕਿ ਹਾਫਿਜ਼ ਸਈਦ ਅਤੇ ਉਨ੍ਹਾਂ ਦੇ ਸਾਥੀ ਇਹ ਕਹਿੰਦੇ ਰਹੇ ਹਨ ਕਿ ਉਹ ਨਿਰਦੋਸ਼ ਹਨ ਅਤੇ ਅੰਤਰਰਾਸ਼ਟਰੀ ਦਬਾਅ ਕਾਰਨ ਉਨ੍ਹਾਂ ਨੂੰ ਸਜ਼ਾ ਦਿੱਤੀ ਗਈ ਹੈ।

ਹਾਫਿਜ਼ ਮੁਹੰਮਦ ਸਈਦ ਅਤੇ ਉਨ੍ਹਾਂ ਦੇ ਪਾਬੰਦੀਸ਼ੁਦਾ ਸੰਗਠਨ ਦੇ ਨੇਤਾਵਾਂ ਖਿਲਾਫ਼ ਪੰਜਾਬ ਭਰ ਵਿਚ ਤਕਰੀਬਨ ਦੋ ਦਰਜਨ ਕੇਸ ਦਰਜ ਹਨ।

3. ਦਿੱਲੀ 'ਚ ਮਾਸਕ ਨਾ ਪਾਉਣ 'ਤੇ ਹੁਣ 2 ਹਜ਼ਾਰ ਰੁਪਏ ਦਾ ਜੁਰਮਾਨਾ: ਕੇਜਰੀਵਾਲ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਕੋਰੋਨਾ ਦੀ ਸਥਿਤੀ ਬਾਰੇ ਵਿਚਾਰ ਵਟਾਂਦਰੇ ਲਈ ਇਕ ਸਰਬ ਪਾਰਟੀ ਬੈਠਕ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ 'ਉਹ ਇਸ ਮੀਟਿੰਗ ਵਿੱਚ ਮਿਲੇ ਸੁਝਾਵਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰਨਗੇ।'

ਇਸ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਵਿਚ ਉਨ੍ਹਾਂ ਨੇ ਦਿੱਲੀ ਸਰਕਾਰ ਦੀਆਂ ਤਿਆਰੀਆਂ ਅਤੇ ਕੁਝ ਨਵੇਂ ਫੈਸਲਿਆਂ ਬਾਰੇ ਦੱਸਿਆ।

'ਜਿਹੜੇ ਲੋਕ ਦਿੱਲੀ ਵਿਚ ਮਾਸਕ ਨਹੀਂ ਪਹਿਨਦੇ ਹਨ, ਉਨ੍ਹਾਂ ਨੂੰ ਹੁਣ 500 ਦੀ ਬਜਾਏ 2000 ਰੁਪਏ ਜੁਰਮਾਨਾ ਕੀਤਾ ਜਾਵੇਗਾ'।

ਕੇਜਰੀਵਾਲ ਨੇ ਛੱਠ ਪੂਜਾ ਕਰਨ ਵਾਲੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ "ਕੋਰੋਨਾ ਨੂੰ ਧਿਆਨ ਵਿੱਚ ਰੱਖਦਿਆਂ, ਲੋਕ ਪਾਣੀ ਦੇ ਜਨਤਕ ਸਰੋਤਾਂ ਵਿੱਚ ਇਕੱਠੇ ਹੋਣ ਅਤੇ ਪੂਜਾ ਕਰਨ ਤੋਂ ਗੁਰੇਜ਼ ਕਰਨ।"

'ਦਿੱਲੀ ਦੇ ਪ੍ਰਾਈਵੇਟ ਹਸਪਤਾਲਾਂ ਦੇ 80 ਪ੍ਰਤੀਸ਼ਤ ਆਈ.ਸੀ.ਯੂ. ਬੈੱਡ ਹੁਣ ਕੋਰੋਨਾ ਲਈ ਰਾਖਵੇਂ ਹਨ.'

4. ਨਗਰੋਟਾ ਐਨਕਾਊਂਟਰ ਬਾਰੇ ਪੁਲਿਸ ਨੇ ਕੀ ਕਿਹਾ

ਭਾਰਤ-ਸ਼ਾਸਿਤ ਜੰਮੂ-ਕਸ਼ਮੀਰ ਵਿੱਚ ਸੁਰੱਖਿਆ ਦਸਤਿਆਂ ਤੇ ਅੱਤਵਾਦੀਆਂ ਵਿਚਾਲੇ ਹੋਈ ਮੁਠਭੇੜ ਵਿੱਚ 4 ਅੱਤਵਾਦੀ ਮਾਰ ਗਏ ਹਨ।

