You’re viewing a text-only version of this website that uses less data. View the main version of the website including all images and videos.
ਅਮਰੀਕਾ 'ਚ ਫਰਜ਼ੀ ਯੂਨੀਵਰਸਿਟੀ ਦੇ ਸ਼ਿਕਾਰ ਸਟੂਡੈਂਟ ਦੀ ਕਹਾਣੀ : 'ਕਿਉਂ ਵਾਪਸ ਆਇਆ ਇਹ ਜਾਣ ਕੇ ਮਾਪੇ ਖੁਦਕੁਸ਼ੀ ਕਰ ਸਕਦੇ'
- ਲੇਖਕ, ਦੀਪਤੀ ਬਤਿੱਨੀ
- ਰੋਲ, ਬੀਬੀਸੀ ਪੱਤਰਕਾਰ
"ਮੇਰੇ ਮਾਪੇ ਕਿਸਾਨ ਹਨ। ਉਹ ਨਹੀਂ ਜਾਣਦੇ ਕਿ ਮੈਂ ਅਮਰੀਕਾ ਤੋਂ ਕਿਉਂ ਵਾਪਸ ਆਇਆ ਹਾਂ। ਜੇ ਉਨ੍ਹਾਂ ਨੂੰ ਸੱਚਾਈ ਦਾ ਪਤਾ ਲੱਗਿਆ ਤਾਂ ਸ਼ਾਇਦ ਉਹ ਆਪਣੀ ਜਾਨ ਦੇ ਦੇਣ। ਉਹ ਸੋਚ ਰਹੇ ਹਨ ਮੈਂ ਛੁੱਟੀਆਂ 'ਤੇ ਹਾਂ।"
ਇਹ ਸ਼ਬਦ ਹਨ ਵੀਰੇਸ਼ ( ਬਦਲਿਆ ਹੋਇਆ ਨਾਂ) ਦੇ ਜੋ ਉਨ੍ਹਾਂ ਵਿਦਿਆਰਥੀਆਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਅਮਰੀਕਾ ਦੀ ਫਰਜ਼ੀ ਯੂਨੀਵਰਸਿਟੀ ਵਿੱਚ ਦਾਖਲਾ ਲਿਆ ਸੀ।
ਇਹ ਦੱਸਿਆ ਗਿਆ ਸੀ ਕਿ ਯੂਨੀਵਰਸਿਟੀ ਆਫ ਫਾਰਮਿੰਗਟਨ ਮਿਸ਼ੀਗਨ ਸੂਬੇ ਵਿੱਚ ਹੈ। ਪਰ ਇਸ ਯੂਨੀਵਰਸਿਟੀ ਨੂੰ ਅਮਰੀਕੀ ਮੰਤਰਾਲੇ ਦੇ ਅੰਡਰ ਕਵਰ ਏਜੰਟ ਚਲਾ ਰਹੇ ਸਨ।
ਉਨ੍ਹਾਂ ਦਾ ਮਕਸਦ ਰੁਕਣ ਵਾਸਤੇ ਕੀਮਤ ਅਦਾ ਕਰਨ ਵਾਲੇ ਫਰਜ਼ੀਵਾੜੇ ਦਾ ਪਰਦਾਫਾਸ਼ ਕਰਨਾ ਸੀ। ਸਰਕਾਰੀ ਪੱਖ ਦਾ ਕਹਿਣਾ ਹੈ ਕਿ ਇਸ ਪ੍ਰੋਗਰਾਮ ਤਹਿਤ ਦਾਖਲਾ ਲੈਣ ਵਾਲੇ ਜਾਣਦੇ ਸਨ ਕਿ ਇਹ ਪ੍ਰੋਗਰਾਮ ਗ਼ੈਰ-ਕਾਨੂੰਨੀ ਹੈ।
ਇਹ ਵੀ ਪੜ੍ਹੋ:
ਯੂਐੱਸ ਇਮੀਗਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਵਿਭਾਗ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਫਰਜ਼ੀ ਯੂਨੀਵਰਸਿਟੀ ਦੇ 600 ਵਿਦਿਆਰਥੀਆਂ ਵਿੱਚੋਂ 130 ਵਿਦਿਆਰਥੀਆਂ ਨੂੰ ਪਿਛਲੇ ਹਫਤੇ ਹਿਰਾਸਤ ਵਿੱਚ ਲਿਆ ਗਿਆ ਸੀ।
ਇਨ੍ਹਾਂ ਵਿੱਚੋਂ 129 ਭਾਰਤੀ ਵਿਦਿਆਰਥੀ ਸਨ। ਭਾਵੇਂ ਭਾਰਤ ਸਰਕਾਰ ਦਾ ਕਹਿਣਾ ਹੈ ਕਿ ਵਿਦਿਆਰਥੀ ਧੋਖਾਧੜੀ ਦਾ ਸ਼ਿਕਾਰ ਹੋ ਸਕਦੇ ਹਨ।
ਸ਼ਨੀਵਾਰ ਨੂੰ ਭਾਰਤੀ ਵਿਦੇਸ਼ ਮੰਤਰਾਲੇ ਨੇ ਅਮਰੀਕੀ ਰਾਜਦੂਤ ਕੋਲ ਆਪਣਾ ਰੋਸ ਪ੍ਰਗਟ ਕੀਤਾ ਸੀ। ਭਾਰਤ ਨੇ ਹਿਰਾਸਤ ਵਿੱਚ ਲਏ ਗਏ ਵਿਦਿਆਰਥੀਆਂ ਨਾਲ ਸੰਪਰਕ ਕਰਵਾਉਣ ਦੀ ਮੰਗ ਕੀਤੀ ਗਈ ਸੀ।
ਮਾਪਿਆਂ ਤੋਂ ਲੁਕਾਈ ਹਕੀਕਤ
ਵੀਰੇਸ਼ ਉਨ੍ਹਾਂ ਵਿਦਿਆਰਥੀਆਂ ਵਿੱਚੋਂ ਹੈ ਜਿਸਦੀ ਦੀ ਗ੍ਰਿਫ਼ਤਾਰੀ ਨਹੀਂ ਹੋਈ ਸੀ। ਉਹ 4 ਫਰਵਰੀ ਨੂੰ ਭਾਰਤ ਵਾਪਸ ਆ ਗਿਆ ਸੀ।
ਫਿਲਹਾਲ ਉਹ ਹੈਦਰਾਬਾਦ ਵਿੱਚ ਹੈ। ਉਸ ਨੇ ਬੀਬੀਸੀ ਤੇਲੁਗੂ ਨਾਲ ਫੋਨ 'ਤੇ ਗੱਲਬਾਤ ਕੀਤੀ। ਉਹ ਆਪਣੀ ਪਛਾਣ ਲੁਕਾਉਣਾ ਚਾਹੁੰਦਾ ਸੀ।
30 ਸਾਲਾ ਵੀਰੇਸ਼ ਤੇਲੰਗਾਨਾ ਦਾ ਰਹਿਣ ਵਾਲਾ ਹੈ। ਉਹ ਆਪਣੇ ਪਰਿਵਾਰ ਦਾ ਪਹਿਲਾ ਜੀਅ ਹੈ ਜੋ ਅਮਰੀਕਾ ਗਿਆ ਹੈ।
ਉਸ ਨੇ ਦੱਸਿਆ ਕਿ ਉਸ ਨੇ ਆਪਣੇ ਮਾਪਿਆਂ ਨੂੰ ਆਪਣੀ ਵਾਪਸੀ ਬਾਰੇ ਝੂਠ ਬੋਲਿਆ ਹੈ। ਵੀਰੇਸ਼ ਵਿੱਚ ਹਿੰਮਤ ਨਹੀਂ ਸੀ ਕਿ ਉਹ ਸੱਚਾਈ ਬਾਰੇ ਮਾਪਿਆਂ ਨੂੰ ਦੱਸ ਸਕੇ।
ਉਸ ਨੇ ਕਿਹਾ, "ਮੈਂ ਉਨ੍ਹਾਂ ਨੂੰ ਕਿਹਾ ਹੈ ਕਿ ਮੈਨੂੰ H-1 ਵੀਜ਼ਾ ਮਿਲਿਆ ਸੀ ਇਸ ਲਈ ਮੈਂ ਵਾਪਸ ਆਇਆ ਹਾਂ।"
"ਪਰ ਸੱਚਾਈ ਇਹ ਹੈ ਕਿ ਮੇਰੇ 'ਤੇ 10 ਲੱਖ ਰੁਪਏ ਦਾ ਕਰਜ਼ ਹੈ ਜੋ ਮੈਂ ਆਪਣੀ ਮਾਸਟਰ ਡਿਗਰੀ ਲਈ ਲਿਆ ਸੀ।"
"ਹੁਣ ਨਾ ਮੇਰੇ ਕੋਲ ਮਾਸਟਰ ਡਿਗਰੀ ਹੈ ਅਤੇ ਨਾਂ ਹੀ ਭਵਿੱਖ ਨਜ਼ਰ ਆ ਰਿਹਾ ਹੈ। ਮੇਰੇ ਸੋਚਣ ਦੀ ਸ਼ਕਤੀ ਵੀ ਖ਼ਤਮ ਹੋ ਚੁੱਕੀ ਹੈ ਕਿਉਂਕਿ ਮੈਂ ਅਗਲੇ 6 ਮਹੀਨਿਆਂ ਵਿੱਚ ਲੋਨ ਵਾਪਿਸ ਕਰਨਾ ਹੈ।"
ਇਹ ਵੀ ਪੜ੍ਹੋ
‘ਸੁਪਨਿਆਂ ਲਈ ਗਿਆ ਸੀ ਅਮਰੀਕਾ’
ਵੀਰੇਸ਼ ਅਨੁਸਾਰ 2013 ਵਿੱਚ ਉਸ ਨੇ ਹੈਦਰਾਬਾਦ ਤੋਂ ਇੰਜੀਨੀਅਰਿੰਗ ਕੀਤੀ ਸੀ।
2014 ਵਿੱਚ ਉਹ ਕੈਲੀਫੋਰਨੀਆ ਦੀ ਨੌਰਥਵੈਸਟਰਨ ਪੌਲੀਟੈਕਨੀਕ ਯੂਨੀਵਰਸਿਟੀ ਤੋਂ ਮਾਸਟਰਜ਼ ਡਿਗਰੀ ਕਰਨ ਅਮਰੀਕਾ ਗਿਆ ਸੀ।
ਵੀਰੇਸ਼ ਨੇ ਦੱਸਿਆ, "ਮੈਂ ਅਮਰੀਕਾ ਤੋਂ ਮਾਸਟਰਜ਼ ਡਿਗਰੀ ਕਰਨਾ ਚਾਹੁੰਦਾ ਸੀ। ਮੈਂ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਹਾਂ। ਸਾਡੇ ਨਾਂ 'ਤੇ ਕੋਈ ਜ਼ਮੀਨ ਜਾਂ ਘਰ ਨਹੀਂ ਹੈ।"
"ਮੈਂ ਕੁਝ ਸਾਲਾਂ ਲਈ ਅਮਰੀਕਾ ਜਾਣਾ ਚਾਹੁੰਦਾ ਸੀ ਤਾਂ ਜੋ ਕੁਝ ਪੈਸਾ ਕਮਾ ਕੇ ਆਪਣੇ ਪਰਿਵਾਰ ਲਈ ਭਾਰਤ ਵਿੱਚ ਘਰ ਲੈ ਸਕਾਂ।"
ਮਈ 2016 ਵਿੱਚ ਵੀਰੇਸ਼ ਦੀ ਯੂਨੀਵਰਸਿਟੀ ਦੀ ਸਾਈਂਸ, ਟੈਕਨੌਲਜੀ, ਇੰਜੀਨੀਅਰਿੰਗ ਅਤੇ ਮੈਥੇਮੈਟਿਕਸ ਪੜ੍ਹਾਉਣ ਦੀ ਮਾਨਤਾ ਰੱਦ ਹੋ ਗਈ।
ਵੀਰੇਸ਼ ਕਿਸੇ ਹੋਰ ਕਾਲਜ ਤੋਂ ਆਪਣੀ ਮਾਸਟਰ ਡਿਗਰੀ ਪੂਰੀ ਕਰਨਾ ਚਾਹੁੰਦਾ ਸੀ।
ਵੀਰੇਸ਼ ਨੇ ਦੱਸਿਆ, "ਮੈਂ ਠੇਕੇਦਾਰ ਵਜੋਂ ਕੰਮ ਕਰ ਰਿਹਾ ਸੀ। ਮੈਂ ਹਰ ਮਹੀਨੇ 4,000 ਡਾਲਰ ਕਮਾ ਲੈਂਦਾ ਸੀ। ਮੇਰੇ ਮਹੀਨੇ ਦਾ ਖਰਚ 1500 ਡਾਲਰ ਸੀ।"
"ਮੈਨੂੰ ਮੇਰੇ ਇੱਕ ਦੋਸਤ ਨੇ ਫਾਰਮਿੰਗਟਨ ਯੂਨੀਵਰਸਿਟੀ ਬਾਰੇ ਦੱਸਿਆ। ਮੈਂ ਇੱਕ ਏਜੰਟ ਰਾਹੀਂ ਉਸ ਯੂਨੀਵਰਸਿਟੀ ਵਿੱਚ ਦਾਖਿਲਾ ਲੈ ਲਿਆ। ਮੇਰੇ ਕੋਲ ਹੋਰ ਕੋਈ ਰਾਹ ਨਹੀਂ ਸੀ।"
"ਮੈਂ ਕੰਮ ਵੀ ਕਰਨਾ ਚਾਹੁੰਦਾ ਸੀ ਅਤੇ ਆਪਣੀ ਪੜ੍ਹਾਈ ਵੀ ਪੂਰੀ ਕਰਨਾ ਚਾਹੁੰਦਾ ਸੀ ਇਸ ਲਈ ਮੈਨੂੰ ਦਾਖਲਾ ਲੈਣਾ ਹੀ ਪੈਣਾ ਸੀ।"
‘ਪਹਿਲਾਂ ਅਫਵਾਹ ਲੱਗੀ ਸੀ’
ਵੀਰੇਸ਼ ਨੇ ਦੱਸਿਆ ਕਿ ਉਸ ਨੇ ਕਾਲਜ ਤੋਂ ਕਲਾਸਾਂ ਬਾਰੇ ਪਤਾ ਵੀ ਕੀਤਾ ਪਰ ਉਸ ਨੂੰ ਕੋਈ ਜਵਾਬ ਨਹੀਂ ਮਿਲਿਆ।
ਉਸੇ ਵਿਚਾਲੇ ਵੀਰੇਸ਼ ਨੇ 2017 ਵਿੱਚ H-1 ਵੀਜ਼ਾ ਲਈ ਅਰਜ਼ੀ ਪਾ ਦਿੱਤੀ।
ਉਸ ਦੀ ਲੌਟਰੀ ਸਿਸਟਮ ਜ਼ਰੀਏ ਚੋਣ ਹੋ ਗਈ ਪਰ ਹੋਰ ਕਾਗਜ਼ੀ ਕਾਰਵਾਈ ਲਈ ਉਸ ਦਾ ਕੇਸ ਪੈਂਡਿੰਗ ਹੋ ਗਿਆ।
29 ਜਨਵਰੀ 2019 ਵਿੱਚ ਜਦੋਂ ਵੀਰੇਸ਼ ਨੇ ਆਨਲਾਈਨ ਆਪਣੀ ਵੀਜ਼ਾ ਲਈ ਪਾਈ ਅਰਜ਼ੀ ਚੈੱਕ ਕੀਤੀ ਤਾਂ ਪਤਾ ਲਗਿਆ ਕਿ ਉਸ ਦਾ ਵੀਜ਼ਾ ਨਾਮਨਜ਼ੂਰ ਹੋ ਗਿਆ ਸੀ।
30 ਜਨਵਰੀ ਨੂੰ ਵੀਰੇਸ਼ ਕੈਲੀਫੋਰਨੀਆ ਵਿੱਚ ਸੀ ਜਦੋਂ ਉਸ ਨੂੰ ਗ੍ਰਿਫ਼ਤਾਰੀ ਬਾਰੇ ਜਾਣਕਾਰੀ ਮਿਲੀ।
ਵੀਰੇਸ਼ ਨੇ ਦੱਸਿਆ, "ਮੈਂ ਨਹੀਂ ਜਾਣਦਾ ਸੀ ਕਿਸ 'ਤੇ ਵਿਸ਼ਵਾਸ ਕਰਾਂ। ਬਹੁਤ ਘਬਰਾਹਟ ਸੀ। ਪਹਿਲਾਂ ਮੈਨੂੰ ਲੱਗਿਆ ਕਿ ਇਹ ਕੋਈ ਅਫਵਾਹ ਹੈ। ਇੱਕ ਦਿਨ ਬਾਅਦ ਸਾਨੂੰ ਜਾਣਕਾਰੀ ਮਿਲਣੀ ਸ਼ੁਰੂ ਹੋਈ।"
ਵੀਰੇਸ਼ ਨੇ ਦੱਸਿਆ ਕਿ ਉਸ ਨੂੰ ਭਾਰਤ ਵਾਪਸ ਆਉਣ ਲਈ ਆਪਣੇ ਦੋਸਤ ਤੋਂ ਪੈਸੇ ਉਧਾਰ ਲੈਣੇ ਪਏ ਸਨ।
ਉਸ ਨੇ ਦੱਸਿਆ, "ਮੈਂ ਇੱਕ ਫਰਵਰੀ ਲਈ ਟਿਕਟ ਵੇਖ ਰਿਹਾ ਸੀ ਪਰ ਭਾਰਤ ਜਾਣ ਵਾਲੀਆਂ ਸਾਰੀਆਂ ਫਲਾਈਟਾਂ ਦੀਆਂ ਟਿਕਟਾਂ ਬੁੱਕ ਸਨ। ਟਿਕਟਾਂ ਦੀਆਂ ਕੀਮਤਾਂ ਵੀ ਕਾਫ਼ੀ ਸਨ।"
"ਆਖਿਰ ਮੈਂ ਟਿਕਟ ਖਰੀਦ ਹੀ ਲਈ ਅਤੇ ਭਾਰਤ ਵਾਪਸ ਆਇਆ। ਉਸ ਵੇਲੇ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੇਰੇ ਭਵਿੱਖ ਕੀ ਹੋਵੇਗਾ।"
ਇਹ ਵੀ ਪੜ੍ਹੋ:
ਵੀਰੇਸ਼ ਨੇ ਦੱਸਿਆ, " ਮੈਂ ਲੋਨ ਵਿੱਚੋਂ 9 ਲੱਖ ਰੁਪਏ ਅਦਾ ਕਰ ਚੁੱਕਾਂ ਹਾਂ। ਪਰ ਅਜੇ ਵੀ ਮੇਰੇ ਸਿਰ 'ਤੇ 6 ਲੱਖ ਰੁਪਏ ਮੂਲ ਅਤੇ 4 ਲੱਖ ਰੁਪਏ ਬਿਆਜ਼ ਦਾ ਕਰਜ਼ ਹੈ।"
"ਮੈਨੂੰ ਇਹ ਕਰਜ਼ ਅਗਲੇ 6 ਮਹੀਨੇ ਵਿੱਚ ਅਦਾ ਕਰਨਾ ਹੈ। ਮੈਂ ਇੱਕ ਨੌਕਰੀ ਦੀ ਤਲਾਸ਼ ਕਰ ਰਿਹਾ ਹਾਂ ਅਤੇ ਉਮੀਦ ਹੈ ਕਿ ਜਲਦ ਹੀ ਮੈਨੂੰ ਉਹ ਮਿਲ ਜਾਵੇਗੀ।"
ਆਂਧਰ ਪ੍ਰਦੇਸ਼ ਵਿੱਚ ਅਮਰੀਕਾ ਭੇਜਣਾ ਮਾਣ ਵਾਲੀ ਗੱਲ ਮੰਨੀ ਜਾਂਦੀ ਹੈ। ਹਰ ਪਰਿਵਾਰ ਆਪਣਾ ਘੱਟੋ-ਘੱਟ ਇੱਕ ਜੀਅ ਅਮਰੀਕਾ ਭੇਜਣਾ ਚਾਹੁੰਦਾ ਹੈ।
ਕਿਉਂ ਫਸੇ ਵਿਦਿਆਰਥੀ?
ਇਹ ਸਭ ਕੁਝ ਹੋਣ ਦੇ ਬਾਵਜੂਦ ਵੀਰੇਸ਼ ਮੁੜ ਤੋਂ ਅਮਰੀਕਾ ਜਾਣਾ ਚਾਹੁੰਦਾ ਹੈ।
ਉਸ ਨੇ ਦੱਸਿਆ, "ਆਪਣਾ ਸੁਪਨਿਆਂ ਦਾ ਘਰ ਲੈਣ ਲਈ ਮੈਂ ਕੁਝ ਸਾਲਾਂ ਲਈ ਅਮਰੀਕਾ ਜਾਣਾ ਚਾਹੁੰਦਾ ਹਾਂ। ਮੈਂ ਇਸ ਬਾਰੇ ਜਾਣਕਾਰੀ ਇਕੱਠਾ ਕਰ ਰਿਹਾ ਹਾਂ ਕਿ ਮੈਂ ਕਿਵੇਂ ਅਗਲੇ ਸਾਲ ਅਮਰੀਕਾ ਜਾ ਸਕਦਾ ਹਾਂ।"
ਅਮਰੀਕਨ ਤੇਲੰਗਾਨਾ ਐਸੋਸੀਏਸ਼ਨ ਦੇ ਡਾਇਰੈਕਟਰ ਵੈਂਕਟ ਮੈਂਥੇਨਾ ਨੇ ਬੀਬੀਸੀ ਨਾਲ ਫੋਨ 'ਤੇ ਗੱਲਬਾਤ ਕੀਤੀ।
ਵੈਂਕਟ ਨੇ ਦੱਸਿਆ ਕਿ ਆਖਿਰ ਕਿਉਂ ਜ਼ਿਆਦਾਤਰ ਵਿਦਿਆਰਥੀ ਇਸ ਪ੍ਰੋਗਰਾਮ ਨੂੰ ਚੁਣਨਾ ਚਾਹੁੰਦੇ ਹਨ।
ਉਨ੍ਹਾਂ ਨੇ ਦੱਸਿਆ, "ਸੀਪੀਟੀ ਪ੍ਰੋਗਰਾਮ ਤਹਿਤ ਤੁਹਾਨੂੰ ਕੁਝ ਕਾਲਜਾਂ ਵਿੱਚ ਦਾਖਲਾ ਲੈਣ ਦੇ ਪਹਿਲੇ ਦਿਨ ਤੋਂ ਹੀ ਕੰਮ ਕਰਨ ਦੀ ਇਜਾਜ਼ਤ ਮਿਲ ਜਾਂਦੀ ਹੈ।"
"ਪਰ ਉਨ੍ਹਾਂ ਕੋਰਸਾਂ ਵਾਲੇ ਵਿਦਿਆਰਥੀ ਹੀ ਕੰਮ ਕਰ ਸਕਦੇ ਹਨ ਜਿਨ੍ਹਾਂ ਵਿੱਚ ਆਫ ਕੈਂਪਸ ਕੰਮ ਕਰਨ ਦੀ ਲੋੜ ਹੁੰਦੀ ਹੈ।"
"ਹਾਲਾਂਕਿ 9 ਅਗਸਤ 2018 ਨੂੰ ਜਾਰੀ ਮੈਮੋ ਵਿੱਚ ਇਹ ਸਾਫ਼ ਲਿਖਿਆ ਸੀ ਕਿ ਜੇ ਕੋਈ ਵਿਦਿਆਰਥੀ ਦੂਜੀ ਮਾਸਟਰ ਡਿਗਰੀ ਵਿੱਚ ਦਾਖਲਾ ਲੈਂਦਾ ਹੈ ਤਾਂ ਉਹ ਸੀਪੀਟੀ ਲਈ ਅਪਲਾਈ ਨਹੀਂ ਕਰ ਸਕਦਾ ਹੈ।"
"99 ਫੀਸਦ ਵਿਦਿਆਰਥੀਆਂ ਨੇ ਇਹੀ ਗਲਤੀ ਕੀਤੀ। ਹੁਣ ਅਮਰੀਕੀ ਸਰਕਾਰ ਵੱਲੋਂ ਉਨ੍ਹਾਂ ਨੂੰ 180 ਦਿਨਾਂ ਵਿੱਚ ਅਮਰੀਕਾ ਛੱਡਣ ਲਈ ਕਿਹਾ ਹੈ।"
"ਜੇ ਉਹ ਦੇਸ ਨਹੀਂ ਛੱਡਦੇ ਹਨ ਤਾਂ ਉਨ੍ਹਾਂ 'ਤੇ ਤਿੰਨ ਸਾਲਾਂ ਲਈ ਮੁੜ ਤੋਂ ਅਮਰੀਕਾ ਆਉਣ 'ਤੇ ਰੋਕ ਲਗਾ ਦਿੱਤੀ ਜਾਵੇਗੀ।"
ਵਿਦਿਆਰਥੀਆਂ ’ਤੇ ਕੀ ਹਨ ਇਲਜ਼ਾਮ?
ਫਿਲਹਾਲ 600 ਵਿਦਿਆਰਥੀਆਂ ਵਿੱਚੋਂ 180 ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਉਨ੍ਹਾਂ ਵਿੱਚੋਂ 8 ਵਿਅਕਤੀਆਂ ਨੂੰ ਛੱਡ ਕੇ ਸਾਰਿਆਂ 'ਤੇ ਇਮੀਗ੍ਰੇਸ਼ਨ ਦੇ ਫਰਜ਼ੀਵਾੜੇ ਦੇ ਇਲਜ਼ਾਮ ਲਾਏ ਗਏ ਹਨ।
8 ਵਿਅਕਤੀਆਂ ਦੀ ਏਜੰਟਾਂ ਵਜੋਂ ਪਛਾਣ ਕੀਤੀ ਗਈ ਹੈ ਅਤੇ ਉਨ੍ਹਾਂ 'ਤੇ ਅਪਰਾਧਿਕ ਮਾਮਲੇ ਦਰਜ ਕੀਤੇ ਗਏ ਹਨ।
ਕੈਲੀਫੋਰਨੀਆ ਦੀ ਇਮੀਗ੍ਰੇਸ਼ਨ ਐਟੌਰਨੀ ਅਨੂੰ ਪੇਸ਼ਾਵਰੀਆ ਦਾ ਕਹਿਣਾ ਹੈ ਕਿ ਅਮਰੀਕੀ ਸਰਕਾਰ ਦੇ ਇਸ ਆਪ੍ਰੇਸ਼ਨ ਦੇ ਸੈਂਕੜੇ ਭਾਰਤੀ ਵਿਦਿਆਰਥੀਆਂ ਨੂੰ ਨਤੀਜੇ ਭੁਗਤਣੇ ਪੈਣਗੇ।
ਉਨ੍ਹਾਂ ਕਿਹਾ, "ਅਸੀਂ ਇਹ ਨਹੀਂ ਕਹਿ ਰਹੇ ਕਿ ਵਿਦਿਆਰਥੀਆਂ ਦੀ ਕੋਈ ਗਲਤੀ ਨਹੀਂ ਹੈ। ਉਨ੍ਹਾਂ ਨੂੰ ਆਪਣੀ ਸਾਰੀ ਤਸਦੀਕ ਜਾਣ ਤੋਂ ਪਹਿਲਾਂ ਕਰਨੀ ਚਾਹੀਦੀ ਸੀ।"
"ਜੇ ਉਨ੍ਹਾਂ ਨੇ ਜਾਣਬੁੱਝ ਕੇ ਅਪਰਾਧ ਕੀਤਾ ਹੈ ਤਾਂ ਉਨ੍ਹਾਂ ਨੂੰ ਸਜ਼ਾ ਵੀ ਮਿਲਣੀ ਚਾਹੀਦੀ ਹੈ।"
"ਪਰ ਜੇ ਉਨ੍ਹਾਂ ਨੂੰ ਫਸਾਇਆ ਗਿਆ ਹੈ ਜਾਂ ਅਪਰਾਧ ਕਰਨ ਲਈ ਉਕਸਾਇਆ ਗਿਆ ਹੈ ਤਾਂ ਸਾਨੂੰ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ।"
ਇਹ ਵੀ ਪੜ੍ਹੋ:
ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: