You’re viewing a text-only version of this website that uses less data. View the main version of the website including all images and videos.
10ਵੀਂ ਦੀ ਪ੍ਰੀਖਿਆ ਟੌਪ ਕਰਨ ਲਈ ਫੇਸਬੁੱਕ ਅਕਾਊਂਟ ਡਿਲੀਟ ਕਰਨ ਵਾਲੇ ਮੁੰਡੇ ਦੀ ਕਹਾਣੀ
- ਲੇਖਕ, ਸਤ ਸਿੰਘ
- ਰੋਲ, ਜੀਂਦ ਤੋਂ ਬੀਬੀਸੀ ਪੰਜਾਬੀ ਲਈ
ਜੀਂਦ ਦੇ ਨਿੱਜੀ ਸਕੂਲ ਤੋਂ 9ਵੀਂ ਪਾਸ ਕਰਦਿਆਂ ਹੀ ਕਾਰਤਿਕ ਨੇ 10ਵੀਂ ਦੀ ਪ੍ਰੀਖਿਆ ਵਿੱਚ ਅੱਵਲ ਆਉਣ ਦਾ ਟੀਚਾ ਮਿੱਥ ਲਿਆ ਸੀ ਅਤੇ ਇਸ ਨੂੰ ਪੂਰਾ ਕਰਨ ਲਈ ਉਸ ਨੇ ਸਭ ਤੋਂ ਪਹਿਲਾਂ ਆਪਣਾ ਫੇਸਬੁੱਕ ਅਕਾਊਂਟ ਡਿਲੀਟ ਕੀਤਾ ਤੇ ਹਰੇਕ ਉਸ ਦਰਵਾਜ਼ੇ ਨੂੰ ਬੰਦ ਕਰ ਦਿੱਤਾ ਜੋ ਉਸ ਦਾ ਧਿਆਨ ਭੰਗ ਕਰ ਸਕਦਾ ਸੀ।
ਇੱਕ ਚੌਕੀਦਾਰ ਦੇ 16 ਸਾਲਾਂ ਪੁੱਤਰ ਕਾਰਤਿਕ ਭਾਰਦਵਾਜ ਨੇ ਹਰਿਆਣਾ ਸਿੱਖਿਆ ਬੋਰਡ ਦੀ 10ਵੀਂ ਦੀ ਪ੍ਰੀਖਿਆ ਵਿਚੋਂ 99.6 ਫੀਸਦ ਅੰਕ ਹਾਸਿਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਤਾਂ ਸਾਰੇ ਪਾਸੇ ਉਸਦੀ ਚਰਚਾ ਹੋਈ।
ਉਤਸ਼ਾਹਿਤ ਕਾਰਿਤਕ ਨੇ ਬੀਬੀਸੀ ਨੂੰ ਦੱਸਿਆ ਕਿ ਉਸ ਦਾ ਟੀਚਾ ਸੀ 500 'ਚੋਂ 500 ਨੰਬਰ ਹਾਸਿਲ ਕਰਨ ਦਾ ਪਰ ਉਹ ਦੋ ਨੰਬਰਾਂ ਕਾਰਨ ਰਹਿ ਗਿਆ।
ਮਿਹਨਤ ਕਰਨ ਦੀ ਪ੍ਰੇਰਨਾ ਕਿੱਥੋਂ ਮਿਲੀ?
ਉਸ ਨੇ ਕਿਹਾ, "ਸਾਲ 2017 ਵਿੱਚ ਸਿਰਸਾ ਦੇ ਯੁੱਧਵੀਰ ਸਿੰਘ ਨੇ 500/499 ਅੰਕ ਪ੍ਰਾਪਤ ਕੀਤੇ ਸਨ ਅਤੇ ਮੈਂ ਇਸ ਰਿਕਾਰਡ ਨੂੰ ਤੋੜਨਾ ਜਾਂ ਇਸ ਦੇ ਬਰਾਬਰ ਆਉਣਾ ਚਾਹੁੰਦਾ ਸੀ। ਫੇਰ ਮੈਂ ਉਸ ਦੀ ਮਾਰਕਸ਼ੀਟ ਵੈੱਬਸਾਈਟ 'ਤੇ ਚੈੱਕ ਕੀਤੀ ਅਤੇ ਆਪਣੇ ਟੀਚੇ ਨੂੰ ਪੂਰਾ ਕਰਨ 'ਤੇ ਲੱਗ ਗਿਆ।"
ਕਾਰਤਿਕ ਮੁਤਾਬਕ ਹਿਸਾਬ ਅਤੇ ਸਾਇੰਸ ਉਸ ਦੇ ਪਸੰਦੀਦਾ ਵਿਸ਼ੇ ਰਹੇ ਹਨ ਅਤੇ ਉਸ ਨੇ 10ਵੀਂ ਦਾ ਸਿਲੇਬਸ ਪਿਛਲੀ ਕਲਾਸ ਵਿੱਚ ਹੀ ਪੂਰਾ ਕਰ ਲਿਆ ਸੀ।
ਉਹ ਅੱਗੇ ਦੱਸਦਾ ਹੈ, "ਮੈਂ 2017 ਦਾ 10ਵੀਂ ਦਾ ਪੇਪਰ ਆਪਣੇ ਆਪ ਕਰਕੇ ਦੇਖਿਆ ਸੀ ਅਤੇ ਵਧੀਆ ਨੰਬਰ ਵੀ ਆਏ ਸਨ ਪਰ ਮੈਂ ਪੂਰੇ ਅੰਕ ਹਾਸਿਲ ਕਰਨਾ ਚਾਹੁੰਦਾ ਸੀ।"
ਕਾਮਯਾਬੀ ਦਾ ਸਿਹਰਾ ਮਾਂ ਦੇ ਸਿਰ
ਕਾਰਤਿਕ ਮੁਤਾਬਕ, "ਮੈਂ ਪਹਿਲੀ ਕਲਾਸ ਤੋਂ ਹੀ ਪਹਿਲੇ ਸਥਾਨ 'ਤੇ ਆ ਰਿਹਾ ਹਾਂ। ਇਹ ਸਿਰਫ ਮੇਰੀ ਮਾਂ ਕਰਕੇ ਹੀ ਸੰਭਵ ਹੋਇਆ ਹੈ।"
"ਮੇਰੀ ਮਾਂ ਕਦੇ ਸਕੂਲ ਨਹੀਂ ਗਈ ਪਰ ਉਨ੍ਹਾਂ ਨੂੰ ਸਿੱਖਿਆ ਦੀ ਮਹੱਤਤਾ ਬਾਰੇ ਪਤਾ ਸੀ ਅਤੇ ਹਮੇਸ਼ਾ ਮੈਨੂੰ ਵੱਡਾ ਅਫ਼ਸਰ ਬਣਨ ਲਈ ਪ੍ਰੇਰਿਤ ਕਰਦੀ ਰਹਿੰਦੀ ਸੀ।"
ਕਾਰਤਿਕ ਨੇ ਕਿਹਾ ਕਿ ਜੂਨ 2017 ਵਿੱਚ ਬੀਮਾਰੀ ਕਾਰਨ ਉਸ ਦੀ ਮਾਂ ਦੀ ਮੌਤ ਹੋ ਗਈ ਸੀ।
ਕਾਰਤਿਕ ਦੀਆਂ 4 ਵੱਡੀਆਂ ਭੈਣਾਂ ਹਨ। ਉਸ ਦੀਆਂ ਤਿੰਨ ਭੈਣਾਂ ਦਾ ਵਿਆਹ ਹੋ ਗਿਆ ਹੈ ਤੇ ਉਸ ਤੋਂ ਵੱਡੀ ਵਾਲੀ ਆਪਣੀ ਐਮਬੀਏ ਪੂਰੀ ਕਰਕੇ ਚੰਡੀਗੜ੍ਹ ਵਿੱਚ ਨੌਕਰੀ ਕਰ ਰਹੀ ਹੈ।
ਮਾਂ ਨੂੰ ਯਾਦ ਕਰਦਿਆਂ ਭਾਵੁਕ ਹੋਏ ਕਾਰਤਿਕ ਨੇ ਕਿਹਾ, "ਮਾਂ ਦੇ ਜਾਣ ਨਾਲ ਇੰਜ ਲੱਗਾ ਕਿ ਜ਼ਿੰਦਗੀ ਖ਼ਤਮ ਹੋ ਗਈ ਹੈ ਪਰ ਉਨ੍ਹਾਂ ਨੇ ਮੇਰੇ ਕੋਲੋਂ 10ਵੀਂ ਵਿੱਚ ਅੱਵਲ ਆਉਣ ਦਾ ਵਾਅਦਾ ਲਿਆ ਸੀ।"
ਉਸ ਨੇ ਕਿਹਾ ਆਪਣਾ ਧਿਆਨ ਨਹੀਂ ਭੰਗ ਕਰਨ ਚਾਹੁੰਦਾ ਸੀ ਅਤੇ ਉਸ ਨੇ ਮਾਂ ਤੋਂ ਮਿਲੀ ਪ੍ਰੇਰਣਾ ਨੂੰ ਪੱਲੇ ਬੰਨ੍ਹ ਕੇ ਆਪਣੀ ਪੜ੍ਹਾਈ ਜਾਰੀ ਰੱਖੀ।
ਘੱਟ ਕੀਮਤ 'ਚ ਖਰੀਦੀਆਂ ਪੁਰਾਣੀਆਂ ਕਿਤਾਬਾਂ
ਕਾਰਤਿਕ ਮੁਤਾਬਕ ਉਸ ਨੇ ਆਰਥਿਕ ਤੰਗੀ ਕਰਕੇ ਪੁਰਾਣੀਆਂ ਕਿਤਾਬਾਂ ਖਰੀਦੀਆਂ ਸਨ।
ਉਸ ਨੇ ਦੱਸਿਆ ਜਦੋਂ ਉਹ 8ਵੀਂ ਕਲਾਸ ਵਿੱਚ ਸੀ ਤਾਂ ਉਸ ਨੂੰ ਇੱਕ ਮੁਕਾਬਲੇ ਦੌਰਾਨ ਜਿੱਤਣ 'ਤੇ ਇਨਾਮ ਵਜੋਂ ਇੱਕ ਟੈਬਲੇਟ ਮਿਲਿਆ ਸੀ ਅਤੇ ਇਹ ਆਨਲਾਈਨ ਸਮੱਗਰੀ ਹਾਸਿਲ ਕਰਨ 'ਚ ਕਾਫੀ ਲਾਹੇਵੰਦ ਸਾਬਿਤ ਹੋਇਆ।
ਉਸ ਦਾ ਦਾਅਵਾ ਹੈ ਕਿ ਉਸ ਨੇ ਕਿਸੇ ਤਰ੍ਹਾਂ ਦੀ ਟਿਊਸ਼ਨ ਨਹੀਂ ਲਈ ਅਤੇ ਨਾ ਹੀ ਕਦੇ ਉਸ ਨੂੰ ਇਸ ਦੀ ਲੋੜ ਮਹਿਸੂਸ ਹੋਈ।
ਉਹ ਕਹਿੰਦਾ ਹੈ, "ਜਦੋਂ ਮੈਂ ਕਾਪੀਆਂ-ਕਿਤਾਬਾਂ 'ਤੇ ਪੜ੍ਹ ਕੇ ਲਿਖ ਕੇ ਥੱਕ ਜਾਂਦਾ ਸੀ ਤਾਂ ਮੈਂ ਕਮਰੇ ਦੀਆਂ ਕੰਧਾਂ 'ਤੇ ਨਕਸ਼ੇ ਅਤੇ ਹਿਸਾਬ ਦੇ ਸਵਾਲ ਕਰਨ ਲੱਗ ਜਾਂਦਾ ਸੀ।"
ਰਾਜਦੂਤ ਬਣਨਾ ਚਾਹੁੰਦਾ ਹੈ ਕਰਤਿਕ
ਕਾਰਤਿਕ ਕਹਿੰਦਾ ਹੈ 'ਡਿਪਲੋਮੈਟ' ਦੀ ਨੌਕਰੀ ਮੈਨੂੰ ਉਤਾਸ਼ਹਤ ਕਰਦੀ ਹੈ ਅਤੇ ਮੈਂ ਸਿਵਿਲ ਸਰਵਿਸ ਦੀ ਪ੍ਰੀਖਿਆ ਪਾਸ ਕਰਨਾ ਚਾਹੁੰਦਾ ਹਾਂ ਤੇ ਵਿਦੇਸ਼ ਸਰਵਿਸ ਵਿੱਚ ਸੇਵਾਵਾਂ ਨਿਭਾਉਣਾ ਚਾਹੁੰਦਾ ਹਾਂ।
ਕਾਰਤਿਕ ਕਹਿੰਦੇ ਹਨ, "ਸਾਡੇ ਦੇਸ ਵਿੱਚ ਵਿਕਾਸ ਕਰਨ ਦੀ ਕਾਫੀ ਲੋੜ ਹੈ ਅਤੇ ਇੱਕ ਡਿਪਲੋਮੈਟ ਦੇ ਹੱਥਾਂ ਵਿੱਚ ਬਹੁਤ ਸ਼ਕਤੀ ਹੁੰਦੀ ਹੈ।"
ਕਾਰਤਿਕ ਨੇ 11ਵੀਂ ਵਿੱਚ ਸਾਇੰਸ (ਹਿਸਾਬ ਤੇ ਬਾਓਲੋਜੀ) ਵਿਸ਼ਾ ਰੱਖਿਆ ਹੈ।
ਪਿਤਾ ਨੇ ਵੀ ਕੀਤੀ ਹੈ ਸਖ਼ਤ ਮਹਿਨਤ
ਲੋਕ ਨਿਰਮਾਣ ਵਿਭਾਗ ਵਿੱ ਚੌਕੀਦਾਰ ਦੀ ਨੌਕਰੀ ਕਰਨ ਵਾਲੇ ਕਾਰਤਿਕ ਦੇ ਪਿਤਾ ਪ੍ਰੇਮ ਚੰਦ ਵੀ ਪੁੱਤਰ ਦੀਆਂ ਪ੍ਰਾਪਤੀਆਂ ਦਾ ਸਿਹਰਾ ਉਸ ਦੀ ਮਰਹੂਮ ਮਾਂ ਬਿਮਲਾ ਦੇਵੀ ਦੇ ਸਿਰ ਬੰਨ੍ਹਦੇ ਹਨ।
11 ਹਜ਼ਾਰ ਰੁਪਏ ਮਹੀਨੇ ਦੀ ਨੌਕਰੀ ਕਰਨ ਵਾਲੇ ਪ੍ਰੇਮ ਚੰਦ ਸ਼ਾਮ 6 ਵਜੇ ਤੋਂ ਸਵੇਰੇ 6 ਵਜੇ ਤੱਕ ਚੌਕੀਦਾਰੀ ਕਰਦੇ ਹਨ।