You’re viewing a text-only version of this website that uses less data. View the main version of the website including all images and videos.
ਰਾਜਕੁਮਾਰੀ ਡਾਇਨਾ ਦੇ ਬੀਬੀਸੀ ਇੰਟਰਵਿਊ ਬਾਰੇ ਕੀ ਵਿਵਾਦ ਹੈ ਜਿਸ ਦੀ ਜਾਂਚ ਹੁਣ ਬੀਬੀਸੀ ਕਰੇਗਾ
ਬੀਬੀਸੀ ਰਾਜਕੁਮਾਰੀ ਡਾਇਨਾ ਦੇ ਸਾਲ 1995 ਵਿੱਚ ਦਿੱਤੇ ਗਏ ਇੰਟਰਵਿਊ ਦੀ ਸੁਤੰਤਰ ਜਾਂਚ ਕਰਵਾਏਗਾ ਤਾਂ ਜੋ ਇਸ 'ਇੰਟਰਵਿਊ ਦੇ ਪਿੱਛੇ ਦਾ ਸੱਚ' ਪਤਾ ਲੱਗ ਸਕੇ।
ਦਰਅਸਲ, ਡਾਇਨਾ ਦੇ ਭਰਾ ਅਰਲ ਸਪੈਂਸਰ ਨੇ ਇਲਜ਼ਾਮ ਲਗਾਇਆ ਹੈ ਕਿ 1995 ਵਿੱਚ ਬੀਬੀਸੀ ਪੱਤਰਕਾਰ ਮਾਰਟਿਨ ਬਸ਼ੀਰ ਨੇ ਡਾਇਨਾ ਨੂੰ ਇੰਟਰਵਿਊ ਲਈ ਰਾਜ਼ੀ ਕਰਨ ਵਿੱਚ ਬੈਂਕ ਦੀਆਂ ਜਾਅਲੀ ਸਟੇਟਮੈਂਟਾਂ ਦੀ ਵਰਤੋਂ ਕੀਤੀ ਸੀ।
ਇਸ ਦਾਅਵੇ ਦੀ ਜਾਂਚ ਕਰਨ ਲਈ, ਬੀਬੀਸੀ ਨੇ ਬ੍ਰਿਟੇਨ ਦੇ ਸਭ ਤੋਂ ਸੀਨੀਅਰ ਜੱਜਾਂ ਵਿੱਚੋਂ ਇੱਕ ਲਾਰਡ ਡਾਇਸਨ ਨੂੰ ਇਸ ਜਾਂਚ ਦੀ ਅਗਵਾਈ ਲਈ ਨਿਯੁਕਤ ਕੀਤਾ ਹੈ।
ਇਹ ਵੀ ਪੜ੍ਹੋ
ਲਾਰਡ ਡਾਇਸਨ ਬ੍ਰਿਟੇਨ ਦੀ ਸੁਪਰੀਮ ਕੋਰਟ ਦੇ ਜੱਜ ਰਹਿ ਚੁੱਕੇ ਹਨ।
ਬੀਬੀਸੀ ਦੇ ਡਾਇਰੈਕਟਰ ਜਨਰਲ ਟਿਮ ਡੇਵੀ ਨੇ ਕਿਹਾ ਹੈ, "ਬੀਬੀਸੀ ਇਸ ਘਟਨਾ ਦੇ ਪਿੱਛੇ ਦੀ ਸੱਚਾਈ ਸਾਹਮਣੇ ਲਿਆਉਣ ਲਈ ਵਚਨਬੱਧ ਹੈ, ਇਸੇ ਲਈ ਅਸੀਂ ਸੁਤੰਤਰ ਜਾਂਚ ਦੇ ਆਦੇਸ਼ ਦਿੱਤੇ ਹਨ। ਲਾਰਡ ਡਾਇਸਨ ਇੱਕ ਉੱਘੇ ਅਤੇ ਬਹੁਤ ਸਤਿਕਾਰਤ ਵਿਅਕਤੀ ਹਨ ਜੋ ਇਸ ਜਾਂਚ ਦੀ ਅਗਵਾਈ ਕਰਨਗੇ।''
ਡਾਇਨਾ ਦੇ ਭਰਾ ਅਰਲ ਸਪੈਂਸਰ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਇਸ ਮਾਮਲੇ ਦੀ ਸੁਤੰਤਰ ਜਾਂਚ ਦੀ ਮੰਗ ਕਰਦਿਆਂ ਕਿਹਾ ਸੀ ਕਿ ਇਸ ਇੰਟਰਵਿਊ ਨੂੰ ਲੈਣ ਲਈ "ਸਰਾਸਰ ਬੇਈਮਾਨੀ" ਦਾ ਸਹਾਰਾ ਲਿਆ ਗਿਆ ਸੀ।
