ਦਿੱਲੀ ਚੋਣਾਂ ਵਿੱਚ ਸਕੂਲਾਂ ਦੀ ਚਰਚਾ ਕਿਉਂ

ਤਸਵੀਰ ਸਰੋਤ, Getty Images
- ਲੇਖਕ, ਸੌਤਿਕ ਬਿਸਵਾਸ
- ਰੋਲ, ਬੀਬੀਸੀ ਪੱਤਰਕਾਰ
ਕੁੱਝ ਹਫ਼ਤੇ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਚੋਣ ਜਲਸੇ ਦੌਰਾਨ ਵੋਟਰਾਂ ਨੂੰ ਪ੍ਰਭਾਵਸ਼ਾਲੀ ਅਪੀਲ ਕੀਤੀ।
ਉਨ੍ਹਾਂ ਨੇ ਕਿਹਾ, "ਅਸੀਂ ਆਪਣੇ ਸਕੂਲਾਂ ਅਤੇ ਸਿੱਖਿਆ ਪ੍ਰਣਾਲੀ ਨੂੰ ਸੁਧਾਰਨ ਲਈ ਸਖ਼ਤ ਮਿਹਨਤ ਕੀਤੀ ਹੈ। ਜੇ ਤੁਸੀਂ ਕਿਸੇ ਹੋਰ ਪਾਰਟੀ ਨੂੰ ਵੋਟ ਦੇਵੋਗੇ ਤਾਂ ਤੁਹਾਡੇ ਬੱਚਿਆਂ ਦੀ ਸਿੱਖਿਆ ਦਾ ਖ਼ਿਆਲ ਕੌਣ ਰੱਖੇਗਾ? ਇਸ ਬਾਰੇ ਇੱਕ ਵਾਰ ਜ਼ਰੂਰ ਸੋਚੋ।"
ਭਾਰਤ ਦੇ ਸਿਆਸਤਦਾਨ ਆਮ ਤੌਰ 'ਤੇ ਆਪਣੇ ਚੋਣ ਭਾਸ਼ਣਾਂ ਵਿੱਚ ਸਕੂਲਾਂ, ਕਾਲਜਾਂ ਬਾਰੇ ਗੱਲ ਨਹੀਂ ਕਰਦੇ ਹਨ।
ਉਨ੍ਹਾਂ ਦਾ ਮੰਨਣਾ ਹੈ ਕਿ ਸਿੱਖਿਆ ਸੁਧਾਰ ਵਰਗੇ ਮੁੱਦੇ ਵੋਟਰਾਂ ਨੂੰ ਲੁਭਾਉਣ ਲਈ ਕਾਫ਼ੀ ਨਹੀਂ ਹਨ ਕਿਉਂਕਿ ਇਸ ਦੇ ਨਤੀਜੇ ਦੇਰ ਨਾਲ ਆਉਂਦੇ ਹਨ ਜਦਕਿ ਵੋਟਰਾਂ ਨੂੰ ਫੌਰੀ ਨਤੀਜਿਆਂ ਦੀ ਤਾਂਘ ਰਹਿੰਦੀ ਹੈ।
ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ, "ਅਜੋਕੀ ਰਾਜਨੀਤੀ ਫੌਰੀ ਨਤੀਜੇ ਚਾਹੁੰਦੀ ਹੈ।"
ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਇੱਕ ਖੇਤਰੀ ਪਾਰਟੀ ਵਜੋਂ ਉੱਭਰੀ ਸੀ। ਕੇਜਰੀਵਾਲ ਦੀ ਅਗਵਾਈ ਵਿੱਚ ਪਾਰਟੀ ਇਸ ਵਾਰ ਦਿੱਲੀ ਦੀ ਸੱਤਾ ਵਿੱਚ ਦੂਜੀ ਵਾਰ ਹਾਸਲ ਕਰਨ ਲਈ ਚੋਣ ਮੈਦਾਨ ਵਿੱਚ ਉੱਤਰੀ ਹੈ।
ਅਰਵਿੰਦ ਕੇਜਰੀਵਾਲ ਲੋਕ ਲੁਭਾਊ ਸਿਆਸਤਦਾਨਾਂ ਨੂੰ ਗਲਤ ਸਾਬਤ ਕਰਨਾ ਚਾਹੁੰਦੇ ਹਨ: ਉਨ੍ਹਾਂ ਨੇ ਸਿੱਖਿਆ ਸੁਧਾਰਾਂ ਨੂੰ ਆਪਣੀ ਚੋਣ ਮੁਹਿੰਮ ਦਾ ਕੇਂਦਰ ਬਣਾਇਆ ਹੈ।
ਇਹ ਵੀ ਪੜ੍ਹੋ:
