ਕੀ ਕਨ੍ਹੱਈਆ ਵਾਕਈ ਭਾਜਪਾ ਉਮੀਦਵਾਰ ਨੂੰ ਟੱਕਰ ਦੇ ਰਹੇ ਹਨ?

ਤਸਵੀਰ ਸਰੋਤ, Getty Images
- ਲੇਖਕ, ਅਭਿਮਨਿਊ ਕੁਮਾਰ ਸਾਹਾ
- ਰੋਲ, ਬੀਬੀਸੀ ਪੱਤਰਕਾਰ
ਬੇਗੂਸਰਾਏ ਤੋਂ ਕੌਣ ਜਿੱਤੇਗਾ, ਇਸ ਉੱਤੇ ਕਾਫ਼ੀ ਚਰਚਾ ਚੱਲ ਰਹੀ ਹੈ, ਖ਼ਾਸ ਕਰਕੇ ਕੌਮੀ ਮੀਡੀਆ ਵਿੱਚ। ਇਸ ਚੋਣ ਮੈਦਾਨ ਵਿੱਚ ਲੜਾਈ ਭਾਜਪਾ ਉਮੀਦਵਾਰ ਗਿਰੀਰਾਜ ਸਿੰਘ ਅਤੇ ਸੀਪੀਆਈ ਉਮੀਦਵਾਰ ਕਨ੍ਹੱਈਆ ਕੁਮਾਰ ਵਿਚਾਲੇ ਦਿਖਾਈ ਜਾ ਰਹੀ ਹੈ।
ਦੂਜੇ ਪਾਸੇ ਗਠਜੋੜ ਵਲੋਂ ਚੋਣ ਲੜ ਰਹੇ ਰਾਸ਼ਟਰੀ ਜਨਤਾ ਦਲ ਦੇ ਆਗੂ ਤਨਵੀਰ ਹਸਨ ਪੂਰੀ ਤਰ੍ਹਾਂ ਮੀਡੀਆ ਕਵਰੇਜ ਤੋਂ ਬਾਹਰ ਹੋ ਗਏ।
2014 ਦੀਆਂ ਲੋਕ ਸਭਾ ਚੋਣਾਂ ਵਿਚ ਬੇਗੂਸਰਾਏ ਦੀ ਸੀਟ ਭਾਜਪਾ ਦੇ ਖਾਤੇ ਵਿੱਚ ਗਈ ਸੀ। ਭਾਜਪਾ ਦੇ ਭੋਲਾ ਸਿੰਘ ਨੂੰ ਕਰੀਬ 4.28 ਲੱਖ ਵੋਟਾਂ ਮਿਲੀਆਂ ਸਨ, ਜਦੋਂ ਕਿ ਰਾਜਦ ਦੇ ਤਨਵੀਰ ਹਸਨ ਨੂੰ 3.70 ਲੱਖ ਵੋਟਾਂ ਪਈਆਂ ਸਨ। ਦੋਵਾਂ ਵਿੱਚ ਕਰੀਬ 58 ਹਜ਼ਾਰ ਵੋਟਾਂ ਦਾ ਅੰਤਰ ਸੀ।
ਸੀਪੀਆਈ ਦੇ ਰਾਜਿੰਦਰ ਪ੍ਰਸਾਦ ਸਿੰਘ ਨੂੰ ਕਰੀਬ 1.92 ਲੱਖ ਵੋਟਾਂ ਪਈਆਂ ਸਨ।
ਇਹ ਅੰਕੜੇ ਉਦੋਂ ਸਨ, ਜਦੋਂ ਕਥਿਤ ਮੋਦੀ ਲਹਿਰ ਚੱਲ ਰਹੀ ਸੀ ਅਤੇ ਤਨਵੀਰ ਹਸਨ ਜੇਤੂ ਉਮੀਦਵਾਰ ਤੋਂ ਸਿਰਫ਼ 58 ਹਜ਼ਾਰ ਵੋਟਾਂ ਪਿੱਛੇ ਸਨ।
ਮੀਡੀਆ ਪ੍ਰਾਪੇਗੰਡਾ
ਕੀ ਕਨ੍ਹੱਈਆ ਕੁਮਾਰ ਦੇ ਚੋਣ ਮੈਦਾਨ ਵਿੱਚ ਆਉਣ ਨਾਲ ਪਿਛਲੀ ਵਾਰ ਭਾਜਪਾ ਨੂੰ ਸਖ਼ਤ ਟੱਕਰ ਦੇਣ ਵਾਲੇ ਤਨਵੀਰ ਲੜਾਈ ਤੋਂ ਬਾਹਰ ਹੋ ਗਏ ਹਨ।