ਡੇਲੀ ਮੇਲ ਦੀ ਇਕ ਰਿਪੋਰਟ ਦੇ ਅਨੁਸਾਰ, ਅਰਲ ਸਪੈਂਸਰ ਨੇ ਟਿਮ ਡੇਵੀ ਨੂੰ ਲਿਖੇ ਇੱਕ ਪੱਤਰ ਵਿੱਚ ਕਿਹਾ ਸੀ ਕਿ ਪੱਤਰਕਾਰ ਮਾਰਟਿਨ ਬਸ਼ੀਰ (ਡਾਇਨਾ ਦਾ 1995 ਵਿੱਚ ਇੰਟਰਵਿਊ ਲੈਣ ਵਾਲੇ ਪੱਤਰਕਾਰ) ਨੇ ਜਾਅਲੀ ਬੈਂਕ ਸਟੇਟਮੈਂਟਾਂ ਰਾਹੀਂ ਦੱਸਿਆ ਸੀ ਕਿ ਸ਼ਾਹੀ ਪਰਿਵਾਰ ਵਿੱਚ ਕੰਮ ਕਰਨ ਵਾਲੇ ਦੋ ਸੀਨੀਅਰ ਅਧਿਕਾਰੀਆਂ ਨੂੰ ਡਾਇਨਾ ਨਾਲ ਜੁੜੀ ਜਾਣਕਾਰੀ ਇਕੱਠੀ ਕਰਨ ਲਈ ਭੁਗਤਾਨ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਲਿਖਿਆ- "ਜੇ ਮੈਨੂੰ ਇਹ ਨਾ ਦਿਖਾਇਆ ਗਿਆ ਹੁੰਦਾ ਤਾਂ ਮੈਂ ਕਦੇ ਮਾਰਟਿਨ ਬਸ਼ੀਰ ਨੂੰ ਆਪਣੀ ਭੈਣ ਡਾਇਨਾ ਨਾਲ ਨਹੀਂ ਮਿਲਾਉਂਦਾ।''
ਡੇਲੀ ਮੇਲ ਨੂੰ ਦਿੱਤੀ ਇਕ ਹੋਰ ਇੰਟਰਵਿਊ ਵਿਚ ਅਰਲ ਸਪੈਂਸਰ ਨੇ ਕਿਹਾ ਕਿ "ਮਾਰਟਿਨ ਬਸ਼ੀਰ ਨੇ ਆਪਣੀਆਂ ਮੀਟਿੰਗਾਂ ਦੌਰਾਨ ਸ਼ਾਹੀ ਪਰਿਵਾਰ ਦੇ ਕਈ ਸੀਨੀਅਰ ਲੋਕਾਂ ਖ਼ਿਲਾਫ਼ ਝੂਠੇ ਅਤੇ ਮਾਣਹਾਨੀ ਨਾਲ ਭਰੇ ਦਾਅਵੇ ਕੀਤੇ ਤਾਂ ਜੋ ਉਹ ਡਾਇਨਾ ਤੱਕ ਪਹੁੰਚ ਸਕੇ ਅਤੇ ਮੇਰਾ ਭਰੋਸਾ ਹਾਸਲ ਕਰ ਸਕੇ।"
ਬਸ਼ੀਰ ਨੇ ਦਾਅਵਾ ਕੀਤਾ ਸੀ ਕਿ ਡਾਇਨਾ ਦੇ ਨਿੱਜੀ ਪੱਤਰ ਵਿਹਾਰ ਖੋਲ੍ਹੇ ਜਾ ਰਹੇ ਸਨ, ਉਨ੍ਹਾਂ ਦੀ ਕਾਰ ਦਾ ਪਿੱਛਾ ਕੀਤਾ ਜਾ ਰਿਹਾ ਸੀ ਅਤੇ ਫੋਨ ਵੀ ਟੇਪ ਕੀਤੇ ਜਾ ਰਹੇ ਸਨ।
57 ਸਾਲਾਂ ਦੇ ਮਾਰਟਿਨ ਬਸ਼ੀਰ ਬੀਬੀਸੀ ਨਿਊਜ਼ ਵਿੱਚ ਧਾਰਮਿਕ ਮਾਮਲਿਆਂ ਦੇ ਸੰਪਾਦਕ ਹਨ।
ਇਸ ਸਮੇਂ, ਉਹ ਦਿਲ ਦੇ ਆਪਰੇਸ਼ਨ ਅਤੇ ਕੋਵਿਡ-19 ਵਰਗੀਆਂ ਸਿਹਤ ਸਮੱਸਿਆਵਾਂ ਦੇ ਕਾਰਨ ਇਨ੍ਹਾਂ ਇਲਜ਼ਾਮਾਂ 'ਤੇ ਕੋਈ ਪ੍ਰਤੀਕ੍ਰਿਆ ਨਹੀਂ ਦੇ ਸਕੇ ਹਨ।