ਇਸ ਘਟਨਾ ਵਿੱਚ ਦੋ ਸੁਰੱਖਿਆ ਮੁਲਾਜ਼ਮਾਂ ਦੇ ਜਖ਼ਮੀ ਹੋਣ ਦੀ ਖ਼ਬਰ ਹੈ।

ਪੁਲਿਸ ਦੇ ਅਨੁਸਾਰ ਵੀਰਵਾਰ ਸਵੇਰੇ ਨਗਰੋਟਾ ਦੇ ਬਨ ਟੋਲ ਪਲਾਜ਼ਾ ਦੇ ਨੇੜੇ ਹੋਏ ਇਸ ਐਨਕਊਂਟਰ ਵਿੱਚ ਪੁਲਿਸ, ਸੀਆਰਪੀਐੱਫ ਤੇ ਭਾਰਤੀ ਫੌਜ ਸ਼ਾਮਿਲ ਰਹੀ।

ਜੰਮੂ ਜ਼ੋਨ ਦੇ ਆਈਜੀ ਮੁਕੇਸ਼ ਸਿੰਘ ਨੇ ਦੱਸਿਆ, "ਵੀਰਵਾਰ ਸਵੇਰੇ ਜਦੋਂ ਨਗਰੋਟਾ ਦੇ ਬਨ ਟੋਲ ਪਲਾਜ਼ਾ ਨੇੜੇ ਇੱਕ ਟਰੱਕ ਨੂੰ ਰੋਕਿਆ ਗਿਆ ਤਾਂ ਉਸ ਦਾ ਡ੍ਰਾਈਵਰ ਭੱਜ ਗਿਆ। ਜਦੋਂ ਸਾਡੇ ਜਵਾਨਾਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਟਰੱਕ ਦੀ ਤਲਾਸ਼ੀ ਲੈਣ ਦੀ ਕੋਸ਼ਿਸ਼ ਕੀਤੀ।"

"ਉਸੇ ਦੌਰਾਨ ਮੁਠਭੇੜ ਹੋਈ। ਇਹ ਐਨਕਾਊਂਟਰ ਤਿੰਨ ਘੰਟਿਆਂ ਤੱਕ ਚੱਲਿਆ। ਇਸ ਫਾਇਰਿੰਗ ਵਿੱਚ ਦੋ ਪੁਲਿਸ ਮੁਲਾਜ਼ਮ ਜਖ਼ਮੀ ਹੋਏ।"

4. ਕੋਰੋਨਾਵਾਇਰਸ ਦੇ ਇਲਾਜ ਲਈ ਕਿਹੜੀ ਵੈਕਸੀਨ ਭਾਰਤ ਲਈ ਕਿਹੜੀ ਢੁੱਕਵੀਂ ਹੋ ਸਕਦੀ ਹੈ

ਭਾਰਤ ਦੀ ਉੱਘੀ ਮਹਾਮਾਰੀ ਵਿਗਿਆਨੀ ਪ੍ਰੋਫ਼ੈਸਰ ਗਨਗਦੀਪ ਕੰਗ ਨੇ ਦਿ ਵਾਇਰ ਲਈ ਸੀਨੀਅਰ ਪੱਤਰਕਾਰ ਕਰਨ ਥਾਪਰ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਹੈ - ਮੌਡਰਨਾ ਦੇ ਮੁਕਾਬਲੇ ਆਕਸਫੋਰਡ- ਐਸਟਰਾਜ਼ੈਨਿਕਾ ਵਾਲੀ ਵੈਕਸੀਨ ਭਾਰਤ ਲਈ ਜ਼ਿਆਦਾ ਢੁਕਵੀਂ ਹੋ ਸਕਦੀ ਹੈ।

ਇਸ ਦੀ ਵਜ੍ਹਾ ਉਨ੍ਹਾਂ ਨੇ ਦੱਸੀ ਕਿ ਆਕਸਫੋਰਡ ਵੱਲੋਂ ਵਿਕਸਿਤ ਕੀਤੀ ਜਾ ਰਹੀ ਵੈਕਸੀਨ ਨੂੰ -2⁰ ਤੋਂ -8⁰ ਸੈਲਸੀਅਸ ਤਾਪਮਾਨ ਉੱਪਰ ਵੀ ਰੱਖਿਆ ਜਾ ਸਕਦਾ ਹੈ ਜੋ ਕਿ ਇੱਕ ਸਧਾਰਣ ਰੈਫ਼ੀਰਜਰੇਟਰ ਵੀ ਮੁਹਈਆ ਕਰਵਾ ਸਕਦਾ ਹੈ।

