ਕੋਰੋਨਾਵਾਇਰਸ: ਦਲਿਤਾਂ ਦਾ ਇਲਜ਼ਾਮ, ਪੁਲਿਸ ਨੇ ਪਸ਼ੂਆਂ ਵਾਂਗ ਕੁੱਟਿਆ; ਪੁਲਿਸ ਨੇ ਦਿੱਤੀ ਸਫ਼ਾਈ

ਤਸਵੀਰ ਸਰੋਤ, Getty Images
- ਲੇਖਕ, ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ
- ਰੋਲ, ਤੇ ਬੀਬੀਸੀ ਸਹਿਯੋਗੀ ਸੁਰਿੰਦਰ ਮਾਨ
"ਦੇਖਦੇ-ਦੇਖਦੇ ਹੀ ਆਥਣ ਦੀ ਰੋਟੀ ਖਾ ਰਹੇ ਮੇਰੇ ਪਤੀ ਤੇ ਦੋਵਾਂ ਪੁੱਤਰਾਂ ਨੂੰ ਪੁਲਿਸ ਨੇ ਡੰਡਿਆਂ ਨਾਲ ਪਸ਼ੂਆਂ ਵਾਂਗ ਝੰਬ ਸੁੱਟਿਆ। ਮੇਰੇ ਸਾਢੇ 14 ਸਾਲ ਦੇ ਮੁੰਡੇ ਹਰਪ੍ਰੀਤ ਦਾ ਸਿਰ ਪਾੜ ਦਿੱਤਾ ਤੇ ਉੱਪਰੋਂ ਪੁਲਿਸ ਨੇ ਇਲਾਜ ਲਈ ਉਸ ਨੂੰ ਹਸਪਤਾਲ ਵੀ ਨਹੀਂ ਲੈ ਕੇ ਜਾਣ ਦਿੱਤਾ। ਇਹ ਸ਼ਾਮ ਸਾਡੇ 'ਤੇ ਕਹਿਰ ਬਣ ਕੇ ਬਹੁੜੀ ਸੀ, ਜਿਸ ਦਾ ਦਰਦ ਮੈਨੂੰ ਆਖ਼ਰੀ ਸਾਹਾਂ ਤੱਕ ਮਹਿਸੂਸ ਹੁੰਦਾ ਰਹੇਗਾ।"
ਇਹ ਸ਼ਬਦ ਜ਼ਿਲ੍ਹਾ ਮਾਨਸਾ ਦੇ ਪਿੰਡ ਠੂਠਿਆਂ ਵਾਲੀ ਦੀ ਵਸਨੀਕ ਦਲਿਤ ਔਰਤ ਸੁਖਪਾਲ ਕੌਰ ਦੇ ਹਨ, ਜਿਨਾਂ ਦੇ ਨਾਬਾਲਗ ਲੜਕੇ ਸਮੇਤ ਦੋ ਹੋਰ ਪੁੱਤਰ 'ਤੇ ਪਤੀ ਇਸ ਵੇਲੇ ਜੇਲ੍ਹ 'ਚ ਬੰਦ ਹਨ।
ਦੂਜੇ ਪਾਸੇ ਮਾਨਸਾ ਪੁਲਿਸ ਦਾ ਕਹਿਣਾ ਹੈ ਕਿ ਇਹ ਸਾਰੇ ਇਲਜ਼ਾਮ ਬੇਬੁਨਿਆਦ ਹਨ ਤੇ ਅਸਲ ਵਿੱਚ ਪੁਲਿਸ ਨੇ ਕਾਰਵਾਈ ਇਸ ਕਰ ਕੇ ਕੀਤੀ ਕਿਉਂਕਿ ਕੁਝ ਲੋਕਾਂ ਨੇ ਪੁਲਿਸ 'ਤੇ ਹਮਲਾ ਕੀਤਾ ਸੀ ਤੇ ਇੱਕ ਏਐਸਆਈ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕੀਤਾ ਸੀ।
ਅੱਖਾਂ 'ਚੋਂ ਹੰਝੂ ਵਹਾਉਂਦੀ ਸੁਖਪਾਲ ਕੌਰ ਕਹਿੰਦੀ ਹੈ, "ਮੇਰਾ ਵੱਡਾ ਬੇਟਾ ਰਿੰਕੂ ਹੇਅਰ ਕਟਿੰਗ ਦਾ ਕੰਮ ਕਰਦਾ ਹੈ। ਕਰਫ਼ਿਊ ਲੱਗਿਆ ਹੋਣ ਕਾਰਨ ਉਹ ਮਹੀਨੇ ਭਰ ਤੋਂ ਘਰੇ ਬੈਠਾ ਸੀ ਤੇ ਪਤੀ ਨੂੰ ਕੋਈ ਦਿਹਾੜੀ ਨਹੀਂ ਮਿਲ ਰਹੀ ਸੀ।"
