ਕੋਰੋਨਾਵਾਇਰਸ: ਕੀ ਭਾਰਤੀਆਂ 'ਤੇ ਇਸ ਦਾ ਘੱਟ ਅਸਰ ਹੋ ਰਿਹਾ ਹੈ

ਤਸਵੀਰ ਸਰੋਤ, AFP
- ਲੇਖਕ, ਸੌਤਿਕ ਬਿਸਵਾਸ
- ਰੋਲ, ਬੀਬੀਸੀ ਪੱਤਰਕਾਰ
ਲੱਖਾਂ ਭਾਰਤੀ ਸੰਘਣੀ ਵਸੋਂ ਵਾਲੇ ਖੇਤਰਾਂ ਵਿੱਚ ਰਹਿੰਦੇ ਹਨ, ਉਨ੍ਹਾਂ ਦੀ ਸਾਫ਼ ਪਾਣੀ ਤੱਕ ਪਹੁੰਚ ਬਹੁਤ ਸੀਮਤ ਹੈ, ਬਿਨ੍ਹਾਂ ਸਾਫ਼-ਸਫਾਈ ਦੇ ਭੋਜਨ ਖਾਂਦੇ ਹਨ, ਗੰਦੀ ਹਵਾ ਵਿੱਚ ਸਾਹ ਲੈਣ ਲਈ ਮਜ਼ਬੂਰ ਹਨ।
ਖੋਜਕਾਰਾਂ ਨੇ ਪਾਇਆ ਹੈ ਕਿ ਇਹ ਸਭ ਉਨ੍ਹਾਂ ਨੂੰ ਅਛੂਤ ਬਿਮਾਰੀਆਂ ਜਿਵੇਂ ਕਿ ਗੰਭੀਰ ਸਾਹ ਦੇ ਰੋਗਾਂ, ਕੈਂਸਰ ਅਤੇ ਸ਼ੂਗਰ ਰੋਗ ਪ੍ਰਤੀ ਸੰਵੇਦਨਸ਼ੀਲ ਬਣਾਉਂਦਾ ਹੈ।
ਸਰਕਾਰੀ ਰਿਪੋਰਟ ਮੁਤਾਬਿਕ ਇਹ ਬਿਮਾਰੀ ਵਧਾਉਣ ਵਿੱਚ ਧਿਆਨ ਦੇਣ ਯੋਗ ਯੋਗਦਾਨ ਪਾਉਂਦਾ ਹੈ। ਇਕੱਲੇ ਹਵਾ ਦੇ ਪ੍ਰਦੂਸ਼ਣ ਨਾਲ ਹੀ ਹਰ ਸਾਲ ਲੱਖਾਂ ਲੋਕਾਂ ਦੀ ਮੌਤ ਹੋ ਜਾਂਦੀ ਹੈ।
ਇਹ ਵੀ ਪੜ੍ਹੋ
ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਸਾਫ਼ ਪਾਣੀ, ਸਾਫ਼-ਸੁਥਰਾ ਆਲਾ ਦੁਆਲਾ ਕੋਵਿਡ-19 ਤੋਂ ਬਚਾਅ ਲਈ ਲਾਜ਼ਮੀ ਹਾਲਾਤ ਹਨ। ਵਿਸ਼ਵ ਸਿਹਤ ਸੰਗਠਨ ਅਤੇ ਸੰਯੁਕਤ ਰਾਸ਼ਟਰ ਦੀ ਬੱਚਿਆਂ ਲਈ ਕੰਮ ਕਰਨ ਵਾਲੀ ਏਜੰਸੀ ਯੂਨੀਸੈਫ਼ ਨੇ ਪਾਇਆ ਕਿ ਤਕਰੀਬਨ ਤਿੰਨ ਅਰਬ ਲੋਕ ਦੁਨੀਆਂ ਦੀ ਕੁੱਲ ਆਬਾਦੀ ਦਾ 40 ਫ਼ੀਸਦ ਹਿੱਸਾ ਵਿਕਾਸਸ਼ੀਲ ਦੇਸਾਂ ਵਿੱਚ ਰਹਿੰਦਾ ਹੈ ਅਤੇ ਉਨ੍ਹਾਂ ਕੋਲ ਹੱਥ ਧੋਣ ਵਰਗੀਆਂ ਮੁੱਢਲੀਆਂ ਸਹੂਲਤਾਂ ਦੀ ਵੀ ਕਮੀ ਹੈ।
