ਪੰਜਾਬ ਦੀ ਪਹਿਲੀ ਔਰਤ ਚੌਕੀਦਾਰ: 'ਘਰ ਵਾਲੇ ਦੀ ਲਾਸ਼ ਲੈਣ ਲਈ ਮੈਂ ਕੰਨਾਂ ਦੀਆਂ ਵਾਲੀਆਂ ਵੇਚੀਆਂ ਸਨ'
- ਲੇਖਕ, ਖੁਸ਼ਹਾਲ ਲਾਲੀ
- ਰੋਲ, ਬੀਬੀਸੀ ਪੱਤਰਕਾਰ
"ਘਰਵਾਲਾ ਹਸਪਤਾਲ ਵਿੱਚ ਹੀ ਦਮ ਤੋੜ ਚੁੱਕਾ ਸੀ, ਹਸਪਤਾਲ ਨਿੱਜੀ ਸੀ ਅਤੇ ਉਹ ਪੈਸੇ ਦਿੱਤੇ ਬਿਨਾਂ ਲਾਸ਼ ਦੇਣ ਲਈ ਤਿਆਰ ਨਹੀਂ ਸਨ।"
"ਮੇਰੇ ਕੋਲ 2000 ਰੁਪਏ ਸਨ, ਮੈਂ ਕੀ ਕਰਦੀ, ਪਤੀ ਦੀ ਲਾਸ਼ ਹਸਪਤਾਲ ਵਿੱਚੋਂ ਚੁੱਕਣ ਲਈ ਮੈਨੂੰ 3000 ਰੁਪਏ ਵਿੱਚ ਆਪਣੇ ਕੰਨਾਂ ਦੀਆਂ ਵਾਲੀਆਂ ਵੇਚਣੀਆਂ ਪਈਆਂ", ਗੱਲ ਕਰਦਿਆਂ ਕਰਦਿਆਂ ਕੁਲਦੀਪ ਕੌਰ ਦਾ ਗੱਚ ਭਰ ਆਇਆ।
ਕੁਲਦੀਪ ਕੌਰ ਜਲੰਧਰ ਜ਼ਿਲ੍ਹੇ ਦੇ ਸਤਲੁਜ ਦਰਿਆ ਕੰਢੇ ਵਸੇ ਪਿੰਡ ਬੰਗੀਵਾਲ ਦੀ ਚੌਕੀਦਾਰ ਹੈ।
ਪੰਜਾਬ ਦੇ 13500 ਪੇਂਡੂ ਚੌਕੀਦਾਰਾਂ ਵਿੱਚੋਂ ਪਹਿਲੀ ਔਰਤ ਹੈ, ਜੋ ਚੌਕੀਦਾਰੀ ਤੇ ਰਾਤ ਦੇ ਪਹਿਰੇ ਦੀ ਡਿਊਟੀ ਕਰਦੀ ਹੈ।
ਰੇਤ ਮਾਫ਼ੀਆ ਦੇ ਗੜ੍ਹ 'ਚ ਚੌਕੀਦਾਰੀ
ਅਸੀਂ ਬੰਗੀਵਾਲ ਪਹੁੰਚੇ ਤਾਂ ਸੂਰਜ ਅਸਤ ਹੋ ਰਿਹਾ ਸੀ ਅਤੇ ਲੋਕ ਕੰਮਾਂਕਾਰਾਂ ਤੋਂ ਘਰਾਂ ਨੂੰ ਵਾਪਸ ਆ ਰਹੇ ਸਨ, ਸਾਡੇ ਕੈਮਰੇ ਨੂੰ ਦੇਖ ਪਿੰਡ ਦੇ ਲੋਕ ਹੈਰਾਨੀ ਨਾਲ ਸਾਨੂੰ ਪਿੰਡ ਆਉਣ ਦਾ ਕਾਰਨ ਪੁੱਛ ਰਹੇ ਸਨ।
