ਕੋਰੋਨਾ ਕਾਲ ਵਿੱਚ ਘਰ ਤੋਂ ਕੰਮ ਕਰਦੀਆਂ ਔਰਤਾਂ ਦਾ ਸ਼ੋਸ਼ਣ ਕਿਵੇਂ ਹੋ ਰਿਹਾ

    • ਲੇਖਕ, ਕਮਲੇਸ਼
    • ਰੋਲ, ਬੀਬੀਸੀ ਪੱਤਰਕਾਰ

ਇੱਕ ਪੁਰਸ਼ ਸਹਿਕਰਮੀ ਆਪਣੀ ਮਹਿਲਾ ਬੌਸ ਨਾਲ ਵੀਡੀਓ ਕਾਨਫਰੰਸ ਵਿੱਚ ਬਿਨਾ ਪੈਂਟ-ਸ਼ਰਟ ਪਹਿਨੇ ਆ ਗਿਆ। ਉਸ ਨੇ ਸ਼ਰਾਬ ਵੀ ਪੀਤੀ ਹੋਈ ਸੀ।

ਦਫ਼ਤਰ ਦੀ ਇੱਕ ਵੀਡੀਓ ਕਾਨਫਰੰਸ ਦੌਰਾਨ ਪੁਰਸ਼ ਕਰਮੀ ਨੇ ਇੱਕ ਔਰਤ ਸਹਿਕਰਮੀ ਦੀ ਤਸਵੀਰ ਦਾ ਬਿਨਾਂ ਪੁੱਛੇ ਸਕਰੀਨਸ਼ੌਟ ਲੈ ਲਿਆ।

ਇੱਕ ਸੀਨੀਅਰ ਅਧਿਕਾਰੀ ਨੇ ਮਹਿਲਾ ਸਹਿਕਰਮੀ ਨੂੰ ਦੇਰ ਰਾਤ ਫੋਨ ਕਰਕੇ ਕਿਹਾ, “ਮੈਂ ਬਹੁਤ ਬੋਰ ਹੋ ਗਿਆ ਹਾਂ, ਕੁਝ ਨਿੱਜੀ ਗੱਲਾਂ ਕਰਦੇ ਹਾਂ।”

ਲੌਕਡਾਊਨ ਕਾਰਨ ਦਫ਼ਤਰ ਘਰ ਸ਼ਿਫਟ ਹੋ ਗਿਆ ਹੈ ਪਰ ਇਸ ਦੇ ਨਾਲ ਹੀ ਜਿਨਸੀ ਸ਼ੋਸ਼ਣ ਦੇ ਮਾਮਲੇ ਵੀ ਹੁਣ ਦਫ਼ਤਰ ਤੋਂ ਘਰ ਤੱਕ ਪਹੁੰਚ ਗਏ ਹਨ।

ਕੰਮਕਾਜ ਦੀ ਥਾਂ 'ਚ ਜਿਨਸੀ ਸ਼ੋਸ਼ਣ ਦੇ ਮਾਮਲੇ ਪਹਿਲਾਂ ਵੀ ਆਉਂਦੇ ਰਹੇ ਹਨ ਪਰ ਵਰਕ ਫਰੋਮ ਵਿੱਚ ਵੀ ਹੁਣ ਇਹ ਸਮੱਸਿਆ ਆਉਣ ਲੱਗੀ ਹੈ।

ਲੋਕ ਵੀਡੀਓ ਕਾਨਫਰੰਸ ਵਿੱਚ ਮੀਟਿੰਗ ਕਰ ਰਹੇ ਹਨ, ਮੈਸਜ ਜਾਂ ਆਨਲਾਈਨ ਮੀਡੀਅਮ ਰਾਹੀਂ ਜ਼ਿਆਦਾ ਤੋਂ ਜ਼ਿਆਦਾ ਸੰਪਰਕ ਕਰ ਰਹੇ ਹਨ। ਅਜਿਹੇ ਵਿੱਚ ਔਰਤਾਂ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਵਿੱਚ ਇੱਕ ਨਵੀਂ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰ ਰਹੀਆਂ ਹਨ।

ਐੱਚਆਰ 'ਕੰਸਲਟੈਂਸੀ' 'ਕੇਲਪਐੱਚਆਰ' ਕੋਲ ਔਰਤਾਂ ਨੇ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਕੀਤੀਆਂ ਹਨ। ਕੇਲਪਐੱਚਆਰ ਜਿਨਸੀ ਸ਼ੋਸ਼ਣ ਦੇ ਖੇਤਰ ਵਿੱਚ ਕੰਮ ਕਰਦੀ ਹੈ।

ਇਸ ਦੀ ਸਹਿ-ਸਸੰਥਾਪਕ ਸਮਿਤਾ ਕਪੂਰ ਕਹਿੰਦੀ ਹੈ, "ਲੌਕਡਾਊਨ ਦੌਰਾਨ ਸਾਡੇ ਕੋਲ ਔਰਤਾਂ ਦੀਆਂ ਸ਼ਿਕਾਇਤਾਂ ਆਈਆਂ ਹਨ, ਜਿਨ੍ਹਾਂ ਨੇ ਵਰਕ ਫਰੋਮ ਹੋਮ ਵਿੱਚ ਜਿਨਸੀ ਸ਼ੋਸ਼ਣ ਦੇ ਮਸਲੇ 'ਤੇ ਸਲਾਹ ਮੰਗੀ ਹੈ।"

"ਕੁਝ ਔਰਤਾਂ ਨੂੰ ਇਹ ਉਲਝਣ ਹੈ ਕਿ ਵਰਕ ਫਰੋਮ ਹੋਮ ਹੋਣ ਕਾਰਨ ਕੀ ਇਹ ਦਫ਼ਤਰ 'ਚ ਜਿਨਸੀ ਸ਼ੋਸ਼ਣ ਦੇ ਤਹਿਤ ਆਵੇਗਾ। ਇਸ ਵਿੱਚ ਅੱਗੇ ਕੀ ਕਰਨਾ ਹੈ। ਕੁਝ ਔਰਤਾਂ ਨੇ ਇਸ ਸਬੰਧੀ ਆਪਣੇ ਦਫ਼ਤਰ ਵਿੱਚ ਵੀ ਸ਼ਿਕਾਇਤ ਕੀਤੀ ਹੈ।

ਵਰਕ ਫਰੋਮ ਪਹਿਲਾਂ ਤੋਂ ਵੀ ਰੁਝਾਨ ਵਿੱਚ ਰਿਹਾ ਹੈ ਪਰ ਲੌਕਡਾਊਨ ਦੌਰਾਨ ਇਹ ਵੱਡੀ ਜ਼ਰੂਰਤ ਬਣ ਗਿਆ ਹੈ। ਸਰਕਾਰੀ ਤੋਂ ਲੈ ਕੇ ਨਿੱਜੀ ਕੰਪਨੀਆਂ ਵਰਕ ਫਰੋਮ ਨੂੰ ਹੀ ਪ੍ਰਾਥਮਿਕਤਾ ਦੇ ਰਹੀਆਂ ਹਨ।

ਪਰ, ਇਸ ਨੂੰ ਲੈ ਕੇ ਜਾਗਰੂਕਤਾ ਘੱਟ ਹੈ ਕਿ ਜੇਕਰ ਘਰੋਂ ਕੰਮ ਕਰਦਿਆਂ ਹੋਇਆ ਜਿਨਸੀ ਸ਼ੋਸ਼ਣ ਹੁੰਦਾ ਹੈ ਤਾਂ ਉਹ ਕਿਸ ਕਾਨੂੰਨ ਤਹਿਤ ਆਵੇਗਾ। ਔਰਤਾਂ ਅਜਿਹੇ ਵਿੱਚ ਕੀ ਕਰ ਸਕਦੀਆਂ ਹਨ।

ਵਰਕ ਫਰੋਮ ਹੋਮ ਵਿੱਚ ਜਿਨਸੀ ਸ਼ੋਸ਼ਣ ਵਿੱਚ ਵੀ ਉਹੀ ਨਿਯਮ-ਕਾਨੂੰਨ ਲਾਗੂ ਹੋਣਗੇ ਜੋ ਕੰਮਕਾਜੀ ਥਾਂ 'ਚ ਹੋਣ ਵਾਲੇ ਮਾਮਲਿਆਂ ਵਿੱਚ ਲਾਗੂ ਹੁੰਦੇ ਹਨ।

ਜੇਕਰ ਕਿਸੇ ਔਰਤ ਨਾਲ ਅਜਿਹਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਉਹ ਦਫ਼ਤਰ 'ਚ ਜਿਨਸੀ ਸ਼ੋਸ਼ਣ ਕਾਨੂੰਨ ਦੇ ਤਹਿਤ ਆਪਣੀਆਂ ਸ਼ਿਕਾਇਤਾਂ ਦਰਜ ਕਰਾ ਸਕਦੀਆਂ ਹਨ।

ਕੰਮਕਾਜ ਦੀ ਥਾਂ ਦੀ ਪਰਿਭਾਸ਼ਾ

ਜਿਨਸੀ ਸ਼ੋਸ਼ਣ ਖ਼ਿਲਾਫ਼ ਸਹਾਇਤਾ ਕਰਨ ਵਾਲੀ ਸੰਸਥਾ "ਸਾਸ਼ਾ" ਦੀ ਸੰਸਥਾਪਕ ਅਤੇ ਵਕੀਲ ਕਾਂਤੀ ਜੋਸ਼ੀ ਕਹਿੰਦੀ ਹੈ ਕਿ ਪਹਿਲਾਂ ਸਾਨੂੰ ਇਹ ਸਮਝਣਾ ਹੋਵੇਗਾ ਕਿ ਕੰਮਕਾਜ ਦੀ ਥਾਂ ਦੀ ਪਰਿਭਾਸ਼ੀ ਕੀ ਹੈ।

ਕੰਮਕਾਜ ਦੀ ਥਾਂ ਦਾ ਦਾਇਰਾ ਸਿਰਫ਼ ਦਫ਼ਤਰ ਤੱਕ ਹੀ ਸੀਮਤ ਨਹੀਂ ਹੈ। ਕੰਮ ਦੇ ਸਿਲਸਿਲੇ ਵਿੱਚ ਤੁਸੀਂ ਕਿਤੇ ਵੀ ਹੋ ਜਾਂ ਘਟਨਾ ਕੰਮ ਨਾਲ ਜੁੜੀ ਹੈ ਤਾਂ ਉਹ ਕੰਮਕਾਜੀ ਥਾਂ ਦੇ ਦਾਇਰੇ ਵਿੱਚ ਆਉਂਦੀ ਹੈ।

ਕਾਂਤੀ ਜੋਸ਼ੀ ਕਹਿੰਦੀ ਹੈ, "ਸਾਡੇ ਕੋਲ ਇੱਕ ਮਾਮਲਾ ਆਇਆ ਸੀ ਕਿ ਮੈਨੇਜਰ ਨੇ ਔਰਤ ਸਹਿਕਰਮੀ ਨੂੰ ਕਿਹਾ ਹੈ ਕਿ ਲੌਕਡਾਊਨ ਵਿੱਚ ਮਿਲੇ ਹੋਏ ਕਾਫੀ ਦਿਨ ਹੋ ਗਏ। ਮੈਂ ਤੇਰੇ ਘਰ ਦੇ ਸਾਹਮਣਿਓਂ ਜਾ ਰਿਹਾ ਹਾਂ, ਚਲੋ ਮਿਲਦੇ ਹਾਂ। ਇਸ ਤਰ੍ਹਾਂ ਦੇ ਮਾਮਲੇ ਵੀ ਜਿਨਸੀ ਸ਼ੋਸ਼ਣ ਦਾ ਹਿੱਸਾ ਹਨ।"

"ਸੈਕਸੂਅਲ ਸੁਭਾਅ ਦਾ ਕੋਈ ਵੀ ਵਤੀਰਾ ਜੋ ਤੁਹਾਡੀ ਇੱਛਾ ਦੇ ਵਿਰੁੱਧ ਹੋਵੇ, ਤੁਸੀਂ ਉਸ ਦੀ ਸ਼ਿਕਾਇਤ ਕਰ ਸਕਦੀ ਹੈ। ਅਜਿਹੇ ਮਾਮਲਿਆਂ ਦੀ ਜਾਂਚ ਲਈ 10 ਤੋਂ ਜ਼ਿਆਦਾ ਕਰਮੀਆਂ ਵਾਲੀ ਕਿਸੇ ਵੀ ਕੰਪਨੀ ਵਿੱਚ ਅੰਦਰੂਨੀ ਸ਼ਿਕਾਇਕ ਕਮੇਟੀ ਬਣੀ ਹੁੰਦੀ ਹੈ।"

ਔਰਤਾਂ ਨੂੰ ਕਾਨੂੰਨੀ ਸਹਿਯੋਗ ਦੇਣ ਅਤੇ ਉਨ੍ਹਾਂ ਦੇ ਸ਼ੋਸ਼ਣ 'ਤੇ ਰੋਕ ਲਗਾਉਣ ਲਈ ਕੰਮਕਾਜ ਦੀਆਂ ਥਾਵਾਂ 'ਤੇ ਔਰਤਾਂ ਦਾ ਜਿਨਸੀ ਸ਼ੋਸ਼ਣ (ਰੋਕਥਾਮ, ਮਨਾਹੀ ਅਤੇ ਨਿਦਾਨ) ਐਕਟ 2013 ਤਹਿਤ ਲਿਆ ਗਿਆ ਸੀ। ਇਸ ਨੂੰ ਵਿਸ਼ਾਖਾ ਗਾਈਡਲਾਈਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।

ਇਸ ਕਾਨੂੰਨ ਦੇ ਤਹਿਤ ਸੰਗਠਿਤ ਅਤੇ ਗ਼ੈਰ-ਸੰਗਠਿਤ ਦੋਵੇਂ ਹੀ ਤਰ੍ਹਾਂ ਖੇਤਰ ਸ਼ਾਮਲ ਹਨ। ਇਸ ਕਾਨੂੰਨ ਸਬੰਧੀ ਹੋਰ ਜਾਣਕਾਰੀਆਂ ਹੇਠਾਂ ਦਿੱਤੀਆਂ ਗਈਆਂ ਹਨ।

ਜਿਨਸੀ ਸ਼ੋਸ਼ਣ ਕੀ ਹੈ

ਔਰਤਾਂ ਦੀ ਇੱਛਾ ਵਿਰੁੱਧ ਜਿਨਸੀ ਭਾਵਨਾ ਨਾਲ ਸੰਚਾਲਿਤ ਕੀਤੇ ਗਏ ਵਿਹਾਰ ਨੂੰ ਜਿਨਸੀ ਸ਼ੋਸ਼ਣ ਮੰਨਿਆ ਜਾਵੇਗਾ। ਇਸ ਵਿੱਚ ਜਿਨਸੀ ਸਬੰਧੀ ਕੋਈ ਵੀ ਸਰੀਰਕ, ਮੌਖਿਕ ਜਾਂ ਅਮੌਖਿਕ ਵਤੀਰਾ ਸ਼ਾਮਲ ਹੈ।

ਜੇਕਰ ਕਿਸੇ ਔਰਤ ਦੇ ਆਪਣੇ ਸੀਨੀਅਰ ਜਾਂ ਸਹਿਕਰਮੀ ਨਾਲ ਕਿਸੇ ਤਰ੍ਹਾਂ ਸਬੰਧ ਰਹੇ ਹੋਣ ਪਰ ਵਰਤਮਾਨ ਵਿੱਚ ਔਰਤ ਦੀ ਸਹਿਮਤੀ ਨਾ ਹੋਣ 'ਤੇ ਵੀ ਉਸ 'ਤੇ ਅੰਦਰੂਨੀ ਸਬੰਧ ਬਣਾਉਣ ਲਈ ਦਬਾਅ ਪਾਉਣਾ ਸ਼ੋਸ਼ਣ ਹੈ।

ਵਰਚੂਅਲ ਜਾਂ ਆਨਲਾਈਨ ਜਿਨਸੀ ਸ਼ੋਸ਼ਣ ਦੀ ਗੱਲ ਕਰੀਏ ਤਾਂ ਉਸ ਵਿੱਚ ਇਤਰਾਜ਼ਯੋਗ ਮੈਸਜ, ਆਨਲਾਈਨ ਸਟੌਕਿੰਗ, ਵੀਡੀਓ ਕਾਲ ਲਈ ਦਬਾਅ, ਅਸ਼ਲੀਲ ਜੋਕਸ ਅਤੇ ਵੀਡੀਓ ਕਾਨਫਰੰਸ ਵਿੱਚ ਉਚਿਤ ਡਰੈੱਸ ਵਿੱਚ ਨਾ ਹੋਣਾ ਸ਼ਾਮਿਲ ਹੈ।

ਸ਼ਿਕਾਇਤ ਦਰਜ ਕਰਵਾਉਣ ਦੀ ਪ੍ਰਕਿਰਿਆ

ਕੋਈ ਵੀ ਔਰਤ ਅਜਿਹੀ ਘਟਨਾ ਹੋਣ ਦੇ ਤਿੰਨ ਮਹੀਨਿਆਂ ਅੰਦਰ ਆਪਣੀ ਸ਼ਿਕਾਇਤ ਕਮੇਟੀ ਨੂੰ ਦੇ ਸਕਦੀ ਹੈ।

ਕੰਪਨੀ ਵੱਲੋਂ ਇੱਕ ਅੰਦਰੂਨੀ ਸ਼ਿਕਾਇਤ ਕਮੇਟੀ ਬਣਾਈ ਜਾਵੇਗੀ।

ਔਰਤਾਂ ਲਈ ਇੱਕ ਵਿਸ਼ੇਸ਼ ਸਲਾਹਕਾਰ ਹੋਵੇਗਾ।

ਕਮੇਟੀ ਵਿੱਚ ਘੱਟੋ-ਘੱਟ ਅੱਧੀ ਗਿਣਤੀ ਔਰਤਾਂ ਦੀ ਹੋਵੇਗੀ।

ਇੱਕ ਮੈਂਬਰ ਔਰਤਾਂ ਸਬੰਧੀ ਮੁੱਦਿਆਂ 'ਤੇ ਕੰਮ ਕਰਨ ਵਾਲੀ ਗ਼ੈਰ-ਸਰਕਾਰੀ ਸੰਸਥਾ ਨਾਲ ਜਾਂ ਜਿਨਸੀ ਸ਼ੋਸ਼ਣ ਨਾਲ ਜੁੜੇ ਮਾਮਲਿਆਂ ਦਾ ਜਾਣਕਾਰ ਵਿਅਕਤੀ ਹੋਵੇਗਾ।

ਜੇਕਰ ਕਿਸੇ ਕੰਪਨੀ ਵਿੱਚ 10 ਤੋਂ ਘੱਟ ਕਰਮੀ ਹੁੰਦੇ ਹਨ ਜਾਂ ਕੰਪਨੀ ਮਾਲਕ ਸਵੈ ਇਲਜ਼ਾਮ ਦਾ ਪਾਤਰ ਹੋਵੇ ਤਾਂ ਸਥਾਨਕ ਸ਼ਿਕਾਇਤ ਕਮੇਟੀ ਬਣਾਈ ਜਾਵੇਗੀ। ਜ਼ਿਲ੍ਹਾ ਅਧਿਕਾਰੀ ਵੱਲੋਂ ਇਸ ਕਮੇਟੀ ਦਾ ਗਠਨ ਕੀਤਾ ਜਾਵੇਗਾ। ਔਰਤ ਸਥਾਨਕ ਥਾਣੇ ਵਿੱਚ ਵੀ ਸ਼ਿਕਾਇਤ ਦਰਜ ਕਰਵਾ ਸਕਦੀ ਹੈ।

ਕਮੇਟੀ ਦੀ ਜਾਂਚ ਤਿੰਨ ਮਹੀਨਿਆਂ ਦੇ ਅੰਦਰ ਪੂਰੀ ਹੋਣੀ ਲਾਜ਼ਮੀ ਹੈ।

ਜਾਂਚ ਦੌਰਾਨ ਔਰਤਾਂ ਨੂੰ ਤੁਰੰਤ ਫੌਰੀ ਰਾਹਤ ਦਿੱਤੀ ਜਾਂਦੀ ਹੈ। ਇਸ ਨੂੰ ਪੇਡ ਲੀਵ (ਭੁਗਤਾਨ ਸਣੇ ਛੁੱਟੀ) ਮਿਲ ਸਕਦੀ ਹੈ ਅਤੇ ਉਹ ਤਬਾਦਲਾ ਵੀ ਕਰਵਾ ਸਕਦੀ ਹੈ।

ਲੌਕਡਾਊਨ ਵਿੱਚ ਆਨਲਾਈਨ ਸੁਣਵਾਈ

ਕਾਂਤੀ ਜੋਸ਼ੀ ਦੱਸਦੀ ਹੈ ਕਿ ਲੌਕਡਾਈਨ ਕਾਰਨ ਅਜਿਹੇ ਵਿੱਚ ਮਾਮਲਿਆਂ ਵਿੱਚ ਆਨਲਾਈਨ ਸੁਣਵਾਈ ਵੀ ਕੀਤੀ ਜਾ ਰਹੀ ਹੈ, ਤਾਂ ਜੋ ਸਮੇਂ 'ਤੇ ਨਿਆਂ ਕੀਤਾ ਜਾ ਸਕੇ। ਉਨ੍ਹਾਂ ਨੇ ਆਨਲਾਈਨ ਸੁਣਵਾਈ ਨਾਲ ਜੁੜੀਆਂ ਕੁਝ ਮਹੱਤਵਪੂਰਨ ਗੱਲਾਂ ਦੱਸੀਆਂ।

ਕਮੇਟੀ ਦੋਵਾਂ ਨਾਲ ਆਨਲਾਈਨ ਮੀਡੀਅਮ ਨਾਲ ਸੁਣਵਾਈ ਲਈ ਸਹਿਮਤੀ ਲੈਂਦੀ ਹੈ। ਸ਼ਿਕਾਇਤ ਦੇ 7 ਦਿਨਾਂ ਦੇ ਅੰਦਰ ਮੁਲਜ਼ਮ ਨੂੰ ਇਲਜ਼ਾਮਾਂ ਬਾਰੇ ਸੂਚਿਤ ਕੀਤਾ ਜਾਂਦਾ ਹੈ।

ਮੁਲਜ਼ਮਾਂ ਨੂੰ 10 ਦਿਨਾਂ ਦੇ ਅੰਦਰ ਆਪਣੀ ਜਵਾਬ ਲਿਖਤ ਵਿੱਚ ਦੇਣਾ ਹੁੰਦਾ ਹੈ, ਇਸ ਤੋਂ ਬਾਅਦ ਕਮੇਟੀ ਦੋਵਾਂ ਪੱਖਾਂ ਨੂੰ ਸੁਣਦੀ ਹੈ ਅਤੇ ਜੇਕਰ ਦੋਵੇਂ ਪੱਖ ਸਹਿਮਤ ਹੋਣ ਤਾਂ ਆਨਲਾਈਨ ਸੁਣਵਾਈ ਹੁੰਦੀ ਹੈ।

ਜੇਕਰ ਮੁਲਜ਼ਮ ਜਾਂ ਪੀੜਤ ਇਹ ਕਹੇ ਕਿ ਉਹ ਆਨਲਾਈਨ ਸੁਣਵਾਈ ਲਈ ਤਿਆਰ ਨਹੀਂ ਹੈ ਕਿਉਂਕਿ ਪਰਿਵਾਰ ਦੇ ਸਾਹਮਣੇ ਉਹ ਵੀਡੀਓ 'ਤੇ ਸੁਣਵਾਈ ਵਿੱਚ ਨਹੀਂ ਆ ਸਕਦਾ, ਤਾਂ ਅਜਿਹੇ ਵਿੱਚ ਜਾਂਚ ਰੋਕੀ ਜਾ ਸਕਦੀ ਹੈ ਜਦੋਂ ਤੱਕ ਕਿ ਦੋਵਾਂ ਮੁਲਜ਼ਮ ਅਤੇ ਪੀੜਤ ਦੀ ਸਮੱਸਿਆ ਨਾ ਖ਼ਤਮ ਹੋ ਜਾਵੇ।

ਇੱਕ ਅਜਿਹੇ ਹੀ ਮਾਮਲੇ ਵਿੱਚ ਮੁਲਜ਼ਮ ਦਾ ਲਿਖਤ ਜਵਾਬ ਲੈ ਕੇ ਜਾਂਚ ਨੂੰ ਲੌਕਡਾਊਨ ਖ਼ਤਮ ਹੋਣ ਤੱਕ ਰੋਕ ਦਿੱਤਾ ਸੀ। ਇਸ ਤੋਂ ਬਾਅਦ ਅਫ਼ਸਰ ਬੁਲਾ ਕੇ ਅੱਗੇ ਦੀ ਕਾਰਵਾਈ ਕੀਤੀ ਗਈ ਸੀ।

ਇਨ੍ਹਾਂ ਤਿੰਨ ਗੱਲਾਂ ਦਾ ਧਿਆਨ ਰੱਖੋ

ਸਮਿਤਾ ਕਹਿੰਦੀ ਹੈ ਕਿ ਵਰਕ ਫਰੋਮ ਹੋਮ ਜ਼ਰੂਰ ਇੱਕ ਨਵਾਂ ਰੁਝਾਨ ਹੈ ਪਰ ਜਿਨਸੀ ਸ਼ੋਸ਼ਣ ਦੀਆਂ ਸ਼ਿਕਾਇਤਾਂ ਵਿੱਚ ਔਰਤਾਂ ਨੂੰ ਬਿਲਕੁਲ ਵੀ ਉਲਝਣ ਵਿੱਚ ਪੈਣ ਦੀ ਲੋੜ ਨਹੀਂ ਹੈ।

“ਮੈਂ ਉਨ੍ਹਾਂ ਸਲਾਹ ਦੇਵਾਂਗੀ ਕਿ ਸਭ ਤੋੰ ਪਹਿਲਾਂ ਖ਼ੁਦ ਨੂੰ ਦੋਸ਼ ਨਾ ਦੇਣ। ਤੁਸੀਂ ਕੀ ਬੋਲਿਆ, ਤੁਸੀਂ ਕਿਵੇਂ ਬੈਠੇ ਸੀ, ਕੀ ਫੋਟੋ ਪਾਈ ਸੀ, ਇਸ 'ਤੇ ਗੌਰ ਨਾ ਕਰਨ।

ਦੂਜਾ, ਜੇਕਰ ਤੁਹਾਨੂੰ ਕਿਸੇ ਦਾ ਵਿਹਾਰ ਅਸ਼ਲੀਲ ਜਾਂ ਇਤਰਾਜ਼ਯੋਗ ਲਗਦਾ ਹੈ ਤਾਂ ਉਸ ਨੂੰ ਤੁਰੰਤ ਟੋਕੋ ਅਤੇ ਸਬੂਤ ਜਾਂ ਗੱਲਾਂ ਨੂੰ ਰਿਕਾਰਡ ਕਰੋ। ਸਮਿਤਾ ਦੱਸਦੀ ਹੈ ਕਿ ਵੀਡੀਓ ਕਾਨਫਰੰਸ ਦੌਰਾਨ ਜਦੋਂ ਇੱਕ ਔਰਤ ਦੇ ਸਾਹਮਣੇ ਉਸ ਦਾ ਪੁਰਸ਼ ਸਹਿਮਕਰਮੀ ਅੰਡਰਗਾਰਮੈਂਟ ਵਿੱਚ ਆਇਆ ਤਾਂ ਪਹਿਲਾਂ ਇਸ ਨੂੰ ਟੋਕਿਆ, ਫਿਰ ਉਸ ਦਾ ਸਕਰੀਨ ਸ਼ੌਟ ਲਿਆ ਅਤੇ ਫਿਰ ਕਾਲ ਡਿਸਕਨੈਕਟ ਕਰ ਦਿੱਤੀ ਹੈ।

ਤੀਜਾ, ਇਸ ਤੋਂ ਬਾਅਦ ਮਾਮਲੇ ਦੀ ਤੁਰੰਤ ਸ਼ਿਕਾਇਤ ਕਰੋ। ਗ਼ੈਰ-ਜ਼ਰੂਰੀ ਥਾਵਾਂ 'ਤੇ ਚਰਚਾ ਕਰਨ ਦੀ ਬਜਾਇ ਕੰਪਨੀ ਵਿੱਚ ਕਮੇਟੀ ਦੇ ਮੈਂਬਰਾਂ ਨੂੰ ਇਸ ਬਾਰੇ ਸ਼ਿਕਾਇਤ ਕਰੋ।

ਸਮਿਤਾ ਕਪੂਰ ਕਹਿੰਦੀ ਹੈ ਕਿ ਕਈ ਵਾਰ ਮੁਲਜ਼ਮ ਕਹਿ ਸਕਦਾ ਹੈ ਕਿ ਘਰ ਮੇਰਾ ਪਰਸਨਲ ਸਪੇਸ ਹੈ ਅਤੇ ਇੱਥੇ ਮੈਂ ਨਿਯਮਾਂ ਵਿੱਚ ਬੰਨ੍ਹਿਆਂ ਨਹੀਂ ਹਾਂ। ਇਸ ਦੇ ਨਾਲ ਹੀ ਇਸ ਵਿੱਚ ਕੰਮਕਾਜੀ ਥਾਵਾਂ ਦੀ ਗੱਲ ਹੋਵੇ ਤਾਂ ਘਟਨਾ ਵੇਲੇ ਦਫ਼ਤਰ ਟਾਈਮ ਸੀ ਜਾਂ ਨਹੀਂ ਇਹ ਵੀ ਦੇਖਿਆ ਜਾ ਸਕਦਾ ਹੈ।

ਪਰ, ਫਿਰ ਕੰਪਨੀ ਕਹਿੰਦੀ ਹੈ ਕਿ ਪੀੜਤ ਨੂੰ ਇੰਨਾ ਸੋਚਣ ਦੀ ਲੋੜ ਨਹੀਂ ਹੈ। ਜੇਕਰ ਉਸ ਨੂੰ ਕਿਸੇ ਵਤੀਰੇ 'ਤੇ ਇਤਰਾਜ਼ ਲੱਗਾ ਤਾਂ ਉਸ ਬਾਰੇ ਕੰਪਨੀ ਨੂੰ ਜ਼ਰੂਰ ਸੂਚਿਤ ਕਰੇ।

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)