ਕਿਹੜੇ ਪਹਿਲੂਆਂ ਦੀ ਜਾਂਚ ਕੀਤੀ ਜਾਏਗੀ
- 1995 ਵਿਚ ਲਏ ਗਏ ਇਸ ਪੈਨੋਰਮਾ ਇੰਟਰਵਿਊ ਲਈ ਬੀਬੀਸੀ ਨੇ ਖ਼ਾਸਕਰ ਮਾਰਟਿਨ ਬਸ਼ੀਰ ਨੇ ਕੀ ਕਦਮ ਚੁੱਕੇ ਸਨ। ਅਰਲ ਸਪੈਂਸਰ ਦੁਆਰਾ ਕੀਤੇ ਉਨ੍ਹਾਂ 'ਜਾਅਲੀ ਬੈਂਕ ਸਟੇਟਮੈਂਟਸ' ਦੇ ਦਾਅਵਿਆਂ ਦੀ ਵੀ ਜਾਂਚ ਹੋਵੇਗੀ।
- ਕੀ ਇੰਟਰਵਿਊ ਲੈਣ ਲਈ ਚੁੱਕੇ ਗਏ ਕਦਮ ਬੀਬੀਸੀ ਦੇ ਤਤਕਾਲੀ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਸਨ।
- ਮਾਰਟਿਨ ਬਸ਼ੀਰ ਦੀਆਂ ਹਰਕਤਾਂ ਨਾਲ ਰਾਜਕੁਮਾਰੀ ਡਾਇਨਾ ਕਿਸ ਹੱਦ ਤਕ ਇੰਟਰਵਿਊ ਦੇਣ ਲਈ ਪ੍ਰਭਾਵਿਤ ਹੋਈ ਸੀ।
- ਕੀ ਬੀਬੀਸੀ ਨੂੰ 1995 ਅਤੇ 1996 ਵਿਚ ਇਨ੍ਹਾਂ ਸਬੂਤ ਦੀ ਕੋਈ ਜਾਣਕਾਰੀ ਸੀ? ਖ਼ਾਸਕਰ 'ਜਾਅਲੀ ਬੈਂਕ ਸਟੇਟਮੈਂਟਸ' ਨਾਲ ਜੁੜੇ ਹੋਏ ਤੱਥਾਂ ਬਾਰੇ ਕੀ ਬੀਬੀਸੀ ਨੂੰ ਪਤਾ ਸੀ?
- ਬੀਬੀਸੀ ਨੇ ਇੰਟਰਵਿਊ ਦੇ ਹਾਲਾਤ ਦੀ ਕਿੰਨੀ ਪ੍ਰਭਾਵਸ਼ਾਲੀ ਢੰਗ ਨਾਲ ਜਾਂਚ ਕੀਤੀ ਸੀ?
ਤੁਸੀਂ ਇਹ ਵੀ ਪੜ੍ਹ ਸਕਦੇ ਹੋ
ਜਾਂਚ ਦੇ ਇਨ੍ਹਾਂ ਪਹਿਲੂਆਂ ਦਾ ਫੈਸਲਾ ਲਾਰਡ ਡਾਇਸਨ ਨੇ ਲਿਆ ਹੈ, ਜਿਸ 'ਤੇ ਬੀਬੀਸੀ ਨੇ ਸਹਿਮਤੀ ਜਤਾਈ ਹੈ।
ਬੀਬੀਸੀ ਨੇ ਕਿਹਾ ਹੈ ਕਿ ਇਹ ਜਾਂਚ ਸ਼ੁਰੂ ਹੋ ਚੁੱਕੀ ਹੈ, ਇਸ ਨਾਲ ਜੁੜੇ ਸਾਰੇ ਦਸਤਾਵੇਜ਼ ਜਾਂਚ ਲਈ ਸੌਂਪੇ ਜਾ ਰਹੇ ਹਨ।
ਬੀਬੀਸੀ ਨੇ ਪਿਛਲੇ ਹਫ਼ਤੇ ਜਾਂਚਕਰਤਾਵਾਂ ਨੂੰ ਡਾਇਨਾ ਦਾ ਇੱਕ ਨੋਟ ਦਿੱਤਾ ਸੀ, ਜਿਸ ਵਿੱਚ ਡਾਇਨਾ ਨੇ ਕਿਹਾ ਸੀ ਕਿ ਉਹ ਬੀਬੀਸੀ ਪੈਨੋਰਮਾ ਦੇ ਇੰਟਰਵਿਊ ਨੂੰ ਜਿਸ ਢੰਗ ਨਾਲ ਵਿਖਾਇਆ ਗਿਆ ਸੀ, ਉਸ ਤੋਂ ਖੁਸ਼ ਹੈ।
ਇਸ ਜਾਂਚ ਦੀ ਅਗਵਾਈ ਕਰਨ ਵਾਲੇ ਲਾਰਡ ਡਾਇਸਨ ਕੌਣ ਹਨ?
