'ਕਾਸ਼! ਮੇਰੀ ਮਾਂ ਕੋਲ ਫੋਨ ਹੀ ਨਾ ਹੁੰਦਾ, ਸਗੋਂ ਮੋਬਾਈਲ ਫੋਨ ਦੀ ਕਾਢ ਹੀ ਨਾ ਹੁੰਦੀ'

    • ਲੇਖਕ, ਜਿਓਰਜੀਨਾ ਰੈਨਾਰਡ
    • ਰੋਲ, ਪੱਤਰਕਾਰ, ਬੀਬੀਸੀ

ਮੋਬਾਈਲ ਫੋਨ ਸਾਡੇ ਲਈ ਮਾੜੇ ਹਨ। ਇਹ ਸਾਨੂੰ ਪਤਾ ਹੈ ਕਿਉਂਕਿ ਹਰ ਰੋਜ਼ ਕੋਈ ਨਾ ਕੋਈ ਖ਼ਬਰ ਅਜਿਹਾ ਜ਼ਰੂਰ ਕਹਿੰਦੀ ਹੈ। ਫਿਰ ਵੀ ਕੋਈ ਆਪਣਾ ਫੋਨ ਨਹੀਂ ਛੱਡਦਾ।

ਜੇ ਤੁਹਾਨੂੰ ਬੱਚੇ ਦੱਸਣ ਕਿ ਤੁਹਾਡੀ ਵੱਟਸਐਪ, ਇੰਸਟਾਗ੍ਰਾਮ, ਈਮੇਲ ਅਤੇ ਖ਼ਬਰਾਂ ਪੜ੍ਹਨ ਦੀ ਆਦਤ ਕਾਰਨ ਉਨ੍ਹਾਂ ਨੂੰ ਕਿਵੇਂ ਮਹਿਸੂਸ ਹੁੰਦਾ ਹੈ?

ਪ੍ਰਾਈਮਰੀ ਸਕੂਲ ਦੇ ਇੱਕ ਬੱਚੇ ਨੇ ਇੱਕ ਕਲਾਸ ਅਸਾਈਨਮੈਂਟ ਵਿੱਚ ਲਿਖਿਆ, "ਮੈਨੂੰ ਆਪਣੀ ਮਾਂ ਦੇ ਫੋਨ ਤੋਂ ਨਫ਼ਰਤ ਹੈ ਅਤੇ ਮੈਂ ਚਾਹੁੰਦਾ ਹਾਂ ਕਿ ਉਸ ਕੋਲ ਇਹ ਨਾ ਹੁੰਦਾ।"

'ਮੋਬਾਈਲ ਫੋਨ ਦੀ ਖੋਜ ਹੀ ਨਹੀਂ ਹੋਣੀ ਚਾਹੀਦੀ ਸੀ'

ਅਮਰੀਕੀ ਸਕੂਲ ਅਧਿਆਪਕ ਜੈਨ ਐਡਮਜ਼ ਬੀਸਨ ਨੇ ਫੇਸਬੁੱਕ 'ਤੇ ਇਹ ਲਿਖਿਆ ਅਤੇ ਕਿਹਾ ਕਿ 21 ਵਿੱਚੋਂ ਚਾਰ ਵਿਦਿਆਰਥੀਆਂ ਨੇ ਮੰਗ ਕੀਤੀ ਹੈ ਕਿ ਮੋਬਾਈਲ ਫੋਨ ਦੀ ਖੋਜ ਹੀ ਨਹੀਂ ਹੋਣੀ ਚਾਹੀਦੀ ਸੀ।

ਲੁਈਸੀਆਣਾ ਵਿੱਚ ਰਹਿਣ ਵਾਲੀ ਜੈਨ ਬੀਸਨ ਨੇ ਇੱਕ ਦੂਜੀ ਗ੍ਰੇਡ (7-8 ਸਾਲ) ਦੇ ਵਿਦਿਆਰਥੀ ਦੀ ਅਸਾਈਨਮੈਂਟ ਦੀ ਇੱਕ ਫੋਟੋ ਵੀ ਪੋਸਟ ਕੀਤੀ।

ਬੀਸਨ ਨੇ ਵਿਦਿਆਰਥੀਆਂ ਨੂੰ ਕਿਹਾ ਸੀ ਕਿ ਉਹ ਕੋਈ ਅਜਿਹੀ ਚੀਜ਼ ਲਿਖਣ ਜੋ ਉਹ ਚਾਹੁੰਦੇ ਸਨ ਕਿ ਕਦੇ ਵੀ ਨਾ ਬਣੀ ਹੋਵੇ।

