ਕੁਆਡ ਵਿੱਚ ਮਾਈਕ ਪੌਂਪੀਓ ਨੇ ਕਿਹਾ, ‘ਹੁਣ ਸਮਾਂ ਹੈ ਕਿ ਇੱਕਠੇ ਹੋ ਕੇ ਆਪਣੇ ਲੋਕਾਂ ਨੂੰ ਚੀਨ ਦੀ ਕਮਿਊਨਿਸਟ ਪਾਰਟੀ ਤੋਂ ਬਚਾਈਏ’ - ਪ੍ਰੈੱਸ ਰਿਵੀਊ

ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਚਾਰ ਦੇਸ਼ਾਂ ਦੇ ਸੰਗਠਨ ਕੁਆਡ ਵਿੱਚ ਸੰਬੋਧਨ ਦੌਰਨ ਕਿਹਾ, "ਕੁਆਡ ਦੇ ਮੈਂਬਰਾਂ ਵਜੋਂ, ਪਹਿਲਾਂ ਨਾਲੋਂ ਹੁਣ ਕਿਤੇ ਜ਼ਿਆਦਾ ਅਹਿਮ ਹੋ ਗਿਆ ਹੈ ਕਿ ਅਸੀਂ ਆਪਣੇ ਲੋਕਾਂ ਅਤੇ ਸਾਥੀਆਂ ਨੂੰ ਚਾਈਨੀਜ਼ ਕਮਿਊਨਿਸਟ ਪਾਰਟੀ ਦੇ ਸ਼ੋਸ਼ਣ, ਭ੍ਰਿਸ਼ਟਾਚਾਰ ਅਤੇ ਧੱਕੇ ਤੋਂ ਬਚਾਈਏ।"

ਬੀਬੀਸੀ ਨਿਊਜ਼ ਦੀ ਖ਼ਬਰ ਮੁਤਾਬਕ ਕੁਆਡਰੀਲੇਟਰਲ ਇਨੀਸ਼ੇਟਿਵ ਜਿਸ ਨੂੰ ਕੁਆਡ ਕਿਹਾ ਜਾਂਦਾ ਹੈ ਚਾਰ ਦੇਸ਼ਾਂ ਦਾ ਇੱਕ ਗੁੱਟ ਹੈ ਜਿਸ ਦੀ ਸ਼ੁਰੂਆਤ ਮਈ 2007 ਵਿੱਚ ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਵਿੱਚ ਹੋਈ। ਅਮਰੀਕਾ, ਜਪਾਨ, ਭਾਰਤ ਅਤੇ ਆਸਟਰੇਲੀਆ ਇਸ ਦੇ ਮੈਂਬਰ ਹਨ।

ਕੁਆਡ ਬਾਰੇ ਆਪਣੀ ‘ਨਫ਼ਰਤ’ ਜ਼ਾਹਰ ਕਰਦਿਆਂ ਚੀਨ ਨੇ ਪਹਿਲਾਂ ਹੀ ਅਜਿਹਾ ਕੋਈ ਸਮੂਹ ਬਣਾਏ ਜਾਣ ਖ਼ਿਲਾਫ਼ ਚੇਤਾਵਨੀ ਦਿੱਤੀ ਸੀ ਜਿਸ ਵਿੱਚ ਤੀਜੀਆਂ ਧਿਰਾਂ ਨੂੰ ਨਿਸ਼ਾਨਾ ਬਣਾਇਆ ਜਾਣਾ ਹੋਵੇ।

ਇਹ ਵੀ ਪੜ੍ਹੋ:

ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵੈਂਗ ਵੈਨਬਿਨ ਨੇ ਕਿਹਾ, "ਸਾਨੂੰ ਉਮੀਦ ਹੈ ਕਿ ਸੰਬੰਧਿਤ ਦੇਸ਼ ਖਿੱਤੇ ਦੇ ਦੇਸ਼ਾਂ ਦੇ ਸਾਂਝੇ ਹਿੱਤਾਂ ਤੋਂ ਅੱਗੇ ਵਧ ਸਕਦੇ ਹਨ। ਜੋ ਕਿ ਖੇਤਰੀ ਅਮਨ, ਸਥਿਰਤਾ ਅਤ ਵਿਕਾਸ ਲਈ ਸਹਾਇਕ ਹੋਵੇ ਨਾ ਕਿ ਇਸ ਤੋਂ ਉਲਟ।"

