ਟਰੰਪ ਦੇ ਦਾਅਵੇ ਮੁਤਾਬਕ ਕੀ ਆਈਐਸ ਵਾਕਈ ਹਾਰ ਗਿਆ ਹੈ?

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਮੁਤਾਬਕ ਸੀਰੀਆ ਅਤੇ ਇਰਾਕ ਵਿੱਚ ਇਸਲਾਮਿਕ ਸਟੇਟ ਦਾ ਜਿਨ੍ਹਾਂ ਇਲਾਕਿਆਂ ਉੱਤੇ ਕਬਜ਼ਾ ਸੀ ਉਨ੍ਹਾਂ ਨੂੰ ਅਗਲੇ ਹਫ਼ਤੇ ਤੱਕ ਆਈਐਸ ਤੋਂ 100 ਫੀਸਦੀ ਆਜ਼ਾਦ ਕਰਵਾ ਲਿਆ ਜਾਵੇਗਾ।

ਟਰੰਪ ਨੇ ਅਮਰੀਕੀ ਗਠਜੋੜ ਦੇ ਸਹਿਯੋਗੀਆਂ ਨੂੰ ਕਿਹਾ, "ਸੰਭਵ ਹੈ ਕਿ ਅਗਲੇ ਹਫ਼ਤੇ ਕਿਸੇ ਵੇਲੇ ਇਸ ਦਾ ਐਲਾਨ ਕੀਤਾ ਜਾਵੇ ਕਿ ਅਸੀਂ 100 ਫੀਸਦੀ ਖੇਤਰ ਉੱਤੇ ਅਧਿਕਾਰ ਕਰ ਲਿਆ ਹੈ।"

ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਉਹ 'ਅਧਿਕਾਰਤ ਐਲਾਨ ਦੀ ਉਡੀਕ ਕਰਨਾ ਚਾਹੁੰਦੇ ਹਨ।'

ਉਨ੍ਹਾਂ ਨੇ ਕਿਹਾ ਕਿ "ਪਿਛਲੇ ਹਫ਼ਤੇ ਦੋ ਸਾਲਾਂ ਵਿੱਚ ਅਸੀਂ 20 ਹਜ਼ਾਰ ਵਰਗ ਮੀਲ ਜ਼ਮੀਨ ਨੂੰ ਵਾਪਸ ਹਾਸਲ ਕਰ ਲਿਆ ਹੈ। ਅਸੀਂ ਇੱਕ ਜੰਗ ਦਾ ਮੈਦਾਨ ਜਿੱਤ ਲਿਆ ਹੈ ਅਤੇ ਅਸੀਂ ਜਿੱਤ ਤੋਂ ਬਾਅਦ ਜਿੱਤ ਹਾਸਲ ਕੀਤੀ ਹੈ। ਅਸੀਂ ਮੂਸਲ ਅਤੇ ਰੱਕਾ ਦੋਹਾਂ ਤੇ ਅਧਿਕਾਰ ਕਰ ਲਿਆ ਹੈ।"

ਟਰੰਪ ਨੇ ਦੋ ਮਹੀਨੇ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਸੀਰੀਆ ਵਿੱਚ ਜਿਹਾਦੀਆਂ ਨੂੰ ਹਰਾ ਦਿੱਤਾ ਗਿਆ ਹੈ ਅਤੇ ਉੱਥੋਂ ਅਮਰੀਕਾ ਦੀ ਫੌਜ ਨੂੰ ਵਾਪਸ ਬੁਲਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ:

ਵਾਸ਼ਿੰਗਟਨ ਵਿੱਚ ਅਮਰੀਕਾ ਦੀ ਅਗਵਾਈ ਵਾਲੇ ਗਠਜੋੜ ਦੀ ਬੈਠਕ ਵਿੱਚ ਟਰੰਪ ਨੇ ਕਿਹਾ ਕਿ ਸੀਰੀਆ ਵਿੱਚ ਹੁਣ ਆਈਐਸ ਦੇ ਸਿਰਫ਼ ਅਵਸ਼ੇਸ਼ ਹੀ ਬਚੇ ਹਨ।

ਕੀ ਆਈਐਸ ਵਾਕਈ ਹਾਰ ਗਿਆ ਹੈ?

ਆਈਐਸ ਨੇ ਜ਼ਿਆਦਾਤਰ ਇਲਾਕਿਆਂ 'ਤੇ ਕੰਟਰੋਲ ਗਵਾ ਦਿੱਤਾ ਹੈ। ਇਸ ਵਿੱਚ ਆਈਐਸ ਦੇ ਗੜ੍ਹ ਇਰਾਕ ਵਿਚ ਮੂਸਲ ਅਤੇ ਸੀਰੀਆ ਵਿੱਚ ਰੱਕਾ ਵੀ ਸ਼ਾਮਿਲ ਹੈ।

ਹਾਲਾਂਕਿ ਉੱਤਰੀ-ਪੂਰਬੀ ਸੀਰੀਆ ਵਿਚ ਲੜਾਈ ਜਾਰੀ ਹੈ, ਜਿੱਥੇ ਕੁਰਦਾਂ ਦੀ ਅਗਵਾਈ ਵਾਲੀ ਸੀਰੀਅਨ ਡੈਮੋਕਰੇਟਿਕ ਫੋਰਸਿਜ਼ (ਐਸਡੀਐਫ) ਦਾ ਕਹਿਣਾ ਹੈ ਕਿ ਉਨ੍ਹਾਂ ਨੇ ਹਾਲ ਹੀ ਦੇ ਹਫਤਿਆਂ ਵਿੱਚ ਕਈ ਵਿਦੇਸ਼ੀ ਲੜਾਕਿਆਂ ਨੂੰ ਫੜ੍ਹ ਲਿਆ ਹੈ।

ਮੰਗਲਵਾਰ ਨੂੰ ਅਮਰੀਕੀ ਫੌਜ ਦੀ ਸੈਂਟਰਲ ਕਮਾਂਡ ਦੇ ਮੁਖੀ ਜਨਰਲ ਜੋਸੇਫ ਵੋਟਲ ਨੇ ਸੀਨੇਟ ਦੀ ਇਕ ਕਮੇਟੀ ਨੂੰ ਦੱਸਿਆ ਕਿ ਤਕਰੀਬਨ 1500 ਆਈਐਸ ਅੱਤਵਾਦੀ 20 ਵਰਗ ਮੀਲ (52 ਸਕੁਏਰ ਕਿਲੋਮੀਟਰ) ਵਿਚ ਸੀਰੀਆ ਦੀ ਸਰਹੱਦ 'ਤੇ ਇਰਾਕ ਨਾਲ ਮੌਜੂਦ ਹਨ।

ਉਨ੍ਹਾਂ ਨੇ ਕਿਹਾ ਕਿ ਇਸ ਗਰੁੱਪ ਦੇ ਹਾਲੇ ਵੀ "ਆਗੂ, ਲੜਾਕੇ, ਸਹਾਇਕ, ਸਰੋਤ ਅਤੇ ਗਲਤ ਧਾਰਨਾਵਾਂ ਹੋਣ ਕਾਰਨ ਉਨ੍ਹਾਂ ਦੀਆਂ ਕੋਸ਼ਿਸ਼ਾਂ ਵੱਧ ਜਾਂਦੀਆਂ ਹਨ।"

ਇਸ ਦੌਰਾਨ ਅਮਰੀਕੀ ਰੱਖਿਆ ਵਿਭਾਗ ਦੀ ਇੱਕ ਰਿਪੋਰਟ ਵਿੱਚ ਕੇਂਦਰੀ ਕਮਾਂਡ ਦਾ ਹਵਾਲਾ ਦਿੰਦਿਆਂ ਕਿਹਾ ਗਿਆ ਹੈ ਕਿ ਲਗਾਤਾਰ ਦਬਾਅ ਦੇ ਬਿਨਾਂ "ਸੀਰੀਆ ਵਿਚ ਛੇ ਤੋਂ 12 ਮਹੀਨਿਆਂ ਦੇ ਅੰਦਰ-ਅੰਦਰ ਮੁੜ ਸੁਰਜੀਤ ਹੋ ਸਕਦਾ ਹੈ।"

ਇੱਕ ਹੋਰ ਚੁਣੌਤੀ ਹੈ ਕਿ ਐਸਡੀਐਫ਼ ਵੱਲੋਂ ਬੰਦੀ ਬਣਾਏ ਗਏ ਸੈਂਕੜੇ ਵਿਦੇਸ਼ੀ ਲੜਾਕਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਕੀ ਕੀਤਾ ਜਾਵੇ।

ਕੱਟੜਪੰਥੀ ਅੱਤਵਾਦੀਆਂ ਨੂੰ ਉਨ੍ਹਾਂ ਦੇ ਦੇਸਾਂ ਦੀਆਂ ਸਰਕਾਰਾਂ ਨੇ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਜੋ ਇਸਲਾਮੀ ਰਾਜ ਦੇ ਪ੍ਰਤੀ ਵਫ਼ਾਦਾਰ ਹਨ।

ਆਈਐਸ ਖਿਲਾਫ਼ ਜੰਗ ਨੂੰ ਟਰੰਪ ਕਿਵੇਂ ਦੇਖਦੇ ਹਨ?

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਸੀ ਕਿ "ਉਹ ਆਪਣੀ ਜ਼ਮੀਨ ਗਵਾ ਚੁੱਕੇ ਹਨ। ਕਿਸੇ ਨੇ ਨਹੀਂ ਸੋਚਿਆ ਸੀ ਕਿ ਅਸੀਂ ਇਹ ਸਭ ਇੰਨੀ ਜਲਦੀ ਕਰ ਲਵਾਂਗੇ।"

ਹਾਲਾਂਕਿ ਟਰੰਪ ਨੇ ਇਹ ਵੀ ਕਿਹਾ ਕਿ ਹਾਲੇ ਵੀ ਕੁਝ ਛੋਟੇ ਇਲਾਕੇ ਹਨ ਜੋ ਕਾਫ਼ੀ ਖਤਰਨਾਕ ਹੋ ਸਕਦੇ ਹਨ।

ਉਨ੍ਹਾਂ ਨੇ ਕਿਹਾ, "ਆਈਐਸ ਅੱਜ ਬਹੁਤ ਵੱਡੀ ਮੁਸ਼ਕਿਲ ਹੈ ਪਰ ਇੱਕ ਦਿਨ ਅਜਿਹਾ ਆਵੇਗਾ ਕਿ ਸਾਨੂੰ ਇਸ ਬਾਰੇ ਸੋਚਣਾ ਹੀ ਨਹੀਂ ਪਵੇਗਾ।"

ਮੰਗਲਵਾਰ ਨੂੰ ਆਪਣੇ ਸਟੇਟ ਆਫ਼ ਯੂਨੀਅਨ ਸਪੀਚ ਵਿੱਚ ਟਰੰਪ ਨੇ ਕਿਹਾ ਕਿ "ਮਹਾਨ ਦੇਸ ਅੰਤਹੀਣ ਜੰਗ ਨਹੀਂ ਲੜਦੇ।"

ਵਿਦੇਸ਼ ਮੰਤਰੀ ਨੇ ਕੀ ਕਿਹਾ?

ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕਿਹਾ ਕਿ ਸੀਰੀਆ ਤੋਂ ਫੌਜ ਨੂੰ ਵਾਪਸ ਸੱਦਣਾ ਸਿਰਫ਼ 'ਇੱਕ ਵਿਹਾਰਕ ਬਦਲਾਅ ਨਹੀਂ...ਮਿਸ਼ਨ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।'

ਇਹ ਵੀ ਪੜ੍ਹੋ:

ਕਾਨਫਰੰਸ ਵਿੱਚ ਉਨ੍ਹਾਂ ਨੇ ਕਿਹਾ ਕਿ ਫੌਜ ਨੂੰ "ਸੀਰੀਆ ਤੋਂ ਵਾਪਸ ਬੁਲਾ ਲੈਣ ਨਾਲ ਅਮਰੀਕਾ ਦੀ ਲੜਾਈ ਦਾ ਅੰਤ ਨਹੀਂ ਹੋ ਜਾਵੇਗਾ। ਅਸੀਂ ਇਸ ਲੜਾਈ ਵਿੱਚ ਤੁਹਾਡੇ ਨਾਲ ਬਣੇ ਰਹਾਂਗੇ।"

ਉਨ੍ਹਾਂ ਨੇ ਕਿਹਾ ਕਿ ਦੁਨੀਆਂ 'ਜੇਹਾਦ ਦੇ ਵਿਕੇਂਦਰੀਕਰਨ ਦੇ ਯੁੱਗ' ਵਿੱਚ ਦਾਖਿਲ ਹੋਣ ਜਾ ਰਹੀ ਹੈ ਅਤੇ ਅਮਰੀਕਾ ਆਪਣੇ ਸਹਿਯੋਗੀਆਂ ਨੂੰ ਮਦਦ ਲਈ 'ਬਹੁਤ ਜਲਦੀ' ਸੱਦੇਗਾ।

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)