ਬੋਰਵੈੱਲ 'ਚ ਡਿੱਗਣ ’ਤੇ ਮਸ਼ਹੂਰ ਹੋਏ ਕੁਰੂਕਸ਼ੇਤਰ ਦੇ ਪ੍ਰਿੰਸ ਦੀ ਜ਼ਿੰਦਗੀ 13 ਸਾਲ 'ਚ ਕਿੰਨੀ ਬਦਲੀ

- ਲੇਖਕ, ਦਲੀਪ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਚਮਕਦੀਆਂ ਅੱਖਾਂ ਅਤੇ ਚਿਹਰੇ 'ਤੇ ਮੁਸਕਾਨ ਲਈ ਖੜ੍ਹੀ ਉਸ ਕੁੜੀ ਨੇ ਕਿਹਾ 'ਮੇਰੇ ਪਿੱਛੇ-ਪਿੱਛੇ ਆ ਜਾਓ'। ਨੰਗੇ ਪੈਰੀਂ ਤੇਜ਼ ਚਾਲ ਚਲਦੀ ਉਹ ਕੁੜੀ ਸਾਨੂੰ ਇੱਕ ਬੂਹੇ ਮੁਹਰੇ ਖੜ੍ਹਾ ਕੇ ਤਪਦੀ ਦੁਪਹਿਰੇ ਪੱਕੀ ਗਲੀਆਂ ਵਿੱਚ ਕਿੱਧਰੇ ਗਾਇਬ ਹੋ ਗਈ।
ਜਿਵੇਂ ਹੀ ਬੂਹਾ ਖੁੱਲ੍ਹਿਆ ਤਕਰੀਬਨ ਸਾਢੇ ਪੰਜ ਫੁੱਟ ਤੋਂ ਜ਼ਿਆਦਾ ਕੱਦ ਕਾਠੀ ਵਾਲਾ ਇੱਕ ਮੁੰਡਾ ਸਾਹਮਣੇ ਆ ਕੇ ਖੜ ਗਿਆ। ਚਿਹਰੇ ’ਤੇ ਹਲਕੀ ਮੁਸਕਾਨ ਅਤੇ ਗਰਮਜੋਸ਼ੀ ਨਾਲ ਹੱਥ ਮਿਲਾ ਕੇ ਸੁਆਗਤ ਕਰਨ ਵਾਲਾ ਇਹ ਮੁੰਡਾ ਸੀ ਪ੍ਰਿੰਸ।
ਉਹੀ ਪ੍ਰਿੰਸ ਜਿਸ ਦੀ ਸਲਾਮਤੀ ਲਈ 13 ਸਾਲ ਪਹਿਲਾਂ ਪੂਰੇ ਦੇਸ ਨੇ ਦੁਆਵਾਂ ਕੀਤੀਆਂ ਸਨ ਤਾਂ ਜੋ ਉਸ ਨੂੰ ਡੂੰਘੇ ਬੋਰਵੈੱਲ ਵਿੱਚੋਂ ਬਾਹਰ ਕੱਢਿਆ ਜਾ ਸਕੇ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਅਸੀਂ ਪਹੁੰਚੇ ਸੀ ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਦੇ ਪਿੰਡ ਹਲਦਹੇੜੀ। ਉਹੀ ਪਿੰਡ ਜਿੱਥੇ ਚਾਰ ਸਾਲਾ ਬੱਚੇ ਪ੍ਰਿੰਸ ਨੂੰ ਬਚਾਉਣ ਲਈ ਤਕਰੀਬਨ 50 ਘੰਟੇ ਤੱਕ ਰੈਸਕਿਊ ਆਪਰੇਸ਼ਨ ਚੱਲਿਆ ਸੀ।
ਮੀਡੀਆ ਦੇ ਕੈਮਰਿਆਂ ਦੀ ਫਲੈਸ਼ ਅਤੇ ਨਿਊਜ਼ ਚੈਨਲਾਂ ਦੀਆਂ ਓਬੀ ਵੈਨਾਂ ਦਾ ਇਕੱਠ ਬਾਲੀਵੁੱਡ ਫਿਲਮ 'ਪੀਪਲੀ ਲਾਈਵ' ਦੇ ਦ੍ਰਿਸ਼ਾਂ ਤੋਂ ਘੱਟ ਨਹੀਂ ਸੀ।
ਇਹ ਵੀ ਪੜ੍ਹੋ-

ਪ੍ਰਿੰਸ ਦੇ ਘਰ ਅੰਦਰ ਦਾਖਲ ਹੁੰਦਿਆਂ ਹੀ ਮਕਾਨ ਦੀਆਂ ਕੰਧਾਂ ਅਤੇ ਫਰਸ਼ ਉੱਤੇ ਆਈਆਂ ਤਰੇੜਾਂ ਪਰਿਵਾਰ ਦੀ ਆਰਥਿਕ ਹਾਲਤ ਬਿਆਨ ਕਰਨ ਲਈ ਕਾਫੀ ਸਨ।
ਘਰ ਵਿੱਚ ਟੁਆਇਲਟ ਤਾਂ ਬਣ ਗਿਆ ਸੀ ਪਰ ਦਰਵਾਜੇ ਦੀ ਥਾਂ ਲਟਕਿਆ ਪੜਦਾ ਨਿੱਜਤਾ ਦੀ ਰਾਖੀ ਕਰਦਾ ਦਿਖਿਆ।
ਬੈਠਿਆਂ ਨੂੰ ਕੁਝ ਮਿੰਟ ਹੀ ਗੁਜ਼ਰੇ ਸਨ ਕਿ ਪ੍ਰਿੰਸ ਦੇ ਪਿਤਾ ਰਾਮਚੰਦਰ ਘਰ ਦੇ ਇੱਕ ਕਮਰੇ ਵਿੱਚੋਂ ਕੋਲ ਆ ਕੇ ਮੰਜੇ 'ਤੇ ਬਹਿ ਗਏ ਅਤੇ ਉਨ੍ਹਾਂ ਦੇ ਪਿੱਛੇ-ਪਿੱਛੇ ਪ੍ਰਿੰਸ ਅਤੇ ਉਸਦਾ ਛੋਟਾ ਭਰਾ ਚਾਹ-ਪਾਣੀ ਵੀ ਲੈ ਆਏ।
ਪ੍ਰਿੰਸ ਦੀ ਮੰਮੀ ਬਾਰੇ ਪੁੱਛਿਆ ਤਾਂ ਪਤਾ ਲਗਿਆ ਕਿ ਉਹ ਪਿੰਡ ਵਿੱਚ ਕਿਸੇ ਕੀਰਤਨ ਵਿੱਚ ਗਏ ਹੋਏ ਹਨ।
'ਹੋਰ ਤੁਸੀਂ ਕੰਮ 'ਤੇ ਨਹੀਂ ਗਏ' ਪ੍ਰਿੰਸ ਦੇ ਪਿਤਾ ਨੂੰ ਇਹ ਸਵਾਲ ਪੁੱਛਿਆ ਤਾਂ ਉਨ੍ਹਾਂ ਕਿਹਾ, ''ਕੋਈ ਨਾ ਜੀ ਦੁਪਹਿਰ ਬਾਅਦ ਚਲੇ ਜਾਵਾਂਗੇ, ਦਿਹਾੜੀ ਵਿੱਚੋਂ ਨਿੱਕਲ ਕੇ ਆਉਣਾ ਔਖਾ ਹੈ।''
ਗੱਲਾਂ ਬਾਤਾਂ ਹੋਣ ਲੱਗੀਆਂ ਪ੍ਰਿੰਸ ਦੇ ਪਿਤਾ ਰਾਮਚੰਦਰ ਘਰ ਦੇ ਹਾਲਾਤ, ਦਿਹਾੜੀ-ਮਜ਼ਦੂਰੀ ਅਤੇ ਖੇਤੀ ਸੰਕਟ ਬਾਰੇ ਗੱਲਬਾਤ ਕਰਨ ਲੱਗੇ।
ਸਾਰੀਆਂ ਗੱਲਾਂ ਪ੍ਰਿੰਸ ਤੇ ਉਸਦਾ ਛੋਟਾ ਭਰਾ ਕੋਲ ਖੜੇ ਧਿਆਨ ਨਾਲ ਸੁਣ ਰਹੇ ਸਨ।

ਇਹ ਪੁੱਛਣ 'ਤੇ ਕਿ ਪ੍ਰਿੰਸ ਦੇ ਸਾਲ 2006 ਵਿੱਚ ਬੋਰਵੈੱਲ ਵਿੱਚ ਡਿੱਗਣ, ਉਸ ਤੋਂ ਬਾਅਦ ਅਚਾਨਕ ਪੂਰੀ ਦੁਨੀਆਂ ਨਾਲ ਉਨ੍ਹਾਂ ਦੇ ਪਰਿਵਾਰ ਦਾ ਰੁਬਰੂ ਹੋਣਾ, ਕਿਵੇਂ ਦਾ ਉਹ ਸਮਾਂ ਸੀ ਅਤੇ ਹੁਣ ਕਿਵੇਂ ਜ਼ਿੰਦਗੀ ਚੱਲ ਰਹੀ ਹੈ।
ਰਾਮਚੰਦਰ ਕਹਿਣ ਲੱਗੇ, ''ਦੇਖੋ ਜੀ ਉਸ ਸਮੇਂ ਤਾਂ ਪਤਾ ਨਹੀਂ ਕਿੱਥੋਂ-ਕਿੱਥੋਂ ਲੋਕ ਆਏ, ਅਸੀਂ ਮਸ਼ਹੂਰ ਹੋ ਗਏ, ਸਾਨੂੰ ਕੁਝ ਪੈਸੇ ਵੀ ਮਿਲੇ ਤਾਂ ਹੀ ਤਾਂ ਇਹ ਜੋ ਪੱਕਾ ਮਕਾਨ ਤੁਸੀਂ ਦੇਖ ਰਹੇ ਹੋ ਬਣ ਸਕਿਆ।''
''ਲੋਕ ਤਾਂ ਇਹ ਵੀ ਕਹਿਣ ਲੱਗ ਗਏ ਸੀ ਕਿ ਤੇਰੇ ਕੋਲ ਤਾਂ ਕਰੋੜਾਂ ਰੁਪਏ ਆ ਗਏ। ਮੈਂ ਪੁੱਛਦਾ ਹਾਂ ਜੇਕਰ ਸੱਚੀਂ ਐਨੇ ਪੈਸੇ ਆ ਜਾਂਦੇ ਤਾਂ ਮੈਂ ਦਿਹਾੜੀ ਕਿਉਂ ਕਰਦਾ।''
ਉਹ ਅੱਗੇ ਕਹਿੰਦੇ ਹਨ ਕਿ ਉਨ੍ਹਾਂ ਦਿਨਾਂ ਵਿੱਚ ਜ਼ਿੰਦਗੀ ਕਾਫੀ ਵਿਅਸਤ ਸੀ ਪਰ ਹੌਲੀ-ਹੌਲੀ ਜ਼ਿੰਦਗੀ ਮੁੜ ਪਹਿਲਾਂ ਵਰਗੀ ਹੋ ਗਈ ਅਤੇ ਦਿਹਾੜੀ-ਮਜ਼ਦੂਰੀ ਕਰਕੇ ਪੇਟ ਪਾਲਣ ਲੱਗੇ।
ਇਹ ਵੀ ਪੜ੍ਹੋ

ਇਸੇ ਵਿਚਾਲੇ ਗਲੀ ਵਿੱਚ ਮੋਟਰਸਾਈਕਲ 'ਤੇ ਆਏ ਇੱਕ ਮੁੰਡੇ ਨੇ ਆਵਾਜ਼ ਮਾਰੀ, 'ਪ੍ਰਿੰਸ...ਪ੍ਰਿੰਸ...।'
ਪ੍ਰਿੰਸ ਕੁਝ ਪਲ ਲਈ ਬਾਹਰ ਗਿਆ ਅਤੇ ਅੰਦਰ ਆ ਕੇ ਹੌਲੀ ਜਿਹੀ ਕਹਿੰਦਾ, ''ਤੁਸੀਂ ਮੇਰੇ ਨਾਲ ਗੱਲਬਾਤ ਕਰਨੀ ਤਾਂ ਜਲਦੀ ਕਰ ਲਵੋ ਮੈਂ ਲਾਗਲੇ ਪਿੰਡ ਕਿਸੇ ਦੋਸਤ ਦੇ ਜਨਮ ਦਿਨ ਦੇ ਪ੍ਰੋਗਰਾਮ 'ਤੇ ਜਾਣਾ ਹੈ।''
ਗੱਲਬਾਤ ਕਰਨ ਤੋਂ ਪਹਿਲਾਂ ਪ੍ਰਿੰਸ ਸਾਨੂੰ ਦੋ ਘਰ ਛੱਡ ਕੇ ਉਸ ਥਾਂ 'ਤੇ ਲੈ ਗਿਆ ਜਿੱਥੇ ਉਹ ਬੋਰਵੈਲ ਵਿੱਚ ਡਿੱਗਿਆ ਸੀ।
ਹਾਲਾਂਕਿ ਜਿਹੜੀ ਥਾਂ ਉਹ ਬੋਰਵੈਲ ਸੀ ਉਸ ਨੂੰ ਮਿੱਟੀ ਨਾਲ ਭਰ ਦਿੱਤਾ ਗਿਆ ਹੈ ਅਤੇ ਉਸ ਤੋਂ ਕੁਝ ਹੀ ਫੁੱਟ ਦੀ ਦੂਰੀ 'ਤੇ ਪੂਰੇ ਪਿੰਡ ਨੂੰ ਪਾਣੀ ਸਪਲਾਈ ਲਈ ਨਵਾਂ ਬੋਰ ਕਰਕੇ ਮਸ਼ੀਨ ਫਿੱਟ ਕੀਤੀ ਗਈ ਹੈ।

ਤਸਵੀਰ ਸਰੋਤ, Getty Images
ਘਰ ਵਾਪਸ ਆਉਂਦਿਆਂ ਪ੍ਰਿੰਸ ਤੋਂ ਇਹ ਪੁੱਛਣ 'ਤੇ ਕਿ ਕੁਝ ਯਾਦ ਆਉਂਦਾ ਹੈ ਕਿ ਉਹ ਕਿਵੇਂ ਬੋਰਵੈੱਲ ਵਿੱਚ ਡਿੱਗ ਗਿਆ ਸੀ।
ਉਸ ਨੇ ਕਿਹਾ, ''ਹਾਂ, ਥੋੜਾ-ਥੋੜਾ, ਮੈਂ ਅਤੇ ਮੇਰਾ ਦੋਸਤ ਖੇਡ ਰਹੇ ਸੀ। ਇੱਕ ਘਰ ਵਿੱਚੋਂ ਅਸੀਂ ਇੱਕ ਚੂਹੀ ਨਿਕਲਦੀ ਦੇਖੀ। ਉਹ ਚੂਹੀ ਇੱਕ ਬੋਰੀ ਥੱਲੇ ਜਾ ਕੇ ਲੁਕ ਗਈ। ਉਹ ਬੋਰੀ ਉਸੇ ਖੁੱਲ੍ਹੇ ਬੋਰਵੈੱਲ ਨੂੰ ਢਕਣ ਲਈ ਉਸ 'ਤੇ ਰੱਖੀ ਗਈ ਸੀ।''
''ਮੈਂ ਚੂਹੀ ਨੂੰ ਮਾਰਨ ਲਈ ਬੋਰੀ 'ਤੇ ਟੱਪਣ ਲੱਗਿਆ, ਅਚਾਨਕ ਮੇਰੇ ਪੈਰ ਪਾਈਪ ਦੇ ਅੰਦਰ ਚਲੇ ਗਏ। ਮੇਰਾ ਦੋਸਤ ਮੇਰਾ ਹੱਥ ਫੜ ਕੇ ਮੈਨੂੰ ਖਿੱਚਣ ਲੱਗਾ। ਗਰਮੀ ਹੋਣ ਕਾਰਨ ਪਸੀਨਾ ਆਉਣ ਲੱਗਾ ਤੇ ਮੇਰੇ ਹੱਥ ਸਲਿੱਪ ਹੋ ਗਏ, ਮੈਂ ਅੰਦਰ ਚਲਾ ਗਿਆ।''
ਕੀ ਹੋਇਆ ਸੀ ਉਸ ਦਿਨ?
2006 ਵਿੱਚ ਇਹ ਘਟਨਾ ਵਾਪਰੀ ਸੀ। 21 ਜੁਲਾਈ ਨੂੰ ਪ੍ਰਿੰਸ 60 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗਿਆ ਸੀ, 23 ਜੁਲਾਈ ਨੂੰ ਭਾਰਤੀ ਫੌਜ ਨੇ ਉਸ ਨੂੰ ਬਾਹਰ ਕੱਢ ਲਿਆ ਸੀ।
ਜਦੋਂ ਘਟਨਾ ਦਾ ਪਤਾ ਲੱਗਿਆ ਤਾਂ ਕੁਝ ਹੀ ਘੰਟਿਆਂ ਵਿੱਚ ਪੂਰਾ ਪ੍ਰਸ਼ਾਸਨਿਕ ਅਮਲਾ ਬਚਾਅ ਕਾਰਜ ਲਈ ਹਲਦਹੇੜੀ ਪਿੰਡ ਵਿੱਚ ਤਾਇਨਾਤ ਹੋ ਗਿਆ ਸੀ, ਪਰ ਬੋਰਵੈੱਲ ਵਿੱਚੋਂ ਨਿੱਕੇ ਪ੍ਰਿੰਸ ਨੂੰ ਕੱਢਣਾ ਸੌਖਾ ਨਹੀਂ ਸੀ।

ਤਸਵੀਰ ਸਰੋਤ, Getty Images
ਫਿਰ ਬਚਾਅ ਕਾਰਜ ਲਈ ਸੱਦੀ ਗਈ ਭਾਰਤੀ ਫੌਜ। ਤਕਰੀਬਨ 50 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਪ੍ਰਿੰਸ ਨੂੰ ਬੋਰਵੈੱਲ ਵਿੱਚੋਂ ਬਾਹਰ ਕੱਢਿਆ ਗਿਆ।
ਜਦੋਂ ਤੱਕ ਰੈਸਕਿਊ ਆਪਰੇਸ਼ਨ ਚੱਲਦਾ ਰਿਹਾ ਦੇਸ ਦਾ ਮੀਡੀਆ ਉੱਥੇ ਦੀ ਪਲ-ਪਲ ਦੀ ਖ਼ਬਰ ਲੋਕਾਂ ਤੱਕ ਪਹੁੰਚਾਉਂਦਾ ਰਿਹਾ।
ਪੂਰੇ ਮੁਲਕ ਵਿੱਚ ਲੋਕਾਂ ਨੇ ਦੁਆ ਕੀਤੀ ਸੀ ਕਿ ਕਿਸੇ ਤਰ੍ਹਾਂ ਇਹ ਬੱਚਾ ਸਹੀ-ਸਲਾਮਤ ਬਾਹਰ ਕੱਢ ਲਿਆ ਜਾਵੇ।
ਇਹ ਵੀ ਪੜ੍ਹੋ

ਤਸਵੀਰ ਸਰੋਤ, Getty Images
ਕੁਝ ਮੀਡੀਆ ਅਦਾਰਿਆਂ ਅਤੇ ਸੰਸਥਾਵਾਂ ਨੇ ਤਾਂ ਪ੍ਰਿੰਸ ਦੀ ਸਾਰੀ ਪੜ੍ਹਾਈ ਦਾ ਖਰਚਾ ਵੀ ਚੁੱਕਣ ਦਾ ਐਲਾਨ ਕਰ ਦਿੱਤਾ ਸੀ।
ਪ੍ਰਿੰਸ ਕਹਿੰਦਾ ਹੈ, ''ਕੁਝ ਨਿਊਜ਼ ਵਾਲਿਆਂ ਨੇ ਪੜ੍ਹਾਈ ਦਾ ਖਰਚਾ ਦੇਣ ਦੀ ਗੱਲ ਕਹੀ ਸੀ, ਪਰ ਕਿਸੇ ਦਾ ਕੁਝ ਪਤਾ ਨਹੀਂ ਲੱਗਿਆ। ਦੂਜੀ ਤੇ ਤੀਜੀ ਜਮਾਤ ਦੀ ਪੜ੍ਹਾਈ ਇੱਕ ਪ੍ਰਾਈਵੇਟ ਸਕੂਲ ਤੋਂ ਕੀਤੀ। ਫਿਰ ਪੈਸਿਆਂ ਦੀ ਦਿੱਕਤ ਹੋਈ ਅਤੇ ਸਰਕਾਰੀ ਸਕੂਲ ਵਿੱਚ ਦਾਖਲਾ ਲੈ ਲਿਆ। 9ਵੀਂ ਅਤੇ ਦੱਸਵੀਂ ਜਮਾਤ ਵਿੱਚ ਫਿਰ ਪ੍ਰਾਈਵੇਟ ਸਕੂਲ ਵਿੱਚ ਲੱਗਿਆ।''
ਫੌਜ ਵਿੱਚ ਜਾਣਾ ਚਾਹੁੰਦਾ ਹੈ ਪ੍ਰਿੰਸ
ਪ੍ਰਿੰਸ ਮੁਤਾਬਕ, ''ਇਸ ਦਾ ਖਰਚਾ ਇੱਕ ਫੌਜੀ ਨੇ ਚੁੱਕਿਆ ਪਰ ਮੈਂ ਪਾਸ ਨਹੀਂ ਹੋਇਆ। ਫਿਰ ਮੁੜ ਕੇ 10ਵੀਂ 'ਚ ਦਾਖਲਾ ਪਿੰਡ ਦੇ ਨੇੜੇ ਸਰਕਾਰੀ ਸਕੂਲ ਵਿੱਚ ਲਿਆ।''
10ਵੀਂ ਤੋਂ ਬਾਅਦ ਕੀ ਕਰਨਾ ਹੈ? ਇਸ ਸਵਾਲ ਦੇ ਜਵਾਬ ਵਿੱਚ ਉਹ ਕਹਿੰਦਾ ਹੈ ਕਿ ਮੈਂ ਫੌਜ ਵਿੱਚ ਭਰਤੀ ਹੋਵਾਂਗਾ।

ਫੌਜ ਵਿੱਚ ਭਰਤੀ ਹੋਣ ਦੀ ਵਜ੍ਹਾ ਉਹ ਦੱਸਦਾ ਹੈ ਕਿ ਫੌਜ ਨੇ ਹੀ ਮੈਨੂੰ ਬਚਾਇਆ ਸੀ ਮੈਂ ਉਸੀ ਫੌਜ ਦਾ ਹਿੱਸਾ ਬਣ ਕੇ ਦੇਸ ਦੀ ਸੇਵਾ ਕਰਨਾ ਚਾਹੁੰਦਾ ਹਾਂ।
ਜਦੋਂ ਸਾਲ 2006 ਵਿੱਚ ਰੈਸਕਿਊ ਆਪਰੇਸ਼ਨ ਪੂਰਾ ਹੋਇਆ ਤਾਂ ਭਾਰਤੀ ਫੌਜ ਦੇ ਅੰਬਾਲਾ ਰਿਕਰੂਟਮੈਂਟ ਕੇਂਦਰ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਸੀ।
ਪੱਤਰ ਮੁਤਾਬਕ, ''ਜਦੋਂ ਪ੍ਰਿੰਸ 18 ਸਾਲ ਦਾ ਹੋ ਜਾਵੇਗਾ ਅਤੇ ਸਾਰੀਆਂ ਸ਼ਰਤਾਂ ਪੂਰੀ ਕਰੇਗਾ ਤਾਂ ਉਸ ਨੂੰ ਫੌਜ ਵਿੱਚ ਸ਼ਾਮਲ ਕਰਨ 'ਤੇ ਤਰਜੀਹ ਦਿੱਤੀ ਜਾਵੇਗੀ।''
ਫੌਜ ਵਿੱਚ ਸ਼ਾਮਲ ਹੋਣ ਲਈ ਪ੍ਰਿੰਸ ਕੀ-ਕੀ ਕਰਦਾ ਹੈ ਤਾਂ ਉਸਨੇ ਘਰ ਦੇ ਵਿਹੜੇ ਵਿੱਚ ਕਸਰਤ ਕਰਨ ਵਾਲੀ ਥਾਂ ਵੱਲ ਇਸ਼ਾਰਾ ਕਰ ਦਿੱਤਾ। ਇਸ ਤੋਂ ਇਲਾਵਾ ਉਹ ਕਹਿੰਦਾ ਹੈ ਕਿ ਤਿਆਰੀ ਲਈ ਦੌੜ ਵੀ ਲਗਾਉਂਦਾ ਹਾਂ।
ਇਹ ਕਹਿੰਦੇ-ਕਹਿੰਦੇ ਉਹ ਥੋੜਾ ਗੰਭੀਰ ਹੋ ਕੇ ਕਹਿੰਦਾ ਹੈ, ''ਡੈਡੀ ਕਹਿੰਦੇ ਹਨ ਕਿ ਪੜ੍ਹ ਲਿਖ ਲੈ, ਕੁਝ ਬਣ ਜਾ, ਖੇਤੀ ਵਿੱਚ ਕੁਝ ਨਹੀਂ ਰੱਖਿਆ। ਘਰ ਦੇ ਖਰਚੇ ਬਹੁਤ ਹਨ, 300 ਦੀ ਦਿਹਾੜੀ ਨਾਲ ਕੁਝ ਨਹੀਂ ਹੁੰਦਾ।''
ਇਹ ਵੀ ਪੜ੍ਹੋ
ਇਸੇ ਗੱਲ਼ਬਾਤ ਦੌਰਾਨ ਪ੍ਰਿੰਸ ਦੀ ਮਾਂ ਮਮਤਾ ਕੀਰਤਨ ਤੋਂ ਵਾਪਸ ਆ ਗਏ ਅਤੇ ਕੋਲ ਆ ਕੇ ਬੈਠ ਗਏ।
ਜਦੋਂ ਪ੍ਰਿੰਸ ਬੋਰਵੈੱਲ ਵਿੱਚ ਡਿੱਗਿਆ ਤਾਂ ਉਸਦੇ ਕੁਝ ਸਾਲਾਂ ਬਾਅਦ ਉਸ ਨੂੰ ਜਨਮ ਦੇਣ ਵਾਲੀ ਮਾਂ ਉਸਦੇ ਪਿਤਾ ਤੋਂ ਵੱਖ ਹੋ ਗਈ।
ਫਿਰ ਸਾਲ 2012 ਵਿੱਚ ਪ੍ਰਿੰਸ ਦੇ ਪਿਤਾ ਨੇ ਦੂਜਾ ਵਿਆਹ ਮਮਤਾ ਨਾਲ ਕੀਤਾ। ਪ੍ਰਿੰਸ ਦੀ ਮਾਂ ਮਮਤਾ ਜਦੋਂ ਵਿਆਹ ਕੇ ਆਈ ਤਾਂ ਉਨ੍ਹਾਂ ਦੇ ਵੀ ਪਹਿਲੇ ਵਿਆਹ ਤੋਂ ਤਿੰਨ ਬੱਚੇ ਸਨ।

ਮਮਤਾ ਨੇ ਕਿਹਾ, ''ਇਨ੍ਹਾਂ ਬੱਚਿਆਂ ਵਿੱਚ ਬਹੁਤ ਪਿਆਰ ਹੈ। ਮੇਰਾ ਪਹਿਲਾ ਪਤੀ ਸ਼ਰਾਬ ਜ਼ਿਆਦਾ ਪੀਂਦਾ ਸੀ। ਬਿਮਾਰ ਹੋ ਗਿਆ ਅਤੇ ਇੱਕ ਦਿਨ ਉਸਦੀ ਮੌਤ ਹੋ ਗਈ। ਸਹੁਰਿਆਂ ਨੇ ਮੈਨੂੰ ਰੱਖਿਆ ਨਹੀਂ। ਮੈਂ ਆਪਣੀ ਇੱਕ ਧੀ ਅਤੇ ਦੋ ਮੁੰਡਿਆਂ ਨੂੰ ਲੈ ਕੇ ਪੇਕੇ ਆ ਗਈ। ਫਿਰ 2012 ਵਿੱਚ ਮੇਰਾ ਇਸ ਪਿੰਡ ਵਿਆਹ ਹੋ ਗਿਆ।''
ਮਮਤਾ ਕਹਿੰਦੀ ਹੈ, “ਜਦੋਂ ਵਿਆਹ ਕੇ ਆਈ ਉਸ ਵੇਲੇ ਪਤਾ ਲੱਗਿਆ ਕਿ ਮੈਂ ਉਸੇ ਪ੍ਰਿੰਸ ਦੀ ਮਾਂ ਬਣ ਗਈ ਜੋ ਖੱਡੇ ਵਿੱਚ ਡਿੱਗਿਆ ਸੀ। ਕਿਤੇ ਵੀ ਜਾਵਾਂ ਲੋਕ ਕਹਿੰਦੇ ਕਿ ਉਹ ਪ੍ਰਿੰਸ ਦੀ ਮੰਮੀ ਜਾ ਰਹੀ, ਇਹ ਸੁਣ ਕੇ ਚੰਗਾ ਲੱਗਦਾ ਹੈ।”
TikTok ਦਾ ਸ਼ੌਕੀਨ ਪ੍ਰਿੰਸ
ਇੰਟਰਨੈੱਟ ਅਤੇ ਸੋਸ਼ਲ ਮੀਡੀਆ ਦੇ ਦੌਰ ਵਿੱਚ ਪ੍ਰਿੰਸ ਦਾ ਦਿਨ ਕਿਵੇਂ ਗੁਜ਼ਰਦਾ ਹੈ?
ਇਹ ਪੁੱਛਣ ਤੇ ਉਹ ਕਹਿੰਦਾ ਹੈ, ''ਛੋਟਾ ਭਰਾ ਗੌਰਵ ਆਨਲਾਈਨ ਗੇਮ PUBG ਦਾ ਸ਼ੌਕੀਨ ਹੈ। ਸਾਰਾ ਦਿਨ ਉਸੇ ਵਿੱਚ ਲੱਗਾ ਰਹਿੰਦਾ ਹੈ। ਮੇਰਾ ਗੇਮ ਖੇਡਣ ਵਿੱਚ ਘੱਟ ਦਿਲ ਲੱਗਦਾ ਹੈ।''

''ਮੈਂ ਟਿਕ-ਟੌਕ 'ਤੇ ਵੀਡੀਓ ਬਣਾਉਂਦਾ ਹਾਂ ਅਤੇ ਦੇਖਣ ਦਾ ਸ਼ੌਕੀਨ ਹਾਂ। ਬਾਕੀ ਕੁਝ ਸਮੇਂ ਡੈਡੀ ਦੇ ਨਾਲ ਖੇਤਾਂ ਵਿੱਚ ਕੰਮ ਕਰਵਾ ਦਿੰਦਾ ਹਾਂ।''
ਮੌਜੂਦਾ ਸਿਆਸੀ ਹਾਲਾਤਾਂ ਬਾਰੇ ਪ੍ਰਿੰਸ ਕੀ ਸੋਚਦਾ ਹੈ। ਇਸ ਗੱਲ ਦੇ ਜਵਾਬ ਵਿੱਚ ਕਹਿੰਦਾ ਹੈ, ''ਪਤਾ ਨਹੀਂ ਜੀ, ਨੇਤਾ ਲੋੜ ਪੈਣ 'ਤੇ ਆਉਂਦੇ ਨੇ, ਫੋਟੋਆਂ ਖਿਚਵਾਉਂਦੇ ਫਿਰ ਪਤਾ ਨਹੀਂ ਕਿੱਥੇ ਚਲੇ ਜਾਂਦੇ ਨੇ।''
ਇਹ ਵੀ ਪੜ੍ਹੋ
'ਅਨਲਿਮੀਟੇਡ ਇੰਟਰਨੈੱਟ ਪੈਕ ਨੌਜਵਾਨਾਂ ਨੂੰ ਵਿਅਸਤ ਰੱਖਦਾ'
ਜਦੋਂ ਅਸੀਂ ਘਰੋਂ ਬਾਹਰ ਨਿੱਕਲੇ ਤਾਂ ਸਾਨੂੰ ਪਿੰਡ ਦੇ ਕੁਝ ਨੌਜਵਾਨ ਅਤੇ ਪ੍ਰਿੰਸ ਦੇ ਦੋਸਤ ਮਿਲ ਗਏ। ਪਿੰਡ ਦਾ ਹੀ ਇਕ ਨੌਜਵਾਨ ਮਨਿੰਦਰ ਸਿੰਘ ਨੇੜਲੇ ਹਸਪਤਾਲ ਵਿੱਚ ਅਟੈਂਡੈਂਟ ਲੱਗਿਆ ਹੈ।
ਮੌਜੂਦਾ ਸਿਆਸਤ ਬਾਰੇ ਪੁੱਛਣ ਤੇ ਕਹਿਣ ਲੱਗਾ, ''ਦੇਖੋ ਜੀ ਲੀਡਰਾਂ ਅਤੇ ਪੌਲੀਟਿਕਸ ਬਾਰੇ ਗੱਲ ਕਰਨ ਨੂੰ ਟਾਈਮ ਨਹੀਂ ਹੈ ਸਾਡੇ ਕੋਲ। ਬਹੁਤੇ ਨੌਜਵਾਨਾਂ ਨੂੰ ਤਿੰਨ ਮਹੀਨੇ ਲਈ ਮਿਲਣ ਵਾਲਾ ਸਸਤਾ ਅਨਲਿਮਟਿਡ ਇੰਟਰਨੈੱਟ ਪੈਕ ਵਿਅਸਤ ਰੱਖਦਾ ਹੈ।''

ਥੋੜਾ ਅੱਗੇ ਵਧੇ ਤਾਂ ਸਾਡੇ ਹੱਥ ਵਿੱਚ ਕੈਮਰਾ ਦੇਖ ਕੇ ਪਿੰਡ ਦੀਆਂ ਕੁਝ ਬੀਬੀਆਂ ਨੇ ਰੋਕ ਲਿਆ।
ਸ਼ਾਇਦ 2006 ਦੀ ਘਟਨਾ ਅਤੇ ਉਸ ਮਗਰੋਂ ਵੀ ਮੀਡੀਆ ਦੀ ਚਹਿਲ ਪਹਿਲ ਨੂੰ ਦੇਖ ਕੇ ਉਹ ਵੀ ਪੱਤਰਕਾਰਾਂ ਨੂੰ ਦੂਰੋਂ ਦੇਖ ਕੇ ਪਛਾਣਨ ਲੱਗ ਗਈਆਂ ਸਨ।
ਇਹ ਵੀ ਪੜ੍ਹੋ
ਇੱਕ ਬਜ਼ੁਰਗ ਔਰਤ ਆਪਣੇ ਨਿੱਕੇ ਜਿਹੇ ਪੋਤੇ ਨੂੰ ਗੋਦੀ ਚੁੱਕੀ ਖੜੀ ਕਹਿੰਦੀ ਹੈ, ''ਵੇ ਭਾਈ, ਪੱਤਰਕਾਰ ਲੱਗਦੇ ਓਂ, ਪ੍ਰਿੰਸ ਦੇ ਆਏ ਹੋਵੋਗੇ, ਸਾਡਾ ਵੀ ਇੰਟਰਵਿਊ ਲੈ ਲਵੋ।''
ਮੈਂ ਪੁੱਛਿਆ ਕਿ ਮਾਤਾ ਜੀ ਇਹ ਦੱਸੋ ਪ੍ਰਿੰਸ ਦੇ ਖੱਡੇ ਵਿੱਚ ਡਿੱਗਣ ਵਾਲੀ ਘਟਨਾ ਨੂੰ ਕਿਵੇਂ ਯਾਦ ਕਰਦੇ ਓ?
ਉਹ ਔਰਤ ਹੱਸ ਕੇ ਕਹਿਣ ਲੱਗੀ, ''ਦੇਖੋ ਜੀ ਇਹ ਮੁੰਡਾ ਪ੍ਰਿੰਸ ਖੱਡੇ ਵਿੱਚ ਅਜਿਹਾ ਡਿੱਗਿਆ ਕਿ ਸਾਰੇ ਪਿੰਡ ਦੀ ਪਿਆਸ ਬੁੱਝ ਗਈ। ਹੋਰ ਤਾਂ ਹੋਰ ਸਾਰੇ ਪਿੰਡ ਵਿੱਚ ਪੱਕੀਆਂ ਗਲੀਆਂ ਤੇ ਨਾਲੀਆਂ ਬਣ ਗਈਆਂ।''

ਉਸ ਘਟਨਾ ਮਗਰੋਂ ਤਤਕਾਲੀ ਹੁੱਡਾ ਸਰਕਾਰ ਨੇ ਪਿੰਡ ਵਿੱਚ ਵਿਕਾਸ ਕਾਰਜਾਂ ਲਈ ਗਰਾਂਟ ਦਿੱਤੀ ਸੀ।
ਜਿਵੇਂ ਹੀ ਅਸੀਂ ਮੁੜਨ ਲੱਗੇ ਤਾਂ ਉਨ੍ਹਾਂ ਵਿੱਚੋਂ ਤਕਰੀਬਨ 40 ਕੁ ਸਾਲ ਦੀ ਇੱਕ ਔਰਤ ਬੋਲੀ, ''ਟੀਵੀ ਵਾਲੇ ਕਹਿੰਦੇ ਕਿ ਸਾਡੇ ਫੌਜੀਆਂ ਨੇ ਪਾਕਿਸਤਾਨ ਵਿੱਚ ਹਵਾਈ ਜਹਾਜ ਨਾਲ ਹਮਲੇ ਕਰਕੇ ਅੱਤਵਾਦੀ ਮਾਰ ਦਿੱਤੇ, ਤੁਸੀਂ ਦੱਸੋ, ਤੁਸੀਂ ਤਾਂ ਪੱਤਰਕਾਰ ਹੋ, ਕੀ ਇਹ ਸਹੀ ਹੈ?''
ਮੈਂ ਪੁੱਛਿਆ, ਤੁਹਾਨੂੰ ਕੀ ਲੱਗਦਾ ਹੈ? ਔਰਤ ਕਹਿੰਦੀ, ''ਸਾਨੂੰ ਕੀ ਪਤਾ ਜੋ ਟੀਵੀ ਵਾਲੇ ਕਹਿਣਗੇ ਓਹੀ ਸੁਣਾਂਗੇ।''
ਇਸ ਗੱਲਬਾਤ ਮਗਰੋਂ ਅਸੀਂ ਆਪਣੀ ਗੱਡੀ ਲਈ। ਸਾਡੀ ਗੱਡੀ ਕੁਝ ਕੁ ਮੀਟਰ ਅੱਗੇ ਹੀ ਵਧੀ ਸੀ ਕਿ ਸੜਕ ਕੰਢੇ ਖੜੀ ਉਹੀ ਨਿੱਕੀ ਕੁੜੀ ਮੁਸਕੁਰਾਉਂਦੀ ਹੋਈ ਸਾਡੇ ਵੱਲ ਦੇਖ ਰਹੀ ਸੀ।
ਅਸੀਂ ਹਲਦਹੇੜੀ ਪਿੰਡ ਪਿੱਛੇ ਛੱਡ ਆਏ ਸੀ।
ਇਹ ਵੀਡੀਓ ਵੀ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 4












