ਯੂਨੀਵਰਸਿਟੀ ’ਚ ਪ੍ਰੋਫੈਸਰ ਬੋਲੀ, ‘ਮਾਂ ਬੋਲੀ ਵਿੱਚ ਬੋਲਣ ਦੇ ਨਤੀਜੇ ਭੁਗਤਣੇ ਪੈਣੇ’

    • ਲੇਖਕ, ਹੈਲੀਅਰ ਚਿਊਂਆਂਗ
    • ਰੋਲ, ਬੀਬੀਸੀ ਨਿਊਜ਼

ਅਮਰੀਕਾ ਦੀ ਇੱਕ ਯੂਨੀਵਰਸਿਟੀ ਨੇ ਆਪਣੀ ਇੱਕ ਅਸਿਸਟੈਂਟ ਪ੍ਰੋਫੈਸਰ ਨੂੰ ਉਸ ਦੀ ਇੱਕ ਈ-ਮੇਲ ਕਾਰਨ ਵਿਵਾਦ ਖੜ੍ਹਾ ਹੋਣ ਮਗਰੋਂ ਆਪਣੇ ਗਰੈਜੂਏਟ ਪ੍ਰੋਗਰਾਮ ਦੇ ਨਿਰਦੇਸ਼ਕ ਦੇ ਅਹੁਦੇ ਤੋਂ ਹਟਾ ਦਿੱਤਾ ਹੈ।

ਈ-ਮੇਲ ਵਿੱਚ ਪ੍ਰੋਫੈਸਰ ਨੇ ਵਿਦੇਸ਼ੀ ਵਿਦਿਆਰਥੀਆਂ ਨੂੰ ਲਿਖਿਆ ਸੀ ਕਿ ਉਹ ਸੰਸਥਾ ਦੇ ਅੰਦਰ ਚੀਨੀ ਭਾਸ਼ਾ ਨਾ ਬੋਲਣ ਤੇ ਸੌ ਫੀਸਦੀ ਅੰਗਰੇਜ਼ੀ ਦੀ ਵਰਤੋਂ ਕਰਨ ਨਹੀਂ ਤਾਂ ਉਨ੍ਹਾਂ ਦਾ ਹਰਜਾ ਹੋ ਸਕਦਾ ਹੈ।

ਅਮਰੀਕਾ ਦੇ ਸਾਊਥ ਕੈਰੋਲਾਈਨਾ ਸੂਬੇ ਵਿੱਚ ਸਥਿੱਤ ਡਿਊਕ ਯੂਨੀਵਰਸਿਟੀ ਦੀ ਅਸਿਸਟੈਂਟ ਪ੍ਰੋਫੈਸਰ ਮੇਗਨ ਨੀਲੇ ਨੇ ਇੱਕ ਈ-ਮੇਲ ਵਿੱਚ ਵਿਦਿਆਰਥੀਆਂ ਨੂੰ ਕਿਹਾ ਕਿ ਬਾਇਆ ਸਟੈਟਿਸਟਿਕਸ ਦੇ ਦੋ ਫੈਕਲਟੀ ਮੈਂਬਰਾਂ ਨੇ ਉਨ੍ਹਾਂ ਕੋਲ ਸ਼ਿਕਾਇਤ ਕੀਤੀ ਹੈ ਕਿ ਵਿਭਾਗ ਵਿੱਚ ਕੁਝ ਵਿਦਿਆਰਥੀ ਚੀਨੀ ਭਾਸ਼ਾ ਬੋਲ ਰਹੇ ਸਨ।

ਚੀਨੀ ਸੋਸ਼ਲ ਮੀਡੀਆ ਅਤੇ ਟਵਿੱਟਰ ’ਤੇ ਵਾਇਰਲ ਹੋਏ ਉਸ ਈ-ਮੇਲ ਦੀ ਸਕ੍ਰੀਨ ਸ਼ਾਟਸ ਵਿੱਚ ਪ੍ਰੋਫੈਸਰ ਨੇ ਵਿਦਿਆਰਥੀਆਂ ਨੰ ਕਿਹਾ ਕਿ ਵਿਦੇਸ਼ੀ ਵਿਦਿਆਰਥੀਆਂ ਲਈ ਅੰਗਰੇਜ਼ੀ ਨਾ ਬੋਲਣ ਦੇ ਮਾੜੇ ਨਤੀਜੇ ਨਿਕਲ ਸਕਦੇ ਹਨ।

ਇਹ ਵੀ ਪੜ੍ਹੋ:

ਜਿੱਥੇ ਕਈ ਲੋਕਾਂ ਨੇ ਉਨ੍ਹਾਂ ਦੀ ਇਸ ਈ-ਮੇਲ ਨੂੰ ਨਸਲਵਾਦੀ ਅਤੇ ਗ਼ੈਰ - ਸੰਵੇਦਨਸ਼ੀਲ ਦੱਸਿਆ ਹੈ ਤਾਂ ਕੁਝ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਨੀਲ ਬਹੁਤ ਹੀ ਮਦਦਗਾਰ ਅਧਿਆਪਕ ਹਨ ਅਤੇ ਨਸਲਵਾਦੀ ਤਾਂ ਬਿਲਕੁਲ ਵੀ ਨਹੀਂ ਹਨ।

ਅਸਲ ਵਿੱਚ ਕੀ ਹੋਇਆ?

ਹਫ਼ਤੇ ਦੇ ਅੰਤ ਵਿੱਚ ਪ੍ਰੋਫੈਸਰ ਨੀਲ ਦੀ ਵਿਦੇਸ਼ੀ ਵਿਦਿਆਰਥੀਆਂ ਨੂੰ ਲਿਖੀ ਉਪਰੋਕਤ ਈ-ਮੇਲ ਵਿਦਿਆਰਥੀਆਂ ਵਿੱਚ ਫੈਲਣ ਮਗਰੋਂ ਵਿਵਾਦ ਖੜ੍ਹਾ ਹੋ ਗਿਆ। ਯੂਨੀਵਰਸਿਟੀ ਨੇ ਪੁਸ਼ਟੀ ਕੀਤੀ ਕਿ ਸਾਂਝੇ ਕੀਤੇ ਜਾ ਰਹੇ ਈ-ਮੇਲ ਦੇ ਸਕ੍ਰੀਨਸ਼ਾਟ ਅਸਲੀ ਸਨ।

ਡਾ਼ ਨੀਲ ਨੇ ਈ-ਮੇਲ ਵਿੱਚ ਕਿਹਾ, "ਪਹਿਲੇ ਸਾਲ ਦੇ ਕਈ ਵਿਦਿਆਰਥੀਆਂ ਦੇ ਨਾਮ ਲੈਣ ਤੋਂ ਪਹਿਲਾਂ ਫੈਕਲਟੀ ਮੈਂਬਰਾਂ ਨੇ ਉਨ੍ਹਾਂ ਤੋਂ ਵਿਦਿਆਰਥੀਆਂ ਦੇ ਫੋਟੋਆਂ ਬਾਰੇ ਪੁੱਛਿਆ ਸੀ ਜਿਨ੍ਹਾਂ ਨੂੰ ਕਿ ਉਨ੍ਹਾਂ ਨੇ (ਉਨ੍ਹਾਂ ਦੇ ਕਹੇ ਮੁਤਾਬਕ) ਬਹੁਤ ਉੱਚੀ ਆਵਾਜ਼ ਵਿੱਚ ਚੀਨੀ ਭਾਸ਼ਾ ਬੋਲਦਿਆਂ ਸੁਣਿਆ ਸੀ।"

"ਫੈਕਲਟੀ ਮੈਂਬਰ ਉਨ੍ਹਾਂ ਵਿਦਿਆਰਥੀਆਂ ਦੇ ਨਾਮ ਨੋਟ ਕਰਕੇ ਰੱਖਣਾ ਚਾਹੁੰਦੇ ਸਨ ਤਾਂ ਕਿ ਭਵਿੱਖ ਵਿੱਚ ਜੇ ਇਹ ਬੱਚੇ ਉਨ੍ਹਾਂ ਨਾਲ ਮਾਸਟਰਜ਼ ਦੌਰਾਨ ਕਿਸੇ ਪ੍ਰੋਜੈਕਟ ਜਾਂ ਇੰਟਰਨਸ਼ਿਪ ਲਈ ਕੰਮ ਕਰਨ ਤਾਂ ਉਹ ਉਨ੍ਹਾਂ ਨੂੰ ਪਛਾਣ ਸਕਣ।’’

‘‘ਫੈਕਲਟੀ ਮੈਂਬਰ ਇਸ ਗੱਲੋਂ ਹਤਾਸ਼ ਸਨ ਕਿ ਵਿਦਿਆਰਥੀ ਆਪਣੀ ਅੰਗਰੇਜ਼ੀ ਸੁਧਾਰਨ ਦੇ ਇਸ ਮੌਕੇ ਦਾ ਲਾਭ ਨਹੀਂ ਉਠਾ ਰਹੇ ਅਤੇ ਅਜਿਹੀ ਭਾਸ਼ਾ ਬੋਲ ਰਹੇ ਹਨ ਜੋ ਆਸ-ਪਾਸ ਦੇ ਲੋਕਾਂ ਵਿੱਚੋਂ ਹਰ ਕੋਈ ਸਮਝ ਵੀ ਨਹੀਂ ਸਕਦਾ ਹੈ।"

"ਇਮਾਰਤ ਵਿੱਚ ਚੀਨੀ ਬੋਲਣ ਸਮੇਂ ਕਿਰਪਾ ਕਰਕੇ, ਕਿਰਪਾ ਕਰਕੇ ਇਨ੍ਹਾਂ ਅਣਚਾਹੇ ਨਤੀਜਿਆਂ ਨੂੰ ਧਿਆਨ ਵਿੱਚ ਰੱਖੋ।"

"ਮੈਂ ਵਿਦੇਸ਼ੀ ਭਾਸ਼ਾ ਸਿੱਖਣ ਵਾਲੇ ਵਿਦਿਆਰਥੀਆਂ ਦੀ ਕਦਰ ਕਰਦੀ ਹਾਂ ਪਰ ਮੈਂ ਚਾਹੁੰਦੀ ਹਾਂ ਕਿ ਤੁਸੀਂ ਵਿਭਾਗ ਵਿੱਚ ਹੋਵੋ ਤਾਂ 100 ਫੀਸਦੀ ਅੰਗਰੇਜ਼ੀ ਬੋਲੋ।"

ਵਿਵਾਦਿਤ ਕੀ ਹੈ?

ਇਸ ਈ-ਮੇਲ ਦੀ ਭਾਸ਼ਾ ਬਾਰੇ ਕੁਝ ਲੋਕਾਂ ਦਾ ਮੰਨਣਾ ਹੈ ਕਿ ਉਹ ਹੱਲਾਸ਼ੇਰੀ ਦੇਣ ਵਾਲੀ ਹੈ ਜਦਕਿ ਦੂਸਰਿਆਂ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਨੂੰ ਚੀਨੀ ਬੋਲਣ ਕਾਰਨ ਨਿਸ਼ਾਨਾ ਬਣਾਇਆ ਗਿਆ ਹੈ। ਜੇ ਉਹ ਕੋਈ ਹੋਰ ਵਿਦੇਸ਼ੀ ਭਾਸ਼ਾ ਬੋਲ ਰਹੇ ਹੁੰਦੇ ਤਾਂ ਅਜਿਹਾ ਨਾ ਹੁੰਦਾ।

ਕੁਝ ਲੋਕਾਂ ਲਈ ਉਹ ਫੈਕਲਟੀ ਮੈਂਬਰ ਜ਼ਿਆਦਾ ਵੱਡੀ ਚਿੰਤਾ ਸਨ ਜੋ ਇਨ੍ਹਾਂ ਬੱਚਿਆਂ ਨਾਲ ਭਾਸ਼ਾ ਦੇ ਆਧਾਰ ’ਤੇ ਵਿਤਕਰਾ ਕਰਨ ਨੂੰ ਤਿਆਰ ਸਨ ਅਤੇ ਇਨ੍ਹਾਂ ਦੇ ਨਾਮ ਲਿਖ ਕੇ ਰੱਖਣੇ ਚਾਹੁੰਦੇ ਸਨ।

ਇਹ ਵੀ ਪੜ੍ਹੋ:

ਆਪਣੇ ਆਪ ਨੂੰ ਕਨਸਰਨਡ ਡਿਊਕ ਯੂਨੀਵਰਸਿਟੀ ਸਟੂਡੈਂਟ ਕਹਾਉਣ ਵਾਲੇ ਵਿਦਿਆਰਥੀ ਸਮੂਹ ਨੇ ਇੱਕ ਅਰਜੀ ਵਿੱਚ ਚਿੰਤਾ ਜ਼ਾਹਰ ਕੀਤੀ ਹੈ ਕਿ ਵਿਦੇਸ਼ੀ ਵਿਦਿਆਰਥੀਆਂ ਨੂੰ ਆਪਣੀ ਮਾਂ ਬੋਲੀ ਬੋਲਣ ਦੀ ਸਜ਼ਾ ਅਕਾਦਮਿਕ ਜਾਂ ਰੁਜ਼ਗਾਰ ਵਿੱਚ ਵਿਤਕਰੇ ਨਾਲ ਦਿੱਤੀ ਜਾ ਸਕਦੀ ਹੈ।

ਇਸ ਸਮੂਹ ਨੇ ਬੀਬੀਸੀ ਨੂੰ ਦੱਸਿਆ ਕਿ ਐਤਵਾਰ ਤੱਕ ਉਨ੍ਹਾਂ ਦੀ ਪਟੀਸ਼ਨ ਉੱਪਰ 2000 ਸਾਬਕਾ ਤੇ ਮੌਜੂਦਾ ਵਿਦਿਆਰਥੀਆਂ ਨੇ ਦਸਤਖ਼ਤ ਕਰ ਦਿੱਤੇ ਹਨ।

ਬਾਇਓਸਟੈਟਿਕਸ ਪ੍ਰੋਗਰਾਮ ਦੀ ਨਿਗਰਾਨੀ ਕਰਨ ਵਾਲੇ ਯੂਨੀਵਰਸਿਟੀ ਦੇ ਮੈਡੀਕਲ ਸਕੂਲ (ਵਿਭਾਗ) ਦੀ ਡੀਨ ਨੇ ਕਿਹਾ, ‘‘ਤੁਹਾਡੀ ਜਮਾਤ ਤੋਂ ਬਾਹਰ ਤੁਸੀਂ ਆਪਸ ਵਿੱਚ ਗੱਲਬਾਤ ਕਰਨ ਲਈ ਕਿਹੜੀ ਭਾਸ਼ਾ ਦੀ ਵਰਤੋਂ ਕਰਦੇ ਹੋ ਇਸ 'ਤੇ ਬਿਲਕੁਲ ਵੀ ਕੋਈ ਪਾਬੰਦੀ ਨਹੀਂ ਹੈ।‘‘

‘‘ਤੁਹਾਨੂੰ ਮਿਲਣ ਵਾਲੇ ਕੈਰੀਅਰ ਨਾਲ ਜੁੜੇ ਮੌਕੇ ਅਤੇ ਸਿਫਾਰਿਸ਼ਾਂ ਤੁਹਾਡੇ ਵੱਲੋਂ ਜਮਾਤ ਤੋਂ ਬਾਹਰ ਬੋਲੀ ਗਈ ਭਾਸ਼ਾ ਨਾਲ ਪ੍ਰਭਾਵਿਤ ਨਹੀਂ ਹੋਣਗੇ। ਤੁਹਾਡੀ ਨਿੱਜਤਾ ਦੀ ਰਾਖੀ ਕੀਤੀ ਜਾਵੇਗੀ।"

ਡਾ਼ ਨੀਲ ਜੋ ਕਿ ਫਿਲਹਾਲ ਆਪਣੇ ਅਸਿਸਟੈਂਟ ਪ੍ਰੋਫੈਸਰ ਦੇ ਅਹੁਦੇ 'ਤੇ ਕਾਇਮ ਹਨ, ਨੇ ਇਸ ਵਿਵਾਦ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਹੈ।

ਡਾ਼ ਨੀਲ ਦੇ ਵਿਦਿਆਰਥੀ ਕੀ ਸੋਚਦੇ ਹਨ?

ਐਤਵਾਰ ਦੀ ਰਾਤ ਤੱਕ ਚੀਨੀ ਸੋਸ਼ਲ ਮੀਡੀਆ ਵੀਬੀਓ ਉੱਪਰ "ਡਿਊਕ ਯੂਨੀਵਰਸਿਟੀ ਨੇ ਲਾਈ ਚੀਨੀ ਭਾਸ਼ਾ ਤੇ ਪਾਬੰਦੀ" ਸਭ ਤੋਂ ਵੱਧ ਵਰਤਿਆ ਗਿਆ ਹੈਸ਼ਟੈਗ ਸੀ।

ਜਦਕਿ "ਡਿਊਕ ਯੂਨੀਵਰਸਿਟੀ ਪ੍ਰੋਫੈਸਰ ਜਿਸ ਨੇ ਵਿਦਿਆਰਥੀਆਂ ਦੇ ਚੀਨੀ ਬੋਲਣ ’ਤੇ ਪਾਬੰਦੀ ਲਾਈ" ਨੌਵਾਂ ਸਭ ਤੋਂ ਵੱਧ ਵਰਤਿਆ ਗਿਆ ਹੈਸ਼ਟੈਗ ਸੀ।

ਇੱਕ ਵੀਬੀਓ ਵਰਤਣ ਵਾਲੇ ਨੇ ਇਸ ਗੱਲ ਦਾ ਮਜ਼ਾਕ ਬਣਾਇਆ ਤੇ ਲਿਖਿਆ ਕਿ ਕੀ ਹੁਣ ਅਸੀਂ ਉਨ੍ਹਾਂ ਵਿਦੇਸ਼ੀ ਵਿਦਿਆਰਥੀਆਂ ਤੇ ਪਾਬੰਦੀ ਲਾ ਦੇਈਏ ਜੋ ਚੀਨ ਵਿੱਚ ਰਹਿ ਕੇ ਚੀਨੀ ਸਿੱਖਣ ਦੇ ਮੌਕੇ ਦਾ ਲਾਹਾ ਨਹੀਂ ਲੈਂਦੇ।

ਬੀਬੀਸੀ ਨੂੰ ਤਿੰਨ ਵਿਦਿਆਰਥੀਆਂ ਨੇ ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ ਤੇ ਡਾ਼ ਨੀਲ ਦੀ ਹਮਾਇਤ ਕੀਤੀ।

ਇੱਕ ਚੀਨੀ ਵਿਦਿਆਰਥੀ ਨੇ ਕਿਹਾ, "ਡਾ਼ ਨੀਲ ਬਹੁਤ ਵਧੀਆ ਅਧਿਆਪਕ ਹਨ ਤੇ ਨਸਲਵਾਦੀ ਤਾਂ ਕਤਈ ਨਹੀਂ ਹਨ।"

ਇੱਕ ਹੋਰ ਏਸ਼ੀਅਨ ਵਿਦਿਆਰਥੀ ਨੇ ਕਿਹਾ, ‘‘ਮੇਗਨ ਮੈਨੂੰ ਹੁਣ ਤੱਕ ਮਿਲੇ ਅਧਿਆਪਕਾਂ ਵਿੱਚੋਂ ਸਭ ਤੋਂ ਵਧੀਆ ਅਧਿਆਪਕ ਹਨ... ਉਨ੍ਹਾਂ ਤੋਂ ਭੁੱਲ (ਈ-ਮੇਲ ਵਾਲੀ) ਹੋਈ ਹੈ ਪਰ ਫਿਰ ਵੀ ਸਾਨੂੰ ਪਤਾ ਹੈ ਕਿ ਉਨ੍ਹਾਂ ਦੀ ਮਨਸ਼ਾ ਕੀ ਸੀ ਅਤੇ ਉਨ੍ਹਾਂ ਨੂੰ ਸਾਡੀ ਕਿੰਨੀ ਫਿਕਰ ਹੈ।’’

"ਜਦੋਂ ਕੁਝ ਲੋਕ ਵਿਦੇਸ਼ੀ ਭਾਸ਼ਾ ਵਿੱਚ ਗੱਲ ਕਰਦੇ ਹਨ ਤਾਂ ਆਸਪਾਸ ਵਾਲੇ ਨਿਸ਼ਚਿਤ ਤੌਰ ‘ਤੇ ਹੀ ਪ੍ਰੇਸ਼ਾਨ ਹੁੰਦੇ ਹਨ।"

ਵਿਦਿਆਰਥੀ ਨੇ ਅੱਗੇ ਕਿਹਾ, "ਮੇਰੇ ਕੁਝ ਚੀਨੀ ਦੋਸਤਾਂ ਨੇ ਵੀ ਮੈਨੂੰ ਦੱਸਿਆ ਹੈ ਕਿ ਜੇ ਉਨ੍ਹਾਂ ਨੇ ਡਾ਼ ਮੇਗਨ ਦੀ ਜਨਤਕ ਹਮਾਇਤ ਕੀਤੀ ਤਾਂ ਉਨ੍ਹਾਂ ਨੂੰ ਅਮਰੀਕਾ ਵਿੱਚ ਰਹਿੰਦੇ ਬਾਕੀ ਚੀਨੀ ਵਿਦਿਆਰਥੀਆਂ ਵੱਲੋਂ ਆਪਣੇ ਦੇਸ ਦੇ ਗੱਦਾਰ ਕਿਹਾ ਜਾਵੇਗਾ।"

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

ਫਰਾਟੇਦਾਰ ਪੰਜਾਬੀ ਬੋਲਣ ਵਾਲੇ ਜਾਪਾਨੀ ਪ੍ਰੋਫੈਸਰ ਸਾਹਿਬ ਨੂੰ ਮਿਲੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)