ਕੋਰੋਨਾਵਾਇਰਸ ਲੌਕਡਾਊਨ: 'ਪ੍ਰਧਾਨ ਮੰਤਰੀ, ਬੰਦਿਆਂ ਨੂੰ ਕਹੋ ਘਰ ਦਾ ਕੰਮ ਵੀ ਕਰਵਾਉਣ': PM ਮੋਦੀ ਨੂੰ ਦਖ਼ਲ ਦੇਣ ਦੀ ਮੰਗ ਕਿਉਂ?

- ਲੇਖਕ, ਗੀਤਾ ਪਾਂਡੇ
- ਰੋਲ, ਬੀਬੀਸੀ ਪੱਤਰਕਾਰ
ਕੋਰੋਨਾਵਾਇਰਸ ਕਾਰਨ ਲੱਗੇ ਲੌਕਡਾਊਨ ਦੌਰਾਨ ਮਰਦਾਂ ਤੇ ਔਰਤਾਂ ਦਰਮਿਆਨ ਘਰ ਦੇ ਕੰਮ ਕਰਨ ਬਾਬਤ ਚੱਲਦੀ ਆ ਰਹੀ ਚਰਚਾ ਵਿੱਚ ਹੁਣ ਪ੍ਰਧਾਨ ਮੰਤਰੀ ਦੇ ਦਖਲ ਦੀ ਮੰਗ ਤੁਰ ਪਈ ਹੈ।
ਘਰਾਂ ਵਿੱਚ ਹੁੰਦੇ ਕੰਮ-ਕਾਜ ਵਿੱਚ ਢੋਅ-ਢੁਆਈ ਵੀ ਸ਼ਾਮਿਲ ਹੁੰਦੀ ਹੈ।
ਪੱਛਮੀ ਮੁਲਕਾਂ ਵਿੱਚ ਤਾਂ ਆਮ ਹੀ ਹੈ ਕਿ ਬਹੁਤੇ ਘਰਾਂ ਵਿੱਚ ਡਿਸ਼ਵਾਸ਼ਰ (ਭਾਂਡੇ ਧੌਣ ਵਾਲੀ ਮਸ਼ੀਨ), ਵੈਕਿਉਮ ਕਲੀਨਰ (ਸਾਫ਼-ਸਫ਼ਾਈ ਲਈ ਮਸ਼ੀਨ) ਜਾਂ ਵਾਸ਼ਿੰਗ ਮਸ਼ੀਨ (ਕੱਪੜੇ ਧੌਣ ਵਾਲੀ ਮਸ਼ੀਨ) ਹੁੰਦੀ ਹੈ, ਪਰ ਭਾਰਤ ਦੇ ਬਹੁਤ ਘੱਟ ਘਰਾਂ ਵਿੱਚ ਇਹ ਸਹੂਲਤਾਂ ਹੁੰਦੀਆਂ ਹਨ।
ਇਸ ਕਰਕੇ ਇੱਥੇ ਭਾਂਡਿਆਂ ਨੂੰ ਇੱਕ-ਇੱਕ ਕਰਕੇ ਧੌਣਾਂ ਪੈਂਦਾ ਹੈ, ਕੱਪੜਿਆਂ ਨੂੰ ਬਾਲਟੀ ਵਿੱਚ ਪਾ ਕੇ ਧੌਣਾਂ ਤੇ ਫ਼ਿਰ ਇੱਕ-ਇੱਕ ਕਰਕੇ ਸੁਕਾਉਣ ਦੇ ਲਈ ਤਾਰਾਂ ਉੱਤੇ ਪਾਉਣਾ।