ਦਿ ਟ੍ਰਿਬੀਊਨ ਦੀ ਖ਼ਬਰ ਮੁਤਾਬਕ ਭਾਰਤੀ ਵਿਦੇਸ਼ ਮੰਤਰੀ ਜੈ ਸ਼ੰਕਰ ਨੇ ਦਰਪੇਸ਼ ਚੁਣੌਤੀਆਂ ਨਾਲ ਨਜਿੱਠਣ ਲਈ ਅਤੇ ਰੱਖਇਆ ਅਤੇ ਆਰਥਿਕਤਾ ਨਾਲ ਜੁੜੇ ਸਾਂਝੇ ਹਿੱਤਾਂ ਲਈ "ਹਮਖ਼ਿਆਲ ਦੇਸ਼ਾਂ ਦੀ ਇਕਜੁਟਤਾ" ਉੱਪਰ ਜ਼ੋਰ ਦਿੱਤਾ।

ਪੌਂਪੀਓ ਤੋਂ ਬਾਅਦ ਕਿਸੇ ਵੀ ਵਿਦੇਸ਼ ਮੰਤਰੀ ਨੇ ਚੀਨ ਦਾ ਜ਼ਿਕਰ ਕਰਨ ਤੋਂ ਗੁਰੇਜ਼ ਹੀ ਕੀਤਾ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਪੰਜਾਬ ਵਿੱਚ ਕੋਰੋਨਾ ਦੀ ਮੌਤ ਦਰ ਵਿਸ਼ਵੀ ਔਸਤ ਤੋਂ ਵੀ ਨਿੱਘਰੀ

ਹਾਲਾਂਕਿ ਭਾਰਤ ਸਮੇਤ ਪੂਰੀ ਦੁਨੀਆਂ ਵਿੱਚ ਹੀ ਕੋਰੋਨਾਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ ਨਿਵਾਣ ਵੱਲ ਜਾ ਰਹੀ ਹੈ ਪਰ ਪੰਜਾਬ ਵਿੱਚ ਇਸ ਦਾ ਉਲਟਾ ਦੇਖਣ ਨੂੰ ਮਿਲ ਰਿਹਾ ਹੈ।

ਦਿ ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਪੰਜਾਬ ਵਿੱਚ ਹੁਣ ਤੱਕ ਕੋਰੋਨਾਵਾਇਰਸ ਨਾਲ 3,603 ਮੌਤਾਂ ਹੋ ਚੁੱਕੀਆਂ ਹਨ ਜਿਨ੍ਹਾਂ ਵਿੱਚੋਂ 3,217 ਮੌਤਾਂ ਪਿਛਲੇ 65 ਦਿਨਾਂ (ਪਹਿਲੀ ਅਗਸਤ ਤੋਂ 4 ਅਕਤੂਬਰ) ਦੌਰਾਨ ਹੋਈਆਂ ਹਨ।

ਭਾਰਤ ਵਿੱਚ 102,198 ਅਤੇ ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਨਾਲ 10, 39,440 ਲੋਕਾਂ ਨੇ ਆਪਣੀ ਜਾਨ ਗੁਆਈ ਹੈ।

