You’re viewing a text-only version of this website that uses less data. View the main version of the website including all images and videos.
ਜਦੋਂ ਇੰਦਰਾ ਗਾਂਧੀ ਦੀ ਅਵਾਜ਼ ਕੱਢ ਕੇ SBI ’ਚੋਂ 60 ਲੱਖ ਠੱਗੀ ਮਾਰੀ ਗਈ
- ਲੇਖਕ, ਰੇਹਾਨ ਫ਼ਜ਼ਲ
- ਰੋਲ, ਬੀਬੀਸੀ ਪੱਤਰਕਾਰ
24 ਮਈ 1971 ਦੀ ਸਵੇਰ ਸਟੇਟ ਬੈਂਕ ਆਫ ਇੰਡੀਆ ਦੀ ਸੰਸਦ ਮਾਰਗ ਬ੍ਰਾਂਚ ਵਿੱਚ ਕੋਈ ਖਾਸ ਗਹਿਮਾਗਹਿਮੀ ਨਹੀਂ ਸੀ।
ਦਿਨ ਦੇ 12 ਵਜਣ ਵਾਲੇ ਸਨ, ਬੈਂਕ ਦੇ ਚੀਫ਼ ਕੈਸ਼ੀਅਰ ਵੇਦ ਪ੍ਰਕਾਸ਼ ਮਲਹੋਤਰਾ ਦੇ ਸਾਹਮਣੇ ਰੱਖੇ ਫੋਨ ਦੀ ਘੰਟੀ ਵੱਜੀ।
ਫੋਨ ਦੇ ਦੂਜੇ ਪਾਸੇ ਇੱਕ ਸ਼ਖ਼ਸ ਨੇ ਆਪਣੀ ਪਛਾਣ ਦਿੰਦਿਆ ਹੋਇਆ ਕਿਹਾ ਕਿ ਉਹ ਪ੍ਰਧਾਨ ਮੰਤਰੀ ਦਫ਼ਤਰ ਤੋਂ ਪ੍ਰਧਾਨ ਮੰਤਰੀ ਦੇ ਪ੍ਰਧਾਨ ਸਕੱਤਰ ਪੀਐੱਨ ਹਕਸਰ ਬੋਲ ਰਹੇ ਹਨ।
"ਪ੍ਰਧਾਨ ਮੰਤਰੀ ਨੂੰ ਬੰਗਲਾਦੇਸ਼ ਵਿੱਚ ਗੁਪਤ ਮੁਹਿੰਮ ਲਈ 60 ਲੱਖ ਰੁਪਏ ਚਾਹੀਦੇ ਹਨ। ਉਨ੍ਹਾਂ ਨੇ ਮਲਹੋਤਰਾ ਨੂੰ ਨਿਰਦੇਸ਼ ਦਿੱਤੇ ਕਿ ਉਹ ਬੈਂਕ ’ਚੋਂ 60 ਲੱਖ ਰੁਪਏ ਕੱਢਣ ਅਤੇ ਸੰਸਦ ਮਾਰਗ ’ਤੇ ਹੀ ਬਾਈਬਲ ਭਵਨ ਕੋਲ ਖੜ੍ਹੇ ਇੱਕ ਸ਼ਖ਼ਸ ਨੂੰ ਦੇ ਦੇਣ। ਇਹ ਸਾਰੀ ਰਕਮ 100-100 ਰੁਪਏ ਦੇ ਨੋਟਾਂ ਦੀ ਹੋਣੀ ਚਾਹੀਦੀ ਹੈ। ਮਲਹੋਤਰਾ ਇਹ ਸਭ ਸੁਣ ਥੋੜ੍ਹਾ ਪਰੇਸ਼ਾਨ ਹੋ ਗਏ।"
ਉਦੋਂ ਹੀ ਪ੍ਰਧਾਨ ਮੰਤਰੀ ਦਫ਼ਤਰ ਤੋਂ ਬੋਲਣ ਵਾਲੇ ਵਿਅਕਤੀ ਨੇ ਮਲਹੋਤਰਾ ਨੂੰ ਕਿਹਾ ਕਿ ਇਹ ਲਓ ਪ੍ਰਧਾਨ ਮੰਤਰੀ ਨਾਲ ਹੀ ਗੱਲ ਕਰ ਲਓ।
ਇਸ ਦੇ ਕੁਝ ਸਕਿੰਟਾਂ ਬਾਅਦ ਇੱਰ ਔਰਤ ਨੇ ਮਲਹੋਤਰਾ ਨੂੰ ਕਿਹਾ, "ਤੁਸੀਂ ਇਹ ਪੈਸੇ ਲੈ ਕੇ ਖੁਜ ਬਾਈਬਲ ਭਵਨ ਆਓ। ਉੱਥੇ ਇੱਖ ਸ਼ਖ਼ਸ ਤੁਹਾਨੂੰ ਮਿਲੇਗਾ ਅਤੇ ਇੱਕ ਕੋਡ ਕਹੇਗਾ,‘ਬੰਗਲਾਦੇਸ਼ ਬਾਬੂ’। ਤੁਸੀਂ ਜਵਾਬ ਵਿੱਚ ਕਹਿਣਾ ਹੋਵੇਗਾ,‘ਬਾਰ ਏਟ ਲਾਅ’। ਇਸ ਤੋਂ ਬਾਅਦ ਤੁਸੀਂ ਇਹ ਰਕਮ ਉਨ੍ਹਾਂ ਦੇ ਹਵਾਲੇ ਕਰ ਦਿਓ ਅਤੇ ਇਸ ਮਾਮਲੇ ਨੂੰ ਗੁਪਤ ਰੱਖਿਓ।"