ਇਸ ਤੋਂ ਇਲਾਵਾ ਝਾੜੂ-ਪੋਚਾ ਵੀ ਹੱਥੀਂ ਕਰਨਾ ਪੈਂਦਾ ਹੈ ਤੇ ਘਰਾਂ ਵਿੱਚ ਬੱਚਿਆਂ ਤੇ ਬਜ਼ੁਰਗਾਂ ਦਾ ਖ਼ਿਆਲ ਰੱਖਣਾ ਵੀ ਰੋਜ਼ਾਨਾ ਜੀਵਨ ਦਾ ਹਿੱਸਾ ਹੈ।
ਕਰੋੜਾਂ ਮੱਧ-ਵਰਗੀ ਘਰਾਂ ਵਿੱਚ ਵੱਖ-ਵੱਖ ਕੰਮਾਂ ਲਈ ਸਫ਼ਾਈ ਕਾਮੇ, ਖ਼ਾਨਸਾਮੇ ਜਾਂ ਨੈਨੀਜ਼ (ਬੱਚਿਆਂ ਦੀ ਦੇਖਭਾਲ ਲਈ) ਨੂੰ ਰੱਖਿਆ ਜਾਂਦਾ ਹੈ।
ਲੌਕਡਾਊਨ ਤੋਂ ਬਾਅਦ ਜਦੋਂ ਕਾਮੇ ਘਰਾਂ ਵਿੱਚ ਕੰਮ ਕਰਨ ਆ ਹੀ ਨਾ ਸਕਣ ਤਾਂ ਕੀ ਹੁੰਦਾ ਹੈ?
ਜਵਾਬ ਜ਼ਰਾ ਦੁਚਿੱਤੀ ਅਤੇ ਲੜਾਈ ਵਾਲਾ ਹੈ ਅਤੇ ਅਜਿਹੇ ਹੀ ਇੱਕ ਕੇਸ ਕਰਕੇ ਇੱਕ ਪਟਿਸ਼ਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਆਵਾਜ਼ ਪਹੁੰਚਾਉਣ ਲਈ ਪਾਈ ਗਈ ਹੈ ਕਿ ਉਹ ਇਸ ਮਾਮਲੇ 'ਚ ਦਖ਼ਲ ਦੇਣ।
ਇਹ ਪਟਿਸ਼ਨ change.org ਉੱਤੇ ਛਪੀ ਹੈ ਅਤੇ ਪੁੱਛਿਆ ਗਿਆ ਹੈ, ''ਕੀ ਝਾੜੂ ਦੇ ਦਸਤੇ ਉੱਤੇ ਇਹ ਲਿਖਿਆ ਹੋਇਆ ਆਉਂਦਾ ਹੈ: 'ਸਿਰਫ਼ ਔਰਤ ਹੀ ਚਲਾਏਗੀ'?''
''ਵਾਸ਼ਿੰਗ ਮਸ਼ੀਨ ਜਾਂ ਗੈਸ ਚੁੱਲ੍ਹੇ ਉੱਤੇ ਕੰਮ ਕਰਨ ਦੇ ਨਿਯਮ ਦਾ ਕੀ? ਤਾਂ ਫ਼ਿਰ ਅਜਿਹਾ ਕਿਉਂ ਹੈ ਕਿ ਬਹੁਤੇ ਮਰਦ ਆਪਣੇ ਹਿੱਸੇ ਦਾ ਘਰ ਦਾ ਕੰਮ ਨਹੀਂ ਕਰਦੇ!''
