ਮੋਦੀ ਤੋਂ ਬਾਅਦ ਟਰੰਪ ਜਦੋਂ ਇਮਰਾਨ ਨੂੰ ਮਿਲੇ ਤਾਂ ਕੀ ਕਿਹਾ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਮੁੜ ਦੋਹਰਾਇਆ ਹੈ ਕਿ ਜੇਕਰ ਭਾਰਤ ਅਤੇ ਪਾਕਿਸਤਾਨ ਦੋਵੇਂ ਕਹਿਣਗੇ ਤਾਂ ਉਹ ਕਸ਼ਮੀਰ ਦੇ ਮੁੱਦੇ ਉੱਤੇ ਸਾਲਸੀ ਕਰਨ ਲਈ ਤਿਆਰ ਹਨ।

ਟਰੰਪ ਨੇ ਕਿਹਾ ਪ੍ਰਧਾਨ ਮੰਤਰੀ ਮੋਦੀ ਤੇ ਪ੍ਰਧਾਨ ਮੰਤਰੀ ਖ਼ਾਨ ਨਾਲ ਬਹੁਤ ਚੰਗੇ ਸਮੀਕਰਨ ਹਨ, ਜੇਕਰ ਇਹ ਦੋਵੇਂ ਚਾਹੁਣਗੇ ਤਾਂ ਉਹ ਸਾਲਸੀ ਕਰ ਸਕਦੇ ਹਨ।

ਉਨ੍ਹਾਂ ਕਿਹਾ. "ਜੇਕਰ ਮੈਨੂੰ ਸਾਲਸੀ ਲਈ ਕਿਹਾ ਜਾਵੇਗਾ ਤਾਂ ਮੈਂ ਤਿਆਰ ਹਾਂ, ਮੈਂ ਚਾਹੁੰਦਾ ਹਾਂ ਅਤੇ ਕਰਨ ਦੇ ਸਮਰੱਥ ਹਾਂ, ਇਹ ਬਹੁਤ ਪੇਚੀਦਾ ਮਾਮਲਾ ਹੈ, ਇਹ ਮਾਮਲਾ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਹੈ। ਜੇਕਰ ਦੋਵੇਂ ਚਾਹੁਣਗੇ ਤਾਂ ਮੈਂ ਸਾਲਸੀ ਲਈ ਤਿਆਰ ਹਾਂ, ਪਰ ਭਾਰਤ ਦਾ ਤਿਆਰ ਹੋਣਾ ਜਰੂਰੀ ਹੈ।"

ਇਹ ਵੀ ਪੜ੍ਹੋ :

ਪਰ ਜਦੋਂ ਇੱਕ ਪੱਤਰਕਾਰ ਨੇ ਟਰੰਪ ਨੂੰ ਪੁੱਛਿਆ ਕਿ ਕੀ ਉਹ ਕਸ਼ਮੀਰ ਵਿਚ ਮਨੁੱਖੀ ਅਧਿਕਾਰਾਂ ਦੇ ਹਾਲਾਤ ਨੂੰ ਲੈ ਕੇ ਚਿੰਤਤ ਹਨ, ਤਾਂ ਟਰੰਪ ਨੇ ਕਿਹਾ, "ਹਾਂ ਮੈਂ ਚਾਹੁੰਦਾ ਹਾਂ ਕਿ ਸਭ ਕੁਝ ਠੀਕ ਹੋ ਜਾਵੇ ਅਤੇ ਸਭ ਲੋਕਾਂ ਨਾਲ ਚੰਗਾ ਵਿਹਾਰ ਕੀਤਾ ਜਾਵੇ।"

ਟਰੰਪ ਦਾ ਕਹਿਣਾ ਸੀ ਕਿ ਪਾਕਿਸਤਾਨ ਨੇ ਕੱਟੜਵਾਦ ਨਾਲ ਨਿਪਟਣ ਲਈ ਕਾਫ਼ੀ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਇਮਰਾਨ ਖ਼ਾਨ ਇਸ ਮਾਮਲੇ ਵਿਚ ਹੋਰ ਅੱਗੇ ਵਧਣਾ ਚਾਹੁੰਦੇ ਹਨ, "ਇਸ ਦਾ ਕੋਈ ਦੂਜਾ ਹੱਲ ਨਹੀਂ ਹੈ, ਦੂਜੇ ਪਾਸੇ ਸਿਰਫ਼ ਕਰਜ਼ਾ ਤੇ ਗਰੀਬੀ ਹੈ।"

ਇਮਰਾਨ ਦੀ ਟਰੰਪ ਤੋਂ ਉਮੀਦਾਂ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਡੌਨਲਡ ਟਰੰਪ ਦੁਨੀਆਂ ਦੇ ਸਭ ਤੋਂ ਤਾਕਤਵਰ ਦੇਸ਼ ਦੀ ਅਗਵਾਈ ਕਰਦੇ ਹਨ।

ਉਨ੍ਹਾਂ ਕਿਹਾ, "ਦੁਨੀਆਂ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਦਾ ਇੱਕ ਫਰਜ਼ ਵੀ ਹੁੰਦਾ ਹੈ, ਤੁਸੀਂ ਸਾਲਸੀ ਦੇ ਪੇਸ਼ਕਸ਼ ਵੀ ਕੀਤੀ ਹੈ ਅਤੇ ਇਹ ਵੀ ਕਿਹਾ ਹੈ ਦੋਵੇਂ ਦੇਸ਼ ਤਿਆਰ ਹੋਣ, ਪਰ ਮੰਦਭਾਗੀ ਗੱਲ ਇਹ ਹੈ ਕਿ ਭਾਰਤ ਸਾਡੇ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰ ਰਿਹਾ ਹੈ।ਇਸ ਹਾਲਾਤ ਵਿਚ ਮੈਨੂੰ ਲੱਗਦਾ ਹੈ ਕਿ ਇਹ ਇੱਕ ਵੱਡੇ ਸੰਕਟ ਦੀ ਸ਼ੁਰੂਆਤ ਹੈ।"

ਇਮਰਾਨ ਖ਼ਾਨ ਨੇ ਕਿਹਾ, "ਮੈਨੂੰ ਇਮਾਨਦਾਰੀ ਨਾਲ ਲੱਗਦਾ ਹੈ ਕਿ ਕਸ਼ਮੀਰ ਦਾ ਸੰਕਟ ਬਹੁਤ ਹੀ ਵੱਡਾ ਹੋਣ ਵਾਲਾ ਹੈ। ਅਮਰੀਕਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਹੈ ਅਤੇ ਸੰਯੁਕਤ ਰਾਸ਼ਟਰਜ਼ ਦੀ ਸੁਰੱਖਿਆ ਪ੍ਰੀਸ਼ਦ ਨੂੰ ਪ੍ਰਭਾਵਿਤ ਕਰ ਸਕਦਾ ਹੈ, ਇਸ ਲਈ ਅਸੀਂ ਚਾਹੁੰਦੇ ਹਾਂ ਕਿ ਅਮਰੀਕਾ ਇਸ ਮੁੱਦੇ ਨੂੰ ਚੁੱਕੇ।"

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਸੰਯੁਕਤ ਰਾਸ਼ਟਰਜ਼ ਦੇ ਆਮ ਇਜਲਾਸ ਲਈ ਦੋਵੇਂ ਅਮਰੀਕਾ ਪਹੁੰਚੇ ਹੋਏ ਹਨ।

ਇਮਰਾਨ ਖ਼ਾਨ ਨੇ ਇਸ ਤੋਂ ਵੀ ਪਹਿਲਾਂ ਕਿਹਾ ਹੈ ਕਿ ਉਹ ਸੰਯੁਕਤ ਰਾਸ਼ਟਰ ਦੇ ਨੇਤਾਵਾਂ ਦੇ ਸਾਹਮਣੇ ਕਸ਼ਮੀਰ ਦਾ ਮਸਲਾ ਚੁੱਕਣਗੇ।

'ਨਰਿੰਦਰ ਮੋਦੀ ਦਾ ਬਿਆਨ ਬੇਹੱਦ ਹਮਲਾਵਰ'

ਇਸ ਦੌਰਾਨ ਇੱਕ ਸਵਾਲ ਦੇ ਜਵਾਬ ਵਿੱਚ ਟਰੰਪ ਨੇ ਕਿਹਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਹੋਏ ਹਾਊਡੀ ਮੋਦੀ ਪ੍ਰੋਗਰਾਮ ਵਿੱਚ 59 ਹਜ਼ਾਰ ਲੋਕਾਂ ਦੇ ਸਾਹਮਣੇ ਬੇਹੱਦ ਹਮਲਾਵਰ ਬਿਆਨ ਦਿੱਤਾ ਸੀ।

ਇਹ ਵੀ ਪੜ੍ਹੋ-

ਉਨ੍ਹਾਂ ਨੇ ਕਿਹਾ ਸੀ, "ਭਾਰਤ ਅਤੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਬਹੁਤ ਐਗਰੇਸਿਵ (ਹਮਲਾਵਰ) ਬਿਆਨ ਸੁਣਿਆ ਅਤੇ ਮੈਂ ਉੱਥੇ ਹੀ ਮੌਜੂਦ ਸੀ। ਮੈਨੂੰ ਨਹੀਂ ਪਤਾ ਸੀ ਕਿ ਮੈਨੂੰ ਇਹ ਬਿਆਨ ਸੁਣਨ ਨੂੰ ਮਿਲੇਗਾ। ਉੱਥੇ ਮੌਜੂਦ ਲੋਕਾਂ ਨੂੰ ਇਹ ਬਿਆਨ ਚੰਗਾ ਲੱਗਾ ਪਰ ਇਹ ਬੇਹੱਦ ਹਮਲਾਵਰ ਸੀ।"

ਨਰਿੰਦਰ ਮੋਦੀ ਨੇ ਐਤਵਾਰ ਨੂੰ ਹਿਊਸਟਨ ਵਿੱਚ ਹੋਏ ਹਾਊਡੀ ਮੋਦੀ ਪ੍ਰੋਗਰਾਮ ਵਿੱਚ ਪਾਕਿਸਤਾਨ ਦਾ ਨਾਮ ਲਏ ਬਿਨਾਂ ਕਿਹਾ ਸੀ ਕਿ "ਭਾਰਤ ਦੇ ਫ਼ੈਸਲਿਆਂ (ਕਸ਼ਮੀਰ 'ਤੇ) ਨਾਲ ਉਨ੍ਹਾਂ ਨੂੰ ਦਿੱਕਤ ਹੈ ਜਿਨ੍ਹਾਂ ਕੋਲੋਂ ਆਪਣਾ ਦੇਸ ਨਹੀਂ ਸਾਂਭਿਆ ਜਾ ਰਿਹਾ। ਇਹ ਉਹ ਹਨ ਜੋ ਕੱਟੜਪੰਥ ਨੂੰ ਪਾਲਦੇ-ਪੋਸਦੇ ਹਨ।"

ਟਰੰਪ ਨੇ ਕਿਹਾ ਹੈ ਕਿ ਆਸ ਕਰਦੇ ਹਨ ਕਿ ਪਾਕਿਸਤਾਨ ਅਤੇ ਭਾਰਤ ਇਕੱਠੇ ਹੋਣਗੇ ਅਤੇ ਕੁਝ ਅਜਿਹਾ ਕਰਨਗੇ ਜੋ ਦੋਵਾਂ ਲਈ ਚੰਗਾ ਹੋਵੇ। ਅਤੇ ਉਹ ਮੰਨਦੇ ਹਨ ਕਿ ਹਰੇਕ ਚੀਜ਼ ਦਾ ਹੱਲ ਹੁੰਦਾ ਹੈ ਅਤੇ ਇਸ ਦਾ ਵੀ ਹੱਲ ਹੋਵੇਗਾ।

ਟਰੰਪ ਇਮਰਾਨ ਦੀ ਮੁਲਾਕਾਤ ਤੋਂ ਬਾਅਦ ਸ਼ਾਹ ਮਹਿਮੂਦ ਕੁਰੈਸ਼ੀ ਕੀ ਬੋਲੇ

ਟਰੰਪ ਅਤੇ ਇਮਰਾਨ ਖ਼ਾਨ ਦੀ ਮੁਲਾਕਾਤ ਤੋਂ ਬਾਅਦ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਵੀ ਪੱਤਰਕਾਰਾਂ ਨਾਲ ਗੱਲਬਾਤ ਕੀਤੀ।

ਉਨ੍ਹਾਂ ਨੇ ਕਿਹਾ ਹੈ ਕਿ ਇਹ ਮੁਲਾਕਾਤ ਪਹਿਲਾਂ ਤੋਂ ਹੀ ਤੈਅ ਸੀ ਅਤੇ ਇਸ ਮੁਲਾਕਾਤ ਵਿੱਚ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ 3 ਮੁੱਦਿਆਂ 'ਤੇ ਗੱਲ ਕੀਤੀ।

ਉਨ੍ਹਾਂ ਨੇ ਕਿਹਾ, "ਕਸ਼ਮੀਰ, ਅਫ਼ਗਾਨਿਸਤਾਨ ਅਤੇ ਇਰਾਨ ਦੇ ਮੁੱਦੇ 'ਤੇ ਗੱਲ ਹੋਈ। ਕਸ਼ਮੀਰ ਦੇ ਹਾਲਾਤ 'ਤੇ ਪ੍ਰਧਾਨ ਮੰਤਰੀ ਨੇ ਖੁੱਲ੍ਹ ਕੇ ਰਾਸ਼ਟਰਪਤੀ ਟਰੰਪ ਨਾਲ ਗੱਲ ਕੀਤੀ। ਇਮਰਾਨ ਖ਼ਾਨ ਨੇ ਸਪੱਸ਼ਟ ਕਿਹਾ ਹੈ ਕਿ ਇੱਕ ਮਨੁੱਖੀ ਸੰਕਟ ਖੜ੍ਹਾ ਹੋ ਗਿਆ ਹੈ। 80 ਲੱਖ ਲੋਕ ਇੱਕ ਖੁੱਲ੍ਹੀ ਜੇਲ੍ਹ 'ਚ ਹੈ ਅਤੇ ਉਨ੍ਹਾਂ ਦੇ ਜਿਨ੍ਹਾਂ ਦੇ ਬੁਨਿਆਦੀ ਹੱਕ ਹਨ, ਖ਼ਤਮ ਹੋ ਗਏ ਹਨ। ਹਾਲਾਤ ਬਹੁਤ ਵਿਗੜ ਗਏ ਹਨ।"

ਕੁਰੈਸ਼ੀ ਨੇ ਕਿਹਾ, "ਉਨ੍ਹਾਂ ਨੇ ਇਹ ਵੀ ਇਹ ਦਿੱਤਾ ਹੈ ਕਿ ਜੇਕਰ ਭਾਰਤ ਕਿਸੇ ਦੀ ਸੁਣੇਗਾ ਤਾਂ ਉਹ ਅਮਰੀਕਾ ਹੈ ਅਤੇ ਅਮਰੀਕਾ ਨੂੰ ਆਪਣਾ ਕਿਰਦਾਰ ਅਦਾ ਕਰਨਾ ਚਾਹੀਦਾ ਹੈ। ਉਨ੍ਹਾਂ ਦੇ ਦਿਮਾਗ਼ ਵਿੱਚ ਇਸ ਚੀਜ਼ ਨੂੰ ਲੈ ਕੇ ਸ਼ੱਕ ਨਹੀਂ ਹੈ ਕਿ ਦੋਵਾਂ ਦੇ ਅੱਗੇ ਆਉਣ ਨਾਲ ਮਸਲਾ ਹੱਲ ਹੋਵੇਗਾ।"

"ਅਗਲਾ ਮਸਲਾ ਹੱਲ ਕਰਨਾ ਹੈ ਅਤੇ ਉੱਥੇ ਖ਼ੂਨ-ਖ਼ਰਾਬੇ ਤੋਂ ਬਚਣਾ ਹੈ ਤਾਂ ਫਇਰ ਅਮਰੀਕਾ ਨੂੰ ਜਾਂ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਨੂੰ ਆਪਣੀ ਕਿਰਦਾਰ ਅਦਾ ਕਰਨਾ ਹੋਵੇਗਾ। ਇਮਰਾਨ ਖ਼ਾਨ ਨੇ ਸਾਫ਼ ਤੌਰ 'ਤੇ ਰਾਸ਼ਟਰਪਤੀ ਟਰੰਪ ਨੂੰ ਇਹ ਪੈਗ਼ਾਮ ਦਿੱਤਾ।"

ਕੁਰੈਸ਼ੀ ਮੁਤਾਬਕ ਇਰਾਨ ਦੇ ਮੁੱਦੇ 'ਤੇ ਵੀ ਗੱਲ ਹੋਈ ਅਤੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਬਗ਼ੈਰ ਸੋਚੇ ਸਮਝੇ ਇਰਾਨ 'ਤੇ ਕੋਈ ਕਾਰਵਾਈ ਕੀਤੀ ਜਾਂਦੀ ਹੈ ਤਾਂ ਇਸ ਦੇ ਭਿਆਨਕ ਸਿੱਟੇ ਹੋਣਗੇ।

ਇਹ ਵੀ ਪੜ੍ਹੋ-

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)