ਪਿੰਡ ਦੇ ਚੌਰਾਹੇ ਵਿੱਚ ਕੁਝ ਸ਼ਾਟਸ ਲੈਣ ਲਈ ਕੈਮਰਾ ਲਗਾਇਆ ਤਾਂ ਨਾਲ ਹੀ ਖੇਡਦੇ ਮੁੰਡਿਆਂ ਦਾ ਝੁੰਡ ਆਲੇ-ਦੁਆਲੇ ਇਕੱਠਾ ਹੋ ਗਿਆ ਸੀ।

ਇਹ ਵੀ ਪੜ੍ਹੋ-

ਉਹ ਜਾਣਨਾ ਚਾਹੁੰਦੇ ਸਨ ਕਿ ਅਸੀਂ ਕਿਸ ਦੀ ਖ਼ਬਰ ਬਣਾਉਣ ਆਏ ਹਾਂ।
ਇਨ੍ਹਾਂ ਵਿੱਚੋਂ ਇੱਕ ਨੇ ਕਿਹਾ, "ਸਾਡੇ ਇਲਾਕੇ ਵਿੱਚ ਰੇਤ ਮਾਇਨਿੰਗ ਜਾਂ ਨਸ਼ਾ ਸਮੱਗਲਰਾਂ ਦੀਆਂ ਖ਼ਬਰਾਂ ਬਣਾਉਣ ਤੋਂ ਬਿਨਾਂ ਹੋਰ ਪੱਤਰਕਾਰ ਇੱਧਰ ਨਹੀਂ ਆਉਂਦੇ।"
ਸਾਡੇ ਕੁਲਦੀਪ ਕੌਰ ਬਾਰੇ ਦੱਸਣ ਉੱਤੇ ਉਹ ਉਸ ਦੀਆਂ ਸਿਫ਼ਤਾਂ ਦੇ ਪੁਲ਼ ਬੰਨ੍ਹਣ ਲੱਗੇ। ਇੱਕ ਨੇ ਕਿਹਾ, "ਚਾਚੀ ਤਾਂ ਸਾਡੇ ਪਿੰਡ ਦੀ ਮਰਦਾਨੀ ਔਰਤ, ਹਰ ਕਿਸੇ ਦੇ ਦੁੱਖ ਸੁੱਖ ਵਿੱਚ ਸਹਾਈ ਹੁੰਦੀ ਹੈ।"
ਦੂਜੇ ਨੇ ਕਿਹਾ ਸਾਨੂੰ ਤਾਂ ਪਤਾ ਹੀ ਨਹੀਂ ਸੀ ਕਿ ਉਹ ਪੰਜਾਬ ਦੀ ਪਹਿਲੀ ਔਰਤ ਚੌਕੀਦਾਰ ਹੈ, ਇਹ ਤਾਂ ਵਾਕੱਈ ਮਾਣ ਵਾਲੀ ਗੱਲ ਹੈ।
ਏੇਨੇ ਨੂੰ ਕਿਣ-ਮਿਣ ਹੋ ਲੱਗੀ, ਮੀਂਹ ਪੈਣਾ ਸ਼ੁਰੂ ਹੋ ਗਿਆ। ਅਸੀਂ ਪਿੰਡ ਦੀ ਜੂਹ ਵਿੱਚੋਂ ਕੁਲਦੀਪ ਕੌਰ ਦੇ ਘਰ ਵੱਲ ਚੱਲ ਪਏ।

ਅਸੀਂ ਕਰੀਬ 8 ਵਜੇ ਕੁਲਦੀਪ ਕੌਰ ਦੇ ਘਰ ਪਹੁੰਚੇ ਤਾਂ ਉਹ ਆਪਣੇ ਦੋ ਕਮਰਿਆਂ ਦੇ ਘਰ ਵਿੱਚ ਰੋਟੀ ਟੁੱਕ ਕਰ ਰਹੀ ਸੀ।
ਕੁਲਦੀਪ ਕੌਰ ਦੇ ਘਰੇਲੂ ਹਾਲਾਤ