ਪਟਿਸ਼ਨ ਫਾਈਲ ਕਰਨ ਵਾਲੀ ਸੁਬਰਨਾ ਘੋਸ਼ ਇਸ ਗੱਲ ਤੋਂ ਖ਼ਾਸੀ ਨਰਾਜ਼ ਹਨ ਕਿ ਦਫ਼ਤਰ ਦਾ ਕੰਮ ਘਰੋਂ ਕਰਦਿਆਂ ਉਹ ਖਾਣਾ ਬਣਾਉਣਾ, ਸਾਫ਼-ਸਫ਼ਾਈ, ਕੱਪੜੇ ਧੌਣਾ ਆਦਿ ਕੰਮ ਕਰਦੇ ਹਨ। ਇਸੇ ਕਰਕੇ ਸੁਬਰਨਾ ਚਾਹੁੰਦੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਸਲੇ ਨੂੰ ਆਪਣੇ ''ਦੇਸ਼ ਦੇ ਨਾਮ ਅਗਲੇ ਸੰਬੋਧਨ ਵਿੱਚ'' ਚੁੱਕਣ ਅਤੇ ''ਭਾਰਤ ਦੇ ਮਰਦਾਂ ਨੂੰ ਘਰ ਦੇ ਕੰਮ ਵਿੱਚ ਬਰਾਬਰ ਸਾਥ ਦੇਣ ਲਈ ਹੌਸਲਾ ਦੇਣ।''
ਸੁਬਰਨਾ ਨੇ ਲਿਖਿਆ, ''ਇਹ ਇੱਕ ਬੁਣਿਆਦੀ ਸਵਾਲ ਹੈ, ਬਹੁਤੇ ਲੋਕ ਇਸ ਬਾਰੇ ਗੱਲ਼ ਕਿਉਂ ਨਹੀਂ ਕਰਦੇ?''

ਸੁਬਰਨਾ ਘੋਸ਼ ਵੱਲੋਂ ਆਨਲਾਈਨ ਪਾਈ ਗਈ ਪਟਿਸ਼ਨ ਨੂੰ ਹੁਣ ਤੱਕ 70 ਹਜ਼ਾਰ ਤੋਂ ਵੱਧ ਲੋਕਾਂ ਦੇ ਦਸਤਖ਼ਤ ਮਿਲੇ ਹਨ। ਇੰਟਰਨੈਸ਼ਨਲ ਲੇਬਰ ਔਰਗਨਾਈਜ਼ੇਸ਼ਨ ਰਿਪੋਰਟ ਦੇ ਮੁਤਾਬਕ 2018 ਵਿੱਚ ਭਾਰਤ ਦੇ ਸ਼ਹਿਰਾਂ ਵਿੱਚ ਇੱਕ ਔਰਤ ਨੇ ਇੱਕ ਦਿਨ ਵਿੱਚ 312 ਮਿੰਟ ਅਨਪੇਡ ਕੇਅਰ ਵਰਕ (ਬਿਨਾਂ ਪੈਸੇ ਦੇ ਕੰਮ) ਲਈ ਗੁਜ਼ਾਰੇ ਤੇ ਮਰਦ ਨੇ ਮਹਿਜ਼ 29 ਮਿੰਟ।
ਦੂਜੇ ਪਾਸੇ ਪਿੰਡਾਂ ਵਿੱਚ ਇਹ ਅੰਕੜਾ 291 ਮਿੰਟ (ਔਰਤ) ਅਤੇ 32 (ਮਰਦ) ਦਾ ਹੈ।
ਘੋਸ਼ ਦੇ ਮੁੰਬਈ ਵਿਖੇ ਘਰ ਵਿੱਚ ਹਾਲਾਤ ਕੋਈ ਬਹੁਤੇ ਵੱਖਰੇ ਨਹੀਂ ਸਨ।
ਘੋਸ਼ ਨੇ ਪਟਿਸ਼ਨ ਬਾਰੇ ਬੀਬੀਸੀ ਨੂੰ ਦੱਸਿਆ, ''ਮੇਰੀ ਜ਼ਿੰਦਗੀ ਦੇ ਆਪਣੇ ਤਜਰਬਿਆਂ ਅਤੇ ਆਲੇ-ਦੁਆਲੇ ਕੰਮ ਕਰ ਰਹੀਆਂ ਔਰਤਾਂ ਤੋਂ ਹੀ ਇਹ ਗੱਲ ਨਿਕਲੀ।''
''ਘਰ ਦੇ ਕੰਮ-ਕਾਜ ਦਾ ਬੋਝ ਹਮੇਸ਼ਾ ਮੇਰਾ ਹੀ ਰਿਹਾ...ਖਾਣਾ ਬਣਾਉਣਾ, ਸਾਫ਼-ਸਫ਼ਾਈ, ਰੋਟੀ ਪਕਾਉਣਾ, ਕੱਪੜੇ ਧੌਣਾ ਤੇ ਕੱਪੜੇ ਤੈਅ ਲੌਣਾ ਤੇ ਹੋਰ ਵੀ ਬਹੁਤ ਕੁਝ ਮੈਂ ਹੀ ਕਰਦੀ ਹਾਂ।''
ਉਨ੍ਹਾਂ ਮੁਤਾਬਕ ਬੈਂਕ ਮੁਲਾਜ਼ਮ ਪਤੀ ''ਘਰ ਦੇ ਕੰਮ 'ਚ ਮਦਦ ਕਰਨ ਵਾਲੇ ਨਹੀਂ ਹਨ।''
ਪਰ ਉਨ੍ਹਾਂ ਦਾ ਪੁੱਤਰ ਅਤੇ ਧੀ ਕਦੇ-ਕਦਾਈਂ ਮਦਦ ਕਰ ਦਿੰਦੇ ਹਨ।
ਸੁਬਰਨਾ ਘੋਸ਼ ਇੱਕ ਚੈਰਿਟੀ ਚਲਾਉਂਦੇ ਹਨ ਜਿਸ ਵਿੱਚ ਇਨਸਾਫ਼ ਉੱਤੇ ਕੰਮ ਹੁੰਦਾ ਹੈ ਅਤੇ ਉਹ ਕਹਿੰਦੇ ਹਨ ਕਿ ਲੌਕਡਾਊਨ ਦੌਰਾਨ ਉਨ੍ਹਾਂ ਨੂੰ ਹੀ ਆਪਣੇ ਕੰਮ ਨਾਲ ਬਹੁਤ ਸਮਝੌਤਾ ਕਰਨਾ ਪਿਆ ਹੈ।
ਉਨ੍ਹਾਂ ਮੁਤਾਬਕ, ''ਲੌਕਡਾਊਨ ਦੌਰਾਨ ਅਪ੍ਰੈਲ ਵਿੱਚ ਮੇਰਾ ਕੰਮ ਸਭ ਤੋਂ ਵੱਧ ਪ੍ਰਭਾਵਿਤ ਹੋਇਆ। ਸਾਰਾ ਦਿਨ ਕੰਮ ਕਰਕੇ ਮੈਂ ਥੱਕ-ਹਾਰ ਜਾਂਦੀ ਸੀ। ਪਰਿਵਾਰ ਦੇ ਤੌਰ-ਤਰੀਕੇ ਬਦਲ ਗਏ ਹਾਲਾਂਕਿ ਮੈਂ ਸ਼ਿਕਾਇਤ ਵੀ ਬਹੁਤ ਕੀਤੀ ਪਰ ਉਹ ਕਹਿਣ ਲੱਗੇ, 'ਫ਼ਿਰ ਨਾ ਕਰੋ'।''
ਸੁਬਰਨਾ ਨੇ ਪਰਿਵਾਰ ਵਾਲਿਆਂ ਦੀ ਸਲਾਹ ਮੰਨੀ ਤੇ ਮਈ ਮਹੀਨੇ ਦੀ ਸ਼ੁਰੂਆਤ 'ਚ ਤਿੰਨ ਦਿਨਾਂ ਲਈ ਨਾ ਭਾਂਡੇ ਧੌਤੇ ਤੇ ਨਾ ਕੱਪੜੇ ਸਾਂਭੇ।
