ਵਰਵਰਾ ਰਾਓ: ਇਨਕਲਾਬੀ ਕਵੀ ਜਿਸਦੀ ਰਿਹਾਈ ਲਈ ਪੰਜਾਬ ਹਰਿਆਣਾ ਸਣੇ ਭਾਰਤ ਭਰ ਹੋ ਰਹੇ ਮੁਜ਼ਾਹਰੇ

ਪ੍ਰੋਫੈਸਰ ਵਰਵਰਾ ਰਾਓ ਅਤੇ ਹੋਰ ਲੋਕਪੱਖੀ ਬੁੱਧੀਜੀਵੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਹਿੱਸਿਆਂ ‘ਚ ਰੋਸ-ਮੁਜ਼ਾਹਰੇ ਹੋਏ।

ਪ੍ਰੋ. ਰਾਓ ਦੇ ਕੋਰੋਨਾ ਪੌਜ਼ੀਟਿਵ ਆਉਣ ਤੋਂ ਬਾਅਦ ਉਨ੍ਹਾਂ ਦੀ ਤਬੀਅਤ ਲਗਾਤਾਰ ਵਿਗੜਦੀ ਦੱਸੀ ਜਾ ਰਹੀ ਹੈ। 81 ਸਾਲਾ ਇਨਕਲਾਬੀ ਕਵੀ ਵਰਵਰਾ ਰਾਓ ਦੀ ਰਿਹਾਈ ਨੂੰ ਲੈ ਕੇ ਸੰਘਰਸ਼ ਹੁਣ ਤੇਜ਼ ਹੋ ਗਿਆ ਹੈ।

ਤਬੀਅਤ ਵਿਗੜਨ ਕਾਰਨ ਬੀਤੀ ਰਾਤ ਕਰੀਬ ਡੇਢ ਵਜੇ ਉਨ੍ਹਾਂ ਨੂੰ ਸੈਂਟ ਜੌਰਜ ਹਸਪਤਾਲ ਤੋਂ ਨਾਨਾਵਤੀ ਹਸਪਤਾਲ ਵਿਚ ਸ਼ਿਫ਼ਟ ਕੀਤਾ ਗਿਆ।

ਵੀਰਵਾਰ ਨੂੰ ਉਨ੍ਹਾਂ ਦਾ ਕੋਵਿਡ ਟੈਸਟ ਹੋਇਆ ਸੀ ਜਿਸ ਵਿੱਚ ਉਹ ਪੌਜ਼ਿਟਿਵ ਪਾਏ ਗਏ। ਕਮਜ਼ੋਰੀ ਕਾਰਨ ਉਹ ਤੁਰਨ ਫਿਰਨ ਵਿੱਚ ਅਸਮਰਥ ਦੱਸੇ ਜਾ ਰਹੇ ਹਨ।

ਬੀਤੀ 28 ਮਈ ਨੂੰ ਵਰਵਰਾ ਰਾਓ ਨੂੰ ਭੀਮਾ ਕੋਰੇਗਾਂਵ ਕੇਸ 'ਚ ਇੱਕ ਅਹਿਮ ਦੋਸ਼ੀ ਕਰਾਰ ਦਿੰਦੇ ਹੋਏ ਜ਼ਮਾਨਤ ਨਾ ਦੇਣ ਦੀ ਅਪੀਲ ਕੀਤੀ ਸੀ।

ਇਸ ਤੋਂ ਬਾਅਦ ਕੋਰਟ ਨੇ ਰਾਓ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ।

ਮਹਾਰਾਸ਼ਟਰ ਦੇ ਭੀਮਾ-ਕੋਰੇਗਾਂਓ ਵਿੱਚ ਇੱਕ ਜਨਵਰੀ, 2018 ਨੂੰ ਹਿੰਸਾ ਭੜਕੀ ਸੀ। ਪੁਣੇ ਨੇੜੇ ਸਥਿਤ ਭੀਮਾ-ਕੋਰੇਗਾਂਓ ਵਿੱਚ ਪੇਸ਼ਵਾ 'ਤੇ ਦਲਿਤਾਂ ਦੀ ਜਿੱਤ ਦੇ 200 ਸਾਲ ਪੂਰੇ ਹੋਣ ਦੇ ਜਸ਼ਨ ਦੌਰਾਨ ਹਿੰਸਾ ਭੜਕੀ ਸੀ।

ਇਸ ਹਿੰਸਾ ਵਿੱਚ ਇੱਕ ਆਦਮੀ ਦੀ ਮੌਤ ਹੋਈ ਸੀ ਅਤੇ ਕੁਝ ਲੋਕ ਜ਼ਖਮੀ ਹੋ ਗਏ ਸਨ। ਜ਼ਖਮੀਆਂ ਵਿੱਚ ਕੁਝ ਪੁਲਿਸ ਮੁਲਾਜ਼ਮ ਵੀ ਸ਼ਾਮਿਲ ਸਨ।

ਕੌਣ ਹਨ ਵਰਵਰਾ ਰਾਓ?

ਤੇਲੰਗਾਨਾ ਦੇ ਰਹਿਣ ਵਾਲੇ ਵਰਵਰਾ ਰਾਓ ਖੱਬੇ ਪੱਖੀਆਂ ਦੇ ਸਮਰਥਕ, ਲੇਖਕ, ਕਵੀ ਅਤੇ ਲੇਖਕਾਂ ਦੀ ਕ੍ਰਾਂਤੀਕਾਰੀ 'ਐਸੋਸ਼ੀਏਸ਼ਨ ਵਿਪਲਵ ਰਚਯਤਾਲਾ ਸੰਘਮ' ਦੇ ਸੰਸਥਾਪਕ ਹਨ, ਇਸ ਨੂੰ ਵਿਰਾਸਮ ਵੀ ਕਿਹਾ ਜਾਂਦਾ ਹੈ।

ਤੇਲੰਗਾਮਾ ਦੇ ਵਾਰੰਗਲ ਜ਼ਿਲ੍ਹੇ ਦੇ ਚਿਨਾ ਪੇਂਡਯਾਲਾ ਪਿੰਡ ਵਿੱਚ ਉਨ੍ਹਾਂ ਦਾ ਜਨਮ ਹੋਇਆ। ਐਮਰਜੈਂਸੀ ਦੌਰਾਨ ਉਨ੍ਹਾਂ ਨੂੰ ਸਾਜਿਸ਼ ਰਚਣ ਦੇ ਇਲਜ਼ਾਮਾਂ ਹੇਠ ਗ੍ਰਿਫਤਾਰ ਕੀਤਾ ਗਿਆ ਪਰ ਬਾਅਦ ਵਿੱਚ ਉਹ ਬਰੀ ਹੋ ਗਏ।

ਰਾਮ ਨਗਰ ਸਾਜਿਸ਼ ਤੇ ਸਿਕੰਦਰਾਬਾਦ ਸਾਜਿਸ਼ ਕੇਸ ਸਣੇ 20 ਮਾਮਲਿਆਂ ਵਿੱਚ ਵਰਵਰਾ ਰਾਓ ਨਾਲ ਪੁੱਛਗਿੱਛ ਹੋ ਚੁੱਕੀ ਹੈ।

ਹਿੰਸਾ ਦੇ ਖ਼ਾਤਮੇ ਲਈ ਮਾਓਵਾਦੀਆਂ, ਚੰਦਰਬਾਬੂ ਨਾਇਡੂ ਅਤੇ ਵਾਈਐਸ ਰਾਜਾ ਸੇਖਰ ਰੈੱਡੀ ਦੀ ਸਰਕਾਰ ਨਾਲ ਗੱਲਬਾਤ ਲਈ ਵਰਵਰਾ ਰਾਓ ਵਿਚੋਲੇ ਦੀ ਭੂਮਿਕਾ ਨਿਭਾ ਚੁੱਕੇ ਹਨ।

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)