ਇੱਕ ਬੱਚੇ ਨੇ ਲਿਖਿਆ, "ਮੈਂ ਕਹਿਣਾ ਚਾਹਾਂਗਾ ਕਿ ਮੈਨੂੰ ਫੋਨ ਪਸੰਦ ਨਹੀਂ ਹੈ।"

"ਮੈਨੂੰ ਫੋਨ ਇਸ ਲਈ ਪਸੰਦ ਨਹੀਂ ਹੈ ਕਿਉਂਕਿ ਮੇਰੇ ਮਾਪੇ ਹਮੇਸ਼ਾਂ ਹੀ ਫੋਨ 'ਤੇ ਹੁੰਦੇ ਹਨ। ਫੋਨ ਕਈ ਵਾਰੀ ਬਹੁਤ ਬੁਰੀ ਆਦਤ ਬਣ ਜਾਂਦਾ ਹੈ।"

ਵਿਦਿਆਰਥੀ ਨੇ ਇੱਕ ਮੋਬਾਈਲ ਫੋਨ ਦਾ ਚਿੱਤਰ ਉਲੀਕਿਆ ਅਤੇ ਇਸ 'ਤੇ ਕਾਂਟਾ ਮਾਰਿਆ। ਇੱਕ ਵੱਡਾ ਉਦਾਸ ਚੇਹਰਾ ਬਣਾਇਆ ਜਿਸ 'ਤੇ ਲਿਖਿਆ ਸੀ, "ਮੈਂ ਇਸ ਤੋਂ ਨਫ਼ਰਤ ਕਰਦਾ ਹਾਂ।"

ਇਹ ਤਸਵੀਰ ਪਿਛਲੇ ਸ਼ੁੱਕਰਵਾਰ ਪੋਸਟ ਕੀਤੀ ਗਈ ਸੀ ਅਤੇ ਹੁਣ ਤੱਕ 1 ਲੱਖ 70 ਹਜ਼ਾਰ ਵਾਰੀ ਸ਼ੇਅਰ ਕੀਤੀ ਜਾ ਚੁੱਕੀ ਹੈ। ਸ਼ੇਅਰ ਕਰਨ ਵਾਲਿਆਂ ਵਿੱਚ ਹੈਰਾਨ ਮਾਪੇ ਵੀ ਹਨ ਜੋ ਕਿ ਆਪਣੀਆਂ ਤਕਨੀਕੀ ਆਦਤਾਂ ਬਾਰੇ ਸੋਚਣ ਨੂੰ ਮਜਬੂਰ ਹੋ ਗਏ ਹਨ।

ਕੌਣ ਹੈ ਦੋਸ਼ੀ

ਇੱਕ ਯੂਜ਼ਰ ਟ੍ਰੇਸੀ ਜੈਨਕਿਨਸ ਨੇ ਕਿਹਾ, "ਬੱਚੇ ਦੇ ਮੂੰਹੋਂ ਇਹ ਸ਼ਬਦ! ਅਸੀਂ ਸਾਰੇ ਦੋਸ਼ੀ ਹਾਂ!"

ਸਿਲਵੀਆ ਬਰਟਨ ਨੇ ਕਿਹਾ, "ਦੂਜੀ ਗ੍ਰੇਡ ਦੇ ਬੱਚੇ ਦੇ ਮਜ਼ਬੂਤ ਸ਼ਬਦ! ਮਾਪਿਓ ਸੁਣੋ!"

ਇੱਕ ਹੋਰ ਸ਼ਖ਼ਸ ਨੇ ਕਿਹਾ, "ਇਹ ਬਹੁਤ ਦੁਖ ਦੇਣ ਵਾਲਾ ਹੈ। ਸਾਡੇ ਸਾਰਿਆਂ ਨੂੰ ਇਹ ਯਾਦ ਕਰਵਾਇਆ ਗਿਆ ਹੈ ਕਿ ਆਪਣੇ ਫੋਨ ਰੱਖ ਦਿਓ ਅਤੇ ਬੱਚਿਆਂ ਨਾਲ ਘੁਲ-ਮਿਲ ਜਾਓ।"

ਕਈ ਹੋਰ ਅਧਿਆਪਕ ਵੀ ਇਸ ਚਰਚਾ ਵਿੱਚ ਸ਼ਾਮਿਲ ਹੋ ਗਏ ਅਤੇ ਉਨ੍ਹਾਂ ਆਪਣੇ ਤਜਰਬੇ ਸਾਂਝੇ ਕੀਤੇ ਜਦੋਂ ਉਨ੍ਹਾਂ ਬੱਚਿਆਂ ਨੂੰ ਮਾਪਿਆਂ ਦੇ ਇੰਟਰਨੈੱਟ ਦੇ ਇਸਤੇਮਾਲ ਬਾਰੇ ਪੁੱਛਿਆ।