ਘੋਸ਼ ਨੇ ਕਿਹਾ, ''ਭਾਂਡੇ ਨਾ ਧੌਣ ਕਾਰਨ ਸਿੰਕ ਭਾਂਡਿਆਂ ਨਾਲ ਭਰ ਚੁੱਕਿਆ ਸੀ ਅਤੇ ਧੌਣ ਲਈ ਰੱਖੇ ਕੱਪੜਿਆਂ ਦਾ ਢੇਰ ਹੋਰ ਵੱਡਾ ਹੁੰਦਾ ਗਿਆ।''
ਇਸ ਤੋਂ ਬਾਅਦ ਘੋਸ਼ ਦੇ ਪਤੀ ਅਤੇ ਬੱਚਿਆਂ ਨੂੰ ਅਹਿਸਾਸ ਹੋਇਆ ਕਿ ਸੁਬਰਨਾ ਕਿੰਨੇ ਪਰੇਸ਼ਾਨ ਸਨ ਅਤੇ ਫ਼ਿਰ ਪਰਿਵਾਰ ਨੇ ਸਾਰਾ ਖਲਾਰਾ ਸਾਂਭਿਆ।

ਘੋਸ਼ ਕਹਿੰਦੇ ਹਨ, ''ਮੇਰੇ ਪਤੀ ਨੇ ਮੇਰਾ ਘਰਦਿਆਂ ਕੰਮਾਂ 'ਚ ਸਾਥ ਦੇਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੂੰ ਸਮਝ ਆਈ ਕਿ ਮੈਂ ਇਸ ਕਾਰਨ ਕਿੰਨੀ ਪਰੇਸ਼ਾਨ ਸੀ।''
''ਪਰ ਸਾਡੇ ਮਰਦ ਵੀ ਇਸ ਸਮਾਜ ਅਤੇ ਸੱਭਿਆਚਾਰ ਦੇ ਪੀੜਤ ਹਨ। ਉਨ੍ਹਾਂ ਨੂੰ ਘਰ ਦੇ ਕੰਮ ਕਰਨਾ ਨਹੀਂ ਸਿਖਾਇਆ ਜਾਂਦਾ। ਉਨ੍ਹਾਂ ਨੂੰ ਥੋੜ੍ਹਾ-ਬਹੁਤਾ ਕੰਮ ਆਉਣਾ ਚਾਹੀਦਾ ਹੈ।''
ਇਹ ਸਭ ਇਸ ਲਈ ਹੈ ਕਿਉਂਕਿ ਬਹੁਤੇ ਪਿੱਤਰਸੱਤਾ ਸਮਾਜ ਵਿੱਚ ਕੁੜੀਆਂ ਦਾ ਵਿਕਾਸ ਸ਼ੁਰੂ ਤੋਂ ਇਸੇ ਗੱਲ ਨੂੰ ਧਿਆਨ ਵਿੱਚ ਰੱਖ ਕੇ ਹੁੰਦਾ ਹੈ ਕਿ ਇਹ ਬਿਹਤਰ ਸੁਆਣੀਆਂ ਬਣਨਗੀਆਂ। ਇਸ ਗੱਲ ਨੂੰ ਹਲਕੇ ਵਿੱਚ ਲਿਆ ਜਾਂਦਾ ਹੈ ਕਿ ਘਰ ਦਾ ਕੰਮ-ਕਾਜ ਇਨ੍ਹਾਂ ਦੀ ਹੀ ਜ਼ਿੰਮੇਵਾਰੀ ਹੈ ਅਤੇ ਜੇ ਇਹ ਬਾਹਰ ਗਈਆਂ ਤਾਂ ਨੌਕਰੀ ਕਰਨੀ ਪਵੇਗੀ ਅਤੇ ਫ਼ਿਰ ''ਘਰ ਤੇ ਨੌਕਰੀ'' ਦੋਵੇਂ ਕੰਮ ਕਰਨੇ ਪੈਣਗੇ।
