ਪਾਕਿਸਤਾਨ ਵਿੱਚ IS ਦਾ ਨਵਾਂ ਮੁਖੀ ਜੋ ਕਦੇ ਪੁਲਿਸ ਅਫ਼ਸਰ ਸੀ

ਇਸਲਾਮਿਕ ਸਟੇਟ ਨੇ ਕਥਿਤ ਤੌਰ 'ਤੇ ਸਾਬਕਾ ਪੁਲਿਸ ਅਫ਼ਸਰ ਤੇ ਤਾਲਿਬਾਨ ਮੈਂਬਰ ਦਾਊਦ ਮਹਿਸੂਦ ਨੂੰ ਨਵੀਂ ਪਾਕਿਸਤਾਨ ਬ੍ਰਾਂਚ ਦਾ ਮੁਖੀ ਨਿਯੁਕਤ ਕਰ ਦਿੱਤਾ ਹੈ।

ਮਹਿਸੂਦ ਦੇ ਪਾਕਿਸਤਾਨ ਵਿੱਚ ਆਈਐਸ ਲੀਡਰ ਬਣਨ ਬਾਰੇ ਪਹਿਲੀ ਵਾਰੀ ਮਈ ਵਿੱਚ ਖ਼ਬਰ ਆਈ ਸੀ ਪਰ ਕੁਝ ਮੁੱਖਧਾਰਾ ਮੀਡੀਆ ਰਿਪੋਰਟਾਂ ਮੁਤਾਬਕ ਅੱਤਵਾਦ ਰੋਕੂ ਅਧਿਕਾਰੀਆਂ ਨੇ ਉਸ ਦੀ ਨਿਯੁਕਤੀ ਬਾਰੇ ਜਾਣਕਾਰੀ ਦੀ ਪੁਸ਼ਟੀ ਕੀਤੀ। ਹਾਲਾਂਕਿ ਨਾ ਤਾਂ ਆਈਐੱਸ ਤੇ ਨਾ ਹੀ ਮਹਿਸੂਦ ਨੇ ਇਸ ਬਾਰੇ ਕੋਈ ਟਿੱਪਣੀ ਕੀਤੀ ਹੈ।

ਮਹਿਸੂਦ ਅਫ਼ਗਾਨਿਸਤਾਨ ਵਿੱਚ ਹੈ ਪਰ ਆਈਐੱਸ ਵੱਲੋਂ 15 ਮਈ ਨੂੰ ‘ਪਾਕਿਸਤਾਨ ਪ੍ਰਾਂਤ’ ਐਲਾਣੇ ਜਾਣ ਤੋਂ ਬਾਅਦ ਉਹ ਬਲੋਚਿਸਤਾਨ ਦੇ ਦੱਖਣ-ਪੱਛਮੀ ਪ੍ਰਾਂਤ ਵਿੱਚ ਚਲਾ ਗਿਆ।

ਇਹ ਵੀ ਪੜ੍ਹੋ:

ਕੁਝ ਰਿਪੋਰਟਾਂ ਮੁਤਾਬਕ ਮਹਿਸੂਦ ਦੀ ਨਿਯੁਕਤੀ ਇਸ਼ਾਰਾ ਕਰਦੀ ਹੈ ਕਿ ਆਈਐਸ ਦੱਖਣ-ਪੱਛਮੀ ਬਲੋਚਿਸਤਾਨ ਵਿੱਚ ਆਪਣੇ ਪੈਰ ਜਮਾਉਣਾ ਚਾਹ ਰਿਹਾ ਹੈ ਜਿੱਥੇ ਸਭ ਤੋਂ ਵੱਧ ਆਈਐੱਸ ਹਮਲੇ ਹੋਏ ਹਨ।

ਆਈਐਸ ਨੇ ਉੱਤਰ-ਪੱਛਮੀ ਪਾਕਿਸਤਾਨ, ਕਰਾਚੀ ਤੇ ਲਾਹੌਰ ਵਿੱਚ ਵੀ ਕੀਤੇ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ।

