ਨਹਿਰੂ ਅਤੇ ਇੰਦਰਾ ਗਾਂਧੀ ਦੀ ਵਾਇਰਲ ਤਸਵੀਰ ਦਾ ਸੱਚ - ਫੈਕਟ ਚੈੱਕ

    • ਲੇਖਕ, ਫੈਕਟ ਚੈੱਕ ਟੀਮ
    • ਰੋਲ, ਬੀਬੀਸੀ ਨਿਊਜ਼

ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਵੱਲੋਂ ਟਵੀਟ ਕੀਤੀ ਗਈ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਅਤੇ ਇੰਦਰਾ ਗਾਂਧੀ ਦੀ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ।

ਸ਼ਸ਼ੀ ਥਰੂਰ ਨੇ ਸੋਮਵਾਰ ਰਾਤ ਇਹ ਤਸਵੀਰ ਨਹਿਰੂ ਅਤੇ ਇੰਦਰਾ ਗਾਂਧੀ ਦੇ 1954 ਦੇ ਅਮਰੀਕੀ ਦੌਰੇ ਦੀ ਦੱਸ ਕੇ ਸਾਂਝੀ ਕੀਤੀ ਸੀ।

ਥਰੂਰ ਨੇ ਆਪਣੇ ਟਵੀਟ ਵਿੱਚ ਲਿਖਿਆ ਸੀ, ''ਤਸਵੀਰ 'ਚ ਅਮਰੀਕਾ ਦੇ ਲੋਕਾਂ ਦੀ ਇਸ ਭੀੜ ਨੂੰ ਦੇਖੋ ਜੋ ਬਿਨਾਂ ਕਿਸੇ ਵਿਸ਼ੇਸ਼ ਜਨਸੰਪਰਕ ਅਭਿਆਨ, ਐੱਨਆਰਆਈ ਭੀੜ ਦੇ ਪ੍ਰਬੰਧਨ ਜਾਂ ਕਿਸੇ ਮੀਡੀਆ ਪਬਲਿਸਿਟੀ ਦੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਨੂੰ ਦੇਖਣ ਦੇ ਲਈ ਆਈ ਸੀ।''

ਕਾਂਗਰਸ ਸਮਰਥਕਾਂ ਵੱਲੋਂ ਫੇਸਬੁੱਕ ਅਤੇ ਵੱਟਸਐਪ ਗਰੁੱਪਾਂ 'ਚ ਸ਼ਸ਼ੀ ਥਰੂਰ ਦਾ ਇਹ ਟਵੀਟ ਸਾਂਝਾ ਕੀਤਾ ਜਾ ਰਿਹਾ ਹੈ। ਪਰ ਉਨ੍ਹਾਂ ਦੇ ਇਸ ਟਵੀਟ ਵਿੱਚ ਵੱਡੀ ਗ਼ਲਤੀ ਤੱਥਾਂ ਦੇ ਸੰਦਰਭ 'ਚ ਸੀ, ਜਿਸ ਨੂੰ ਬਾਅਦ ਵਿੱਚ ਸ਼ਸ਼ੀ ਥਰੂਰ ਨੇ ਮੰਨਿਆ ਵੀ।

ਦਰਅਸਲ ਇਹ ਤਸਵੀਰ ਅਮਰੀਕਾ ਨਹੀਂ, ਸਗੋਂ ਜਵਾਹਰ ਲਾਲ ਨੇਹਰੂ ਅਤੇ ਇੰਦਰਾ ਗਾਂਧੀ ਦੇ USSR (ਸੋਵਿਅਤ ਸੰਘ) ਦੇ ਦੌਰੇ ਦੀ ਹੈ।

ਕੀ ਇਹ ਤਸਵੀਰ 1956 ਦੀ ਹੈ?

ਸੋਸ਼ਲ ਮੀਡੀਆ 'ਤੇ ਬਹੁਤ ਸਾਰੇ ਲੋਕ ਸ਼ਸ਼ੀ ਥਰੂਰ ਨੂੰ ਗ਼ਲਤ ਠਹਿਰਾਉਂਦੇ ਹੋਏ ਲਿਖ ਰਹੇ ਹਨ ਕਿ ਇਹ ਤਸਵੀਰ ਸਾਲ 1956 'ਚ ਰੂਸ ਦੇ ਮੌਸਕੋ ਸ਼ਹਿਰ ਵਿੱਚ ਖਿੱਚੀ ਗਈ ਸੀ, ਪਰ ਇਹ ਗਲਤ ਤੱਥ ਹੈ।

ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਜੂਨ 1955 ਵਿੱਚ ਸੋਵਿਅਤ ਸੰਘ ਦੇ ਦੌਰੇ 'ਤੇ ਗਏ ਸਨ। ਇਸ ਦੌਰਾਨ ਉਨ੍ਹਾਂ ਦੀ ਧੀ ਇੰਦਰਾ ਗਾਂਧੀ ਵੀ ਉਨ੍ਹਾਂ ਦੇ ਨਾਲ ਸੀ।

ਸੋਵਿਅਤ ਸੰਘ ਦੀ ਕਮਿਉਨਿਸਟ ਪਾਰਟੀ ਦੇ ਪਹਿਲਾਂ ਸਕੱਤਰ ਅਤੇ ਬਾਅਦ ਵਿੱਚ ਸੋਵਿਅਤ ਸੰਘ ਦੇ ਰਾਸ਼ਟਰਪਤੀ ਰਹੇ ਨਿਕਿਤਾ ਖਰੁਸ਼੍ਰੇਵ ਨੇ ਫਰੂਜ਼ੇ ਸੈਂਟਰਲ ਏਅਰਪੋਰਟ 'ਤੇ ਉਨ੍ਹਾਂ ਦਾ ਸਵਾਗਤ ਕੀਤਾ ਸੀ।

ਕਰੀਬ 15 ਦਿਨ ਦੇ ਇਸ ਦੌਰੇ 'ਤੇ ਨਹਿਰੂ ਨੇ ਸੋਵਿਅਤ ਸੰਘ ਦੇ ਪ੍ਰਾਥਮਿਕ ਅਤੇ ਮਿਡਲ ਸਕੂਲਾਂ, ਯੂਨੀਵਰਸਿਟੀਜ਼ ਸਣੇ ਵੱਡੇ ਉਦਯੋਗਿਕ ਕਾਰਖਾਨਿਆਂ ਦਾ ਦੌਰਾ ਕੀਤਾ ਸੀ।

ਇਹ ਵੀ ਪੜ੍ਹੋ:

ਇਸੇ ਦੌਰੇ 'ਤੇ ਨਹਿਰੂ ਨੇ ਰੂਸ ਦੇ ਮੌਸਕੋ ਸ਼ਹਿਰ ਵਿੱਚ ਚੱਲਣ ਵਾਲੀ ਮੈਟਰੋ ਟ੍ਰੇਨ ਦਾ ਵੀ ਜਾਇਜ਼ਾ ਲਿਆ ਸੀ।

ਤਸਵੀਰ ਮੌਸਕੋ ਦੀ ਨਹੀਂ

ਰੂਸ ਦੇ ਅਧਿਕਾਰਿਤ ਰਿਕਾਰਡ ਮੁਤਾਬਕ ਨਹਿਰੂ ਨੇ ਸੋਵਿਅਤ ਸੰਘ ਦੇ ਮੈਗਨੀਤੋਗੋਸਰਕ, ਸਵੇਦ੍ਰਲੋਸਕ, ਲੇਨਿਨਗ੍ਰਾਦ, ਤਾਸ਼ਕੰਦ, ਅਸ਼ਖ਼ਾਬਾਦ ਅਤੇ ਮੌਸਕੋ ਸਣੇ ਕਰੀਬ 12 ਵੱਡੇ ਸ਼ਹਿਰਾਂ ਦਾ ਦੌਰਾ ਕੀਤਾ ਸੀ।

ਸੋਸ਼ਲ ਮੀਡੀਆ 'ਤੇ ਨਹਿਰੂ ਅਤੇ ਇੰਦਰਾ ਗਾਂਧੀ ਦੀ ਜੋ ਤਸਵੀਰ ਵਾਇਰਲ ਹੋ ਰਹੀ ਹੈ, ਉਹ ਤਸਵੀਰ ਮੈਗਨੀਤੋਗੋਸਰਕ ਸ਼ਹਿਰ ਵਿੱਚ ਖਿੱਚੀ ਗਈ ਸੀ।

'ਰਸ਼ੀਆ ਬਿਔਂਡ' ਨਾਮ ਦੀ ਇੱਕ ਵੈੱਬਸਾਈਟ ਦੇ ਅਨੁਸਾਰ '1955 ਵਿੱਚ ਜਦੋਂ ਨਹਿਰੂ ਅਤੇ ਇੰਦਰਾ ਗਾਂਧੀ ਨਦੀ ਕੰਢੇ ਵਸੇ ਉਦਯੋਗਿਕ ਸ਼ਹਿਰ ਮੈਗਨੀਤੋਗੋਸਰਕ ਪਹੁੰਚੇ ਸੀ ਤਾਂ ਸਟੀਲ ਫੈਕਟਰੀ ਵਿੱਚ ਕੰਮ ਕਰਨ ਵਾਲੇ ਅਤੇ ਸ਼ਹਿਰ ਦੇ ਸਥਾਨਕ ਲੋਕ ਉਨ੍ਹਾਂ ਨੂੰ ਦੇਖਣ ਲਈ ਦੌੜ ਪਏ ਸਨ।'

ਸ਼ਸ਼ੀ ਥਰੂਰ ਨੇ ਮੰਗਲਵਾਰ ਦੀ ਸਵੇਰ ਇੱਕ ਟਵੀਟ ਕਰ ਕੇ ਇਹ ਮੰਨਿਆ ਕਿ ਉਨ੍ਹਾਂ ਨੇ ਜਿਹੜੀ ਤਸਵੀਰ ਸ਼ੇਅਰ ਕੀਤੀ ਸੀ, ਉਹ ਅਮਰੀਕਾ ਨਹੀਂ, ਸਗੋਂ ਸੋਵਿਅਤ ਸੰਘ ਦੌਰੇ ਦੀ ਹੈ।

ਥਰੂਰ ਨੇ ਲਿਖਿਆ, ''ਜੇ ਇਹ ਤਸਵੀਰ ਸੋਵਿਅਤ ਸੰਘ ਦੀ ਵੀ ਹੈ, ਤਾਂ ਵੀ ਮੇਰਾ ਸੁਨੇਹਾ ਇਹੀ ਹੈ ਕਿ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀਆਂ ਨੂੰ ਵੀ ਵਿਦੇਸ਼ਾਂ ਵਿੱਚ ਲੋਕਾਂ ਦਾ ਪਿਆਰ ਅਤੇ ਲੋਕਪ੍ਰਿਅਤਾ ਮਿਲੀ ਹੈ। ਨਰਿੰਦਰ ਮੋਦੀ ਨੂੰ ਸਨਮਾਨ ਮਿਲਿਆ ਭਾਵ ਦੇਸ ਦੇ ਪ੍ਰਧਾਨ ਮੰਤਰੀ ਨੂੰ ਸਨਮਾਨ ਮਿਲਿਆ। ਇਹ ਭਾਰਤ ਦਾ ਸਨਮਾਨ ਹੈ।''

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)