ਪੱਲਵੀ ਸਰੀਨ ਨੇ ਜਦੋਂ ਫੇਸਬੁੱਕ ਉੱਤੇ ਦੋਸਤਾਂ ਤੇ ਸਾਥੀਆਂ ਨੂੰ ਕੰਮ ਦੀ ਵੰਡ ਬਾਰੇ ਪੁੱਛਿਆਂ ਤਾਂ ਇੱਕ ਔਰਤ ਨੇ ਲਿਖਿਆ, ''ਨਿੱਕੇ ਹੁੰਦਿਆਂ ਮੈਂ ਹੀ ਘਰ ਦੇ ਕੰਮ ਕਰਦੀ ਸੀ, ਰਸੋਈ ਤੋਂ ਲੈ ਕੇ ਮਾਂ ਦੀ ਮਦਦ ਕਰਨ ਤੱਕ ਅਤੇ ਮੇਰਾ ਭਰਾ ਖ਼ੁਦ ਲਈ ਖਾਣਾ ਤੱਕ ਨਹੀਂ ਲਗਾ ਸਕਦਾ ਸੀ।''
ਉਪਾਸਨਾ ਭੱਟ ਲਿਖਦੇ ਹਨ, ''ਘਰ ਦੇ ਕੰਮਾਂ ਨੂੰ ਅਜੇ ਵੀ ਔਰਤ ਦਾ ਕੰਮ ਮੰਨਿਆ ਜਾਂਦਾ ਹੈ। ਜੇ ਮਰਦ ਮਦਦ ਦੀ ਪੇਸ਼ਕਸ਼ ਵੀ ਕਰਦਾ ਹੈ ਤਾਂ ਕਿੰਨੇ ਲੋਕ ਅਸਲ ਵਿੱਚ ਕਰਨਗੇ ਜੇ ਉਹ ਮਾਪਿਆਂ ਨਾਲ ਰਹਿ ਰਹੇ ਹੋਣ? ਉਹ ਸੱਚਮੁੱਚ ਇੱਕ ਪ੍ਰਗਤੀਸ਼ੀਲ ਦਿਨ ਹੋਵੇਗਾ। ਮੈਂ ਕੁਝ ਔਰਤਾਂ ਨੂੰ ਜਾਣਦੀ ਹਾਂ ਜਿਨ੍ਹਾਂ ਦੇ ਪਤੀ ਮਦਦ ਕਰਦੇ ਹਨ, ਪਰ ਜਦੋਂ ਮਾਪੇ ਆਉਂਦੇ ਹਨ ਤਾਂ ਰਸੋਈ ਵਿੱਚ ਸਾਥ ਨਹੀ ਦਿੰਦੇ।''
ਪਟਿਸ਼ਨ ਦਾਖਲ ਕਰਨ ਵਾਲੀ ਸੁਬਰਨਾ ਘੋਸ਼ ਦੇ ਉਮਰ ਦੇ ਨਾਲ ਵਿਚਾਰ ਬਦਲਦੇ ਗਏ। ਘੋਸ਼ ਨੇ ਆਪਣੀ ਮਾਂ ਅਤੇ ਆਂਟੀਆਂ ਨੂੰ ਘਰ ਦੇ ਸਾਰੇ ਕੰਮ ਕਰਦਿਆਂ ਦੇਖਿਆ ਅਤੇ ਸੋਚਿਆ, ''ਮੈਂ ਇਨ੍ਹਾਂ ਵਰਗੀ ਨਹੀਂ ਬਣਾਂਗੀ।''
ਜਦੋਂ ਘੋਸ਼ ਦਾ ਵਿਆਹ ਹੋਇਆ ਤਾਂ ਘਰ ਦੇ ਕੰਮ-ਕਾਜ ਨੌਕਰਾਂ ਕਰਕੇ ਚੱਲਦੇ ਰਹੇ, ਜਿਸ ਨਾਲ ਇਹ ਗ਼ਲਤ ਧਾਰਨਾ ਬਣੀ ਕਿ ਘਰ ਵਿੱਚ ਬਰਾਬਰਤਾ ਹੈ।
ਉਨ੍ਹਾਂ ਕਿਹਾ, ''ਨੌਕਰਾਂ ਦੇ ਕਰਕੇ ਘਰਾਂ ਵਿੱਚ ਸ਼ਾਂਤੀ ਵੀ ਕਾਇਮ ਰਹਿੰਦੀ ਹੈ ਤੇ ਕਿਉਂਕਿ ਕੰਮ ਉਹ ਸਾਂਭਦੇ ਹਨ ਤੇ ਲਗਦਾ ਹੈ ਜਿਵੇਂ ਸਭ ਕੁਝ ਠੀਕ-ਠੀਕ ਹੈ।''
ਪਰ ਲੌਕਡਾਊਨ ਤੋਂ ਬਾਅਦ ਅਸਲ ਹਕੀਕਤ ਸਾਹਮਣੇ ਆਉਂਦੀ ਹੈ। ਘਰ ਦੇ ਰੋਜ਼ਾਨਾ ਦੇ ਕੰਮ ਅਤੇ ਬਰਾਬਰਤਾ ਦਾ ਕੋਈ ਨਾਮੋ-ਨਿਸ਼ਾਨ ਹੀ ਨਹੀਂ।
ਘੋਸ਼ ਮੁਤਾਬਕ, ''ਲੌਕਡਾਊਨ ਕਰਕੇ ਦਰਾਰਾਂ ਹੋਰ ਸਾਫ਼ ਦਿਖੀਆਂ ਤੇ ਇਸ ਨਾਲ ਅੱਖਾਂ 'ਚ ਅੱਖਾਂ ਪਾ ਕੇ ਦੇਖਣ ਦਾ ਮੌਕਾ ਮਿਲਿਆ।''
ਇਸ ਤੋਂ ਬਾਅਦ ਹੀ ਸੁਬਰਨਾ ਘੋਸ਼ ਨੇ ਭਾਰਤੀ ਪ੍ਰਧਾਨ ਮੰਤਰੀ ਕੋਲ ਪਟਿਸ਼ਨ ਲਿਜਾਉਣ ਬਾਰੇ ਸੋਚਿਆ।

ਘੋਸ਼ ਨੇ ਆਪਣੇ ਗੁਆਂਢ ਦੀਆਂ ਔਰਤਾਂ ਨਾਲ ਵੀ ਗੱਲ ਕੀਤੀ ਅਤੇ ਉਨ੍ਹਾਂ ਮੁਤਾਬਕ ਉਹ ਵੀ ਘਰ ਦੇ ਕੰਮ-ਕਾਜ ਦੇ ਕਾਰਨ ਪਰੇਸ਼ਾਨ ਹਨ, ਪਰ ਬਹੁਤੀਆਂ ਔਰਤਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਸਾਥ ਦਿੰਦੇ ਹਨ।
ਘੋਸ਼ ਨੂੰ ਕਈਆਂ ਨੇ ਪੁੱਛਿਆ, ''ਪਤੀ ਕਿਵੇਂ ਖਾਣਾ ਪਕਾ ਜਾਂ ਸਾਫ਼-ਸਫ਼ਾਈ ਕਰ ਸਕਦਾ ਹੈ?' ਕਈਆਂ ਨੇ ਤਾਂ ਪਤੀਆਂ ਦੀ ਤਾਰੀਫ਼ ਵੀ ਕੀਤੀ ਤੇ ਕਿਹਾ ਉਹ ਬਹੁਤ ਚੰਗੇ ਨੇ ਤੇ ਮੈਂ ਜੋਂ ਬਣਾਉਂਦੀ ਹਾਂ ਉਹ ਬਿਨਾਂ ਸ਼ਿਕਾਇਤ ਖਾ ਲੈਂਦੇ ਹਨ।''
ਜਦੋਂ ਘੋਸ਼ ਨੇ ਆਪਣੇ ਪਤੀ ਨੂੰ ਪਟਿਸ਼ਨ ਫਾਈਲ ਕਰਨ ਬਾਰੇ ਦੱਸਿਆ ਤਾਂ ਘੋਸ਼ ਮੁਤਾਬਕ ਉਹ ''ਬਹੁਤ ਸਪੋਰਟਿਵ'' ਸਨ।
''ਉਨ੍ਹਾਂ ਦੇ ਦੋਸਤਾਂ ਨੇ ਮਜ਼ਾਕ ਉਡਾਇਆ ਤੇ ਪੁੱਛਿਆ, 'ਤੁਸੀਂ ਕੋਈ ਘਰ ਦਾ ਕੰਮ ਕਿਉਂ ਨਹੀਂ ਕਰਦੇ?' ਦੇਖੋ, ਤੁਹਾਡੀ ਪਤਨੀ ਨੇ ਮੋਦੀ ਨੂੰ ਪਟਿਸ਼ਨ ਪਾਈ ਹੈ!''
ਘੋਸ਼ ਮੁਤਾਬਕ ਪਤੀ ਨੇ ਦੋਸਤਾਂ ਨੂੰ ਹੱਸਦੇ ਹੋਏ ਕਿਹਾ, ''ਕਿਉਂਕਿ ਬਹੁਤੇ ਮਰਦ ਮੋਦੀ ਦੀ ਸੁਣਦੇ ਹਨ ਆਪਣੀ ਘਰਵਾਲੀਆਂ ਦੀ ਨਹੀਂ।''
ਸੁਬਰਨਾ ਘੋਸ਼ ਵੱਲੋਂ ਦਾਖ਼ਲ ਕੀਤੀ ਗਈ ਪਟਿਸ਼ਨ ਬਾਰੇ ਸੋਸ਼ਲ ਮੀਡੀਆ ਉੱਤੇ ਕਈ ਲੋਕਾਂ ਨੇ ਆਲੋਚਨਾ ਵੀ ਕੀਤੀ। ਕਈਆਂ ਨੇ ਕਿਹਾ ਕਿ ਉਹ ''ਨਿੱਕੇ ਮਸਲੇ'' ਲਈ ਪ੍ਰਧਾਨ ਮੰਤਰੀ ਨੂੰ ਤੰਗ ਕਰ ਰਹੇ ਹਨ।
ਘੋਸ਼ ਮੁਤਾਬਕ ਕਈਆਂ ਨੇ ਉਨ੍ਹਾਂ ਨੂੰ ਲਿਖਿਆ, ''ਭਾਰਤੀ ਔਰਤਾਂ ਨੂੰ ਆਪਣੇ ਘਰ ਦੇ ਕੰਮ ਕਰਨੇ ਚਾਹੀਦੇ ਹਨ।''
''ਹਾਂ, ਅਸੀਂ ਕਰਦੀਆਂ ਹਾਂ ਪਰ ਮਰਦ ਕਿੱਥੇ ਹਨ?''
ਘੋਸ਼ ਕਹਿੰਦੇ ਹਨ, ''ਮੈਨੂੰ ਆਸ ਹੈ ਕਿ ਮੋਦੀ ਘਰ ਦੇ ਕੰਮ-ਕਾਜ ਉੱਤੇ ਗੱਲ ਕਰਨਗੇ। ਔਰਤਾਂ ਵਿਚਾਲੇ ਮੋਦੀ ਖ਼ਾਸੇ ਪ੍ਰਸਿੱਧ ਹਨ, ਸੋ ਉਨ੍ਹਾਂ ਨੂੰ ਔਰਤਾਂ ਨਾਲ ਜੁੜੇ ਅਹਿਮ ਮਸਲੇ ਉੱਤੇ ਗੱਲ ਕਰਨੀ ਚਾਹੀਦੀ ਹੈ।"
"ਜਦੋਂ ਬਰਸਾਤੀ ਮੌਸਮ ਸ਼ੁਰੂ ਹੋਇਆ ਤਾਂ ਉਨ੍ਹਾਂ ਖੰਘ੍ਹ ਅਤੇ ਜ਼ੁਕਾਮ ਦੀ ਗੱਲ ਕੀਤੀ ਸੀ ਤਾਂ ਉਹ ਲਿੰਗ ਬਰਾਬਰੀ ਦੀ ਗੱਲ ਕਿਉਂ ਨਹੀਂ ਕਰਨਗੇ?''





ਇਹ ਵੀਡੀਓ ਵੀ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












