ਬਲਰਾਜ ਮਧੋਕ, ਜਿਨ੍ਹਾਂ ਵਾਜਪਾਈ ਨੂੰ 'ਅਸਲ 'ਚ ਕਾਂਗਰਸੀ' ਕਿਹਾ ਸੀ

ਤਸਵੀਰ ਸਰੋਤ, Getty Images
- ਲੇਖਕ, ਰੇਹਾਨ ਫ਼ਜ਼ਲ
- ਰੋਲ, ਬੀਬੀਸੀ ਪੱਤਰਕਾਰ
ਇੱਕ ਸਮਾਂ ਸੀ ਜਦੋਂ ਬਲਰਾਜ ਮਧੋਕ ਭਾਰਤ ਦੇ ਪ੍ਰਮੁੱਖ ਸੱਜੇਪੱਖੀ ਆਗੂਆਂ 'ਚ ਸ਼ੁਮਾਰ ਸਨ।
1966-67 'ਚ ਉਹ ਭਾਰਤੀ ਜਨ ਸੰਘ ਦੇ ਪ੍ਰਧਾਨ ਚੁਣੇ ਗਏ, ਪਰ ਅਟਲ ਬਿਹਾਰੀ ਵਾਜਪਾਈ ਅਤੇ ਲਾਲ ਕ੍ਰਿਸ਼ਨ ਅਡਵਾਨੀ ਦੇ ਪਾਰਟੀ 'ਚ ਅੱਗੇ ਆਉਣ ਕਾਰਨ ਉਹ ਹੌਲੀ-ਹੌਲੀ ਪਾਰਟੀ 'ਚ ਪਿੱਛੇ ਵੱਲ ਚਲੇ ਗਏ।
ਇਹ ਵੀ ਪੜ੍ਹੋ:
ਬਲਰਾਜ ਮਧੋਕ ਦਾ ਜਨਮ 25 ਫਰਵਰੀ 1920 ਨੂੰ ਹੋਇਆ ਸੀ ਅਤੇ 2 ਮਈ 2016 ਨੂੰ ਉਹ ਫ਼ੌਤ ਹੋ ਗਏ ਸਨ।
ਵਾਜਪਾਈ ਦੇ ਸਭ ਤੋਂ ਵੱਡੇ ਵਿਰੋਧੀ ਸਨ ਬਲਰਾਜ ਮਧੋਕ
1961 ਦੀ ਗੱਲ ਹੈ, ਜਦੋਂ ਦਿੱਲੀ ਤੋਂ ਲੋਕ ਸਭਾ ਦੀਆਂ ਜ਼ਿਮਨੀ ਚੋਣਾਂ ਜਿੱਤਣ ਤੋਂ ਬਾਅਦ ਬਲਰਾਜ ਮਧੋਕ ਕੇਂਦਰੀ ਹਾਲ 'ਚ ਬੈਠੇ ਹੋਏ ਸਨ ਅਤੇ ਉਹ ਨਹਿਰੂ ਦੀ ਚੀਨ ਨੀਤੀ ਦਾ ਮਖੌਲ ਉਡਾ ਰਹੇ ਸਨ।
ਉਸੇ ਸਮੇਂ ਅਟਲ ਬਿਹਾਰੀ ਵਾਜਪਾਈ, ਜੋ ਜਨ ਸੰਘ ਦੇ ਨੌਜਵਾਨ ਆਗੂ ਸਨ ਅਤੇ ਮੰਨਿਆਂ ਜਾਂਦਾ ਸੀ ਕਿ ਉਹ ਨਹਿਰੂ ਦੇ ਨਜ਼ਦੀਕੀ ਹਨ, ਉਨ੍ਹਾਂ ਨੇ ਬਲਰਾਜ ਨੂੰ ਕਿਹਾ ਸੀ ਕਿ ਜੇ ਤੁਸੀਂ ਇਸ ਤਰ੍ਹਾਂ ਨਹਿਰੂ ਅਤੇ ਉਨ੍ਹਾਂ ਦੀਆਂ ਨੀਤੀਆਂ ਦਾ ਮਖੌਲ ਉਡਾਓਗੇ ਤਾਂ ਭਵਿੱਖ 'ਚ ਕਦੇ ਵੀ ਚੋਣ 'ਚ ਜਿੱਤ ਦਰਜ ਨਹੀਂ ਕਰਵਾ ਪਾਓਗੇ।
ਜ਼ਿਕਰਯੋਗ ਹੈ ਕਿ ਨਹਿਰੂ ਵੀ ਵਾਜਪਾਈ 'ਚ ਵਧੇਰੇ ਸੰਭਾਵਨਾਵਾਂ ਵੇਖਦੇ ਸਨ।

ਤਸਵੀਰ ਸਰੋਤ, Getty Images
ਵਾਜਪਾਈ ਦੇ ਇਹ ਕਹਿਣ ਦੀ ਹੀ ਦੇਰ ਸੀ ਕਿ ਉੱਥੇ ਮੌਜੂਦ ਆਚਾਰੀਆ ਕ੍ਰਿਪਲਾਨੀ, ਜੋ ਇੱਕ ਸਮੇਂ ਨਹਿਰੂ ਦੇ ਬਹੁਤ ਨਜ਼ਦੀਕੀ ਸਨ ਪਰ ਬਾਅਦ 'ਚ ਕਿਸੇ ਕਾਰਨ ਦੋਹਾਂ 'ਚ ਦੂਰੀ ਆ ਗਈ ਸੀ, ਨੇ ਕਿਹਾ, "ਅਟਲ ਦੀਆਂ ਗੱਲਾਂ ਨੂੰ ਵਧੇਰੇ ਅਹਿਮੀਅਤ ਨਾ ਦੇਵੋ, ਕਿਉਂਕਿ ਉਹ ਤਾਂ ਨਹਿਰੂ ਦੇ ਚਮਚੇ ਹਨ ਅਤੇ ਉਨ੍ਹਾਂ ਦੇ ਹੀ ਰਹਿਮੋ-ਕਰਮ 'ਤੇ ਜੀਅ ਰਹੇ ਹਨ। ਤੁਸੀਂ ਆਪਣੀ ਗੱਲ ਜਾਰੀ ਰੱਖੋ।"
ਸ਼ਾਇਦ ਇਹ ਉਹੀ ਮੌਕਾ ਸੀ ਜਦੋਂ ਬਲਰਾਜ ਅਤੇ ਅਟਲ ਵਿਚਾਲੇ ਇੱਕ ਦੂਜੇ ਦੀ ਮੁਖ਼ਾਲਫਤ ਸ਼ੁਰੂ ਹੋ ਗਈ ਸੀ।
ਬਲਰਾਜ ਨੇ ਬਹੁਤ ਵਾਰੀ ਵਾਜਪਾਈ ਬਾਰੇ ਕਿਹਾ ਸੀ , "ਇਹ ਤਾਂ ਪੂਰਾ ਕਾਂਗਰਸੀ ਹੈ।"
ਸਭ ਤੋਂ ਪਹਿਲਾਂ ਬਾਬਰੀ ਮਸਜਿਦ ਹਿੰਦੂਆਂ ਦੇ ਹਵਾਲੇ ਕਰਨ ਦੀ ਕੀਤੀ ਸੀ ਮੰਗ
ਬਹੁਤ ਘੱਟ ਲੋਕ ਇਸ ਗੱਲ ਤੋਂ ਜਾਣੂ ਹਨ ਕਿ ਮਧੋਕ ਦਲਿਤ ਆਗੂ ਭੀਮਰਾਵ ਅੰਬੇਡਕਰ ਦੇ ਬਹੁਤ ਨਜ਼ਦੀਕੀ ਸਨ। ਜਦੋਂ ਅੰਬੇਡਕਰ ਆਪਣੇ ਜੀਵਨ ਦੀਆਂ ਆਖਰੀ ਘੜੀਆਂ ਗਿਣ ਰਹੇ ਸਨ ਉਸ ਸਮੇਂ ਅਕਸਰ ਹੀ ਬਲਰਾਜ ਉਨ੍ਹਾਂ ਦੀ 26, ਅਲੀਪੁਰ ਵਾਲੀ ਰਿਹਾਇਸ਼ 'ਚ ਉਨ੍ਹਾਂ ਨੂੰ ਮਿਲਣ ਜਾਂਦੇ ਸਨ।
ਬਲਰਾਜ ਮਧੋਕ ਹੀ ਉਹ ਪਹਿਲੇ ਵਿਅਕਤੀ ਸਨ ਜਿੰਨ੍ਹਾਂ ਨੇ ਭਾਰਤ 'ਚ ਗਊ ਹੱਤਿਆ 'ਤੇ ਰੋਕ ਲਗਾਉਣ ਦੀ ਮੰਗ ਰੱਖੀ ਸੀ। ਉਨ੍ਹਾਂ ਨੇ ਦੇਸ਼ ਭਰ 'ਚ ਜਾ ਕੇ ਇਸ ਦੇ ਵਿਰੋਧ 'ਚ ਮਾਹੌਲ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਸੀ।
1968 'ਚ ਉਹ ਪਹਿਲੇ ਅਜਿਹੇ ਆਗੂ ਸਨ ਜਿੰਨ੍ਹਾਂ ਨੇ ਅਯੁੱਧਿਆ ਸਥਿਤ ਬਾਬਰੀ ਮਸਜਿਦ ਨੂੰ ਹਿੰਦੂਆਂ ਹਵਾਲੇ ਕਰਨ ਦੀ ਮੰਗ ਰੱਖੀ ਸੀ।
ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਦੇ ਬਦਲ 'ਚ ਹਿੰਦੂਆਂ ਵੱਲੋਂ ਮੁਸਲਮਾਨਾਂ ਲਈ ਇੱਕ ਵਿਸ਼ਾਲ ਅਤੇ ਸ਼ਾਨਦਾਰ ਮਸਜਿਦ ਬਣਾਉਣ ਦੀ ਪੇਸ਼ਕਸ਼ ਵੀ ਕੀਤੀ ਸੀ।
ਜਨ ਸੰਘ ਦਾ ਪਹਿਲਾ ਮੈਨੀਫੈਸਟੋ ਮਧੋਕ ਨੇ ਕੀਤਾ ਸੀ ਤਿਆਰ
ਨਵੀਂ ਪੀੜ੍ਹੀ ਸ਼ਾਇਦ ਹੀ ਬਲਰਾਜ ਮਧੋਕ ਦੇ ਨਾਂਅ ਤੋਂ ਜਾਣੂ ਹੋਵੇ, ਪਰ ਇੱਕ ਜ਼ਮਾਨਾ ਉਹ ਵੀ ਸੀ ਜਦੋਂ ਭਾਰਤ ਦੀ ਸੱਜੇਪੱਖੀ ਰਾਜਨੀਤੀ 'ਚ ਉਨ੍ਹਾਂ ਦੀ ਅਵੱਲ ਜਗ੍ਹਾ ਸੀ।
ਇਹ ਵੀ ਪੜ੍ਹੋ:
ਉਹ ਭਾਰਤੀ ਜਨਤਾ ਪਾਰਟੀ, ਭਾਜਪਾ ਦੇ ਪੁਰਾਣੇ ਰੂਪ ਭਾਰਤੀ ਜਨ ਸੰਘ ਦੇ ਸੰਸਥਾਪਕ ਆਗੂਆਂ 'ਚੋਂ ਇੱਕ ਸਨ।
ਮਧੋਕ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਪ੍ਰਚਾਰਕ ਰਹੇ ਸਨ ਅਤੇ ਭਾਰਤੀ ਜਨ ਸੰਘ ਦਾ ਪਹਿਲਾ ਮੈਨੀਫੈਸਟੋ ਵੀ ਉਨ੍ਹਾਂ ਵੱਲੋਂ ਹੀ ਤਿਆਰ ਕੀਤਾ ਗਿਆ ਸੀ।

ਬਲਰਾਜ ਮਧੋਕ ਦੇ ਨਜ਼ਦੀਕੀ ਅਤੇ ਸੰਡੇ ਗਾਰਡੀਅਨ ਦੇ ਕਾਰਜਕਾਰੀ ਸੰਪਾਦਕ ਪੰਕਜ ਵੋਹਰਾ ਦੱਸਦੇ ਹਨ, "ਬਲਰਾਜ ਮਧੋਕ ਹਿੰਦੂਤਵ ਰਾਜਨੀਤੀ ਦੇ ਅਸਲ ਸੰਸਥਾਪਕ ਸਨ। ਉਨ੍ਹਾਂ ਨੇ ਅਕਤੂਬਰ 1951 'ਚ ਸ਼ਿਆਮਾ ਪ੍ਰਸ਼ਾਦ ਮੁਖਰਜੀ ਨਾਲ ਮਿਲ ਕੇ ਭਾਰਤੀ ਜਨ ਸੰਘ ਦੀ ਸਥਾਪਨਾ ਕੀਤੀ ਸੀ। ਪਰ ਸ਼ਿਆਮਾ ਪ੍ਰਸ਼ਾਦ ਮੁਖਰਜੀ ਜਲਦ ਹੀ ਅਕਾਲ ਚਲਾਣਾ ਕਰ ਗਏ।"
"ਉਨ੍ਹਾਂ ਨੇ ਵੰਡ ਤੋਂ ਪਹਿਲਾਂ ਹੀ ਹਿੰਦੂਤਵ ਰਾਜਨੀਤੀ ਨਾਲ ਸਬੰਧੀ ਬਹੁਤ ਸਾਰੀਆਂ ਗੱਲਾਂ ਲਿੱਖ ਦਿੱਤੀਆਂ ਸਨ।
ਉਹ ਹਿੰਦੂਤਵ 'ਤੇ ਆਪਣਾ ਵੱਖਰਾ ਨਜ਼ਰੀਆ ਰੱਖਦੇ ਸਨ, ਜਿਸ ਦਾ ਪ੍ਰਭਾਵ ਕਈ ਪੀੜ੍ਹੀਆਂ 'ਤੇ ਪਿਆ। ਅਡਵਨੀ, ਸੁਬਰਾਮਨਿਅਮ ਸਵਾਮੀ ਅਤੇ ਨਰਿੰਦਰ ਮੋਦੀ ਵੀ ਉਨ੍ਹਾਂ ਆਗੂਆਂ 'ਚ ਸ਼ਾਮਲ ਹਨ, ਜਿੰਨਾਂ 'ਤੇ ਬਲਰਾਜ ਦੀ ਹਿੰਦੂਤਵ ਵਿਚਾਰਧਾਰ ਨੇ ਡੂੰਘਾ ਪ੍ਰਭਾਵ ਪਾਇਆ। ਇੰਨ੍ਹਾਂ 'ਚੋਂ ਕਈ ਅਜਿਹੇ ਹਨ ਜੋ ਇਸ ਤੱਥ ਨਾਲ ਸਹਿਮਤ ਨਹੀਂ ਹਨ, ਪਰ ਸੱਚਾਈ ਇਹੀ ਹੈ।"
ਮਧੋਕ ਦੀ ਅਗਵਾਈ ਹੇਠ ਜਨ ਸੰਘ ਨੇ 35 ਸੀਟਾਂ ਜਿੱਤੀਆਂ ਸੀ
1967 'ਚ ਜਦੋਂ ਬਲਰਾਜ ਮਧੋਕ ਬਤੌਰ ਪ੍ਰਧਾਨ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ, ਉਸ ਸਮੇਂ ਹੀ ਭਾਰਤੀ ਜਨ ਸੰਘ ਨੇ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਦਿਆਂ ਲੋਕ ਸਭਾ 'ਚ 35 ਸੀਟਾਂ 'ਤੇ ਜਿੱਤ ਦਰਜ ਕੀਤੀ ਸੀ।
ਇਸ ਤੋਂ ਇਲਾਵਾ ਉਸ ਸਮੇਂ ਪੰਜਾਬ 'ਚ ਜਨ ਸੰਘ ਦੀ ਇੱਕ ਸਾਂਝੀ ਸਰਕਾਰ ਦਾ ਗਠਨ ਹੋਇਆ ਅਤੇ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਸਮੇਤ ਅੱਠ ਪ੍ਰਮੁੱਖ ਸੂਬਿਆਂ 'ਚ ਜਨ ਸੰਘ ਵਿਰੋਧੀ ਧਿਰ ਬਣਨ 'ਚ ਕਾਮਯਾਬ ਰਿਹਾ ਸੀ।
ਪੰਕਜ ਵੋਹਰਾ ਦੱਸਦੇ ਹਨ, "ਭਾਰਤੀ ਜਨ ਸੰਘ ਜਾਂ ਭਾਰਤੀ ਜਨਤਾ ਪਾਰਟੀ ਦੀ ਜੇਕਰ ਵਿਕਾਸ ਦੀ ਕਹਾਣੀ 'ਤੇ ਨਜ਼ਰ ਮਾਰੀ ਜਾਵੇ ਤਾਂ ਸ਼ੁਰੂ ਤੋਂ ਹੀ ਦਿੱਲੀ ਉਨ੍ਹਾਂ ਦੀ ਰਾਜਨੀਤੀ ਦਾ ਕੇਂਦਰ ਬਿੰਦੂ ਰਹੀ ਹੈ। ਇੱਥੇ ਪਾਕਿਸਤਾਨ ਤੋਂ ਆਏ ਸ਼ਰਨਾਰਥੀ ਵੱਡੀ ਗਿਣਤੀ 'ਚ ਸਨ ਅਤੇ ਉਨ੍ਹਾਂ ਦਾ ਝੁਕਾਅ ਜਨ ਸੰਘ ਵੱਲ ਵੱਧ ਗਿਆ ਸੀ।"
"ਬਲਰਾਜ ਮਧੋਕ ਦੇ ਸਮੇਂ ਜਨ ਸੰਘ ਦਿੱਲੀ 'ਚ 7 'ਚੋਂ 6 ਸੀਟਾਂ 'ਤੇ ਜਿੱਤੀ ਸੀ। ਉਨ੍ਹਾਂ ਨੇ ਤਾਂ ਉਨ੍ਹਾਂ ਖੇਤਰਾਂ 'ਚ ਵੀ ਜਿੱਤ ਦਾ ਝੰਡਾ ਗੱਢਿਆ ਸੀ, ਜਿੱਥੇ ਕੋਈ ਉਮੀਦ ਵੀ ਨਹੀਂ ਸੀ। ਇਹ ਉਹ ਸਮਾਂ ਸੀ ਜਦੋਂ ਮਧੋਕ ਦਾ ਕਰੀਅਰ ਸਿਖਰਾਂ 'ਤੇ ਸੀ।"
ਅਡਵਾਨੀ ਨੂੰ ਜਨ ਸੰਘ 'ਚ ਸ਼ਾਮਲ ਕਰਨ 'ਚ ਮਧੋਕ ਦੀ ਭੂਮਿਕਾ
ਮਧੋਕ 1961 'ਚ ਨਵੀਂ ਦਿੱਲੀ ਅਤੇ 1967 'ਚ ਦੱਖਣੀ ਦਿੱਲੀ 'ਚ ਚੋਣ ਜਿੱਤ ਕੇ ਲੋਕ ਸਭਾ 'ਚ ਪਹੁੰਚੇ ਸਨ। ਉਹ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਸੰਸਥਾਪਕ ਸਕੱਤਰ ਸਨ।

ਤਸਵੀਰ ਸਰੋਤ, Getty Images
ਮਧੋਕ ਨੇ ਇੱਕ ਦਰਜਨ ਤੋਂ ਵੀ ਵੱਧ ਕਿਤਾਬਾਂ ਲਿਖੀਆਂ ਅਤੇ 1947-48 ਦੌਰਾਨ ਆਰਗੇਨਾਈਜ਼ਰ ਅਤੇ 1948 'ਚ ਵੀਰ ਅਰਜੁਨ ਦਾ ਸੰਪਾਦਨ ਵੀ ਕੀਤਾ।
ਕਿਹਾ ਜਾਂਦਾ ਹੈ ਕਿ ਜਨ ਸੰਘ 'ਚ ਲਾਲ ਕ੍ਰਿਸ਼ਨ ਅਡਵਾਨੀ ਨੂੰ ਸ਼ਾਮਲ ਕਰਨ 'ਚ ਮਧੋਕ ਦੀ ਵੱਡੀ ਭੂਮਿਕਾ ਰਹੀ ਸੀ।
ਉਸ ਸਮੇਂ ਦੀਨ ਦਿਆਲ ਉਪਾਧਿਆਏ ਨੂੰ ਇੱਕ ਅਜਿਹੇ ਨੌਜਵਾਨ ਦੀ ਭਾਲ ਸੀ ਜੋ ਅੰਗ੍ਰੇਜ਼ੀ ਪੜ੍ਹਣ-ਲਿਖਣ 'ਚ ਮਾਹਰ ਹੋਵੇ ਅਤੇ ਪ੍ਰੈੱਸ ਬਿਆਨਾਂ ਨੂੰ ਅੰਗ੍ਰੇਜ਼ੀ 'ਚ ਅਨੁਵਾਦ ਕਰਨ ਦੇ ਯੋਗ ਹੋਵੇ।
ਮਧੋਕ ਨੇ ਹੀ ਅਡਵਾਨੀ ਨੂੰ ਦੀਨ ਦਿਆਲ ਨਾਲ ਮਿਲਵਾਇਆ ਸੀ। ਫਿਰ ਅਡਵਾਨੀ ਨੇ ਕਦੇ ਵੀ ਪਿੱਛੇ ਮੁੜ ਕੇ ਨਾ ਦੇਖਿਆ।

ਤਸਵੀਰ ਸਰੋਤ, www.deendayalupadhyay.org
ਇੰਦਰਾ ਗਾਂਧੀ ਸੈਂਟਰ ਆਫ਼ ਆਰਟਸ ਦੇ ਮੁਖੀ ਰਾਮ ਬਹਾਦਰ ਰਾਏ, ਜੋ ਮਧੋਕ ਨੂੰ ਕਈ ਵਾਰ ਮਿਲ ਚੁੱਕੇ ਹਨ, ਦਾ ਕਹਿਣਾ ਹੈ, "ਮਧੋਕ ਨੂੰ ਇੱਕ ਪ੍ਰਤੀਭਾਵਾਨ ਆਗੂ ਦੇ ਰੂਪ 'ਚ ਯਾਦ ਕੀਤਾ ਜਾਵੇਗਾ। ਪਰ ਉਨ੍ਹਾਂ ਦੇ ਨਾਮ ਨਾਲ 'ਜੇਕਰ' ਹਮੇਸ਼ਾ ਲੱਗਿਆ ਰਹੇਗਾ। ਉਹ ਲਗਾਤਾਰ ਆਪਣੇ ਮਹੱਤਵ ਨੂੰ ਘਟਾਉਂਦੇ ਗਏ।"
"ਉਨ੍ਹਾਂ ਨੇ ਸਭ ਤੋਂ ਪਹਿਲਾਂ ਆਪਣੇ ਦੋਸਤਾਂ ਅਤੇ ਫਿਰ ਆਪਣੇ ਸਹਿਕਰਮੀਆਂ ਨੂੰ ਨਾਰਾਜ਼ ਕੀਤਾ। ਹੌਲੀ-ਹੌਲੀ ਨਾਰਾਜ਼ਗੀ ਦਾ ਇਹ ਦਾਇਰਾ ਵੱਧਦਾ ਹੀ ਚਲਾ ਗਿਆ ਅਤੇ ਅਖੀਰ ਉਹ ਸਾਰਿਆਂ ਤੋਂ ਅਲੱਗ ਪੈ ਗਏ।"
"ਮੇਰੀ ਆਪਣੀ ਰਾਇ ਹੈ ਕਿ ਦੀਨ ਦਿਆਲ ਦੇ ਕਤਲ ਤੋਂ ਬਾਅਦ ਮਧੋਕ ਨੂੰ ਲੱਗਦਾ ਸੀ ਕਿ ਜਨ ਸੰਘ ਦੀ ਅਗਵਾਈ ਕਰਨ ਦੇ ਯੋਗ ਉਹ ਹੀ ਹਨ। ਕੋਈ ਦੂਜਾ ਸੰਘ ਨੂੰ ਵਧੀਆ ਢੰਗ ਨਾਲ ਨਹੀਂ ਚਲਾ ਸਕਦਾ ਹੈ।"
"ਉਨ੍ਹਾਂ ਦੀ ਧਾਰਨਾ ਨੂੰ ਨਾ ਤਾਂ ਉਨ੍ਹਾਂ ਦੇ ਸਹਿਯੋਗੀਆਂ ਨੇ ਮਾਨਤਾ ਦਿੱਤੀ ਅਤੇ ਨਾ ਹੀ ਆਰਐੱਸਐੱਸ ਨੇ ਇਸ ਨੂੰ ਸਵੀਕਾਰ ਕੀਤਾ। ਇਸੇ ਕਾਰਨ ਕਰਕੇ ਹੀ ਉਨ੍ਹਾਂ 'ਚ ਨਿਰਾਸ਼ਾ ਅਤੇ ਬੇਚੈਨੀ ਵਧਣ ਲੱਗੀ ਅਤੇ ਉਹ ਆਪਣੇ ਹੀ ਸਹਿਯੋਗੀਆਂ ਦੇ ਖਿਲਾਫ ਬੇਲੋੜੇ ਬਿਆਨ ਦੇਣ ਲੱਗੇ।"
"ਦਰਅਸਲ ਲੋਕਾਂ ਨੂੰ ਇਕਜੁੱਟ ਕਿਵੇਂ ਰੱਖਿਆ ਜਾਂਦਾ ਹੈ ਸ਼ਾਇਦ ਇਹ ਕਲਾ ਉਨ੍ਹਾਂ ਦੇ ਹੱਥ 'ਚ ਨਹੀਂ ਸੀ। ਆਖਰਕਾਰ ਉਨ੍ਹਾਂ ਦਾ ਪਤਨ ਹੋਣਾ ਤੈਅ ਹੀ ਸੀ।"
ਜੂਨੀਅਰ ਹੋਣ ਦੇ ਬਾਵਜੂਦ ਵਾਜਪਾਈ ਨੂੰ ਪਾਰਟੀ ਅਤੇ RSS ਨੇ ਦਿੱਤੀ ਤਰਜੀਹ
1968 'ਚ ਜਨ ਸੰਘ ਦੇ ਪ੍ਰਧਾਨ ਦੀਨ ਦਿਆਲ ਉਪਾਧਿਆਏ ਦਾ ਮੁਗਲਸਰਾਏ ਵਿਖੇ ਕਤਲ ਹੋਇਆ ਅਤੇ ਉਨ੍ਹਾਂ ਦੀ ਮੌਤ ਤੋਂ ਬਾਅਦ ਜਨ ਸੰਘ ਨੇ ਅਟਲ ਬਿਹਾਰੀ ਵਾਜਪਾਈ ਦੀ ਪ੍ਰਧਾਨ ਦੇ ਅਹੁਦੇ ਲਈ ਚੋਣ ਕੀਤੀ। ਉਦੋਂ ਤੋਂ ਹੀ ਬਲਰਾਜ ਰਾਜਨੀਤੀ 'ਚ ਹੇਠਾਂ ਵੱਲ ਜਾਂਦੇ ਗਏ। ਉਨ੍ਹਾਂ ਦੀ ਪਛਾਣ ਕਿਤੇ ਨਾ ਕਿਤੇ ਧੁੰਦਲੀ ਪੈ ਰਹੀ ਸੀ।
ਓਪਨ ਮੈਗਜ਼ੀਨ ਦੇ ਸੰਪਾਦਕ ਐਨ.ਪੀ. ਉਲੇਖ ਅਟਲ ਬਿਹਾਰੀ ਵਾਜਪਾਈ ਦੀ ਜੀਵਨੀ 'ਦਿ ਅਨਟੋਲਡ ਵਾਜਪਾਈ- ਪਾਲੀਟੀਸ਼ੀਅਨ ਐਂਡ ਪੇਰਾਡਾਕਸ' 'ਚ ਲਿੱਖਦੇ ਹਨ, "ਬਲਰਾਜ ਮਧੋਕ ਵਾਜਪਾਈ ਤੋਂ ਸੀਨੀਅਰ ਸਨ ਅਤੇ ਉਨ੍ਹਾਂ ਨੇ ਦਿੱਲੀ 'ਚ ਆਰਐੱਸਐੱਸ ਦੀਆਂ ਸ਼ਾਖਾਵਾਂ ਦੀ ਗਿਣਤੀ ਵਧਾਉਣ ਅਤੇ ਭਾਰਤੀ ਜਨ ਸੰਘ ਨੂੰ ਰਾਜਨੀਤਿਕ ਸ਼ਕਤੀ ਵੱਜੋਂ ਉਭਾਰਨ 'ਚ ਅਹਿਮ ਭੂਮਿਕਾ ਨਿਭਾਈ।"
"ਪਰ ਜਦੋਂ ਉੱਚ ਅਹੁਦੇ ਦੀ ਵਾਗਡੋਰ ਸੰਭਾਲਣ ਦਾ ਮੌਕਾ ਆਇਆ ਤਾਂ ਪਾਰਟੀ ਨੇ ਮਧੋਕ ਦੀ ਥਾਂ ਵਾਜਪਾਈ ਨੂੰ ਮਾਣ ਬਖ਼ਸ਼ਿਆ।"
"ਇਸ ਪਿੱਛੇ ਪਾਰਟੀ ਨੇ ਤਰਕ ਦਿੱਤਾ ਕਿ ਵਾਜਪਾਈ ਨੂੰ ਇਸ ਲਈ ਚੁਣਿਆ ਗਿਆ ਹੈ ਕਿਉਂਕਿ ਉਹ ਇੱਕ ਪ੍ਰਭਾਵਸ਼ਾਲੀ ਬੁਲਾਰੇ ਹਨ। ਉਨ੍ਹਾਂ ਦੇ ਭਾਸ਼ਣ ਕੀਲ ਕੇ ਰੱਖ ਦਿੰਦੇ ਹਨ। ਪਰ ਗੋਵਿੰਦਾਚਾਰਿਆ ਨੇ ਮੈਨੂੰ ਦੱਸਿਆ ਕਿ ਵਾਜਪਾਈ ਨੂੰ ਤਰਜੀਹ ਦੇਣ ਦਾ ਇਹੀ ਇੱਕ ਕਾਰਨ ਨਹੀਂ ਹੋ ਸਕਦਾ ਹੈ।"
"ਮਧੋਕ ਵਾਜਪਾਈ ਤੋਂ ਉਮਰ 'ਚ ਚਾਰ ਸਾਲ ਵੱਡੇ ਸਨ ਅਤੇ ਜਨ ਸੰਘ 'ਚ ਸਭ ਤੋਂ ਸਮਰੱਥ ਤਰੀਕੇ ਨਾਲ ਅੰਗ੍ਰੇਜ਼ੀ 'ਚ ਭਾਸ਼ਣ ਦੇਣ ਦੇ ਯੋਗ ਸਨ।"
"ਇਸ ਬਾਰੇ ਪਹਿਲਾਂ ਵੀ ਬਹੁਤ ਕੁਝ ਲਿਖਿਆ ਜਾ ਚੁੱਕਿਆ ਹੈ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਦਿੱਲੀ ਅਤੇ ਉੱਤਰ ਭਾਰਤ 'ਚ ਜਨ ਸੰਘ ਨੂੰ ਮਜ਼ਬੂਤ ਕਰਨ ਲਈ ਯਤਨ ਕੀਤੇ ਅਤੇ 60 ਦੇ ਦਹਾਕੇ ਦੌਰਾਨ ਗਊ ਹੱਤਿਆ ਵਿਰੋਧੀ ਅੰਦੋਲਨ ਦੀ ਅਗਵਾਈ ਵੀ ਕੀਤੀ।"
"ਉਨ੍ਹਾਂ ਦਾ ਕਸੂਰ ਸਿਰਫ ਇੰਨ੍ਹਾਂ ਸੀ ਕਿ ਉਹ ਪੁਰਾਣੇ ਵਿਚਾਰਾਂ ਵਾਲੇ, ਜਲਦੀ ਹੀ ਆਪੇ ਤੋਂ ਬਾਹਰ ਹੋਣ ਵਾਲੇ ਅਤੇ ਮੂੰਹ-ਫੱਟ ਵਿਅਕਤੀ ਸਨ।"
ਮਧੋਕ ਨੇ ਗੁਰੂ ਗੋਲਵਲਕਰ ਨੂੰ ਵਾਜਪਾਈ ਦੀ ਕੀਤੀ ਸ਼ਿਕਾਇਤ
ਮਧੋਕ ਅਤੇ ਵਾਜਪਾਈ ਦਰਮਿਆਨ ਵਿਰੋਧਤਾ ਇਸ ਕਦਰ ਵੱਧ ਗਈ ਸੀ ਕਿ ਮਧੋਕ ਨੇ ਆਰਐੱਸਐੱਸ ਪ੍ਰਧਾਨ ਗੁਰੂ ਗੋਲਵਲਕਰ ਨੂੰ ਵਾਜਪਾਈ ਦੇ ਰਹਿਣ-ਸਹਿਣ ਦੇ ਢੰਗ ਤਰੀਕਿਆਂ ਸਬੰਧੀ ਸ਼ਿਕਾਇਤ ਕੀਤੀ।

ਤਸਵੀਰ ਸਰੋਤ, www.golwalkarguruji.org
ਬਲਰਾਜ ਮਧੋਕ ਨੇ ਆਪਣੀ ਸਵੈ-ਜੀਵਨੀ 'ਚ ਲਿਖਿਆ ਹੈ, "ਜਦੋਂ ਇਸ ਸਬੰਧੀ ਮੈਂ ਗੋਲਵਲਕਰ ਨਾਲ ਗੱਲ ਕੀਤੀ ਤਾਂ ਉਹ ਕੁਝ ਸਮੇਂ ਲਈ ਚੁੱਪ ਰਹੇ ਅਤੇ ਫਿਰ ਬੋਲੇ 'ਮੈਨੂੰ ਹਰ ਕਿਸੇ ਦੀ ਕਮਜ਼ੋਰੀ ਦਾ ਪਤਾ ਹੈ। ਪਰ ਮੈਂ ਸੰਗਠਨ ਦਾ ਮੁਖੀ ਹਾਂ, ਇਸ ਲਈ ਹਰ ਕਿਸੇ ਨੂੰ ਨਾਲ ਲੈ ਕੇ ਚੱਲਣਾ ਮੇਰੀ ਮਜਬੂਰੀ ਵੀ ਹੈ। ਇਸ ਲਈ ਸ਼ਿਵ ਦੀ ਤਰ੍ਹਾਂ ਮੈਨੂੰ ਹਰ ਰੋਜ਼ ਜ਼ਹਿਰ ਦਾ ਘੁੱਟ ਪੀਣਾ ਪੈਂਦਾ ਹੈ।"
ਬਲਰਾਜ ਅਤੇ ਵਾਜਪਾਈ ਵਿਚਲੀ ਜੰਗ 'ਚ ਸੰਘ ਨੇ ਆਪਣਾ ਪੱਲਾ ਝਾੜ ਲਿਆ ਸੀ।
ਲਚਕੀਲੇਪਨ ਦੀ ਘਾਟ
ਭਾਰਤੀ ਜਨ ਸੰਘ ਦੇ ਤਤਕਾਲੀ ਪ੍ਰਮੁੱਖ ਆਗੂਆਂ ਨਾਨਾਜੀ ਦੇਸ਼ਮੁਖ, ਲਾਲ ਕ੍ਰਿਸ਼ਨ ਅਡਵਾਨੀ ਅਤੇ ਕੇ.ਆਰ.ਮਲਕਾਨੀ ਦਾ ਮੰਨਣਾ ਸੀ ਕਿ ਪਾਰਟੀ ਦੀ ਹਿੰਦੂਤਵਵਾਦੀ ਵਿਚਾਰਧਾਰਾ ਨੂੰ ਕੁਝ ਹੋਰ ਲਚਕੀਲਾ ਬਣਾ ਕੇ ਹੀ ਪਾਰਟੀ ਨੂੰ ਵਧੇਰੇ ਮਜਬੂਤ ਕੀਤਾ ਜਾ ਸਕਦਾ ਹੈ।

ਤਸਵੀਰ ਸਰੋਤ, Getty Images
ਇਸ ਮਾਮਲੇ 'ਚ ਮਧੋਕ ਦੀ ਸੋਚ ਵਾਜਪਾਈ ਤੋਂ ਬਿਲਕੁੱਲ ਵੱਖ ਸੀ।
ਟਾਈਮਜ਼ ਆਫ਼ ਇੰਡੀਆ ਦੇ ਸਥਾਨਕ ਸੰਪਾਦਕ ਅਤੇ ਦਿ ਸੈਫਡਰਨ ਟਾਈਡ - ਦਿ ਰਾਈਜ਼ ਆਫ਼ ਬੀਜੇਪੀ ਦੇ ਲੇਖਕ ਕਿੰਗਸ਼ੁਕ ਨਾਗ ਦੱਸਦੇ ਹਨ, "ਮਧੋਕ ਅਤੇ ਵਾਜਪਾਈ ਦੋਵੇਂ ਹੀ ਬਹੁਤ ਉਤਸ਼ਾਹੀ ਸਨ ਅਤੇ ਦੋਵੇਂ ਹੀ ਸਿਖਰਲੇ ਪੱਧਰ 'ਤੇ ਆਪਣੀ ਪਛਾਣ ਬਣਾਉਣਾ ਚਾਹੁੰਦੇ ਸਨ।"
"ਵਾਜਪਾਈ ਮਧੋਕ ਦੀ ਤੁਲਨਾ 'ਚ ਵਧੇਰੇ ਖੁੱਲ੍ਹੇ ਵਿਚਾਰਾਂ ਦੇ ਧਾਰਨੀ ਸਨ। ਇਸ ਲਈ ਹੀ ਉਨ੍ਹਾਂ ਨੂੰ ਵਧੇਰੇ ਮਾਨਤਾ ਮਿਲਦੀ ਸੀ। ਕੁਝ ਲੋਕ ਤਾਂ ਇੱਥੋਂ ਤੱਕ ਕਹਿੰਦੇ ਹਨ ਕਿ ਇਹ ਲੜਾਈ ਦੋ ਆਗੂਆਂ ਵਿਚਾਲੇ ਨਹੀਂ ਸਗੋਂ ਯੂਪੀ ਅਤੇ ਪੰਜਾਬ ਦਰਮਿਆਨ ਸੀ।"
"ਯੂਪੀ ਦੇ ਵੱਧਦੇ ਪ੍ਰਭਾਵ ਕਾਰਨ ਹੀ ਵਾਜਪਾਈ ਅੱਗੇ ਨਿਕਲ ਗਏ। ਪਰ ਮੇਰਾ ਮੰਨਣਾ ਹੈ ਕਿ ਵਾਜਪਾਈ ਮਧੋਕ ਦੀ ਤੁਲਨਾ 'ਚ ਵਧੇਰੇ ਡਿਪਲੋਮੈਟਿਕ ਸਨ। ਮਧੋਕ ਆਪਣੀ ਵਿਚਾਰਧਾਰਾ ਦੇ ਪੱਕੇ ਸਨ, ਪਰ ਉਹ ਬਹੁਤ ਚੰਗੇ ਰਾਜਨੇਤਾ ਨਹੀਂ ਸਨ। ਇਸੇ ਕਾਰਨ ਹੀ ਉਹ ਪਿਛਲੀ ਕਤਾਰ 'ਚ ਰਹਿ ਗਏ।"
ਮੁਸਲਮਾਨਾਂ ਦੇ ਭਾਰਤੀਕਰਨ ਦੀ ਕੀਤੀ ਵਕਾਲਤ
ਬਲਰਾਜ ਮਧੋਕ ਨੇ ਭਾਰਤੀ ਘੱਟ ਗਿਣਤੀਆਂ ਦੇ ਕਥਿਤ ਤੌਰ 'ਤੇ ਭਾਰਤੀਕਰਨ ਦਾ ਸੰਕਲਪ ਲਿਆ ਸੀ ਜਿਸ ਦਾ ਕਈ ਖੇਤਰਾਂ 'ਚ ਭਾਰੀ ਵਿਰੋਧ ਵੀ ਹੋਇਆ ਸੀ। ਇਸ ਮੁੱਦੇ 'ਤੇ ਉਨ੍ਹਾਂ ਨੂੰ ਆਪਣੀ ਪਾਰਟੀ ਵੱਲੋਂ ਵੀ ਵਧੇਰੇ ਸਮਰਥਨ ਨਹੀਂ ਹਾਸਲ ਹੋਇਆ ਸੀ।
1998 'ਚ ਮੇਰੇ ਨਾਲ ਗੱਲ ਕਰਦਿਆਂ ਮਧੋਕ ਨੇ ਕਿਹਾ ਸੀ, " ਮੁਸਲਮਾਨਾਂ ਨੂੰ ਵੀ ਭਾਰਤ ਦੀ ਮੁੱਖ ਧਾਰਾ 'ਚ ਸ਼ਾਮਲ ਕੀਤੇ ਜਾਣ ਦੀ ਜ਼ਰੂਰਤ ਹੈ।"
"ਇਸ ਲਈ ਦੋ ਕਦਮ ਚੁੱਕਣੇ ਬਹੁਤ ਜ਼ਰੂਰੀ ਹਨ। ਸਭ ਤੋਂ ਪਹਿਲਾ ਉਨ੍ਹਾਂ ਦੇ ਦਿਮਾਗ 'ਚੋਂ ਇਹ ਕੱਢੋ ਕਿ ਮੁਸਲਮਾਨ ਬਣਨ ਕਰਕੇ ਉਨ੍ਹਾਂ ਦੀ ਸੰਸਕ੍ਰਿਤੀ ਬਦਲ ਗਈ ਹੈ। ਤੁਹਾਡੀ ਅਤੇ ਭਾਰਤ ਦੀ ਸੰਸਕ੍ਰਿਤੀ/ਸੱਭਿਅਤਾ ਇੱਕ ਹੀ ਹੈ।"
"ਤੁਹਾਡੇ ਮਾਪਿਆਂ ਦੀ ਭਾਸ਼ਾ ਹੀ ਤੁਹਾਡੀ ਅਸਲ ਭਾਸ਼ਾ ਹੈ। ਉਰਦੂ-ਹਿੰਦੀ ਦਾ ਆਪਣਾ ਇੱਕ ਵੱਖਰਾ ਅੰਦਾਜ਼ ਹੈ। ਮੈਂ ਵੀ ਉਸ ਨੂੰ ਪਸੰਦ ਕਰਦਾ ਹਾਂ। ਭਾਵੇਂ ਮੇਰੀ ਸਿੱਖਿਆ ਦਾ ਮਾਧਿਅਮ ਉਰਦੂ ਭਾਸ਼ਾ ਰਿਹਾ ਹੈ ਪਰ ਮੇਰੀ ਭਾਸ਼ਾ ਪੰਜਾਬੀ ਹੀ ਹੈ।"
"ਦੂਜਾ ਕਦਮ ਇਹ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਇਹ ਅਹਿਸਾਸ ਕਰਵਾਓ ਕਿ ਦੇਸ਼ ਮਾਂ ਦੀ ਤਰ੍ਹਾਂ ਹੁੰਦਾ ਹੈ। ਸਾਰੇ ਜਾਪਾਨੀ ਬੁੱਧ ਧਰਮ ਦੇ ਪਾਲਕ ਹਨ ਅਤੇ ਉਹ ਭਾਰਤ ਆਉਂਦੇ ਹਨ। ਭਾਰਤ ਉਨ੍ਹਾਂ ਲਈ ਧਰਮ ਭੂਮੀ ਹੈ ਪਰ ਉਹ ਜਾਪਾਨ ਨੂੰ ਦਿਲੋਂ ਪਿਆਰ ਕਰਦੇ ਹਨ।"
"ਹਿੰਦੁਸਤਾਨ 'ਚ ਇਸਲਾਮ ਦੇ ਮਜ਼ਹਬ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਖ਼ਤਰਾ ਨਹੀਂ ਹੈ। ਪਰ ਇੱਥੇ ਇਹ ਨਹੀਂ ਚੱਲੇਗਾ ਕਿ ਜੋ ਮੁਹੰਮਦ ਨੂੰ ਮੰਨ੍ਹੇ ਉਹ ਭਰਾ ਅਤੇ ਦੂਜੇ ਸਭ ਕਾਫ਼ਰ ਹਨ।"
ਭਾਰਤ ਦੀ ਵੰਡ ਦੇ ਖਿਲਾਫ਼
1947 'ਚ ਹੋਈ ਭਾਰਤ ਦੀ ਵੰਡ ਨੂੰ ਮਧੋਕ ਨੇ ਕਦੇ ਵੀ ਸਵੀਕਾਰ ਨਹੀਂ ਕੀਤਾ। ਉਹ ਆਪਣੇ ਆਖਰੀ ਸਾਹਾਂ ਤੱਕ ਇਸ ਵੰਡ ਦਾ ਵਿਰੋਧ ਹੀ ਕਰਦੇ ਰਹੇ।

ਤਸਵੀਰ ਸਰੋਤ, Getty Images
ਮਧੋਕ ਦਾ ਕਹਿਣਾ ਸੀ, "ਬਦਕਿਸਮਤੀ ਨਾਲ ਅਸੀਂ ਵੰਡ ਨੂੰ ਸਵੀਕਾਰ ਤਾਂ ਕਰ ਲਿਆ, ਪਰ ਬਾਅਦ 'ਚ ਇਸ ਦੇ ਬੁਰੇ ਪ੍ਰਭਾਵਾਂ ਦਾ ਵਿਸ਼ਲੇਸ਼ਣ ਨਾ ਕੀਤਾ। ਇਸ ਵੰਡ ਨੇ ਦੋ ਗੱਲਾਂ ਸਾਫ ਕਰ ਦਿੱਤੀਆਂ ਸਨ। ਪਹਿਲੀ ਸਾਂਝੀ ਸੰਸਕ੍ਰਿਤੀ ਨੂੰ ਢਾਹ ਲੱਗ ਗਈ ਸੀ। ਹਰ ਦੇਸ਼ ਦੀ ਸਾਂਝੀ ਸੰਸਕ੍ਰਿਤੀ ਹੁੰਦੀ ਹੈ ਪਰ ਕੋਈ ਵੀ ਉਸ ਨੂੰ ਸਾਂਝਾ ਨਹੀਂ ਕਹਿੰਦਾ।"
"ਅਜੋਕੇ ਸਮੇਂ 'ਚ ਦੁਨੀਆਂ 'ਚ ਸਭ ਤੋਂ ਵੱਧ ਸਾਂਝਾ ਸਭਿਆਚਾਰ ਅਮਰੀਕਾ ਦਾ ਹੈ, ਪਰ ਉਹ ਵੀ ਇਸ ਨੂੰ ਸਾਂਝਾ ਨਹੀਂ ਕਹਿੰਦੇ। ਉਹ ਇਸ ਨੂੰ ਅਮਰੀਕੀ 'ਕਲਚਰ' ਦਾ ਨਾਂਅ ਦਿੰਦੇ ਹਨ।"
"ਗੰਗਾ 'ਚ ਕਈ ਨਦੀਆਂ ਆ ਕੇ ਮਿਲਦੀਆਂ ਹਨ ਪਰ ਇਸ ਮਿਲਣ ਤੋਂ ਬਾਅਦ ਉਹ ਗੰਗਾ ਜਲ ਕਹਾਉਂਦੀਆਂ ਹਨ। ਜਦੋਂ ਯਮੁਨਾ ਦਾ ਪਾਣੀ ਗੰਗਾ 'ਚ ਕੇ ਮਿਲ ਜਾਂਦਾ ਹੈ ਤਾਂ ਕੋਈ ਵੀ ਗੰਗਾ ਯਮੁਨਾ ਪਾਣੀ ਨਹੀਂ ਕਹਿੰਦਾ ਬਲਕਿ ਇਸ ਨੂੰ ਗੰਗਾ ਜਲ ਹੀ ਕਿਹਾ ਜਾਂਦਾ ਹੈ।"
ਕਾਨਪੁਰ ਦੇ ਸੈਸ਼ਨ ਤੋਂ ਬਾਅਦ ਜਨ ਸੰਘ ਤੋਂ ਬਾਹਰ ਕੱਢੇ ਗਏ ਮਧੋਕ
ਆਪਣੀ ਵਿਚਾਰਧਾਰਾ ਪ੍ਰਤੀ ਦ੍ਰਿੜ ਹੋਣ ਦੇ ਬਾਵਜੂਦ ਬਲਰਾਜ ਮਧੋਕ ਦਾ ਜੋ ਅਕਸ ਸਾਹਮਣੇ ਆਇਆ ਉਹ ਇੱਕ ਅਵਿਵਹਾਰਿਕ ਆਗੂ ਦਾ ਰਿਹਾ।
ਹਾਲਾਤ ਇਹ ਬਣੇ ਕਿ ਇੱਕ ਜ਼ਮਾਨੇ 'ਚ ਜਨ ਸੰਘ ਦੇ ਪ੍ਰਧਾਨ ਰਹੇ ਬਲਰਾਜ ਮਧੋਕ ਨੂੰ ਉਨ੍ਹਾਂ ਦੀ ਪਾਰਟੀ ਨੇ ਹੀ ਸਾਲ 1973 'ਚ ਕਾਨਪੁਰ 'ਚ ਆਯੋਜਿਤ ਸੈਸ਼ਨ ਤੋਂ ਬਾਅਦ ਪਾਰਟੀ ਤੋਂ ਬਾਹਰ ਕਰ ਦਿੱਤਾ ਸੀ।
ਪੰਕਜ ਵੋਹਰਾ ਦੱਸਦੇ ਹਨ , "ਬਲਰਾਜ ਮਧੋਕ ਜਨ ਸੰਘ ਦੀ ਰਾਜਨੀਤੀ 'ਚ ਇੱਕ ਤਰ੍ਹਾਂ ਨਾਲ 'ਪਰਸੋਨਾ ਨੌਨ ਗ੍ਰਾਟਾ' ਬਣ ਚੁੱਕੇ ਸਨ। ਪਾਰਟੀ ਦੀ ਲੀਡਰਸ਼ਿੱਪ ਨੇ ਉਨ੍ਹਾਂ ਨੂੰ ਇੱਕ ਰਿਪੋਰਟ ਤਿਆਰ ਕਰਨ ਲਈ ਕਿਹਾ ਸੀ। ਉਨ੍ਹਾਂ ਨੇ ਰਿਪੋਰਟ ਪਾਰਟੀ ਪ੍ਰਧਾਨ ਨੂੰ ਸੌਂਪ ਦਿੱਤੀ ਸੀ।"
"ਮਧੋਕ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਕਿ ਉਸ ਰਿਪੋਰਟ 'ਤੇ ਵਿਚਾਰ ਚਰਚਾ ਹੁੰਦੀ, ਅਡਵਾਨੀ ਨੇ ਕੁਝ ਪੱਤਰਕਾਰਾਂ ਨੂੰ ਦੁਪਹਿਰ ਦੇ ਖਾਣੇ 'ਤੇ ਸੱਦ ਕੇ ਰਿਪੋਰਟ ਦੀ ਇੱਕ ਕਾਪੀ ਉਨ੍ਹਾਂ ਦੇ ਹਵਾਲੇ ਕਰ ਦਿੱਤੀ। ਅਗਲੇ ਦਿਨ ਜਦੋਂ ਰਿਪੋਰਟ ਦੀ ਕਾਪੀ ਅਖ਼ਬਾਰਾਂ 'ਚ ਛਪੀ ਤਾਂ ਇਸ ਸਬੰਧੀ ਮਧੋਕ ਤੋਂ ਪੁੱਛ ਪੜਤਾਲ ਕੀਤੀ ਗਈ।"

ਤਸਵੀਰ ਸਰੋਤ, Getty Images
"ਮਧੋਕ ਆਪਣੇ 'ਤੇ ਲੱਗੇ ਇਸ ਇਲਜ਼ਾਮ ਤੋਂ ਇੰਨੇ ਨਾਰਾਜ਼ ਹੋਏ ਕਿ ਉਨ੍ਹਾਂ ਨੇ ਤੁਰੰਤ ਸ਼ੈਸਨ ਤੋਂ ਬਾਹਰ ਹੋਣ ਦਾ ਫ਼ੈਸਲਾ ਲਿਆ। ਉਹ ਪਹਿਲਾਂ ਰੇਲਵੇ ਸਟੇਸ਼ਨ ਪਹੁੰਚੇ ਅਤੇ ਰੇਲ ਪਟੜੀ 'ਤੇ ਚੱਲਦਿਆਂ-ਚੱਲਦਿਆਂ ਉਹ ਦੂਜੇ ਸਟੇਸ਼ਨ ਤੱਕ ਪਹੁੰਚ ਗਏ। ਉੱਥੋਂ ਹੀ ਉਨ੍ਹਾਂ ਨੇ ਦਿੱਲੀ ਲਈ ਰੇਲਗੱਡੀ ਲਈ।"
"ਮਧੋਕ ਨੂੰ ਲੱਗਦਾ ਸੀ ਕਿ ਉਨ੍ਹਾਂ ਦੀ ਜਾਨ ਨੂੰ ਕਿਸੇ ਤੋਂ ਖ਼ਤਰਾ ਹੈ। ਉਨ੍ਹਾਂ ਦਾ ਮੰਨਣਾ ਸੀ ਕਿ ਦੀਨ ਦਿਆਲ ਦਾ ਵੀ ਕਤਲ ਹੋਇਆ ਸੀ। ਇਸੇ ਲਈ ਉਨ੍ਹਾਂ ਨੇ ਕਾਨਪੁਰ ਸਟੇਸ਼ਨ ਦੀ ਥਾਂ ਅਗਲੇ ਸਟੇਸ਼ਨ ਤੋਂ ਟ੍ਰੇਨ ਲਈ। ਇਸ ਤੋਂ ਬਾਅਦ ਉਨ੍ਹਾਂ ਨੂੰ ਪਾਰਟੀ 'ਚੋਂ ਕੱਢ ਦਿੱਤਾ ਗਿਆ ਅਤੇ ਉਨ੍ਹਾਂ ਦਾ ਤੇ ਜਨ ਸੰਘ ਦਾ ਨਾਤਾ ਪੂਰੀ ਤਰ੍ਹਾਂ ਨਾਲ ਟੁੱਟ ਗਿਆ।"
ਰਾਸ਼ਟਰਪਤੀ ਚੋਣਾਂ 'ਚ ਹਿੱਸਾ ਲੈਣਾ ਚਾਹੁੰਦੇ ਸਨ ਮਧੋਕ
ਜਨ ਸੰਘ ਤੋਂ ਬਾਹਰ ਹੋਣ ਤੋਂ ਬਾਅਦ ਮਧੋਕ ਨੇ ਰਾਜ ਨਾਰਾਇਣ ਨਾਲ ਮਿਲ ਕੇ ਚੌਧਰੀ ਚਰਣ ਸਿੰਘ ਦੀ ਅਗਵਾਈ ਹੇਠ ਭਾਰਤੀ ਲੋਕ ਦਲ ਦਾ ਗਠਨ ਕੀਤਾ। ਪਰ ਉਸ ਸਮੇਂ ਐਮਰਜੈਂਸੀ ਲੱਗ ਗਈ ਅਤੇ ਮਧੋਕ ਨੂੰ ਹਿਰਾਸਤ 'ਚ ਲਿਆ ਗਿਆ।
ਐਮਰਜੈਂਸੀ ਤੋਂ ਬਾਅਦ ਜਦੋਂ ਜਨਤਾ ਪਾਰਟੀ ਬਣੀ ਤਾਂ ਚਰਣ ਸਿੰਘ, ਰਾਜ ਨਾਰਾਇਣ ਅਤੇ ਭਾਰਤੀ ਜਨ ਸੰਘ, ਤਿੰਨਾਂ ਨੇ ਹੀ ਇਹ ਤੈਅ ਕੀਤਾ ਕਿ ਬਲਰਾਜ ਮਧੋਕ ਨੂੰ ਪਾਰਟੀ ਦੀ ਮੁੱਖ ਧਾਰਾ ਤੋਂ ਵੱਖ ਰੱਖਣਾ ਹੈ। ਜਿਸ ਦਾ ਨਤੀਜਾ ਇਹ ਹੋਇਆ ਕਿ ਮਧੋਕ ਸਿਆਸਤ ਤੋਂ ਕੋਹਾਂ ਦੂਰ ਚਲੇ ਗਏ।
ਰਾਮ ਬਹਾਦਰ ਰਾਏ ਦੱਸਦੇ ਹਨ, "ਮੈਨੂੰ ਯਾਦ ਹੈ ਕਿ 2002 'ਚ ਕੇ.ਆਰ.ਨਾਰਾਇਣਨ ਦਾ ਕਾਰਜਕਾਲ ਖ਼ਤਮ ਹੋ ਰਿਹਾ ਸੀ ਅਤੇ ਨਵੇਂ ਰਾਸ਼ਟਰਪਤੀ ਦੀ ਚੋਣ ਦੀ ਗੱਲ ਚੱਲ ਰਹੀ ਸੀ। ਉਸ ਸਮੇਂ ਮਧੋਕ ਨੇ ਝੰਡੇਵਾਲਾਨ ਵਿਖੇ ਪਾਰਟੀ ਦੇ ਲੋਕਾਂ ਨੂੰ ਆਪਣੇ ਹੱਕ 'ਚ ਕਰਨ ਦੀ ਬਹੁਤ ਕੋਸ਼ਿਸ਼ ਕੀਤੀ।"
"ਪਰ ਸੰਘ ਦਾ ਉਨ੍ਹਾਂ ਨਾਲ ਜੋ ਪੁਰਾਣਾ ਤਜਰਬਾ ਸੀ ਉਸ ਦੇ ਅਧਾਰ 'ਤੇ ਉਨ੍ਹਾਂ ਨੇ ਮਧੋਕ ਨੂੰ ਕੋਈ ਵਧੇਰੇ ਮਹੱਤਵ ਨਾ ਦਿੱਤਾ। ਮਧੋਕ ਦੇ ਨਾਂਅ 'ਤੇ ਮੋਹਰ ਨਾ ਲੱਗੀ ਅਤੇ ਏ.ਪੀ.ਜੇ. ਅਬਦੁੱਲ ਕਲਾਮ ਨੂੰ ਰਾਸ਼ਟਰਪਤੀ ਦੇ ਅਹੁਦੇ ਲਈ ਚੁਣਿਆ ਗਿਆ।"
ਮਧੋਕ ਅਤੇ ਨਰਿੰਦਰ ਮੋਦੀ ਦੀ ਵਿਚਾਰਧਾਰਾ 'ਚ ਮੇਲ
96 ਸਾਲਾਂ ਦੀ ਲੰਬੀ ਉਮਰ 'ਚ ਮਧੋਕ ਨੇ ਆਪਣੀ ਜ਼ਿੰਦਗੀ ਦੇ ਆਖਰੀ ਚਾਰ ਦਹਾਕੇ ਰਾਜਨੀਤੀ ਤੋਂ ਪਰਾਂ ਗੁਜ਼ਾਰੇ।
ਉਨ੍ਹਾਂ ਤੋਂ ਬਾਅਦ ਹੀ ਵਾਜਪਾਈ ਅਤੇ ਅਡਵਾਨੀ ਦਾ ਯੁੱਗ ਸ਼ੁਰੂ ਹੋਇਆ ਅਤੇ ਮਧੋਕ ਸਮੇਂ ਤੋਂ ਪਹਿਲਾਂ ਇਤਿਹਾਸ ਦੀ ਕਹਾਣੀ ਬਣ ਗਏ।

ਤਸਵੀਰ ਸਰੋਤ, Getty Images
ਕਿੰਗਸ਼ੁਕ ਨਾਗ ਦੱਸਦੇ ਹਨ, "ਜਦੋਂ ਅਸੀਂ ਦਿੱਲੀ 'ਚ ਪੜ੍ਹਦੇ ਹੁੰਦੇ ਸੀ, ਤਾਂ ਉੱਥੇ ਮਧੋਕ ਦਾ ਕਾਫੀ ਨਾਂਅ ਹੁੰਦਾ ਸੀ। ਪਰ ਉਨ੍ਹਾਂ ਦੀ ਸਖਸ਼ੀਅਤ ਹਮੇਸ਼ਾਂ ਰੁੱਖ਼ੇ ਤੇ ਚਿੜਚਿੜੇ ਸੁਭਾਅ ਵਾਲੇ ਵਿਅਕਤੀ ਵੱਜੋਂ ਉਭਰ ਕੇ ਆਈ।"
"1971 'ਚ ਜਦੋਂ ਉਨ੍ਹਾਂ ਨੂੰ ਚੋਣਾਂ 'ਚ ਹਾਰ ਦਾ ਮੂੰਹ ਵੇਖਣਾ ਪਿਆ ਤਾਂ ਉਸ ਸਮੇਂ ਉਨ੍ਹਾਂ ਨੇ ਚਾਰ ਦਿਨਾਂ ਤੱਕ ਆਪਣੇ ਆਪ ਨੂੰ ਕਮਰੇ 'ਚ ਕੈਦ ਰੱਖਿਆ ਸੀ। ਉਹ ਹਾਰ ਨੂੰ ਅਸਾਨੀ ਨਾਲ ਸਵੀਕਾਰ ਕਰਨ ਵਾਲਿਆਂ 'ਚੋਂ ਨਹੀਂ ਸਨ। ਆਪਣੀ ਇਸ ਆਦਤ ਦਾ ਉਨ੍ਹਾਂ ਨੂੰ ਖ਼ਮਿਆਜ਼ਾ ਵੀ ਭੁਗਤਣਾ ਪਿਆ।"
"ਦੂਜੇ ਪਾਸੇ ਵਾਜਪਾਈ ਬਹੁਤ ਜ਼ਿਆਦਾ ਵਿਵਹਾਰਕ ਸਨ। ਉਹ ਆਪਣੀ ਖੁੱਲ੍ਹੀ ਵਿਚਾਰਧਾਰਾ ਸਦਕਾ ਹੀ ਰਾਜਨੀਤੀ ਦੀਆਂ ਪੌੜੀਆਂ ਚੜ੍ਹਦੇ ਗਏ। ਮਧੋਕ ਦਿੱਲੀ ਦੇ ਰਾਜੇਂਦਰ ਨਗਰ ਇਲਾਕੇ 'ਚ ਰਹਿੰਦੇ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਦੇ ਪ੍ਰਸ਼ੰਸਕ ਸਨ।"
"ਮੈਂ ਕਈ ਵਾਰ ਮੋਦੀ ਨੂੰ ਮਧੋਕ ਨਾਲ ਮਿਲਣ ਜਾਂਦਿਆਂ ਵੇਖਿਆ ਸੀ। ਮੋਦੀ ਦੀ ਵਿਚਾਰਧਾਰਾ ਅਤੇ ਬਲਰਾਜ ਦੀ ਵਿਚਾਰਧਾਰਾ ਕਿਸੇ ਹੱਦ ਤੱਕ ਇੱਕ ਦੂਜੇ ਨਾਲ ਮੇਲ ਖਾਂਦੀ ਸੀ।"
"ਕਿਹਾ ਜਾਂਦਾ ਹੈ ਕਿ 2014 ਦੀਆਂ ਚੋਣਾਂ ਦੌਰਾਨ ਮਧੋਕ ਨੇ ਨਰਿੰਦਰ ਮੋਦੀ ਨੂੰ ਕਿਹਾ ਸੀ ਕਿ ਭਾਜਪਾ ਨੂੰ ਪੂਰਾ ਬਹੁਮਤ ਹਾਸਲ ਹੋਵੇਗਾ ਅਤੇ ਤੁਸੀਂ ਭਾਰਤ ਦੇ ਅਗਲੇ ਪ੍ਰਧਾਨ ਮੰਤਰੀ ਹੋਵੋਗੇ। ਉਨ੍ਹਾਂ ਨੇ ਮੋਦੀ ਲਈ ਜੋ ਆਖਰੀ ਸ਼ਬਦ ਕਹੇ, ਉਹ ਸਨ 'ਡਟੇ ਰਹੋ'।''

ਇਹ ਵੀਡੀਓਜ਼ ਵੀ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3