ਉਨ੍ਹਾਂ ਨੇ ਭਾਰਤ ਸਰਕਾਰ ਵੱਲੋਂ ਵੈਕਸੀਨ ਲਈ ਚਾਰ ਪ੍ਰਮੁੱਖਤਾ ਸਮੂਹਾਂ ਦੀ ਨਿਸ਼ਾਨਦੇਹੀ ਦੇ ਪ੍ਰਕਿਰਿਆ ਬਾਰੇ ਵੀ ਆਪਣੇ ਵਿਚਾਰ ਰੱਖੇ। ਸਰਕਾਰ ਵੱਲੋਂ ਇਸ ਵਿੱਚ ਜੋ ਕ੍ਰਮ ਰੱਖਿਆ ਗਿਆ ਹੈ- ਉਸ ਮੁਤਾਬਕ ਸਭ ਤੋਂ ਉੱਪਰ -ਸਿਹਤ ਵਰਕਰ, ਫਿਰ ਪੁਲਿਸ ਅਤੇ ਹਥਿਆਰਬੰਦ ਦਸਤੇ, 50 ਸਾਲ ਤੋਂ ਵੱਡੀ ਉਮਰ ਦੇ ਲੋਕ ਅਤੇ 50 ਸਾਲ ਤੋਂ ਛੋਟੀ ਉਮਰ ਦੇ ਉਹ ਲੋਕ ਜਿਨ੍ਹਾਂ ਨੂੰ ਹੋਰ ਬੀਮਾਰੀਆਂ ਵੀ ਹਨ।

ਪ੍ਰੋ਼ਫ਼ੈਸਰ ਗਗਨਦੀਪ ਕੰਗ ਮੁਤਾਬਕ- "ਅਸੀਂ ਇਨ੍ਹਾਂ ਲੋਕਾਂ ਦੀ ਨਿਸ਼ਾਨਦੇਹੀ ਅਤੇ ਫਿਰ ਉਨ੍ਹਾਂ ਦੀ ਦਰਜੇਬੰਦੀ ਕਿੰਨੇ ਕੁ ਵਧੀਆ ਢੰਗ ਨਾਲ ਕਰਾਂਗੇ?"

ਭਾਰਤ ਲਈ ਕਿਹੜੀ ਵੈਕਸੀਨ ਵਧੇਰੇ ਢੁਕਵੀਂ ਰਹੇਗੀ ਇਸ ਬਾਰੇ ਉਨ੍ਹਾਂ ਨੇ ਕਿਹਾ ਕਿ ਇਸ ਬਾਰੇ ਸਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਪਵੇਗਾ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਵੈਕਸੀਨ ਬਾਰੇ ਦੀ ਮਾਪਦੰਡ ਹੋਵੇਗਾ

  • ਸਾਨੂੰ ਇਹ ਵੀ ਦੇਖਣਾ ਪਵੇਗਾ ਕਿ ਕਿਹੜੀ ਵੈਕਸੀਨ ਕਿਸ ਉਮਰ ਵਰਗ ਲਈ ਕਾਰਗਰ ਹੈ।
  • "ਸਾਨੂੰ ਦੇਖਣਾ ਪਵੇਗਾ ਕਿ ਸਾਡਾ ਸਿਹਤ ਢਾਂਚਾ ਉਸ ਨੂੰ ਕਿਵੇਂ ਸਾਂਭ ਸਕੇਗਾ। ਮਿਸਾਲ ਵਜੋਂ ਜੇ ਅਸੀਂ ਦੇਖੀਏ ਹਾਂ ਕੁਝ ਨਵੇਂ ਵੈਕਸੀਨ ਨੂੰ ਰੱਖਣ ਲਈ ਮਨਫ਼ੀ 17 ਡਿਗਰੀ ਸੈਲਸੀਅਸ ਸਟੋਰੇਜ ਦੀ ਲੋੜ ਹੈ- ਜਿਵੇਂ ਕਿ ਫਾਇਜ਼ਰ ਵੈਕਸੀਨ।"
  • "ਇਸ ਵੈਕਸੀਨ ਦੀ ਸ਼ਹਿਰੀ ਖੇਤਰਾਂ ਤੋਂ ਬਾਹਰ ਵਰਤੋਂ ਕਰਨਾ ਬਹੁਤ ਚੁਣੌਤੀ ਪੂਰਨ ਹੋਵੇਗਾ। ਹਾਲਾਂਕਿ ਫਾਇਜ਼ਰ ਦਾ ਦਾਅਵਾ ਕਿ ਉਸ ਨੇ ਆਪਣੀ ਕੋਲਡ ਚੇਨ ਵਿਕਸਿਤ ਕੀਤੀ ਹੈ ਪਰ ਇਸ ਨੂੰ ਭਾਰਤ ਦੇ 28,000 ਕੋਲਡ ਚੇਨ ਪੁਆਇੰਟਾਂ ਤੱਕ ਪਹੁੰਚਾਉਣਾ ਮੁਮਕਿਨ ਨਹੀਂ ਹੋਵੇਗਾ।"