ਦਾਊਦ ਮਹਿਸੂਦ ਬਾਰੇ ਅਹਿਮ ਗੱਲਾਂ

ਦਾਊਦ ਮਹਿਸੂਦ ਜੋ ਕਿ ਤਹਿਰੀਕ-ਏ-ਤਾਲਿਬਾਨ (ਟੀਟੀਪੀ) ਆਗੂ ਹਕੀਮੁੱਲਾਹ ਮਹਿਸੂਦ ਦਾ ਕਦੇ ਸੱਜਾ ਹੱਥ ਮੰਨਿਆ ਜਾਂਦਾ ਸੀ। ਉਹ ਪਾਕਿਸਤਾਨ ਵਿੱਚ ਜਾਣਿਆ-ਪਛਾਣਿਆ ਨਾਮ ਹੈ।

ਅੱਤਵਾਦ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਉਹ ਕਰਾਚੀ ਵਿੱਚ ਪੁਲਿਸ ਅਫ਼ਸਰ ਰਿਹਾ ਹੈ।

ਉਸ ਨੇ ਟੀਟੀਪੀ ਮੁਖੀ ਹਕੀਮੁੱਲਾਹ ਮਹਿਸੂਦ ਦੀ ਅਗਵਾਈ ਵਿੱਚ ਆਪਣਾ ਜਿਹਾਦੀ ਏਜੰਡਾ ਸ਼ੁਰੂ ਕੀਤਾ ਹੈ।

ਸਾਲ 2013 ਵਿੱਚ ਉਹ ਬੀਬੀਸੀ ਦੇ ਇੱਕ ਇੰਟਰਵਿਊ ਵਿੱਚ ਹਕੀਮੁੱਲ੍ਹਾ ਮਹਿਸੂਦ ਦੇ ਨਾਲ ਨਜ਼ਰ ਆਇਆ ਸੀ।

ਸਾਲ 2016 ਵਿੱਚ ਟੀਟੀਪੀ ਦੇ ਉਸ ਵੇਲੇ ਦੇ ਮੁਖੀ ਮੁੱਲ੍ਹਾ ਫੈਜ਼ੁੱਲਾਹ ਨੇ ਮਹਿਸੂਦ ਨੂੰ ਕਰਾਚੀ ਵਿੱਚ ਟੀਟੀਪੀ ਦਾ ਮੁਖੀ ਨਿਯੁਕਤ ਕਰ ਦਿੱਤਾ ਅਤੇ ਸਭ ਨੂੰ ਉਸ ਦੇ ਨਿਰਦੇਸ਼ ਮੰਨਣ ਲਈ ਕਿਹਾ।

ਟੀਟੀਪੀ ਦੇ ਹੀ ਇੱਕ ਵਿਰੋਧੀ ਧੜੇ ਨਾਲ ਲੜਾਈ ਹੋਣ ਅਤੇ ਪਾਕਿਸਤਾਨੀ ਸਰਕਾਰ ਵੱਲੋਂ ਲਗਾਤਾਰ ਸੁਰੱਖਿਆ ਕਾਰਜਾਂ ਨਾਲ ਪ੍ਰਭਾਵਤ ਹੋਣ ਕਰਕੇ ਮਹਿਸੂਦ ਦੇਸ ਛੱਡ ਕੇ ਅਫ਼ਗਾਨਿਸਤਾਨ ਚਲਾ ਗਿਆ।

2017 ਵਿਚ ਉਸ ਨੇ ਪਾਲਾ ਬਦਲ ਲਿਆ ਅਤੇ ਆਈਐਸ ਵਿੱਚ ਸ਼ਾਮਿਲ ਹੋ ਗਿਆ। ਇਸ ਤਰ੍ਹਾਂ ਉਹ ਗਲੋਬਲ ਜੇਹਾਦੀ ਜਥੇਬੰਦੀ ਵਿੱਚ ਸ਼ਾਮਲ ਹੋਣ ਵਾਲਾ ਮਹਿਸੂਦ ਕਬੀਲੇ ਦਾ ਪਹਿਲਾ ਟੀਟੀਪੀ ਕਮਾਂਡਰ ਸੀ।

ਕਿਹਾ ਜਾਂਦਾ ਹੈ ਕਿ ਟੀਟੀਪੀ ਦੇ ਮਰਹੂਮ ਡਿਪਟੀ ਲੀਡਰ ਖਾਲਿਦ ਮਹਿਸੂਦ ਉਰਫ਼ ਖਾਨ ਸੈਦ ਸੱਜਨਾ ਨਾਲ ਮਹਿਸੂਦ ਦੇ ਮਤਭੇਦ ਕਾਰਨ ਹੀ ਉਹ ਆਈਐਸ ਵਿੱਚ ਸ਼ਾਮਿਲ ਹੋਇਆ।

ਮੁੱਖਧਾਰਾ ਮੀਡੀਆ ਵਿੱਚ ਉਸ ਦੀ ਮੌਤ ਦੀਆਂ ਕਈ ਵਾਰੀ ਖ਼ਬਰਾਂ ਆਈਆਂ।

ਮਾਹਿਰ ਕੀ ਕਹਿੰਦੇ ਹਨ?

ਪੇਸ਼ਾਵਰ ਆਧਾਰਿਤ ਵਿਸ਼ਲੇਸ਼ਕ ਅਕੀਲ ਜ਼ੁਸਫ਼ਜ਼ਈ ਦਾ ਕਹਿਣਾ ਹੈ ਕਿ ਦਾਊਦ ਮਹਿਸੂਦ ਕਾਫ਼ੀ 'ਤਾਕਤ-ਭਰਪੂਰ' ਤੇ 'ਕੱਟੜਪੰਥੀ' ਹਨ।

ਉਹ ਉੱਤਰ-ਪੱਛਮੀ ਖੈਬਰ ਪਖਤੂਨਖਵਾ ਵਿੱਚ ਅੱਤਵਾਦ ਬਾਰੇ ਕਾਫ਼ੀ ਕੁਝ ਰਿਪੋਰਟ ਕਰ ਚੁੱਕੇ ਹਨ।

18 ਸਤੰਬਰ ਨੂੰ ਸਮਾ ਨਿਊਜ਼ ਵੈੱਬਸਾਈਟ 'ਤੇ ਉਨ੍ਹਾਂ ਇੱਕ ਲੇਖ ਵਿੱਚ ਲਿਖਿਆ, "ਟੀਟੀਪੀ ਦੇ ਆਗੂ ਅਫ਼ਗਾਨਿਸਤਾਨ ਵਿੱਚ ਐਕਟਿਵ ਹਨ ਇਸ ਲਈ ਇਸ ਗਰੁੱਪ ਅਤੇ ਇਸ ਦੇ ਲੜਾਕਿਆਂ ਵਿੱਚ ਸਿੱਧਾ ਸਬੰਧ ਨਹੀਂ ਹੈ। ਉਸ ਦਾ ਚਿਹਰਾ ਦੇਖ ਕੇ ਪੁਰਾਣੇ ਗਰੁੱਪ ਦੇ ਕੱਟੜ ਕਮਾਂਡਰ ਡਾਇਸ਼ (ਆਈਐਸ) ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕਰ ਸਕਦੇ ਹਨ।"

ਇਹ ਵੀ ਪੜ੍ਹੋ:

ਪਾਕਿਸਤਾਨੀ ਅਖ਼ਬਾਰ ਡੇਲੀ ਟਾਈਮਜ਼ ਨੇ ਦਾਊਦ ਦੀ ਆਈਐਸ ਪ੍ਰਤੀ ਵਫ਼ਾਦਾਰੀ ਨੂੰ ਟੀਟੀਪੀ ਲਈ "ਇੱਕ ਗੰਭੀਰ ਝਟਕਾ ਕਰਾਰ ਦਿੱਤਾ ਅਤੇ ਆਈਐਸ ਦੀ ਅਫ਼ਗਾਨਿਸਤਾਨ ਸ਼ਾਖਾ ਨੂੰ ਹੁਲਾਰਾ ਦੱਸਿਆ ਹੈ।"

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)