ਇਸੇ ਦੌਰਾਨ ਮੀਂਹ ਵੀ ਜ਼ੋਰ ਫੜ੍ਹ ਗਿਆ ਸੀ, ਜਿਸ ਕਮਰੇ ਵਿੱਚ ਅਸੀਂ ਕੁਲਦੀਪ ਕੌਰ ਨਾਲ ਗੱਲਬਾਤ ਕਰਨੀ ਸੀ, ਉਹ ਦੋ ਥਾਵਾਂ ਤੋਂ ਚੋਣ ਲੱਗ ਪਿਆ ਸੀ।
ਸਾਡੇ ਨਾਲ ਗੱਲ ਕਰਦਿਆਂ-ਕਰਦਿਆਂ ਕੁਲਦੀਪ ਨੇ ਆਪਣੇ ਮੁੰਡੇ ਨੂੰ ਅਵਾਜ਼ ਮਾਰੀ, "ਪੁੱਤ ਜਿੱਥੋਂ ਪਾਣੀ ਚੌਂਦਾ ਹੈ, ਉਸਦੇ ਥੱਲੇ ਕੋਈ ਭਾਂਡਾ ਰੱਖ ਦੇ।"
ਸਾਡੇ ਨਾਲ ਗੱਲਾਂ ਕਰਦਿਆਂ ਕਰਦਿਆਂ ਉਸ ਦੀਆਂ ਅੱਖਾਂ ਵੀ ਸਿੱਲ੍ਹੀਆਂ ਹੋ ਗਈਆਂ ਅਤੇ ਉਹ ਹੰਝੂਆਂ ਨੂੰ ਐਨਕ ਲਾਹ ਕੇ ਸਾਫ਼ ਕਰਨ ਲੱਗੀ।
ਮੁੜਕੇ ਖੰਗੂਰਾ ਜਿਹਾ ਮਾਰਦਿਆਂ ਕਹਿਣ ਲੱਗੀ, "ਪਤੀ ਦੇ ਜਾਣ ਤੋਂ ਬਾਅਦ ਮੇਰੇ ਕੋਲ ਇਹ ਕੰਮ ਕਰਨ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਬਚਦਾ ਸੀ, ਜਿਸ ਨੂੰ ਮਰਦਾਂ ਦਾ ਕਿੱਤਾ ਹੀ ਸਮਝਿਆ ਜਾਂਦਾ ਹੈ।"
ਇਹ ਵੀ ਪੜ੍ਹੋ-
ਕਿਵੇਂ ਕੀਤਾ ਚੌਕੀਦਾਰ ਬਣਨ ਦਾ ਫ਼ੈਸਲਾ
ਕੁਲਦੀਪ ਕੌਰ ਨੇ ਕਿਹਾ ਕਿ ਮੇਰੇ 5 ਦਿਓਰ-ਜੇਠ ਹਨ, ਪਰ ਕਿਸੇ ਵਿੱਚ ਇੰਨੀ ਹਿੰਮਤ ਨਹੀਂ ਕਿ ਉਹ ਮੇਰੇ 6 ਬੱਚਿਆਂ ਦੇ ਪਰਿਵਾਰ ਨੂੰ ਪਾਲ਼ ਸਕਦਾ।
"ਇਸ ਲਈ ਮੈਂ ਸੋਚਿਆਂ 500 ਰੁਪਏ ਮਿਲਦੇ ਨੇ, ਘੱਟ ਹੀ ਸਹੀ, ਪਰ ਸਰਕਾਰੀ ਪੈਸਾ ਹੈ, ਦੇਰ ਨਾਲ ਮਿਲਦੇ ਹਨ, ਟਾਇਮ ਬੇ ਟਾਇਮ ਮਿਲਦੇ ਹਨ, ਪੱਕੀ ਆਮਦਨ ਤਾਂ ਹੋਵੇਗੀ।"
