ਕੋਰੋਨਾਵਾਇਰਸ: ਫ਼ਸੇ ਮਜ਼ਦੂਰ ਪੁੱਛ ਰਹੇ ਹਨ, 'ਸਰਕਾਰ ਦੋ-ਤਿੰਨ ਮਹੀਨੇ ਖਵਾ ਦੇਵੇਗੀ। ਉਸ ਤੋਂ ਬਾਅਦ?'

- ਲੇਖਕ, ਗੀਤਾ ਪਾਂਡੇ
- ਰੋਲ, ਬੀਬੀਸੀ ਨਿਊਜ਼, ਦਿੱਲੀ
ਕੁਝ ਦਿਨ ਪਹਿਲਾਂ ਮੈਂ ਪੂਰਬੀ ਦਿੱਲੀ ਦੇ ਇੱਕ ਸਰਕਾਰੀ ਰੈਣ-ਬਸੇਰੇ ਵਿੱਚ ਗਈ ਜੋ ਕਿ ਇੱਕ ਸਕੂਲ ਵਿੱਚ ਚੱਲ ਰਿਹਾ ਹੈ।
ਇੱਥੇ 380 ਪਰਵਾਸੀ ਮਜ਼ਦੂਰ ਰਹਿ ਰਹੇ ਹਨ ਜਿਨ੍ਹਾਂ ਦਰਜਣ ਭਰ ਔਰਤਾਂ ਤੇ ਮਰਦਾਂ ਨਾਲ ਮੈਂ ਗੱਲ ਕਰ ਸਕੀ, ਉਨ੍ਹਾਂ ਦਾ ਇੱਕੋ ਸਵਾਲ ਸੀ, 'ਅਸੀਂ ਘਰੇ ਕਦੋਂ ਜਾ ਸਕਾਂਗੇ?'
ਇਨ੍ਹਾਂ ਵਿੱਚੋਂ ਇੱਕ ਮਨੋਜ ਅਹੀਰਵਾਲ ਹਨ। ਉਹ ਆਪਣੇ ਰਿਸ਼ਤੇਦਾਰਾਂ ਸਮੇਤ ਇੱਥੇ 29 ਮਾਰਚ ਤੋਂ ਰਹਿ ਰਹੇ ਹਨ।


"ਪੁਲਿਸ ਨੇ ਸਾਨੂੰ ਕਿਹਾ ਕਿ ਉਹ ਸਾਡੀ ਘਰ ਜਾਣ ਵਿੱਚ ਮਦਦ ਕਰੇਗੀ ਪਰ ਉਹ ਸਾਨੂੰ ਇੱਥੇ ਲੈ ਆਈ। ਉਨ੍ਹਾਂ ਨੇ ਸਾਡੇ ਨਾਲ ਚਾਲ ਖੇਡੀ।"
ਉਨ੍ਹਾਂ ਦਾ ਸਿਮਾਰੀਆ ਪਿੰਡ ਬਿਹਾਰ ਵਿੱਚ ਪੈਂਦਾ ਹੈ ਜਿੱਥੋਂ ਉਹ ਪਿਛਲੇ ਮਹੀਨੇ ਹੀ ਪਹੁੰਚੇ ਸਨ। ਹਾੜੀ ਦੀ ਫ਼ਸਲ ਚੰਗੀ ਸੀ ਪਰ ਹਾਲੇ ਵਾਢੀ ਵਿੱਚ ਇੱਕ ਮਹੀਨਾ ਰਹਿੰਦਾ ਸੀ।
ਇਸ ਲਈ ਉਹ ਆਪਣੇ 21 ਰਿਸ਼ਤੇਦਾਰਾਂ ਨਾਲ ਦਿੱਲੀ ਆ ਗਏ ਜਿੱਥੇ ਉਹ ਇੱਕ ਉਸਾਰੀ ਦੇ ਕੰਮ ਵਿੱਚ ਦਿਹਾੜੀ ਕਰਨ ਲੱਗੇ।
ਉਨ੍ਹਾਂ ਨੇ ਹਾਲੇ ਤਿੰਨ ਦਿਨ ਹੀ ਕੰਮ ਕੀਤਾ ਸੀ ਕਿ 25 ਮਾਰਚ ਨੂੰ 21 ਦਿਨਾਂ ਦਾ ਪਹਿਲਾ ਲੌਕਡਾਊਨ ਹੋ ਗਿਆ।
ਆਪਣੇ ਕੰਮ ਬੰਦ ਹੁੰਦਾ ਦੇਖ ਕੇ ਅਤੇ ਬਚਤ ਖੁਰਦੀ ਦੇਖ ਕੇ ਉਨ੍ਹਾਂ ਨੇ ਪਿੰਡ ਵਾਪਸੀ ਦਾ ਫ਼ੈਸਲਾ ਲਿਆ।
ਉਸ ਸਮੇਂ ਤੱਕ ਰੇਲਾਂ-ਬਸਾਂ ਬੰਦੇ ਹੋ ਗਈਆਂ ਤੇ ਸੂਬਿਆਂ ਦੇ ਬਾਰਡਰ ਸੀਲ ਹੋ ਚੁੱਕੇ ਸਨ ਇਸ ਲਈ ਘਰ ਵਾਪਸੀ ਦਾ ਕੋਈ ਚਾਰਾ ਨਾ ਰਿਹਾ।
28 ਮਾਰਚ ਨੂੰ ਉਨ੍ਹਾਂ ਨੂੰ ਪਤਾ ਲਗਿਆ ਕਿ ਸਰਕਾਰ ਆਨੰਦ ਵਿਹਾਰ ਬੱਸ ਅੱਡੇ ਤੋਂ ਫ਼ਸੇ ਹੋਏ ਪਰਵਾਸੀਆਂ ਲਈ ਬਸਾਂ ਭੇਜ ਰਹੀ ਹੈ। ਉਨ੍ਹਾਂ ਅਨੰਦ ਵਿਹਾਰ ਵੱਲ ਚਾਲੇ ਪਾ ਦਿੱਤੇ।
Sorry, your browser cannot display this map
ਜਦੋਂ ਤੱਕ ਉਹ ਉੱਥੇ ਪਹੁੰਚੇ, ਬੱਸਾਂ ਨਿਕਲ ਚੁੱਕੀਆਂ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਪਿੰਡ ਵੱਲ ਪੈਦਲ ਮਾਰਚ ਕਰਨ ਦਾ ਫ਼ੈਸਲਾ ਕੀਤਾ।
"ਅਸੀਂ 10 ਕਿੱਲੋ ਆਟਾ, ਕੁਝ ਆਲੂ ਅਤੇ ਟਮਾਟਰ ਖ਼ਰੀਦੇ। ਅਸੀਂ ਸੋਚਿਆ ਸੜਕ ’ਤੇ ਜਿੱਥੇ ਰਾਤ ਪਿਆ ਕਰੇਗੀ, ਪਕਾ ਲਿਆ ਕਰਾਂਗੇ।"
ਇਸ ਤਿੰਨ ਮੰਜ਼ਿਲਾ ਸਕੂਲ ਵਿੱਚ ਬੈਂਚਾਂ ਅਤੇ ਡੈਸਕਾਂ ਦੀ ਥਾਂ ਮੰਜਿਆਂ ਤੇ ਬਿਸਤਰਿਆਂ ਨੇ ਲੈ ਲਈ ਹੈ। ਪ੍ਰਸ਼ਾਸਨ ਇਨ੍ਹਾਂ ਨੂੰ ਪੱਕਿਆ-ਪਕਾਇਆ ਖਾਣਾ ਮੁਹਈਆ ਕਰਵਾ ਰਿਹਾ ਹੈ। ਬੱਚਿਆਂ ਨੂੰ ਦੁੱਧ ਦਿੱਤਾ ਜਾ ਰਿਹਾ ਹੈ ਅਤੇ ਗਰਭਵਤੀ ਔਰਤਾਂ ਨੂੰ ਕਦੇ-ਕਦਾਈਂ ਫ਼ਲ ਵੀ ਦਿੱਤੇ ਜਾ ਰਹੇ ਹਨ।
ਅਹੀਰਵਾਲ ਪਰਿਵਾਰ ਇਸ ਬੰਦੋਬਸਤ ਲਈ ਸ਼ੁਕਰਗੁਜ਼ਾਰ ਤਾਂ ਹੈ ਪਰ ਘਰ ਜਾਣਾ ਚਾਹੁੰਦਾ ਹੈ।
ਪਿੰਡ ਵਿੱਚ ਉਨ੍ਹਾਂ ਦੀ ਕਣਕ ਵਾਢੀ ਲਈ ਖੜ੍ਹੀ ਹੈ। ਅਹੀਰਵਾਲ ਦੇ ਪਿਤਾ ਅਤੇ ਭਰਾ ਇਕੱਲੇ ਉਸ ਨੂੰ ਨਹੀਂ ਸੰਭਾਲ ਸਕਣਗੇ।
ਕਾਲੀਬਾਈ ਅਹੀਰਵਾਲ ਦਾ ਸਵਾਲ ਹੈ, "ਇਹ ਉਹ ਸਮਾਂ ਹੈ ਜਦੋਂ ਅਸੀਂ ਸਾਰੇ ਸਾਲ ਲਈ ਅਨਾਜ ਜੋੜਦੇ ਹਾਂ। ਸਰਕਾਰ ਦੋ-ਤਿੰਨ ਮਹੀਨਿਆਂ ਤੱਕ ਖਵਾ ਦੇਵੇਗੀ। ਉਸ ਤੋਂ ਬਾਅਦ?"
ਪ੍ਰਧਾਨ ਮੰਤਰੀ ਮੋਦੀ ਨੇ ਚਾਰ ਘੰਟਿਆਂ ਦੇ ਥੋੜ੍ਹੇ ਜਿਹੇ ਨੋਟਿਸ ਨਾਲ ਲੌਕਡਾਊਨ ਦਾ ਐਲਾਨ ਕਰ ਦਿੱਤਾ। ਇਸ ਫ਼ੈਸਲੇ ਨੇ ਜੋ ਹਫ਼ੜਾ-ਤਫ਼ੜੀ ਫੈਲਾਈ ਹੈ ਉਹ ਹਾਲੇ ਤੱਕ ਸਮੇਟੀ ਨਹੀਂ ਜਾ ਸਕੀ ਹੈ।
ਇਸ ਐਲਾਨ ਤੋਂ ਕੁਝ ਘੰਟਿਆਂ ਦੇ ਦੌਰਾਨ ਹੀ ਲੱਖਾਂ ਪਰਵਾਸੀਆਂ ਨੇ ਸ਼ਹਿਰ ਛੱਡਣੇ ਸ਼ੁਰੂ ਕਰ ਦਿੱਤੇ। ਹਾਈਵੇਅ ਲੋਕਾਂ ਨਾਲ ਭਰ ਗਏ। ਜਿਨ੍ਹਾਂ ਕੋਲ ਆਪਣਾ ਨਿੱਕਾ-ਮੋਟਾ ਸਮਾਨ ਸੀ। ਇਹ ਲੋਕ ਪੈਦਲ ਆਪੋ-ਆਪਣੇ ਘਰਾਂ ਨੂੰ ਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਕਈਆਂ ਦਾ ਪੈਂਡਾ ਤਾਂ ਸੈਂਕੜੇ ਕਿੱਲੋਮੀਟਰ ਦਾ ਸੀ। ਇਸ ਦੌਰਾਨ ਕਈ ਲੋਕਾਂ ਦੀਆਂ ਜਾਨਾਂ ਵੀ ਗਈਆਂ।
ਪ੍ਰਸ਼ਾਸਨ ਦਾ ਕਹਿਣਾ ਹੈ ਕਿ ਲੌਕਡਾਊਨ ਜਾਨਾਂ ਬਚਾਉਣ ਦੀ ਕੋਸ਼ਿਸ਼ ਹੈ ਪਰ ਵਿਉਂਤਬੰਦੀ ਦੀ ਕਮੀ ਨੇ ਦੇਸ਼ ਦੇ ਸਭ ਤੋਂ ਗ਼ਰੀਬ ਤਬਕੇ ਦੀ ਰੀੜ੍ਹ 'ਤੇ ਸੱਟ ਮਾਰੀ ਹੈ।
ਪਿਛਲੇ ਹਫ਼ਤੇ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿਆਪੀ ਲੌਕਡਾਊਨ ਦੀ ਮਿਆਦ ਵਧਾ ਦਿੱਤੀ ਤਾਂ ਮੁੰਬਈ ਦੇ ਇੱਕ ਰੇਲਵੇ ਸਟੇਸ਼ਨ ਤੇ ਹਜ਼ਾਰਾਂ ਪਰਵਾਸੀ ਮਜ਼ਦੂਰ ਇਕੱਠੇ ਹੋ ਗਏ।
ਅਜਿਹੀਆਂ ਅਫ਼ਵਾਹਾਂ ਫੈਲੀਆਂ ਸਨ ਕਿ ਰੇਲ ਸੇਵਾਵਾਂ ਮੁੜ ਤੋਂ ਸ਼ੁਰੂ ਹੋ ਰਹੀਆਂ ਹਨ। ਜਿਸ ਕਾਰਨ ਮਜ਼ਦੂਰ ਸੋਸ਼ਲ ਡਿਸਟੈਂਸਿੰਗ ਅਤੇ ਕਰਫਿਊ ਨੂੰ ਅੱਖੋਂ-ਪਰੋਖੇ ਕਰ ਕੇ ਰੇਲਵੇ ਸਟੇਸ਼ਨ 'ਤੇ ਪਹੁੰਚ ਗਏ।
ਉਨ੍ਹਾਂ ਦੀ ਫਰਿਆਦ ਸੀ ਕਿ ਸਰਕਾਰ ਉਨ੍ਹਾਂ ਨੂੰ ਘਰੋ-ਘਰੀਂ ਪਹੁੰਚਾਉਣ ਦਾ ਹੀਲਾ ਕਰੇ। ਜਦਕਿ ਪੁਲਿਸ ਨੇ ਉਨ੍ਹਾਂ ਨੂੰ ਤਿਤਰ-ਬਿਤਰ ਕਰਨ ਲਈ ਲਾਠੀਚਾਰਜ ਕੀਤਾ।
ਉਸੇ ਸਮੇਂ ਗੁਜਰਾਤ ਦੀ ਰਾਜਧਾਨੀ ਅਹਿਮਦਾਬਾਦ ਵਿੱਚ ਸੈਂਕੜੇ ਪਰਵਾਸੀ ਮਜ਼ਦੂਰਾਂ ਨੇ ਵੀ ਆਪੋ-ਆਪਣੇ ਘਰੀਂ ਜਾਣ ਲਈ ਰਾਹਦਾਰੀ ਦੀ ਮੰਗ ਕੀਤੀ।
ਉਸ ਤੋਂ ਅਗਲੇ ਦਿਨ ਰਾਜਧਾਨੀ ਦਿੱਲੀ ਵਿੱਚ ਹੱਲਾ ਹੋਇਆ। ਜਦੋਂ ਯਮੁਨਾ ਦਰਿਆ ਦੇ ਪੁਲ ਥੱਲੇ ਰਹਿ ਰਹੇ ਕਈ ਸੈਂਕੜੇ ਮਜ਼ਦੂਰ ਪੁਲਿਸ ਨੂੰ ਮਿਲੇ। ਇਸ ਥਾਂ ਉੱਪਰ ਦਰਿਆ ਇੱਕ ਵੱਡੇ ਨਾਲੇ ਦਾ ਰੂਪ ਧਾਰ ਲੈਂਦਾ ਹੈ। ਜਿਸ ਵਿੱਚ ਸੀਵਰ ਦਾ ਗੰਦ ਡਿਗਦਾ ਹੈ ਅਤੇ ਥਾਂ ਬਦਬੂ ਨਾਲ ਭਰੀ ਰਹਿੰਦੀ ਹੈ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਲੋਕਾਂ ਦੀ ਹਾਲਤ ਬਹੁਤ ਖ਼ਰਾਬ ਸੀ ਅਤੇ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਤਿੰਨ ਦਿਨਾਂ ਤੋਂ ਭੁੱਖੇ ਸਨ। ਉਹ ਇੱਥੇ ਰਹਿ ਰਹੇ ਸਨ ਕਿਉਂਕਿ ਜਿਸ ਸਰਕਾਰੀ ਆਰਜੀ-ਵਸੇਬੇ ਵਿੱਚ ਉਹ ਰਹਿ ਰਹੇ ਸਨ ਉਸ ਨੂੰ ਅੱਗ ਲਾ ਦਿੱਤੀ ਗਈ ਸੀ। ਹੁਣ ਉਨ੍ਹਾਂ ਨੂੰ ਹੋਰ ਰੈਣ-ਬਸੇਰਿਆਂ ਵਿੱਚ ਭੇਜ ਦਿੱਤਾ ਗਿਆ ਹੈ।
ਇਨ੍ਹਾਂ ਘਟਨਾਵਾਂ ਨੇ ਉਨ੍ਹਾਂ ਲੱਖਾਂ ਭਾਰਤੀ ਮਜ਼ਦੂਰਾਂ ਦੇ ਦੁੱਖਾਂ ਨੂੰ ਸਾਹਮਣੇ ਲਿਆਂਦਾ ਹੈ। ਜੋ ਕਿਰਤ-ਕਰਮ ਦੇ ਮਾਰੇ ਆਪਣੇ ਘਰੇਲੂ ਸੂਬਿਆਂ ਤੋਂ ਦੂਰ ਦਿਹਾੜੀ-ਮਜ਼ਦੂਰੀ ਕਰਨ ਜਾਂਦੇ ਹਨ। ਇਨ੍ਹਾਂ ਘਟਨਾਵਾਂ ਤੋਂ ਉਜਾਗਰ ਹੋਇਆ ਹੈ ਕਿ ਅਚਾਨਕ ਕੀਤੇ ਲੌਕਡਾਊਨ ਕਾਰਨ ਵੱਖ-ਵੱਖ ਥਾਵਾਂ 'ਤੇ ਫ਼ਸੇ ਇਨ੍ਹਾਂ ਗ਼ਰੀਬਾਂ ਦੇ ਕੀ ਹਾਲ ਹਨ।
ਪਰਵਾਸੀ ਕਾਮਿਆਂ ਦੀਆਂ ਤਕਲੀਫ਼ਾਂ ਭਾਰਤ ਲਈ ਕੋਈ ਨਵੀਆਂ ਨਹੀਂ ਹਨ। ਇਨ੍ਹਾਂ ਦੀ ਵੱਡੀ ਗਿਣਤੀ ਹਰ ਇੱਕ ਲੋੜਵੰਦ ਤੱਕ ਮਦਦ ਦੀ ਪਹੁੰਚ ਨੂੰ ਵੀ ਦੁਰਗਮ ਬਣਾ ਦਿੰਦੀ ਹੈ।
ਇਨ੍ਹਾਂ ਵਿੱਚੋਂ ਬਹੁਤੇ ਲੋਕ ਆਪਣੇ ਪਿੰਡਾਂ ਤੋਂ ਰੁਜ਼ਗਾਰ ਦੀ ਭਾਲ ਵਿੱਚ ਸ਼ਹਿਰਾਂ ਦਾ ਮੂੰਹ ਕਰਦੇ ਹਨ। ਇਨ੍ਹਾਂ ਵਿੱਚ ਘਰੇਲੂ ਮਦਦਗਾਰ, ਮਾਲੀ, ਡਰਾਈਵਰ ਜਾਂ ਦਿਹਾੜੀਦਾਰਾਂ ਵਰਗੇ ਲੋਕ ਸ਼ਾਮਲ ਹਨ।
ਇੱਕ ਆਲੋਚਕ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਦੇ ਸੰਕਟ ਦੇ ਦੌਰ ਵਿੱਚ ਭਾਰਤ ਦੇ ਪਰਵਾਸੀ ਕਾਮਿਆਂ ਦੀ ਇਹ ਦੁਰ-ਦਸ਼ਾ ਅਤੇ ਉਨ੍ਹਾਂ ਲਈ ਢੁਕਵੇਂ ਬੰਦੋਬਸਤਾਂ ਦੀ ਕਮੀ ਭਾਰਤ ਲਈ ਨਮੋਸ਼ੀ ਵਾਲੀ ਗੱਲ ਹੈ।
ਇਹ ਭਾਵੇਂ ਰੈਣ-ਬਸੇਰਿਆਂ ਵਿੱਚ ਰਹਿ ਰਹੇ ਹੋਣ, ਫੁੱਟਪਾਂਥਾਂ ’ਤੇ ਸੌਂ ਰਹੇ ਹੋਣ। ਇਹ ਪ੍ਰਵਾਸੀ ਬੇਚੈਨ ਹਨ। ਇਹ ਉਡੀਕ ਕਰ ਰਹੇ ਹਨ ਕਿ ਕਦੋਂ ਕੁਝ ਢਿੱਲ ਮਿਲੇਗੀ ਅਤੇ ਕਦੋਂ ਇਹ ਆਪਣੇ ਉਨ੍ਹਾਂ ਪਰਿਵਾਰਾਂ ਕੋਲ ਪਹੁੰਚ ਸਕਣਗੇ ਜਿਨ੍ਹਾਂ ਲਈ ਇਹ ਕਮਾਉਣ ਨਿਕਲੇ ਸਨ ਤੇ ਲੌਕਡਾਊਨ ਵਿੱਚ ਫ਼ਸ ਗਏ।

ਤਸਵੀਰ ਸਰੋਤ, Getty Images
'ਇਹ ਲੌਕਡਾਊਨ ਪੂਰੀ ਤਰ੍ਹਾਂ ਗ਼ੈਰ-ਮਨੁੱਖੀ ਹੈ'
ਕੰਮ ਨਾ ਹੋਣ ਕਰ ਕੇ ਬਹੁਤ ਸਾਰੇ ਪਰਵਾਸੀ ਹੁਣ ਸਿਰਫ਼ ਸਰਕਾਰ ਜਾਂ ਗ਼ੈਰ-ਸਰਕਾਰੀ ਸੰਸਥਾਵਾਂ ਵੱਲੋਂ ਵੰਡੇ ਜਾ ਰਹੇ ਖਾਣੇ ਉੱਪਰ ਹੀ ਨਿਰਭਰ ਹਨ। ਕੁਝ ਤਾਂ ਭੀਖ ਮੰਗਣ ਲਈ ਵੀ ਮਜਬੂਰ ਹੋ ਗਏ ਹਨ।
ਜਦੋਂ ਮੈਂ ਇਹ ਕਹਾਣੀ ਲਿਖ ਰਹੀ ਸੀ ਤਾਂ ਖ਼ਬਰ ਆ ਰਹੀ ਹੈ ਕਿ ਤੇਲੰਗਾਨਾ ਵਿੱਚ ਇੱਕ 12 ਸਾਲਾ ਬੱਚੀ ਦੀ ਮੌਤ ਹੋ ਗਈ ਹੈ। ਜੋ ਤੇਲੰਗਾਨਾ ਤੋਂ ਛੱਤੀਸਗੜ੍ਹ ਜਾਣ ਲਈ 150 ਕਿੱਲੋਮੀਟਰ ਤੱਕ ਤੁਰੀ।
ਤਿੰਨ ਦਿਨ ਤੁਰਨ ਤੋਂ ਬਾਅਦ ਉਸ ਦੀ ਮੌਤ ਹੋ ਗਈ। ਘਰ ਤੋਂ ਲਗਭਗ 15 ਕਿੱਲੋਮੀਟਰ ਦੂਰ।
ਵਕੀਲ ਅਤੇ ਕਾਰਕੁਨ ਪ੍ਰਸ਼ਾਂਤ ਭੂਸ਼ਣ ਨੇ ਬੀਬੀਸੀ ਨੂੰ ਦੱਸਿਆ, "ਇਹ ਲੌਕਡਾਊਨ ਪੂਰੀ ਤਰ੍ਹਾਂ ਗ਼ੈਰ-ਮਨੁੱਖੀ ਹੈ।" ਉਨ੍ਹਾਂ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਪਾਈ ਹੈ ਕਿ ਪਰਵਾਸੀ ਕਾਮਿਆਂ ਨੂੰ ਘਰੋ-ਘਰੀਂ ਜਾਣ ਦੀ ਆਗਿਆ ਦਿੱਤੀ ਜਾਵੇ।
"ਜੋ ਲੋਕ ਕੋਰੋਨਾ ਦੇ ਟੈਸਟ ਵਿੱਚ ਨੈਗਿਟੀਵ ਆਏ ਹਨ ਉਨ੍ਹਾਂ ਨੂੰ ਪਰਿਵਾਰਾਂ ਅਤੇ ਪਿੰਡਾਂ ਤੋਂ ਦੂਰ ਧੱਕੇ ਨਾਲ ਰੋਕ ਕੇ ਨਹੀਂ ਰੱਖਿਆ ਜਾਣਾ ਚਾਹੀਦਾ। ਸਰਕਾਰ ਨੂੰ ਉਨ੍ਹਾਂ ਦੇ ਘਰ ਜਾਣ ਲਈ ਟਰਾਂਸਪੋਰਟ ਦਾ ਬੰਦੋਬਸਤ ਕਰਨਾ ਚਾਹੀਦਾ ਹੈ।"
ਜੇ ਅਜਿਹਾ ਹੋ ਸਕੇ ਤਾਂ ਇਸ ਨਾਲ ਅਹੀਰਵਾਲ ਵਰਗੇ ਲੋਕਾਂ ਦੀ ਬਹੁਤ ਮਦਦ ਕਰੇਗਾ। ਜੋ ਦੇਸ਼ ਵਿੱਚ ਵੱਖ-ਵੱਖ ਥਾਵਾਂ ਉੱਪਰ ਫ਼ਸੇ ਹੋਏ ਹਨ।
ਸਿਹਤ ਵਿਭਾਗ ਦੀ ਅਫ਼ਸਰ ਨੀਲਮ ਚੌਧਰੀ ਨੇ ਮੈਨੂੰ ਦੱਸਿਆ ਕਿ 29 ਮਾਰਚ ਤੋਂ ਜਿਹੜੇ ਲੋਕ ਸ਼ੈਲਟਰ ਵਿੱਚ ਰਹਿ ਰਹੇ ਹਨ। ਉਨ੍ਹਾਂ ਸਾਰੇ 380 ਲੋਕਾਂ ਦੀ ਸਿਹਤ ਵਿਭਾਗ ਵੱਲੋਂ ਹਰ ਰੋਜ਼ ਜਾਂਚ ਕੀਤੀ ਜਾਂਦੀ ਹੈ।
ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸ਼ੈਲਟਰਾਂ ਵਿੱਚ 6,00,000 ਪਰਵਾਸੀ ਕਾਮਿਆਂ ਦੀ ਸੰਭਾਲ ਕੀਤੀ ਜਾ ਰਹੀ ਹੈ ਅਤੇ ਲਗਭਗ 22 ਲੱਖ ਲੋਕਾਂ ਨੂੰ ਖਾਣਾ ਮੁਹਈਆ ਕਰਵਾਇਆ ਜਾ ਰਿਹਾ ਹੈ। ਫਿਰ ਵੀ ਲੱਖਾਂ ਲੋਕ ਹਾਲੇ ਵੀ ਮਦਦ ਦੀ ਇੰਤਜ਼ਾਰ ਵਿੱਚ ਹਨ।
ਫ਼ਸੇ ਹੋਏ ਮਜ਼ਦੂਰਾਂ ਦੀ ਭਲਾਈ ਲਈ ਕੰਮ ਕਰ ਰਹੀ ਸੰਸਥਾ ਸਟਰੈਂਡਡ ਵਰਕਰਜ਼ ਐਕਸ਼ਨ ਨੈਟਵਰਕ ਦੀ ਅਨੰਦਿਤਾ ਅਧਿਕਾਰੀ ਮੁਤਾਬਕ,"ਫ਼ਸੇ ਹੋਏ ਲੋਕ ਦੋ ਕਿਸਮ ਦੇ ਹਨ, ਪ੍ਰਤੱਖ ਅਤੇ ਅਪ੍ਰਤੱਖ।"
"ਜਿਹੜੇ ਸ਼ੈਲਟਰਾਂ ਵਿੱਚ ਹਨ, ਦਿਖ ਰਹੇ ਹਨ। ਜਦਕਿ ਵੱਡੀ ਗਿਣਤੀ ਵਿੱਚ ਅਜਿਹੇ ਲੋਕ ਹਨ ਜੋ ਸ਼ੈਲਟਰਾਂ ਵਿੱਚ ਨਹੀਂ ਹਨ। ਉਹ ਪੁਲਾਂ ਦੇ ਥੱਲੇ ਅਤੇ ਫੁੱਟਪਾਥਾਂ ਉੱਪਰ ਰਹਿ ਰਹੇ ਹਨ। ਜਾਂ ਆਪਣੇ ਕੰਮ ਦੇ ਸਥਾਨਾਂ 'ਤੇ ਜਾਂ ਝੁੱਗੀਆਂ ਵਿੱਚ ਫ਼ਸੇ ਹੋਏ ਹਨ।"
ਭੂਸ਼ਣ ਮੁਤਾਬਕ ਸ਼ੈਲਟਰਾਂ ਦੀ ਸਥਿਤੀ ਬਹੁਤ ਅਸਾਵੀਂ ਹੈ। "ਕੁਝ ਥਾਵਾਂ ਉੱਪਰ ਲੋਕਾਂ ਨੇ 2 ਕਿੱਲੋਮੀਟਰ ਲੰਬੀਆਂ ਕਤਾਰਾਂ ਦੀ ਸ਼ਿਕਾਇਤ ਕੀਤੀ ਹੈ। ਕਈ ਥਾਈਂ ਭਗਦੜ ਮੱਚਣ ਦੀਆਂ ਵੀ ਖ਼ਬਰਾਂ ਹਨ।"
ਪ੍ਰਵਾਸੀਆਂ ਦੀ ਬੇਚੈਨੀ ਇਸ ਤੋਂ ਵੀ ਉਜਾਗਰ ਹੁੰਦੀ ਹੈ ਕਿ ਉਹ ਲਗਾਤਾਰ ਇਨ੍ਹਾਂ ਸ਼ੈਲਟਰਾਂ ਤੋਂ ਭੱਜਣ ਦੀਆਂ ਕੋਸ਼ਿਸ਼ਾਂ ਕਰਦੇ ਰਹਿੰਦੇ ਹਨ।

ਤਸਵੀਰ ਸਰੋਤ, ANADOLU AGENCY
'ਲੋਕ ਭੁਖਮਰੀ ਦੀ ਕਗਾਰ 'ਤੇ'
ਇਸੇ ਮਹੀਨੇ ਦੀ ਸ਼ੁਰੂਆਤ ਵਿੱਚ ਪੁਲਿਸ ਨੇ ਜ਼ਰੂਰੀ ਵਸਤਾਂ ਵਾਲੇ ਟਰੱਕ ਵਿੱਚ ਲੁਕ ਕੇ ਸਫ਼ਰ ਕਰ ਰਹੇ 61 ਪਰਵਾਸੀ ਮਜ਼ਦੂਰਾਂ ਨੂੰ ਫੜਿਆ। ਪਿਛਲੇ ਹਫ਼ਤੇ ਅਜਿਹੀ ਹੀ ਘਟਨਾ ਅਸਾਮ ਵਿੱਚ ਹੋਈ। ਉੱਥੇ 51 ਪਰਵਾਸੀ ਮਜ਼ਦੂਰ ਮਿਲੇ ਸਨ।
ਕੁਝ ਦਿਨ ਪਹਿਲਾਂ 11 ਪਰਵਾਸੀ ਕਾਮੇ ਦਿੱਲੀ ਦੇ ਨਾਲ ਲਗਦੇ ਗੁੜਗਾਓਂ ਵਿੱਚ ਫੜੇ ਗਏ ਸਨ। ਇਹ ਲੋਕ ਦੋ ਐਂਬੂਲੈਂਸਾਂ ਵਿੱਚ ਲੁਕ ਕੇ ਘਰ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਸਨ।
ਪਿਛਲੇ ਤਿੰਨ ਹਫ਼ਤਿਆਂ ਦੌਰਾਨ ਸਟਰੈਂਡਡ ਵਰਕਰਜ਼ ਐਕਸ਼ਨ ਨੈਟਵਰਕ ਨੂੰ ਫ਼ਸੇ ਹੋਏ ਲੋਕਾਂ ਦੀਆਂ 11 ਹਜ਼ਾਰ ਕਾਲਾਂ ਆਈਆਂ ਹਨ।
ਅਨੰਦਿਤਾ ਨੇ ਦੱਸਿਆ, "ਜ਼ਿਆਦਾਤਰ ਦਾ ਕਹਿਣਾ ਸੀ ਕਿ ਉਨ੍ਹਾਂ ਕੋਲ ਇੱਕ ਦੋ ਦਿਨਾਂ ਦਾ ਰਾਸ਼ਨ ਹੈ। ਕਈਆਂ ਨੇ ਕਿਹਾ ਉਹ ਖਾਣਾ ਬਚਾਉਣ ਲਈ ਇੱਕ ਡੰਗ ਦਾ ਖਾਣਾ ਹੀ ਖਾ ਰਹੇ ਸਨ। 80 ਫ਼ੀਸਦੀ ਲੋਕ ਸਾਨੂੰ ਅਜਿਹੇ ਮਿਲੇ ਜਿਨ੍ਹਾਂ ਨੂੰ ਉਨ੍ਹਾਂ ਦੀ ਦਿਹਾੜੀ ਨਹੀਂ ਸੀ ਦਿੱਤੀ ਗਈ। ਬਹੁਤਿਆਂ ਕੋਲ ਸਿਰਫ਼ 200 ਰੁਪਏ ਹੀ ਸਨ।"
"ਬਿਨਾਂ ਪੈਸੇ ਅਤੇ ਖਾਣੇ ਦੇ ਉਹ ਲੋਕ ਭੁਖ਼ਮਰੀ ਦੀ ਕਗਾਰ 'ਤੇ ਧੱਕੇ ਜਾ ਚੁੱਕੇ ਸਨ।"
ਭੂਸ਼ਣ ਦਾ ਕਹਿਣਾ ਹੈ ਕਿ ਇਸ ਸਮੱਸਿਆ ਦਾ ਇੱਕੋ-ਇੱਕ ਹੱਲ ਸਰਕਾਰ ਵੱਲੋਂ ਇਨ੍ਹਾਂ ਲੋਕਾਂ ਦੇ ਖਾਤਿਆਂ ਵਿੱਚ ਸਿੱਧੇ ਪੈਸੇ ਪਹੁੰਚਾਉਣਾ ਹੈ।
"ਸਰਕਾਰ ਦਾ ਕਹਿਣਾ ਹੈ ਕਿ ਨੌਕਰੀ ਦਾਤਿਆਂ ਨੂੰ ਤਨਖ਼ਾਹਾਂ ਨਹੀਂ ਰੋਕਣੀਆਂ ਚਾਹੀਦੀਆਂ। ਜਦ ਕਿ ਛੋਟੀਆਂ ਦੁਕਾਨਾਂ ਜਾਂ ਕਾਰੋਬਾਰ ਆਪਣੇ ਕਾਮਿਆਂ ਨੂੰ ਤਨਖ਼ਾਹ ਕਿਵੇਂ ਦੇ ਸਕਦੇ ਹਨ? ਜਦੋਂ ਉਨ੍ਹਾਂ ਦੀ ਆਪਣੀ ਹੋਂਦ ਹੀ ਖ਼ਤਰੇ ਵਿੱਚ ਆਈ ਹੋਈ ਹੈ। ਇਸ ਤੋਂ ਇਲਾਵਾ ਸਵੈ-ਰੁਜ਼ਗਾਰ ਵਾਲੇ ਜਿਵੇਂ ਰੇਹੜੀ ਲਾਉਣ ਵਾਲੇ, ਉਨ੍ਹਾਂ ਦਾ ਕੀ ਬਣੂ?"
ਭੂਸ਼ਣ ਦਾ ਕਹਿਣਾ ਹੈ ਕਿ ਲੌਕਡਾਊਨ ਹੱਲ ਨਹੀਂ ਹੈ। ਜਦਕਿ ਦਫ਼ਾ 144 ਲਗਾ ਦੇਣਾ ਬਿਹਤਰ ਬਦਲ ਹੈ। ਜਿਸ ਨਾਲ 5 ਤੋਂ ਵਧੇਰੇ ਜਣੇ ਕਿਤੇ ਇਕੱਠੇ ਨਹੀਂ ਹੋ ਸਕਦੇ।
ਭੂਸ਼ਣ ਮੁਤਾਬਕ ਲੌਕਡਾਊਨ ਦਾ ਦੂਰ-ਰਸੀ ਅਸਰ ਤਾਂ ਭੁੱਖਮਰੀ ਨਾਲ ਹੋਣ ਵਾਲੀਆਂ ਬਹੁਤ ਸਾਰੀਆਂ ਮੌਤਾਂ ਦੇ ਰੂਪ ਵਿੱਚ ਨਜ਼ਰ ਆਵੇਗਾ।
ਸਾਰੇ ਗ਼ਰੀਬ ਤੇ ਹੇਠਲੇ ਮੱਧ ਵਰਗੀ ਇੱਕ ਲੰਬੇ ਸਮੇਂ ਤੱਕ ਚੱਲਣ ਵਾਲੀ ਆਧੋਗਤੀ ਵਿੱਚ ਚਲੇ ਜਾਣਗੇ। ਆਰਥਿਕਤਾ ਤਬਾਹ ਹੋ ਚੁੱਕੀ ਹੈ।
"ਸਭ ਕੁਝ ਬੰਦ ਕਰਨ ਨਾਲ, ਤੁਸੀਂ ਇੱਕ ਲੱਖ ਜਾਨਾਂ ਬਚਾ ਸਕੋਂਗੇ ਪਰ ਜੇ ਲੌਕਡਾਊਨ ਜਾਰੀ ਰਿਹਾ ਤਾਂ ਤੁਸੀਂ ਦਸ ਲੱਖ ਲੋਕਾਂ ਨੂੰ ਭੁੱਖਮਰੀ ਨਾਲ ਮਾਰ ਦਿਓਗੇ।"




ਤਸਵੀਰ ਸਰੋਤ, MoHFW_INDIA

ਇਹ ਵੀ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 4












