ਬਰਗਾੜੀ ਮੋਰਚੇ ਵਾਲਿਆਂ ਦਾ ਰਾਹ ਖਹਿਰਾ, ਟਕਸਾਲੀਆਂ ਤੋਂ ਵੱਖਰਾ - 5 ਅਹਿਮ ਖਬਰਾਂ

ਬਰਗਾੜੀ ਮੋਰਚਾ ਦੇ ਆਗੂ ਖਹਿਰਾ ਅਤੇ ਟਕਸਾਲੀ ਧੜੇ ਨਾਲ ਨਹੀਂ ਜਾਣਗੇ। ਉਨ੍ਹਾਂ ਨੇ ਆਪਣੇ ਵੱਖਰੇ 4 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।

ਦਿ ਟ੍ਰਿਬਿਊਨ ਮੁਤਾਬਕ ਬਰਗਾੜੀ ਇਨਸਾਫ਼ ਮੋਰਚੇ ਦੀ ਅਗਵਾਈ ਕਰਨ ਵਾਲੇ ਭਾਈ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਉਹ ਲੋਕ ਸਭਾ ਚੋਣਾਂ ਲੜਨਗੇ।

ਉਨ੍ਹਾਂ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਉਹ ਆਪਣੇ ਸੰਘਰਸ਼ ਨੂੰ ਹੁਣ ਅੱਗੇ ਵਧਾਉਂਦੇ ਹੋਏ ਸਿਆਸਤ ਵਿੱਚ ਕਦਮ ਰੱਖ ਰਹੇ ਹਨ ਕਿਉਂਕਿ ਉਹ ਪੰਜਾਬ ਨੂੰ ਕਾਂਗਰਸ ਅਤੇ ਅਕਾਲੀ ਦਲ ਤੋਂ ਮੁਕਤ ਕਰਨਾ ਚਾਹੁੰਦੇ ਹਨ।

ਉਨ੍ਹਾਂ ਨੇ ਇਸ ਦੌਰਾਨ 4 ਲੋਕ ਸਭਾ ਸੀਟਾਂ ਤੋਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਆਨੰਦਪੁਰ ਸਾਹਿਬ ਤੋਂ ਵਿਕਰਮਜੀਤ ਸਿੰਘ ਸੋਢੀ, ਸੰਗਰੂਰ ਤੋਂ ਅਕਾਲੀ ਦਲ ਅੰਮ੍ਰਤਸਿਰ ਦੇ ਮੁਖੀ ਸਿਮਰਨਜੀਤ ਸਿੰਘ ਮਾਨ, ਖਡੂਰ ਸਾਹਿਬ ਤੋਂ ਯੂਨਾਈਟਿਡ ਅਕਾਲੀ ਦਲ ਦੇ ਮੁਖੀ ਮੋਹਕਮ ਸਿੰਘ ਅਤੇ ਬਠਿੰਡਾ ਤੋਂ ਯੂਨਾਈਟਿਡ ਅਕਾਲੀ ਦਲ ਦੇ ਆਗੂ ਗੁਰਦੀਪ ਸਿੰਘ।

ਭਾਈ ਧਿਆਨ ਸਿੰਘ ਮੰਡ ਨੇ ਕਿਹਾ ਕਿ ਇਹ ਸਭ ਉਮੀਦਵਾਰ ਆਪਣੀ-ਆਪਣੀ ਪਾਰਟੀ ਤੋਂ ਹੀ ਲੜਨਗੇ ਪਰ ਬਰਗਾੜੀ ਮੋਰਚੇ ਦੇ ਬੈਨਰ ਹੇਠ।

ਕਰਤਾਰਪੁਰ ਲਾਂਘੇ ਲਈ ਜ਼ਮੀਨ ਐਕੁਆਇਰ 'ਤੇ ਇਤਰਾਜ਼ 26 ਫਰਵਰੀ ਤੱਕ

ਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਕਰਤਾਰਪੁਰ ਲਾਂਘੇ ਲਈ ਡੇਰਾ ਬਾਬਾ ਨਾਨਕ ਵਿੱਚ ਇੰਟਿਗ੍ਰੇਟਿਡ ਚੈੱਕ ਪੋਸਟ ਲਈ ਜ਼ਮੀਨ ਐਕੁਆਇਰ ਕਰਨ ਸਬੰਧੀ ਕਿਸੇ ਨੂੰ ਵੀ ਕੋਈ ਇਤਰਾਜ਼ ਹੈ ਤਾਂ ਉਹ 26 ਫਰਵਰੀ ਤੱਕ ਦਾਇਰ ਕਰ ਸਕਦਾ ਹੈ।

ਇਹ ਵੀ ਪੜ੍ਹੋ:

ਐਨਐਚਏਆਈ ਨੇ ਤਾਜ਼ਾ ਨੋਟਿਸ ਜਾਰੀ ਕਰਦਿਆਂ ਜ਼ਮੀਨ ਮਾਲਿਕਾਂ ਨੂੰ 26 ਫਰਵਰੀ ਤੱਕ ਦਾ ਸਮਾਂ ਦਿੱਤਾ ਹੈ।

ਡੇਰਾ ਬਾਬਾ ਨਾਨਕ ਵਿੱਚ ਇੰਟਿਗ੍ਰੇਟਿਡ ਚੈੱਕ ਪੋਸਟ ਅਤੇ ਸੜਕਾਂ ਦੀ ਉਸਾਰੀ ਲਈ ਐਨਐਚਏਆਈ ਨੇ 45 ਹੈਕਟੇਅਰ ਜ਼ਮੀਨ ਐਕੁਇਰ ਕਰਨੀ ਹੈ। ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਸੜਕਾਂ ਬਣਵਾਉਣ ਲਈ ਕੀਤੀ ਗਈ ਹੈ ਉਹ 13 ਫਰਵਰੀ ਤੱਕ ਇਤਰਾਜ਼ ਜ਼ਾਹਿਰ ਕਰ ਸਕਦੇ ਹਨ।

ਇਨਕਮ ਟੈਕਸ ਰਿਟਰਨ ਭਰਨ ਪੈਨ ਨਾਲ ਆਧਾਰ ਲਾਜ਼ਮੀ

ਟਾਈਮਜ਼ ਆਫ਼ ਇੰਡੀਆ ਮੁਤਾਬਕ ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਕਿਹਾ ਕਿ ਇਨਕਮ ਟੈਕਸ ਰਿਟਰਨ ਭਰਨ ਲਈ ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਕਰਾਉਣਾ ਜ਼ਰੂਰੀ ਹੈ।

ਜਸਟਿਸ ਏ ਕੇ ਸੀਕਰੀ ਅਤੇ ਜਸਟਿਸ ਐਸ ਅਬਦੁਲ ਨਜ਼ਰ ਦੀ ਬੈਂਚ ਨੇ ਕਿਹਾ ਕਿ ਇਸ ਮਾਮਲੇ ਵਿੱਚ ਕੋਰਟ ਪਹਿਲਾਂ ਹੀ ਫੈਸਲਾ ਸੁਣਾ ਚੁੱਕਾ ਹੈ ਅਤੇ ਉਸ ਨੇ ਇਨਕਮ ਟੈਕਸ ਐਕਟ ਦੀ ਧਾਰਾ 139ਏ ਨੂੰ ਬਰਕਰਾਰ ਰੱਖਿਆ ਹੈ।

ਬੈਂਚ ਨੇ ਇਹ ਫੈਸਲਾ ਦਿੱਲੀ ਹਾਈ ਕੋਰਟ ਦੇ ਇੱਕ ਫੈਸਲੇ ਦੇ ਖਿਲਾਫ਼ ਕੇਂਦਰ ਦੀ ਪਟੀਸ਼ਨ 'ਤੇ ਦਿੱਤਾ ਹੈ। ਦਿੱਲੀ ਹਾਈ ਕੋਰਟ ਨੇ ਸ਼੍ਰੇਆ ਸੇਨ ਅਤੇ ਜੈਸ਼੍ਰੀ ਸਤਪੁਤੇ ਨੂੰ 2018-19 ਦਾ ਇਨਕਮ ਟੈਕਸ ਰਿਟਰਨ ਪੈਨ ਅਤੇ ਆਧਾਰ ਨੂੰ ਲਿੰਕ ਕੀਤੇ ਬਿਨਾਂ ਫਾਈਲ ਕਰਨ ਦੀ ਇਜਾਜ਼ਤ ਮੰਗੀ ਸੀ।

ਸਬਰੀਮਾਲਾ ਮੰਦਿਰ ਬੋਰਡ ਫੈਸਲੇ ਤੋਂ ਪਲਟਿਆ

ਹਿੰਦੁਸਤਾਨ ਟਾਈਮਜ਼ ਮੁਤਾਬਕ ਸਬਰੀਮਾਲਾ ਮੰਦਿਰ ਪ੍ਰਬੰਧਨ ਬੋਰਡ ਆਪਣੇ ਫੈਸਲੇ ਤੋਂ ਪਿੱਛੇ ਹੱਟ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਸੁਪਰੀਮ ਕੋਰਟ ਦੇ ਹੁਕਮ ਦਾ ਸਨਮਾਨ ਕਰਦੇ ਹੋਏ ਹਰ ਉਮਰ ਦੀਆਂ ਔਰਤਾਂ ਨੂੰ ਮੰਦਿਰ ਵਿੱਚ ਦਾਖਲੇ ਦੀ ਇਜਾਜ਼ਤ ਦੇਣਗੇ।

ਬੁੱਧਵਾਰ ਨੂੰ ਸੁਪਰੀਮ ਕੋਰਟ ਵਿੱਚ ਮੁੜ ਵਿਚਾਰ ਪਟੀਸ਼ਨਾਂ ਉੱਤੇ ਚੀਫ਼ ਜਸਟਿਸ ਦੀ ਅਗਵਾਈ ਵਾਲੇ ਬੈਂਚ ਨੇ ਸਣਵਾਈ ਕੀਤੀ।

ਬੋਰਡ ਨੇ ਕਿਹਾ ਕਿ ਜੀਵ ਗੁਣਾਂ ਕਾਰਨ ਕਿਸੇ ਨਾਲ ਭੇਦਭਾਵ ਨਹੀਂ ਕੀਤਾ ਜਾ ਸਕਦਾ। ਦਰਅਸਲ ਸਬਰੀਮਾਲਾ ਮੰਦਿਰ ਵਿੱਚ 10 ਤੋਂ 50 ਸਾਲ ਤੱਕ ਦੀਆਂ ਔਰਤਾਂ ਦੇ ਦਾਖਿਲੇ 'ਤੇ ਰੋਕ ਸੀ। 28 ਸਤੰਬਰ ਨੂੰ ਸੁਪਰੀਮ ਕੋਰਟ ਨੇ 800 ਸਾਲ ਪੁਰਾਣੀ ਰਵਾਇਤ ਨੂੰ ਖਤਮ ਕਰਨ ਦਾ ਹੁਕਮ ਦਿੱਤਾ ਸੀ।

ਸੀਰੀਆ- ਇਰਾਕ ਵਿੱਚ 100% ਹਾਰ ਨੇੜੇ ਆਈਐਸ: ਟਰੰਪ

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਮੁਤਾਬਕ ਸੀਰੀਆ ਅਤੇ ਇਰਾਕ ਵਿੱਚ ਇਸਲਾਮਿਕ ਸਟੇਟ ਦਾ ਜਿਨ੍ਹਾਂ ਇਲਾਕਿਆਂ ਉੱਤੇ ਕਬਜ਼ਾ ਸੀ ਉਨ੍ਹਾਂ ਨੂੰ ਅਗਲੇ ਹਫਞਤੇ ਤੱਕ ਆਈਐਸ ਤੋਂ 100 ਫੀਸਦੀ ਆਜ਼ਾਦ ਕਰਵਾ ਲਿਆ ਜਾਵੇਗਾ।

ਟਰੰਪ ਨੇ ਅਮਰੀਕੀ ਗਠਜੋੜ ਦੇ ਸਹਿਯੋਗੀਆਂ ਨੂੰ ਕਿਹਾ, "ਸੰਭਵ ਹੈ ਕਿ ਅਗਲੇ ਹਫ਼ਤੇ ਕਿਸੇ ਵੇਲੇ ਇਸ ਦਾ ਐਲਾਨ ਕੀਤਾ ਜਾਵੇ ਕਿ ਅਸੀਂ 100 ਫੀਸਦੀ ਖੇਤਰ ਤੇ ਅਧਿਕਾਰ ਕਰ ਲਿਆ ਹੈ।"

ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਉਹ 'ਅਧਿਕਾਰਤ ਐਲਾਨ ਦੀ ਉਡੀਕ ਕਰਨਾ ਚਾਹੁੰਦੇ ਹਨ।'

ਉਨ੍ਹਾਂ ਨੇ ਕਿਹਾ ਕਿ "ਪਿਛਲੇ ਹਫ਼ਤੇ ਦੋ ਸਾਲਾਂ ਵਿੱਚ ਅਸੀਂ 20 ਹਜ਼ਾਰ ਵਰਗ ਮੀਲ ਜ਼ਮੀਨ ਨੂੰ ਵਾਪਸ ਹਾਸਲ ਕਰ ਲਿਆ ਹੈ। ਅਸੀਂ ਇੱਕ ਜੰਗ ਦਾ ਮੈਦਾਨ ਜਿੱਤ ਲਿਆ ਹੈ ਅਤੇ ਅਸੀਂ ਜਿੱਤ ਤੋਂ ਬਾਅਦ ਜਿੱਤ ਹਾਸਲ ਕੀਤੀ ਹੈ। ਅਸੀਂ ਮਸੂਲ ਅਤੇ ਰੱਕਾ ਦੋਹਾਂ ਤੇ ਅਧਿਕਾਰ ਕਰ ਲਿਆ ਹੈ।"

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)