ਅੰਕੜਿਆਂ ਤੋਂ ਪਤਾ ਚਲਦਾ ਹੈ ਕਿ ਵਿਸ਼ਵੀ ਮੌਤ ਦਰ ਜੋ ਕਿ ਜੁਲਾਈ ਵਿੱਚ 4% ਸੀ ਉਹ ਚਾਰ ਅਕਤੂਬਰ ਤੱਕ ਘਟ ਕੇ 2.94% ਹੋ ਗਈ ਜਦਕਿ ਭਾਰਤ ਵਿੱਚ ਇਹ ਦਰ 3.36% ਤੋਂ ਘਟ ਕੇ 1.55% ਰਹਿ ਗਈ। ਜਦਕਿ ਇਸੇ ਅਰਸੇ ਦੌਰਾਨ ਪੰਜਾਬ ਦੀ ਮੌਤ ਦਰ 2.41% ਤੋਂ ਵਧ ਕੇ 3.04% ਹੋ ਗਈ ਹੈ।

ਪੰਜਾਬ, ਭਾਰਤ ਦੇ ਕੋਰੋਨਾਵਇਰਸ ਤੋਂ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਉਨ੍ਹਾਂ 20 ਸੂਬਿਆਂ ਵਿੱਚੋਂ ਹੈ ਜਿੱਥੇ ਮੌਤ ਦਰ ਤਿੰਨ ਫ਼ੀਸਦੀ ਤੋਂ ਉੱਪਰ ਹੈ।

ਤੱਬੂ, ਤਾਪਸੀ ਪੰਨੂ ਸਮੇਤ ਇਨ੍ਹਾਂ ਲੋਕਾਂ ਨੂੰ 'ਲੱਭਣਾ' ਹੋ ਸਕਦਾ ਹੈ ਖ਼ਤਰਨਾਕ

ਐਂਟੀਵਾਇਰਸ ਨਾਲ ਜੁੜੀ ਸਾਈਬਰ ਸੁਰੱਖਿਆ ਕੰਪਨੀ ਮੈਕੇਫ਼ੀ ਵੱਲੋਂ ਮੰਗਲਵਾਰ ਨੂੰ ਜਾਰੀ ਸੂਚੀ ਮੁਤਾਬਕ ਬੌਲੀਵੁੱਡ ਆਭਿਨੇਤਰੀਆਂ- ਤੱਬੂ, ਤਾਪਸੀ ਪੰਨੂ, ਅਨੁਸ਼ਕਾ ਸ਼ਰਮਾ ਅਤੇ ਸੋਨਾਕਸ਼ੀ ਸਿਨਹਾ ਉਨ੍ਹਾਂ ਦਸ ਉੱਘੀਆਂ ਹਸਤੀਆਂ ਵਿੱਚ ਸ਼ੁਮਾਰ ਹਨ ਜਿਨ੍ਹਾਂ ਨੂੰ ਇੰਟਰਨੈਟ ਤੇ ਲੱਭਣ ਨਾਲ ਵਾਇਰਸ ਦੇ ਸੰਪਰਕ ਵਿੱਚ ਆਉਣ ਦਾ ਖ਼ਤਰਾ ਸਭ ਤੋਂ ਵਧੇਰੇ ਹੈ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਮੈਕੇਫ਼ੀ ਵੱਲੋਂ ਸਾਲ 2020 ਲਈ ਜਾਰੀ ਇਸ ਸੂਚੀ ਵਿੱਚ ਕੌਮਾਂਤਰੀ ਫੁੱਟਬਾਲਰ ਕ੍ਰਿਸਟੀਨੋ ਰੋਨਾਲਡੋ ਪਹਿਲੇ, ਅਦਾਕਾਰਾ ਤੱਬੂ ਦੂਜੇ ਅਤੇ ਤਾਪਸੀ ਪੰਨੂ ਤੀਜੇ ਨੰਬਰ 'ਤੇ ਹਨ।

ਉਨ੍ਹਾਂ ਤੋਂ ਬਾਅਦ ਅਦਾਕਾਰਾ ਅਨੁਸ਼ਕਾ ਸ਼ਰਮਾ, ਸੋਨਾਕਸ਼ੀ ਸਿਨਹਾ, ਗਾਇਕ ਅਰਮਾਨ ਮਲਿਕ, ਅਦਾਕਾਰ ਸਾਰਾ ਅਲੀ ਖ਼ਾਨ, ਟੀਵੀ ਅਦਾਕਾਰਾ ਦਿਵਿਆਂਕਾ ਤ੍ਰਿਪਾਠੀ, ਨੌਵੇਂ ਅਤੇ ਦਸਵੇਂ ਨੰਬਰ ’ਤੇ ਕ੍ਰਮਵਾਰ ਸ਼ਾਹਰੁਖ਼ ਖਾਨ ਅਤੇ ਗਾਇਕ ਅਰਿਜੀਤ ਸਿੰਘ ਹਨ।