ਉਨ੍ਹਾਂ ਦੀ ਸਰਕਾਰ ਵੱਲੋਂ ਸਿਹਤ ਅਤੇ ਸਿੱਖਿਆ ਦੇ ਖੇਤਰ 'ਚ ਕੀਤਾ ਕੰਮ ਲਗਾਤਾਰ ਸੁਰਖੀਆਂ ਵਿੱਚ ਰਿਹਾ ਹੈ।
ਪੰਜ ਸਾਲ ਪਹਿਲਾਂ ਆਮ ਆਦਮੀ ਪਾਰਟੀ ਨੇ ਦਿੱਲੀ ਵਿਧਾਨ ਸਭਾ ਦੀਆਂ 70 ਵਿੱਚੋਂ 67 ਸੀਟਾਂ 'ਤੇ ਕਬਜ਼ਾ ਕੀਤਾ ਸੀ। ਪਾਰਟੀ ਨੂੰ ਉਮੀਦ ਹੈ ਕਿ 8 ਫਰਵਰੀ, 2020 ਨੂੰ ਹੋਣ ਜਾ ਰਹੀਆਂ ਚੋਣਾਂ 'ਚ ਸਿੱਖਿਆ ਦੇ ਖੇਤਰ ਵਿੱਚ ਕੀਤੇ ਗਏ ਪ੍ਰਦਰਸ਼ਨ ਦੇ ਆਧਾਰ 'ਤੇ ਹੀ ਉਹ ਮੁੜ ਵਾਪਸੀ ਕਰਨਗੇ।
ਅਰਵਿੰਦ ਕੇਜਰੀਵਾਲ ਕੋਲ ਇਸ ਸਬੰਧੀ ਦੱਸਣ ਲਈ ਬਹੁਤ ਕੁਝ ਹੈ। ਉਨ੍ਹਾਂ ਦੀ ਸਰਕਾਰ ਇੱਕ ਹਜ਼ਾਰ ਸਕੂਲ ਚਲਾ ਰਹੀ ਹੈ, ਜਿਨ੍ਹਾਂ ਵਿੱਚ 15 ਲੱਖ ਵਿਦਿਆਰਥੀ ਪੜ੍ਹ ਰਹੇ ਹਨ।
ਸਰਕਾਰੀ ਸਕੂਲਾਂ 'ਚ ਮੁਫ਼ਤ ਸਿੱਖਿਆ ਦਿੱਤੀ ਜਾ ਰਹੀ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਇੰਨ੍ਹਾਂ ਪੰਜ ਸਾਲਾਂ ਵਿੱਚ ਜਿਵੇਂ ਤੇ ਜਿੰਨੀ ਉਨ੍ਹਾਂ ਨੇ ਸਫ਼ਲਤਾ ਹਾਸਲ ਕੀਤੀ ਹੈ ਕਿ ਪਹਿਲਾਂ ਕਦੇ ਕਿਸੇ ਸਰਕਾਰ ਨੇ ਨਹੀਂ ਕੀਤੀ।

ਤਸਵੀਰ ਸਰੋਤ, Getty Images
'ਆਪ' ਦੀ ਮੁੱਖ ਵਿਰੋਧੀ ਧਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਹੈ। ਭਾਜਪਾ ਵਿਵਾਦਿਤ ਨਵੇਂ ਨਾਗਰਿਕਤਾ ਕਾਨੂੰਨ, ਭਾਰਤ ਸ਼ਾਸਿਤ ਕਸ਼ਮੀਰ ਦੇ ਖ਼ਾਸ ਰੁਤਬੇ ਨੂੰ ਮਨਸੂਖ ਕੀਤੇ ਜਾਣ ਅਤੇ ਇੱਕ ਵਿਸ਼ਾਲ ਹਿੰਦੂ ਮੰਦਰ ਦੇ ਨਿਰਮਾਣ ਨੂੰ ਧੁਰਾ ਬਣਾ ਕੇ ਚੋਣ ਪ੍ਰਚਾਰ ਕਰ ਰਹੀ ਹੈ।
ਦੂਜੇ ਸ਼ਬਦਾਂ ਵਿੱਚ ਭਾਜਪਾ ਹਿੰਦੂ ਭਾਵਨਾਵਾਂ ਨੂੰ ਸੰਤੁਸ਼ਟ ਕਰਨ ਅਤੇ ਰਾਸ਼ਟਰਵਾਦ ਨੂੰ ਉਤਸ਼ਾਹਤ ਕਰਨ ਦਾ ਕੰਮ ਕਰ ਰਹੀ ਹੈ।
ਇਹ ਵੀ ਪੜ੍ਹੋ:
ਪ੍ਰਮੁੱਖ ਤਬਦੀਲੀ
ਮੁੱਖ ਮੰਤਰੀ ਕੇਜਰੀਵਾਲ ਨੇ ਆਪਣੀ ਸਰਕਾਰ ਦੇ 5.80 ਬਿਲੀਅਨ ਡਾਲਰ ਦੇ ਬਜਟ ਦਾ ਲਗਭਗ ਇੱਕ ਚੌਥਾਈ ਹਿੱਸਾ ਸਿੱਖਿਆ 'ਤੇ ਖਰਚ ਕੀਤਾ ਹੈ।
ਭਾਰਤ ਵਿੱਚ ਸਿੱਖਿਆ ’ਤੇ ਕੀਤਾ ਗਿਆ ਇਹ ਸਭ ਤੋਂ ਵੱਧ ਖਰਚਾ ਹੈ। ਉਨ੍ਹਾਂ ਵੱਲੋਂ ਸਿੱਖਿਆ ਦੇ ਸੁਧਾਰ 'ਚ ਲਗਾਏ ਗਏ ਪੈਸੇ ਬਹੁਤ ਹੀ ਸਮਝਦਾਰੀ ਨਾਲ ਖਰਚ ਕੀਤੇ ਗਏ ਲਗਦੇ ਹਨ।
(ਦੱਸਣਯੋਗ ਹੈ ਕਿ ਦਿੱਲੀ 'ਚ ਉਨ੍ਹਾਂ ਤੋਂ ਪਹਿਲਾਂ ਦੀਆਂ ਸਰਕਾਰਾਂ ਨੇ ਸਿੱਖਿਆ 'ਤੇ ਬਜਟ ਦਾ 16% ਹਿੱਸਾ ਖਰਚ ਕਰਦੀਆਂ ਸਨ। ਭਾਰਤ ਦੇ ਦੂਜੇ ਸੂਬੇ ਆਪਣੇ ਬਜਟ ਦਾ ਔਸਤ 14.8% ਹਿੱਸਾ ਸਿੱਖਿਆ 'ਤੇ ਖਰਚ ਕਰਦੇ ਹਨ)

ਤਸਵੀਰ ਸਰੋਤ, Getty Images
ਸਿੱਖਿਆ ਦੇ ਖੇਤਰ 'ਚ ਕੀਤੇ ਗਏ ਭਾਰੀ ਨਿਵੇਸ਼ ਸਦਕਾ ਲਗਭਗ 2 ਕਰੋੜ ਦੀ ਵਸੋਂ ਵਾਲੀ ਦਿੱਲੀ ਦੇ ਸਰਕਾਰੀ ਸਕੂਲਾਂ ਦੀ ਕਾਇਆ ਹੀ ਪਲਟ ਗਈ।
ਕੇਜਰੀਵਾਲ ਦੇ ਇੱਕ ਸਿੱਖਿਆ ਸਲਾਹਕਾਰ ਸ਼ੈਲੇਂਦਰ ਸ਼ਰਮਾ ਦਾ ਕਹਿਣਾ ਹੈ, "ਧਾਰਨਾ ਇਹ ਸੀ ਕਿ ਸਰਕਾਰੀ ਸਕੂਲਾਂ ਵਿੱਚ ਸਿਰਫ਼ ਗਰੀਬ ਪਰਿਵਾਰਾਂ ਦੇ ਬੱਚੇ ਜਾਂਦੇ ਹਨ। ਜਦਕਿ ਅਮੀਰ ਅਤੇ ਮੱਧ ਵਰਗ ਦੇ ਲੋਕ ਆਪਣੇ ਬੱਚਿਆਂ ਨੂੰ ਨਿੱਜੀ ਸਕੂਲਾਂ 'ਚ ਪੜ੍ਹਾਉਣ ਨੂੰ ਤਰਜੀਹ ਦਿੰਦੇ ਹਨ।"
ਉਨ੍ਹਾਂ ਨੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ, "ਭਾਰਤ ਵਿੱਚ ਮੰਨਿਆ ਜਾਂਦਾ ਹੈ ਕਿ ਮੁਫ਼ਤ ਦੀ ਕੋਈ ਵੀ ਚੀਜ਼ ਘਟੀਆ ਹੀ ਹੋਵੇਗੀ”
ਜਦਕਿ ਇਸ ਸਾਲ ਕੇਜਰੀਵਾਲ ਦੇ ਸਕੂਲਾਂ 'ਚ ਪੜ੍ਹ ਰਹੇ ਗਰੀਬ ਅਤੇ ਪਰਵਾਸੀ ਬੱਚਿਆਂ ਨੇ ਮਹਿੰਗੇ ਅਤੇ ਨਿੱਜੀ ਸਕਲਾਂ 'ਚ ਪੜ੍ਹ ਰਹੇ ਬੱਚਿਆਂ ਨੂੰ ਪਛਾੜਿਆ।
ਸਰਕਾਰੀ ਸਕੂਲਾਂ ਦੇ 12ਵੀਂ ਜਮਾਤ ਦੇ ਲਗਭਗ 96% ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ ਜਦਕਿ ਨਿੱਜੀ ਸਕੂਲਾਂ ਦੇ 93% ਵਿਦਿਆਰਥੀਆਂ ਨੇ 12ਵੀਂ ਪਾਸ ਕੀਤੀ।
ਹਾਲ 'ਚ ਹੀ ਨੋਬਲ ਪੁਰਸਕਾਰ ਨਾਲ ਸਨਮਾਨਿਤ ਅਰਥ ਸ਼ਾਸਤਰੀ ਅਭੀਜੀਤ ਬੈਨਰਜੀ ਨੇ ਵੀ ਇੰਨ੍ਹਾਂ ਨਤੀਜਿਆਂ ਦੀ ਸ਼ਲਾਘਾ ਕੀਤੀ ਸੀ।
'ਇੱਕ ਵੱਖਰਾ ਤਜ਼ਰਬਾ'
ਸਿੱਖਿਆ ਸੁਧਾਰ ਆਮ ਤੌਰ 'ਤੇ ਬਹੁਤ ਹੀ ਗੁੰਝਲਦਾਰ ਹੁੰਦੇ ਹਨ ਪਰ ਮੁੱਖ ਮੰਤਰੀ ਕੇਜਰੀਵਾਲ ਦੀ ਸਰਕਾਰ ਨੇ ਸਿੱਖਿਆ ਦੇ ਖੇਤਰ 'ਚ ਅਹਿਮ ਸੁਧਾਰ ਲਿਆਉਣ ਲਈ ਸਧਾਰਨ ਪਹਿਲਕਦਮੀਆਂ ਕੀਤੀਆਂ ਹਨ।
ਸਰਕਾਰੀ ਸਕੂਲਾਂ ਦੀਆਂ ਕਲਾਸਾਂ ਦਾ ਰੰਗ-ਰੋਗਨ ਕੀਤਾ ਗਿਆ, ਪਖਾਨਿਆਂ ਦੀ ਸਾਫ਼-ਸਫ਼ਾਈ ਦਾ ਬਰਾਬਰ ਬੰਦੋਬਸਤ ਅਤੇ ਖੇਡ ਮੈਦਾਨ ਸਾਫ਼ ਕਰਵਾਏ ਗਏ।
ਮਾਪਿਆਂ ਅਤੇ ਵਿਦਿਆਰਥੀਆਂ ਨੇ ਜਮਾਤ ਕਮਰਿਆਂ 'ਚ ਨਿਗਰਾਨੀ ਲਈ ਸੀਸੀਟੀਵੀ ਕੈਮਰੇ ਲਗਵਾਏ ਜਾਣ ਦੇ ਵਿਵਾਦਿਤ ਫ਼ੈਸਲੇ ਦਾ ਸਵਾਗਤ ਕੀਤਾ।
ਵਧੀਆ ਦਿੱਖ ਵਾਲੇ ਡੈਸਕ, ਡਿਜੀਟਲ ਪੜ੍ਹਾਈ, ਕਿਤਾਬਾਂ ਨਾਲ ਅਮੀਰ ਲਾਇਬਰੇਰੀ, ਵਿਸ਼ੇਸ਼ ਥੀਮ-ਆਧਾਰਿਤ ਜਮਾਤ ਕਮਰਿਆਂ ਦੀ ਮਦਦ ਨਾਲ ਸਕੂਲਾਂ ਨੂੰ ਦਿਲਕਸ਼ ਬਣਾਇਆ ਗਿਆ। ਜਿਨ੍ਹਾਂ ਵਿੱਚ ਬੱਚਿਆਂ ਦਾ ਸਿੱਖਣ ਨੂੰ ਮਨ ਕਰੇ।

ਤਸਵੀਰ ਸਰੋਤ, Getty Images
ਐੱਮ. ਸਾਰਿਕ ਅਹਿਮਦ ਇੱਕ “ਆਦਰਸ਼” ਸਰਕਾਰੀ ਸਕੂਲ ਦੇ ਪ੍ਰਿੰਸੀਪਲ ਹਨ।
ਉਨ੍ਹਾਂ ਨੇ ਦੱਸਿਆ, "ਸਰਕਾਰੀ ਸਕੂਲਾਂ ਦੀ ਸਥਿਤੀ ਵਿੱਚ ਤਬਦੀਲੀ ਆਈ ਹੈ। ਦੁਸ਼ਵਾਰੀਆਂ ਵਾਲੇ ਪਿਛੋਕੜ ਤੋਂ ਆਏ ਵਿਦਿਆਰਥੀਆਂ ਲਈ ਇਨ੍ਹਾਂ ਸਕੂਲਾਂ ਵਿੱਚ ਖੁੱਲ੍ਹਾ ਮਾਹੌਲ ਮੁਹੱਈਆ ਕੀਤਾ ਜਾਂਦਾ ਹੈ।"
ਚੋਣਵੇਂ ਅਧਿਆਪਕਾਂ ਨੂੰ ਸਿਖਲਾਈ ਅਤੇ ਲੀਡਰਸ਼ਿਪ ਕੋਰਸਾਂ ਲਈ ਸਿੰਗਾਪੁਰ ਦੀ ਨੈਸ਼ਨਲ ਯੂਨੀਵਰਸਿਟੀ ਅਤੇ ਇੱਕ ਪ੍ਰਮੁੱਖ ਭਾਰਤੀ ਬਿਜ਼ਨਸ ਸਕੂਲ 'ਚ ਭੇਜਿਆ ਗਿਆ।
ਕਈਆਂ ਨੂੰ ਸਕੂਲ ਪ੍ਰਣਾਲੀ ਦਾ ਅਧਿਐਨ ਕਰਨ ਲਈ ਯੂਕੇ ਫਿਨਲੈਂਡ ਅਤੇ ਕੈਂਬਰਿਜ ਵਿਖੇ ਭੇਜਿਆ ਗਿਆ।
200 ਤੋਂ ਵੀ ਵੱਧ 'ਸਲਾਹਕਾਰ ਅਧਿਆਪਕ' ਜਮਾਤਾਂ ਵਿੱਚ ਬੈਠਦੇ ਹਨ ਅਤੇ ਆਪਣੀ ਨਿਗਰਾਨੀ ਹੇਠਲੇ ਪੰਜ ਸਕੂਲਾਂ ਦੀ ਕਾਰਗੁਜ਼ਾਰੀ ਰਿਪੋਰਟ ਪੇਸ਼ ਕਰਦੇ ਹਨ।
ਪਾਠਕ੍ਰਮ ਨੂੰ ਕਲਪਨਾਸ਼ੀਲਤਾ ਨਾਲ ਨਵਾਂ ਰੂਪ ਦਿੱਤਾ ਗਿਆ ਹੈ। ‘ਪ੍ਰਸੰਨਤਾ’ ਅਤੇ ਕਾਰੋਬਾਰੀ ਉੱਦਮੀਪੁਣੇ ਦੀ ਪ੍ਰੇਰਣਾ ਲਈ ਖਾਸ ਕਲਾਸਾਂ ਸ਼ੁਰੂ ਕੀਤੀਆਂ ਗਈਆਂ।
ਅਨਪੜ੍ਹ ਮਾਪਿਆਂ, ਪਹਿਲੀ ਪੀੜ੍ਹੀ ਅਤੇ ਦੂਜੀ ਪੀੜ੍ਹੀ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਦਰਮਿਆਨ ਸੰਵਾਦ ਨੂੰ ਹੱਲਾਸ਼ੇਰੀ ਦੇਣ ਲਈ ਸਾਰੇ ਹੀ ਸਕੂਲਾਂ ਵਿੱਚ ਸਾਲ ਵਿੱਚ ਕਈ ਵਾਰ ਵੱਡੇ ਪੱਧਰ ’ਤੇ ਮਾਪੇ-ਅਧਿਆਪਕ ਸਭਾਵਾਂ ਰੱਖੀਆਂ ਜਾਂਦੀਆਂ ਹਨ।
ਪਾੜ੍ਹਿਆਂ ਦੀ ਵੱਧ ਰਹੀ ਗਿਣਤੀ ਨੂੰ ਦੇਖਦਿਆਂ ਸਕੂਲੀ ਇਮਾਰਤਾਂ ਦਾ ਵਿਸਥਾਰ ਵੀ ਹੋਇਆ ਹੈ। ਦਿੱਲੀ ਦੇ 44 ਲੱਖ ਸਕੂਲ ਜਾਣ ਵਾਲੇ ਬੱਚਿਆਂ ਵਿੱਚੋਂ 34% ਬੱਚੇ ਸਰਕਾਰੀ ਸਕੂਲਾਂ ਵਿੱਚ ਹੀ ਜਾਂਦੇ ਹਨ।
ਇਨ੍ਹਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਸਾਲ ਦੇ ਅੰਤ ਤੱਕ ਦਿੱਲੀ 'ਚ 55 ਨਵੇਂ ਸਕੂਲ ਅਤੇ 20 ਹਜ਼ਾਰ ਵਾਧੂ ਜਮਾਤ ਕਮਰੇ ਹੋਣੇ ਚਾਹੀਦੇ ਹਨ।
ਬੱਚਿਆਂ ਨੂੰ ਨਿਖੇੜ ਕੇ ਪੜ੍ਹਾਉਣ ਬਾਰੇ ਵਿਵਾਦ
ਦਿੱਲੀ ਦੇ ਜ਼ਿਆਦਾਤਰ ਸਕੂਲਾਂ 'ਚ ਪੜ੍ਹਾਈ ਦਾ ਮਾਧਿਆਮ ਹਿੰਦੀ ਹੈ ਅਤੇ ਇਸ ਦੇ ਨਾਲ ਹੀ ਹਰ ਕਲਾਸ 'ਚ ਇੱਕ ਅੰਗਰੇਜ਼ੀ ਸੈਕਸ਼ਨ ਵੀ ਮੌਜੂਦ ਹੈ। ਪਿਛਲੇ ਸਾਲ ਇੱਕ ਹਜ਼ਾਰ ਤੋਂ ਵੀ ਵੱਧ ਬੱਚਿਆਂ ਨੇ ਪੰਜ ਵਿਸ਼ਿਆਂ 'ਚ 90% ਤੋਂ ਵੀ ਵੱਧ ਅੰਕ ਹਾਸਲ ਕੀਤੇ।

ਤਸਵੀਰ ਸਰੋਤ, Getty Images
ਇਸ ਤੋਂ ਇਲਵਾ 473 ਵਿਦਿਆਰਥੀਆਂ ਨੇ ਭਾਰਤ ਦੇ ਚੋਟੀ ਦੇ ਇੰਜੀਨੀਅਰਿੰਗ ਅਤੇ ਆਰਕੀਟੈਕਚਰ ਸਕੂਲਾਂ 'ਚ ਦਾਖਲੇ ਲਈ ਮੁਕਾਬਲਾ ਪ੍ਰੀਖਿਆ ਪਾਸ ਕੀਤੀ। ਪਿਛਲੇ ਸਾਲਾਂ ਦੇ ਮੁਕਾਬਲੇ ਇਹ ਗਿਣਤੀ 150-200 ਤੋਂ ਵੱਧ ਸੀ।
ਦਿੱਲੀ ਦੇ ਸਰਕਾਰੀ ਸਕੂਲਾਂ 'ਚ ਕੁਝ ਪੜ੍ਹਾਉਣ ਵਿਧੀਆਂ ਦੀ ਅਲੋਚਨਾ ਹੋ ਰਹੀ ਹੈ ਜਿਸ 'ਚ 'ਵੱਖ ਕਰਨਾ', ਸਭ ਤੋਂ ਵਧੇਰੇ ਵਿਵਾਦਿਤ ਹੈ।
ਇਸ ਨੂੰ ਕੁਝ ਆਲੋਚਕਾਂ ਵੱਲੋਂ 'ਸੈਗਰੀਗੇਸ਼ਨ' ਦਾ ਨਾਂਅ ਦਿੱਤਾ ਗਿਆ ਹੈ। ਇਸ ਦੇ ਤਹਿਤ ਗੁਣੀ ਤੇ ਹੌਲੀ ਸਿੱਖਣ ਵਾਲੇ ਬੱਚਿਆਂ ਨੂੰ ਵੱਖ-ਵੱਖ ਕਲਾਸਾਂ 'ਚ ਪੜ੍ਹਾਇਆ ਜਾਂਦਾ ਹੈ।
ਪਿਛਲੇ ਸਾਲ ਸਿੱਖਿਆ ਕਾਰਕੁਨ ਕੁਸੁਮ ਜੈਨ ਨੇ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਅਤੇ ਕੇਜਰੀਵਾਲ ਸਰਕਾਰ ਤੋਂ ਸਕੂਲਾਂ 'ਚ ਬੱਚਿਆਂ ਨੂੰ ਵੱਖੋ-ਵੱਖ ਜਮਾਤਾਂ ਵਿੱਚ ਬਿਠਾਉਣ ਬਾਰੇ ਪੁੱਛਿਆ।
ਇਹ ਵੀ ਪੜ੍ਹੋ:
ਉਨ੍ਹਾਂ ਨੇ ਕਿਹਾ, "ਬੁੱਧੀ ਦੇ ਅਧਾਰ 'ਤੇ ਪਾੜ੍ਹਿਆਂ ਨੂੰ ਨਿਖੇੜਨਾ ਉਸ ਸਮੇਂ ਗਲਤ ਤਰੀਕਾ ਹੈ ਜਦੋਂ ਸਾਨੂੰ ਸਾਰਿਆਂ ਨੂੰ ਸੰਮਲਿਤ ਸਿੱਖਿਆ 'ਚ ਭਰੋਸਾ ਕਰਨਾ ਚਾਹੀਦਾ ਹੈ।"
ਮਨੀਸ਼ ਚੰਦ ਸਰਕਾਰੀ ਸਕੂਲ 'ਚ ਬਤੌਰ ਇੰਟਰਨ ਅਧਿਆਪਕ ਕੰਮ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਵਿਦਿਆਰਥੀਆਂ ਵਿਚਾਲੇ ਯੋਗਤਾਵਾਂ ਦੇ ਅਧਾਰ 'ਤੇ ਜੋ ਫਰਕ ਕੀਤਾ ਜਾ ਰਿਹਾ ਹੈ ਉਸ ਨਾਲ ਉਨ੍ਹਾਂ ਵਿੱਚ ਪਾੜ ਵਧ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਸਕੂਲ 'ਚ ਕੁੱਝ ਅਧਿਆਪਕ ਬੱਚਿਆਂ ਨੂੰ ਉਨ੍ਹਾਂ ਦੇ ਸਮੂਹ ਦੇ ਨਾਂਅ ਤੋਂ ਬੁਲਾਉਂਦੇ ਹਨ ਅਤੇ ਕਈ ਵਾਰ 'ਬਿਹਤਰ ਕਾਰਗੁਜ਼ਾਰੀ ਵਾਲੇ ਵਿਦਿਆਰਥੀ' ਆਪਣੇ ਤੋਂ ਘੱਟ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨਾਲ ਪੜ੍ਹਣ ਜਾਂ ਖੇਡਣ ਤੋਂ ਇਨਕਾਰ ਕਰਦੇ ਹਨ।
ਮਨੀਸ਼ ਨੇ ਅੱਗੇ ਕਿਹਾ, "ਮੈਂ ਇਸ ਸਥਿਤੀ ਤੋਂ ਬਹੁਤ ਚਿੰਤਤ ਹਾਂ ਕਿਉਂਕਿ ਇਸ ਨਾਲ ਹਾਣੀਆਂ ਤੋਂ ਹਾਣੀਆਂ ਨੂੰ ਹੋਣ ਵਾਲੀ ਸਿੱਖਿਆ ਦਾ ਮਕਸਦ ਅਸਫ਼ਲ ਹੋ ਜਾਂਦਾ ਹੈ।"
ਹਾਲਾਂਕਿ ਕੁਝ ਅਧਿਆਪਕਾਂ ਨੇ ਇਸ ਪ੍ਰਣਾਲੀ ਦੀ ਪੈਰਵਾਈ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਵਾਕਈ ਨਤੀਜਿਆਂ ਵਿੱਚ ਸੁਧਾਰ ਆਇਆ ਹੈ।
ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਦੇ ਪੜ੍ਹਣ ਅਤੇ ਅੰਕਾਂ ਦੀ ਯੋਗਤਾ ਦੇ ਅਧਾਰ 'ਤੇ ਉਨ੍ਹਾਂ ਨੂੰ ਵੱਖ-ਵੱਖ ਵਰਗਾਂ 'ਚ ਵੰਡਿਆ ਗਿਆ ਹੈ।
ਕਈ ਸੁਤੰਤਰ ਸਰਵੇਖਣਾਂ ਤੋਂ ਪਤਾ ਲੱਗਿਆ ਹੈ ਕਿ ਭਾਰਤੀ ਸਕੂਲਾਂ ਦੇ ਵਿਦਿਆਰਥੀ ਦੀ ਪੜ੍ਹਣ ਅਤੇ ਲਿਖਣ ਦੀ ਯੋਗਤਾ ਉਨ੍ਹਾਂ ਦੀ ਕਲਾਸ ਦੇ ਪੱਧਰ ਦੀ ਨਹੀਂ ਹੁੰਦੀ।
ਸਾਲ 2018 ਦੇ ਇੱਕ ਅਧਿਐਨ ਵਿੱਚ ਪਾਇਆ ਗਿਆ ਕਿ ਤਕਰੀਬਨ 73% ਤੀਜੀ ਕਲਾਸ ਦੇ ਵਿਦਿਆਰਥੀ ਦੂਜੀ ਕਲਾਸ ਦਾ ਪਾਠ ਪੜ੍ਹਣ ਦੇ ਯੋਗ ਨਹੀਂ ਸਨ।

ਤਸਵੀਰ ਸਰੋਤ, Getty Images
ਸ਼ਰਮਾ ਨੇ ਕਿਹਾ, "ਵਿਦਿਆਰਥੀਆਂ ਨੂੰ ਇਸ ਤਰ੍ਹਾਂ ਵੱਖਰੇ ਸਮੂਹਾਂ 'ਚ ਵੰਡ ਵੰਡ ਕੇ ਅਸੀਂ ਅਜਿਹੇ ਵਿਦਿਆਰਥੀਆਂ ਵੱਲ ਖਾਸ ਧਿਆਨ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। ਜੋ ਪਿੱਛੇ ਰਹਿ ਜਾਂਦੇ ਹਨ ਅਤੇ ਆਖ਼ਰ ਸਕੂਲ ਛੱਡ ਜਾਂਦੇ ਹਨ।"
ਇਸ ਤੋਂ ਇਲਾਵਾ ਹੋਰ ਚੁਣੌਤੀਆਂ ਵੀ ਹਨ। ਦਿੱਲੀ ਦੇ ਸਰਕਾਰੀ ਸਕੂਲਾਂ 'ਚ ਮੁੰਡਿਆਂ (47%) ਦੇ ਮੁਕਾਬਲੇ ਕੁੜੀਆਂ (53%) ਵਧੇਰੇ ਪੜ੍ਹਣ ਆਉਂਦੀਆਂ ਹਨ।
ਜ਼ਿਆਦਾਤਰ ਵਿਦਿਆਰਥੀ ਹਿਊਮੈਨਿਟੀਜ਼ ਹੀ ਚੁਣਦੇ ਹਨ। ਇਹ ਗਲਤ ਨਹੀਂ ਹੈ ਪਰ ਜੇਕਰ ਗਹਿਰਾਈ ਨਾਲ ਵੇਖਿਆ ਜਾਵੇ ਤਾਂ ਪਤਾ ਚੱਲਦਾ ਹੈ ਕਿ ਮਾਪਿਆਂ ਵੱਲੋਂ ਆਪਣੀਆਂ ਕੁੜੀਆਂ ਨੂੰ ਮੁਫ਼ਤ ਸਰਕਾਰੀ ਸਕੂਲਾਂ 'ਚ ਇਸ ਲਈ ਭੇਜਿਆ ਜਾਂਦਾ ਹੈ ਤਾਂ ਜੋ ਉਨ੍ਹਾਂ ਦੀ ਕਮਾਈ ਕੁੜੀਆਂ ਦੀ ਸਿੱਖਿਆ 'ਤੇ ਖਰਚ ਨਾ ਹੋਵੇ।
ਇਸ ਤੋਂ ਉਲਟ ਉਹ ਆਪਣੀ ਮਿਹਨਤ ਨਾਲ ਕਮਾਇਆ ਪੈਸਾ ਆਪਣੇ ਮੁੰਡਿਆਂ ਨੂੰ ਨਿੱਜੀ ਸਕੂਲਾਂ 'ਚ ਜ਼ਰੂਰ ਪੜ੍ਹਾਉਣ ’ਤੇ ਖਰਚਣਾ ਚਾਹੁੰਦੇ ਹਨ। ਜਿੱਥੇ ਉਹ ਉਨ੍ਹਾਂ ਨੂੰ ਸਾਇੰਸ ਸਟਰੀਮ ਵਿੱਚ ਦਾਖਲਾ ਦਵਾਉਂਦੇ ਹਨ ਅਤੇ ਵੱਖਰੀ ਕੋਚਿੰਗ 'ਤੇ ਵੀ ਖਰਚਾ ਕਰਦੇ ਹਨ ਤਾਂ ਜੋ ਉਹ ਪਾਸ ਹੋ ਸਕਣ।
ਇਹ ਵੀ ਪੜ੍ਹੋ:
ਦਿੱਲੀ ਦੇ ਉੱਤਰ-ਪੂਰਬੀ ਹਿੱਸੇ 'ਚ ਪੈਂਦੇ ਸ਼ਾਦੀਪੁਰ ਇਲਾਕੇ 'ਚ 16 ਸਾਲਾਂ ਮਨੀਸ਼ਾ ਕੋਹਲੀ ਸਰਕਾਰੀ ਸਕੂਲ ਦੀ ਵਿਦਿਆਰਥਣ ਹੈ। ਉਸ ਦੇ ਪਿਤਾ ਦਰਜੀ ਦਾ ਕੰਮ ਕਰਦੇ ਹਨ ਅਤੇ ਪਰਿਵਾਰ ਇੱਕ ਛੋਟੀ, ਇੱਕ ਕਮਰੇ ਦੀ ਝੁੱਗੀ ਵਿੱਚ ਰਹਿੰਦਾ ਹੈ।
ਮਨੀਸ਼ਾ ਇੱਕ ਕਾਰੋਬਾਰੀ ਉੱਦਮੀ ਬਣਨਾ ਚਾਹੁੰਦੀ ਹੈ।
ਉਸ ਦਾ ਕਹਿਣਾ ਹੈ, "ਮੈਂ ਆਪਣੇ ਪਿਤਾ ਤੋਂ ਬਿਹਤਰ ਕਰਨਾ ਚਾਹੁੰਦੀ ਹਾਂ ਅਤੇ ਮੇਰਾ ਸਕੂਲ ਮੈਨੂੰ ਅਜਿਹਾ ਹੀ ਕਰਨ ਦੀ ਪ੍ਰੇਰਣਾ ਦਿੰਦਾ ਹੈ।"
ਲਾਜ਼ਮੀ ਹੀ ਕੇਜਰੀਵਾਲ ਦੇ ਸਕੂਲਾਂ ਦੁਆਰਾ ਲਿਆਂਦਾ ਜਾ ਰਿਹਾ ਇਹ ਬਹੁਤ ਹੀ ਰੋਮਾਂਚਕ ਬਦਲਾਅ ਹੈ। ਉਹ ਗਰੀਬਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਮਦਦ ਕਰ ਰਹੇ ਹਨ।
ਵੀਡੀਓ: ਵੀਡੀਓ:ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ
ਵੀਡਿਓ: ਬਠਿੰਡੇ ਦੇ ਇਨ੍ਹਾਂ ਦੋ ਕਿਸਾਨਾਂ ਦੇ ਖੇਤੀ ਤਜਰਬੇ ਤੁਹਾਨੂੰ ਹੈਰਾਨ ਕਰ ਦੇਣਗੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਵੀਡੀਓ: ਕੋਰੋਨਾਵਾਇਰਸ ਬਾਰੇ ਲੋਕਾਂ ਲਈ ਕੀ ਹਨ ਹਦਾਇਤਾਂ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2