ਐੱਬੇ ਫੋਂਟਲੇਰਾਏ ਨੇ ਕਿਹਾ, "ਫੇਸਬੁੱਕ ਬਾਰੇ ਅਸੀਂ ਕਲਾਸ ਵਿੱਚ ਚਰਚਾ ਕੀਤੀ ਅਤੇ ਹਰ ਇੱਕ ਵਿਦਿਆਰਥੀ ਨੇ ਕਿਹਾ ਕਿ ਉਨ੍ਹਾਂ ਦੇ ਮਾਪੇ ਉਨ੍ਹਾਂ ਨਾਲ ਗੱਲਬਾਤ ਕਰਨ ਨਾਲੋਂ ਫੇਸਬੁੱਕ 'ਤੇ ਵਾਧੂ ਸਮਾਂ ਬਿਤਾਉਂਦੇ ਹਨ। ਇਸ ਕਾਰਨ ਮੇਰੀਆਂ ਅੱਖਾਂ ਖੁੱਲ੍ਹ ਗਈਆਂ।

ਕੁਝ ਮਾਪਿਆਂ ਨੇ ਆਪਣੀ ਇਸ ਮੁਸ਼ਕਿਲ ਦਾ ਹੱਲ ਕੱਢਣ ਲਈ ਆਪਣੇ ਵਿਚਾਰ ਸਾਂਝੇ ਕੀਤੇ।

ਫੋਨ ਦੇਖ ਕੇ ਬੱਚਿਆਂ ਦਾ ਰਵੱਈਆ

ਬਿਊ ਸਟਰਮਰ ਨੇ ਲਿਖਿਆ ਉਸ ਨੇ ਆਪਣੇ ਦੋ ਸਾਲ ਦੇ ਬੱਚੇ ਨੂੰ ਨੋਟਿਸ ਕੀਤਾ ਹੈ ਕਿ ਉਹ ਉਨ੍ਹਾਂ ਦੇ ਮੋਬਾਈਲ ਫੋਨ ਇਸਤੇਮਾਲ ਕਰਨ 'ਤੇ ਨਾਕਾਰਾਤਮਕ ਤਰੀਕੇ ਨਾਲ ਪੇਸ਼ ਆਉਂਦਾ ਹੈ।

"ਮੈਂ ਨੋਟਿਸ ਕੀਤਾ ਹੈ ਕਿ ਜੇ ਮੈਂ ਆਪਣੇ ਬੱਚੇ ਨਾਲ ਖੇਡ ਰਹੀ ਹੋਵਾਂ ਅਤੇ ਮੇਰਾ ਫੋਨ ਵੱਜ ਜਾਵੇ ਤਾਂ ਫੋਨ 'ਤੇ ਗੱਲ ਕਰਨ ਤੋਂ ਬਾਅਦ ਉਹ ਮੇਰੇ ਨਾਲ ਖੇਡਣਾ ਹੀ ਛੱਡ ਦਿੰਦਾ ਹੈ।"

"ਇਹ ਬਹੁਤ ਦੁਖ ਦੀ ਗੱਲ ਹੈ। ਮੈਂ ਫੈਸਲਾ ਕੀਤਾ ਹੈ ਕਿ ਜੇ ਮੈਂ ਆਪਣੇ ਬੱਚੇ ਨਾਲ ਖੇਡ ਰਹੀ ਹੋਵਾਂਗੀ ਤਾਂ ਬਾਕੀ ਸਭ ਕੁਝ ਛੱਡ ਦੇਵਾਂਗੀ।"

ਹਾਲਾਂਕਿ ਇੱਕ ਮਾਂ ਨੇ ਕਿਹਾ ਕਿ ਉਸ ਦੀਆਂ ਧੀਆਂ ਹਮੇਸ਼ਾਂ ਪਰਿਵਾਰ ਨਾਲੋਂ ਫੋਨ 'ਤੇ ਲੱਗੀਆਂ ਰਹਿੰਦੀਆਂ ਹਨ।

2017 ਵਿੱਚ ਅਮਰੀਕਾ ਵਿੱਚ ਮਾਪਿਆਂ 'ਤੇ ਕੀਤੇ ਇੱਕ ਸਰਵੇਖਣ ਮੁਤਾਬਕ ਤਕਨੀਕ ਕਾਰਨ ਉਨ੍ਹਾਂ ਦਾ ਬੱਚਿਆਂ ਨਾਲ ਦਿਨ ਵਿੱਚ ਦੋ-ਤਿੰਨ ਵਾਰੀ ਗੱਲਬਾਤ ਵਿੱਚ ਖਲਲ ਪੈਂਦਾ ਹੈ। ਇਸ ਨੂੰ 'ਟੈਕਨੋਫਰੈਂਸ' ਕਿਹਾ ਜਾਂਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)