ਕੋਡਵਰਡ ਬੋਲ ਕੇ ਪੈਸੇ ਲਏ
ਇਸ ਤੋਂ ਬਾਅਦ ਮਲਹੋਤਰਾ ਨੇ ਉੱਪ ਮੁੱਖ ਕੈਸ਼ੀਅਰ ਪ੍ਰਕਾਸ਼ ਬਤਰਾ ਨੂੰ ਇੱਕ ਕੈਸ਼ ਬਾਕਸ ਵਿੱਚ 60 ਲੱਖ ਰੁਪਏ ਰੱਖਣ ਲਈ ਕਿਹਾ।
ਬਤਰਾ ਸਾਢੇ 12 ਵਜੇ ਸਟ੍ਰਾਂਗ ਰੂਮ ਵਿੱਚ ਗਏ ਤੇ ਰੁਪਏ ਲੈ ਆਏ।
ਬਤਰਾ ਅਤੇ ਉਨ੍ਹਾਂ ਸਾਥੀ ਐੱਚਆਰ ਖੰਨਾ ਨੇ ਉਹ ਰੁਪਏ ਕੈਸ਼ ਬਾਕਸ ਵਿੱਚ ਰੱਖੇ। ਡਿਪਟੀ ਹੈੱਡ ਕੈਸ਼ੀਅਰ ਰੂਹੇਲ ਸਿੰਘ ਨੇ ਰਜਿਸਟਰ ਵਿੱਚ ਹੋਈ ਐਂਟਰੀ ’ਤੇ ਆਪਣੇ ਦਸਤਖ਼ਤ ਕੀਤੇ ਅਤੇ ਪੇਮੈਂਟ ਵਾਊਚਰ ਬਣਵਾਇਆ।
ਇਸ ਤੋਂ ਬਾਅਦ ਦੋ ਚਪੜਾਸੀਆਂ ਨੇ ਉਸ ਕੈਸ਼ ਟਰੰਕ ਨੂੰ ਬੈਂਕ ਦੀ ਗੱਡੀ (ਡੀਏਐੱਲ760) ਵਿੱਚ ਲੌਡ ਕੀਤਾ ਅਤੇ ਮਲਹੋਤਰਾ ਖੁਦ ਉਸ ਨੂੰ ਚਲਾ ਕੇ ਬਾਈਬਲ ਹਾਊਸ ਪਹੁੰਚੇ।
ਕਾਰ ਰੁਕਣ ਤੋਂ ਬਾਅਦ ਇੱਕ ਲੰਬੇ ਅਤੇ ਗੋਰੇ ਵਿਅਕਤੀ ਨੇ ਆ ਕੇ ਉਹ ਕੋਡਵਰਡ ਉਨ੍ਹਾਂ ਦੇ ਸਾਹਮਣੇ ਬੋਲਿਆ।
ਫਿਰ ਉਹ ਵਿਅਕਤੀ ਬੈਂਕ ਦੀ ਹੀ ਕਾਰ ਵਿੱਚ ਬੈਠ ਗਿਆ ਅਤੇ ਮਲਹੋਤਰਾ ਤੇ ਉਹ ਸਰਦਾਰ ਪਟੇਲ ਮਾਰਗ ਤੇ ਪੰਚਸ਼ੀਲ ਮਾਰਗ ਦੇ ਜੰਕਸ਼ਨ ਦੇ ਟੈਕਸੀ ਸਟੈਂਡ ’ਤੇ ਪਹੁੰਚੇ।
ਉੱਥੇ ਉਸ ਵਿਅਕਤੀ ਨੇ ਉਹ ਟਰੰਕ ਉਤਾਰਿਆ ਅਤੇ ਮਲਹੋਤਰਾ ਨੂੰ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਿਵਾਸ ’ਤੇ ਜਾ ਕੇ ਇਸ ਰਕਮ ਦਾ ਵਾਊਚਰ ਲੈ ਲੈਣ।
ਹਕਸਰ ਨੇ ਫੋਨ ਕਰਨ ਤੋਂ ਮਨ੍ਹਾਂ ਕੀਤਾ
ਇੰਦਰਾ ਗਾਂਧੀ ਦੀ ਜੀਵਨੀ ਲਿਖਣ ਵਾਲੀ ਕੈਥਰੀਨ ਫਰੈਂਕ ਲਿਖਦੀ ਹੈ, ’ਮਲਹੋਤਰਾ ਨੇ ਉਹੀ ਕੀਤਾ ਜਿਵੇਂ ਉਸ ਨੂੰ ਕਿਹਾ ਗਿਆ ਸੀ। ਬਾਅਦ ਵਿੱਚ ਪਤਾ ਲੱਗਾ ਕਿ ਉਸ ਸ਼ਖ਼ਸ ਦਾ ਨਾਮ ਰੁਸਤਮ ਸੋਹਰਾਬ ਨਾਗਰਵਾਲਾ ਹੈ। ਉਹ ਕੁਝ ਸਮੇਂ ਤੋਂ ਭਾਰਤੀ ਸੈਨਾ ਵਿੱਚ ਕੈਪਟਨ ਦੇ ਅਹੁਦੇ ’ਤੇ ਕੰਮ ਕਰ ਰਿਹਾ ਹੈ ਅਤੇ ਉਸ ਵੇਲੇ ਭਾਰਤੀ ਖੁਫੀਆ ਏਜੰਸੀ ਰਾਅ ਲਈ ਕੰਮ ਕਰ ਰਿਹਾ ਸੀ।"