ਇਹ ਵੀ ਪੜ੍ਹੋ:
ਇਸ ਸਵਾਲ ਉੱਤੇ ਬੇਗੂਸਰਾਏ ਦੇ ਸੀਨੀਅਰ ਪੱਤਰਕਾਰ ਕੁਮਾਰ ਆਭੇਸ਼ ਕਹਿੰਦੇ ਹਨ, "ਇਸ ਨੂੰ ਤੁਸੀਂ ਕੌਮੀ ਮੀਡੀਆ ਦਾ ਪ੍ਰਾਪੇਗੰਡਾ ਕਹਿ ਸਕਦੇ ਹੋ। ਕਨ੍ਹੱਈਆ ਨੂੰ ਵੋਟ ਪਾਏਗਾ ਕੌਣ, ਇਸ ਉੱਤੇ ਕੋਈ ਗੱਲ ਨਹੀਂ ਕਰ ਰਿਹਾ। ਸਿਰਫ਼ ਉਸ ਨੂੰ ਚੋਣ ਲੜਾਈ ਵਿੱਚ ਦਿਖਾ ਰਿਹਾ ਹੈ।"

ਤਸਵੀਰ ਸਰੋਤ, Facebook/Dr Tanweer Hassan
ਉਹ ਕਹਿੰਦੇ ਹਨ ਕਨ੍ਹੱਈਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਭਾਸ਼ਣਾਂ ਵਿਚ ਘੇਰਦੇ ਰਹੇ ਹਨ। ਉਹ ਚੰਗਾ ਬੋਲਦਾ ਹੈ, ਦੂਜੇ ਪਾਸੇ ਗਿਰੀਰਾਜ ਦੇ ਬਿਆਨਾਂ ਨੂੰ ਵੀ ਮੀਡੀਆ ਵਿਚ ਥਾਂ ਮਿਲਦੀ ਹੈ। ਉੱਥੇ ਤਨਵੀਰ ਹਸਨ ਰਾਸ਼ਟਰੀ ਕੈਨਵਸ ਉੱਤੇ ਚਰਚਿਤ ਚਿਹਰਾ ਨਹੀਂ ਹੈ। ਇਹੀ ਕਾਰਨ ਹੈ ਕਿ ਦਿੱਲੀ ਦਾ ਮੀਡੀਆ ਉਸ ਨੂੰ ਦੇਖ ਨਹੀਂ ਪਾ ਰਿਹਾ।
ਕੁਮਾਰ ਭਾਵੇਸ਼ ਕਹਿੰਦੇ ਹਨ ਕਿ ਕੌਮੀ ਮੀਡੀਆ ਚੋਣਾਂ ਨੂੰ ਦੋ ਚਰਚਿਤ ਚਿਹਰਿਆਂ ਦਰਮਿਆਨ ਪੇਸ਼ ਕਰ ਰਿਹਾ ਹੈ, ਜਦਕਿ ਅਜਿਹਾ ਨਹੀਂ ਹੈ।
"ਜਿੰਨੀ ਸੰਖਿਆ ਵਿੱਚ ਕਨ੍ਹੱਈਆ ਕੁਮਾਰ ਦੇ ਰੋਡ ਸ਼ੌਅ ਵਿੱਚ ਲੋਕ ਦਿਖੇ, ਤਨਵੀਰ ਹਸਨ ਦੇ ਪਰਚਾ ਦਾਖ਼ਲ ਕਰਨ ਸਮੇਂ ਉਸ ਤੋਂ ਘੱਟ ਲੋਕ ਨਹੀਂ ਸਨ। ਲਗਭਗ ਬਰਾਬਰ ਕਹਿ ਸਕਦੇ ਹਾਂ। ਹਾਂ ਕਨ੍ਹੱਈਆ ਦੇ ਰੋਡ ਸ਼ੌਅ ਵਿੱਚ ਚਰਚਿਤ ਚਿਹਰੇ ਆਏ ਸਨ, ਜਿਸਨੇ ਮੀਡੀਆ ਦਾ ਧਿਆਨ ਖਿੱਚਿਆ ਹੈ।"
ਕੌਮੀ ਮੀਡੀਆ ਵਿੱਚ ਕਿਉਂ ਛਾਏ ਨੇ ਕਨ੍ਹੱਈਆ
ਸਥਾਨਕ ਅਖ਼ਬਾਰ ਪ੍ਰਭਾਤ ਖ਼ਬਰ ਦੇ ਸੰਪਾਦਕ ਅਜੇ ਕੁਮਾਰ ਵੀ ਗਿਰੀਰਾਜ ਬਨਾਮ ਕਨ੍ਹੱਈਆ ਦੀ ਲੜਾਈ ਨੂੰ ਮੀਡੀਆ ਦੀ ਉਪਜ ਮੰਨਦੇ ਹਨ।
ਉਹ ਕਹਿੰਦੇ ਹਨ, "ਕਨ੍ਹੱਈਆ ਲੜਾਈ ਵਿੱਚ ਹੈ ਜਾਂ ਨਹੀਂ ਇਹ ਤਾਂ ਚੋਣ ਨਤੀਜਾ ਹੀ ਦੱਸੇਗਾ। ਸਮੱਸਿਆ ਇਹ ਹੈ ਕਿ ਮੀਡੀਆ ਨੇ ਆਪਣਾ ਮਿਜਾਜ ਹੀ ਅਜਿਹਾ ਬਣਾ ਲਿਆ ਹੈ ਕਿ ਬੇਗੂਸਰਾਏ ਵਿੱਚ ਜੇਕਰ ਕਨ੍ਹੱਈਆ ਹੈ ਤਾਂ ਉਹ ਮੁਕਾਬਲੇ ਵਿੱਚ ਹੈ।"
"ਕਨ੍ਹੱਈਆ ਦਾ ਪੂਰਾ ਏਜੰਡਾ ਮੌਜੂਦਾ ਸਰਕਾਰ ਅਤੇ ਵਿਵਸਥਾ ਦੇ ਖ਼ਿਲਾਫ਼ ਹੈ, ਉਹ ਬੇਬਾਕੀ ਨਾਲ ਸਰਕਾਰ ਉੱਤੇ ਹਮਲੇ ਬੋਲ ਰਹੇ ਹਨ। ਇਸੇ ਲਈ ਉਹ ਮੀਡੀਆ ਦੇ ਦਿਲੋ ਦਿਮਾਗ ਉੱਥੇ ਛਾਏ ਹੋਏ ਹਨ।
ਅਜੇ ਕੁਮਾਰ ਕਹਿੰਦੇ ਹਨ ਕਿ ਬੇਗੂਸਰਾਏ ਦੀ ਲੜਾਈ ਵੋਟ ਅਤੇ ਸਮਾਜਿਕ ਵਿਵਸਥਾ ਦੇ ਅਧਾਰ ਉੱਤੇ ਦੇਖਾਂਗੇ ਤਾਂ ਮੁਕਾਬਲਾ ਤ੍ਰਿਕੋਣਾ ਹੋਣ ਜਾ ਰਿਹਾ ਹੈ।

ਤਸਵੀਰ ਸਰੋਤ, Facebook/Kanhaiya Kumar
ਜਿੱਥੇ ਵੀ ਰਿਪੋਰਟ ਛਪ ਰਹੀ ਹੈ, ਗੱਲ ਕਨ੍ਹੱਈਆ ਦੀ ਹੀ ਹੋ ਰਹੀ ਹੈ। ਉਹ ਚੋਣ ਮੈਦਾਨ ਵਿੱਚ ਤਾਜ਼ੀ ਹਵਾ ਦੇ ਬੁੱਲੇ ਵਰਗਾ ਹੈ ਜੋ ਨਵੀਂ ਸਿਆਸਤ ਦੀ ਗੱਲ ਕਰ ਰਿਹਾ ਹੈ।
ਉਹ ਮੋਦੀ ਨੂੰ ਚੁਣੌਤੀ ਦੇਣ ਦੀ ਗੱਲ ਕਰ ਰਹੇ ਹਨ। ਇਹ ਗੱਲ ਹੈ ਕਿ ਉਹ ਕੌਮੀ ਮੀਡੀਆ 'ਚ ਛਾਏ ਹੋਏ ਹਨ।
ਪਿਛਲੇ ਰਿਕਾਰਡ ਮੁਤਾਬਕ ਤਾਂ ਤਨਵੀਰ ਹਸਨ ਕੋਲ ਵੋਟਰਾਂ ਦਾ ਮਜ਼ਬੂਤ ਅਧਾਰ ਹੈ ਉਹ ਮੁਕਾਬਲੇ ਵਿੱਚ ਵੀ ਹੈ।
2014 ਦੀਆਂ ਚੋਣਾਂ ਭਾਜਪਾ ਦੇ ਭੋਲਾ ਸਿੰਘ ਜਿੱਤੇ ਸਨ ਅਤੇ ਤਨਵੀਰ ਹਸਨ ਦੂਜੇ ਨੰਬਰ ਉੱਤੇ ਆਏ ਸਨ।
ਵੋਟਾਂ ਦਾ ਫ਼ਰਕ 58 ਹਜ਼ਾਰ ਸੀ। ਅਜਿਹੇ ਹਾਲਾਤ ਵਿੱਚ ਉਸ ਨੂੰ ਸੀਨ ਤੋਂ ਬਾਹਰ ਨਹੀਂ ਕੀਤਾ ਜਾ ਸਕਦਾ ਹੈ।
ਜ਼ਮੀਨੀ ਪਕੜ
ਸਿਆਸਤ ਉੱਤੇ ਨਜ਼ਰ ਰੱਖਣ ਵਾਲੇ ਬੇਗੂਸਰਾਏ ਦੀ ਲੜਾਈ ਤ੍ਰਿਕੋਣੀ ਮੰਨ ਕੇ ਚੱਲ ਰਹੇ ਹਨ। ਗਿਰੀਰਾਜ ਬਨਾਮ ਤਨਵੀਰ ਹਸਨ ਬਨਾਮ ਕਨ੍ਹੱਈਆ ਕੁਮਾਰ।
ਉਹ ਇਹ ਵੀ ਮੰਨ ਕੇ ਚੱਲ ਰਹੇ ਹਨ ਆਖ਼ਰੀ ਲੜਾਈ ਮੋਦੀ ਬਨਾਮ ਐਂਟੀ ਮੋਦੀ ਹੋਵੇਗੀ।
ਸੀਨੀਅਰ ਪੱਤਰਕਾਰ ਭਾਵੇਸ਼ ਕੁਮਾਰ ਕਹਿੰਦੇ ਹਨ ਕਿ ਬੇਗੂਸਰਾਏ ਦੀ ਲੜਾਈ ਮੋਦੀ ਬਨਾਮ ਐਂਟੀ ਮੋਦੀ ਦੀ ਹੋਵੇਗੀ।
ਅਜਿਹੇ ਵਿੱਚ ਲੋਕਾਂ ਦੇ ਕੋਲ ਮੋਦੀ ਖ਼ਿਲਾਫ਼ ਜਾਣ ਦੇ ਦੋ ਬਦਲ ਹੋਣਗੇ, ਪਹਿਲਾ ਰਾਜਦ ਅਤੇ ਦੂਜਾ ਕਨ੍ਹੱਈਆ।
ਸਿਆਸਅਤ ਵਿੱਚ ਤਨਵੀਰ ਹਸਨ ਦੀ ਜ਼ਮੀਨੀ ਲੜਾਈ ਪੁਰਾਣੀ ਹੈ ਅਤੇ ਕਨ੍ਹੱਈਆ ਅਜੇ ਇਸ ਹਲਕੇ ਵਿੱਚ ਨਵੇਂ-ਨਵੇਂ ਆਏ ਹਨ।
ਬਿਹਾਰ ਵਿੱਚ ਮਹਾਂਗਠਜੋੜ ਹੋਣ ਤੋਂ ਬਾਅਦ ਜਾਤੀ ਸਮੀਕਰਨ ਦੇ ਮਾਮਲੇ ਵਿਚ ਤਨਵੀਰ ਹਸਨ ਕਿਤੇ ਅੱਗੇ ਹਨ।
ਕਨ੍ਹੱਈਆ ਆਪਣੇ ਭਾਸ਼ਣਾਂ ਵਿੱਚ ਸਾਰੀਆਂ ਜਾਤਾਂ ਨੂੰ ਲੈ ਕੇ ਚੱਲਦੇ ਹਨ। ਇਸ ਵਿੱਚ ਕਥਿਤ ਸਵਰਨ ਜਾਤ ਵੀ ਹੈ ਅਤੇ ਪੱਛੜੇ ਹੋਏ ਵੀ।
ਉਹ ਜੈ ਭੀਮ ਦੇ ਨਾਅਰੇ ਵੀ ਲਗਾਉਂਦੇ ਨੇ ਅਤੇ ਆਪਣੇ ਰੋਡ ਵਿੱਚ ਮੁਸਲਿਮ ਚਿਹਰਿਆਂ ਨੂੰ ਵੀ ਥਾਂ ਦਿੰਦੇ ਹਨ।
ਅਜਿਹੇ ਹਾਲਾਤ ਵਿੱਚ ਕੀ ਕਨ੍ਹੱਈਆ ਤਨਵੀਰ ਹਸਨ ਦੇ ਵੋਟ ਬੈਂਕ ਵਿੱਚ ਸੰਨ੍ਹ ਲਾ ਸਕਣਗੇ?
ਇਸ ਸਵਾਲ ਉੱਤੇ ਸੀਨੀਅਰ ਪੱਤਰਕਾਰ ਅਜੇ ਕੁਮਾਰ ਕਹਿੰਦੇ ਹਨ, "ਇਸੇ ਹਫ਼ਤੇ ਬਿਹਾਰ ਦੀਆਂ ਚਾਰ ਸੀਟਾਂ ਉੱਤੇ ਜੋ ਵੋਟਾਂ ਪਈਆਂ ਉਸ ਵਿੱਚ ਜਾਤੀਵਾਦੀ ਰੁਝਾਨ ਦੇਖਣ ਨੂੰ ਮਿਲੇ ਹਨ। ਬੇਗੂਸਰਾਏ ਵਿੱਚ ਵੀ ਅਜਿਹਾ ਦੇਖਣ ਨੂੰ ਮਿਲ ਸਕਦਾ ਹੈ। ਕਨ੍ਹੱਈਆ ਇਸ ਵੋਟ ਬੈਂਕ ਨੂੰ ਜ਼ਿਆਦਾ ਤੋੜ ਸਕਣਗੇ ਇਹ ਕਹਿਣਾ ਮੁਸ਼ਕਲ ਹੈ।"
ਦੂਜੇ ਪਾਸੇ ਭਾਵੇਸ਼ ਕੁਮਾਰ ਦਾ ਮੰਨਣਾ ਹੈ ਕਿ ਬਿਹਾਰ ਵਿੱਚ ਲੋਕ ਜਾਤੀ ਨੂੰ ਅਧਾਰ ਬਣਾ ਕੇ ਵੋਟਾਂ ਪਾਉਂਦੇ ਹਨ।
ਇੱਥੇ ਵੋਟਰ ਕਿਸੇ ਦੇ ਭਾਸ਼ਣ, ਵਿਚਾਰਧਾਰਾ ਜਾਂ ਕਿਸੇ ਦੇ ਕੁਝ ਕਹਿਣ ਨਾਲ ਪ੍ਰਭਾਵਿਤ ਨਹੀਂ ਹੁੰਦੇ। ਜੇਕਰ ਹੁੰਦੇ ਵੀ ਹਨ ਤਾਂ ਇਹ ਗਿਣਤੀ ਬਹੁਤ ਘੱਟ ਹੁੰਦੀ ਹੈ। ਜੋ ਹਾਰ ਜਿੱਤ ਨੂੰ ਪ੍ਰਭਾਵਿਤ ਨਹੀਂ ਕਰਦੀ।
ਮੁਸਲਿਮ ਵੋਟਰ ਕਿਸ ਪਾਸੇ
ਪਿਛਲੀਆਂ ਚੋਣਾਂ ਵਿਚ ਸੀਪੀਆਈ ਨੂੰ 1.92 ਲੱਖ ਵੋਟਾਂ ਪਈਆਂ ਸਨ। ਕੀ ਕਨ੍ਹੱਈਆ ਦੇ ਆਉਣ ਨਾਲ ਇਹ ਅੰਕੜਾ ਸਿੱਧਾ 5 ਲੱਖ ਉੱਤੇ ਪਹੁੰਚ ਜਾਵੇਗਾ?
ਜੇਕਰ ਇਹ ਹੁੰਦਾ ਹੈ ਤਾਂ ਉਹ ਜਿੱਤ ਜਾਣਗੇ। ਇਸ ਸਵਾਲ ਉੱਤੇ ਕੁਮਾਰ ਭਾਵੇਸ਼ ਕਹਿੰਦੇ ਹਨ ਕਿ ਅਜਿਹਾ ਸੰਭਵ ਨਹੀਂ ਲੱਗਦਾ।
"ਆਖ਼ਰ ਇੰਨੀਆਂ ਵੋਟਾਂ ਕਿੱਥੋਂ ਆਉਣਗੀਆਂ, ਭੂਮੀਹਾਰ ਵੋਟ ਬੈਂਕ ਸਿਰਫ਼ ਵਿਕਾਸ ਅਤੇ ਵਿਚਾਰਧਾਰਾ ਦੇ ਮੁੱਦੇ ਉੱਤੇ ਗੱਲ ਕਰਨ ਨਾਲ ਖ਼ਿਸਕ ਜਾਵੇਗਾ, ਇਹ ਸੰਭਵ ਨਹੀਂ ਲੱਗਦਾ। ਬਿਹਾਰ ਵਿੱਚ ਅਜਿਹਾ ਟਰੈਂਡ ਕਦੇ ਨਹੀਂ ਰਿਹਾ ਅਤੇ ਨਾ ਹੀ ਬੇਗੂਸਰਾਏ ਵਿੱਚ।"
ਇਹ ਵੀ ਪੜ੍ਹੋ:
"ਹੁਣ ਤੱਕ ਬੇਗੂਸਰਾਏ ਵਿੱਚ 16 ਸੰਸਦ ਮੈਂਬਰ ਰਹੇ ਹਨ, ਉਨ੍ਹਾਂ ਵਿੱਚੋਂ 15 ਭੂਮੀਹਾਰ ਜਾਤੀ ਤੋਂ ਰਹੇ ਹਨ। ਸਿਰਫ਼ ਇੱਕ ਸੰਸਦ ਮੁਸਲਿਮ ਭਾਈਚਾਰੇ ਤੋਂ ਰਿਹਾ ਹੈ ।"
ਇਹ ਵੀ ਕਿਹਾ ਜਾ ਰਿਹਾ ਹੈ ਕਿ ਕਨ੍ਹੱਈਆ ਮੁਸਲਿਮ ਵੋਟਰਾਂ ਨੂੰ ਸੰਨ੍ਹ ਲਾਉਣ ਵਿੱਚ ਕਾਮਯਾਬ ਹੋਣਗੇ ਕਿਉਂਕਿ ਉਹ ਮੋਦੀ ਵਿਰੋਧ ਦੀ ਸਸ਼ਕਤ ਅਵਾਜ਼ ਹੈ।
ਇਸ ਉੱਤੇ ਭਾਵੇਸ਼ ਕਹਿੰਦੇ ਹਨ, "ਇਸ ਉੱਪਰ ਵੀ ਸ਼ੱਕ ਹੈ ਕਿ ਮੁਸਲਿਮ ਵੋਟਰ ਕਨ੍ਹੱਈਆ ਕੁਮਾਰ ਦਾ ਸਾਥ ਦੇਣਗੇ, ਅਜਿਹਾ ਹੋਵੇਗਾ ਜਾਂ ਨਹੀਂ ਇਹ ਤੈਅ ਹੋਵੇਗਾ ਚੋਣ ਤੋਂ ਪਹਿਲੇ ਜੁੰਮੇ ਦੀ ਨਮਾਜ਼ ਮੌਕੇ। ਲੜਾਈ ਮੋਦੀ ਬਨਾਮ ਐਂਟੀ ਮੋਦੀ ਦੀ ਹੋਵੇਗੀ, ਅਜਿਹੇ ਵਿੱਚ ਜਿਸ ਦਾ ਪੱਲੜਾ ਭਾਰੀ ਹੋਵੇਗਾ, ਮੋਦੀ ਵਿਰੋਧੀ ਵੋਟ ਉਸੇ ਪਾਸੇ ਚਲਾ ਜਾਵੇਗਾ।"
ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