ਇਹ ਜਾਣਕਾਰੀ ਇਸ ਤੱਥ ਵੱਲ ਧਿਆਨ ਖਿੱਚਣ ਲਈ ਬਹੁਤ ਹੈ ਕਿ ਇੰਨਾਂ ਦੇਸਾਂ ਦੀ ਆਬਾਦੀ ਕਰਕੇ ਕੋਰੋਨਾ ਵਾਇਰਸ ਤੇਜ਼ੀ ਨਾਲ ਵਧੇਗਾ ਅਤੇ ਭਾਰਤ ਵਰਗੇ ਦੇਸ ਵਿੱਚ ਲੱਖਾਂ ਮੌਤਾਂ ਦੀ ਵਜ੍ਹਾ ਬਣੇਗਾ।
ਕਾਊਂਸਲ ਆਫ਼ ਸਾਇੰਟੀਫ਼ਿਕ ਐਂਡ ਇੰਡਸੰਟਰੀਅਲ ਰਿਸਰਚ ਦੇ ਡਾਇਰੈਕਟਰ ਜਨਰਲ ਡਾਕਟਰ ਸ਼ੇਖਰ ਮਾਂਡੇ ਕਹਿੰਦੇ ਹਨ, "ਇੰਨਾਂ ਮੁਲਕਾਂ ਵਿੱਚ ਸਿਹਤ ਸੰਭਾਲ ਦੀਆਂ ਸਹੂਲਤਾਂ, ਹਾਈਜ਼ੀਨ ਅਤੇ ਸਾਫ਼ ਸਫਾਈ ਤੱਕ ਆਮ ਪਹੁੰਚ ਦੀ ਘਾਟ ਹੈ ਅਤੇ ਆਮ ਤੌਰ 'ਤੇ ਇਹ ਮੰਨਿਆਂ ਜਾਂਦਾ ਹੈ ਇੰਨਾਂ ਥਾਵਾਂ 'ਤੇ ਛੂਤ ਦੇ ਰੋਗਾਂ ਦੇ ਵੱਡੇ ਪੱਧਰ 'ਤੇ ਫ਼ੈਲਾਅ ਵਿੱਚ ਇਹ ਯੋਗਦਾਨ ਪਾਉਂਦੀਆਂ ਹਨ।”
“ਇਹ ਅਣਕਿਆਸਿਆ ਨਹੀਂ ਕਿ ਕੋਵਿਡ-19 ਦੇ ਨੀਵੇਂ ਅਤੇ ਹੇਠਲੇ ਮੱਧ ਵਰਗੀ ਆਮਦਨ ਵਾਲੇਂ ਦੇਸਾਂ ਵਿੱਚ ਘਾਤਕ ਨਤੀਜੇ ਹੋਣ।"

ਤਸਵੀਰ ਸਰੋਤ, Getty Images
ਭਾਰਤ ਦੇ ਕੀ ਹਨ ਹਾਲਾਤ
ਦੁਨੀਆਂ ਦੀ ਕੁੱਲ ਆਬਾਦੀ ਦਾ ਛੇਵਾਂ ਹਿੱਸਾ ਭਾਰਤ ਵਿੱਚ ਹੈ ਅਤੇ ਇਥੇ ਦਰਜ ਹੋਏ ਮਾਮਲੇ ਵੀ ਦੁਨੀਆਂ ਦੇ ਕੁੱਲ ਕੋਰੋਨਾ ਦੇ ਮਾਮਲਿਆਂ ਦਾ ਛੇਵਾਂ ਹਿੱਸਾ ਹੀ ਹਨ।
ਭਾਵੇਂ ਕਿ ਦੁਨੀਆਂ ਭਰ ਵਿੱਚ ਵਾਇਰਸ ਕਾਰਨ ਹੋਈਆਂ ਕੁੱਲ ਮੌਤਾਂ ਵਿੱਚੋਂ ਸਿਰਫ਼ 10 ਫ਼ੀਸਦ ਹੀ ਭਾਰਤ ਵਿੱਚ ਹੋਈਆਂ। ਅਤੇ ਭਾਰਤ ਦਾ ਕੇਸ ਫ਼ੈਟਿਲੀਟੀ ਰੇਟ ਸੀਐਫ਼ਆਰ ਜਿਹੜਾ ਕਿ ਕੋਰੋਨਾ ਮਰੀਜ਼ਾਂ ਦੀ ਮੌਤ ਦੀ ਦਰ ਨੂੰ ਮਾਪਦਾ ਹੈ, 2 ਫ਼ੀਸਦ ਤੋਂ ਵੀ ਘੱਟ ਹੈ ਜੋ ਕਿ ਦੁਨੀਆਂ ਵਿੱਚ ਸਭ ਤੋਂ ਘੱਟ ਹੈ।
ਹੁਣ ਭਾਰਤੀ ਵਿਗਿਆਨੀਆਂ ਦੀ ਨਵੀਂ ਖੋਜ ਸਲਾਹ ਦਿੰਦੀ ਹੈ ਕਿ ਸ਼ਾਇਦ ਘੱਟ ਸਾਫ਼-ਸਫ਼ਾਈ, ਸਾਫ਼ ਪਾਣੀ ਦੀ ਕਮੀ ਅਤੇ ਮਾੜੇ ਹਾਲਾਤ ਨੇ ਗੰਭੀਰ ਕੋਵਿਡ-19 ਤੋਂ ਕਈ ਭਾਰਤੀਆਂ ਦੀ ਜਾਨ ਬਚਾ ਲਈ।
ਹੋਰ ਸ਼ਬਦਾਂ ਵਿੱਚ ਉਨ੍ਹਾਂ ਨੇ ਪ੍ਰਸਤਾਵ ਦਿੱਤਾ ਕਿ ਜਿਹੜੇ ਲੋਕ ਨੀਵੇਂ ਅਤੇ ਹੇਠਲੇ ਮੱਧ ਦਰਜੇ ਦੀ ਆਮਦਨੀ ਵਾਲੇ ਦੇਸਾਂ ਵਿੱਚ ਰਹਿੰਦੇ ਹਨ ਉਹ ਬਚਪਨ ਤੋਂ ਹੀ ਕਈ ਤਰ੍ਹਾਂ ਦੇ ਜਰਾਸੀਮਾਂ ਦੇ ਸੰਪਰਕ ਵਿੱਚ ਆਉਣ ਕਾਰਨ ਲਾਗ਼ ਲੱਗਣ ਦੇ ਗੰਭੀਰ ਹਾਲਤਾਂ ਤੋਂ ਵੀ ਬਚ ਸਕਦੇ ਹਨ। ਜੋ ਉਨ੍ਹਾਂ ਨੂੰ ਕੋਰੋਨਾ ਦੇ ਵਿਰੁੱਧ ਮਜ਼ਬੂਤ ਇਮੀਊਨਿਟੀ ਦਿੰਦਾ ਹੈ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਦੋਨੋਂ ਪਰਚੇ ਜਿੰਨਾਂ 'ਤੇ ਹਾਲੇ ਹੋਰ ਸਾਥੀਆਂ ਦੁਆਰਾ ਸਮੀਖਿਆ ਹੋਣੀ ਹੈ ਨੇ ਮੌਤ ਦੀ ਤੁਲਣਾ ਕਰਨ ਲਈ ਆਬਾਦੀ ਦੀ ਪ੍ਰਤੀ ਲੱਖ ਮੌਤ ਦਰ ਨੂੰ ਵਿਚਾਰਿਆ ਹੈ।
ਇੱਕ ਪਰਚੇ ਵਿੱਚ 106 ਦੇਸਾਂ ਦੇ ਜਨਤਕ ਤੌਰ 'ਤੇ ਉਪਲੱਬਧ ਅੰਕੜਿਆਂ ਜੋ ਕਿ ਦੋ ਦਰਜਨ ਤੋਂ ਵੀ ਵੱਧ ਵੱਖ ਵੱਖ ਪੈਮਾਨਿਆਂ ਜਿਵੇਂ ਕਿ ਆਬਾਦੀ ਦੀ ਘਣਤਾ, ਜੰਨਸੰਖਿਆ, ਬਿਮਾਰੀਆਂ ਦਾ ਫੈਲਾਅ ਅਤੇ ਸਾਫ਼-ਸਫਾਈ ਦੇ ਪੱਧਰ 'ਤੇ ਆਧਾਰਿਤ ਸਨ ਦੀ ਤੁਲਣਾ ਕੀਤੀ ਹੈ।

ਤਸਵੀਰ ਸਰੋਤ, Reuters
ਕਿੱਥੇ ਹੋਈਆਂ ਵੱਧ ਮੌਤਾਂ
ਵਿਗਿਆਨੀਆਂ ਨੇ ਪਾਇਆ ਹੈ ਕਿ ਵੱਧ ਆਮਦਨੀ ਵਾਲੇ ਮੁਲਕਾਂ ਵਿੱਚ ਕੋਵਿਡ-19 ਤੋਂ ਪ੍ਰਭਾਵਿਤ ਹੋ ਕੇ ਵੱਧ ਲੋਕਾਂ ਦੀ ਮੌਤ ਹੋਈ ਹੈ। ਅਧਿਐਨਾਂ ਵਿੱਚੋਂ ਇੱਕ ਦੇ ਲੇਖਕ ਡਾਕਟਰ ਮਾਂਡੇ ਨੇ ਮੈਨੂੰ ਦੱਸਿਆ, "ਗ਼ਰੀਬ, ਘੱਟ ਆਮਦਨ ਵਾਲੇ ਦੇਸਾਂ ਵਿੱਚ ਰਹਿੰਦੇ ਲੋਕ ਵੱਧ ਆਮਦਨ ਵਾਲੇ ਆਪਣੇ ਸਾਥੀਆਂ ਦੇ ਮੁਕਾਬਲੇ ਬਿਮਾਰੀ ਨੂੰ ਵਧੇਰੇ ਪ੍ਰਤੀਰੋਧਕ ਪ੍ਰਤੀਕਰਮ ਦਿੰਦੇ ਲੱਗਦੇ ਹਨ।"
ਇੱਕ ਹੋਰ ਪਰਚੇ ਵਿੱਚ ਮਾਈਕ੍ਰੋਬਾਇਓਮ ਦੀ ਭੂਮਿਕਾ ਬਾਰੇ ਅਧਿਐਨ ਕੀਤਾ ਗਿਆ, ਕੋਵਿਡ-19 ਦੀ ਲਾਗ਼ ਦੌਰਾਨ ਮਨੁੱਖੀ ਸਰੀਰ ਵਿੱਚ ਰਹਿੰਦੇ ਖ਼ਰਬਾਂ ਰੋਗਾਣੂਆਂ ਬਾਰੇ ਸਟਡੀ ਕੀਤੀ ਗਈ। ਰੋਗਾਣੂਆਂ ਵਿੱਚ, ਜੀਵਾਣੂ, ਵਾਇਰਸ, ਫੰਜਾਈ ਅਤੇ ਸਿੰਗਲ ਸੈੱਲ ਆਰਚੀਆ ਸ਼ਾਮਿਲ ਹਨ।
ਇਹ ਹਾਜ਼ਮੇ ਵਿੱਚ ਮਦਦ ਕਰਦੇ ਹਨ, ਬਿਮਾਰੀ ਫ਼ੈਲਾਉਣ ਵਾਲੇ ਜੀਵਾਣੂਆਂ ਤੋਂ ਬਚਾਉਂਦੇ ਹਨ, ਇਮੀਊਨ ਸਿਸਟਮ ਨੂੰ ਨਿਯੰਤ੍ਰਿਤ ਕਰਦੇ ਹਨ ਅਤੇ ਵਿਟਾਮਿਨ ਬਣਾਉਂਦੇ ਹਨ।
ਡਾਕਟਰ ਰਜਿੰਦਰ ਪ੍ਰਸਾਦ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਵੀਨ ਕੁਮਾਰ ਅਤੇ ਬਾਲ ਚੰਦਰ ਨੇ 122 ਦੇਸਾਂ ਜਿੰਨਾਂ ਵਿੱਚ 80 ਵੱਧ ਮੱਧ ਆਮਦਨ ਵਰਗ ਵਾਲੇ ਦੇਸ ਸ਼ਾਮਿਲ ਸਨ ਦੇ ਅੰਕੜਿਆਂ ਦਾ ਅਧਿਐਨ ਕੀਤਾ।


ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਉਨ੍ਹਾਂ ਦੇਸਾਂ ਵਿੱਚ ਘੱਟ ਹੈ ਜਿਥੇ ਵਧੇਰੇ ਆਬਾਦੀ ਕਈ ਤਰ੍ਹਾਂ ਦੇ ਜੀਵਾਣੂਆਂ ਦਾ ਸਾਹਮਣਾ ਕਰਦੀ ਹੈ ਖ਼ਾਸ ਤੌਰ 'ਤੇ ਜਿੰਨਾਂ ਨੂੰ "ਜਰਮ ਨੈਗੇਟਿਵ ਬੈਕਟੀਰੀਆ" ਕਿਹਾ ਜਾਂਦਾ ਹੈ।
ਇਹ ਬੈਕਟੀਰੀਆ ਆਮ ਤੌਰ 'ਤੇ ਨਮੂਨੀਆਂ, ਖ਼ੂਨ ਅਤੇ ਪਿਸ਼ਾਬ ਦੀਆਂ ਨਾਲੀਆਂ ਅਤੇ ਚਮੜੀ ਦੀ ਇੰਨਫ਼ੈਕਸ਼ਨ ਲਈ ਜ਼ਿੰਮੇਵਾਰ ਹੁੰਦੇ ਹਨ।
ਪਰ ਇਹ ਮੰਨਿਆ ਜਾਂਦਾ ਹੈ ਕਿ ਇਹ ਐਂਟੀਵਾਇਰਲ ਸਾਇਟੋਕਾਈਨ ਪੈਦਾ ਕਰਦੇ ਹਨ- ਅਣੂ ਜੋ ਰੋਗਾਣੂਆਂ ਨਾਲ ਲੜਨ ਵਿੱਚ ਸਹਾਈ ਹੁੰਦੇ ਹਨ, ਨੂੰ ਇੰਟਰਫੈਰੋਨ ਕਿਹਾ ਜਾਂਦਾ ਹੈ ਜੋ ਕਿ ਕੋਰੋਨਾਵਾਇਰਸ ਦੇ ਵਿਰੁੱਧ ਸੈਲਾਂ ਦੀ ਰੱਖਿਆ ਕਰਦੇ ਹਨ।
ਚੰਦਰ ਨੇ ਮੈਨੂੰ ਕਿਹਾ, "ਹਾਲੇ ਤੱਕ ਮੌਜੂਦ ਕੋਵਿਡ-19 ਦੇ ਭਵਿੱਖਤ ਮਾਡਲਾਂ ਵਿੱਚ ਮਾਈਕ੍ਰੋਬਾਇਓਨ ਅਤੇ ਵਾਤਾਵਰਣ ਵਿਚਲੇ ਮਾਈਕ੍ਰੋਬੀਅਲ ਦਾ ਸਾਹਮਣਾ ਕਰਨ ਕਰਕੇ ਬਣੇ ਜਨਸੰਖਿਆ ਦੇ ਇਮੀਊਨ ਪੱਧਰ ਵੱਲ ਧਿਆਨ ਨਹੀਂ ਦਿੱਤਾ ਗਿਆ ਹੈ।"
ਵਿਗਿਆਨੀ ਮੰਨਦੇ ਹਨ ਕਿ ਇਸ ਸਭ ਦਾ ਸਾਰ "ਸਾਫ਼-ਸਫ਼ਾਈ ਦੀ ਪ੍ਰੀਕਲਪਨਾ" ਹੈ।
ਐਨ ਐਲੀਗੈਂਟ ਡਿਫ਼ੈਂਸ: ਦਾ ਐਕਸਟ੍ਰਾਆਰਡੀਨਰੀ ਨਿਊ ਸਾਇੰਸ ਆਫ਼ ਦੀ ਇਮੀਊਨ ਸਿਸਟਮ ਦੇ ਲੇਖਕ ਮੈਟ ਰਿਕਟਲ ਦੇ ਅਨੁਸਾਰ ਇਸਦਾ ਫ਼ਲਸਫ਼ਾ ਇਹ ਹੈ ਕਿ ਸਾਡਾ ਵਾਤਾਵਰਣ ਇੰਨਾਂ ਸਾਫ਼ ਹੋ ਗਿਆ ਹੈ ਕਿ ਇਸਨੇ ਸਾਡੇ ਇਮੀਊਨ ਸਿਸਟਮ ਨੂੰ ਨਾਕਾਫ਼ੀ ਸਿਖਲਾਈ ਦੇ ਕੇ ਛੱਡ ਦਿੱਤਾ।
ਉਨ੍ਹਾਂ ਨੇ ਕਿਹਾ, "ਮੋਟੇ ਰੂਪ ਵਿੱਚ ਮੁੱਦਾ ਇਹ ਹੈ ਕਿ ਅਸੀਂ ਆਪਣੇ ਇਮੀਊਨ ਸਿਸਟਮ ਨੂੰ ਸਾਫ਼ ਸਫ਼ਾਈ 'ਤੇ ਵੱਧ ਧਿਆਨ ਦੇ ਕੇ ਸਿਖਲਾਈ ਅਤੇ ਕਾਰਜਸ਼ੀਲਤਾ ਲਈ ਤਰਸਾ ਰਹੇ ਹਾਂ।"
ਆਪਣੇ ਆਪ ਵਿੱਚ ਇਹ ਨਵਾਂ ਵਿਚਾਰ ਨਹੀਂ ਹੈ।

ਤਸਵੀਰ ਸਰੋਤ, Reuters
ਹੈਅ ਫ਼ੀਵਰ ਵੇਲੇ ਕੀ ਹੋਇਆ ਸੀ
ਸਾਲ 1989 ਵਿੱਚ ਹੈਅ ਫ਼ੀਵਰ ਬਾਰੇ ਪ੍ਰਕਾਸ਼ਿਤ ਹੋਏ ਇੱਕ ਪਰਚੇ ਵਿੱਚ ਬੱਚਿਆਂ ਵਿੱਚ ਹੈਅ ਫ਼ੀਵਰ ਹੋਣ ਅਤੇ ਉਸਦੇ ਭੈਣ ਭਰਾਵਾਂ ਦੀ ਗਿਣਤੀ ਵਿਚਲੇ ਸੰਬੰਧ ਵਿੱਚ ਚੋਕੰਨਾ ਕਰਨ ਵਾਲਾ ਸੰਬੰਧ ਪਾਇਆ ਗਿਆ ਸੀ।
ਪਰਚੇ ਵਿੱਚ ਪਰੀਕਲਪਨਾ ਕੀਤੀ ਗਈ ਸੀ ਕਿ ਐਲਰਜੀ ਤੋਂ ਹੋਣ ਵਾਲੀਆਂ ਬਿਮਾਰੀਆਂ ਨੂੰ ਮੁੱਢਲੇ ਬਚਪਨ ਵਿੱਚ ਇੰਨਫ਼ੈਕਸ਼ਨ ਤੋਂ ਬਚਾਇਆ ਜਾ ਸਕਦਾ ਹੈ, ਵੱਡੇ ਭੈਣ ਭਰਾਵਾਂ ਨਾਲ ਬਿਨ੍ਹਾਂ ਸਾਫ਼ ਸਫ਼ਾਈ ਦੇ ਸੰਪਰਕ ਵਿੱਚ ਆਉਣ ਨਾਲ ਜਾਂ ਜਮਾਂਦਰੂ ਹੀ ਆਪਣੇ ਵੱਡੇ ਬੱਚਿਆਂ ਨਾਲ ਸੰਪਰਕ ਕਰਕੇ ਪ੍ਰਭਾਵਿਤ ਹੋਈ ਮਾਂ ਤੋਂ।
ਇੱਕ ਹੋਰ ਪਰਚਾ ਜਿਹੜਾ ਕਿ ਵਰਲਡ ਐਲਰਜੀ ਆਰਗੇਨਾਈਜ਼ੇਸ਼ਨ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਦਾ ਹਵਾਲਾ ਦੇ ਕੇ ਰਿਕਟਲ ਨੇ ਕਿਹਾ, "ਪ੍ਰਵਾਸ ਬਾਰੇ ਹੋਏ ਅਧਿਐਨ ਦੱਸਦੇ ਹਨ ਕਿ ਜਦੋਂ ਲੋਕ ਗਰੀਬ ਦੇਸਾਂ ਤੋਂ ਅਮੀਰ ਦੇਸਾਂ ਵੱਲ ਜਾਂਦੇ ਹਨ ਤਾਂ ਐਲਰਜੀ ਅਤੇ ਆਟੋ-ਇਮੀਊਨਿਟੀ ਦੋਵਾਂ ਦੀਆਂ ਕਿਸਮਾਂ ਵਿੱਚ ਵਾਧਾ ਹੁੰਦਾ ਹੈ।"
ਯੂਨੀਵਰਸਿਟੀ ਆਫ਼ ਕੈਲੀਫ਼ੋਰਨੀਆ, ਡੈਵਿਸ ਦੀ ਇਮੀਊਨੋਲੋਜਿਸਟ ਸਮੀਤਾ ਅਈਰ, ਮੰਨਦੀ ਹੈ ਕਿ ਕੋਵਿਡ-19 ਵਿੱਚ "ਹਾਈਜੀਨ ਹਾਇਪੋਥੇਸਿਸ" ਸਾਡੀ ਐਂਟੀ ਇਮੀਊਨ ਪ੍ਰਤੀਕ੍ਰਿਆਵਾਂ ਦੀ ਸਮਝ ਦੇ ਮੱਦੇਨਜ਼ਰ ਚਲਦਾ ਹੈ।"
ਵਿਗਿਆਨੀਆਂ ਦਾ ਕਹਿਣਾ ਹੈ ਕਿਉਂਕਿ ਸੰਬੰਧ ਕਾਰਣ ਨਹੀਂ ਦਰਸਾਉਂਦੇ, ਅਜਿਹੇ ਅਧਿਐਨਾਂ ਨੂੰ ਸਖ਼ਤ ਤਰੀਕੇ ਨਾਲ ਰਾਇ ਦੇ ਰੂਪ ਵਿੱਚ ਹੀ ਲੈਣਾ ਚਾਹੀਦਾ ਹੈ।
ਡਾਕਟਰ ਮਾਂਡੇ ਨੇ ਕਿਹਾ, "ਇਸ ਨੂੰ ਸਹਿਜੇ ਹੀ ਇਹ ਨਹੀਂ ਮੰਨਿਆ ਜਾਣਾ ਚਾਹੀਦਾ ਕਿ ਭਵਿੱਖ ਵਿੱਚ ਮਹਾਂਮਾਰੀ ਨਾਲ ਨਜਿੱਠਣ ਲਈ ਅਸੀਂ ਮਾੜੇ ਸਾਫ਼ ਸਫ਼ਾਈ ਦੇ ਢੰਗ ਤਰੀਕਿਆਂ ਦੀ ਵਕਾਲਤ ਕਰ ਰਹੇ ਹਾਂ।"
ਮੈਡੀਕਲ ਯੂਨੀਵਰਸਿਟੀ ਆਫ਼ ਸਾਊਥ ਕੈਲੀਫ਼ੋਰਨੀਆਂ ਵਿੱਚ ਇੰਨਫ਼ੈਕਸ਼ੀਅਸ ਡੀਜ਼ੀਜ਼ ਦੀ ਅਸਿਸਟੈਂਟ ਪ੍ਰੋਫ਼ੈਸਰ ਕਰੋਤੀਕਾ ਕੋਪਾਲੀ ਨੇ ਕਿਹਾ, "ਨਵੀਂ ਖੋਜ ਵਿੱਚ ਕਈ ਤਰ੍ਹਾਂ ਦੀਆਂ ਮਾਨਤਾਵਾਂ ਲਈਆਂ ਗਈਆਂ ਹਨ ਜੋ ਕਿ ਵਿਗਿਆਨਕ ਤੌਰ 'ਤੇ ਸਿੱਧ ਨਹੀਂ ਕੀਤੀਆਂ ਗਈਆਂ। ਇਹ ਵਿਗਿਆਨਕ ਤੱਥ ਹੋਣ ਦੇ ਮੁਕਾਬਲੇ ਵਧੇਰੇ ਪਰੀਕਲਪਨਾਵਾਂ ਹਨ।"
ਨਾਲ ਹੀ ਮਹਾਂਮਾਰੀ ਵਿਗਿਆਨੀਆਂ ਨੇ ਭਾਰਤ ਵਰਗੇ ਦੇਸਾਂ ਵਿੱਚ ਘੱਟ ਮੌਤ ਦਰ ਨੂੰ ਜਵਾਨ ਲੋਕਾਂ ਦੀ ਵੱਧ ਆਬਾਦੀ ਲਈ ਜ਼ਿੰਮੇਵਾਰ ਠਹਿਰਾਇਆ ਹੈ, ਬਜ਼ੁਰਗ ਆਮ ਤੌਰ 'ਤੇ ਵਧੇਰੇ ਕਮਜ਼ੋਰ ਹੁੰਦੇ ਹਨ।

ਤਸਵੀਰ ਸਰੋਤ, Reuters
ਇੰਨਫੈਕਸ਼ਨਾਂ ਲਈ ਕੀ ਸਿਰਫ਼ ਇਮੀਊਨਿਟੀ ਜ਼ਿੰਮੇਵਾਰ
ਇਹ ਵੀ ਸਪਸ਼ਟ ਨਹੀਂ ਹੈ ਕਿ ਹੋਰ ਪਹਿਲੂਆਂ ਜਿਵੇਂ ਕਿ ਹੋਰ ਕੋਰੋਨਾ ਵਾਇਰਸਾਂ ਨਾਲ ਪਹਿਲਾਂ ਹੋਈਆਂ ਇੰਨਫ਼ੈਕਸ਼ਨਾਂ ਸਦਕਾ ਪੈਦਾ ਇਮੀਊਨਿਟੀ ਵੀ ਜ਼ਿੰਮੇਵਾਰ ਹੈ।
ਸਪਸ਼ਟ ਤੌਰ 'ਤੇ ਸੰਭਵ ਹੈ ਘੱਟ ਮੌਤ ਦਰ ਪਿੱਛੇ ਵੱਖ ਵੱਖ ਤਰ੍ਹਾਂ ਦੇ ਕਾਰਨ ਹੋ ਸਕਦੇ ਹਨ।
ਪ੍ਰੋਫ਼ੈਸਰ ਕੋਪਾਲੀ ਨੇ ਕਿਹਾ, "ਸਾਨੂੰ ਵਾਇਰਸ ਬਾਰੇ ਬਹੁਤ ਕੁਝ ਹੋਰ ਜਾਣਨਾ ਪਵੇਗਾ ਕਿਉਂਕਿ ਅਸੀਂ ਮਹਾਂਮਾਰੀ ਵਿੱਚ ਹਾਲੇ ਸਿਰਫ਼ 10 ਮਹੀਨਿਆਂ ਤੋਂ ਹਾਂ। ਸਚਾਈ ਇਹ ਹੈ ਕਿ ਬਹੁਤ ਕੁਝ ਅਜਿਹਾ ਹੈ ਜੋ ਅਸੀਂ ਨਹੀਂ ਜਾਣਦੇ।"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