ਇਸ ਲਈ ਮੈਂ ਪਿੰਡ ਦੇ ਸਰਪੰਚ ਨੂੰ ਕਿਹਾ ਕਿ ਮੈਨੂੰ ਚੌਕੀਦਾਰੀ ਦਾ ਕੰਮ ਦੁਆ ਦੇਵੇ, ਉਸ ਨੇ ਮੇਰੇ ਹੌਸਲੇ ਦੀ ਤਾਰੀਫ਼ ਕੀਤੀ, ਪਿੰਡ ਦੇ ਕੁਝ ਹੋਰ ਲੋਕਾਂ ਨਾਲ ਸਲਾਹ ਮਸ਼ਵਰਾ ਕਰ ਕੇ ਉਨ੍ਹਾਂ ਦਾ ਵੀ ਸਹਿਯੋਗ ਲਿਆ।
ਕੇਸ ਜਦੋਂ ਤਹਿਸੀਲਦਾਰ ਕੋਲ ਗਿਆ ਤਾਂ ਉਹ ਕਹਿਣ ਲੱਗਾ, "ਬੀਬੀ ਇਹ ਤੀਵੀਆਂ ਦਾ ਕੰਮ ਨਹੀਂ, ਤੁਸੀਂ ਰਾਤ ਪਹਿਰਾ ਨਹੀਂ ਦੇ ਸਕਦੇ।"

ਮੈਂ ਕਿਹਾ, "ਮੈਂ ਕਰ ਲਵਾਂਗੀ, ਮੇਰਾ ਇੱਕ ਦਿਓਰ ਵੀ ਮੇਰੇ ਨਾਲ ਉਸ ਨੇ ਵੀ ਕਿਹਾ, ਉਹ ਵੀ ਹਰ ਤਰ੍ਹਾਂ ਨਾਲ ਮਦਦ ਕਰੇਗਾ। ਰਾਤ ਦੇ ਪਹਿਰੇ ਉੱਤੇ ਉਹ ਵੀ ਮੇਰੇ ਨਾਲ ਹੀ ਜਾਵੇਗਾ। ਬਸ ਫਿਰ ਕੰਮ ਬਣ ਗਿਆ।"
ਇਸ ਗੱਲ ਨੂੰ ਹੁਣ ਡੇਢ ਦਹਾਕਾ ਹੋ ਗਿਆ ਹੈ। ਇੰਨੇ ਲੰਬੇ ਸਮੇਂ ਦੀ ਚੌਕੀਦਾਰੀ ਦੀ ਡਿਊਟੀ ਤੋਂ ਬਾਅਦ ਉਹ ਕਹਿੰਦੀ ਹੈ, "ਚੌਕੀਦਾਰ ਦੀ ਡਿਊਟੀ ਦਾ ਕੋਈ ਅਜਿਹਾ ਕੰਮ ਨਹੀਂ, ਜੋ ਮੈਂ ਨਾ ਕੀਤਾ ਹੋਵੇ, ਰਾਤ ਦੇ ਪਹਿਰੇ ਦੀ ਗੱਲ ਛੱਡੋ, ਰੇਤ ਮਾਫ਼ੀਏ ਤੇ ਨਸ਼ਿਆਂ ਖ਼ਿਲਾਫ਼ ਪੁਲਿਸ ਤੇ ਸਰਕਾਰੀ ਅਫ਼ਸਰਾਂ ਦੀ ਛਾਪੇਮਾਰੀ ਦੌਰਾਨ ਬਰਾਬਰ ਖੜ੍ਹਦੀ ਰਹੀ ਹਾਂ।"
"ਇਹ ਮੇਰੇ ਕੰਮ ਦਾ ਹੀ ਨਤੀਜਾ ਹੈ, ਮੇਰੇ ਪਿੰਡ ਵਾਲੇ ਮੇਰੀ ਵਿੱਥੋਂ ਵੱਧ ਮਦਦ ਕਰਦੇ ਹਨ, ਇਸੇ ਲਈ ਮੈਂ ਆਪਣੇ ਪਰਿਵਾਰ ਨੂੰ ਪਾਲ਼ ਸਕੀ ਹਾਂ।"
ਰਾਤ ਦਾ ਪਹਿਰਾ