"ਘਰ ਦਾ ਚੁੱਲ੍ਹਾ ਤਪਣੋਂ ਹਟ ਗਿਆ ਸੀ। ਮੈਂ ਹੀ ਰਿੰਕੂ ਨੂੰ ਕਿਹਾ ਸੀ ਕਿ ਉਹ ਪਿੰਡ 'ਚ ਕਿਸੇ ਦੀ ਕਟਿੰਗ ਕਰ ਕੇ ਚਾਰ ਛਿੱਲੜ ਲੈ ਆ ਤਾਂ ਜੋ ਆਟੇ-ਦਾਲ ਦਾ ਪ੍ਰਬੰਧ ਹੋ ਸਕੇ।"
ਉਨ੍ਹਾਂ ਨੇ ਦੱਸਿਆ, "13 ਅਪ੍ਰੈਲ ਦੀ ਗੱਲ ਹੈ, ਜਿਵੇਂ ਹੀ ਰਿੰਕੂ ਆਟਾ-ਦਾਲ ਲੈ ਕੇ ਘਰ ਆਇਆ ਤਾਂ ਮਨ ਨੂੰ ਕੁਝ ਖ਼ੁਸ਼ੀ ਮਿਲੀ ਕਿ ਅੱਜ ਰੱਜ ਕੇ ਰੋਟੀ ਤਾਂ ਖਾਵਾਂਗੇ।"


"ਪਰ ਇਹ ਖ਼ੁਸ਼ੀ ਪੁਲਿਸ ਦੇ ਡੰਡਿਆਂ ਨੇ ਰੋਣ-ਧੋਣ ਤੇ ਚੀਕ-ਚਿਹਾੜੇ ਵਿੱਚ ਬਦਲ ਦਿੱਤੀ। ਦੇਰ ਸ਼ਾਮ 8 ਕੁ ਵਜੇ ਦਾ ਵੇਲਾ ਸੀ। ਚਾਰ ਪੁਲਿਸ ਵਾਲੇ ਮੇਰੇ ਘਰ ਆ ਵੜੇ ਤੇ ਰੋਟੀ ਖਾ ਰਹੇ ਮੇਰੇ ਦੋ ਬੇਟਿਆਂ ਛੱਲੀਆਂ ਵਾਂਗ ਕੁੱਟਣ ਲੱਗੇ।"
"ਮੇਰੇ ਛੋਟੇ ਪੁੱਤਰ ਦੇ ਸਿਰ 'ਚੋਂ ਲਹੂ ਵਗਣ ਲੱਗਾ ਤੇ ਇਹ ਵੇਖ ਕੇ ਜਿਵੇਂ ਹੀ ਮੇਰਾ ਪਤੀ ਜੈਲਾ ਸਿੰਘ ਤੇ ਪੁੱਤਰ ਗਗਨਦੀਪ ਅੱਗੇ ਆਏ ਤਾਂ ਉਹ ਵੀ ਪੁਲਸੀਆ ਡੰਡੇ ਦਾ ਸ਼ਿਕਾਰ ਹੋ ਗਏ।"
ਕੀ ਹੈ ਮਾਮਲਾ
ਅਸਲ ਵਿਚ ਲੰਘੀ 12 ਅਪ੍ਰੈਲ ਨੂੰ ਪੰਜਾਬ ਪੁਲਿਸ ਦੀ ਇੱਕ ਗਸ਼ਤੀ ਟੁਕੜੀ ਪਿੰਡ ਠੂਠਿਆਂਵਾਲੀ ਗਈ ਸੀ।
ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਕਰਫ਼ਿਊ ਦੀ ਉਲੰਘਣਾ ਕਰ ਰਹੇ ਕੁਝ ਲੋਕਾਂ ਨੂੰ ਪੁਲਿਸ ਭਜਾਉਣ ਲੱਗੀ ਤਾਂ ਇੱਕ ਜਣੇ ਨੇ ਪੁਲਿਸ ਪਾਰਟੀ 'ਤੇ ਫੌਹੜੇ ਨਾਲ ਹਮਲਾ ਕਰ ਦਿੱਤਾ।

ਤਸਵੀਰ ਸਰੋਤ, Getty Images
ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਯੂਨੀਅਨ ਵੱਲੋਂ ਆਪਣੇ ਪੱਧਰ 'ਤੇ ਇਕੱਠੀ ਕੀਤੀ ਗਈ ਜਾਣਕਾਰੀ ਮੁਤਾਬਿਕ ਪਿੰਡ ਠੂਠਿਆਂਵਾਲੀ ਵਿੱਚ ਪੁਲਿਸ ਦੀ ਚੌਂਕੀ ਹੈ। ਇਸ ਚੌਂਕੀ ਦੇ ਮੁਲਾਜ਼ਮ ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ ਨੂੰ ਘਰੋਂ-ਘਰੀ ਜਾਣ ਨੂੰ ਕਹਿ ਰਹੇ ਸਨ।
ਉਨ੍ਹਾਂ ਨੇ ਅੱਗੇ ਦੱਸਿਆ, "ਰਾਹ ਜਾਂ ਸਾਂਝੀਆਂ ਥਾਵਾਂ 'ਤੇ ਘੁੰਮ ਰਹੇ ਕੁੱਝ ਲੋਕਾਂ ਨੂੰ ਜਦੋਂ ਪੁਲਿਸ ਨੇ ਡਾਂਗਾਂ ਦਿਖਾ ਕੇ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਪਿੰਡ ਦੇ ਇੱਕ ਵਿਅਕਤੀ ਦੇ ਡਾਂਗ ਵੱਜ ਗਈ।"
"ਇਸ ਗੱਲ ਤੋਂ ਤੈਸ਼ 'ਚ ਆਏ ਇੱਕ ਬੰਦੇ ਨੇ ਗੋਹਾ ਹਟਾਉਣ ਵਾਲੇ ਫੌਹੜੇ ਨਾਲ ਪੁਲਿਸ 'ਤੇ ਹਮਲਾ ਕੀਤਾ, ਜਿਸ ਕਾਰਨ ਇੱਕ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਿਆ।"

ਤਸਵੀਰ ਸਰੋਤ, Getty Images
ਸੁਖਪਾਲ ਕੌਰ ਨੇ ਬੀਬੀਸੀ ਪੰਜਾਬੀ ਨੂੰ ਇਲਜ਼ਾਮ ਲਾਉਂਦਿਆਂ ਕਿਹਾ ਕਿ ਜਿਵੇਂ ਹੀ ਉਹ ਆਪਣੇ ਲਹੂ-ਲੁਹਾਣ ਪੁੱਤਰ ਨੂੰ ਹਸਪਤਾਲ ਲਿਜਾਣ ਲਈ ਬਾਹਰ ਨਿਕਲੀ ਤਾਂ ਪੁਲਿਸ ਵਾਲਿਆਂ ਨੇ ਰੋਕ ਦਿੱਤਾ।
ਉਨ੍ਹਾਂ ਮੁਤਾਬਕ, "ਆਖ਼ਰਕਾਰ ਮੈਂ ਆਪਣੇ ਪੁੱਤ ਨੂੰ ਪਿੰਡ ਦੇ ਹੀ ਇੱਕ ਛੋਟੇ ਡਾਕਟਰ ਕੋਲ ਲੈ ਗਈ ਤੇ ਟੀਕਾ ਵਗ਼ੈਰਾ ਕਰਵਾ ਕੇ ਪੱਟੀ ਕਰਵਾਈ। ਮੇਰੇ ਪਤੀ ਤੇ ਪੁੱਤਰਾਂ ਦੇ ਸਰੀਰ 'ਤੇ ਡੰਡਿਆਂ ਦੇ ਨਿਸ਼ਾਨ ਸਨ ਤੇ ਸਰੀਰ 'ਤੇ ਜਲਣ ਹੋ ਰਹੀ ਸੀ।"
"ਬਿਨਾ ਕਿਸੇ ਕਸੂਰ ਤੋਂ ਪਈ ਇਸ ਕੁੱਟ ਦੇ ਬਾਵਜੂਦ ਸਬਰ ਦਾ ਘੁੱਟ ਭਰ ਕੇ ਅਸੀਂ ਰਾਤ ਨੂੰ ਪੈ ਗਏ ਪਰ ਮੁਸੀਬਤ ਦਾ ਪਹਾੜ ਤਾਂ ਅਗਲੇ ਦਿਨ ਸਵੇਰੇ ਟੁੱਟਿਆ।"
ਉਹ ਕਹਿੰਦੇ ਹਨ, "ਕਈ ਪੁਲਿਸ ਵਾਲੇ ਸਵੇਰੇ ਸਾਡੇ ਘਰ 'ਚ ਦਾਖ਼ਲ ਹੋਇਆ ਤੇ ਮੇਰੇ ਤਿੰਨਾਂ ਪੁੱਤਰਾਂ ਤੇ ਪਤੀ ਨੂੰ ਗੱਡੀ 'ਚ ਸੁੱਟ ਕੇ ਲੈ ਗਏ। ਮੈਂ ਪੁੱਛਦੀ ਰਹੀ ਕਿ ਸਾਡਾ ਗੁਨਾਹ ਕੀ ਹੈ ਤੇ ਪੁਲਿਸ ਵਾਲੇ ਕਹਿੰਦੇ ਰਹੇ ਘਰੇ ਰਹੋ, ਬਾਹਰ ਕਰਫ਼ਿਊ ਹੈ।"
"ਮੈਂ ਤੇ ਮੇਰੀ ਬਾਰਵੀਂ ਦੇ ਪੇਪਰ ਦੇ ਚੁੱਕੀ ਜਵਾਨ ਧੀ ਘਰ 'ਚ ਹੁਣ ਇਕੱਲੀਆਂ ਹੀ ਹਾਂ। ਰੋਟੀ ਖਾਣ ਲਈ ਪੈਸਾ ਪੱਲੇ ਨਹੀਂ ਹੈ ਤੇ ਉੱਪਰੋਂ ਰਾਤਾਂ ਨੂੰ ਡਰ ਵੱਢ-ਵੱਢ ਖਾਂਦਾ ਹੈ। ਸਰਕਾਰ ਸਾਡਾ ਹੀ ਦੁਖੜਾ ਸੁਣ ਲਵੇ, ਦਿਨ ਤਾਂ ਅਸੀਂ ਭੁੱਖੇ ਢਿੱਡ ਵੀ ਕੱਟ ਲਵਾਂਗੇ।"
ਹੋਰਨਾਂ ਦੀ ਵੀ ਇਹੀ ਕਹਾਣੀ
ਇਹ ਦਰਦ ਭਰੇ ਅਲਫਾਜ਼ ਇਕੱਲੀ ਸੁਖਪਾਲ ਕੌਰ ਦੇ ਨਹੀਂ ਹਨ, ਸਗੋਂ ਅਜਿਹੇ ਹੋਰ ਵੀ ਦਲਿਤ ਪਰਿਵਾਰ ਹਨ, ਜਿਨਾਂ ਦਾ ਇਲਜ਼ਾਮ ਹੈ ਕਿ ਬਿਨਾਂ ਕਿਸੇ ਗੁਨਾਹ ਦੇ ਉਨ੍ਹਾਂ ਦੀ ਕੁੱਟ-ਮਾਰ ਹੋਈ ਹੈ।
ਇਸ ਪਿੰਡ ਦੇ ਬਹੁਤੇ ਲੋਕਾਂ ਨੇ ਪੁਲਿਸ ਦੇ ਡਰ ਕਾਰਨ ਆਪਣੀ ਸ਼ਨਾਖ਼ਤ ਨਾ ਦੱਸਣ ਲਈ ਵੀ ਕਿਹਾ।
ਲੋਕ ਕਹਿ ਰਹੇ ਹਨ ਕਿ ਸਿਰਫ਼ ਉਨ੍ਹਾਂ ਨੂੰ ਇਹ ਤਾਂ ਦੱਸਿਆ ਜਾਵੇ ਕਿ ਦਲਿਤਾਂ ਦੀ ਇਹ ਵੀਹੀ 'ਚ ਕੌਣ ਕਸੂਰਵਾਰ ਸੀ।
ਪਿੰਡ ਠੂਠਿਆਂਵਾਲੀ ਦੀ ਇੱਕ ਹੋਰ ਦਲਿਤ ਔਰਤ ਇਲਜ਼ਾਮ ਲਾਉਂਦਿਆਂ ਕਿਹਾ ਕਿ ਬਲਵੀਰ ਕੌਰ ਨੇ ਦੱਸਿਆ ਕਿ ਜਦੋਂ ਪੁਲਿਸ ਨੇ ਤੜਕਸਾਰ ਦਲਿਤਾਂ ਦੇ ਵਿਹੜੇ 'ਚ 'ਹੱਲਾ ਬੋਲਿਆ' ਤਾਂ ਸਭ ਸੁੱਤੇ ਪਏ ਸਨ।

ਤਸਵੀਰ ਸਰੋਤ, Getty Images
"ਮੇਰੀ ਨੂੰਹ ਗਰਭਵਤੀ ਹੈ। ਮੇਰਾ ਪੁੱਤ ਤੇ ਨੂੰਹ ਕੋਠੇ 'ਤੇ ਸੁੱਤੇ ਪਏ ਸਨ। ਪੁਲਿਸ ਵਾਲੇ ਇੱਕ-ਦਮ ਘਰ 'ਚ ਦਾਖ਼ਲ ਹੋਏ। ਜਦੋਂ ਮੈਂ ਪੁੱਛਿਆ ਕਿ ਕੀ ਗੱਲ ਹੈ ਤਾਂ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ ਤੇ ਕੋਠੇ 'ਤੇ ਚੜ੍ਹਨ ਲੱਗੇ।"
"ਮੈਂ ਰੌਲਾ ਪਾਇਆ ਕਿ ਮੇਰੀ ਨੂੰਹ ਗਰਭਵਤੀ ਹੈ ਤੇ ਉਸ ਦੀ ਸਿਹਤ ਠੀਕ ਨਹੀਂ ਹੈ। ਇਹ ਸੁਣ ਕੇ ਮਹਿਲਾ ਪੁਲਿਸ ਕਾਂਸਟੇਬਲ ਉੱਪਰ ਚਲੀਆਂ ਗਈਆਂ ਤੇ ਨੂੰਹ ਨੂੰ ਮੇਰੇ ਪੁੱਤਰ ਤੋਂ ਪਾਸੇ ਕਰ ਕੇ ਪੁਲਿਸ ਵਾਲਿਆਂ ਨੂੰ ਸੱਦ ਲਿਆ। ਇਸ ਮਗਰੋਂ ਉਹ ਮੇਰੇ ਪੁੱਤਰ ਸੁਖਦੇਵ ਨੂੰ ਫੜ ਕੇ ਲੈ ਗਏ।"
ਬਲਵੀਰ ਕੌਰ ਨੇ ਦੱਸਿਆ ਕਿ ਜਦੋਂ ਇੱਕ ਰਾਤ ਪਹਿਲਾਂ ਪੁਲਿਸ ਵਾਲੇ ਉਸ ਦੇ ਨਾਬਾਲਗ ਪੁੱਤਰ ਨੂੰ ਕਥਿਤ ਤੌਰ 'ਤੇ ਡੰਡਿਆਂ ਨਾਲ ਮਾਰ ਰਹੇ ਸਨ ਤਾਂ ਉਸ ਨੇ ਆਪਣੇ ਗੁਆਂਢੀ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਸੀ।
"ਮੈਂ ਕੰਧ ਤੋਂ ਦੇਖਿਆ ਕਿ ਪੁਲਿਸ ਵਾਲੇ ਮੇਰੀ ਭੈਣ ਸੁਖਪਾਲ ਕੌਰ ਦੇ ਪਤੀ ਤੇ ਪੁੱਤਰਾਂ ਨੂੰ ਕੁੱਟ ਰਹੇ ਹਨ। ਮੈਂ ਵਿਰੋਧ ਕੀਤਾ ਤਾਂ ਪੁਲਿਸ ਨੇ ਕੰਧ ਤੋਂ ਮੇਰੇ ਵੀ ਡੰਡੇ ਮਾਰੇ। ਸਾਡੇ ਤਾਂ ਹਾਲ-ਦੁਹਾਈ ਮੱਚੀ ਹੋਈ ਹੈ।"
"ਪੁਲਸੀਆ ਕੁੱਟ ਤੋਂ ਬਾਅਦ ਅਸੀਂ ਤਾਂ ਘਰੋਂ ਬਾਹਰ ਨਿਕਲ ਕੇ ਨਿਆਂ ਦੀ ਮੰਗ ਵੀ ਨਹੀਂ ਕਰ ਸਕਦੇ। ਦਿਹਾੜੀਆਂ ਲੱਗਣੀਆਂ ਬੰਦ ਹਨ। ਬੰਦੇ ਸਾਡੇ ਪੁਲਿਸ ਵਾਲੇ ਲੈ ਗਏ। ਬੋਝੇ 'ਚ ਪੈਸੇ ਨਹੀਂ ਹਨ, ਬੱਸ ਕੀ ਕਰੀਏ?"


ਆਪਣੇ ਦਰਦ ਨੂੰ ਬਿਆਨ ਕਰਦੇ ਹੋਏ ਬਲਵੀਰ ਕੌਰ ਕਹਿੰਦੇ ਹਨ, "ਜਦੋਂ ਦਾ ਮੇਰਾ ਪੁੱਤ ਨੂੰ ਪੁਲਿਸ ਵਾਲੇ ਲੈ ਕੇ ਗਏ ਹਨ, ਨੂੰਹ ਦਾ ਸਿਸਕ-ਸਿਸਕ ਕੇ ਬੁਰਾ ਹਾਲ ਹੋ ਗਿਆ ਹੈ। ਮੇਰਾ ਪੁੱਤ ਨਸ਼ੇ-ਪੱਤੇ ਤੋਂ ਕੋਹਾਂ ਦੂਰ ਹੈ ਪਰ ਸਮਝ ਨਹੀਂ ਆ ਰਹੀ ਕਿ ਪੁਲਿਸ ਨੂੰ ਇਹ ਸਭ ਕੁਝ ਕਰਨ ਦੀ ਕੀ ਲੋੜ ਸੀ।"
ਮਜ਼ਦੂਰ-ਮੁਕਤੀ ਮੋਰਚਾ ਪੰਜਾਬ ਦੇ ਪ੍ਰਧਾਨ ਭਗਵੰਤ ਸਿੰਘ ਸਮਾਓਂ ਇਸ ਘਟਨਾ 'ਤੇ ਤਰਕ ਦਿੰਦੇ ਹੋਏ ਕਹਿੰਦੇ ਹਨ ਕਿ ਜੇਕਰ ਕਿਸੇ ਨੇ ਕਰਫ਼ਿਊ ਦੀ ਉਲੰਘਣਾ ਕੀਤੀ ਹੈ ਜਾਂ ਫਿਰ ਪੁਲਿਸ 'ਤੇ ਹਮਲਾ ਕੀਤਾ ਹੈ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨੀ ਬਣਦੀ ਹੈ।
"ਪਰ ਪਿੰਡ ਠੂਠਿਆਂਵਾਲੀ ਦੀ ਘਟਨਾ ਦੱਸਦੀ ਹੈ ਕਿ ਇਹ ਦਲਿਤ ਵਿਹੜੇ 'ਤੇ ਨਿਰੋਲ ਗਿਣਿਆਂ-ਮਿਥਿਆ ਹਮਲਾ ਹੈ। ਪੁਲਿਸ ਨੇ 50 ਜਣਿਆਂ ਵਿਰੁੱਧ ਪਰਚਾ ਦਰਜ ਕੀਤਾ ਹੈ ਤੇ ਇਹਨਾਂ 'ਚੋਂ 24 ਜਣਿਆਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜਿਆ ਗਿਆ ਹੈ।"
"ਪਰ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਪੁਲਿਸ ਦੀ ਕੁੱਟ ਨਾਲ ਜ਼ਖਮੀ ਹੋਏ ਲੋਕਾਂ ਨੂੰ ਇਲਾਜ ਲਈ ਘਰੋਂ ਬਾਹਰ ਕਿਉਂ ਨਹੀਂ ਨਿਕਲਣ ਦਿੱਤਾ ਜਾ ਰਿਹਾ।"
ਉਨ੍ਹਾਂ ਕਿਹਾ ਕਿ, "ਖ਼ੈਰ, ਕੋਰੋਨਾਵਾਇਰਸ ਦੀ ਮਾਰ ਕਾਰਨ ਨਿਆਂ ਮੰਗਣ ਲਈ ਧਰਨਾ ਦੇਣਾ ਤਾਂ ਮੁਨਾਸਬ ਨਹੀਂ ਹੈ। ਅਸੀਂ ਪੀੜਤ ਪਰਿਵਾਰਾਂ ਨੂੰ ਨਿਆਂ ਦਿਵਾਉਣ ਲਈ ਬਾਬਾ ਬੂਝਾ ਸਿੰਘ ਭਵਨ ਮਾਨਸਾ ਵਿਖੇ ਹਮ-ਖ਼ਿਆਲ ਸੰਗਠਨਾਂ ਨਾਲ ਸੰਪਰਕ ਕਰਕੇ 23 ਅਪ੍ਰੈਲ ਨੂੰ ਇੱਕ ਸੰਕੇਤਕ ਪ੍ਰਦਰਸ਼ਨ ਰੱਖਿਆ ਹੈ। ਫ਼ਿਲਹਾਲ, ਅਸੀਂ ਜੇਲ੍ਹ ਭੇਜੇ ਗਏ ਲੋਕਾਂ ਨੂੰ ਜ਼ਮਾਨਤ 'ਤੇ ਬਾਹਰ ਲਿਆਉਣ ਦਾ ਯਤਨ ਕਰ ਰਹੇ ਹਾਂ।"
'ਪੁਲਿਸ ’ਤੇ ਹੋਇਆ ਸੀ ਹਮਲਾ'
ਜਦੋਂ ਬੀਬੀਸੀ ਪੰਜਾਬੀ ਨੇ ਮਾਨਸਾ ਪੁਲਿਸ ਮੁਖੀ ਨਰਿੰਦਰ ਭਾਰਗਵ ਨੂੰ ਪੁਲਿਸ ਵੱਲੋਂ ਕਥਿਤ ਤੌਰ 'ਤੇ ਕੀਤੀ ਗਈ ਵਧੀਕੀ ਬਾਰੇ ਸਵਾਲ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਜਿਹੜੇ ਬੰਦੇ ਦੇ ਖ਼ਿਲਾਫ਼ ਕਾਰਵਾਈ ਹੁੰਦੀ ਹੈ ਉਹ ਅਜਿਹੇ ਇਲਜ਼ਾਮ ਤਾਂ ਲਾਉਂਦਾ ਹੀ ਹੈ।
ਮਾਮਲੇ ਦਾ ਬਿਉਰਾ ਦਿੰਦੇ ਹੋਏ ਉਨ੍ਹਾਂ ਨੇ ਦਾਅਵਾ ਕਰਦਿਆਂ ਕਿਹਾ, "ਪੁਲਿਸ ਪਾਰਟੀ ਦਿਨੇ ਜਾਂਦੀ ਹੈ ਤੇ ਉਨ੍ਹਾਂ ਨੂੰ ਕਰਫ਼ਿਊ ਦੀ ਉਲੰਘਣਾ ਨਾ ਕਰਨ ਦੀ ਚੇਤਾਵਨੀ ਦੇ ਕੇ ਆਉਂਦੀ ਹੈ।
"ਪੁਲਿਸ ਦੁਬਾਰਾ ਸ਼ਾਮ ਨੂੰ ਜਾਂਦੀ ਹੈ ਤੇ ਪੁਲਿਸ ਪਾਰਟੀ ’ਤੇ ਹਮਲਾ ਹੋ ਜਾਂਦਾ ਹੈ ਅਤੇ ਹਮਲਾ ਵੀ ਬੇਰਹਿਮੀ ਨਾਲ ਕੀਤਾ ਗਿਆ।"


"ਇੱਕ ਏਐਸਆਈ ਦੇ ਸਿਰ 'ਤੇ ਫੌਹੜਾ ਮਾਰਿਆ ਗਿਆ ਸੀ, ਫੌਹੜੇ ਨਾਲ ਆਮ ਤੌਰ 'ਤੇ ਗੋਬਰ ਵਗ਼ੈਰਾ ਇਕੱਠਾ ਕੀਤਾ ਜਾਂਦਾ ਹੈ ਤੇ ਖ਼ਤਰਨਾਕ ਹੋ ਸਕਦਾ ਹੈ।"
ਉਨ੍ਹਾਂ ਨੇ ਅੱਗੇ ਕਿਹਾ ਕਿ ਉਸ ਦੇ ਸਿਰ ਤੇ ਟਾਂਕੇ ਲੱਗੇ ਸਨ ਤੇ ਉਸ ਨੂੰ ਹਸਪਤਾਲ ਵਿਚ ਭਰਤੀ ਕੀਤਾ ਗਿਆ ਸੀ।
"ਫਿਰ ਵੀ ਉਸ ਨੇ ਤੇ ਪੁਲਿਸ ਪਾਰਟੀ ਨੇ ਆਪਣੇ ਆਪ ਨੂੰ ਰੋਕਿਆ, ਹਥਿਆਰ ਹੁੰਦੇ ਹੋਏ ਕੋਈ ਫਾਇਰ ਨਹੀਂ ਕੀਤਾ, ਰਾਤ ਵਿਚ ਕੋਈ ਅਪਰੇਸ਼ਨ ਨਹੀਂ ਕੀਤਾ ਗਿਆ।"
ਪੁਲਿਸ ਨੇ ਸਰਪੰਚ ਵਗ਼ੈਰਾ ਨੂੰ ਬੁਲਾਇਆ ਤੇ ਸਵੇਰੇ ਚਾਨਣ ਵੇਲੇ ਪਿੰਡ ਵਿਚ ਸਰਚ ਕੀਤੀ।
ਕਰੀਬ 50 ਬੰਦੇ ਮੌਕੇ ਤੇ ਸੀ ਜਿਹੜੇ ਪਹਿਲਾਂ ਪੁਲਿਸ ਦੇ ਸਾਹਮਣੇ ਆਏ ਪਰ ਪੁਲਿਸ ਨੇ 24 ਬੰਦਿਆਂ ਦੀ ਹੀ ਗਿਰਫਤਾਰੀ ਕੀਤੀ।
ਐਸਐਸਪੀ ਨੇ ਅੱਗੇ ਦੱਸਿਆ, "ਇੱਕ ਵੀ ਮਹਿਲਾ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ਹਾਲਾਂਕਿ ਸਾਡੇ ਕੋਲ ਵੀਡੀਉ ਹੈ ਜਿਸ ਵਿਚ ਇੱਕ ਮਹਿਲਾ ਕਹਿ ਰਹੀ ਹੈ ਕਿ ਮੈਂ ਚੌਂਕੀ ਨੂੰ ਅੱਗ ਲਾ ਦੇਵਾਂਗੀ।"
ਉਨ੍ਹਾਂ ਨੇ ਕਿਹਾ ਕਿ ਲੋਕਲ ਮੀਡੀਆ ਨੇ ਸਾਰਾ ਕੁੱਝ ਵੇਖਿਆ ਤੇ ਇਸੇ ਕਰਕੇ ਕਿਸੇ ਨੇ ਕੋਈ ਰਿਪੋਰਟ ਨਹੀਂ ਕੀਤੀ।
ਐਸਐਸਪੀ ਭਾਰਗਵ ਨੇ ਕਿਹਾ, "ਜੇ ਕਿਸੇ ਨੇ ਪੁਲਿਸ ਦੇ ਹਮਲਾ ਕੀਤਾ ਹੈ ਤਾਂ ਪੁਲਿਸ ਕਾਰਵਾਈ ਤਾਂ ਕਰੇਗੀ ਹੀ ਤਾਂ ਵੀ ਜੇ ਕਿਸੇ ਨੂੰ ਕੋਈ ਸ਼ਿਕਾਇਤ ਹੈ ਤਾਂ ਅਸੀਂ ਮਾਮਲੇ ਦੀ ਜਾਂਚ ਵਾਸਤੇ ਤਿਆਰ ਹਾਂ।"

ਤਸਵੀਰ ਸਰੋਤ, Getty Images
ਇਹ ਪੁੱਛਣ 'ਤੇ ਕਿ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿਚ ਇੱਕ ਨਾਬਾਲਗ ਵੀ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਜੇ ਕਿਸੇ ਨੇ ਜੁਰਮ ਕੀਤਾ ਹੈ ਤਾਂ ਕਾਰਵਾਈ ਤਾਂ ਬਣਦੀ ਹੀ ਹੈ ਪਰ ਜੇ ਕਿਸੇ ਦੀ ਉਮਰ 18 ਸਾਲ ਤੋਂ ਘੱਟ ਹੈ ਤਾਂ ਉਸ ਨੂੰ ਇਸ ਦਾ ਦਾਅਵਾ ਕਰਨਾ ਪੈਂਦਾ ਹੈ।
ਸਰਪੰਚ ਦਾ ਕੀ ਕਹਿਣਾ ਹੈ?
ਦੂਜੇ ਪਾਸੇ ਪਿੰਡ ਠੂਠਿਆਂਵਾਲੀ ਦੇ ਸਰਪੰਚ ਬਿੱਕਰ ਸਿੰਘ ਵੱਖਰੀ ਕਿਸਮ ਦੇ ਵਿਚਾਰ ਪ੍ਰਗਟ ਕਰਦੇ ਹੋਏ ਕਹਿੰਦੇ ਹਨ ਕਿ ਜਿੱਡੀ ਵੱਡੀ ਗੱਲ ਕਹੀ ਜਾ ਰਹੀ ਹੈ, ਉਹ ਘਟਨਾ ਦੀ ਅਸਲ ਤਸਵੀਰ ਦੀ ਤਰਜ਼ਮਾਨੀ ਨਹੀਂ ਕਰਦੀ।
ਉਨ੍ਹਾਂ ਨੇ ਦਾਅਵਾ ਕੀਤਾ, "ਬਿਨਾਂ ਸ਼ੱਕ, ਪਿੰਡ ਦੇ ਕੁਝ ਲੋਕ ਕਰਫ਼ਿਊ ਦੀ ਉਲੰਘਣਾ ਕਰਕੇ ਬਿਨਾਂ ਮਤਲਬ ਤੋਂ ਗਲੀਆਂ 'ਚ ਅਕਸਰ ਘੁੰਮਦੇ ਸਨ, ਜਿਸ ਨੂੰ ਰੋਕਣ ਲਈ ਪੁਲਿਸ ਵਾਲਿਆਂ ਨੇ ਅਜਿਹੇ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਤਾੜਣਾ ਕੀਤੀ।"
"ਫਿਰ ਕੀ ਸੀ, 150 ਤੇ ਕਰੀਬ ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਤਾੜਣਾ ਕਰਨ ਵਾਲੇ ਪੁਲਿਸ ਮੁਲਾਜ਼ਮਾਂ 'ਤੇ ਹਮਲਾ ਕਰ ਦਿੱਤਾ। ਇਸ ਮੌਕੇ ਕੁਝ ਪੁਲਿਸ ਵਾਲਿਆਂ ਦੇ ਸੱਟਾਂ ਲੱਗੀਆਂ ਪਰ ਇੱਕ ਮੁਲਾਜ਼ਮ ਦੇ ਵੱਧ ਸੱਟ ਲੱਗੀ।"


ਸਰਪੰਚ ਬਿੱਕਰ ਸਿੰਘ ਕਹਿੰਦੇ ਹਨ, "ਹਾਂ, ਇਨਾਂ ਜ਼ਰੂਰ ਹੈ ਕਿ ਪੁਲਿਸ ਨੇ ਇਸ ਹਮਲੇ ਦੇ ਸਬੰਧ ਵਿੱਚ ਪਿੰਡ ਦੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਸੀ।"
"ਫੜੇ ਗਏ ਵਿਅਕਤੀ ਵੱਲੋਂ ਪੁਲਿਸ ਨੂੰ ਦਿੱਤੀ ਗਈ ਜਾਣਕਾਰੀ ਦੇ ਅਧਾਰ 'ਤੇ ਪੁਲਿਸ ਨੇ ਦਲਿਤ ਬਸਤੀ ਦੇ ਕੁਝ ਲੋਕਾਂ ਨੂੰ ਫੜ ਕੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਹੈ। ਹੁਣ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ।"

ਤਸਵੀਰ ਸਰੋਤ, MoHFW_INDIA

ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












