ਕੋਰੋਨਾਵਾਇਰਸ : ਵਿਆਹ ਤੋਂ 2 ਦਿਨ ਬਾਅਦ ਲਾੜੇ ਦੀ ਮੌਤ, 111 ਬਰਾਤੀ ਤੇ ਪ੍ਰਬੰਧਕ ਪੌਜ਼ਿਟਿਵ

ਅਨਲੌਕ-1 ਤੋਂ ਬਾਅਦ 8 ਜੂਨ ਤੋਂ 50 ਮਹਿਮਾਨਾਂ ਨਾਲ ਵਿਆਹ ਸਮਾਗਮ ਕਰਨ ਦੀ ਆਗਿਆ ਦਿੱਤੀ ਗਈ ਹੈ। ਫਿਰ ਵੀ ਲੁਕ-ਛਿਪ ਕੇ ਹੀ ਸਹੀ ਵਿਆਹ ਪਹਿਲਾਂ ਵਾਂਗ ਹੋਣ ਲੱਗ ਪਏ ਹਨ।

ਪੁੱਛੇ ਜਾਣ ’ਤੇ ਪ੍ਰਬੰਧਕ ਇਹੀ ਕਹਿੰਦੇ ਹਨ ਕਿ ਉਨ੍ਹਾਂ ਨੇ 50 ਤੋਂ ਘੱਟ ਮਹਿਮਾਨਾਂ ਨੂੰ ਹੀ ਸੱਦਾ ਦਿੱਤਾ ਸੀ। ਪਟਨਾ ਵਿੱਚ ਹੋਏ ਅਜਿਹੇ ਹੀ ਇੱਕ ਵਿਆਹ ਦੇ ਚਰਚੇ ਹਨ।

ਪਟਨਾ ਦੇ ਪਾਲੀਗੰਜ ਵਿੱਚ ਹੋਏ ਇੱਕ ਵਿਆਹ ਸਮਾਗਮ ਨੇ ਇਨ੍ਹਾਂ ਪ੍ਰੋਗਰਾਮਾਂ ਬਾਰੇ ਇੱਕ ਸਵਾਲ ਖੜ੍ਹਾ ਕਰ ਦਿੱਤਾ ਹੈ।

ਸਥਾਨਕ ਅਖ਼ਬਾਰਾਂ ਮੁਤਾਬਕ ਇਹ ਵਿਆਹ ਮੰਗਲਵਾਰ ਨੂੰ ਹੋਇਆ ਅਤੇ ਇਸ ਵਿੱਚ ਸ਼ਾਮਲ 111 ਜਣਿਆਂ ਨੂੰ ਕੋਰੋਨਾਵਇਰਸ ਦੀ ਲਾਗ ਲੱਗ ਗਈ ਹੈ। ਜਦਕਿ ਲਾੜੇ ਦੀ ਦੋ ਦਿਨਾਂ ਬਾਅਦ ਹੀ ਮੌਤ ਹੋ ਗਈ ਹੈ।

ਜਿਨ੍ਹਾਂ ਲੋਕਾਂ ਨੂੰ ਲਾਗ ਲੱਗੀ ਹੈ ਉਹ ਜਾਂ ਤਾਂ ਉਸੇ ਮੁਹੱਲੇ ਦੇ ਸਨ ਜਾਂ ਵਿਆਹ ਵਿੱਚ ਮਹਿਮਾਨ ਬਣ ਕੇ ਆਏ ਸਨ।

ਪਾਲੀਗੰਜ ਦੇ ਇਸੇ ਵਿਆਹ ਦੇ ਕਾਰਨ ਲਾਗ ਲੱਗਣ ਵਾਲੇ ਇੱਕ ਵਿਅਕਤੀ ਨੂੰ ਬਿਹਟਾ ਦੇ ਆਐੱਸਆਈਸੀ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਰੱਖਿਆ ਗਿਆ ਹੈ।

ਉਨ੍ਹਾਂ ਨੇ ਬੀਬੀਸੀ ਨੂੰ ਫ਼ੋਨ ਉੱਪਰ ਜਾਣਕਾਰੀ ਦਿੰਦਿਆਂ ਕਿਹਾ,“ਮੇਰਾ ਉਸ ਵਿਆਹ ਨਾਲ ਕੋਈ ਵਾਸਤਾ ਨਹੀਂ ਸੀ। ਇੱਥੋਂ ਤੱਕ ਕਿ ਮੈਂ ਉਸ ਸਮਾਗਮ ਵਿੱਚ ਸ਼ਾਮਲ ਵੀ ਨਹੀਂ ਹੋਇਆ ਪਰ ਮੇਰਾ ਸੰਪਰਕ ਉਨ੍ਹਾਂ ਲੋਕਾਂ ਨਾਲ ਰਿਹਾ ਹੈ ਜੋ ਵਿਆਹ ਵਿੱਚ ਸ਼ਾਮਲ ਹੋਏ ਸਨ ਅਤੇ ਹੁਣ ਉਨ੍ਹਾਂ ਨੂੰ ਲਾਗ ਲੱਗ ਗਈ ਹੈ।''

ਉਨ੍ਹਾਂ ਦੇ ਮੁਤਾਬਕ ਲਾਗ ਦੀ ਚੇਨ ਇੰਨੀ ਲੰਬੀ ਹੋ ਗਈ ਹੈ ਕਿ ਵਿਆਹ ਵਿੱਚ ਲੱਗੇ ਹਲਵਾਈ, ਫ਼ੋਟੋਗਰਾਫ਼ਰ, ਮੁਹੱਲੇ ਦੇ ਕਰਿਆਨੇ ਵਾਲੇ ਅਤੇ ਸਬਜ਼ੀ ਵੇਚਣ ਵਾਲੇ ਵੀ ਲਾਗ ਦੇ ਸ਼ਿਕਾਰ ਹੋ ਗਏ ਹਨ।

ਇਸ ਵਿਆਹ ਦੀ ਸਭ ਤੋਂ ਧਿਆਨਦੇਣਯੋਗ ਗੱਲ ਇਹ ਹੈ ਕਿ ਲਾੜੇ ਦੀ ਮੌਤ ਵਿਆਹ ਤੋਂ ਦੋ ਦਿਨ ਬਾਅਦ ਹੀ 17 ਜੂਨ ਨੂੰ ਉਸ ਸਮੇਂ ਹੋ ਗਈ ਜਦੋਂ ਉਸ ਨੂੰ ਕਥਿਤ ਤੌਰ ਤੇ ਢਿੱਡ ਦੁਖ਼ਦੇ ਦੀ ਸ਼ਿਕਾਇਤ ਤੋਂ ਬਾਅਦ ਰਿਸ਼ਤੇਦਾਰ ਪਟਨਾ ਦੇ ਏਮਜ਼ ਹਸਪਤਾਲ ਵਿੱਚ ਲੈ ਕੇ ਜਾ ਰਹੇ ਸਨ।

ਲਾੜੇ ਦਾ ਪਿਤਾ ਇਸ ਸਮੇਂ ਮਸੌੜੀ ਦੇ ਹਸਪਤਾਲ ਵਿੱਚ ਬਣੇ ਆਈਸੋਲੇਸ਼ਨ ਵਾਰਡ ਵਿੱਚ ਭਰਤੀ ਹੈ।

ਉਨ੍ਹਾਂ ਨੇ ਬੀਬੀਸੀ ਨੂੰ ਫ਼ੋਨ ਉੱਪਰ ਦੱਸਿਆ, “ਏਮਜ਼ ਦੇ ਗੇਟ ਤੇ ਪਹੁੰਚਣਾ, ਡਰਾਈਵਰ ਦਾ ਚਾਬੀ ਘੁੰਮਾ ਕੇ ਗੱਡੀ ਬੰਦ ਕਰਨਾ ਅਤੇ ਮੇਰੇ ਪੁੱਤਰ ਦੀ ਮੌਤ ਸਭ ਕੁਝ ਇੱਕੋ ਸਮੇਂ ਹੋਇਆ। ਹਾਲਾਂਕਿ ਅਸੀ ਫਿਰ ਵੀ ਬੌਡੀ ਹਸਪਤਾਲ ਦੇ ਅੰਦਰ ਲੈ ਗਏ। ਉੱਥੇ ਡਾਕਟਰਾਂ ਨੇ ਜਾਂਚ ਕੀਤੀ ਅਤੇ ਮੁਰਦਾ ਐਲਾਨ ਕਰ ਦਿੱਤਾ। ਸਾਨੂੰ ਇੱਕ ਪਰਚੀ ਦਿੱਤੀ ਗਈ ਅਤੇ ਕਿਹਾ ਗਿਆ ਕਿ ਇਹ ਡੈਥ ਸਰਟੀਫਿਕੇਟ ਦੇ ਕੰਮ ਆਵੇਗੀ। ਹਸਪਤਾਲ ਤੋਂ ਲਾਸ਼ ਘਰੇ ਲਿਆ ਕੇ ਅਸੀਂ ਰੀਤੀ ਰਿਵਾਜਾਂ ਮੁਤਾਬਕ ਸਸਕਾਰ ਕਰ ਦਿੱਤਾ।”

ਲਾੜੇ ਦੀ ਮੌਤ ਤੋਂ ਬਾਅਦ ਵਿਆਹ ਦੀ ਚਰਚਾ

ਲਾੜੇ ਦੀ ਮੌਤ ਦੇ ਨਾਲ ਹੀ ਇਸ ਵਿਆਹ ਦੀ ਆਸ-ਪਾਸ ਰਹਿਣ ਵਾਲੇ ਲੋਕਾਂ ਨੇ ਇਸ ਵਿਆਹ ਬਾਰੇ ਚਰਚਾ ਸ਼ੁਰੂ ਕਰ ਦਿੱਤੀ।

ਪਾਲੀਗੰਜ ਦੇ ਸਥਾਨਕ ਪੱਤਰਕਾਰ ਆਦਿਤਿਆ ਕੁਮਾਰ ਕਹਿੰਦੇ ਹਨ,“ਲਾੜਾ ਗੁੜਗਾਵ ਵਿੱਚ ਇੰਜੀਨੀਅਰ ਸੀ। ਆਪਣੇ ਵਿਆਹ ਦੇ ਲਈ ਹੀ ਉਹ 23 ਮਈ ਨੂੰ ਕਾਰ ਰਾਹੀਂ ਇੱਥੇ ਪਹੁੰਚਿਆ ਸੀ। ਵਿਆਹ ਦੀ ਤਰੀਕ ਪੱਕੀ ਹੋ ਚੁੱਕੀ ਸੀ। ਲੇਕਿਨ ਜਿਵੇਂ ਹੀ ਲਾੜੇ ਦੀ ਮੌਤ ਹੋਈ ਇਲਾਕੇ ਵਿੱਚ ਹਵਾ ਚੱਲਣ ਲੱਗੀ ਕਿ ਲਾੜਾ ਕੋਰੋਨਾ ਨਾਲ ਮਰਿਆ ਹੈ। ਲੋਕ ਭਾਂਤ-ਸੁਭਾਂਤੀਆਂ ਗੱਲਾਂ ਕਰਨ ਲੱਗੇ। ਕਿਸੇ ਨੇ ਕਿਹਾ ਕਿ ਮੁੰਡੇ ਦੀ ਤਬੀਅਤ ਖ਼ਰਾਬ ਰਹਿੰਦੀ ਸੀ, ਕੋਈ ਕਹਿ ਰਿਹਾ ਸੀ ਕਿ ਉਹ ਲੋਕ ਝਾੜ-ਫੂੰਕ ਕਰਾ ਰਹੇ ਸਨ।”

ਆਦਿਤਿਆ ਨੇ ਅੱਗੇ ਦੱਸਿਆ,“ਲੋਕਾਂ ਨਮੇ ਡਰ ਕੇ ਖ਼ੁਦ ਫ਼ੋਨ ਕਰ ਕੇ ਮੈਡੀਕਲ ਟੀਮ ਸੱਦੀ। ਪਹਿਲੇ ਚਰਣ ਵਿੱਚ 9 ਮਰੀਜ਼ ਮਿਲੇ। ਫਿਰ 22 ਜੂਨ ਨੂੰ 15 ਹੋਰ ਲੋਕਾਂ ਦੀ ਰਿਪੋਰਟ ਪੌਜ਼ਿਟੀਵ ਆਈ। ਇਸ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਆਇਆ ਅਤੇ ਇਲਾਕੇ ਨੂੰ ਕੰਟੇਨਮੈਂਟ ਜ਼ੋਨ ਐਲਾਨ ਦਿੱਤਾ ਗਿਆ। ਸਾਰਿਆਂ ਦੀ ਸਕਰੀਨਿੰਗ ਹੋਣ ਲੱਗ। ਹੁਣ ਅੰਕੜਾ 111 ਤੇ ਪਹੁੰਚ ਗਿਆ ਹੈ। ਕਈਆਂ ਦੀ ਜਾਂਚ ਹਾਲੇ ਹੋਣੀ ਬਾਕੀ ਹੈ।”

ਲਾੜੇ ਦੀ ਕੋਰੋਨਾ ਰਿਪੋਰਟ ਕਿੱਥੇ ਹੈ?

ਇਸ ਬਾਰੇ ਹਾਲੇ ਸ਼ਸ਼ੋਪੰਜ ਦੀ ਸਥਿਤੀ ਬਣੀ ਹੋਈ ਹੈ।

ਇੱਕ ਪਾਸੇ ਮੁੰਡੇ ਦੇ ਪਿਤਾ ਦਾ ਕਹਿਣਾ ਹੈ,“ਮੇਰਾ ਪੁੱਤਰ ਇੱਕਦਮ ਤੰਦਰੁਸਤ ਸੀ। ਗੁੜਗਾਂਵ ਵਿੱਚ ਆਪਣੀ ਜਾਂਚ ਕਰਾਈ ਸੀ। ਕਾਲ ਨਾਲ ਦੋ ਭਰਾਵਾਂ ਅਤੇ ਭਾਈ ਅਤੇ ਭੈਣ-ਬੱਚਿਆਂ ਨਾਲ ਇਹ ਛੇ ਜਣੇ ਆਏ ਸਨ। ਸਾਰਿਆਂ ਨੇ ਸਾਡੇ ਘਰ ਦੀ ਉੱਪਰਲੀ ਮੰਜ਼ਿਲ ਵਿੱਚ 14 ਦਿਨਾਂ ਦਾ ਕੁਆਰੰਟੀਨ ਦਾ ਸਮਾਂ ਬਿਤਾਇਆ ਸੀ। ਉਹ 6 ਜੂਨ ਤੋਂ ਸਾਡੇ ਨਾਲ ਰਹਿਣ ਲੱਗੇ ਸਨ ਕਿਉਂਕਿ 8 ਜੂਨ ਨੂੰ ਉਸ ਦਾ ਤਿਲਕ ਸੀ।”

ਲਾੜੇ ਦੇ ਪਿਤਾ ਨੂੰ ਇਸ ਗੱਲ ਦਾ ਤਾਂ ਦੁੱਖ ਹੈ ਕਿ ਉਨ੍ਹਾਂ ਦਾ ਪੁੱਤਰ ਮਰ ਗਿਆ ਪਰ ਉਸ ਤੋਂ ਵੀ ਵਧੇਰੇ ਦੁੱਖ ਇਸ ਗੱਲ ਦਾ ਹੈ ਕਿ ਸਮਾਜ ਦੇ ਲੋਕ ਉਨ੍ਹਾਂ ਬਾਰੇ ਅਤੇ ਉਨ੍ਹਾਂ ਦੇ ਪੁੱਤਰ ਬਾਰੇ ਕੋਰੋਨਾ ਨੂੰ ਲੈ ਕੇ ਮੂੰਹ ਆਈਆਂ ਗੱਲਾਂ ਕਰ ਰਹੇ ਹਨ।

ਪਿਤਾ ਅੱਗੇ ਦਸਦੇ ਹਨ,“ ਲੋਕ ਮੇਰੇ ਤੇ ਕਲੰਕ ਲਾ ਰਹੇ ਹਨ। ਮੈਂ ਉਸ ਦੀ ਮੈਡੀਕਲ ਰਿਪੋਰਟ ਲਈ ਹਸਪਤਾਲ ਪ੍ਰਬੰਧਨ ਨਾਲ ਦੋ ਵਾਰ ਗੱਲ ਕੀਤੀ ਪਰ ਹਾਲੇ ਤੱਕ ਤਿਆਰ ਨਹੀਂ ਹੋਈ ਸੀ। ਇਸੇ ਦੌਰਾਨ ਮੇਰੀ ਵੀ ਜਾਂਚ ਕਰਵਾਈ ਗਈ ਤਾਂ ਰਿਪੋਰਟ ਪੌਜ਼ਿਟੀਵ ਆ ਗਈ। ਫਿਰ ਜਾ ਨਹੀਂ ਸਕਿਆ ਰਿਪੋਰਟ ਲੈਣ ਲਈ ਕਿਉਂਕਿ 23 ਜੂਨ ਤੋਂ ਮੈਨੂੰ ਵੀ ਆਈਸੋਲੇਸ਼ਨ ਸੈਂਟਰ ਵਿੱਚ ਰੱਖ ਦਿੱਤਾ ਗਿਆ ਹੈ।”

ਲਾੜੇ ਦੀ ਕੋਰੋਨਾ ਜਾਂਚ ਬਾਰੇ ਅਸੀਂ ਨਾਲ ਗੱਲ ਕੀਤੀ ਏਮਜ਼ ਦੇ ਡਾਇਰਕੈਟ ਪ੍ਰਭਾਤ ਕੁਮਾਰ ਨਾਲ। ਉਹ ਇਸ ਤਰ੍ਹਾਂ ਦੇ ਕਿਸੇ ਵੀ ਮਾਮਲੇ ਤੋਂ ਅਨਜਾਣ ਹੋਣ ਦਾ ਦਾਅਵਾ ਕਰਦੇ ਹਨ।

ਉਨ੍ਹਾਂ ਨੇ ਦੱਸਿਆ,“ਜੇ ਸਾਡੇ ਰਿਕਾਰਡ ਵਿੱਚ ਅਜਿਹਾ ਕੋਈ ਕੇਸ ਹੁੰਦਾ ਤਾਂ ਮੈਨੂੰ ਜਾਣਕਾਰੀ ਹੁੰਦੀ। ਜਿੱਥੋਂ ਤੱਕ ਮੈਂ ਜਾਣਦਾ ਹਾਂ, ਕੋਰੋਨਾ ਨਾਲ ਜੁੜਿਆ ਕੋਈ ਮਾਮਲਾ ਸਾਡੇ ਇੱਥੇ ਨਹੀਂ ਆਇਆ ਹੈ।”