ਮਲਹੋਤਰਾ ਜਦੋਂ ਪ੍ਰਧਾਨ ਮੰਤਰੀ ਨਿਵਾਸ ਪਹੁੰਚੇ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਇੰਦਰਾ ਗਾਂਧੀ ਸੰਸਦ ਵਿੱਚ ਹਨ। ਉਹ ਤੁਰੰਤ ਸੰਸਦ ਭਵਨ ਪਹੁੰਚੇ। ਉੱਥੇ ਉਨ੍ਹਾਂ ਦੀ ਮੁਲਾਕਾਤ ਇੰਦਰਾ ਗਾਂਧੀ ਨਾਲ ਨਾ ਹੋਈ।
ਪ੍ਰਧਾਨ ਮੰਤਰੀ ਦੇ ਮੁੱਖ ਸਕੱਤਰ ਪਰਮੇਸ਼ਵਰ ਨਾਰਾਇਣ ਹਕਸਰ ਉਨ੍ਹਾਂ ਨਾਲ ਜ਼ਰੂਰ ਮਿਲੇ। ਜਦੋਂ ਮਲਹੋਤਰਾ ਨੇ ਹਕਸਰ ਨੂੰ ਸਾਰੀ ਗੱਲ ਦੱਸੀ ਤਾਂ ਹਕਸਰ ਦੇ ਪੈਰਾਂ ਹੇਠਿਓਂ ਜ਼ਮੀਨ ਖਿਸਕ ਗਈ। ਉਨ੍ਹਾਂ ਨੇ ਮਲਹੋਤਰਾ ਨੂੰ ਕਿਹਾ ਕਿਸੇ ਨੇ ਤੁਹਾਨੂੰ ਠੱਗ ਲਿਆ ਹੈ।
ਪ੍ਰਧਾਨ ਮੰਤਰੀ ਦਫ਼ਤਰ ਤੋਂ ਅਸੀਂ ਇਸ ਤਰ੍ਹਾਂ ਦਾ ਕੋਈ ਫੋਨ ਨਹੀਂ ਕੀਤਾ। ਤੁਸੀਂ ਤੁਰੰਤ ਪੁਲਿਸ ਸਟੇਸ਼ ਜਾਓ ਤੇ ਇਸ ਦੀ ਰਿਪੋਰਟ ਕਰੋ।
ਇਸ ਵਿਚਾਲੇ ਬੈਂਕ ਦੇ ਡਿਪਟੀ ਕੈਸ਼ੀਅਰ ਰੁਹੇਲ ਸਿੰਘ ਨੇ ਆਰਬੀ ਬਤਰਾ ਨੂੰ ਦੋ ਜਾਂ ਤਿੰਨ ਵਾਰ 60 ਲੱਖ ਰੁਪਏ ਦੇ ਵਾਊਚਰ ਬਾਰੇ ਪੁੱਛਿਆ। ਬਤਰਾ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਵਾਊਚਰ ਛੇਤੀ ਮਿਲ ਜਾਵੇਗਾ।
ਪਰ ਜਦੋਂ ਉਨ੍ਹਾਂ ਨੂੰ ਕਾਫੀ ਦੇਰ ਤੱਕ ਵਾਊਚਰ ਨਹੀਂ ਮਿਲੇ ਅਤੇ ਮਲਹੋਤਰਾ ਵੀ ਵਾਪਸ ਨਹੀਂ ਆਏ ਤਾਂ ਉਨ੍ਹਾਂ ਨੇ ਇਸ ਮਾਮਲੇ ਦੀ ਰਿਪੋਰਟ ਆਪਣੇ ਉੱਚ ਅਧਿਕਾਰੀਆਂ ਨੂੰ ਕਰ ਦਿੱਤੀ।
ਫਿਰ ਉਨ੍ਹਾਂ ਦੇ ਕਹਿਣ ’ਤੇ ਉਨ੍ਹਾਂ ਨੇ ਸੰਸਦ ਮਾਰਗ ਥਾਣੇ ਵਿੱਚ ਪੂਰੇ ਮਾਮਲੇ ਦੀ ਐੱਫਆਈਆਰ ਲਿਖਵਾਈ। ਪੁਲਿਸ ਨੇ ਮਾਮਲਾ ਸਾਹਮਣੇ ਆਉਂਦਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ।
ਨਾਗਰਵਾਲਾ ਦੀ ਗ੍ਰਿਫ਼ਤਾਰੀ
ਇਸ ਤੋਂ ਬਾਅਦ ਪੁਲਿਸ ਹਰਕਤ ਵਿੱਚ ਆ ਗਈ ਅਤੇ ਉਸ ਨੇ ਰਾਤ ਕਰੀਬ ਪੌਣੇ 10 ਵਜੇ ਨਾਗਰਵਾਲਾ ਨੂੰ ਦਿੱਲੀ ਗੇਟ ਕੋਲੋਂ ਪਾਰਸੀ ਧਰਮਸ਼ਾਲਾ ਵਿਚੋਂ ਗ੍ਰਿਫ਼ਤਾਰ ਕੀਤਾ ਅਤੇ ਡਿਫੈਂਸ ਕਾਲੌਨੀ ਵਿੱਚ ਉਨ੍ਹਾਂ ਦੇ ਇੱਕ ਮਿੱਤਰ ਦੇ ਘਰ ਏ-277 ਤੋਂ 59 ਲੱਖ 95 ਹਜ਼ਾਰ ਰੁਪਏ ਬਰਾਮਦ ਕਰ ਲਏ।
ਇਸ ਪੂਰੀ ਮੁਹਿੰਮ ਨੂੰ ’ਆਪਰੇਸ਼ਨ ਤੁਫਾਨ’ ਦਾ ਨਾਮ ਦਿੱਤਾ ਗਿਆ।
ਉਸੇ ਦਿਨ ਅੱਧੀ ਰਾਤ ਨੂੰ ਦਿੱਲੀ ਪੁਲਿਸ ਨੇ ਪ੍ਰੈੱਸ ਕਾਨਫਰੰਸ ਕਰ ਕੇ ਦੱਸਿਆ ਮਾਮਲੇ ਨੂੰ ਹੱਲ ਕਰ ਲਿਆ ਗਿਆ ਹੈ, ਪੁਲਿਸ ਨੇ ਦੱਸਿਆ ਕਿ ਟੈਕਸੀ ਸਟੈਂਡ ਤੋਂ ਨਾਗਰਵਾਲਾ ਰਾਜੇਂਦਰ ਨਗਰ ਵਾਲੇ ਘਰ ਗਿਆ।
ਉੱਥੋਂ ਉਸ ਨੇ ਇੱਕ ਸੂਟਕੇਸ ਲਿਆ। ਉਥੋਂ ਉਹ ਪੁਰਾਣੀ ਦਿੱਲੀ ਦੇ ਨਿਕਲਸਨ ਰੋਡ ਗਿਆ। ਉੱਥੇ ਉਸ ਨੇ ਡ੍ਰਾਈਵਰ ਦੇ ਸਾਹਮਣੇ ਟਰੰਕ ਕੱਢ ਕੇ ਸਾਰੇ ਪੈਸੇ ਸੂਟਕੇਸ ਵਿੱਚ ਰੱਖੇ।
ਡ੍ਰਾਈਵਰ ਨੂੰ ਇਹ ਰਾਜ਼ ਆਪਣੇ ਤੱਕ ਰੱਖਣ ਲਈ ਉਸ ਨੇ 500 ਰੁਪਏ ਟਿਪ ਵੀ ਦਿੱਤੀ। ਉਸ ਵੇਲੇ ਸੰਸਦ ਦਾ ਸੈਸ਼ਨ ਚੱਲ ਰਿਹਾ ਸੀ।
ਇੰਦਰ ਮਲਹੋਤਰਾ ਇੰਦਰਾ ਗਾਂਧੀ ਦੀ ਜੀਵਨੀ ’ਇੰਦਰਾ ਗਾਂਧੀ ਏ ਪਰਸਨਲ ਐਂਡ ਪੋਲੀਟੀਕਲ ਬਾਓਗ੍ਰਾਫੀ’ ਵਿੱਚ ਲਿਖਦੇ ਹਨ "ਜਿਵੇਂ ਕਿ ਆਸ ਸੀ ਸੰਸਦ ਵਿੱਚ ਇਸ ’ਤੇ ਜੰਮ ਕੇ ਹੰਗਾਮਾ ਹੋਇਆ। ਕੁਝ ਅਜਿਹੇ ਸਵਾਲ ਸਨ ਜਿਨ੍ਹਾਂ ਜਵਾਬ ਸਾਹਮਣੇ ਨਹੀਂ ਆ ਰਹੇ ਸਨ।"
"ਮਸਲਨ ਕੀ ਇਸ ਨਾਲ ਪਹਿਲਾਂ ਵੀ ਕਦੇ ਪ੍ਰਧਾਨ ਮੰਤਰੀ ਨੇ ਮਲਹੋਤਰਾ ਨਾਲ ਗੱਲ ਕੀਤੀ ਸੀ? ਉਸ ਨੇ ਇੰਦਰਾ ਗਾਂਧੀ ਦੀ ਆਵਾਜ਼ ਕਿਵੇਂ ਪਛਾਣੀ? ਕੀ ਬੈਂਕ ਦਾ ਕੈਸ਼ੀਅਰ ਸਿਰਫ਼ ਜ਼ਬਾਨੀ ਆਦੇਸ਼ ’ਤੇ ਬੈਂਕ ਤੋਂ ਇੰਨੀ ਵੱਡੀ ਰਕਮ ਕੱਢ ਸਕਦਾ ਸੀ? ਅਤੇ ਸਭ ਤੋਂ ਵੱਡੀ ਗੱਲ ਇਹ ਪੈਸਾ ਕਿਸ ਦਾ ਸੀ।?"
