ਪਾਰਲੇ-ਜੀ: 12 ਲੋਕਾਂ ਨਾਲ ਸ਼ੁਰੂ ਹੋਈ ਪਾਰਲੇ-ਜੀ ਫੈਕਟਰੀ ਦੀ ਕਹਾਣੀ ਜਾਣੋ

ਕਈ ਤਰ੍ਹਾਂ ਦੇ ਬਿਸਕੁਟ ਤੇ ਹੋਰ ਸਾਮਾਨ ਬਣਾਉਣ ਵਾਲੀ ਨਾਮੀ ਕੰਪਨੀ ਪਾਰਲੇ ਨੇ ਪਿਛਲੇ 4 ਦਹਾਕਿਆਂ ਵਿੱਚ ਸਭ ਤੋਂ ਵੱਧ ਬਿਸਕੁਟ ਵੇਚਣ ਦਾ ਰਿਕਾਰਡ ਕਾਇਮ ਕੀਤਾ ਹੈ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਕੰਪਨੀ ਦੇ ਸੀਨੀਅਰ ਅਧਿਕਾਰੀ ਮਯੰਕ ਸ਼ਾਹ ਨੇ ਕਿਹਾ ਹੈ ਕਿ ਲੌਕਡਾਊਨ ਦੌਰਾਨ ਅਪ੍ਰੈਲ ਅਤੇ ਮਈ ਮਹੀਨੇ 'ਚ ਪਾਰਲੇ-ਜੀ ਬਿਸਕੁਟ ਦੀ ਖ਼ਪਤ ਵਿਆਪਕ ਪੱਧਰ ਉੱਤੇ ਰਹੀ।

ਮੁਕਾਬਲੇ ਵਾਲੇ ਬਿਸਕੁਟ ਸੈਗਮੈਂਟ ਵਿੱਚ ਕੰਪਨੀ ਨੂੰ ਲਗਭਗ 5 ਫ਼ੀਸਦੀ ਮਾਰਕਿਟ ਸ਼ੇਅਰ ਦਾ ਵਾਧਾ ਮਿਲਿਆ ਹੈ।

ਪਾਰਲੇ ਪ੍ਰੋਡਕਟਸ ਦੇ ਸੀਨੀਅਰ ਕੈਟੇਗਰੀ ਹੈੱਡ ਮਯੰਕ ਸ਼ਾਹ ਨੇ ਦੱਸਿਆ ਕਿ ਪਾਰਲੇ-ਜੀ ਬਿਸਕੁਟਾਂ ਨੂੰ ਇਸ ਕਰਕੇ ਵੀ ਤਰਜੀਹ ਮਿਲੀ ਕਿਉਂਕਿ ਇਨ੍ਹਾਂ ਨੂੰ ਸਰਕਾਰੀ ਏਜੰਸੀਆਂ ਅਤੇ ਗ਼ੈਰ-ਸਰਕਾਰੀ ਸੰਸਥਾਵਾਂ ਵੱਲੋਂ ਫ਼ੂਡ ਰਿਲੀਫ਼ ਪੈਕੇਜਿਜ਼ ਵਿੱਚ ਮਹਾਂਮਾਰੀ ਦੌਰਾਨ ਲੋਕਾਂ ਨੂੰ ਵੰਡਿਆ ਗਿਆ।

ਉਨ੍ਹਾਂ ਅੱਗੇ ਕਿਹਾ ਕਿ ਪਾਰਲੇ-ਜੀ ਬਿਸਕੁਟਾਂ ਦੀ ਵੱਧ ਖ਼ਪਤ ਦਾ ਕਾਰਨ ਇਸ ਦਾ ਛੋਟਾ 2 ਰੁਪਏ ਵਾਲਾ ਪੈਕਟ ਹੋਣਾ ਵੀ ਹੈ ਅਤੇ ਇਨ੍ਹਾਂ ਨੂੰ ਗਲੁਕੋਜ਼ ਦਾ ਚੰਗਾ ਸਰੋਤ ਮੰਨਿਆ ਜਾਂਦਾ ਹੈ।

ਮਯੰਕ ਸ਼ਾਹ ਨੇ ਅੱਗੇ ਕਿਹਾ, ''ਇਹ ਵਿਕਰੀ ਹਾਲ ਹੀ ਦੇ ਸਮਿਆਂ ਵਿੱਚ ਸਭ ਤੋਂ ਉੱਤੇ ਹੈ। ਘੱਟੋ-ਘੱਟ ਪਿਛਲੇ 30-40 ਸਾਲਾਂ ਵਿੱਚ ਅਸੀਂ ਇਸ ਤਰ੍ਹਾਂ ਦੀ ਸੇਲ ਨਹੀਂ ਦੇਖੀ।''

ਦੱਸ ਦਈਏ ਕਿ ਪਾਰਲੇ-ਜੀ ਵੱਲੋਂ ਕੋਰੋਨਾਵਾਇਰਸ ਮਹਾਂਮਾਰੀ ਦੀ ਮਾਰ ਝੱਲ ਰਹੇ ਭਾਰਤ ਵਿੱਚ ਤਿੰਨ ਕਰੋੜ ਪਾਰਲੇ-ਜੀ ਬਿਸਕੁਟ ਦੇ ਪੈਕੇਟ ਦਾਨ ਕਰਨ ਦਾ ਵੀ ਐਲਾਨ ਕੀਤਾ ਗਿਆ ਸੀ।

ਕੀ ਹੈ ਪਾਰਲੇ ਕੰਪਨੀ ਦਾ ਇਤਿਹਾਸ?

ਕੰਪਨੀ ਦੀ ਵੈੱਬਸਾਈਟ ਦੱਸਦੀ ਕਿ 1929 ਤੋਂ ਉਹ ਭਾਰਤ ਦੇ ਮੁੱਖ ਬਿਸਕੁਟ ਅਤੇ ਕਨਫ਼ੈਕਸ਼ਨਰੀ ਨਿਰਮਾਤਾ ਬਣਨ ਵੱਲ ਵਧੇ ਹਨ।

ਭਾਰਤ ਦੇ ਦੂਰ-ਦੁਰਾਡੇ ਵਾਲੇ ਪਿੰਡਾਂ ਅਤੇ ਮੁੱਖ ਸ਼ਹਿਰਾਂ ਤੱਕ ਪਹੁੰਚ ਦੇ ਨਾਲ-ਨਾਲ ਪਾਰਲੇ ਆਲਮੀ ਪੱਧਰ ਉੱਤੇ ਭਰੋਸੇ ਦਾ ਦੂਜਾ ਨਾਂ ਬਣ ਗਿਆ।

ਕੰਪਨੀ ਮੁਤਾਬਕ ਉਨ੍ਹਾਂ ਦੀਆਂ ਮੈਨੂਫੈਕਚਰਿੰਗ ਯੂਨਿਟ ਭਾਰਤ ਤੋਂ ਇਲਾਵਾ 8 ਹੋਰ ਮੁਲਕਾਂ ਵਿੱਚ ਹਨ। ਇਨ੍ਹਾਂ 'ਚ ਕੇਮਰੂਨ, ਨਾਈਜੀਰੀਆ, ਘਾਨਾ, ਇਥੋਪੀਆ, ਕੀਨੀਆ, ਆਈਵਰੀ ਕੋਸਟ, ਨੇਪਾਲ ਅਤੇ ਮੈਕਸੀਕੋ ਸ਼ਾਮਲ ਹਨ।

ਕੀ-ਕੀ ਬਣਾਉਂਦੀ ਹੈ ਪਾਰਲੇ ਕੰਪਨੀ?

ਪਾਰਲੇ-ਜੀ ਦੇ ਨਾਮ ਨਾਲ ਜ਼ਿਆਦਾ ਮਸ਼ਹੂਰ ਇਸ ਕੰਪਨੀ ਦਾ ਵੱਧ ਮਸ਼ਹੂਰ ਪ੍ਰੋਡਕਟ ਪਾਰਲੇ-ਜੀ ਬਿਸਕੁਟ ਹੈ। ਹਾਲਾਂਕਿ ਕੰਪਨੀ ਦਾ ਨਾਮ ਸਿਰਫ਼ 'ਪਾਰਲੇ' ਹੈ।

ਮਿੱਠੇ, ਨਮਕੀਨ ਅਤੇ ਚੌਕਲੇਟ ਫਲੇਵਰ ਵਾਲੇ ਬਿਸਕੁਟ ਦੇ ਨਾਲ-ਨਾਲ ਕੰਪਨੀ ਵੱਲੋਂ ਕਈ ਹੋਰ ਫਲੇਵਰਜ਼ ਵਾਲੇ ਬਿਸਕੁਟਾਂ ਸਣੇ ਟੌਫ਼ੀ (ਕੈਂਡੀ), ਚੌਕਲੇਟ, ਰੱਸ, ਸਨੈਕਸ (ਭੁਜੀਆ, ਚਿਪਸ ਵਗੈਰਾ) ਅਤੇ ਦਾਲਾਂ ਵੀ ਬਣਾਈਆਂ ਜਾਂਦੀਆਂ ਹਨ।

ਪਹਿਲੀ ਫ਼ੈਕਟਰੀ 12 ਜਣਿਆਂ ਨਾਲ ਸ਼ੁਰੂ ਹੋਈ ਸੀ

  • ਕੰਪਨੀ ਦੀ ਵੈੱਬਸਾਈਟ ਮੁਤਾਬਕ ਸਾਲ 1928 ਵਿੱਚ ਮੋਹਨਲਾਲ ਦਿਆਲ ਵੱਲੋਂ ਹਾਊਸ ਆਫ਼ ਪਾਰਲੇ ਦੀ ਸ਼ੁਰੂਆਤ ਹੋਈ ਸੀ।
  • ਪਹਿਲੀ ਫ਼ੈਕਟਰੀ ਸਾਲ 1929 ਵਿੱਚ ਸਥਾਪਤ ਹੋਈ ਸੀ ਜਿਸ 'ਚ ਮਹਿਜ਼ 12 ਲੋਕ ਕਨਫ਼ੈਕਸ਼ਨਰੀ ਬਣਾਉਂਦੇ ਸਨ।
  • ਪਾਰਲੇ-ਜੀ (ਪਾਰਲੇ ਗਲੁਕੋ) ਦੇ ਨਾਮ ਹੇਠਾਂ ਕੰਪਨੀ ਨੇ 1938 ਵਿੱਚ ਇਸ ਬਿਸਕੁਟ ਨੂੰ ਬਣਾਇਆ।
  • ਸਾਲ 1941 ਤੋਂ 1945 ਦੇ ਦਰਮਿਆਨ ਪਾਰਲੇ ਵੱਲੋਂ ਮੋਨੈਕੋ ਬਿਸਕੁਟਾਂ ਦੀ ਸ਼ੁਰੂਆਤ ਹੋਈ, ਜਿਸ ਨੂੰ ਭਾਰਤ ਦੇ ਪਹਿਲੇ ਨਮਕੀਨ ਬਿਸਕੁਟ ਆਖਿਆ ਗਿਆ।
  • ਸਾਲ 1946 ਤੋਂ 1950 ਵਿਚਾਲੇ ਕੰਪਨੀ ਦੇ ਦਾਅਵੇ ਮੁਤਾਬਕ ਉਨ੍ਹਾਂ ਭਾਰਤ ਦਾ ਸਭ ਤੋਂ ਲੰਬਾ ਓਵਨ (250 ਫੁੱਟ) ਤਿਆਰ ਕੀਤਾ।
  • ਸਾਲ 1956 ਵਿੱਚ ਨਵਾਂ ਪ੍ਰੋਡਕਟ 'ਚੀਜ਼ਲਿੰਗ' ਨਾਮ ਹੇਠਾਂ ਲੌਂਚ ਕੀਤਾ। ਇਸ ਨਾਲ ਚੀਜ਼ ਸਨੈਕਸ ਦੀ ਕੰਪਨੀ ਨੇ ਸ਼ੁਰੂਆਤ ਕੀਤੀ।
  • ਆਪਣੇ ਦਾਇਰੇ ਨੂੰ ਵੱਡਾ ਕਰਦਿਆਂ ਪਾਰਲੇ ਵੱਲੋਂ ਸਾਲ 1963 ਵਿੱਚ ਕਿਸਮੀ ਨਾਮ ਦੀ ਟੌਫ਼ੀ (ਕੈਂਡੀ) ਲੌਂਚ ਹੋਈ ਤੇ ਫ਼ਿਰ 1966 ਵਿੱਚ ਪੌਪੀਨਜ਼ ਨਾਮ ਹੇਠਾਂ ਮਿੱਠੀਆਂ ਗੋਲੀਆਂ।
  • 1966-70 ਦੌਰਾਨ ਜੈਫ਼ਸ ਨਾਮ ਹੇਠਾਂ ਨਮਕੀਨ ਸਨੈਕਸ ਮਾਰਕਿਟ 'ਚ ਆਏ।
  • 1971 ਵਿੱਚ ਕੰਪਨੀ ਨੂੰ ਪਹਿਲਾ ਐਵਾਰਡ ਮੋਂਡੇ ਸਿਲੈਕਸ਼ਨ ਐਵਾਰਡ ਮਿਲਿਆ।
  • ਸਾਲ 1974 ਵਿੱਚ ਮਿੱਠੇ ਤੇ ਨਮਕੀਨ ਦਾ ਸੁਮੇਲ ਕਰੈਕਜੈਕ ਬਿਸਕੁਟ ਲੌਂਚ ਹੋਏ।
  • 1981-85 ਦੌਰਾਨ ਕੰਪਨੀ ਨੇ ਪਾਰਲੇ-ਗਲੁਕੋ ਦਾ ਨਾਮ ਪਾਰਲੇ-ਜੀ ਕਰ ਦਿੱਤਾ।
  • 1983 ਵਿੱਚ ਕੰਪਨੀ ਨੇ ਟੌਫ਼ੀ ਦੀ ਰੇਂਜ ਵਿੱਚ ਵਾਧਾ ਕਰਦਿਆਂ ਚੌਕਲੇਟੀ ਮੇਲੋਡੀ ਤੇ 1986 ਵਿੱਚ ਮੈਂਗੋ ਕੈਂਡੀ ਲੌਂਚ ਕੀਤੀ।
  • 1996 ਵਿੱਚ ਚੌਕਲੇਟ ਚਿਪ ਬਿਸਕੁਟਾਂ ਦੀ ਸ਼ੁਰੂਆਤ ਕਰਦਿਆਂ ਪਾਰਲੇ ਨੇ ਹਾਈਡ ਐਂਡ ਸੀਕ ਬਿਸਕੁਟ ਲੌਂਚ ਕੀਤੇ।
  • 2000 ਤੋਂ ਹੁਣ ਤੱਕ ਪਾਰਲੇ ਨੇ ਆਪਣੇ ਮੌਜੂਦਾ ਸਾਮਾਨ ਨੂੰ ਅਪਡੇਟ ਕਰਨ ਦੇ ਨਾਲ-ਨਾਲ ਕਈ ਨਵੇਂ ਪ੍ਰੋਡਕਟਸ ਨੂੰ ਮਾਰਕਿਟ ਵਿੱਚ ਉਤਾਰਿਆ ਹੈ।

ਇਹ ਵੀਡੀਓਜ਼ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)