ਅਨਲੌਕ-1 ਦੇ ਨਿਯਮਾਂ ਦੀ ਉਲੰਘਣਾ

ਉਂਝ ਦਾਂ ਨਿਯਮਾਂ ਦੇ ਮੁਤਾਬਕ ਅਨਲੌਕ ਭਾਰਤ ਵਿੱਚ ਵਿਆਹ ਦੇ ਦੌਰਾਨ ਸਿਰਫ਼ 50 ਮਹਿਮਾਨ ਸੱਦਣ ਦੀ ਆਗਿਆ ਦਿੰਦਾ ਹੈ ਪਰ ਪੀਲੀਗੰਜ ਦੇ ਇਸ ਵਿਆਹ ਨਾਲ ਜੁੜੇ ਹੁਣ ਤੱਕ 400 ਜਣਿਆਂ ਦੇ ਸੈਂਪਲ ਲਏ ਜਾ ਚੁੱਕੇ ਹਨ ਜਿਨ੍ਹਾਂ ਵਿੱਚੋਂ 111 ਪੌਜ਼ਿਟੀਵ ਆਏ ਹਨ।

ਟੈਸਟ ਸੈਂਪਰ ਉੱਪਰ ਧਿਆਨ ਦੇਈਏ ਤਾਂ ਕਿਹਾ ਜਾ ਸਕਦਾ ਹੈ ਕਿ ਵਿਆਹ ਵਿੱਚ ਸ਼ਾਮਲ ਲੋਕਾਂ ਦੀ ਗਿਣਤੀ 50 ਤੋਂ ਕਿਤੇ ਜ਼ਿਆਦਾ ਰਹੀ ਹੋਵੇਗੀ। ਜੋ ਕਿ ਅਨਲੌਕ ਦੇ ਨਿਯਮਾਂ ਦੀ ਉਲੰਘਣਾ ਹੈ।

ਪਾਲੀਗੰਜ ਦੇ ਐੱਸਐੱਚਓ ਸੁਨੀਲ ਕੁਮਾਰ ਕਹਿੰਦੇ ਹਨ,“ਮਨਜ਼ੂਰੀ ਤਾਂ ਉਨ੍ਹਾਂ ਨੇ 50 ਜਣਿਆਂ ਦੀ ਹੀ ਲਈ ਸੀ ਪਰ ਹੁਣ ਜਾਂਚ ਵਿੱਚ ਪਤਾ ਲੱਗ ਰਿਹਾ ਹੈ ਕਿ ਵਧੇਰੇ ਲੋਕਾਂ ਦਾ ਇਕੱਠ ਹੋ ਗਿਆ ਸੀ। ਅਸੀਂ ਸ਼ਾਮਲ ਸਾਰੇ ਜਣਿਆਂ ਦੀ ਪਛਾਣ ਕਰ ਰਹੇ ਹਾਂ ਤੇ ਸਕਰੀਨਿੰਗ ਕਰਵਾ ਰਹੇ ਹਾਂ। ਕਾਰਵਾਈ ਤਾਂ ਉਦੋਂ ਹੀ ਹੋ ਸਕੇਗੀ ਜਦੋਂ ਉਹ ਕੁਆਰੰਟੀਨ ਪੂਰਾ ਕਰ ਲੈਣਗੇ।”

ਇਲਕੇ ਦੇ ਬੀਡੀਓ ਚਿਰੰਜੀਵ ਪਾਂਡੇ ਕਹਿੰਦੇ ਹਨ,“ਹਸਪਤਾਲ ਦੀਆਂ ਟੀਮਾਂ ਲਾਗ ਵਾਲੇ ਲੋਕਾਂ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਪਛਾਣ ਕਰਨਗੀਆਂ। ਮੁਹੱਲਿਆਂ ਨੂੰ ਸੈਨੇਟਾਈਜ਼ ਕਰਨ ਦਾ ਕੰਮ ਚੱਲ ਰਿਹਾ ਹੈ। ਜਿਸ ਤਰ੍ਹਾਂ ਦੀ ਲੰਬੀ ਚੇਨ ਬਣੀ ਹੈ, ਕਿਆਸ ਹੈ ਕਿ ਲਾਗ ਵਾਲਿਆਂ ਦੀ ਗਿਣਤੀ ਕਿਤੇ ਹੋਰ ਨਾ ਵਧ ਜਾਵੇ।”

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