ਬੀਬੀਸੀ ਨੇ ਲਾਰਡ ਡਾਇਸਨ, ਜੋ ਮਾਸਟਰ ਆਫ਼ ਰੋਲਸ ਰਹਿ ਚੁੱਕੇ ਹਨ, ਨੂੰ ਇਸ ਜਾਂਚ ਲਈ ਚੁਣਿਆ ਹੈ। ਇਹ ਅਹੁਦਾ ਇੰਗਲੈਂਡ ਅਤੇ ਵੇਲਜ਼ ਦੇ ਦੂਜੇ ਸਭ ਤੋਂ ਉੱਚੇ ਜੱਜ ਦਾ ਹੁੰਦਾ ਹੈ। ਉਨ੍ਹਾਂ ਨੇ ਇਸ ਅਹੁਦੇ ਨੂੰ ਚਾਰ ਸਾਲਾਂ ਲਈ ਸੰਭਾਲਿਆ ਅਤੇ ਅਕਤੂਬਰ 2016 ਵਿੱਚ ਸੇਵਾਮੁਕਤ ਹੋਏ ਸਨ।
ਇਸ ਤੋਂ ਇਲਾਵਾ ਉਹ ਬ੍ਰਿਟੇਨ ਦੀ ਸੁਪਰੀਮ ਕੋਰਟ ਦੇ ਜੱਜ ਵੀ ਰਹਿ ਚੁੱਕੇ ਹਨ।
ਅੱਜ ਤੋਂ 25 ਸਾਲ ਪਹਿਲਾਂ 1995 ਵਿਚ ਇਸ ਇੰਟਰਵਿਊ ਨੂੰ 2.3 ਕਰੋੜ ਲੋਕਾਂ ਨੇ ਵੇਖਿਆ ਸੀ। ਇਸ ਇੰਟਰਵਿਊ ਵਿਚ ਰਾਜਕੁਮਾਰੀ ਡਾਇਨਾ ਨੇ ਕਿਹਾ ਸੀ ਕਿ - ਇਸ ਵਿਆਹ ਵਿਚ ਤਿੰਨ ਲੋਕ ਸ਼ਾਮਲ ਸਨ।
ਇੰਟਰਵਿਊ ਵਿਚ ਉਨ੍ਹਾਂ ਨੇ ਉਸ ਸਮੇਂ ਆਪਣੇ ਪਤੀ ਪ੍ਰਿੰਸ ਚਾਰਲਸ ਦੇ ਕੈਮਿਲਾ ਪਾਰਕਰ ਦੇ ਨਾਲ ਰਿਸ਼ਤੇ ਬਾਰੇ ਖੁੱਲ੍ਹ ਕੇ ਗੱਲ ਕੀਤੀ ਸੀ।
ਉਸ ਸਮੇਂ ਤੱਕ, ਉਹ ਆਪਣੇ ਪਤੀ ਪ੍ਰਿੰਸ ਚਾਰਲਸ ਤੋਂ ਵੱਖ ਹੋ ਗਏ ਸੀ, ਪਰ ਦੋਹਾਂ ਦਾ ਤਲਾਕ ਨਹੀਂ ਹੋਇਆ ਸੀ। 31 ਅਗਸਤ 1997 ਨੂੰ ਰਾਜਕੁਮਾਰੀ ਡਾਇਨਾ ਦੀ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ ਸੀ।
ਪ੍ਰਿੰਸ ਵਿਲੀਅਮ ਨੇ ਜਾਂਚ ਦਾ ਕੀਤਾ ਸਵਾਗਤ
ਕੇਨਸਿੰਗਟਨ ਪੈਲੇਸ ਨੇ ਇਕ ਬਿਆਨ ਵਿਚ ਕਿਹਾ ਕਿ ਪ੍ਰਿੰਸ ਵਿਲੀਅਮ ਨੇ "ਜਾਂਚ ਦਾ ਸਵਾਗਤ ਕੀਤਾ" ਹੈ।
ਪ੍ਰਿੰਸ ਵਿਲੀਅਮ ਜਿਨ੍ਹਾਂ ਦੀ ਮਾਂ ਡਾਇਨਾ ਦੀ 1997 ਵਿਚ ਮੌਤ ਹੋ ਗਈ ਸੀ, ਨੇ ਕਿਹਾ: "ਸੁਤੰਤਰ ਜਾਂਚ ਸਹੀ ਦਿਸ਼ਾ ਵੱਲ ਇਕ ਕਦਮ ਹੈ।"
ਇਹ ਵੀ ਪੜ੍ਹੋ: