ਅਮਰੀਕਾ ਨਾਲ ਸ਼ਾਂਤੀ ਵਾਰਤਾ ਰੱਦ ਹੋਣ ਮਗਰੋਂ ਇਮਰਾਨ ਨੂੰ ਤਾਲਿਬਾਨ ਕਮਾਂਡਰ ਮਿਲੇ, ਪਰ ਕਿਉਂ - 5 ਅਹਿਮ ਖ਼ਬਰਾਂ

ਤਾਲਿਬਾਨ ਦੇ ਮੋਹਰੀ ਕਮਾਂਡਰ ਮੁੱਲਾ ਅਬਦੁੱਲ ਗਨੀ ਬਰਾਦਰ ਦੀ ਅਗਵਾਈ ਵਿੱਚ ਤਲੀਬਾਨ ਦਾ ਇੱਕ ਵਫ਼ਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਮਿਲਿਆ।

ਪੀਐੱਮਓ ਦੇ ਇੱਕ ਅਧਿਕਾਰੀ ਨੇ ਬੀਬੀਸੀ ਉਰਦੂ ਦੇ ਸ਼ਹਿਜ਼ਾਦ ਮਲਿਕ ਨੂੰ ਦੱਸਿਆ ਕਿ ਇਸ ਬੈਠਕ ਦੌਰਾਨ ਪਾਕਿਸਤਾਨੀ ਸੈਨਾ ਦੇ ਮੁਖੀ ਵੀ ਸ਼ਾਮਿਲ ਹੋਏ।

ਇਸ ਤੋਂ ਪਹਿਲਾਂ ਇਹ ਵਫ਼ਦ ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਦਫ਼ਤਰ ਵਿੱਚ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨਾਲ ਵੀ ਮਿਲਿਆ। ਉਸ ਬੈਠਕ ਵਿੱਚ ਪਾਕਿਸਤਾਨੀ ਸੈਨਾ ਦੀ ਖ਼ੂਫ਼ੀਆ ਏਜੰਸੀ ਆਈਐੱਸਆਈ ਦੇ ਮੁਖੀ ਲੈਫਟੀਨੈਂਟ ਜਨਰਲ ਫ਼ੈਜ਼ ਹਮੀਦ ਨੇ ਵੀ ਹਿੱਸਾ ਲਿਆ।

ਵਿਦੇਸ਼ ਮੰਤਰਾਲੇ ਨੇ ਬਿਆਨ ਜਾਰੀ ਕਰ ਕੇ ਦੱਸਿਆ ਹੈ ਕਿ ਮੁੱਲਾ ਅਬਦੁੱਲ ਗ਼ਨੀ ਬਰਾਦਰ ਦੀ ਅਗਵਾਈ ਵਿੱਚ ਅਫ਼ਗ਼ਾਨ ਤਾਲਿਬਾਨ ਦੇ ਇਸ ਸਿਆਸੀ ਵਫ਼ਦ ਨੇ ਅਫ਼ਗ਼ਾਨ ਸ਼ਾਂਤੀ ਪ੍ਰਕਿਰਿਆ ਸਣੇ ਆਪਸੀ ਹਿੱਤਾਂ ਦੇ ਮੁੱਦਿਆਂ 'ਤੇ ਚਰਚਾ ਕੀਤੀ।

ਦੂਜੇ ਪਾਸੇ ਅਫ਼ਗਾਨਿਸਤਾਨ ਦੇ ਚੀਫ ਐਗਜ਼ੇਕੇਟਿਵ ਅਬਦੁੱਲਾ ਅਬਦੁੱਲਾ ਨੇ ਆਸ ਜਤਾਈ ਹੈ ਕਿ ਪਾਕਿਸਤਾਨ ਤਾਲੀਬਾਨ ਨੂੰ ਅਫ਼ਗਾਨਿਸਤਾਨ ਨਾਲ ਸ਼ਾਂਤੀ -ਵਾਰਤਾ ਲਈ ਰਾਜੀ ਕਰ ਲਵੇਗਾ।

ਇਹ ਵੀ ਪੜ੍ਹੋ-

ਕਰਤਾਰਪੁਰ: ਕੈਪਟਨ ਨੇ ਕਿਹਾ, ਮਨਮੋਹਨ ਸਿੰਘ ਪਹਿਲੇ ਜੱਥੇ ਵਿੱਚ ਜਾਣ ਨੂੰ ਰਾਜ਼ੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਰਤਾਪੁਰ ਸਾਹਿਬ ਨੂੰ ਜਾਣ ਵਾਲੇ ਪਹਿਲੇ ਜੱਥੇ ਦਾ ਹਿੱਸਾ ਬਣਨ ਦੀ ਹਾਮੀ ਭਰ ਦਿੱਤੀ ਹੈ।

ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਵੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।

ਉਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਹਾਲ ਹੀ ਵਿੱਚ ਪੰਜਾਬ ਵਿੱਚ ਡਰੋਨ ਜ਼ਰੀਏ ਪਹੁੰਚਾਏ ਗਏ ਹਥਿਆਰਾਂ ਦਾ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਨਾਲ ਕੋਈ ਸਬੰਧ ਨਹੀਂ ਹੈ। ਵਧੇਰੇ ਜਾਣਕਾਰੀ ਲਈ ਪੂਰੀ ਖ਼ਬਰ ਇੱਥੇ ਕਲਿੱਕ ਕਰ ਕੇ ਪੜੋ।

ਗਾਂਧੀ ਦੀ 150ਵੀਂ ਜਯੰਤੀ ਮੌਕੇ ਉਨ੍ਹਾਂ ਦੀ ਰਾਖ ਹੋਈ ਚੋਰੀ

ਮੋਹਨ ਦਾਸ ਕਰਮਚੰਦ ਗਾਂਧੀ ਦੀ 150ਵੀਂ ਜਯੰਤੀ ਮੌਕੇ ਉਨ੍ਹਾਂ ਦੇ ਕੁਝ ਅਵਸ਼ੇਸ਼ ਚੋਰੀ ਹੋ ਗਏ ਹਨ।

ਪੁਲਿਸ ਅਨੁਸਾਰ ਗਾਂਧੀ ਦਾ ਕਤਲ ਹੋਣ ਬਾਅਦ ਤੋਂ ਉਨ੍ਹਾਂ ਦੀ ਰਾਖ ਨੂੰ ਮੱਧ ਪ੍ਰਦੇਸ਼ ਦੇ ਇੱਕ ਮੈਮੋਰੀਅਲ ਵਿੱਚ ਰੱਖਿਆ ਗਿਆ ਸੀ। ਉਨ੍ਹਾਂ ਦੀ ਰਾਖ ਨੂੰ ਇੱਥੇ 1948 ਵਿੱਚ ਰੱਖਿਆ ਗਿਆ ਸੀ।

ਚੋਰਾਂ ਨੇ ਉਨ੍ਹਾਂ ਦੀਆਂ ਤਸਵੀਰਾਂ ਨੂੰ ਵੀ ਖ਼ਰਾਬ ਕਰ ਦਿੱਤਾ ਅਤੇ ਹਰੇ ਰੰਗ ਦੇ ਪੇਂਟ ਨਾਲ 'ਗੱਦਾਰ' ਲਿਖਿਆ।

ਬਾਪੂ ਭਵਨ ਮੈਮੋਰੀਅਲ (ਜਿੱਥੇ ਉਨ੍ਹਾਂ ਦੀ ਰਾਖ ਰੱਖੀ ਹੋਈ ਸੀ) ਦੀ ਦੇਖ-ਰੇਖ ਕਰਨ ਵਾਲੇ ਮੰਗਲਦੀਪ ਤਿਵਾਰੀ ਨੇ ਕਿਹਾ ਇਹ ਚੋਰੀ ਬਹੁਤ ''ਸ਼ਰਮਨਾਕ'' ਹੈ।

ਉਨ੍ਹਾਂ ਨੇ ਦਿ ਵਾਇਰ ਨੂੰ ਕਿਹਾ,''ਮੈਂ ਗਾਂਧੀ ਜਯੰਤੀ ਕਰਕੇ ਭਵਨ ਦਾ ਗੇਟ ਸਵੇਰੇ ਛੇਤੀ ਖੋਲ੍ਹ ਦਿੱਤਾ ਸੀ।

''ਜਦੋਂ ਮੈਂ 11 ਵਜੇ ਦੇ ਕਰੀਬ ਆਇਆ ਤਾਂ ਦੇਖਿਆ ਕਿ ਉਨ੍ਹਾਂ ਦੀ ਰਾਖ ਚੋਰੀ ਹੋ ਗਈ ਸੀ ਤੇ ਉਨ੍ਹਾਂ ਦੇ ਪੋਸਟਰ ਨਾਲ ਵੀ ਛੇੜਛਾੜ ਕੀਤੀ ਗਈ ਸੀ।'' ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਜਦੋਂ ਜਗਮੀਤ ਸਿੰਘ ਨੂੰ ਕਿਹਾ ਗਿਆ 'ਆਪਣੀ ਦਸਤਾਰ ਉਤਾਰ ਦਿਓ' ਤਾਂ ਉਨ੍ਹਾਂ ਨੇ ਕੀ ਕੀਤਾ

ਕੈਨੇਡਾ ਦੇ ਨਿਊ ਡੈਮੋਕਰੈਟਿਕ ਪਾਰਟੀ (ਐੱਨਡੀਪੀ) ਆਗੂ ਜਗਮੀਤ ਸਿੰਘ ਨੂੰ ਆਪਣੇ ਚੋਣ ਪ੍ਰਚਾਰ ਦੌਰਾਨ ਪੱਗ ਉਤਾਰਣ ਲਈ ਕਿਹਾ ਗਿਆ ਤਾਂ ਕਿ ਉਹ 'ਕੈਨੇਡੀਅਨ ਲਗ ਸਕਣ'।

ਰਿਪੋਰਟਰਾਂ ਨੇ ਇਸ ਗੱਲਬਾਤ ਨੂੰ ਰਿਕਾਰਡ ਕਰ ਲਿਆ। ਇਹ ਘਟਨਾ ਕਿਊਬਿਕ ਦੇ ਮਾਂਟਰੀਅਲ ਵਿੱਚ ਹੋਈ।

ਜਗਮੀਤ ਇੱਕ ਬਜ਼ਾਰ ਵਿੱਚ ਚੋਣ ਪ੍ਰਚਾਰ ਕਰ ਰਹੇ ਸੀ ਜਦੋਂ ਇੱਕ ਵਿਅਕਤੀ ਉਨ੍ਹਾਂ ਕੋਲ ਆਇਆ ਅਤੇ ਕਿਹਾ, "ਤੁਹਾਨੂੰ ਆਪਣੀ ਪੱਗ ਉਤਾਰ ਦੇਣੀ ਚਾਹੀਦੀ ਹੈ। ਤੁਸੀਂ ਕੈਨੇਡੀਅਨ ਲੱਗੋਗੇ।"

ਜਗਮੀਤ ਨੇ ਜਵਾਬ ਦਿੱਤਾ, "ਕੈਨੇਡੀਅਨ ਹਰ ਤਰ੍ਹਾਂ ਦੇ ਲਗਦੇ ਹਨ। ਇਹ ਹੀ ਕੈਨੇਡਾ ਦੀ ਖਾਸੀਅਤ ਹੈ।"

ਉਸ ਵਿਅਕਤੀ ਨੇ ਕਿਹਾ, "ਜਦੋਂ ਰੋਮ ਵਿੱਚ ਹੋ ਤਾਂ ਉਸੇ ਤਰ੍ਹਾਂ ਕਰੋ ਜਿਵੇਂ ਰੋਮਨ ਕਰਦੇ ਹਨ।"

ਜਗਮੀਤ ਨੇ ਕਿਹਾ, "ਪਰ ਇਹ ਕੈਨੇਡਾ ਹੈ। ਇੱਥੇ ਤੁਸੀਂ ਉਹ ਕਰੋਗੇ ਜੋ ਤੁਹਾਨੂੰ ਪਸੰਦ ਹੈ।" ਪੂਰੀ ਖ਼ਬਰ ਵਿਸਥਾਰ 'ਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਪੰਜਾਬ 'ਚ ਸਖ਼ਤੀ ਦੇ ਬਾਵਜੂਦ ਪਰਾਲੀ ਨੂੰ ਸਾੜਨ ਦੇ ਰੁਝਾਨ 'ਚ ਵਾਧਾ

ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ਇਸ ਰੁਝਾਨ ਵਿੱਚ ਸਫ਼ਲਤਾ ਮਿਲਦੀ ਦਿਖਾਈ ਨਹੀਂ ਦੇ ਰਹੀ।

ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਜੇਕਰ ਇੱਕ ਮਹੀਨੇ ਦੇ ਅੰਕੜਿਆਂ 'ਤੇ ਗੌਰ ਕੀਤਾ ਜਾਵੇ ਤਾਂ ਸਪੱਸ਼ਟ ਹੈ ਕਿ ਕਿਸਾਨ ਪਰਾਲੀ ਨੂੰ ਅੱਗ ਲਗਾਉਣ ਤੋਂ ਪਿੱਛੇ ਨਹੀਂ ਹਟ ਰਹੇ।

ਪ੍ਰਦੂਸ਼ਨ ਕੰਟਰੋਲ ਬੋਰਡ ਦੇ 23 ਸਤੰਬਰ ਤੋਂ ਇਕ ਅਕਤੂਬਰ ਦੇ ਅੰਕੜਿਆਂ ਮੁਤਾਬਕ ਇਸ ਸਮੇਂ ਦੌਰਾਨ ਪਰਾਲੀ ਨੂੰ ਅੱਗ ਲਗਾਉਣ ਦੇ 159 ਕੇਸ ਸਾਹਮਣੇ ਆਏ ਹਨ ਜਦਕਿ ਪਿਛਲੇ ਸਾਲ ਇਹ ਅੰਕੜਾ ਮਹਿਜ 25 ਸੀ।

ਸਾਲ 2018 ਦੇ 23 ਸਤੰਬਰ ਤੋਂ ਲੈ ਕੇ 28 ਸਤੰਬਰ ਤੱਕ ਇੱਕ ਵੀ ਕੇਸ ਪਰਾਲੀ ਨੂੰ ਸਾੜਨ ਦਾ ਸਾਹਮਣੇ ਨਹੀਂ ਆਇਆ ਸੀ ਪਰ 2019 ਦੇ ਸਤੰਬਰ ਮਹੀਨੇ ਦੀ 23 ਤਰੀਕ ਨੂੰ 55 ਕੇਸ ਅਤੇ 24 ਸਤੰਬਰ ਨੂੰ 62 ਪਰਾਲੀ ਨੂੰ ਅੱਗ ਲਗਾਉਣ ਦੇ ਸਾਹਮਣੇ ਆਏ ਹਨ। ਵਿਸਥਾਰ 'ਚ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਇਹ ਵੀਡੀਓਜ਼ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)