ਫਾਇਜ਼ਰ ਵੈਕਸੀਨ ਦੀ ਸ਼ੈਲਫ਼ ਲਾਈਫ ਵੀ 24 ਘੰਟਿਆਂ ਤੋਂ 3-4 ਦਿਨਾਂ ਦੇ ਵਿਚਾਕਾਰ ਹੈ। ਇਸ ਬਾਰੇ ਉਨ੍ਹਾਂ ਨੇ ਕਿਹਾ-

  • ਮੌਜੂਦਾ ਸਥਿਤੀ ਅਤੇ ਕੀਮਤ ਨੂੰ ਦੇਖਦੇ ਹੋਏ ਇਸ ਦੀ ਭਾਰਤ ਵਿੱਚ ਵਰਤੋਂ ਦੀ ਬਹੁਤ ਘੱਟ ਸੰਭਾਵਨਾ ਹੈ।
  • ਦੂਜੇ ਪਾਸੇ ਮੌਡਰਨਾ ਦੀ ਕੀਮਤ 37 ਅਮਰੀਕੀ ਡਾਲਰ ਹੈ ਪਰ ਉਨ੍ਹਾਂ ਨੇ ਕਿਹਾ ਕਿ ਭਾਰਤ ਵਰਗੇ ਬਜ਼ਾਰ ਨੂੰ ਦੇਖਦੇ ਹੋਏ ਕੰਪਨੀਆਂ ਖ਼ੁਸ਼ੀ ਨਾਲ ਕੀਮਤ ਘਟਾਉਣ ਨੂੰ ਤਿਆਰ ਹੋਣਗੀਆਂ।
  • ਇਸ ਤਰ੍ਹਾਂ ਮੌਡਰਨਾ ਭਾਵੇਂ ਸਾਡੇ ਹਿਸਾਬ ਨਾਲ ਢੁਕਵੀਂ ਹੈ ਪਰ ਕੀਮਤ ਦੇ ਹਿਸਾਬ ਨਾਲ ਬਹੁਤ ਮਹਿੰਗੀ ਹੈ ਜਦੋਂ ਕਿ ਭਾਰਤ ਨੇ ਹੁਣ ਤੱਕ ਤਿੰਨ ਡਾਲਰ ਤੋਂ ਵਧੇਰੇ ਮੁੱਲ ਕਿਸੇ ਵੈਕਸੀਨ ਦਾ ਨਹੀਂ ਤਾਰਿਆ ਹੈ।
  • ਆਕਸਫੋਰਡ ਅਤੇ ਐਸਟਰਾ ਜ਼ੈਨਿਕਾ ਵੈਕਸੀਨ ਨੂੰ 2 ਤੋਂ ਅੱਠ 'ਤੇ ਇੱਕ ਸਧਾਰਣ ਰੈਫਰੀਜਰੇਟਰ ਵਿੱਚ ਨਾ ਕਿ ਫਰੀਜ਼ਰ ਵਿੱਚ। ਇਸ ਲਈ ਇਹ "ਬਹੁਤ ਵਧੀਆ ਫਿੱਟ ਬੈਠਦੀ ਹੈ ਕਿਉਂਕਿ ਜ਼ਿਆਦਾਤਰ ਵੈਕਸੀਨ ਅਸੀਂ ਵਰਤਦੇ ਹਾਂ ਉਹ ਦੋ ਤੋਂ ਅੱਠ ਡਿਗਰੀ ਸੈਲਸੀਅਸ ਉੱਪਰ ਹੀ ਰੱਖੀਆਂ ਜਾਂਦੀਆਂ ਹਨ"।
  • "ਰੱਖਣ ਲਈ ਜਗ੍ਹਾ ਦਾ ਸਵਾਲ ਖੜ੍ਹਾ ਹੋ ਸਕਦਾ ਹੈ ਪਰ ਤਾਪਮਾਨ ਠੀਕ ਹੈ।"

ਪ੍ਰੋਫ਼ੈਸਰ ਗਗਨਦੀਪ ਕੰਗ ਭਾਰਤ ਦੇ ਉੱਘੇ ਵਾਇਰਸ ਵਿਗਿਆਨੀਆਂ ਵਿੱਚ ਸ਼ੁਮਾਰ ਕੀਤੇ ਜਾਂਦੇ ਹਨ। ਉਨ੍ਹਾਂ ਰੋਟਾਵਾਇਰਸ ਦੀ ਵੈਕਸੀਨ ਤੋਂ ਇਲਾਵਾ ਕੋਲਰਾ ਅਤੇ ਵੈਕਸੀਨ ਦੀਆਂ ਭਾਰਤ ਵਿੱਚ ਹੀ ਵਿਕਸਤ ਕੀਤੀਆਂ ਗਈਆਂ ਵੈਕਸੀਨਾਂ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)