You’re viewing a text-only version of this website that uses less data. View the main version of the website including all images and videos.
ਕਾਂਗਰਸ-ਐਨਸੀਪੀ ਗਠਜੋੜ ਕੀ ਦੇ ਸਕੇਗਾ ਭਾਜਪਾ ਨੂੰ ਟੱਕਰ
- ਲੇਖਕ, ਜ਼ੁਬੈਰ ਅਹਿਮਦ
- ਰੋਲ, ਬੀਬੀਸੀ ਪੱਤਰਕਾਰ
ਮੁੰਬਈ ਵਿੱਚ ਮਹਿਲਾ ਕਾਂਗਰਸ ਦੀ ਉਭਰਦੀ ਆਗੂ ਭਾਵਨਾ ਜੈਨ ''ਬਦਲ ਦੀ'' ਕਾਂਗਰਸ ਪਾਰਟੀ ਦਾ ਨਵਾਂ ਚਿਹਰਾ ਹਨ। ਜੁਹੂ ਦੀ ਕੱਚੀ ਬਸਤੀ ਨਹਿਰੂ ਨਗਰ 'ਚ ਲੋਕਾਂ ਵਿਚਾਲੇ ਖੜ੍ਹੀ ਉਹ ਦੂਰੋਂ ਪਛਾਣੀ ਜਾ ਸਕਦੀ ਹੈ।
ਉਨ੍ਹਾਂ ਦਾ ਅੰਦਾਜ਼ ਹਮਲਾਵਰ ਹੈ, "ਇਹ ਵਾਲੀ ਸੜਕ ਬਣਾਉਣੀ ਚਾਹੀਦੀ ਹੈ ਪੂਰੀ"। ਉਨ੍ਹਾਂ ਦੀ ਗੱਲਬਾਤ ਤੋਂ ਪਤਾ ਲਗਦਾ ਹੈ ਕਿ ਉਨ੍ਹਾਂ ਵਿੱਚ ਕਿੰਨਾ ਆਤਮ-ਵਿਸ਼ਵਾਸ ਭਰਿਆ ਹੈ।
ਨਹਿਰੂ ਨਗਰ ਵਿੱਚ ਪਾਰਟੀ ਦੇ ਦਫ਼ਤਰ 'ਚ ਵੀ ਜਦੋਂ ਉਹ ਬੈਠਦੀ ਹੈ ਤਾਂ ਇੱਕ ਲੀਡਰ ਦੀ ਤਰ੍ਹਾਂ, ਜਿਨ੍ਹਾਂ ਦੇ ਆਲੇ-ਦੁਆਲੇ ਬਸਤੀ ਤੋਂ ਆਏ ਪਾਰਟੀ ਵਰਕਰ ਸਥਾਨਕ ਸਮੱਸਿਆਵਾ ਬਾਰੇ ਗੱਲ ਕਰ ਰਹੇ ਹਨ।
10 ਸਾਲ ਪਹਿਲਾਂ ਉਹ ਅਮਰੀਕਾ ਦੀ ਚਮਕਦੀ ਕਾਰਪੋਰੇਟ ਦੀ ਦੁਨੀਆਂ ਦਾ ਹਿੱਸਾ ਸੀ। ਉਨ੍ਹਾਂ ਨੇ ਉਸ ਦੁਨੀਆਂ ਨੂੰ ਤਿਆਗ ਕੇ ਮੁੰਬਈ ਦੀਆਂ ਕੱਚੀਆਂ ਬਸਤੀਆਂ ਵਿੱਚ ਕੰਮ ਕਰਨਾ ਦਾ ਫ਼ੈਸਲਾ ਕਿਉਂ ਲਿਆ?
ਇਹ ਵੀ ਪੜ੍ਹੋ:
ਭਾਵਨਾ ਜੈਨ ਨੇ ਕਿਹਾ, "ਮੇਰੀ ਆਤਮਾ ਨੇ ਆਵਾਜ਼ ਦਿੱਤੀ ਕਿ ਮੈਂ ਜਨਤਾ ਦੀ ਸੇਵਾ ਕਰਾਂ। ਮੈਨੂੰ ਸਿਆਸੀ ਜ਼ਿੰਦਗੀ ਦੇ ਰੂਪ ਵਿੱਚ ਇਸ ਨੂੰ ਹਾਸਲ ਕਰਨ ਦਾ ਇੱਕ ਮੌਕਾ ਮਿਲ ਗਿਆ ਹੈ।"
ਪਰ ਕਾਂਗਰਸ ਵਿੱਚ ਹੀ ਕਿਉਂ ਸ਼ਾਮਲ ਹੋਈ? ਜਵਾਬ ਆਇਆ, "ਮੈਂ ਇੱਕ ਅਜਿਹੀ ਪਾਰਟੀ ਨੂੰ ਚੁਣਨਾ ਸੀ ਜੋ ਸਾਰੇ ਭਾਈਚਾਰਿਆਂ, ਸਾਰੀਆਂ ਜਾਤਾਂ, ਸਭ ਦੀਆਂ ਇੱਛਾਵਾਂ ਦੀ ਨੁਮਾਇੰਦਗੀ ਕਰੇ। ਇੱਕ ਅਜਿਹੀ ਪਾਰਟੀ ਜੋ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਜਨਤਾ ਦੀ ਅਗਵਾਈ ਕਰੇ। ਕਾਂਗਰਸ ਵਿੱਚ ਮੈਨੂੰ ਉਹ ਪਾਰਟੀ ਨਜ਼ਰ ਆਈ।"
ਭਾਰਤ ਪਰਤ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦਾ ਦੂਜਾ ਕਾਰਨ ਸੀ ਉਸ ਸਮੇਂ ਦੀ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਤੋਂ ਉਨ੍ਹਾਂ ਦਾ ਪ੍ਰਭਾਵਿਤ ਹੋਣਾ। ਪਰ ਪਾਰਟੀ ਵਿੱਚ ਉਨ੍ਹਾਂ ਦੀ ਥੋੜ੍ਹੀ-ਬਹੁਤ ਪਛਾਣ ਬਣੀ ਰਾਹੁਲ ਗਾਂਧੀ ਦੇ ਪ੍ਰਧਾਨ ਬਣਨ ਤੋਂ ਬਾਅਦ, "ਰਾਹੁਲ ਜੀ ਦੀ ਅਗਵਾਈ ਵਿੱਚ ਮੈਨੂੰ ਚੋਣ ਲੜਨ ਦਾ ਮੌਕਾ ਮਿਲਿਆ। ਮੈਨੂੰ ਇਹ ਲਗਦਾ ਹੈ ਕਿ ਕਿਤੇ ਨਾ ਕਿਤੇ ਮੈਨੂੰ ਕਾਂਗਰਸ ਪਾਰਟੀ ਨੇ ਮੇਰੇ ਟੈਲੇਂਟ ਨੂੰ ਵਰਤਣ ਦਾ ਮੌਕਾ ਦਿੱਤਾ ਹੈ।"
ਰਾਹੁਲ ਗਾਂਧੀ ਪਾਰਟੀ ਨੂੰ ਨਵੇਂ ਸਿਰੇ ਤੋਂ ਸੰਗਠਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਨੌਜਵਾਨਾਂ ਨੂੰ ਅੱਗੇ ਵਧਾ ਰਹੇ ਹਨ ਤੇ ਭਾਵਨਾ ਉਸੇ ਦੀ ਇੱਕ ਮਿਸਾਲ ਹੈ।
ਸੱਤਿਆਜੀਤ ਤਾਂਬੇ ਇਸ ਕੋਸ਼ਿਸ਼ ਦਾ ਇੱਕ ਹੋਰ ਉਦਹਾਰਣ ਹਨ। ਹਾਲਾਂਕਿ ਉਹ ਮਹਾਰਾਸ਼ਟਰ ਯੂਥ ਕਾਂਗਰਸ ਦੇ ਪ੍ਰਧਾਨ, ਪਾਰਟੀ ਅੰਦਰ ਹੋਈ ਚੋਣ ਲੜ ਕੇ ਬਣੇ ਪਰ ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕਰਦਾ ਕਿ ਇਸ ਅਹੁਦੇ ਦੇ ਸਾਰੇ ਉਮੀਦਵਾਰ ਰਾਹੁਲ ਗਾਂਧੀ ਦੇ ਕਰੀਬ ਸਨ।
ਦੇਖਣ ਵਿੱਚ ਤਾਂਬੇ ਭੋਲੇ-ਭਾਲੇ ਲਗਦੇ ਹਨ ਪਰ ਹਮਲਾ ਬੋਲਣਾ ਉਨ੍ਹਾਂ ਦਾ ਵਿਸ਼ੇਸ਼ ਸਟਾਈਲ ਹੈ। ਇਹ ਓਹੀ ਨੌਜਵਾਨ ਲੀਡਰ ਹੈ ਜਿਨ੍ਹਾਂ ਨੇ ਨਾਅਰੇ ਲਗਾਉਂਦੇ ਹੋਏ ਆਪਣੇ ਸਮਰਥਕਾਂ ਨਾਲ ਮਿਲ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇੱਕ ਵੱਡੇ ਪੋਸਟਰ ਸਾਹਮਣੇ ਇੱਕ ਕਾਰ ਦੀ ਛੱਤ 'ਤੇ ਖੜ੍ਹੇ ਹੋ ਕੇ ਮੋਦੀ ਦੇ ਚਿਹਰੇ 'ਤੇ ਕਾਲਖ਼ ਲਾਈ ਸੀ। ਪਾਰਟੀ ਦੇ ਬਾਹਰ ਇਸ 'ਤੇ ਵਿਵਾਦ ਹੋਇਆ ਪਰ ਪਾਰਟੀ ਅੰਦਰ ਉਨ੍ਹਾਂ ਦਾ ਕੱਦ ਉੱਚਾ ਹੋਇਆ।
ਤਾਂਬੇ ਸਾਫ਼ ਬੋਲਣ ਵਾਲਿਆਂ ਵਿੱਚੋਂ ਹਨ। ਆਪਣੀ ਪਾਰਟੀ ਦੀ ਨਿਖੇਧੀ ਤੋਂ ਵੀ ਪਿੱਛੇ ਨਹੀਂ ਹਟਦੇ, "ਅਸੀਂ ਦੇਖਿਆ ਹੈ ਕਿ ਜਿੱਥੇ ਕਾਂਗਰਸ ਕਈ ਸਾਲਾਂ ਤੱਕ ਸੱਤਾ ਵਿੱਚ ਨਹੀਂ ਰਹੀ, ਉੱਥੇ ਨੇਤਾਵਾਂ ਅਤੇ ਵਰਕਰਾਂ ਨੂੰ ਸਿਰਫ਼ ਹਵਾ ਬਾਜ਼ੀ ਕਰਦੇ ਵੇਖਿਆ। ਇਸ ਲਈ ਜਦੋਂ ਤੱਕ ਉਹ ਸਥਾਨਕ ਲੋਕਾਂ ਅਤੇ ਸਥਾਨਕ ਕਾਮਿਆਂ ਨਾਲ ਨਹੀਂ ਜੁੜਨਗੇ ਅਤੇ ਆਪਣਾ ਆਧਾਰ ਮਜ਼ਬੂਤ ਨਹੀਂ ਕਰਨਗੇ ਉਦੋਂ ਤੱਕ ਉਹ ਸਫਲ ਨਹੀਂ ਹੋਣਗੇ।"
ਤਾਂਬੇ ਮਹਾਰਾਸ਼ਟਰ ਕਾਂਗਰਸ ਨੂੰ ਸੰਗਠਿਤ ਅਤੇ ਵਰਕਰਾਂ ਨਾਲ ਜੁੜੀ ਪਾਰਟੀ ਮੰਨਦੇ ਹਨ। "ਮਹਾਰਾਸ਼ਟਰ ਵਿੱਚ ਅਸੀਂ ਇੱਕ ਸੰਗਠਨ ਦੇ ਰੂਪ ਵਿੱਚ ਮਜ਼ਬੂਤ ਹਾਂ, ਇੱਥੇ ਸਾਡੇ ਸਬੰਧ ਵਰਕਰਾਂ ਨਾਲ ਬੇਹੱਦ ਮਜ਼ਬੂਤ ਹਨ ਜਿਹੜੇ ਕਿਤੇ ਹੋਰ ਨਹੀਂ ਹਨ।"
ਅੱਜ-ਕੱਲ੍ਹ ਉਹ ਮਹਾਰਾਸ਼ਟਰ ਯੂਥ ਕਾਂਗਰਸ ਦੇ ਪ੍ਰਧਾਨ ਦੀ ਹੈਸੀਅਤ ਨਾਲ ਪਾਰਟੀ ਦੇ "ਚਲੋ ਪੰਚਾਇਤ" ਮੁਹਿੰਮ ਦੀ ਅਗਵਾਈ ਕਰ ਰਹੇ ਹਨ ਜਿਸਦਾ ਉਦੇਸ਼ ਪੰਜ ਕਰੋੜ ਲੋਕਾਂ ਤੱਕ ਪਹੁੰਚਣਾ ਹੈ।
ਇਹ ਵੀ ਪੜ੍ਹੋ:
ਉਹ ਕਹਿੰਦੇ ਹਨ, "ਚਲੋ ਪੰਚਾਇਤ ਮੁਹਿੰਮ ਵਿੱਚ ਅਸੀਂ ਲੋਕਾਂ ਨੂੰ ਪੰਜ ਮੁੱਦਿਆ ਨਾਲ ਜਾਗਰੂਕ ਕਰ ਰਹੇ ਹਾਂ।
1. ਬੇਰੁਜ਼ਗਾਰ ਨੌਜਵਾਨ ਰਜਿਸਟਰੇਸ਼ਨ
2. ਕਿਸਾਨ ਸ਼ਕਤੀ ਕਾਰਡ ਰਜਿਸਟਰੇਸ਼ਨ
3. ਕਿਸਾਨ ਕਰਜ਼ ਮਾਫ਼ੀ
4. ਅਸੀਂ ਰਿਐਲਟੀ ਚੈੱਕ ਕਰ ਰਹੇ ਹਾਂ ਕਿ ਭਾਜਪਾ ਨੇ ਜਿੰਨੇ ਵੀ ਚੁਣਾਵੀ ਵਾਅਦੇ ਕੀਤੇ ਉਨ੍ਹਾਂ ਨੂੰ ਕਿੰਨਾ ਪੂਰਾ ਕੀਤਾ ਹੈ। ਹਰੇਕ ਪਿੰਡ ਵਿੱਚ ਅਸੀਂ ਯੁਵਾ ਕਾਂਗਰਸ ਦੇ ਦੁਆਰ ਖੋਲ੍ਹ ਰਹੇ ਹਾਂ।
5. ਪਿੰਡ ਦੀਆਂ ਸਮੱਸਿਆਵਾਂ ਨੂੰ ਦਰਜ ਕਰ ਰਹੇ ਹਾਂ।"
ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਮਹਾਰਾਸ਼ਟਰ ਦੀਆਂ 48 ਸੀਟਾਂ ਵਿੱਚੋਂ ਕਾਂਗਰਸ ਨੂੰ ਸਿਰਫ਼ ਦੋ ਸੀਟਾਂ ਮਿਲੀਆਂ ਸਨ। ਤਾਂਬੇ ਮੁਤਾਬਕ ਮਹਾਰਾਸ਼ਟਰ ਵਿੱਚ ਕਾਂਗਰਸ ਦੇ ਇਸ ਖ਼ਰਾਬ ਪ੍ਰਦਰਸ਼ਨ ਦੇ ਕਈ ਕਾਰਨ ਸਨ, ਜਿਨ੍ਹਾਂ ਵਿੱਚੋਂ ਇੱਕ ਅਹਿਮ ਕਾਰਨ ਸੀ ਨੌਜਵਾਨਾਂ ਅਤੇ ਪਹਿਲੀ ਵਾਰ ਵੋਟ ਪਾਉਣ ਵਾਲਿਆਂ ਦਾ ਨਰਿੰਦਰ ਮੋਦੀ ਵੱਲ ਝਕਾਅ।
ਤਾਂਬੇ ਇਨ੍ਹਾਂ ਨੌਜਵਾਨਾਂ ਨੂੰ ਕਾਂਗਰਸ ਵੱਲ ਲਿਆਉਣ ਨੂੰ ਇੱਕ ਵੱਡੀ ਚੁਣੌਤੀ ਵੀ ਮੰਨਦੇ ਹਨ ਅਤੇ ਪਹਿਲ ਵੀ।
ਸੂਬੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਆਮ ਚੋਣਾਂ ਤੋਂ ਕੁਝ ਮਹੀਨੇ ਬਾਅਦ ਹੀ ਹੋਈਆਂ ਸਨ। ਉਸ ਵਿੱਚ ਵੀ ਸੱਤਾਧਾਰੀ ਕਾਂਗਰਸ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਗਠਜੋੜ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਉਸ ਸਮੇਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਪ੍ਰਿਥਵੀ ਰਾਜ ਚੌਹਾਨ ਸਨ। ਉਹ ਇਸ ਹਾਰ ਦਾ ਕਾਰਨ ਦੱਸਦੇ ਹੋਏ ਕਹਿੰਦੇ ਹਨ, "ਮਹਾਰਾਸ਼ਟਰ ਵਿੱਚ ਕਾਂਗਰਸ ਦਾ ਦਬਦਬਾ ਪਹਿਲਾਂ ਤੋਂ ਹੈ ਪਰ 1999 ਵਿੱਚ ਕਾਂਗਰਸ 'ਚ ਵੰਡ ਤੋਂ ਬਾਅਦ ਪਾਰਟੀ ਆਪਣੀ ਬਲਬੂਤੇ 'ਤੇ ਸੱਤਾ ਵਿੱਚ ਨਹੀਂ ਆਈ। ਅਸੀਂ ਇਸ ਤੋਂ ਪਹਿਲਾਂ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਨਾਲ ਮਿਲ ਕੇ ਚੋਣ ਲੜੀ ਸੀ ਅਤੇ ਅਸੀਂ ਜਿੱਤਦੇ ਰਹੇ ਹਾਂ। ਪਰ 2014 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਐਨਸੀਪੀ ਨੇ ਸਾਡੇ ਤੋਂ ਵੱਖ ਹੋ ਕੇ ਚੋਣ ਲੜੀ। ਅਸੀਂ ਹਾਰ ਗਏ।"
ਪਿਛਲੀਆਂ ਚੋਣਾਂ ਵਿੱਚ ਕਾਂਗਰਸ ਦਾ ਪ੍ਰਦਰਸ਼ਨ ਖ਼ਰਾਬ ਜ਼ਰੂਰ ਸੀ, ਪਰ ਆਮ ਤੌਰ 'ਤੇ ਮਹਾਰਾਸ਼ਟਰ ਨੂੰ ਕਾਂਗਰਸ ਦਾ ਗੜ੍ਹ ਮੰਨਿਆ ਜਾਂਦਾ ਹੈ, ਜਿੱਥੇ ਇਸਦਾ 135 ਸਾਲ ਪਹਿਲਾ ਜਨਮ ਹੋਇਆ।
ਮਹਾਰਾਸ਼ਟਰ ਵਿੱਚ ਕਾਂਗਰਸ ਪਾਰਟੀ ਤਮਿਲ ਨਾਡੂ, ਪੱਛਮੀ ਬੰਗਾਲ, ਓੜੀਸਾ ਅਤੇ ਉੱਤਰ ਪ੍ਰਦੇਸ਼ ਦੀ ਤਰ੍ਹਾਂ ਕਮਜ਼ੋਰ ਕਦੇ ਨਹੀਂ ਹੋਈ।
ਇਹ ਵੀ ਪੜ੍ਹੋ:
ਕਿਹਾ ਜਾਂਦਾ ਹੈ ਕਿ ਇਸਦੇ ਪਿੱਛੇ ਇੱਥੋਂ ਦੇ ਦਹਾਕਿਆਂ ਪੁਰਾਣੇ ਸਹਿਕਾਰੀ ਅੰਦੋਲਨ ਦਾ ਹੱਥ ਹੈ, ਜਿਸ ਨਾਲ ਲੱਖਾਂ ਕਿਸਾਨ ਜੁੜੇ ਹਨ। ਇਹ ਇੱਕ ਤਰ੍ਹਾਂ ਨਾਲ ਇੱਕ ਵੱਡੇ ਵੋਟ ਬੈਂਕ ਦੀ ਤਰ੍ਹਾਂ ਹੈ।
ਇਸ ਅੰਦੋਲਨ ਦੀ ਸਥਾਪਨਾ ਕਾਂਗਰਸ ਪਾਰਟੀ ਨੇ ਹੀ ਕੀਤੀ ਸੀ। ਦੁੱਧ, ਚੀਨੀ ਅਤੇ ਕਪਾਹ ਵਾਲੇ ਇਸ ਖੇਤਰ ਨੇ ਕਾਂਗਰਸ ਦੇ ਕਈ ਵੱਡੇ ਨੇਤਾ ਪੈਦਾ ਕੀਤੇ।
ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਪ੍ਰਿਥਵੀਰਾਜ ਚੌਹਾਨ ਕਹਿੰਦੇ ਹਨ, "ਇੱਥੇ ਜਿਹੜਾ ਕੌਪਰੇਟਿਵ ਮੂਵਮੈਂਟ ਰਿਹਾ ਹੈ, ਇਸ ਸਹਿਕਾਰੀ ਅੰਦੋਲਨ ਵਿੱਚ ਕਾਂਗਰਸ ਦੇ ਨੇਤਾਵਾਂ ਨੇ ਬਹੁਤ ਚੰਗਾ ਕੰਮ ਕੀਤਾ ਹੈ।
ਖਾਸ ਤੌਰ 'ਤੇ ਪੇਂਡੂ ਅਰਥਵਿਵਸਥਾ ਵਿੱਚ। ਚੀਨੀ, ਡੇਅਰੀ, ਕਪਾਹ ਹੋਵੇ, ਬੈਂਕ ਹੋਵੇ, ਸਿੱਖਿਆ ਦਾ ਖੇਤਰ ਹੋਵੇ, ਇਨ੍ਹਾਂ ਵਿੱਚ ਕਾਂਗਰਸੀ ਪਾਰਟੀ ਨੇ ਬਹੁਤ ਬੁਨਿਆਦੀ ਕੰਮ ਕੀਤਾ ਹੈ। ਇਸਦਾ ਫਾਇਦਾ ਸਾਨੂੰ ਅਜੇ ਵੀ ਮਿਲ ਰਿਹਾ ਹੈ।"
ਪ੍ਰਿਥਵੀਰਾਜ ਚੌਹਾਨ ਇੱਕ ਸਿਆਸੀ ਪਰਿਵਾਰ ਤੋਂ ਹਨ, ਉਨ੍ਹਾਂ ਦੇ ਮਾਤਾ ਅਤੇ ਪਿਤਾ ਦੋਵੇਂ ਕਾਂਗਰਸ ਦੇ ਵੱਡੇ ਨੇਤਾ ਮੰਨੇ ਜਾਂਦੇ ਸਨ। ਉਨ੍ਹਾਂ ਨੇ ਕਾਂਗਰਸ ਦਾ ਸੁਨਿਹਰਾ ਦੌਰ ਵੇਖਿਆ ਹੈ।
ਉਦੋਂ ਅਤੇ ਹੁਣ ਦੀ ਕਾਂਗਰਸ ਬਾਰੇ ਉਹ ਕਹਿੰਦੇ ਹਨ, "ਉਸ ਸਮੇਂ ਕੋਈ ਵੱਡਾ ਵਿਰੋਧੀ ਧਿਰ ਨਹੀਂ ਸੀ। ਸਿਰਫ਼ ਕੁਝ ਸਮਾਜਵਾਦੀ ਪਾਰਟੀਆਂ ਸਨ। ਸਿਰਫ਼ ਹਾਲ ਹੀ ਵਿੱਚ ਭਾਜਪਾ ਇੱਕ ਵੱਡੇ ਵਿਰੋਧੀ ਧਿਰ ਦੇ ਰੂਪ ਵਿੱਚ ਉਭਰਿਆ ਹੈ। "
ਪ੍ਰਿਥਵੀਰਾਜ ਚੌਹਾਨ ਮੁਤਾਬਕ ਕਾਂਗਰਸ ਦਾ ਸਭ ਤੋਂ ਵੱਡਾ ਦੁਸ਼ਮਣ ਖ਼ੁਦ ਕਾਂਗਰਸ ਰਹੀ ਹੈ, "ਕਾਂਗਰਸ ਦਾ ਵਿਰੋਧੀ ਧਿਰ ਖ਼ੁਦ ਕਾਂਗਰਸ ਸੀ। ਆਪਸੀ ਫੁੱਟ ਅਤੇ ਮਤਭੇਦ ਕਾਰਨ ਪਾਰਟੀ ਨੂੰ ਨੁਕਸਾਨ ਪਹੁੰਚਿਆ।"
ਪਰ ਮਹਾਰਾਸ਼ਟਰ ਵਿੱਚ ਪਾਰਟੀ ਦਾ ਦਬਦਬਾ ਘੱਟ ਨਹੀਂ ਹੋਇਆ। ਇਲਾਕੇ ਦੇ ਕਾਂਗਰਸ ਵਿਧਾਇਕ ਮੁਤਾਬਕ ਪਾਰਟੀ ਨੇ ਮਹਾਰਾਸ਼ਟਰ ਅਤੇ ਦੇਸ ਦੇ ਵੱਡੇ-ਵੱਡੇ ਨੇਤਾ ਦਿੱਤੇ ਹਨ ਜਿਨ੍ਹਾਂ ਦਾ ਯੋਗਦਾਨ ਪਾਰਟੀ, ਸੂਬੇ ਅਤੇ ਪੂਰੇ ਦੇਸ ਲਈ ਸੀ।
ਉਹ ਕਹਿੰਦੇ ਹਨ, "ਸਾਡੇ ਉੱਚੇ ਕੱਦ ਦੇ ਨੇਤਾ ਇੱਥੇ ਹਮੇਸ਼ਾ ਰਹੇ ਹਨ। ਜਿਵੇਂ ਕਿ ਯਸ਼ਵੰਤ ਰਾਏ ਚੌਹਾਨ, ਵਸੰਤ ਰਾਏ ਨਾਇਕ, ਵਸੰਤ ਦਾਦਾ ਪਾਟਿਲ। ਇਹ ਲੋਕ ਵਿਕਾਸ ਪੁਰਸ਼ ਸਨ। ਇਸ ਲਈ ਕਾਂਗਰਸ ਦੇ ਇੱਥੇ ਚੰਗਾ ਪ੍ਰਦਰਸ਼ਨ ਕੀਤਾ ਹੈ।"
ਇਸ ਵਾਰ ਕਾਂਗਰਸ ਅਤੇ ਐਨਸੀਪੀ ਪਹਿਲੀ ਵਾਰ ਲੋਕ ਸਭਾ ਦੀ ਚੋਣ ਮਿਲ ਕੇ ਲੜ ਰਹੀ ਹੈ।
ਹੁਣ ਤੱਕ ਦੋਵਾਂ ਪਾਰਟੀਆਂ ਨੇ 48 ਸੀਟਾਂ ਵਿੱਚੋਂ 40 'ਤੇ ਸਮਝੌਤਾ ਹੋਣ ਦਾ ਐਲਾਨ ਕਰ ਦਿੱਤਾ ਹੈ। ਵਿਧਾਇਕ ਕਹਿੰਦੇ ਹਨ ਕਿ ਗਠਜੋੜ ਸਮੇਂ ਦਾ ਤਕਾਜ਼ਾ ਹੈ, "ਅਸੀਂ ਆਪਮੇ ਬਲਬੂਤੇ 'ਤੇ ਚੋਣ ਨਹੀਂ ਲੜ ਸਕਦੇ। ਐਨਸੀਪੀ ਨਾਲ ਸਾਡਾ ਗਠਜੋੜ ਹੋਵੇਗਾ। ਇੱਕ ਸਖ਼ਟ ਟੱਕਰ ਦਿਆਂਗੇ (ਭਾਜਪਾ ਅਤੇ ਸ਼ਿਵ ਸੈਨਾ ਨੂੰ)।"
ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