27 ਮਈ, 1971 ਨੂੰ ਨਾਗਰਵਾਲਾ ਨੇ ਅਦਾਲਤ ਵਿੱਚ ਆਪਣੇ ਜੁਰਮ ਕਬੂਲ ਕਰ ਲਿਆ।
ਉਸੇ ਦਿਨ ਪੁਲਿਸ ਨੇ ਨਿਆਂਇਕ ਮਜਿਸਟ੍ਰੇਟ ਕੇ ਪੀ ਖੰਨਾ ਦੀ ਅਦਾਲਤ ਵਿੱਚ ਨਾਗਰਵਾਲਾ ਦੇ ਖਿਲਾਫ ਮੁਕਦਮਾ ਦਾਇਰ ਕੀਤਾ ਗਿਆ।
ਸ਼ਾਇਦ ਭਾਰਤ ਦੇ ਨਿਆਂਇਕ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਸੀ ਕਿ ਕਿਸੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੇ ਤਿੰਨ ਦਿਨਾਂ ਅੰਦਰ ਉਸ ’ਤੇ ਮੁਕਦਮਾ ਚਲਾ ਕੇ ਸਜ਼ਾ ਵੀ ਸੁਣਾ ਦਿੱਤੀ।
ਰੁਸਤਮ ਨਾਗਰਵਾਲਾ ਨੂੰ ਚਾਰ ਸਾਲ ਬਾਮੁਸ਼ੱਕਤ ਕੈਦ ਦੀ ਸਜ਼ਾ ਸੁਣਾਈ ਗਈ ਤੇ 100 ਰੁਪਏ ਜੁਰਮਾਨਾ ਵੀ ਕੀਤਾ ਗਿਆ ਪਰ ਇਸ ਘਟਨਾ ਦੀ ਤਹਿ ਤੱਕ ਕੋਈ ਨਹੀਂ ਪਹੁੰਚ ਸਕਿਆ।
ਨਾਗਰਵਾਲਾ ਨੇ ਅਦਾਲਤ ਵਿੱਚ ਇਹ ਕਬੂਲ ਕੀਤਾ ਕਿ ਉਸ ਨੇ ਬੰਗਲਾਦੇਸ਼ ਮੁਹਿੰਮ ਦਾ ਬਹਾਨਾ ਬਣਾ ਕੇ ਮਲਹੋਤਰਾ ਨੂੰ ਬੇਵਕੂਫ਼ ਬਣਾਇਆ ਸੀ।
ਹਾਲਾਂਕਿ ਬਾਅਦ ਵਿੱਚ ਨਾਗਰਵਾਲਾ ਨੇ ਆਪਣਾ ਬਿਆਨ ਬਦਲ ਦਿੱਤਾ ਅਤੇ ਫੈਸਲੇ ਦੇ ਖ਼ਿਲਾਫ ਅਪੀਲ ਕਰ ਦਿੱਤੀ। ਨਾਗਰਵਾਲਾ ਦੀ ਮੰਗ ਸੀ ਕਿ ਇਸ ਮੁਕਦਮੇ ਦੀ ਸੁਣਵਾਈ ਫਿਰ ਤੋਂ ਹੋਵੇ ਪਰ 28 ਅਕਤੂਬਰ 1971 ਨੂੰ ਨਾਗਰਵਾਲਾ ਦੀ ਇਹ ਮੰਗ ਠੁਕਰਾ ਦਿੱਤੀ ਗਈ।
ਜਾਂਚ ਅਫ਼ਸਰ ਦੀ ਕਾਰ ਹਾਦਸੇ ਵਿੱਚ ਮੌਤ
ਇਸ ਕੇਸ ਵਿੱਚ ਇੱਕ ਰਹੱਸਮਈ ਮੋੜ ਉਦੋਂ ਆਇਆ ਜਦੋਂ 20 ਨਵੰਬਰ, 1971 ਨੂੰ ਇਸ ਕੇਸ ਦੀ ਤਫਤੀਸ਼ ਕਰਨ ਵਾਲੇ ਏਐੱਸਪੀ ਡੀਕੇ ਕਸ਼ਯੱਪ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ, ਉਸ ਵੇਲੇ ਉਹ ਹਨੀਮੂਨ ਲਈ ਜਾ ਰਹੇ ਸਨ।