ਮੌਸਮ ਖ਼ਰਾਬ ਸੀ, ਪਰ ਸਾਡੇ ਨਾਲ ਗੱਲਬਾਤ ਕਰਦਿਆਂ ਕੁਲਦੀਪ ਕੌਰ ਦੇ ਪਹਿਰੇ ਦੀ ਡਿਊਟੀ ਦਾ ਸਮਾਂ ਹੋ ਗਿਆ ਸੀ।
ਉਸ ਨੇ ਆਪਣਾ ਖੂੰਡਾ ਤੇ ਟਾਰਚ ਚੁੱਕ ਲਈ ਅਤੇ ਪਿੰਡ ਦੀ ਜੂਹ ਵੱਲ ਤੁਰ ਪਈ। ਕਰੀਬ ਰਾਤ ਦੇ 10 ਕੁ ਵਜੇ ਉਸ ਨੇ ਆਪਣੀ ਡਿਊਟੀ ਸ਼ੁਰੂ ਕੀਤੀ।

ਰਾਹ ਵਿੱਚ ਦੇਰ ਨਾਲ ਪਿੰਡ ਪਰਤਣ ਵਾਲੇ ਕਈ ਜਣੇ ਉਸ ਨੂੰ ਮਿਲੇ, ਕਈ ਤਾਂ ਫਤਹਿ ਸਾਂਝੀ ਕਰਕੇ ਹੀ ਲੰਘ ਗਏ ਪਰ ਕਈ ਜਣੇ ਉਸ ਕੋਲ ਰੁਕ ਕੇ ਗੱਲਬਾਤ ਕਰਕੇ ਅੱਗੇ ਲੰਘੇ।
ਕੁਲਦੀਪ ਕੌਰ ਨੇ ਕਰੀਬ 11 ਵਜੇ ਤੱਕ ਪੂਰੇ ਪਿੰਡ ਦਾ ਚੱਕਰ ਕੱਢਿਆ, ਜਦੋਂ ਉਹ ਮੁੜ ਆਪਣੇ ਘਰ ਵੱਲ ਆਈ ਤਾਂ ਉਸ ਦੇ ਪੁੱਤਰ ਨੇ ਉਸ ਨੂੰ ਚਾਹ ਪਿਆਈ ਅਤੇ ਕੁਝ ਦੇਰ ਬਾਅਦ ਉਹ ਮੁੜ ਅਗਲੇ ਚੱਕਰ ਲਈ ਨਿਕਲ ਗਈ।
ਕੁਲਦੀਪ ਕੌਰ ਨੇ ਦੱਸਿਆ ਕਿ ਉਹ ਸਵੇਰੇ ਚਾਰ ਵਜੇ ਤੱਕ ਇਸੇ ਤਰ੍ਹਾਂ ਪਿੰਡ ਵਿਚ ਘੁੰਮੇਗੀ, ਉਸ ਦਾ ਕਹਿਣਾ ਸੀ ਕਿ ਅੱਜ ਮੌਸਮ ਖਰਾਬ ਹੋਣ ਕਾਰਨ ਮੈਂ ਘਰ ਵੱਲ ਆ ਗਈ, ਨਹੀਂ ਤਾਂ ਮੈਂ ਗੁਰਦਆਰਾ ਸਾਹਿਬ ਕੋਲ ਬੋਹੜ ਦੇ ਚੌਂਤੇ ਉੱਤੇ ਬੈਠ ਕੇ ਚਾਹ ਪੀਂਦੀ ਹਾਂ।
ਬੇਟਾ ਰਾਤ ਨੂੰ ਪੜ੍ਹਦਾ ਹੈ, ਇਸ ਲਈ 11-12 ਦੇ ਦਰਮਿਆਨ ਬੋਹੜ ਕੋਲ ਚਾਹ ਦੇ ਜਾਂਦਾ ਹੈ ਤੇ ਕਦੇ-ਕਦੇ ਮੇਰਾ ਦਿਓਰ, ਜੋ ਮੇਰੇ ਜੀਜਾ ਵੀ ਹੈ, ਉਹ ਵੀ ਆਕੇ ਚਾਹ ਦੇ ਜਾਂਦਾ ਹੈ।
ਕਈ ਵਾਰ ਇਲਾਕੇ ਦੇ ਹਾਲਾਤ ਖ਼ਰਾਬ ਹੋਣ ਤਾਂ ਪਿੰਡ ਵਿੱਚ ਠੀਕਰੀ ਪਹਿਰਾ ਦੇਣ ਲਈ ਘਰ ਪਰਤੀ ਵਾਰੀ ਬੰਨ੍ਹ ਲੈਂਦੇ ਹਾਂ। ਪਿੰਡ ਦੇ ਨੌਜਵਾਨ ਸਭਾ ਵਾਲੇ ਮੇਰੇ ਨਾਲ ਪਹਿਰੇ ਉੱਤੇ ਡਟੇ ਰਹਿੰਦੇ ਹਨ।
'ਸਾਰੇ ਮੇਰੇ ਆਪਣੇ ਨੇ'
ਰਾਤ ਦੇ ਪਹਿਰੇ ਵੇਲੇ ਡਰ ਨਹੀਂ ਲੱਗਦਾ? ਸਵਾਲ ਦੇ ਜਵਾਬ ਵਿੱਚ ਕੁਲਦੀਪ ਕੌਰ ਕਹਿੰਦੀ ਹੈ, "ਇਹ ਮੇਰਾ ਪਿੰਡ ਹੈ, ਸਭ ਮੇਰੇ ਆਪਣੇ ਹਨ, ਕੋਈ ਮਸਲਾ ਹੋਵੇ ਤਾਂ ਮਿਲ ਕੇ ਨਜਿੱਠ ਲੈਂਦੇ ਹਾਂ, ਇਸ ਲਈ ਡਰ ਕਾਹਦਾ.. ਹਣੁ ਤਾਂ ਮੇਰੇ ਪੁੱਤ ਵੀ ਜਵਾਨ ਹੋ ਗਏ ਹਨ।"
"ਵੱਡਾ ਤਾਂ ਨਿੱਜੀ ਫੈਕਟਰੀ ਵਿੱਚ ਨੌਕਰੀ ਵੀ ਕਰਨ ਲੱਗਾ ਹੈ, ਹੁਣ ਵੀ ਉਹ ਡਿਊਟੀ ਗਿਆ ਹੋਇਆ ਹੈ। ਇੱਕ ਕੁੜੀ ਦਾ ਵਿਆਹ ਵੀ ਕਰ ਦਿੱਤਾ ਹੈ।"

ਤਸਵੀਰ ਸਰੋਤ, BBv
"ਵੱਡਾ ਮੁੰਡਾ ਥੋੜੀ ਸ਼ਰਮ ਮਹਿਸੂਸ ਕਰਦਾ ਹੈ, ਕਹਿੰਦਾ ਹੈ ਬੀਬੀ ਹੁਣ ਤੂੰ ਬਜ਼ੁਰਗ ਹੋ ਗਈ, ਅੱਖਾਂ ਦੀ ਨਜ਼ਰ ਘੱਟ ਗਈ, ਇਹ ਕੰਮ ਛੱਡ ਦੇ, ਪਰ ਮੈਂ ਕਹਿੰਦੀ ਹਾਂ, ਜਿਸ ਕੰਮ ਨੇ ਮੇਰਾ ਪਰਿਵਾਰ ਪਾਲ਼ਿਆ, ਮੈਨੂੰ ਮਾਣ ਇੱਜ਼ਤ ਦੁਆਈ, ਮੈਨੂੰ ਪਛਾਣ ਦਿੱਤੀ, ਉਸ ਨੂੰ ਨਹੀਂ ਛੱਡ ਸਕਦੀ, ਜਿੰਨੀ ਦੇਰ ਪ੍ਰਾਣ ਹਨ, ਡਿਊਟੀ ਕਰਦੀ ਰਹਾਂਗੀ।"
ਪੰਜਾਬ ਦੀ ਪਹਿਲੀ ਔਰਤ ਚੌਕੀਦਾਰ
ਪੰਜਾਬ ਸਰਕਾਰ ਦੇ ਰਿਕਾਰਡ ਮੁਤਾਬਕ ਸੂਬੇ ਵਿਚ 13500 ਪੇਂਡੂ ਚੌਕੀਦਾਰਾਂ ਵਿੱਚੋਂ ਉਹ ਪਹਿਲੀ ਔਰਤ ਚੌਕੀਦਾਰ ਹੈ। ਅਜੇ ਵੀ ਪੂਰੇ ਪੰਜਾਬ ਵਿੱਚ ਦੋ ਹੀ ਔਰਤ ਚੌਕੀਦਾਰ ਹਨ।
ਸਾਲ 2009 ਵਿੱਚ ਪਤੀ ਦੀ ਮੌਤ ਤੋਂ ਬਾਅਦ 4 ਧੀਆਂ ਤੇ 2 ਪੁੱਤਰਾਂ ਦੇ ਪਾਲ਼ਣ ਪੋਸ਼ਣ ਲਈ ਕੁਲਦੀਪ ਕੌਰ ਨੇ ਚੌਕੀਦਾਰੀ ਕਰਨ ਦੀ ਜ਼ਿੰਮੇਵਾਰੀ ਸੰਭਾਲੀ ਸੀ।
ਬੰਗੀਵਾਲ ਵਿੱਚ ਆਟੇ ਦੀ ਚੱਕੀ ਚਲਾਉਣ ਵਾਲੇ ਪਿੰਡ ਦੇ ਵਿਅਕਤੀ ਨੇ ਕਿਹਾ, "ਕੁਲਦੀਪ ਕੌਰ ਦੂਜੇ ਪਿੰਡਾਂ ਦੇ ਚੌਕੀਦਾਰਾਂ ਵਾਂਗ ਰਾਤਾਂ ਨੂੰ ਪਹਿਰਾ ਦੇਣ, ਸਰਕਾਰੀ ਸਕੀਮਾਂ ਦੇ ਅੰਕੜੇ ਇਕੱਠੇ ਕਰਵਾਉਣ ਅਤੇ ਜ਼ਮੀਨ ਦੀ ਗਿਰਦਾਵਰੀ ਵਗੈਰਾ ਕਰਾਉਣ ਦੇ ਨਾਲ-ਨਾਲ ਪੁਲਿਸ ਪ੍ਰਸਾਸ਼ਨ ਦੇ ਕੰਮਾਂ ਵਿੱਚ ਜ਼ਿੰਮੇਵਾਰੀ ਬਾਖੂਬੀ ਨਿਭਾਉਂਦੇ ਹਨ।"
"ਸਾਨੂੰ ਇਹ ਸੁਣ ਕੇ ਵੀ ਮਾਣ ਮਹਿਸੂਸ ਹੁੰਦਾ ਹੈ ਕਿ ਉਹ ਪੰਜਾਬ ਦੀ ਪਹਿਲੀ ਔਰਤ ਚੌਕੀਦਾਰ ਹੈ, ਮੈਨੂੰ ਤਾਂ ਕਈ ਵਾਰ ਲੱਗਦਾ ਹੈ ਕਿ ਜੇ ਕੋਈ ਬੰਦਾ ਸਾਡੇ ਪਿੰਡ ਦਾ ਚੌਕੀਦਾਰ ਹੁੰਦਾ ਤਾਂ ਉਹ ਸ਼ਾਇਦ ਇਸ ਬੀਬੀ ਤੋਂ ਵਧੀਆ ਕੰਮ ਨਹੀਂ ਕਰ ਸਕਦਾ ਸੀ, ਜਿੰਨੀ ਸ਼ਿੱਦਤ ਨਾਲ ਕੁਲਦੀਪ ਕੌਰ ਕਰਦੀ ਹੈ।"
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3













