You’re viewing a text-only version of this website that uses less data. View the main version of the website including all images and videos.
ਜਲੰਧਰ 'ਚ ਸਕੂਲੀ ਬੱਚੀ ਦੀ ਮੌਤ ਤੋਂ ਬਾਅਦ ਅਧਿਆਪਕ ਗ੍ਰਿਫ਼ਤਾਰ
- ਲੇਖਕ, ਪਾਲ ਸਿੰਘ ਨੌਲੀ
- ਰੋਲ, ਬੀਬੀਸੀ ਪੰਜਾਬੀ ਲਈ
ਜਲੰਧਰ ਪੁਲਿਸ ਮੁਤਾਬਕ ਇੱਕ ਸਥਾਨਕ ਸਕੂਲ 'ਚ ਦਸਵੀਂ ਜਮਾਤ ਦੀ ਵਿਦਿਆਰਥਣ ਦੀ ਸ਼ੱਕੀ ਮੌਤ ਦਾ ਮਾਮਲਾ ਸਾਹਮਣਾ ਆਇਆ ਹੈ।
ਮ੍ਰਿਤਕਾ ਬੱਚੀ ਦੇ ਪਰਿਵਾਰ ਦਾ ਇਲਜ਼ਾਮ ਹੈ, 'ਸਾਡੀ ਬੇਟੀ ਨੇ ਇਕ ਅਧਿਆਪਕ ਸਖ਼ਤ ਵਤੀਰੇ ਤੋਂ ਤੰਗ ਆ ਕੇ ਪੱਖੇ ਨਾਲ ਫਾਹਾ ਲੈ ਕੇ ਆਤਮ ਹੱਤਿਆ ਕੀਤੀ ਹੈ'।
ਪੁਲਿਸ ਨੇ ਭਾਵੇਂ ਅਧਿਆਪਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਪਰ ਪੁਲਿਸ ਅਜੇ ਮੌਤ ਦੇ ਕਾਰਨ ਸਪੱਸ਼ਟ ਨਹੀਂ ਕਰ ਰਹੀ। 15 ਸਾਲਾ ਬੱਚੀ ਸਥਾਨਕ ਦੌਲਤਪੁਰੀ ਇਲਾਕੇ ਦੀ ਰਹਿਣ ਵਾਲੀ ਸੀ।
ਮ੍ਰਿਤਕਾ ਦੇ ਪਿਤਾ ਰਾਜੇਸ਼ ਮਹਿਤਾ ਨੇ ਦੱਸਿਆ, 'ਬੁੱਧਵਾਰ ਸਵੇਰੇ ਜਦੋਂ ਮ੍ਰਿਤਕਾ ਆਪਣੇ ਕਮਰੇ ਵਿੱਚੋਂ ਦੇਰ ਤੱਕ ਬਾਹਰ ਨਹੀਂ ਆਈ ਤਾਂ ਉਨ੍ਹਾਂ ਨੂੰ ਚਿੰਤਾ ਹੋ ਗਈ। ਜਦੋਂ ਦਰਵਾਜਾ ਖੋਲ੍ਹ ਕੇ ਦੇਖਿਆ ਤਾਂ ਉਸ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ ਤੇ ਉਸ ਦੇ ਬਿਸਤਰੇ ਕੋਲ ਹੀ ਖੁਦਕਸ਼ੀ ਨੋਟ ਪਿਆ ਸੀ'।
ਰਾਜੇਸ਼ ਮਹਿਤਾ ਨੇ ਅੱਗੇ ਦੱਸਿਆ, 'ਮਰਨ ਤੋਂ ਪਹਿਲਾਂ ਕੁੜੀ ਨੇ ਤਿੰਨ ਸਫਿਆਂ ਦੇ ਖੁਦਕੁਸ਼ੀ ਪੱਤਰ ਲਿਖਿਆ ਹੋਇਆ ਸੀ, ਜਿਹੜਾ ਉਸਦੇ ਬੈੱਡ ਉੱਤੋਂ ਮਿਲਿਆ'।
ਰਾਜੇਸ਼ ਨੇ ਅੱਗੇ ਦੱਸਿਆ, 'ਖੁਦਕੁਸ਼ੀ ਪੱਤਰ ਵਿਚ ਸਾਡੇ ਲਈ ਲਿਖਿਆ ਹੈ ਕਿ ਉਹ ਇਸ ਅਧਿਆਪਕ ਨੂੰ ਜਦੋਂ ਤੱਕ ਸਜ਼ਾ ਨਹੀਂ ਦਿਵਾਉਣਗੇ ਤਾਂ ਉਸ ਦੀ ਆਤਮਾ ਨੂੰ ਸ਼ਾਂਤੀ ਨਹੀਂ ਮਿਲੇਗੀ'।
ਇਹ ਵੀ ਪੜ੍ਹੋ:
ਅਧਿਆਪਕ ਗ੍ਰਿਫ਼ਤਾਰ
ਪੁਲਿਸ ਮੁਤਾਬਕ ਥਾਣਾ ਰਾਮਾ ਮੰਡੀ ਵਿੱਚ ਪੁਲੀਸ ਨੇ ਅਧਿਆਪਕ ਨਰੇਸ਼ ਕਪੂਰ ਨੂੰ ਐਫਆਈਆਰ ਨੰਬਰ 34 ਤਹਿਤ ਆਈਪੀਸੀ ਦੀ ਧਾਰਾ 306 ਅਧੀਨ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ।
ਥਾਣਾ ਰਾਮਾਮੰਡੀ ਦੇ ਐਸਐਚਓ ਜੀਵਨ ਸਿੰਘ ਨੇ ਦੱਸਿਆ, 'ਲਾਸ਼ ਨੂੰ ਪੋਸਟਮਾਰਟ ਲਈ ਸਿਵਲ ਹਸਪਤਾਲ ਭੇਜ ਦਿੱਤਾ ਸੀ। ਮੌਤ ਦੇ ਕਾਰਨ ਦਾ ਸਹੀ ਪਤਾ ਤਾਂ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ'।
ਪੁਲਿਸ ਮੁਤਾਬਕ ਪਰਿਵਾਰ ਨੂੰ ਮ੍ਰਿਤਕਾ ਦੀ ਲਾਸ਼ ਕੋਲੋ ਮਿਲੇ ਨੋਟ ਵਿਚ ਉਸਨੇ ਆਪਣੀ ਖੁਦਕੁਸ਼ੀ ਦਾ ਕਾਰਨ ਅਧਿਆਪਕ ਨਰੇਸ਼ ਕਪੂਰ ਵੱਲੋਂ ਉਸ ਵਿਰੁੱਧ ਭੱਦੀਆਂ ਟਿੱਪਣੀਆਂ ਕਰਨ ਨੂੰ ਦੱਸਿਆ ਹੈ।
ਕੀ ਹੈ ਕਥਿਤ ਖੁਦਕਸ਼ੀ ਨੋਟ 'ਚ
ਜਿਸ ਨੋਟ ਦੇ ਲਾਸ਼ ਕੋਲੋ ਮਿਲਣ ਦਾ ਪਰਿਵਾਰ ਨੇ ਦਾਅਵਾ ਕੀਤਾ ਹੈ ਉਸ ਵਿਚ ਇਹ ਵੀ ਲਿਖਿਆ ਗਿਆ ਹੈ, 'ਉਹ ਬੱਚਿਆਂ ਨੂੰ ਵੀ ਡਰਾਉਂਦਾ ਹੈ ਤੇ ਬੱਚਿਆਂ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਦਾ ਹੈ'।
ਇਸ ਨੋਟ ਵਿਚ ਅੱਗੇ ਲਿਖਿਆ ਗਿਆ ਹੈ, 'ਇਸ ਡਰ ਵਿਚੋਂ ਨਿਕਲਣ ਦਾ ਹੋਰ ਕੋਈ ਰਾਹ ਨਾ ਦੇਖ ਕੇ ਮੈਂ ਖੁਦਕੁਸ਼ੀ ਕਰਨ ਦਾ ਹੀ ਫੈਸਲਾ ਕੀਤਾ'।
ਆਪਣੀਆਂ ਦੋ ਇੱਛਾਵਾਂ ਦਾ ਜ਼ਿਕਰ ਕਰਦਿਆਂ ਨੋਟ ਵਿਚ ਲਿਖਿਆ ਗਿਆ ਹੈ ਕਿ ਉਹ ਨਵਾਂ ਮੋਬਾਈਲ ਅਤੇ ਨਵੀਂ ਐਕਟਿਵਾ ਲੈਣਾ ਚਾਹੁੰਦੀ ਸੀ।
ਨੋਟ ਵਿਚ ਮ੍ਰਿਤਕਾ ਨੇ ਆਪਣੇ ਮਾਤਾ-ਪਿਤਾ ਅਤੇ ਛੋਟੀ ਭੈਣ ਨੂੰ ਕਿਹਾ, 'ਮੇਰੇ ਮਰਨ ਤੋਂ ਬਾਅਦ ਰੋਣ ਨਾ। ਨੋਟ ਦੇ ਅਖੀਰ ਵਿਚ ਪੈਨਸਲ ਦੇ ਨਾਲ ਰੋਣ ਵਰਗਾ ਇਕ ਚਿਹਰਾ ਵੀ ਬਣਾਇਆ ਹੋਇਆ ਸੀ ਤੇ ਨਾਲ ਹੀ ਅਲਵਿਦਾ ਲਿਖਿਆ ਹੋਇਆ ਸੀ।
ਸਕੂਲ ਦਾ ਪੱਖ਼
ਮ੍ਰਿਤਕਾ ਦੇ ਪਿਤਾ ਰਜੇਸ਼ ਮਹਿਤਾ ਨੇ ਕਿਹਾ, 'ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਹੈ'।
ਸਕੂਲ ਦੀ ਪ੍ਰਿੰਸੀਪਲ ਰਚਨਾ ਮੌਂਗਾ ਨੇ ਇਸ ਮਾਮਲੇ 'ਤੇ ਟਿੱਪਣੀ ਕਰਦਿਆਂ ਕਿਹਾ, 'ਮ੍ਰਿਤਕਾ ਨੇ ਕਦੇਂ ਟੀਚਰ ਬਾਰੇ ਸ਼ਿਕਾਇਤ ਨਹੀਂ ਸੀ ਕੀਤੀ। ਖੁਦਕੁਸ਼ੀ ਦਾ ਕਾਰਨ ਪ੍ਰੀਖਿਆ ਦਾ ਤਣਾਅ ਵੀ ਹੋ ਸਕਦਾ ਹੈ। ਬੱਚੀ ਹਿਸਾਬ ਵਿਚੋਂ ਕਮਜ਼ੋਰ ਸੀ'।
ਪ੍ਰਿੰਸੀਪਲ ਦਾ ਦਾਅਵਾ ਹੈ, 'ਅਧਿਆਪਕ ਨਰੇਸ਼ ਕਪੂਰ ਪਿਛਲੇ ਛੇ ਸਾਲਾਂ ਤੋਂ ਸਕੂਲ ਵਿਚ ਪੜ੍ਹਾ ਰਿਹਾ ਹੈ। ਉਸ ਦਾ ਰਿਕਾਰਡ ਵੀ ਠੀਕ ਰਿਹਾ ਹੈ ਅਤੇ ਉਸ ਦੇ ਵਿਹਾਰ ਬਾਰੇ ਕਦੇ ਵੀ ਕੋਈ ਸ਼ਿਕਾਇਤ ਨਹੀਂ ਮਿਲੀ'।