ਪ੍ਰਧਾਨ ਮੰਤਰੀ ਨਾਲ ਚੰਗੇ ਨਿੱਜੀ ਰਿਸ਼ਤੇ: ਸੁਖਬੀਰ

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਮੰਗਲਵਾਰ ਨੂੰ ਕਿਹਾ ਕਿ ਭਾਜਪਾ ਆਪਣੇ ਸਹਿਯੋਗੀਆਂ ਨੂੰ 2019 ਵਿੱਚ ਸਪਸ਼ਟ ਜਿੱਤ ਮਿਲਣ ਤੋਂ ਬਾਅਦ ਨਜ਼ਰਅੰਦਾਜ਼ ਕਰ ਰਹੀ ਸੀ।

ਉਨ੍ਹਾਂ ਨੇ ਕਿਹਾ ਕਿ ਭਾਰਤ-ਚੀਨ ਤਣਾਅ, ਨਾਗਰਿਕਤਾ ਸੋਧ ਕਾਨੂੰਨ ਤੇ ਤਾਜ਼ਾ ਖੇਤੀ ਕਾਨੂੰਨਾਂ ਦੇ ਸੰਬੰਧ ਵਿੱਚ ਸਰਕਾਰ ਨੇ ਉਨ੍ਹਾਂ ਨੂੰ ਭਰੋਸੇ ਵਿੱਚ ਨਹੀਂ ਲਿਆ।

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਹਾਲਾਂਕਿ ਉਨ੍ਹਾਂ ਨੇ ਭਾਜਪਾ ਦੇ ਘਮੰਡੀ ਹੋਣ ਬਾਰੇ ਟਿੱਪਣੀ ਕਰਨ ਤੋਂ ਇਹ ਕਹਿੰਦਿਆਂ ਟਾਲਾ ਵੱਟ ਲਿਆ, "ਮੈਂ ਇਸ ਵਿੱਚ ਨਹੀਂ ਪੈਣਾ ਚਾਹੁੰਦਾ...ਸਾਡੇ ਹਾਲੇ ਵੀ ਉਨ੍ਹਾਂ ਨਾਲ ਨਿੱਜੀ ਰਿਸ਼ਤੇ ਹਨ... ਪ੍ਰਧਾਨ ਮੰਤਰੀ ਨੇ ਕੁਝ ਚੰਗੇ ਫ਼ੈਸਲੇ ਵੀ ਲਏ ਹਨ।"

ਇਹ ਵੀ ਪੜ੍ਹੋ:

ਵੀਡੀਓ: ਖੇਤੀ ਕਾਨੂੰਨਾਂ ਖ਼ਿਲਾਫ਼ ਪਿੰਡਾਂ ਦੀਆਂ ਗ੍ਰਾਮ ਸਭਾਵਾਂ ਵੱਲੋਂ ਮਤੇ ਪਾਸ ਹੋਣ ਲੱਗੇ

ਵੀਡੀਓ: ਹਾਥਰਸ- ‘ਜੇ ਕੁੜੀ ਕੋਰੋਨਾ ਨਾਲ ਮਰ ਜਾਂਦੀ ਤਾਂ ਮੁਆਵਜ਼ਾ ਵੀ ਨਹੀਂ ਸੀ ਮਿਲਣਾ’

ਵੀਡੀਓ: ਪੰਜਾਬ ਵਿੱਚ ਭਾਜਪਾ ਦੀ ਮੁਖ਼ਾਲਫ਼ਤ ਕਿਉਂ ਹੋ ਰਹੀ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)