ਇਸ ਵਿਚਾਲੇ ਨਾਗਰਵਾਲਾ ਨੇ ਮਸ਼ਹੂਰ ਹਫ਼ਤਾਵਾਰੀ ਅਖ਼ਬਾਰ ਕਰੰਟ ਦੇ ਸੰਪਾਦਕ ਜੀਐੱਫ ਕਰਾਕਾ ਨੂੰ ਚਿੱਠੀ ਲਿਖ ਕੇ ਕਿਹਾ ਕਿ ਉਨ੍ਹਾਂ ਨੂੰ ਇੰਤਰਵਿਊ ਦੇਣਾ ਹੈ।
ਕਰਾਕਾ ਕੀ ਤਬੀਤ ਖਰਾਬ ਹੋ ਗਈ। ਇਸ ਲਈ ਉਨ੍ਹਾਂ ਨੇ ਆਪਣੇ ਅਸਿਸਟੈਂਟ ਨੂੰ ਇੰਤਰਵਿਊ ਲੈਂਣ ਭੇਜ ਦਿੱਤਾ ਪਰ ਨਾਗਰਵਾਲਾ ਨੇ ਉਸ ਨੂੰ ਇੰਟਰਵਿਊ ਦੇਣ ਤੋਂ ਇਨਕਾਰ ਕਰ ਦਿੱਤਾ।
ਫ਼ਰਵਰੀ 1972 ਦੀ ਸ਼ੁਰੂਆਤ ਵਿੱਚ ਨਾਗਰਵਾਲਾ ਨੂੰ ਤਿਹਾੜ ਜੇਲ੍ਹ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਉੱਥੇ ਉਸ ਨੂੰ 21 ਫਰਵਰੀ ਨੂੰ ਜੀਬੀ ਪੰਤ ਹਸਪਤਾਲ ਭੇਜਿਆ ਗਿਆ ਜਿੱਥੇ 2 ਮਾਰਚ ਨੂੰ ਉਸ ਦੀ ਤਬੀਅਤ ਖ਼ਰਾਬ ਹੋ ਗਈ ਅਤੇ ਸਵਾ 2 ਵਜੇ ਦਿਲ ਦਾ ਦੌਰਾ ਪੈਣ ਕਾਰਨ ਨਾਗਰਵਾਲਾ ਦਾ ਦੇਹਾਂਤ ਹੋ ਗਿਆ।
ਉਸ ਦਿਨ ਉਨ੍ਹਾਂ ਦਾ 51ਵਾਂ ਜਨਮ ਦਿਨ ਸੀ। ਇਸ ਪੂਰੇ ਘਟਨਾਕ੍ਰਮ ਵਿੱਚ ਇੰਦਰਾ ਗਾਂਧੀ ਦੀ ਬਹੁਤ ਬਦਨਾਮੀ ਹੋਈ ਸੀ।
ਬਾਅਦ ਵਿੱਚ ਸਾਗਰਿਕਾ ਘੋਸ਼ ਨੇ ’ਇੰਦਰਾ ਗਾਂਧੀ ਦੀ ਜੀਵਨੀ ਇੰਦਰਾ-ਇੰਡੀਅਨ ਮੋਸਟ ਪਾਵਰਫੁੱਲ ਪ੍ਰਾਈਮ ਮਿਨੀਸਟਰ’ ਵਿੱਚ ਲਿਖਿਆ, "ਕੀ ਨਾਗਰਵਾਲਾ ਦੀ ਪ੍ਰਧਾਨ ਮੰਤਰੀ ਦੀ ਆਵਾਜ਼ ਦੀ ਨਕਲ ਕਰਨ ਦੀ ਹਿੰਮਤ ਪੈਂਦੀ ਜੇ ਉਨ੍ਹਾਂ ਤਾਕਤਵਰ ਲੋਕਾਂ ਦਾ ਸਮਰਥਨ ਨਾ ਹੁੰਦਾ ? ਮਲਹੋਤਰਾ ਨੇ ਪੀਐੱਣ ਹਾਊਸ ਤੋਂ ਮਹਿਜ਼ ਇੱਕ ਫੋਨ ਕਾਲ ਕਰਕੇ ਇੰਨੀ ਵੱਡੀ ਰਕਮ ਬੈਂਕ ’ਚੋਂ ਕੱਢੀ?"
ਜਾਂਚ ਲਈ ਜਗਮੋਹਨ ਰੈਡੀ ਕਮਿਸ਼ਨ ਦਾ ਗਠਨ
1977 ਵਿੱਚ ਜਦੋਂ ਜਨਤਾ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਈ ਤਾਂ ਉਸ ਨੇ ਨਾਗਰਵਾਲਾ ਦੀ ਮੌਤ ਦੇ ਹਾਲਾਤ ਦੀ ਜਾਂਚ ਦੇ ਆਦੇਸ਼ ਦਿੱਤੇ।
ਇਸ ਲਈ ਜਗਮੋਹਨ ਰੈਡੀ ਕਮਿਸ਼ਨ ਬਣਾਇਆ ਗਿਆ। ਪਰ ਇਸ ਜਾਂਚ ਵਿੱਚ ਕੁਝ ਵੀ ਨਵਾਂ ਨਿਕਲ ਕੇ ਸਾਹਮਣੇ ਨਹੀਂ ਆਇਆ ਅਤੇ ਨਾਗਰਵਾਲਾ ਦੀ ਮੌਤ ਵਿੱਚ ਕੁਝ ਵੀ ਆਸਾਧਾਰਨ ਨਹੀਂ ਮਿਲਿਆ।
ਪਰ ਸਵਾਲ ਇਹ ਉੱਠੇ ਕਿ ਜੇਕਰ ਇਸ ਤਰ੍ਹਾਂ ਦਾ ਭੁਗਤਨ ਕਰਨ ਵੀ ਸੀ ਤਾਂ ਬੈਂਕ ਦੇ ਮੈਨੇਜਰ ਨਾਲ ਸੰਪਰਕ ਸਥਾਪਿਤ ਨਾ ਕਰਕੇ ਚੀਫ਼ ਕੈਸ਼ੀਅਰ ਨਾਲ ਕਿਉਂ ਸੰਪਰਕ ਕੀਤਾ ਗਿਆ? ਕੀ ਸਟੇਟ ਬੈਂਕ ਨੂੰ ਬਿਨਾਂ ਚੈੱਕ ਅਤੇ ਵਾਊਚਰ ਇੰਨੀ ਵੱਡੀ ਰਕਮ ਦੇਣ ਦਾ ਅਧਿਕਾਰ ਹਾਸਲ ਸੀ?
ਸੀਆਈਏ ਦਾ ਆਪਰੇਸ਼ਨ?
ਬਾਅਦ ਵਿੱਚ ਆਖ਼ਬਾਰਾਂ ਵਿੱਚ ਇਸ ਤਰ੍ਹਾਂ ਦੀ ਬਿਨਾਂ ਪੁਸ਼ਟੀ ਵਾਲੀਆਂ ਖ਼ਬਰਾਂ ਛਪੀਆਂ ਕਿ ਇਹ ਪੈਸਾ ਰਾਅ ਦੇ ਕਹਿਣ ’ਤੇ ਬੰਗਲਾਦੇਸ਼ ਆਪਰੇਸ਼ਨ ਲਈ ਕੱਢਿਆ ਗਿਆ ਸੀ।
ਰਾਅ ’ਤੇ ਕਿਤਾਬ ’ਮਿਸ਼ਨ ਆਰਐਂਡ ਡਬਲਿਊ’ ਲਿਖਣ ਵਾਲੇ ਆਰ ਕੇ ਯਾਦਵ ਲਿਖਦੇ ਹਨ "ਉਨ੍ਹਾਂ ਨੇ ਇਸ ਸਬੰਧੀ ਰਾਅ ਦੇ ਸਾਬਕਾ ਮੁਖੀ ਰਾਮਨਾਥ ਕਾਓ ਅਤੇ ਉਨ੍ਹਾਂ ਤੋਂ ਨੰਬਰ ਦੋ ਦੇ ਸੰਕਰਨ ਨਾਇਰ ਕੋਲੋ ਪੁੱਛਿਆ ਸੀ ਤੇ ਦੋਵਾਂ ਨੇ ਇਸ ਗੱਲ ਦਾ ਜ਼ੋਰਦਾਰ ਖ਼ੰਡਨ ਕੀਤਾ ਸੀ ਕਿ ਰਾਅ ਦਾ ਇਸ ਕੇਸ ਨਾਲ ਕੋਈ ਲੈਣਾ ਦੇਣਾ ਸੀ।"
ਉਨ੍ਹਾਂ ਅਧਿਕਾਰੀਆਂ ਨੇ ਇਸ ਗੱਲ ਦਾ ਵੀ ਖੰਡਨ ਕੀਤਾ ਸੀ ਕਿ ਰਾਅ ਦਾ ਸਟੇਟ ਬੈਂਕ ਵਿੱਚ ਕੋਈ ਗੁਪਤ ਖਾਤਾ ਸੀ।
ਇੰਦਰਾ ਗਾਂਧੀ ਦੀ ਮੌਤ ਤੋਂ ਦੋ ਸਾਲ ਬਾਅਦ ਹਿੰਦੁਸਤਾਨ ਟਾਈਮਜ਼ ਦੇ 11 ਤੇ 12 ਨਵੰਬਰ ਦੇ ਅੰਕ ਵਿੱਚ ਇਹ ਇਲਜਾਮ ਲਗਾਇਆ ਗਿਆ ਸੀ ਕਿ ਨਾਗਰਵਾਲਾ ਰਾਅ ਨਹੀਂ ਬਲਕਿ ਸੀਆਈਏ ਲਈ ਕੰਮ ਕਰਦੇ ਸਨ ਤੇ ਇਸ ਪੂਰੀ ਘਟਨਾ ਦਾ ਉਦੇਸ਼ ਇੰਦਰਾ ਗਾਂਧੀ ਨੂੰ ਬਦਨਾਮ ਕਰਨਾ ਸੀ, ਖਾਸ ਤੌਰ ’ਤੇ ਉਸ ਵੇਲੇ ਜਦੋਂ ਉਨ੍ਹਾਂ ਬੰਗਲਾਦੇਸ਼ੀ ਨੀਤੀ ਨਿਕਸਨ ਪ੍ਰਸ਼ਾਸਨ ਨੂੰ ਬਹੁਤ ਨਾਗਵਾਰ ਲਗ ਰਹੀ ਸੀ।
ਪਰ ਇਸ ਇਲਜ਼ਾਮ ਦੇ ਸਮਰਥਨ ਵਿੱਚ ਕੋਈ ਸਬੂਤ ਨਹੀਂ ਪੇਸ਼ ਕੀਤੇ ਗਏ ਸਨ ਅਤੇ ਇਸ ਸਵਾਲ ਦਾ ਕੋਈ ਸੰਤੋਖਜਨਕ ਜਵਾਬ ਨਹੀਂ ਦਿੱਤਾ ਗਿਆ ਸੀ ਕਿ ਇੱਕ ਬੈਂਕ ਦੇ ਕੈਸ਼ੀਅਰ ਨੇ ਬਿਨਾਂ ਕਿਸੇ ਦਸਤਾਵੇਜ਼ ਦੇ ਇੰਨੀ ਵੱਡੀ ਰਕਮ ਕਿਸੇ ਅਨਜਾਣ ਸ਼ਖ਼ਸ ਦੇ ਹਵਾਲੇ ਕਿਵੇਂ ਕਰ ਦਿੱਤੀ ਸੀ।
ਹਾਲਾਂਕਿ, ਠੱਗੀ ਤੋਂ ਬਾਅਦ 5 ਹਜ਼ਾਰ ਰੁਪਏ ਛੱਡ ਕੇ ਪੂਰੇ 59 ਲੱਖ 95 ਹਜ਼ਾਰ ਰੁਪਏ ਬਰਾਮਦ ਹੋ ਗਏ ਸਨ ਅਤੇ ਉਹ 5 ਹਜ਼ਾਰ ਰੁਪਏ ਵੀ ਮਲਹੋਤਰਾ ਨੇ ਆਪਣੇ ਜੇਬ੍ਹ ਤੋਂ ਭਰੇ ਸਨ।
ਬੈਂਕ ਨੂੰ ਇਸ ਨਾਲ ਕੋਈ ਮਾਲੀ ਨੁਕਸਾਨ ਨਹੀਂ ਪਹੁੰਚਿਆ ਸੀ ਪਰ ਇਸ ਨਾਲ ਉਸ ਦੇ ਖ਼ਰਾਬ ਹੋਏ ਅਕਸ ਕਾਰਨ ਸਟੇਟ ਬੈਂਕ ਨੇ ਮਲਹੋਤਰਾ ਨੂੰ ਵਿਭਾਗੀ ਜਾਂਚ ਤੋਂ ਬਾਅਦ ਨੌਕਰੀ ਤੋਂ ਕੱਢ ਦਿੱਤਾ ਸੀ।
ਦਿਲਚਸਪ ਗੱਲ ਇਹ ਹੈ ਕਿ ਕਰੀਬ 10 ਸਾਲ ਬਾਅਦ ਜਦੋਂ ਭਾਰਤ ਵਿੱਚ ਮਾਰੂਤੀ ਉਦਯੋਗ ਦਾ ਸਥਾਪਨਾ ਹੋਈ ਸੀ ਤਾਂ ਤਤਕਾਲੀ ਸਰਕਾਰ ਨੇ ਵੇਦ ਪ੍ਰਕਾਸ਼ ਮਲਹੋਤਰਾ ਨੂੰ ਇਸ ਕੰਪਨੀ ਦਾ ਮੁੱਖ ਅਕਾਊਂਟਸ ਅਫ਼ਸਰ ਬਣਾ ਦਿੱਤਾ ਸੀ।
ਇਹ ਵੀਡੀਓ ਵੀ ਦੇਖੋ